KrishanLalDr7“ਪ੍ਰਸ਼ਾਸਨਿਕ ਸਖਤੀ ਅਤੇ ਆਮ ਲੋਕਾਂ ਦੀ ਜਾਗਰੂਕਤਾ ਹੀ ਮੰਡੀਆਂ ਵਿੱਚੋਂ ...”
(28 ਨਵੰਬਰ 2026)


ਸ਼ੁੱਧ
, ਪੌਸ਼ਟਿਕ ਅਤੇ ਗੁਣਵੱਤਾ ਭਰਪੂਰ ਖੁਰਾਕ ਦੇ ਵੱਡੇ-ਵੱਡੇ ਦਾਅਵੇ ਕਰਕੇ ਟੀਵੀ ਅਤੇ ਅਖਬਾਰਾਂ ਵਿੱਚ ਕਰੋੜਾਂ ਦੇ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਦੀ ਅਸਲੀਅਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵੱਲੋਂ ਬਜ਼ਾਰ ਵਿੱਚ ਰੁਜ਼ਾਨਾ ਵਿਕਣ ਵਾਲੇ ਨਾਮੀ ਬ੍ਰਾਂਡਾਂ ਦੀ ਕੀਤੀ ਗਈ ਤਾਜ਼ਾ ਜਾਂਚ ਦੌਰਾਨ ਅਜਿਹੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਹੋਏ ਹਨ, ਜਿਨ੍ਹਾਂ ਨੇ ਆਮ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਪ੍ਰੀਆਗੋਲਡ ਬਿਸਕੁਟ ਬਣਾਉਣ ਵਾਲੀ ਕੰਪਨੀ ਸੂਰੀਆ ਫੂਡ ਐਂਡ ਐਗਰੋ, ਡੋਡਲਾ ਡੇਅਰੀ ਅਤੇ ਯੂ. ਈ. ਆਈ. ਆਰ. ਆਰਗੈਨਿਕ ਫੂਡਜ਼ ਦੇ ਉਤਪਾਦਾਂ ਵਿੱਚ ਘੋਰ ਅਣਗਹਿਲੀ ਅਤੇ ਖਤਰਨਾਕ ਮਿਲਾਵਟਖੋਰੀ ਫੜੀ ਗਈ ਹੈ।

ਸਭ ਤੋਂ ਦਿਲ ਦਹਿਲਾਉਣ ਵਾਲਾ ਅਤੇ ਸ਼ਰਮਨਾਕ ਮਾਮਲਾ ਪ੍ਰੀਆਗੋਲਡ ਬਿਸਕੁਟ ਬਣਾਉਣ ਵਾਲੀ ਕੰਪਨੀ ਸੂਰੀਆ ਫੂਡ ਐਂਡ ਐਗਰੋ ਦੇ ਨਿਰਮਾਣ ਪਲਾਂਟ ਤੋਂ ਸਾਹਮਣੇ ਆਇਆ ਹੈ। ਇੱਕ ਜਾਗਰੂਕ ਖਪਤਕਾਰ ਦੀ ਸ਼ਿਕਾਇਤ ’ਤੇ ਅਧਿਕਾਰੀਆਂ ਨੇ ਜਦੋਂ ਪਲਾਂਟ ’ਤੇ ਛਾਪਾ ਮਾਰਿਆ ਤਾਂ ਦੇਖ ਕੇ ਦੰਗ ਰਹਿ ਗਏ ਕਿ ਬਿਸਕੁਟਾਂ ਵਿੱਚ ਫਾਈਬਰ ਵਧਾਉਣ ਲਈ ਪਸ਼ੂਆਂ ਦੇ ਚਾਰੇ ਵਾਲਾ ਘਟੀਆ ਚੋਕਰ ਧੜੱਲੇ ਨਾਲ ਮਿਲਾਇਆ ਜਾ ਰਿਹਾ ਸੀ। ਬੇਹੱਦ ਗੰਭੀਰ ਗੱਲ ਇਹ ਸੀ ਕਿ ਕੱਚੇ ਮਾਲ ਦੀਆਂ ਬੋਰੀਆਂ ’ਤੇ ਸਪਸ਼ਟ ਲਿਖਿਆ ਸੀ ਕਿ ਇਹ ਸਮਗਰੀ ਕੇਵਲ ਪਸ਼ੂਆਂ ਦੇ ਖਾਣ ਲਈ ਹੈ ਅਤੇ ਮਨੁੱਖੀ ਵਰਤੋਂ ਦੇ ਬਿਲਕੁਲ ਯੋਗ ਨਹੀਂ ਹੈ, ਪਰ ਮੁਨਾਫੇ ਦੇ ਅੰਨ੍ਹੇ ਲਾਲਚ ਨੇ ਕੰਪਨੀ ਨੂੰ ਬੇਰਹਿਮ ਬਣਾ ਦਿੱਤਾ।

ਛਾਪੇਮਾਰੀ ਦੌਰਾਨ ਇਹ ਸਾਫ ਹੋ ਗਿਆ ਕਿ ਕੰਪਨੀ ਸਿਰਫ ਘਟੀਆ ਕੱਚੇ ਮਾਲ ਤਕ ਹੀ ਸੀਮਿਤ ਨਹੀਂ ਸੀ, ਸਗੋਂ ਉਸਦਾ ਸਮੁੱਚਾ ਨਿਰਮਾਣ ਢਾਂਚਾ ਹੀ ਗੰਦਗੀ ਅਤੇ ਬੇਨਿਯਮੀਆਂ ਦਾ ਅੱਡਾ ਬਣਿਆ ਹੋਇਆ ਸੀ। ਫੈਕਟਰੀ ਵਿੱਚ ਸਾਫ-ਸਫਾਈ ਦੇ ਕੋਈ ਪ੍ਰਬੰਧ ਨਹੀਂ ਸਨ, ਕੀਟ ਕੰਟਰੋਲ ਦੀ ਘੋਰ ਅਣਗਹਿਲੀ ਸੀ, ਮੁਲਾਜ਼ਮਾਂ ਦੀ ਨਿੱਜੀ ਸਫਾਈ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਸੀ ਅਤੇ ਕੱਚੇ ਮਾਲ ਦੇ ਭੰਡਾਰਨ ਦੀ ਹਾਲਤ ਬੇਹੱਦ ਤਰਸਯੋਗ ਸੀ। FSSAI ਨੇ ਇਸ ਘੋਰ ਲਾਪਰਵਾਹੀ ਦਾ ਸਖਤ ਨੋਟਿਸ ਲੈਂਦਿਆਂ ਕੰਪਨੀ ਦਾ ਲਾਇਸੈਂਸ ਤੁਰੰਤ ਰੱਦ ਕਰ ਦਿੱਤਾ ਹੈ ਅਤੇ ਕੰਪਨੀ ਪ੍ਰਬੰਧਕਾਂ ਵਿਰੁੱਧ ਅਦਾਲਤੀ ਮੁਕੱਦਮਾ ਚਲਾਉਣ ਦਾ ਫੈਸਲਾ ਲਿਆ ਹੈ।

ਦੁੱਧ, ਜਿਸ ਨੂੰ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ, ਉਸ ਨੂੰ ਵੀ ਮੁਨਾਫਾਖੋਰਾਂ ਨੇ ਜ਼ਹਿਰੀਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਡੋਡਲਾ ਡੇਅਰੀ ਦੇ ਫੁੱਲ ਕਰੀਮ ਦੁੱਧ ਦੇ ਲਏ ਗਏ ਨਮੂਨਿਆਂ ਦੀ ਜਾਂਚ ਦੌਰਾਨ ਜਦੋਂ ਫੈਟ ਘੱਟ ਪਾਈ ਗਈ, ਤਾਂ ਕੰਪਨੀ ਦੀ ਮੰਗ ’ਤੇ ਨਮੂਨੇ ਰੈਫਰੈਂਸ ਫੂਡ ਲੈਬਾਰਟਰੀ ਭੇਜੇ ਗਏ। ਲੈਬ ਦੀ ਵਿਸਤ੍ਰਿਤ ਰਿਪੋਰਟ ਨੇ ਸਚਾਈ ਸਾਹਮਣੇ ਲਿਆ ਦਿੱਤੀ ਕਿ ਦੁੱਧ ਵਿੱਚ ਘਾਤਕ ਕਾਸਟਿਕ ਸੋਡਾ ਅਤੇ ਡਿਟਰਜੈਂਟ ਮੌਜੂਦ ਸੀ। ਸਰੀਰ ਦੇ ਅੰਦਰੂਨੀ ਅੰਗਾਂ ਨੂੰ ਗਾਲ਼ ਦੇਣ ਵਾਲੇ ਇਨ੍ਹਾਂ ਜ਼ਹਿਰੀਲੇ ਰਸਾਇਣਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਅਥਾਰਟੀ ਨੇ ਉਤਪਾਦ ਨੂੰ ਅਸੁਰੱਖਿਅਤ ਐਲਾਨ ਕੇ ਕੰਪਨੀ ਸੰਚਾਲਕਾਂ ਉੱਤੇ ਕੇਸ ਦਰਜ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ।

ਸਿਹਤ ਪ੍ਰਤੀ ਸੁਚੇਤ ਲੋਕ ਕੁਦਰਤੀ ਅਤੇ ਰਸਾਇਣ-ਮੁਕਤ ਖੁਰਾਕ ਦੇ ਭਰੋਸੇ ਨਾਲ ਆਮ ਨਾਲੋਂ ਦੁੱਗਣੇ-ਤਿੱਗਣੇ ਭਾਅ ’ਤੇ ‘ਆਰਗੈਨਿਕ’ ਉਤਪਾਦ ਖਰੀਦਦੇ ਹਨ, ਪਰ ‘ਯੂ. ਈ. ਆਈ. ਆਰ. ਆਰਗੈਨਿਕ ਫੂਡਜ਼’ ਨੇ ਇਸ ਭਰੋਸੇ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ। ਕੰਪਨੀ ਵੱਲੋਂ ਵੇਚੀ ਜਾ ਰਹੀ ਪੀਲੀ ਸੌਗੀ ਦੇ ਨਮੂਨਿਆਂ ਵਿੱਚ ਖਤਰਨਾਕ ਕੀਟਨਾਸ਼ਕਾਂ (ਪੈਸਟੀਸਾਈਡਜ਼) ਦੇ ਅੰਸ਼ ਪਾਏ ਗਏ। ਅਥਾਰਟੀ ਨੇ ਇਸ ਧੋਖਾਧੜੀ ਖਿਲਾਫ ਵੀ ਮੁਕੱਦਮਾ ਚਲਾਉਣ ਦੀ ਕਾਰਵਾਈ ਅਰੰਭ ਦਿੱਤੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਬਜ਼ਾਰ ਵਿੱਚ ‘ਆਰਗੈਨਿਕ’ ਦਾ ਲੇਬਲ ਵੀ ਹੁਣ ਮਹਿਜ਼ ਲੁੱਟ ਦਾ ਸਾਧਨ ਬਣ ਕੇ ਰਹਿ ਗਿਆ ਹੈ।

ਬਿਸਕੁਟ, ਦੁੱਧ ਅਤੇ ਸੁੱਕੇ ਮੇਵੇ ਵਰਗੀਆਂ ਵਸਤਾਂ ਆਮ ਤੌਰ ’ਤੇ ਘਰਾਂ ਵਿੱਚ ਨੰਨ੍ਹੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ ਦੀ ਰੁਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ। ਮਾਪੇ ਆਪਣੇ ਬੱਚਿਆਂ ਦੀ ਸਿਹਤ ਸੰਵਾਰਨ ਲਈ ਇਨ੍ਹਾਂ ਨਾਮੀ ਬ੍ਰਾਂਡਾਂ ਉੱਤੇ ਅੱਖਾਂ ਮੀਚ ਕੇ ਭਰੋਸਾ ਕਰ ਲੈਂਦੇ ਹਨ। ਪਰ ਜਦੋਂ ਇਨ੍ਹਾਂ ਖੁਰਾਕੀ ਵਸਤਾਂ ਰਾਹੀਂ ਡਿਟਰਜੈਂਟ, ਕਾਸਟਿਕ ਸੋਡਾ, ਕੀਟਨਾਸ਼ਕ ਅਤੇ ਡੰਗਰਾਂ ਵਾਲਾ ਪਸ਼ੂ ਆਹਾਰ ਉਨ੍ਹਾਂ ਦੇ ਕੋਮਲ ਸਰੀਰਾਂ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਨਾਲ ਪਾਚਣ ਤੰਤਰ ਤਬਾਹ ਹੁੰਦਾ ਹੈ ਅਤੇ ਲਿਵਰ ਅਤੇ ਕਿਡਨੀ ਫੇਲ੍ਹ ਹੋਣ ਸਮੇਤ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਖਤਰਾ ਪੈਦਾ ਹੁੰਦਾ ਹੈ। ਇਹ ਸਿੱਧੇ ਤੌਰ ’ਤੇ ਮਨੁੱਖਤਾ ਦਾ ਕਤਲ ਕਰਨ ਦੇ ਤੁੱਲ ਹੈ।

ਇਹ ਖੁਲਾਸੇ ਸਿਰਫ ਕਾਰੋਬਾਰੀਆਂ ਦੀ ਬੇਈਮਾਨੀ ਨੂੰ ਹੀ ਨਹੀਂ, ਸਗੋਂ ਸਰਕਾਰੀ ਫੂਡ ਸੇਫਟੀ ਮਹਿਕਮੇ ਦੀ ਨਿਗਰਾਨੀ ਵਿਵਸਥਾ ਦੇ ਖੋਖਲੇਪਣ ਨੂੰ ਵੀ ਬੇਪਰਦ ਕਰਦੇ ਹਨ। ਸਭ ਤੋਂ ਤਲਖ ਸਵਾਲ ਇਹ ਹੈ ਕਿ ਅਜਿਹੇ ਘਟੀਆ ਅਤੇ ਜ਼ਹਿਰੀਲੇ ਉਤਪਾਦ ਫੈਕਟਰੀਆਂ ਦੀਆਂ ਦਿਵਾਰਾਂ ਲੰਘ ਕੇ ਬਜ਼ਾਰਾਂ ਅਤੇ ਲੋਕਾਂ ਦੇ ਘਰਾਂ ਤਕ ਕਿਵੇਂ ਪਹੁੰਚ ਗਏ? ਨਿਯਮਿਤ ਜਾਂਚ ਕਰਨ ਵਾਲੇ ਇੰਸਪੈਕਟਰਾਂ ਨੂੰ ਇਹ ਕਮੀਆਂ ਪਹਿਲਾਂ ਕਿਉਂ ਨਜ਼ਰ ਨਹੀਂ ਆਈਆਂ? ਕੀ ਸਰਕਾਰੀ ਤੰਤਰ ਹਮੇਸ਼ਾ ਕਿਸੇ ਆਮ ਖਪਤਕਾਰ ਦੀ ਸ਼ਿਕਾਇਤ ਜਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੀ ਰਹਿੰਦਾ ਹੈ?

ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਕਾਗਜ਼ਾਂ ਵਿੱਚ ਬਹੁਤ ਸਖਤ ਨਜ਼ਰ ਆਉਂਦਾ ਹੈ, ਜਿਸ ਤਹਿਤ ਮਿਲਾਵਟਖੋਰੀ ਕਰਨ ’ਤੇ ਭਾਰੀ ਜੁਰਮਾਨੇ, ਲਾਇਸੈਂਸ ਰੱਦ ਕਰਨ ਅਤੇ ਕੈਦ ਤਕ ਦੀਆਂ ਵਿਵਸਥਾਵਾਂ ਹਨ ਪ੍ਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਅਦਾਲਤੀ ਕਾਰਵਾਈਆਂ ਇੰਨੀਆਂ ਧੀਮੀਆਂ ਹਨ ਕਿ ਮੁਕੱਦਮੇ ਵਰ੍ਹਿਆਂਬੱਧੀ ਲਮਕਦੇ ਰਹਿੰਦੇ ਹਨ। ਵੱਡੀਆਂ ਕੰਪਨੀਆਂ ਮਹਿੰਗੇ ਵਕੀਲਾਂ ਰਾਹੀਂ ਕਾਨੂੰਨ ਦੀਆਂ ਚੋਰ-ਮੋਰੀਆਂ ਦਾ ਲਾਹਾ ਲੈ ਕੇ ਅਸਾਨੀ ਨਾਲ ਜ਼ਮਾਨਤਾਂ ਹਾਸਲ ਕਰ ਲੈਂਦੀਆਂ ਹਨ ਅਤੇ ਦੁਬਾਰਾ ਨਵੇਂ ਨਾਂਵਾਂ ਹੇਠ ਉਹੀ ਗੈਰ-ਕਾਨੂੰਨੀ ਧੰਦਾ ਸ਼ੁਰੂ ਕਰ ਲੈਂਦੀਆਂ ਹਨ।

ਜੇਕਰ ਅਸੀਂ ਅਸਲ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਸਿਰਫ ਕਦੇ-ਕਦਾਈਂ ਨਮੂਨੇ ਭਰ ਕੇ ਪ੍ਰੈੱਸ ਨੋਟ ਜਾਰੀ ਕਰਨ ਦੀ ਰਸਮੀ ਕਾਰਵਾਈ ਬੰਦ ਕਰਨੀ ਪਵੇਗੀ। ਨਿਰਮਾਣ ਪਲਾਂਟਾਂ ਵਿੱਚ ਕੱਚੇ ਮਾਲ ਦੀ ਖਰੀਦ ਤੋਂ ਲੈ ਕੇ ਉਤਪਾਦਨ ਦੇ ਹਰ ਪੜਾਅ ਉੱਤੇ ਅਚਨਚੇਤ ਛਾਪੇਮਾਰੀ ਹੋਣੀ ਲਾਜ਼ਮੀ ਹੈ। ਸਰਕਾਰੀ ਲੈਬਾਰਟਰੀਆਂ ਦੀਆਂ ਜਾਂਚ ਰਿਪੋਰਟਾਂ ਨੂੰ ਆਨਲਾਈਨ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਖਪਤਕਾਰ ਸੁਚੇਤ ਹੋ ਸਕੇ। ਇਸਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਫੂਡ ਇੰਸਪੈਕਟਰਾਂ ਦੀ ਨਿੱਜੀ ਜਵਾਬਦੇਹੀ ਤੈਅ ਕੀਤੇ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ।

ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਮੁਨਾਫਾ ਕਮਾਉਣ ਵਾਲੇ ਅਜਿਹੇ ਵਪਾਰੀਆਂ ਨਾਲ ਕਿਸੇ ਕਿਸਮ ਦੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ। ਸਿਰਫ ਨਾਮਾਤਰ ਜੁਰਮਾਨੇ ਠੋਕਣਾ ਜਾਂ ਕਾਰੋਬਾਰ ਨੂੰ ਕੁਝ ਦਿਨਾਂ ਲਈ ਬੰਦ ਕਰਨਾ ਕੋਈ ਸਥਾਈ ਹੱਲ ਨਹੀਂ ਹੈ, ਸਗੋਂ ਅਜਿਹੇ ਅਨਸਰਾਂ ਉੱਤੇ ਗੈਰ-ਇਰਾਦਤਨ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ। ਜਦੋਂ ਤਕ ਸਰਕਾਰ ਅਤੇ ਪ੍ਰਸ਼ਾਸਨ ਫੌਲਾਦੀ ਇੱਛਾ-ਸ਼ਕਤੀ ਨਾਲ ਮਿਲਾਵਟਖੋਰੀ ਵਿਰੁੱਧ ਜੰਗੀ ਪੱਧਰ ’ਤੇ ਮੁਹਿੰਮ ਨਹੀਂ ਵਿੱਢਦੇ, ਉਦੋਂ ਤਕ ਆਮ ਲੋਕਾਂ ਦੀਆਂ ਥਾਲੀਆਂ ਵਿੱਚੋਂ ਇਹ ਮੌਤ ਦਾ ਸਾਮਾਨ ਕਦੇ ਬਾਹਰ ਨਹੀਂ ਨਿਕਲ ਸਕੇਗਾ।

*       *       *       *       *

ਅਸੀਂ ਫਲ਼ ਨਹੀਂ ਜ਼ਹਿਰ ਖਾ ਰਹੇ ਹਾਂ...

ਸਿਹਤ ਅਤੇ ਤੰਦਰੁਸਤੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਾਜ਼ੇ ਫਲ ਅੱਜ ਮੁਨਾਫਾਖੋਰੀ ਦੀ ਹਵਸ ਕਾਰਨ ਬਿਮਾਰੀਆਂ ਦਾ ਘਰ ਬਣ ਚੁੱਕੇ ਹਨ। ਦੇਸ਼ ਵਿੱਚ ਖੁਰਾਕੀ ਮਿਆਰਾਂ ਦੀ ਰਾਖੀ ਕਰਨ ਵਾਲੀ ਸਰਵਉੱਚ ਸੰਸਥਾ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ’ (FSSAI) ਨੇ ਫਲਾਂ ਨੂੰ ਤੇਜ਼ੀ ਨਾਲ ਪਕਾਉਣ ਲਈ ਵਰਤੇ ਜਾ ਰਹੇ ਘਾਤਕ ਰਸਾਇਣਾਂ ਵਿਰੁੱਧ ਦੇਸ਼ ਵਿਆਪੀ ਅਲਰਟ ਜਾਰੀ ਕਰ ਦਿੱਤਾ ਹੈ। ਅਥਾਰਟੀ ਨੇ ਸਖਤ ਲਹਿਜੇ ਵਿੱਚ ਚਿਤਾਵਣੀ ਦਿੱਤੀ ਹੈ ਕਿ ਮੁਨਾਫੇ ਖਾਤਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਦਾਅ ’ਤੇ ਲਾਉਣ ਵਾਲੀ ਕੋਈ ਵੀ ਮਨਮਾਨੀ ਹੁਣ ਬਰਦਾਸ਼ਤ ਨਹੀਂ ਹੋਵੇਗੀ।

FSSAI ਵੱਲੋਂ ਜਾਰੀ ਤਾਜ਼ਾ ਹੁਕਮਾਂ ਵਿੱਚ ਦੁਹਰਾਇਆ ਗਿਆ ਹੈ ਕਿ ਫਲਾਂ ਨੂੰ ਪਕਾਉਣ ਲਈ ‘ਕੈਲਸ਼ੀਅਮ ਕਾਰਬਾਈਡ’ ਦੀ ਵਰਤੋਂ ਕਾਨੂੰਨਨ ਜੁਰਮ ਅਤੇ ਪੂਰੀ ਤਰ੍ਹਾਂ ਬੈਨ ਹੈ। ਇਸ ਪਾਬੰਦੀ ਦੇ ਬਾਵਜੂਦ ਮੰਡੀਆਂ ਦੇ ਵਪਾਰੀ ਕੱਚੇ ਫਲਾਂ ਨੂੰ ਮਹਿਜ਼ ਕੁਝ ਘੰਟਿਆਂ ਵਿੱਚ ਚਮਕੀਲਾ ਅਤੇ ਪੱਕਿਆ ਦਿਖਾਉਣ ਲਈ ਇਹ ਰਸਾਇਣ ਧੜੱਲੇ ਨਾਲ ਵਰਤ ਰਹੇ ਹਨ। ਅੰਬ, ਕੇਲਾ ਅਤੇ ਪਪੀਤਾ ਵਰਗੇ ਰੁਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਫਲ ਇਸ ਗੈਰ-ਕਾਨੂੰਨੀ ਧੰਦੇ ਦਾ ਸਭ ਤੋਂ ਵੱਡਾ ਸ਼ਿਕਾਰ ਬਣ ਰਹੇ ਹਨ।

ਰਸਾਇਣਾਂ ਨਾਲ ਪਕਾਏ ਗਏ ਫਲ ਖਾਣ ਸਾਰ ਮਨੁੱਖੀ ਸਰੀਰ ਅੰਦਰ ਗੰਭੀਰ ਪ੍ਰਤੀਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਡਾਕਟਰੀ ਮਾਹਿਰਾਂ ਮੁਤਾਬਿਕ ਅਜਿਹੇ ਫਲਾਂ ਨਾਲ ਅਚਾਨਕ ਉਲਟੀਆਂ, ਪੇਟ ਵਿੱਚ ਮਰੋੜ, ਚਮੜੀ ਉੱਤੇ ਧੱਫੜ ਅਤੇ ਖਾਰਸ਼, ਗਲੇ ਵਿੱਚ ਖਰਾਸ਼ ਕਾਰਨ ਕੁਝ ਵੀ ਨਿਗਲਣ ਵਿੱਚ ਭਾਰੀ ਦਿੱਕਤ ਆਉਣ ਲਗਦੀ ਹੈ। ਲੰਬੇ ਸਮੇਂ ਤਕ ਅਜਿਹਾ ਖੁਰਾਕੀ ਜ਼ਹਿਰ ਖਾਣ ਨਾਲ ਪਾਚਨ ਤੰਤਰ ਖਤਮ ਹੋ ਜਾਂਦਾ ਹੈ ਅਤੇ ਸਰੀਰ ਦੇ ਅੰਦਰੂਨੀ ਅੰਗ ਜ਼ਹਿਰੀਲੇ ਤੱਤਾਂ ਨਾਲ ਭਰ ਜਾਂਦੇ ਹਨ।

ਸਰਕਾਰੀ ਪੜਤਾਲ ਵਿੱਚ ਇਹ ਚਿੰਤਾਜਨਕ ਤੱਥ ਵੀ ਸਾਹਮਣੇ ਆਇਆ ਹੈ ਕਿ ਕਾਰਬਾਈਡ ਤੋਂ ਬਚਣ ਲਈ ਕੁਝ ਸ਼ਾਤਰ ਵਪਾਰੀ ਫਲਾਂ ਨੂੰ ‘ਐਥੀਫੋਨ’ ਨਾਮਕ ਕੈਮੀਕਲ ਦੇ ਘੋਲ ਵਿੱਚ ਸਿੱਧਾ ਡੁਬੋ ਰਹੇ ਹਨ। ਇਹ ਘੋਲ ਫਲ ਦੇ ਛਿਲਕੇ ਨੂੰ ਪਾਰ ਕਰਕੇ ਅੰਦਰਲੇ ਗੁੱਦੇ ਤਕ ਰਿਸ ਜਾਂਦਾ ਹੈ, ਜਿਸ ਨਾਲ ਪੂਰਾ ਫਲ ਜ਼ਹਿਰ ਦਾ ਗੋਲਾ ਬਣ ਜਾਂਦਾ ਹੈ। FSSAI ਨੇ ਇਸ ਘਿਨਾਉਣੇ ਤਰੀਕੇ ’ਤੇ ਵੀ ਮੁਕੰਮਲ ਪਾਬੰਦੀ ਲਾਉਂਦਿਆਂ ਇਸ ਨੂੰ ਸਿੱਧਾ ਫੌਜਦਾਰੀ ਅਪਰਾਧ ਕਰਾਰ ਦਿੱਤਾ ਹੈ।

ਵਿਗਿਆਨਕ ਅਤੇ ਸੁਰੱਖਿਅਤ ਢੰਗ ਨਾਲ ਫਲ ਪਕਾਉਣ ਲਈ ਅਥਾਰਟੀ ਨੇ ਸਿਰਫ ਨਿਯਮਾਂ ਅਧੀਨ ‘ਐਥੀਲੀਨ ਗੈਸ’ ਦੇ ਤਰੀਕੇ ਨੂੰ ਹੀ ਪ੍ਰਵਾਨਗੀ ਦਿੱਤੀ ਹੈ। ਐਥੀਲੀਨ ਇੱਕ ਕੁਦਰਤੀ ਗੈਸ ਹੈ ਜੋ ਫਲ ਦੇ ਪੱਕਣ ਵੇਲੇ ਆਪਣੇ ਆਪ ਵੀ ਪੈਦਾ ਹੁੰਦੀ ਹੈ। ਨਿਯਮਾਂ ਮੁਤਾਬਿਕ ਸਿਰਫ ਮਨਜ਼ੂਰਸ਼ੁਦਾ ਰਾਈਪਨਿੰਗ ਚੈਂਬਰਾਂ ਅੰਦਰ ਨਿਯੰਤਰਿਤ ਮਾਤਰਾ ਵਿੱਚ ਹੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ, ਜਦਕਿ ਇਸ ਤੋਂ ਬਾਹਰ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਵਰਤਣਾ ਗੈਰ-ਕਾਨੂੰਨੀ ਹੈ।

ਇਨ੍ਹਾਂ ਹੁਕਮਾਂ ਨੂੰ ਜ਼ਮੀਨ ’ਤੇ ਲਾਗੂ ਕਰਨ ਲਈ FSSAI ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਅਫਸਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਅਧਿਕਾਰੀਆਂ ਨੂੰ ਸਪਸ਼ਟ ਹਦਾਇਤ ਹੈ ਕਿ ਫਲ-ਮੰਡੀਆਂ, ਵੱਡੇ ਕੋਲਡ ਸਟੋਰਾਂ, ਗੋਦਾਮਾਂ ਅਤੇ ਥੋਕ ਬਜ਼ਾਰਾਂ ਵਿੱਚ ਲਗਾਤਾਰ ਅਚਨਚੇਤ ਛਾਪੇਮਾਰੀ ਕੀਤੀ ਜਾਵੇ। ਪਕਾਉਣ ਵਾਲੇ ਚੈਂਬਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਰਦੇ ਪਿੱਛੇ ਚਲਦਾ ਕਾਲਾ ਕਾਰੋਬਾਰ ਫੜਿਆ ਜਾ ਸਕੇ।

ਨਵੀਂਆਂ ਹਦਾਇਤਾਂ ਤਹਿਤ ਫੂਡ ਸੇਫਟੀ ਟੀਮਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਕਿ ਸ਼ੱਕ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਵੀ ਵਪਾਰੀ, ਆੜ੍ਹਤੀਏ ਜਾਂ ਗੋਦਾਮ ਮਾਲਕ ਕੋਲੋਂ ਕੈਲਸ਼ੀਅਮ ਕਾਰਬਾਈਡ ਜਾਂ ਹੋਰ ਪਾਬੰਦੀਸ਼ੁਦਾ ਕੈਮੀਕਲ ਬਰਾਮਦ ਹੁੰਦੇ ਹਨ ਤਾਂ ਫੂਡ ਸੇਫਟੀ ਐਕਟ ਤਹਿਤ ਸਖਤ ਕਾਰਵਾਈ ਹੋਵੇਗੀ। ਇਸ ਵਿੱਚ ਮੋਟੇ ਜੁਰਮਾਨਿਆਂ ਤੋਂ ਇਲਾਵਾ ਵਪਾਰਕ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰਨ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੇ ਸਖਤ ਪ੍ਰਬੰਧ ਸ਼ਾਮਲ ਹਨ।

ਬਜ਼ਾਰ ਵਿੱਚ ਵਿਕ ਰਹੇ ਫਲਾਂ ਦੀ ਅਸਲੀਅਤ ਪਰਖਣ ਲਈ ਹੁਣ ਮੌਕੇ ’ਤੇ ਹੀ ਵਿਸ਼ੇਸ਼ ‘ਟੈਸਟ ਪੇਪਰਾਂ’ ਦੀ ਵਰਤੋਂ ਕੀਤੀ ਜਾਵੇਗੀ। ਇਸ ਤਕਨੀਕ ਨਾਲ ਲੈਬਾਰਟਰੀ ਦੀਆਂ ਲੰਮੀਆਂ ਰਿਪੋਰਟਾਂ ਦੀ ਉਡੀਕ ਕੀਤੇ ਬਿਨਾਂ ਕੁਝ ਹੀ ਮਿੰਟਾਂ ਵਿੱਚ ਸਾਫ ਹੋ ਜਾਵੇਗਾ ਕਿ ਫਲ ਕੁਦਰਤੀ ਹੈ ਜਾਂ ਕੈਮੀਕਲ ਨਾਲ ਰੰਗਿਆ ਗਿਆ ਹੈ। ਇਹ ਆਧੁਨਿਕ ਟੈਸਟਿੰਗ ਭ੍ਰਿਸ਼ਟ ਵਪਾਰੀਆਂ ਨੂੰ ਮੌਕੇ ’ਤੇ ਰੰਗੇ ਹੱਥੀਂ ਦਬੋਚਣ ਲਈ ਬੇਹੱਦ ਕਾਰਗਰ ਹਥਿਆਰ ਸਾਬਤ ਹੋਵੇਗੀ।

ਸਰਕਾਰੀ ਕਾਰਵਾਈਆਂ ਦੇ ਨਾਲ-ਨਾਲ ਖਰੀਦਦਾਰਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਕੈਮੀਕਲ ਨਾਲ ਪਕਾਏ ਫਲ ਬਾਹਰੋਂ ਤਾਂ ਚਮਕੀਲੇ ਪੀਲੇ ਦਿਸਦੇ ਹਨ, ਪਰ ਅੰਦਰੋਂ ਕੱਚੇ, ਸਖਤ ਅਤੇ ਬੇਸਵਾਦੇ ਹੁੰਦੇ ਹਨ। ਕਈ ਵਾਰ ਇਨ੍ਹਾਂ ਉੱਤੇ ਚਿੱਟੇ ਜਾਂ ਸਲੇਟੀ ਧੱਬੇ ਵੀ ਸਾਫ ਦਿਸਦੇ ਹਨ। ਗਾਹਕਾਂ ਨੂੰ ਬਹੁਤ ਜ਼ਿਆਦਾ ਚਮਕਦਾਰ ਅਤੇ ਬੇਮੌਸਮੇ ਫਲ ਖਰੀਦਣ ਤੋਂ ਬਚਣਾ ਚਾਹੀਦਾ ਹੈ ਅਤੇ ਘਰ ਲਿਆ ਕੇ ਫਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਵਰਤਣਾ ਚਾਹੀਦਾ ਹੈ।

FSSAI ਦੀ ਇਸ ਮੁਹਿੰਮ ਦਾ ਅਸਲ ਮਕਸਦ ਲੋਕਾਂ ਦੀਆਂ ਥਾਲੀਆਂ ਵਿੱਚੋਂ ਜ਼ਹਿਰ ਨੂੰ ਬਾਹਰ ਕੱਢਣਾ ਹੈ। ਪੌਸ਼ਟਿਕ ਖੁਰਾਕ ਦੇ ਨਾਂ ’ਤੇ ਕੈਮੀਕਲ ਵੇਚਣ ਵਾਲਿਆਂ ਵਿਰੁੱਧ ਜਦੋਂ ਤਕ ਮਿਸਾਲੀ ਸਜ਼ਾਵਾਂ ਯਕੀਨੀ ਨਹੀਂ ਬਣਾਈਆਂ ਜਾਂਦੀਆਂ, ਉਦੋਂ ਤਕ ਇਹ ਮਾਫੀਆ ਠੱਲ੍ਹਿਆ ਨਹੀਂ ਜਾ ਸਕਦਾ। ਪ੍ਰਸ਼ਾਸਨਿਕ ਸਖਤੀ ਅਤੇ ਆਮ ਲੋਕਾਂ ਦੀ ਜਾਗਰੂਕਤਾ ਹੀ ਮੰਡੀਆਂ ਵਿੱਚੋਂ ਮੁਨਾਫਾਖੋਰੀ ਦੇ ਇਸ ਜ਼ਹਿਰ ਨੂੰ ਖਤਮ ਕਰਕੇ ਸਿਹਤਮੰਦ ਸਮਾਜ ਦੀ ਨੀਂਹ ਰੱਖ ਸਕਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author