KrishanLalDr7“ਅੱਜ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਮਿਹਨਤ ਦੇ ਪੈਸੇ ਦੇ ਕੇ ਆਪਣੇ ਪਰਿਵਾਰ ...”
(16 ਅਕਤੂਬਰ 2026)

 

ਭਾਰਤ ਅੱਜ ਵਿਸ਼ਵ ਭਰ ਵਿੱਚ ਦੁੱਧ ਉਤਪਾਦਨ ਦੇ ਖੇਤਰ ਵਿੱਚ ਪਹਿਲੇ ਸਥਾਨ ’ਤੇ ਬਿਰਾਜਮਾਨ ਹੈ, ਜਿੱਥੇ ਪਿਛਲੇ ਸਾਲ ਦੇਸ਼ ਨੇ ਲਗਭਗ 250 ਮਿਲੀਅਨ ਟਨ ਦੁੱਧ ਦਾ ਰਿਕਾਰਡ ਉਤਪਾਦਨ ਦਰਜ ਕੀਤਾ। ਸਮੁੱਚੀ ਦੁਨੀਆ ਦੇ ਗਲੋਬਲ ਦੁੱਧ ਉਤਪਾਦਨ ਵਿੱਚ ਸਾਡੇ ਮੁਲਕ ਦੀ ਹਿੱਸੇਦਾਰੀ ਲਗਭਗ 25 ਫੀਸਦੀ ਤਕ ਪਹੁੰਚ ਚੁੱਕੀ ਹੈ। ਇਤਿਹਾਸਕ ਪੱਖ ਤੋਂ ਵੇਖੀਏ ਤਾਂ ਦੇਸ਼ ਵਿੱਚ ਆਈ ‘ਚਿੱਟੀ ਕ੍ਰਾਂਤੀ’ ਨੇ ਡੇਅਰੀ ਸੈਕਟਰ ਨੂੰ ਨਵੀਂ ਬੁਲੰਦੀ ਬਖਸ਼ੀ, ਜਿਸ ਕਾਰਨ ਭਾਰਤ ਨੂੰ ਵਿਸ਼ਵ ਪੱਧਰ ’ਤੇ ਦੁੱਧ ਉਤਪਾਦਨ ਦਾ ਧੁਰਾ ਮੰਨਿਆ ਜਾਣ ਲੱਗਾ। ਪਰ ਇਸ ਸ਼ਾਨਦਾਰ ਪ੍ਰਾਪਤੀ ਦੇ ਓਹਲੇ ਇੱਕ ਬੇਹੱਦ ਖੌਫਨਾਕ ਸਚਾਈ ਛੁਪੀ ਹੋਈ ਹੈ ਕਿ ਅਸੀਂ ਜਿਸ ਦੁੱਧ ਨੂੰ ਸੰਪੂਰਨ ਖੁਰਾਕ ਮੰਨਦੇ ਆ ਰਹੇ ਹਾਂ, ਉਹ ਅੱਜ ਮੁਨਾਫਾਖੋਰੀ ਦੀ ਹਵਸ ਕਾਰਨ ਮਿਲਾਵਟ ਦੇ ਜਾਲ਼ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ।

ਆਯੁਰਵੈਦਿਕ ਚਕਿਤਸਾ ਪ੍ਰਣਾਲੀ ਦੇ ਜਨਮਦਾਤਾ ਵੈਦ ਧਨਵੰਤਰੀ ਨੇ ਆਪਣੇ ਗ੍ਰੰਥਾਂ ਵਿੱਚ ਦੁੱਧ ਨੂੰ ਸੰਪੂਰਨ ਪੌਸ਼ਟਿਕ ਖੁਰਾਕ ਮੰਨ ਕੇ ‘ਅੰਮ੍ਰਿਤ’ ਦਾ ਦਰਜਾ ਦਿੱਤਾ ਹੈ, ਜਦਕਿ ਐਲੋਪੈਥੀ ਚਕਿਤਸਾ ਦੇ ਪਿਤਾਮਾ ਨੇ ਇਸ ਨੂੰ ‘ਇਲਿਕਸਰ’ (ਸੰਜੀਵਨੀ) ਆਖਿਆ ਹੈ। ਵੇਦਾਂ ਵਿੱਚ ਦੁੱਧ ਨੂੰ ਸਮੁੰਦਰ ਮੰਥਨ ਦੇ ‘ਤੇਰਵੇਂ ਰਤਨ’ ਵਜੋਂ ਸਤਿਕਾਰਿਆ ਗਿਆ ਹੈ ਕਿਉਂਕਿ ਇਸ ਵਿੱਚ ਆਇਰਨ ਨੂੰ ਛੱਡ ਕੇ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਭਰਪੂਰ ਹੁੰਦੇ ਹਨ। ਪਰ ਅੱਜ ‘ਫੂੰਡ ਅਡਲਟ੍ਰੇਸ਼ਨ ਕੰਟਰੋਲ ਬੋਰਡ’ ਅਨੁਸਾਰ ਦੁਧਾਰੂ ਪਸ਼ੂਆਂ ਦੇ ਤਾਜ਼ੇ ਦੁੱਧ ਵਿੱਚ ਵੀ ਔਸਤਨ 0.003 ਪੀ.ਪੀ.ਐੱਮ. ਖਤਰਨਾਕ ਰਸਾਇਣਕ ਤੱਤ ਪਾਏ ਜਾ ਰਹੇ ਹਨ। ਇਸਦਾ ਮੂਲ ਕਾਰਨ ਪਸ਼ੂਆਂ ਦੇ ਪੱਠਿਆਂ ਵਿੱਚ ਅੰਨ੍ਹੇਵਾਹ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ, ਕੀਟ-ਨਾਸ਼ਕ ਅਤੇ ‘ਮਾਈਕੋਟੋਕਸਿਨਜ਼’ ਹਨ, ਜੋ ਚਾਰੇ ਰਾਹੀਂ ਦੁੱਧ ਵਿੱਚ ਮਿਲ ਕੇ ਕੈਂਸਰ ਵਰਗੇ ਰੋਗਾਂ ਦਾ ਕਾਰਨ ਬਣ ਰਹੇ ਹਨ।

ਅੱਜ ਪਿੰਡਾਂ ਵਿੱਚ ਘਰੇਲੂ ਪੱਧਰ ’ਤੇ ਦੁਧਾਰੂ ਪਸ਼ੂ ਰੱਖਣ ਦਾ ਰੁਝਾਨ ਬਹੁਤ ਘੱਟ ਗਿਆ ਹੈ, ਜਦਕਿ ਸ਼ਹਿਰੀਕਰਨ ਕਾਰਨ ਦੁੱਧ ਦੀ ਮੰਗ ਅਸਮਾਨੀਂ ਛੂਹ ਰਹੀ ਹੈ। ਇੱਕ ਚਿੰਤਾਜਨਕ ਸਰਵੇਖਣ ਅਨੁਸਾਰ ਦੇਸ਼ ਵਿੱਚ ਪਸ਼ੂਆਂ ਤੋਂ ਰੁਜ਼ਾਨਾ ਲਗਭਗ 16 ਕਰੋੜ ਲੀਟਰ ਅਸਲ ਦੁੱਧ ਪੈਦਾ ਹੁੰਦਾ ਹੈ, ਜਦਕਿ ਬਜ਼ਾਰ ਵਿੱਚ ਰੁਜ਼ਾਨਾ ਖਪਤ 70 ਕਰੋੜ ਲੀਟਰ ਦੇ ਨੇੜੇ ਹੈ। ਇਸਦਾ ਸਿੱਧਾ ਮਤਲਬ ਹੈ ਕਿ ਬਾਕੀ ਦਾ 54 ਕਰੋੜ ਲੀਟਰ ਦੁੱਧ ਰੁਜ਼ਾਨਾ ਸਿੰਥੈਟਿਕ ਪਾਊਡਰਾਂ ਅਤੇ ਜ਼ਹਿਰੀਲੇ ਰਸਾਇਣਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਤਾਂ ਇੱਥੋਂ ਤਕ ਚਿਤਾਵਣੀ ਦਿੱਤੀ ਹੈ ਕਿ ਜੇਕਰ ਭਾਰਤ ਵਿੱਚ ਦੁੱਧ ਉਤਪਾਦਾਂ ਦੀ ਜਾਂਚ ਨਾ ਕੀਤੀ ਗਈ ਤਾਂ 2030 ਤਕ 87 ਫੀਸਦੀ ਭਾਰਤੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।

ਬਣਾਉਟੀ ਦੁੱਧ ਤਿਆਰ ਕਰਨ ਲਈ ਮਿਲਾਵਟਖੋਰ ਘਟੀਆ ਕੁਆਲਿਟੀ ਦਾ ਰਿਫਾਇੰਡ ਤੇਲ, ਯੂਰੀਆ ਖਾਦ, ਸ਼ੈਂਪੂ, ਕਾਸਟਿਕ ਸੋਡਾ, ਹਾਈਡ੍ਰੋਜਨ ਪਰਆਕਸਾਈਡ, ਸੋਡੀਅਮ ਸਲਫੇਟ, ਦਾਣਾ ਖੰਡ ਅਤੇ ਡਿਟਰਜੈਂਟ ਵਰਤ ਰਹੇ ਹਨ। ਦੁੱਧ ਨੂੰ ਸੰਘਣਾ ਕਰਨ ਲਈ ਸਟਾਰਚ ਜਾਂ ਪੀਸਿਆ ਹੋਇਆ ਸਰਫ, ਨਕਲੀ ਪ੍ਰੋਟੀਨ ਦਿਖਾਉਣ ਲਈ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਯੂਰੀਆ, ਅਤੇ ਦੁੱਧ ਨੂੰ ਖੱਟਾ ਹੋਣ ਤੋਂ ਰੋਕਣ ਲਈ ਮੁਰਦਾ ਘਰਾਂ ਵਿੱਚ ਵਰਤਿਆ ਜਾਣ ਵਾਲਾ ਕੈਮੀਕਲ ‘ਫਾਰਮਾਲਿਨ’ ਮਿਲਾਇਆ ਜਾਂਦਾ ਹੈ। ਇਸ ਸਾਰੇ ਜ਼ਹਿਰੀਲੇ ਮਿਸ਼ਰਣ ਨੂੰ ਵਾਸ਼ਿੰਗ ਮਸ਼ੀਨਾਂ ਵਿੱਚ ਘੋਲ ਕੇ ਥੋੜ੍ਹਾ ਜਿਹਾ ਅਸਲੀ ਦੁੱਧ ਰਲਾ ਦਿੱਤਾ ਜਾਂਦਾ ਹੈ, ਜਿਸ ਨਾਲ ਇਹ ਦੇਖਣ ਅਤੇ ਚੱਖਣ ਵਿੱਚ ਬਿਲਕੁਲ ਸ਼ੁੱਧ ਦੁੱਧ ਜਾਪਦਾ ਹੈ।

ਮਿਲਾਵਟਖੋਰਾਂ ਨੇ ਸਿੰਥੈਟਿਕ ਦੁੱਧ ਬਣਾਉਣ ਲਈ ਗੁਪਤ ਪ੍ਰਯੋਗਸ਼ਾਲਾਵਾਂ ਤਕ ਸਥਾਪਿਤ ਕਰ ਲਈਆਂ ਹਨ। ਦੁੱਧ ਨੂੰ ਚਿੱਟਾ ਰੰਗ ਦੇਣ ਲਈ ਅਖਾਣਯੋਗ ਚਿੱਟਾ ਪਾਊਡਰ ‘ਟਾਈਟੇਨੀਅਮ ਡਾਈਆਕਸਾਈਡ’ ਅਤੇ ਮਧੂ-ਮੱਖੀਆਂ ਦੇ ਛੱਤਿਆਂ ਤੋਂ ਕੱਢਿਆ ਮੋਮ ਘੋਲਿਆ ਜਾਂਦਾ ਹੈ, ਜੋ ਪਾਣੀ ਵਿੱਚ ਮਿਲ ਕੇ ਹੂਬਹੂ ਦੁੱਧ ਵਰਗਾ ਦਿਖਾਈ ਦਿੰਦਾ ਹੈ। ਹਾਲ ਹੀ ਵਿੱਚ ਸਿਹਤ ਵਿਭਾਗ ਵੱਲੋਂ ਜਾਨਵਰਾਂ ਦੀ ਚਰਬੀ ਤੋਂ ਤਿਆਰ ਕੀਤੇ ਨਕਲੀ ਘਿਓ ਦਾ ਇੱਕ ਵੱਡਾ ਕੈਂਟਰ ਫੜਿਆ ਗਿਆ ਅਤੇ ਯੂਪੀ ਵਿੱਚ ਪਿਛਲੇ 15 ਸਾਲਾਂ ਤੋਂ ਚੱਲ ਰਹੀ ਨਕਲੀ ਘਿਓ ਦੀ ਫੈਕਟਰੀ ਦਾ ਪਰਦਾ ਫਾਸ਼ ਹੋਇਆ। ਇਸੇ ਤਰ੍ਹਾਂ ਖੋਆ, ਪਨੀਰ ਅਤੇ ਮਠਿਆਈਆਂ ਵਿੱਚ ਰਿਫਾਇੰਡ ਤੇਲ, ਡਿਟਰਜੈਂਟ, ਤੇਜ਼ਾਬ ਅਤੇ ਗਲੂਕੋਜ਼ ਦੀ ਖੁੱਲ੍ਹੇਆਮ ਮਿਲਾਵਟ ਕੀਤੀ ਜਾ ਰਹੀ ਹੈ।

ਡੇਅਰੀਆਂ ਵਿੱਚ ਪਸ਼ੂਆਂ ਤੋਂ ਜਬਰੀ ਵੱਧ ਦੁੱਧ ਕੱਢਣ ਲਈ ਸਵੇਰੇ-ਸ਼ਾਮ ‘ਆਕਸੀਟੋਸਿਨ’ ਦੇ ਹਾਰਮੋਨਲ ਟੀਕੇ ਲਾਏ ਜਾਂਦੇ ਹਨ, ਜਿਸਦਾ ਅਸਰ ਦੁੱਧ ਉਬਾਲਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਅਜਿਹਾ ਦੁੱਧ ਪੀਣ ਨਾਲ ਮਨੁੱਖੀ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ। ਨਤੀਜੇ ਵਜੋਂ ਛੋਟੀ ਉਮਰ ਦੀਆਂ ਬੱਚੀਆਂ ਵਿੱਚ ਅਚਨਚੇਤ ਸਰੀਰਕ ਉਭਾਰ ਆਉਂਦਾ ਹੈ ਅਤੇ ਉਹ ਉਮਰ ਤੋਂ ਪਹਿਲਾਂ ਜਵਾਨ ਦਿਸਣ ਲਗਦੀਆਂ ਹਨ। ਔਰਤਾਂ ਵਿੱਚ ਵੱਡੇ ਅਪਰੇਸ਼ਨਾਂ ਨਾਲ ਬੱਚੇ ਪੈਦਾ ਹੋਣਾ, ਚਿਹਰੇ ’ਤੇ ਅਣਚਾਹੇ ਵਾਲ, ਬਾਂਝਪਨ, ਗਰਭਪਾਤ ਅਤੇ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ, ਜਦਕਿ ਪੁਰਸ਼ਾਂ ਵਿੱਚ ਨਾਮਰਦੀ ਦੀ ਸਮੱਸਿਆ ਆ ਰਹੀ ਹੈ।

ਇਹ ਬਣਾਉਟੀ ਦੁੱਧ ਗਰਭ ਵਿੱਚ ਪਲ ਰਹੇ ਭਰੂਣ ਦੇ ਟਿਸ਼ੂਆਂ ਦੇ ਵਾਧੇ ਲਈ ਲੋੜੀਂਦੇ ਅਮੀਨੋ ਐਸਿਡਾਂ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਕਾਰਨ ਬੱਚੇ ਮਾਨਸਿਕ ਅਤੇ ਜਿਸਮਾਨੀ ਪੱਖੋਂ ਅਪੰਗ ਪੈਦਾ ਹੋਣ ਦਾ ਖਤਰਾ ਬਣ ਜਾਂਦਾ ਹੈ। ਵਧ ਰਹੇ ਬੱਚਿਆਂ ਵਿੱਚ ਹੱਡੀਆਂ ਦੀ ਕਮਜ਼ੋਰੀ ਅਤੇ ਦਿਮਾਗੀ ਵਿਕਾਸ ਵਿੱਚ ਰੁਕਾਵਟ ਆ ਰਹੀ ਹੈ। ਬਾਲਗਾਂ ਵਿੱਚ ਗੁਰਦੇ (ਕਿਡਨੀ) ਫੇਲ੍ਹ ਹੋਣਾ, ਲਿਵਰ ਦੇ ਰੋਗ, ਪੇਟ ਦਰਦ, ਉਲਟੀਆਂ ਅਤੇ ਦਿਲ ਦੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ। ਬਜ਼ੁਰਗਾਂ ਦਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ।

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੀਆਂ ਰਿਪੋਰਟਾਂ ਅਨੁਸਾਰ ਸਾਲ 2015 ਤੋਂ 2018 ਦਰਮਿਆਨ ਦੁੱਧ ਵਿੱਚ ਮਿਲਾਵਟ 16.64 ਫੀਸਦੀ ਸੀ, ਜੋ 2022 ਤਕ ਵਧ ਕੇ 38 ਫੀਸਦੀ ਹੋ ਗਈ, ਯਾਨੀ ਹਰ ਤੀਜਾ ਗਿਲਾਸ ਮਿਲਾਵਟੀ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੀ 2024 ਦੀ ਰਿਪੋਰਟ ਮੁਤਾਬਿਕ ਦੇਸ਼ ਦੇ 68% ਤੋਂ ਵੱਧ ਨਮੂਨੇ ਸ਼ੁੱਧ ਨਹੀਂ ਮਿਲੇ। ਪੰਜਾਬ ਵਿੱਚ 2022-23 ਦੌਰਾਨ ਲਏ ਗਏ 1,400 ਨਮੂਨਿਆਂ ਵਿੱਚੋਂ 497 ਫੇਲ੍ਹ ਪਾਏ ਗਏ ਜਿਨ੍ਹਾਂ ਵਿੱਚ ਘਟੀਆ ਚਰਬੀ ਸੀ, ਅਤੇ 2025 ਤਕ ਲਗਭਗ 37% ਨਮੂਨੇ ਮਿਲਾਵਟੀ ਮਿਲੇ। ਮਹਾਰਾਸ਼ਟਰ ਦੇ ਸਾਂਗਲੀ ਵਿੱਚ 30,400 ਲੀਟਰ ਦੁੱਧ ਲੂਣ ਅਤੇ ਗੰਦਗੀ ਕਾਰਨ ਨਸ਼ਟ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਲਗਭਗ 1.5 ਲੱਖ ਮੌਤਾਂ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਿਲਾਵਟ ਕਾਰਨ ਹੋ ਰਹੀਆਂ ਹਨ।

ਇਸ ਜ਼ਹਿਰੀਲੇ ਕਾਰੋਬਾਰ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਕਾਨੂੰਨ ਦੀ ਢਿੱਲ ਅਤੇ ਸਰਕਾਰੀ ਜਾਂਚ ਪ੍ਰਣਾਲੀ ਦੀ ਕਮਜ਼ੋਰੀ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਰਿਪੋਰਟ ਦਰਸਾਉਂਦੀ ਹੈ ਕਿ 5 ਸਾਲਾਂ ਵਿੱਚ ਡੇਅਰੀ ਮਿਲਾਵਟ ਦੇ 490 ਮਾਮਲੇ ਦਰਜ ਹੋਏ ਅਤੇ 3.66 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ, ਪਰ ਅਸਲ ਵਿੱਚ ਵਸੂਲੀ ਸਿਫਰ ਰਹੀ। ਜਦੋਂ ਦੋਸ਼ੀਆਂ ਵਿਰੁੱਧ ਕੋਈ ਠੋਸ ਸਜ਼ਾ ਨਹੀਂ ਹੁੰਦੀ, ਲਾਇਸੈਂਸ ਪੱਕੇ ਤੌਰ ’ਤੇ ਰੱਦ ਨਹੀਂ ਹੁੰਦੇ ਅਤੇ ਜੁਰਮਾਨੇ ਸਿਰਫ ਕਾਗਜ਼ਾਂ ਤਕ ਸੀਮਿਤ ਰਹਿੰਦੇ ਹਨ ਤਾਂ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਹਨ। ਪ੍ਰਸ਼ਾਸਨਿਕ ਅਣਗਹਿਲੀ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਲਗਾਤਾਰ ਦਾਅ ’ਤੇ ਲੱਗ ਰਹੀ ਹੈ।

ਅੱਜ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਮਿਹਨਤ ਦੇ ਪੈਸੇ ਦੇ ਕੇ ਆਪਣੇ ਪਰਿਵਾਰ ਲਈ ਜ਼ਹਿਰ ਤਾਂ ਨਹੀਂ ਖਰੀਦ ਰਹੇ। ਖਪਤਕਾਰਾਂ ਨੂੰ ਸਿਰਫ ਭਰੋਸੇਯੋਗ ਬ੍ਰਾਂਡਾਂ ਜਾਂ ਸਰਕਾਰੀ ਡੇਅਰੀਆਂ ਤੋਂ ਹੀ ਦੁੱਧ ਲੈਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਛੋਟੀਆਂ ਟੈਸਟਿੰਗ ਕਿੱਟਾਂ ਰਾਹੀਂ ਦੁੱਧ ਦੀ ਪਰਖ ਕਰਨੀ ਚਾਹੀਦੀ ਹੈ। ਦੁੱਧ ਵਿੱਚ ਮਿਲਾਵਟ ਸਿਰਫ ਖੁਰਾਕ ਸੁਰੱਖਿਆ ਦਾ ਮਾਮਲਾ ਨਹੀਂ, ਸਗੋਂ ਸਮੁੱਚੇ ਦੇਸ਼ ਦੀ ਸਿਹਤ ਨਾਲ ਖੇਡ ਹੈ। ਜਦੋਂ ਸਮਾਜ, ਖਪਤਕਾਰ ਅਤੇ ਸਰਕਾਰ ਇਕੱਠੇ ਹੋ ਕੇ ਸਖਤ ਨਿਗਰਾਨੀ ਅਤੇ ਮਿਸਾਲੀ ਸਜ਼ਾਵਾਂ ਯਕੀਨੀ ਬਣਾਉਣਗੇ, ਤਾਂ ਹੀ ਅਸੀਂ ‘ਚਿੱਟੀ ਕ੍ਰਾਂਤੀ’ ਦੇ ਮਾਣ ਨੂੰ ਬਚਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਨਰੋਆ ਅਤੇ ਸਿਹਤਮੰਦ ਭਵਿੱਖ ਦੇ ਸਕਾਂਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author