“ਨਸ਼ਾ ਵਿਰੋਧੀ ਕਾਰਕੁਨਾਂ ਨੂੰ ਪੱਕੀ ਸੁਰੱਖਿਆ ਦੇਣਾ ਅਤੇ ਮੈਡੀਕਲ ਨਸ਼ੇ ਦੀ ਜੜ੍ਹ ਵੱਢਣਾ ...”
(19 ਅਕਤੂਬਰ 2026)
ਇਸ ਸਮੇਂ ਪਾਠਕ: 751

ਨਸ਼ੀਲੀਆਂ ਦਵਾਈਆਂ ਦੇ ਕਾਲੇ ਕਾਰੋਬਾਰ ਦਾ ਕੌੜਾ ਸੱਚ

ਮਾਨਸਾ ਦੇ ਬਾਰਾਂ ਹੱਟਾ ਚੌਕ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਹੋਇਆ ਕਤਲ ਸਿਰਫ ਇੱਕ ਸਮਾਜਿਕ ਕਾਰਕੁਨ ਦਾ ਕਤਲ ਨਹੀਂ, ਸਗੋਂ ਨਸ਼ਿਆਂ ਵਿਰੁੱਧ ਉੱਠ ਰਹੀ ਲੋਕ-ਅਵਾਜ਼ ਦਾ ਗਲਾ ਘੁੱਟਣ ਦੀ ਸਾਜ਼ਿਸ਼ ਹੈ। 42 ਸਾਲਾ ਪਰਵਿੰਦਰ ਸਿੰਘ ਲਈ ਇਹ ਕੋਈ ਦਿਖਾਵੇ ਦੀ ਮੁਹਿੰਮ ਨਹੀਂ ਸੀ; ਉਹ ਖੁਦ ਕਦੇ ਨਸ਼ੇ ਦੀ ਦਲਦਲ ਵਿੱਚ ਡਿਗ ਕੇ ਆਪਣੀ ਇੱਛਾ-ਸ਼ਕਤੀ ਨਾਲ ਬਾਹਰ ਨਿਕਲੇ ਸਨ। ਉਨ੍ਹਾਂ ਨੇ ਆਪਣੀ ਬਾਕੀ ਜ਼ਿੰਦਗੀ ਦੂਜਿਆਂ ਦੇ ਪੁੱਤਾਂ ਨੂੰ ਬਚਾਉਣ ਦੇ ਲੇਖੇ ਲਾ ਦਿੱਤੀ ਸੀ। ਦੁਖਾਂਤ ਇਹ ਹੈ ਕਿ ਜਿਸ ਬਜ਼ਾਰ ਵਿੱਚੋਂ ਉਨ੍ਹਾਂ ਨੇ ਸਾਲ 2023 ਵਿੱਚ ਮੈਡੀਕਲ ਨਸ਼ੇ ਦੀ ਕਾਲਾਬਾਜ਼ਾਰੀ ਵਿਰੁੱਧ ਬਿਗਲ ਵਜਾਇਆ ਸੀ, ਉਸੇ ਬਜ਼ਾਰ ਵਿੱਚ ਉਨ੍ਹਾਂ ਦੀ ਛਾਤੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਗਈ।
ਜਲੰਧਰ ਦੇ ਖੇਡ ਮੈਦਾਨਾਂ ਵਿੱਚ ਕਦੇ ‘ਬਾਬਾ ਬਾਕਸਰ’ ਵਜੋਂ ਜਾਣੇ ਜਾਂਦੇ ਪਰਵਿੰਦਰ ਝੋਟਾ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਵਿੱਚ ਚਾਰ ਵਾਰ ਗੋਲਡ ਮੈਡਲ ਜਿੱਤ ਕੇ ਸੂਬੇ ਦਾ ਮਾਣ ਵਧਾਇਆ ਸੀ। ਡੀ.ਏ.ਵੀ. ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੜ੍ਹ ਕੇ ਉਹ ਰੇਲਵੇ ਲਈ ਵੀ ਖੇਡੇ। ਲੋੜਵੰਦ ਖਿਡਾਰੀਆਂ ਦੀਆਂ ਜੇਬੋਂ ਫੀਸਾਂ ਭਰਨ ਵਾਲਾ ਇਹ ਦਿਲਦਾਰ ਖਿਡਾਰੀ ਜਦੋਂ ਸੰਗਤ ਦੀ ਮਾਰ ਹੇਠ ਆ ਕੇ ਨਸ਼ੇੜੀ ਬਣਿਆ, ਤਾਂ ਉਸਨੇ ਹਾਰ ਨਹੀਂ ਮੰਨੀ। ਨਸ਼ਾ ਮੁਕਤ ਹੋ ਕੇ ਉਨ੍ਹਾਂ ਨੇ ਜੁਰਮ ਦੀ ਦੁਨੀਆ ਖਿਲਾਫ ਮੋਰਚਾ ਖੋਲ੍ਹ ਦਿੱਤਾ।
ਸਾਲ 2023 ਵਿੱਚ ਝੋਟਾ ਮੈਡੀਕਲ ਸਟੋਰਾਂ ’ਤੇ ਵਿਕਦੇ ਨਸ਼ੀਲੇ ਕੈਪਸੂਲਾਂ ਅਤੇ ਗਲੀਆਂ ਵਿੱਚ ਵਿਕਦੇ ਚਿੱਟੇ ਖਿਲਾਫ ਨੰਗੀ ਤਲਵਾਰ ਬਣ ਕੇ ਖੜ੍ਹੇ ਹੋਏ। ਉਹ ਮੋਬਾਇਲ ’ਤੇ ਲਾਈਵ ਹੋ ਕੇ ਤਸਕਰਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰਦੇ, ਜਿਸ ਨਾਲ ਪੰਜਾਬ ਭਰ ਦੇ ਨੌਜਵਾਨ ਅਤੇ ਕਿਸਾਨ ਉਨ੍ਹਾਂ ਪਿੱਛੇ ਲਾਮਬੰਦ ਹੋ ਗਏ। ਪਰ ਸਿਸਟਮ ਨੂੰ ਇਹ ਰਾਸ ਨਾ ਆਇਆ। ਜੁਲਾਈ 2023 ਵਿੱਚ ਜਦੋਂ ਉਨ੍ਹਾਂ ਨੇ ਕੈਮਿਸਟ ਅਸ਼ਵਨੀ ਕੁਮਾਰ ਦਾ ਘਿਰਾਓ ਕੀਤਾ ਤਾਂ ਪੁਲਿਸ ਨੇ ਤਸਕਰ ਦੀ ਥਾਂ ਉਲਟਾ ਝੋਟਾ ’ਤੇ ਹੀ ਇਰਾਦਾ ਕਤਲ ਦੇ ਪਰਚੇ ਦਰਜ ਕਰ ਦਿੱਤੇ। ਹਾਲਾਂਕਿ ਜਨਤਕ ਰੋਸ ਮੋਹਰੇ ਝੁਕਦਿਆਂ ਅਦਾਲਤਾਂ ਨੇ ਬਾਅਦ ਵਿੱਚ ਉਨ੍ਹਾਂ ’ਤੇ ਲੱਗੇ ਝੂਠੇ ਕੇਸ ਰੱਦ ਕਰ ਦਿੱਤੇ।
13 ਅਕਤੂਬਰ ਦੀ ਸਵੇਰ ਨੂੰ ਇਤਿਹਾਸ ਨੇ ਖੁਦ ਨੂੰ ਦੁਹਰਾਇਆ। ਝੋਟਾ ਆਪਣੇ ਸਾਥੀਆਂ ਸਮੇਤ ਉਸੇ ਕੈਮਿਸਟ ਦੀ ਦੁਕਾਨ ’ਤੇ ਪਾਬੰਦੀਸ਼ੁਦਾ ਗੋਲੀਆਂ ਦੀ ਵਿਕਰੀ ’ਤੇ ਸਵਾਲ ਕਰਨ ਪਹੁੰਚੇ। ਤਕਰਾਰ ਦੌਰਾਨ ਕੈਮਿਸਟ ਨੇ ਬਿਨਾਂ ਕਿਸੇ ਖੌਫ ਦੇ ਪਿਸਤੌਲ ਕੱਢਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਲੱਗਣ ਕਾਰਨ ਝੋਟਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਭਾਵੇਂ ਪੁਲਿਸ ਨੇ ਦੋਸ਼ੀ ਪਿਓ-ਪੁੱਤ ਨੂੰ ਹਥਿਆਰ ਸਮੇਤ ਫੜ ਲਿਆ, ਪਰ ਇਹ ਸਵਾਲ ਹਵਾ ਵਿੱਚ ਲਟਕ ਗਿਆ ਕਿ ਇੱਕ ਕੈਮਿਸਟ ਕੋਲ ਦਿਨ-ਦਿਹਾੜੇ ਕਤਲ ਕਰਨ ਦਾ ਹੌਸਲਾ ਆਇਆ ਕਿੱਥੋਂ?
ਇਸ ਕਾਂਡ ਨੇ ਸਿਹਤ ਅਤੇ ਡਰੱਗ ਕੰਟਰੋਲ ਵਿਭਾਗ ਦੇ ਭ੍ਰਿਸ਼ਟ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਮਾਨਸਾ ਦੇ ਡਰੱਗ ਇੰਸਪੈਕਟਰ ਮੁਤਾਬਿਕ ਦੋਸ਼ੀ ਕੈਮਿਸਟ ’ਤੇ ਪਿਛਲੇ ਚਾਰ ਸਾਲਾਂ ਵਿੱਚ 10 ਵਾਰ ਛਾਪੇ ਪਏ ਅਤੇ 3 ਵਾਰ ਲਾਇਸੈਂਸ ਸਸਪੈਂਡ ਹੋਇਆ। ਜੇਕਰ ਵਾਰ-ਵਾਰ ਨਸ਼ੀਲੀਆਂ ਦਵਾਈਆਂ ਬਰਾਮਦ ਹੋ ਰਹੀਆਂ ਸਨ ਤਾਂ ਉਸਦੀ ਦੁਕਾਨ ਪੱਕੇ ਤੌਰ ’ਤੇ ਸੀਲ ਕਿਉਂ ਨਾ ਹੋਈ? ਇਹ ਲਾਪਰਵਾਹੀ ਸਪਸ਼ਟ ਕਰਦੀ ਹੈ ਕਿ ਵਿਭਾਗੀ ਅਧਿਕਾਰੀਆਂ ਦੀ ਜੇਬ ਗਰਮ ਹੁੰਦੀ ਰਹੀ ਅਤੇ ਮੌਤ ਦਾ ਇਹ ਵਪਾਰੀ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਝੋਂਕਦਾ ਰਿਹਾ।
ਪੰਜਾਬ ਕੈਮਿਸਟ ਐਸੋਸੀਏਸ਼ਨ ਭਾਵੇਂ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਕੁਝ ਕਾਲੀਆਂ ਭੇਡਾਂ ਕਾਰਨ ਸਾਰੇ ਬਦਨਾਮ ਹੁੰਦੇ ਹਨ, ਪਰ ਈਡੀ ਦੇ ਸਾਬਕਾ ਅਧਿਕਾਰੀਆਂ ਦਾ ਦਾਅਵਾ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਪੰਜਾਬ ਵਿੱਚ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੀ ਕਾਲਾਬਾਜ਼ਾਰੀ ਬਿਨਾਂ ਸਿਆਸੀ ਅਤੇ ਪੁਲਿਸ ਸਰਪ੍ਰਸਤੀ ਦੇ ਸੰਭਵ ਹੀ ਨਹੀਂ। ਵੱਡੇ ਮਗਰਮੱਛ ਪਰਦੇ ਪਿੱਛੇ ਰਹਿ ਕੇ ਮੁਨਾਫਾ ਕਮਾਉਂਦੇ ਹਨ ਅਤੇ ਕਾਨੂੰਨ ਸਿਰਫ ਮੋਹਰਿਆਂ ਤਕ ਸੀਮਿਤ ਰਹਿ ਜਾਂਦਾ ਹੈ।
ਐੱਨ.ਸੀ.ਬੀ. ਦੇ ਅੰਕੜੇ ਰੂਹ ਕੰਬਾਊ ਹਨ। ਇਕੱਲੇ ਪੰਜਾਬ ਵਿੱਚੋਂ ਕੋਡੀਨ ਸੀਰਪ ਦੀਆਂ ਲਗਭਗ 9 ਲੱਖ ਬੋਤਲਾਂ ਫੜੀਆਂ ਗਈਆਂ, ਜੋ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਹਨ। ਮਾਰਚ 2025 ਤੋਂ ਸਤੰਬਰ 2026 ਦਰਮਿਆਨ 3,803 ਕਿੱਲੋ ਹੈਰੋਇਨ, 976 ਕਿੱਲੋ ਅਫੀਮ ਅਤੇ 78 ਲੱਖ ਨਸ਼ੀਲੀਆਂ ਗੋਲੀਆਂ ਜ਼ਬਤ ਹੋਈਆਂ। ਦੇਸ਼ ਭਰ ਵਿੱਚ ਫੜੀ ਜਾਣ ਵਾਲੀ ਕੁੱਲ ਹੈਰੋਇਨ ਦਾ 60 ਫੀਸਦੀ ਹਿੱਸਾ ਇਕੱਲੇ ਪੰਜਾਬ ਵਿੱਚੋਂ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਦੀ ਜਵਾਨੀ ਦੀਆਂ ਨਾੜਾਂ ਵਿੱਚ ਜ਼ਹਿਰ ਕਿੰਨੀ ਡੁੰਘਾਈ ਤਕ ਉਤਾਰਿਆ ਜਾ ਚੁੱਕਾ ਹੈ।
ਝੋਟਾ ਦਾ ਕਤਲ ਕੋਈ ਇਕੱਲੀ ਘਟਨਾ ਨਹੀਂ; ਜਲੰਧਰ ਦੇ ਰਾਮ ਗੋਪਾਲ, ਫਰੀਦਕੋਟ ਦੇ ਹਰਭਗਵਾਨ ਸਿੰਘ ਅਤੇ ਉਸਦੇ ਬਜ਼ੁਰਗ ਪਿਤਾ ਧਰਮਪਾਲ, ਬਠਿੰਡਾ ਦੇ ਪਹਿਰੇਦਾਰ ਜਸਵੀਰ ਸਿੰਘ ਅਤੇ ਕੋਟਲੀ ਥਾਨ ਸਿੰਘ ਦੇ ਸਰਪੰਚ ਮਹਿੰਦਰ ਸਿੰਘ - ਇਹ ਸਾਰੇ ਉਹ ਲੋਕ ਹਨ ਜਿਨ੍ਹਾਂ ਨੇ ਨਸ਼ੇ ਖਿਲਾਫ ਹਿੱਕ ਡਾਹੀ ਅਤੇ ਬਦਲੇ ਵਿੱਚ ਮੌਤ ਪਾਈ। ਪਿੰਡਾਂ ਦੀਆਂ ਲੋਕ ਕਮੇਟੀਆਂ ਜਦੋਂ ਤਸਕਰਾਂ ਨੂੰ ਫੜਦੀਆਂ ਹਨ ਤਾਂ ਢਿੱਲੇ ਪੁਲਿਸ ਕੇਸਾਂ ਕਾਰਨ ਉਹ ਜ਼ਮਾਨਤ ’ਤੇ ਆ ਕੇ ਬਦਲਾ ਲੈਂਦੇ ਹਨ। ਸਿਸਟਮ ਵਿਰੋਧ ਕਰਨ ਵਾਲੇ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਹੈ।
ਪਰਵਿੰਦਰ ਝੋਟਾ ਆਪਣੇ ਪਿੱਛੇ ਬਜ਼ੁਰਗ ਮਾਂ-ਬਾਪ, ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ। ਉਨ੍ਹਾਂ ਦੇ ਪਿਤਾ ਭੀਮ ਸਿੰਘ, ਜੋ ਖੁਦ ਸਾਬਕਾ ਫੌਜੀ ਹਨ, ਨੇ ਹਸਪਤਾਲ ਵਿੱਚ ਧਾਹਾਂ ਮਾਰਦਿਆਂ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਫੂਕ ਕੱਢ ਦਿੱਤੀ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਾਪ ਦਾ ਪੁੱਤ ਆਪਣੇ ਹੀ ਸੂਬੇ ਵਿੱਚ ਤਸਕਰਾਂ ਦੀਆਂ ਗੋਲੀਆਂ ਨਾਲ ਮਾਰਿਆ ਗਿਆ। ਪਰਿਵਾਰ ਦਾ ਇਹ ਕਹਿਣਾ ਬਿਲਕੁਲ ਜਾਇਜ਼ ਹੈ ਕਿ ਜੇਕਰ ਸਰਕਾਰ ਇੰਨੀ ਹੀ ਚੌਕਸ ਹੁੰਦੀ ਤਾਂ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ਦੇ ਹੱਥਾਂ ਵਿੱਚ ਸ਼ਰੇਆਮ ਨਾਜਾਇਜ਼ ਹਥਿਆਰ ਨਾ ਹੁੰਦੇ।
ਜੇਕਰ ਨਸ਼ੇ ਦੇ ਵਪਾਰੀਆਂ ਖਿਲਾਫ ਲੜਨ ਵਾਲਿਆਂ ਨੂੰ ਅਜਿਹਾ ਭਿਆਨਕ ਅੰਜਾਮ ਮਿਲੇਗਾ ਤਾਂ ਕੱਲ੍ਹ ਨੂੰ ਕੋਈ ਵੀ ਬਾਪ ਆਪਣੇ ਪੁੱਤ ਨੂੰ ਸਮਾਜ ਲਈ ਲੜਨ ਨਹੀਂ ਦੇਵੇਗਾ। ਪਰਵਿੰਦਰ ਸਿੰਘ ਝੋਟਾ ਦੀ ਕੁਰਬਾਨੀ ਦਾ ਇਨਸਾਫ ਸਿਰਫ ਗੋਲੀ ਚਲਾਉਣ ਵਾਲੇ ਨੂੰ ਜੇਲ੍ਹ ਭੇਜਣ ਨਾਲ ਨਹੀਂ ਹੋਵੇਗਾ; ਇਸ ਪਿੱਛੇ ਖੜ੍ਹੇ ਡਰੱਗ ਇੰਸਪੈਕਟਰਾਂ, ਸਿਆਸੀ ਆਕਾਵਾਂ ਅਤੇ ਪੁਲਿਸ ਅਫਸਰਾਂ ਦੀ ਜਵਾਬਦੇਹੀ ਤੈਅ ਕਰਨੀ ਪਵੇਗੀ। ਨਸ਼ਾ ਵਿਰੋਧੀ ਕਾਰਕੁਨਾਂ ਨੂੰ ਪੱਕੀ ਸੁਰੱਖਿਆ ਦੇਣਾ ਅਤੇ ਮੈਡੀਕਲ ਨਸ਼ੇ ਦੀ ਜੜ੍ਹ ਵੱਢਣਾ ਹੀ ਝੋਟਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਨਹੀਂ ਤਾਂ ਪੰਜਾਬ ਦੀਆਂ ਗਲੀਆਂ ਵਿੱਚੋਂ ਸਿਵਿਆਂ ਦਾ ਧੂੰਆਂ ਕਦੇ ਬੰਦ ਨਹੀਂ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































