KrishanLalDr7“ਆਰਟੀਫੀਸ਼ਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਦੀ ਇੱਕ ਕ੍ਰਾਂਤੀਕਾਰੀ ਕਾਢ ਹੈ ਪਰ ...”
(12 ਨਵੰਬਰ 2026)


ਕਾਰਨੇਗੀ ਮੇਲਨ ਯੂਨੀਵਰਸਿਟੀ ਦੀ ਖੋਜ ਨੇ ਖੜ੍ਹੇ ਕੀਤੇ ਵੱਡੇ ਸਵਾਲ

ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਕੁਝ ਹੀ ਸਕਿੰਟਾਂ ਵਿੱਚ ਕਿਸੇ ਵੀ ਔਖੀ ਸਮੱਸਿਆ ਦਾ ਉੱਤਰ ਜਾਂ ਮੁਕੰਮਲ ਹੱਲ ਹਾਸਲ ਕਰ ਲੈਣਾ ਭਾਵੇਂ ਸਾਡੇ ਰੋਜ਼ਮੱਰਾ ਦੇ ਕੰਮਕਾਜ ਨੂੰ ਬੇਹੱਦ ਤੇਜ਼ ਅਤੇ ਸੁਖਾਲਾ ਬਣਾ ਰਿਹਾ ਹੈ ਪਰ ਹਰ ਨਿੱਕੇ-ਵੱਡੇ ਸਵਾਲ ਲਈ ਇਸ ਉੱਤੇ ਅੰਨ੍ਹੀ ਨਿਰਭਰਤਾ ਮਨੁੱਖ ਦੀ ਖੁਦਮੁਖਤਿਆਰ ਸੋਚ ਅਤੇ ਆਤਮ-ਵਿਸ਼ਵਾਸ ਲਈ ਇੱਕ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ। ਮਸ਼ੀਨੀ ਬੁੱਧੀ ਦਾ ਇਹ ਨਿਰੰਤਰ ਸਹਾਰਾ ਅਣਜਾਣੇ ਹੀ ਮਨੁੱਖੀ ਦਿਮਾਗ ਦੀ ਸੁਤੰਤਰ ਕਾਰਜਸ਼ੈਲੀ ਨੂੰ ਖੋਰਾ ਲਾ ਰਿਹਾ ਹੈ, ਜਿਸ ਨਾਲ ਵਿਅਕਤੀ ਦਾ ਆਪਣੀ ਯੋਗਤਾ, ਵਿਵੇਕ ਅਤੇ ਗਿਆਨ ਉੱਤੋਂ ਭਰੋਸਾ ਲਗਾਤਾਰ ਡਗਮਗਾ ਰਿਹਾ ਹੈ।

ਅਮਰੀਕਾ ਦੀ ਨਾਮਵਰ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੇ ਗਏ ਇੱਕ ਵਿਗਿਆਨਕ ਅਧਿਐਨ ਵਿੱਚ ਇਹ ਚਿੰਤਾਜਨਕ ਹਕੀਕਤ ਸਾਹਮਣੇ ਆਈ ਹੈ ਕਿ ਏ. ਆਈ. ਦੀ ਮਦਦ ਨਾਲ ਸ਼ੁਰੂਆਤ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਲੋਕਾਂ ਨੂੰ ਜਦੋਂ ਇਹ ਸਹਾਇਤਾ ਬੰਦ ਕਰ ਦਿੱਤੀ ਗਈ ਤਾਂ ਉਹ ਉਹੀ ਕੰਮ ਖੁਦ ਆਪਣੇ ਦਮ ’ਤੇ ਕਰਨ ਵਿੱਚ ਬੁਰੀ ਤਰ੍ਹਾਂ ਅਸਮਰੱਥ ਸਾਬਤ ਹੋਏ। ਇਸ ਖੋਜ ਨੇ ਸਮਕਾਲੀ ਦੌਰ ਵਿੱਚ ਇਹ ਬੁਨਿਆਦੀ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਪਲਕ ਝਪਕਦਿਆਂ ਤਿਆਰ-ਬਰ-ਤਿਆਰ ਜਵਾਬ ਮੁਹਈਆ ਕਰਵਾਉਣ ਵਾਲੀ ਇਹ ਸੁਵਿਧਾ ਕਿਤੇ ਮਨੁੱਖ ਦੀ ਅਸਲ ਬੌਧਿਕ ਸਮਰੱਥਾ ਅਤੇ ਸਿਰਜਣਾਤਮਕਤਾ ਨੂੰ ਖੁੰਢਾ ਤਾਂ ਨਹੀਂ ਕਰ ਰਹੀ? ਇਸ ਖੋਜ ਕਾਰਜ ਦੌਰਾਨ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਕੇ ਇੱਕ ਵਿਆਪਕ ਤਜਰਬਾ ਕੀਤਾ ਗਿਆ। ਖੋਜਕਾਰਾਂ ਨੇ ਗਣਿਤਿਕ ਸਵਾਲਾਂ ਨੂੰ ਹੱਲ ਕਰਨ ਅਤੇ ਲਿਖਤੀ ਸਮਗਰੀ ਨੂੰ ਪੜ੍ਹ ਕੇ ਸਮਝਣ ਦੀ ਸਮਰੱਥਾ ਉੱਤੇ ਏ.ਆਈ. ਦੇ ਪ੍ਰਭਾਵਾਂ ਦੀ ਬਰੀਕੀ ਨਾਲ ਘੋਖ ਕੀਤੀ। ਅਧਿਐਨ ਦੇ ਪਹਿਲੇ ਪੜਾਅ ਵਿੱਚ 354 ਮੁਕਾਬਲੇਬਾਜ਼ਾਂ ਨੂੰ ਭਿੰਨਾਂ (ਫਰੈਕਸ਼ਨਜ਼) ਨਾਲ ਸੰਬੰਧਿਤ 12 ਜਟਿਲ ਗਣਿਤਿਕ ਪ੍ਰਸ਼ਨ ਹੱਲ ਕਰਨ ਲਈ ਦਿੱਤੇ ਗਏ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਡਿਜਿਟਲ ਸਹਾਇਤਾ ਦੀ ਮੌਜੂਦਗੀ ਅਤੇ ਗੈਰ-ਮੌਜੂਦਗੀ ਵਿੱਚ ਮਨੁੱਖੀ ਦਿਮਾਗ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਕਿਵੇਂ ਪ੍ਰਤੀਕਿਰਿਆ ਕਰਦੀ ਹੈ।

ਪ੍ਰਯੋਗ ਵਿੱਚ ਸ਼ਾਮਲ ਮੁਕਾਬਲੇਬਾਜ਼ਾਂ ਨੂੰ ਦੋ ਵੱਖ-ਵੱਖ ਵਰਗਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਨੂੰ ਸਮੱਸਿਆਵਾਂ ਹੱਲ ਕਰਨ ਲਈ ਏ. ਆਈ. ਚੈਟਬੋਟ ਦੀ ਪੂਰੀ ਮਦਦ ਲੈਣ ਦੀ ਇਜਾਜ਼ਤ ਦਿੱਤੀ ਗਈ, ਜਦਕਿ ਦੂਜੇ ਸਮੂਹ ਨੂੰ ਕਿਸੇ ਵੀ ਡਿਜਿਟਲ ਸਹਾਰੇ ਤੋਂ ਬਿਨਾਂ ਖੁਦ ਆਪਣੇ ਦਿਮਾਗ ਨਾਲ ਸਵਾਲ ਸੁਲਝਾਉਣ ਦੇ ਨਿਰਦੇਸ਼ ਦਿੱਤੇ ਗਏ। ਏ. ਆਈ. ਵਰਤਣ ਵਾਲੇ ਗਰੁੱਪ ਕੋਲ ਇਹ ਵਿਕਲਪ ਸੀ ਕਿ ਉਹ ਜਾਂ ਤਾਂ ਸਿੱਧਾ ਅੰਤਿਮ ਉੱਤਰ ਪ੍ਰਾਪਤ ਕਰ ਲੈਣ ਜਾਂ ਫਿਰ ਸਮੱਸਿਆ ਦੀਆਂ ਗੰਢਾਂ ਖੋਲ੍ਹਣ ਲਈ ਜ਼ਰੂਰੀ ਸੰਕੇਤ (ਹਿੱਟਸ) ਲੈ ਕੇ ਅੱਗੇ ਵਧਣ।

ਸ਼ੁਰੂਆਤੀ ਗੇੜ ਦੌਰਾਨ ਜਦੋਂ ਤਕ ਏ. ਆਈ. ਦਾ ਸਹਾਰਾ ਮੌਜੂਦ ਰਿਹਾ, ਤਕਨੀਕ ਵਰਤਣ ਵਾਲੇ ਸਮੂਹ ਨੇ ਦੂਜੇ ਸਮੂਹ ਦੇ ਮੁਕਾਬਲੇ ਬੇਹੱਦ ਤੇਜ਼ ਅਤੇ ਉੱਚ ਪੱਧਰੀ ਨਤੀਜੇ ਪੇਸ਼ ਕੀਤੇ। ਪ੍ਰੰਤੂ ਅਸਲ ਚੁਣੌਤੀ ਉਦੋਂ ਸਾਹਮਣੇ ਆਈ ਜਦੋਂ ਖੋਜੀਆਂ ਨੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਉਨ੍ਹਾਂ ਕੋਲੋਂ ਏ. ਆਈ. ਦੀ ਸੁਵਿਧਾ ਖੋਹ ਲਈ ਅਤੇ ਨਵੇਂ ਸਵਾਲ ਸਾਹਮਣੇ ਰੱਖੇ। ਡਿਜਿਟਲ ਬੈਸਾਖੀ ਹਟਦਿਆਂ ਹੀ ਇਸ ਸਮੂਹ ਦਾ ਪ੍ਰਦਰਸ਼ਨ ਇੱਕਦਮ ਹੇਠਾਂ ਡਿਗ ਗਿਆ ਅਤੇ ਕਈ ਮੁਕਾਬਲੇਬਾਜ਼ ਸਧਾਰਨ ਸਵਾਲ ਹੱਲ ਕਰਨ ਵਿੱਚ ਵੀ ਘਬਰਾਹਟ ਅਤੇ ਭਾਰੀ ਬੇਵਸੀ ਮਹਿਸੂਸ ਕਰਨ ਲੱਗੇ।

ਵਿਗਿਆਨਕ ਵਿਸ਼ਲੇਸ਼ਣ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਬਿਨਾਂ ਮੁਸ਼ੱਕਤ ਦੇ ਮਿਲਣ ਵਾਲੇ ਬਣੇ-ਬਣਾਏ ਜਵਾਬਾਂ ਉੱਤੇ ਲਗਾਤਾਰ ਟੇਕ ਰੱਖਣ ਨਾਲ ਮਨੁੱਖ ਦੀ ਅੰਦਰੂਨੀ ਘੋਲ ਕਰਨ ਅਤੇ ਮੁਸ਼ਕਿਲ ਸਥਿਤੀਆਂ ਵਿੱਚ ਰਸਤਾ ਲੱਭਣ ਦੀ ਇੱਛਾ-ਸ਼ਕਤੀ ਕਮਜ਼ੋਰ ਪੈ ਜਾਂਦੀ ਹੈ। ਜਦੋਂ ਕਿਸੇ ਵਿਅਕਤੀ ਨੂੰ ਹਰ ਸਵਾਲ ਦਾ ਤਿਆਰ-ਬਰ-ਤਿਆਰ (ਰੈਡੀਮੇਡ) ਹੱਲ ਮਿਲਣ ਲਗਦਾ ਹੈ ਤਾਂ ਉਸਦਾ ਦਿਮਾਗ ਤਰਕ ਕਰਨ, ਵਿਸ਼ਲੇਸ਼ਣ ਕਰਨ ਅਤੇ ਡੁੰਘਾਈ ਵਿੱਚ ਉੱਤਰਨ ਦੀ ਥਾਂ ਅਸਾਨ ਤਰੀਕਿਆਂ (ਸ਼ਾਰਟਕੱਟਾਂ) ਦਾ ਆਦੀ ਹੋ ਜਾਂਦਾ ਹੈ, ਜਿਸ ਨਾਲ ਉਸਦੀ ਕੁਦਰਤੀ ਸਿੱਖਣ ਪ੍ਰਕਿਰਿਆ ਰੁਕ ਜਾਂਦੀ ਹੈ।

ਅਧਿਐਨ ਨੇ ਇੱਕ ਹੋਰ ਗੰਭੀਰ ਪਹਿਲੂ ਇਹ ਉਜਾਗਰ ਕੀਤਾ ਕਿ ਜਿਹੜੇ ਲੋਕ ਕਿਸੇ ਕੰਮ ਲਈ ਲਗਾਤਾਰ 10 ਮਿੰਟ ਤੋਂ ਵੱਧ ਸਮਾਂ ਏ. ਆਈ. ਉੱਤੇ ਨਿਰਭਰ ਰਹਿੰਦੇ ਹਨ, ਉਨ੍ਹਾਂ ਅੰਦਰ ਸਹਾਇਤਾ ਹਟਣ ਮਗਰੋਂ ਨਿਰਾਸ਼ਾ ਅਤੇ ਮੁਸ਼ਕਿਲ ਦਾ ਪੱਧਰ ਕਿਤੇ ਵੱਧ ਦੇਖਿਆ ਗਿਆ। ਹਾਲਾਂਕਿ ਖੋਜਾਰਥੀਆਂ ਦਾ ਕਹਿਣਾ ਹੈ ਕਿ ਇਸਦਾ ਮਤਲਬ ਇਹ ਨਹੀਂ ਕਿ ਤਕਨਾਲੋਜੀ ਆਪਣੇ ਆਪ ਵਿੱਚ ਨੁਕਸਾਨਦੇਹ ਹੈ, ਸਗੋਂ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਇਸ ਨੂੰ ਸਿੱਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਰਤ ਰਿਹਾ ਹੈ ਜਾਂ ਫਿਰ ਆਪਣੀ ਦਿਮਾਗੀ ਮਿਹਨਤ ਤੋਂ ਪੱਲਾ ਛੁਡਾਉਣ ਲਈ ਇਸ ਨੂੰ ਢਾਲ ਬਣਾ ਰਿਹਾ ਹੈ।

ਏ. ਆਈ. ਤੋਂ ਪ੍ਰਾਪਤ ਹੋਏ ਸੁਝਾਵਾਂ ਜਾਂ ਸਮਗਰੀ ਨੂੰ ਅੱਖਾਂ ਮੀਚ ਕੇ ਕਾਪੀ-ਪੇਸਟ ਕਰਨ ਦੀ ਥਾਂ ਉਸਦੀ ਸ਼ੁੱਧਤਾ ਦੀ ਜਾਂਚ ਕਰਨਾ, ਤਰਕਾਂ ਨੂੰ ਸਮਝਣਾ ਅਤੇ ਆਪਣੇ ਸ਼ਬਦਾਂ ਵਿੱਚ ਢਾਲਣਾ ਹੀ ਅਸਲ ਗਿਆਨ ਦੀ ਕਸੌਟੀ ਹੈ। ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇਹ ਸੁਚੇਤਤਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਅਸਲ ਜ਼ਿੰਦਗੀ ਦੇ ਫੈਸਲਿਆਂ, ਇਮਤਿਹਾਨਾਂ ਜਾਂ ਅਣਕਿਆਸੇ ਸੰਕਟਾਂ ਦੌਰਾਨ ਹਰ ਵੇਲੇ ਡਿਜਿਟਲ ਉਪਕਰਨ ਕੋਲ਼ ਨਹੀਂ ਹੁੰਦੇ। ਇਸ ਲਈ ਗਲਤੀਆਂ ਕਰਕੇ ਸਿੱਖਣ ਅਤੇ ਮਸਲਿਆਂ ਨਾਲ ਮੱਥਾ ਲਾਉਣ ਦੀ ਰਵਾਇਤੀ ਆਦਤ ਨੂੰ ਜਿਊਂਦਾ ਰੱਖਣਾ ਬੇਹੱਦ ਜ਼ਰੂਰੀ ਹੈ।

ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਆਪਣੇ ਦਿਮਾਗ ਦਾ ਬਦਲ ਬਣਾਉਣ ਦੀ ਥਾਂ ਇੱਕ ਸਹਿਯੋਗੀ ਸਾਧਨ ਵਜੋਂ ਅਪਣਾਉਣਾ ਚਾਹੀਦਾ ਹੈ। ਉਦਾਹਰਨ ਵਜੋਂ, ਗਣਿਤ ਜਾਂ ਵਿਗਿਆਨ ਦਾ ਕੋਈ ਔਖਾ ਸਵਾਲ ਹੱਲ ਕਰਦੇ ਸਮੇਂ ਸਿੱਧਾ ਉੱਤਰ ਮੰਗਣ ਦੀ ਬਜਾਏ ਸਿਰਫ ਸੰਬੰਧਿਤ ਸੂਤਰ, ਕਾਰਜ-ਵਿਧੀ ਜਾਂ ਸ਼ੁਰੂਆਤੀ ਸੰਕੇਤ ਮੰਗੇ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਕਿਸੇ ਵੱਡੇ ਖੋਜ ਪੱਤਰ ਜਾਂ ਰਿਪੋਰਟ ਦਾ ਤਿਆਰ ਸਾਰੰਸ਼ ਲੈਣ ਦੀ ਬਜਾਏ ਉਸਦੇ ਜਟਿਲ ਨੁਕਤਿਆਂ ਨੂੰ ਸਮਝਣ ਅਤੇ ਵਿਚਾਰਾਂ ਦੀ ਤੁਲਨਾ ਕਰਨ ਲਈ ਏ. ਆਈ. ਦੀ ਮਦਦ ਲੈਣੀ ਹੀ ਬੁੱਧੀਮਾਨੀ ਹੈ।

ਸਿੱਟੇ ਵਜੋਂ, ਆਰਟੀਫੀਸ਼ਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਦੀ ਇੱਕ ਕ੍ਰਾਂਤੀਕਾਰੀ ਕਾਢ ਹੈ ਪਰ ਇਸ ਨੂੰ ਆਪਣੀ ਸੋਚਣ-ਸ਼ਕਤੀ ਅਤੇ ਆਤਮ-ਵਿਸ਼ਵਾਸ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਜੇਕਰ ਅਸੀਂ ਆਪਣੇ ਦਿਮਾਗ ਦੀ ਹਰੇਕ ਸਮੱਸਿਆ ਦਾ ਠੇਕਾ ਮਸ਼ੀਨਾਂ ਨੂੰ ਦੇ ਦੇਵਾਂਗੇ ਤਾਂ ਸਾਡੀ ਆਪਣੀ ਬੌਧਿਕ ਹੋਂਦ ਖੁੰਢੀ ਹੋ ਕੇ ਰਹਿ ਜਾਵੇਗੀ। ਸਮੇਂ ਦੀ ਮੰਗ ਹੈ ਕਿ ਅਸੀਂ ਏ. ਆਈ. ਨੂੰ ਆਪਣੀ ਸਮਝ ਵਧਾਉਣ ਅਤੇ ਨਵੇਂ ਦਿਸਹੱਦੇ ਛੂਹਣ ਲਈ ਇੱਕ ਰਫਤਾਰ ਦੇਣ ਵਾਲੇ ਔਜ਼ਾਰ ਵਜੋਂ ਵਰਤੀਏ, ਨਾ ਕਿ ਇਸਦੀ ਆੜ ਵਿੱਚ ਆਪਣੀ ਮੌਲਿਕ ਸੋਚ ਅਤੇ ਸਵੈਮਾਣ ਨੂੰ ਗੁਆ ਬੈਠੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author