KrishanLalDr7“ਜਦੋਂ ਤਕ ਜੇਲ੍ਹਾਂ ਵਿੱਚੋਂ ਚਲਦੇ ਇਨ੍ਹਾਂ ਗੈਂਗਸਟਰ ਨੈੱਟਵਰਕਾਂ ਦੀਆਂ ਜੜ੍ਹਾਂ ...”
(22 ਅਕਤੂਬਰ 2026)

 

ਮੁੰਬਈ ਦੀ ਚਮਕਦੀ ਫਿਲਮੀ ਦੁਨੀਆ ਇੱਕ ਵਾਰ ਫਿਰ ਅੰਡਰਵਰਲਡ ਅਤੇ ਸੰਗਠਿਤ ਅਪਰਾਧਿਕ ਗਰੋਹਾਂ ਦੀਆਂ ਗੋਲੀਆਂ ਦੇ ਖੜਕੇ ਨਾਲ ਕੰਬ ਉੱਠੀ ਹੈ। ਮਸ਼ਹੂਰ ਐਕਸ਼ਨ ਸਟਾਰ ਟਾਈਗਰ ਸ਼ਰਾਫ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਾਨਲੇਵਾ ਹਮਲੇ ਨੇ ਸੁਰੱਖਿਆ ਪ੍ਰਬੰਧਾਂ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁੰਬਈ ਪੁਲਿਸ ਦੇ ਡੀ. ਸੀ. ਪੀ. ਅਨੁਸਾਰ 18 ਅਕਤੂਬਰ 2026, ਦਿਨ ਐਤਵਾਰ ਸ਼ਾਮ ਕਰੀਬ 7 ਵਜੇ ਜਿਸ ਵਹਿਸ਼ੀਆਨਾ ਢੰਗ ਨਾਲ ਟਾਈਗਰ ਸ਼ਰਾਫ ਦੀ ਗੱਡੀ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਉਸ ਤੋਂ ਸਾਫ ਹੁੰਦਾ ਹੈ ਕਿ ਮੁਲਜ਼ਿਮ ਮਹਿਜ਼ ਦਹਿਸ਼ਤ ਪਾਉਣ ਲਈ ਨਹੀਂ ਸਗੋਂ ਅਦਾਕਾਰ ਨੂੰ ਮੌਤ ਦੇ ਘਾਟ ਉਤਾਰਨ ਦੇ ਪੱਕੇ ਇਰਾਦੇ ਨਾਲ ਆਏ ਸਨ। ਇਸ ਖੂਨੀ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਨੇ ਦੇਸ਼ ਭਰ ਦੀਆਂ ਸਰਹੱਦਾਂ ’ਤੇ ਚੌਕਸੀ ਵਧਾ ਦਿੱਤੀ।

ਮੁੰਬਈ ਕ੍ਰਾਈਮ ਬਰਾਂਚ ਵੱਲੋਂ ਸਾਂਝੀ ਕੀਤੀ ਗਈ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਰਾਜਸਥਾਨ ਪੁਲਿਸ ਨੇ ਬੇਮਿਸਾਲ ਮੁਸਤੈਦੀ ਦਿਖਾਈ। ਘਟਨਾ ਦੇ ਮਹਿਜ਼ 15 ਘੰਟਿਆਂ ਦੇ ਅੰਦਰ ਸੋਮਵਾਰ ਸਵੇਰੇ 10:30 ਵਜੇ ਕਾਰ ’ਤੇ ਗੋਲੀਬਾਰੀ ਕਰਨ ਵਾਲੇ ਤਿੰਨੋਂ ਸ਼ੂਟਰਾਂ ਨੂੰ ਵਜੇ ਕੋਟਾ ਰੇਲਵੇ ਸਟੇਸ਼ਨ ਤੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਕੋਟਾ ਦੇ ਪੁਲਿਸ ਸੁਪਰਡੈਂਟ ਤੇਜਸਵਿਨੀ ਗੌਤਮ ਅਨੁਸਾਰ ਤਿੰਨੇ ਮੁਲਜ਼ਿਮ ਪੂਣੇ-ਜੈਪੁਰ ਐਕਸਪ੍ਰੈੱਸ ਟਰੇਨ ਦੇ ਜਨਰਲ ਡੱਬੇ ਵਿੱਚ ਛੁਪ ਕੇ ਜੈਪੁਰ ਵੱਲ ਜਾ ਰਹੇ ਸਨ, ਜਿੱਥੋਂ ਉਨ੍ਹਾਂ ਨੇ ਦਿੱਲੀ ਰਸਤੇ ਨਿਪਾਲ ਸਰਹੱਦ ਪਾਰ ਕਰਕੇ ਲੁਕਣ ਦੀ ਪੂਰੀ ਵਿਉਂਤਬੰਦੀ ਤਿਆਰ ਕੀਤੀ ਹੋਈ ਸੀ। ਹਾਲਾਂਕਿ ਫੜੇ ਜਾਣ ਸਮੇਂ ਉਨ੍ਹਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ।

ਪੁਲਿਸ ਦੀ ਮੁਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਕਤਲ ਦੀ ਸੁਪਾਰੀ ਲਾਰੈਂਸ ਗੈਂਗ ਨਾਲ ਜੁੜੇ ਅਨਿਲ ਪੰਡਿਤ ਨੇ ਦਿੱਤੀ ਸੀ। ਅਨਿਲ ਪੰਡਿਤ ਨੇ ਖੁਦ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਇਸ ਕਾਤਲਾਨਾ ਹਮਲੇ ਦੀ ਖੁੱਲ੍ਹੇਆਮ ਜ਼ਿੰਮੇਵਾਰੀ ਲਈ ਸੀ। ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਵਿੱਚੋਂ ਦੋ ਹਰਿਆਣਾ ਦੇ (ਜਿਨ੍ਹਾਂ ਵਿੱਚ ਸੋਨੀਪਤ ਦਾ ਰੋਹਾਨ ਸ਼ਾਮਲ ਹੈ) ਅਤੇ ਇੱਕ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਿਤਿਕ ਕੁਮਾਰ ਉਰਫ ਰੌਸ਼ਨ ਹੈ। ਪਹਿਲਾਂ ਤੀਜੇ ਮੁਲਜ਼ਿਮ ਦੇ ਨਾਬਾਲਗ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਪੁਲਿਸ ਨੇ ਇਸ ਨੂੰ ਸਿਰੇ ਤੋਂ ਰੱਦ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਸਾਰੇ ਮੁਲਜ਼ਿਮ ਬਾਲਗ ਹਨ ਅਤੇ ਇਸ ਪੂਰੀ ਸਾਜ਼ਿਸ਼ ਦੀਆਂ ਹੋਰ ਕੜੀਆਂ ਖੋਲ੍ਹਣ ਲਈ ਰਿਮਾਂਡ ਹਾਸਲ ਕਰਕੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਂਚ ਏਜੰਸੀਆਂ ਮੁਤਾਬਿਕ ਇਹ ਹਮਲਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਪੇਸ਼ਾਵਰ ਅੰਦਾਜ਼ ਵਿੱਚ ਤਿਆਰ ਕੀਤੀ ਗਈ ਇੱਕ ਵੱਡੀ ਸਾਜ਼ਿਸ਼ ਸੀ। ਸ਼ੂਟਰ ਪਿਛਲੇ ਲਗਭਗ 10 ਦਿਨਾਂ ਤੋਂ ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿੱਚ ਡੇਰੇ ਲਾ ਕੇ ਟਾਈਗਰ ਸ਼ਰਾਫ ਦੇ ਹਰ ਕਦਮ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਉਨ੍ਹਾਂ ਨੇ ਅਦਾਕਾਰ ਦੇ ਘਰ, ਸ਼ੂਟਿੰਗ ਟਿਕਾਣਿਆਂ ਅਤੇ ਖਾਸ ਤੌਰ ’ਤੇ ਉਸਦੇ ਜਿੰਮ ਦੇ ਆਉਣ-ਜਾਣ ਵਾਲੇ ਰੂਟ ਦੀ ਬਰੀਕੀ ਨਾਲ ਰੇਕੀ ਕੀਤੀ ਹੋਈ ਸੀ। ਵਾਰਦਾਤ ਵਾਲੇ ਦਿਨ ਵੀ ਗੋਲੀਆਂ ਚਲਾਉਣ ਤੋਂ ਪਹਿਲਾਂ ਹਮਲਾਵਰਾਂ ਨੇ ਪੂਰੇ ਇਲਾਕੇ ਦੀ ਘੋਖ ਕਰਨ ਅਤੇ ਭੱਜਣ ਦਾ ਰਸਤਾ ਪੱਕਾ ਕਰਨ ਲਈ ਘਟਨਾ ਸਥਾਨ ’ਤੇ 45 ਮਿੰਟ ਬਿਤਾਏ ਸਨ।

ਹਿੰਦੀ ਸਿਨੇਮਾ ਵਿੱਚ ਅੰਡਰਵਰਲਡ ਦੀ ਗੈਰ-ਕਾਨੂੰਨੀ ਦਖਲਅੰਦਾਜ਼ੀ ਦਹਾਕਿਆਂ ਪੁਰਾਣੀ ਹੈ, ਜਿੱਥੇ ਫਿਲਮ ਇੰਡਸਟਰੀ ਹਮੇਸ਼ਾ ਜਬਰੀ ਵਸੂਲੀ (ਰੰਗਦਾਰੀ), ਧਮਕੀਆਂ ਅਤੇ ਗੋਲੀਆਂ ਦੇ ਪਰਛਾਵੇਂ ਹੇਠ ਕੰਮ ਕਰਨ ਲਈ ਮਜਬੂਰ ਰਹੀ ਹੈ। 1960 ਦੇ ਦਹਾਕੇ ਵਿੱਚ ਹਾਜੀ ਮਸਤਾਨ ਵਰਗੇ ਤਸਕਰਾਂ ਨੇ ਵੱਡੇ ਸਿਤਾਰਿਆਂ ਨਾਲ ਨੇੜਤਾ ਵਧਾ ਕੇ ਕਾਲੇ ਧਨ ਨੂੰ ਫਿਲਮਾਂ ਵਿੱਚ ਲਾਉਣਾ ਸ਼ੁਰੂ ਕੀਤਾ ਸੀ। 1990 ਦੇ ਦਹਾਕੇ ਤਕ ਪਹੁੰਚਦਿਆਂ ਇਹ ਰਿਸ਼ਤਾ ਖੂਨੀ ਦਹਿਸ਼ਤ ਵਿੱਚ ਤਬਦੀਲ ਹੋ ਗਿਆ, ਜਿੱਥੇ ਫਿਲਮ ਨਿਰਮਾਣ, ਵਿਦੇਸ਼ੀ ਵੰਡ ਅਧਿਕਾਰਾਂ (ਡਿਸਟ੍ਰੀਬਿਊਸ਼ਨ) ਅਤੇ ਕਲਾਕਾਰਾਂ ਦੀ ਚੋਣ ਉੱਤੇ ਮਾਫੀਆ ਆਪਣੀ ਮਨਮਾਨੀ ਥੋਪਣ ਲੱਗ ਪਿਆ।

1990 ਦੇ ਦਹਾਕੇ ਦੌਰਾਨ ਅੰਡਰਵਰਲਡ ਗਰੋਹਾਂ ਨੇ ਫਿਲਮੀ ਹਸਤੀਆਂ ਨੂੰ ਸ਼ਰੇਆਮ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਜੂਨ 1994 ਵਿੱਚ ਨਿਰਮਾਤਾ ਜਾਵੇਦ ਰਿਆਜ਼ ਸਿੱਦੀਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਜਦਕਿ ਜੁਲਾਈ 1995 ਵਿੱਚ ਨਿਰਮਾਤਾ ਬਿਰਜੂ ਸਰਫਰਾਜ਼ ਖਾਨ ’ਤੇ ਜਾਨਲੇਵਾ ਹਮਲਾ ਹੋਇਆ। ਇਸ ਤੋਂ ਬਾਅਦ 7 ਮਾਰਚ 1997 ਨੂੰ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਮੁਕੇਸ਼ ਦੁੱਗਲ ਨੂੰ ਅੰਧੇਰੀ ਸਥਿਤ ਉਨ੍ਹਾਂ ਦੇ ਦਫਤਰ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸੇ ਵਰ੍ਹੇ 31 ਜੁਲਾਈ 1997 ਨੂੰ ‘ਤ੍ਰਿਦੇਵਅ’ ਅਤੇ ‘ਗੁਪਤ’ ਫਿਲਮਾਂ ਦੇ ਨਿਰਦੇਸ਼ਕ ਰਾਜੀਵ ਰਾਏ ’ਤੇ ਉਨ੍ਹਾਂ ਦੇ ਤਾੜਦੇਵ ਦਫਤਰ ਬਾਹਰ ਹਮਲਾ ਹੋਇਆ, ਜਿੱਥੇ ਬਾਡੀਗਾਰਡਾਂ ਦੀ ਜਵਾਬੀ ਗੋਲੀਬਾਰੀ ਕਾਰਨ ਉਨ੍ਹਾਂ ਦੀ ਜਾਨ ਮਸਾਂ ਬਚੀ।

ਰਾਜੀਵ ਰਾਏ ’ਤੇ ਹੋਏ ਹਮਲੇ ਤੋਂ ਮਹਿਜ਼ ਦੋ ਹਫਤੇ ਬਾਅਦ 12 ਅਗਸਤ 1997 ਨੂੰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦਾ ਅੰਧੇਰੀ ਦੇ ਇੱਕ ਮੰਦਰ ਬਾਹਰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਦਸੰਬਰ 1999 ਵਿੱਚ ਨਿਰਮਾਤਾ ਮਨਮੋਹਨ ਸ਼ੈੱਟੀ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਫਿਰ 21 ਜਨਵਰੀ 2000 ਨੂੰ ‘ਕਹੋ ਨਾ... ਪਿਆਰ ਹੈ’ ਫਿਲਮ ਦੀ ਇਤਿਹਾਸਕ ਕਾਮਯਾਬੀ ਤੋਂ ਬਾਅਦ ਸੰਤਾਕਰੂਜ਼ ਵਿਖੇ ਰਾਕੇਸ਼ ਰੋਸ਼ਨ ਦੇ ਦਫਤਰ ਬਾਹਰ ਉਨ੍ਹਾਂ ਉੱਤੇ ਗੋਲੀਆਂ ਦਾਗੀਆਂ ਗਈਆਂ ਕਿਉਂਕਿ ਉਨ੍ਹਾਂ ਨੇ ਅੰਡਰਵਰਲਡ ਦੇ ਕਹਿਣ ’ਤੇ ਆਪਣੇ ਬੇਟੇ ਰਿਤਿਕ ਰੋਸ਼ਨ ਦੇ ਕੰਮ ਕਰਨ ਅਤੇ ਵਿਦੇਸ਼ੀ ਅਧਿਕਾਰ ਸੌਂਪਣ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਇੱਕ ਗੋਲੀ ਉਨ੍ਹਾਂ ਦੀ ਛਾਤੀ ਨੂੰ ਛੂਹ ਕੇ ਲੰਘੀ ਸੀ।

ਫਿਲਮੀ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਸਿਲਸਿਲਾ ਸਾਲ 2000 ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ। 14 ਫਰਵਰੀ 2001 ਨੂੰ ਅਦਾਕਾਰ ਦਿਨੇਸ਼ ਅਨੰਦ ਨੂੰ ਬੋਰੀਵਲੀ ਨੈਸ਼ਨਲ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜੁਲਾਈ 2002 ਵਿੱਚ ਸੁਪਰਹਿੱਟ ਫਿਲਮ ‘ਸਾਜਨ’ ਦੇ ਨਿਰਦੇਸ਼ਕ ਲਾਰੈਂਸ ਡਿਸੂਜ਼ਾ ਦੇ ਦਫਤਰ ਬਾਹਰ ਦਹਿਸ਼ਤ ਫੈਲਾਉਣ ਲਈ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਪਰ ਉਹ ਵਾਲ-ਵਾਲ ਬਚ ਗਏ। ਪੁਲਿਸ ਜਾਂਚ ਵਿੱਚ ਇਹ ਸਾਬਤ ਹੋਇਆ ਕਿ ਇਹ ਸਾਰੀਆਂ ਕਾਰਵਾਈਆਂ ਬਾਲੀਵੁੱਡ ਉੱਤੇ ਦਹਿਸ਼ਤ ਦਾ ਸਿੱਕਾ ਜਮਾ ਕੇ ਕਰੋੜਾਂ ਦੀਆਂ ਰੰਗਦਾਰੀਆਂ ਵਸੂਲਣ ਦੇ ਮਕਸਦ ਨਾਲ ਹੀ ਕੀਤੀਆਂ ਜਾਂਦੀਆਂ ਸਨ।

ਪੁਰਾਣੇ ਅੰਡਰਵਰਲਡ ਡਾਨਾਂ ਦੀ ਥਾਂ ਹੁਣ ਨਵੇਂ ਸੰਗਠਿਤ ਗੈਂਗਸਟਰ ਨੈੱਟਵਰਕਾਂ ਨੇ ਲੈ ਲਈ ਹੈ। 14 ਅਪਰੈਲ 2024 ਨੂੰ ਸੁਪਰਸਟਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਬਾਹਰ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸਦਾ ਸਿੱਧਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ। ਸਤੰਬਰ 2025 ਵਿੱਚ ਅਦਾਕਾਰਾ ਦਿਸ਼ਾ ਪਾਟਨੀ ਦੇ ਪਰਿਵਾਰ ਦੇ ਬਰੇਲੀ ਸਥਿਤ ਨਿਵਾਸ ਬਾਹਰ ਗੋਲੀਬਾਰੀ ਹੋਈ। ਇਸ ਤੋਂ ਬਾਅਦ 1 ਫਰਵਰੀ 2026 ਨੂੰ ਮਸ਼ਹੂਰ ਐਕਸ਼ਨ ਡਾਇਰੈਕਟਰ ਰੋਹਿਤ ਸ਼ੈੱਟੀ ਦੇ ਜੂਹੂ ਸਥਿਤ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਮੁੰਬਈ ਪੁਲਿਸ ਨੇ ਅਪਰੈਲ ਮਹੀਨੇ 17 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕਰਕੇ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦਾ ਪਰਦਾ ਫਾਸ਼ ਕੀਤਾ ਸੀ।

ਅਕਤੂਬਰ 2026 ਵਿੱਚ ਟਾਈਗਰ ਸ਼ਰਾਫ ’ਤੇ ਹੋਇਆ ਇਹ ਹਮਲਾ ਸਾਬਤ ਕਰਦਾ ਹੈ ਕਿ ਤਮਾਮ ਪੁਲਿਸ ਸਖਤੀ ਅਤੇ ਆਧੁਨਿਕ ਤਕਨੀਕਾਂ ਦੇ ਬਾਵਜੂਦ ਬਾਲੀਵੁੱਡ ਵਿੱਚ ਗੈਂਗਸਟਰਾਂ ਦਾ ਖੌਫ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਗੁਲਸ਼ਨ ਕੁਮਾਰ ਦੇ ਦੌਰ ਤੋਂ ਲੈ ਕੇ ਅੱਜ ਤਕ ਸਿਰਫ ਹਮਲਾਵਰਾਂ ਦੇ ਚਿਹਰੇ ਅਤੇ ਤੌਰ-ਤਰੀਕੇ ਬਦਲੇ ਹਨ, ਪਰ ਜਬਰੀ ਵਸੂਲੀ ਅਤੇ ਖੂਨੀ ਖੇਡ ਦਾ ਮੂਲ ਮਕਸਦ ਉਹੀ ਹੈ। ਭਾਵੇਂ ਰਾਜਸਥਾਨ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਸ਼ੂਟਰਾਂ ਨੂੰ 15 ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ, ਪਰ ਜਦੋਂ ਤਕ ਜੇਲ੍ਹਾਂ ਵਿੱਚੋਂ ਚਲਦੇ ਇਨ੍ਹਾਂ ਗੈਂਗਸਟਰ ਨੈੱਟਵਰਕਾਂ ਦੀਆਂ ਜੜ੍ਹਾਂ ਨਹੀਂ ਵੱਢੀਆਂ ਜਾਂਦੀਆਂ, ਉਦੋਂ ਤਕ ਦੇਸ਼ ਦੀ ਮਨੋਰੰਜਨ ਇੰਡਸਟਰੀ ਬੰਦੂਕਾਂ ਦੇ ਸਾਏ ਹੇਠ ਜਿਊਣ ਲਈ ਮਜਬੂਰ ਰਹੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author