“ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ’ਤੇ ਬੱਚਿਆਂ ਦੀ ਵਰਤੋਂ ਨੂੰ ਲੈ ਕੇ ...”
(18 ਜੁਲਾਈ 2026)
ਅੱਜ ਦਾ ਯੁਗ ਨਿਰਸੰਦੇਹ ਇੱਕ ਡਿਜਿਟਲ ਯੁਗ ਹੈ ਜਿੱਥੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕੇ ਹਨ। ਜਿੱਥੇ ਇਸਨੇ ਇੱਕ ਪਾਸੇ ਇਸ ਆਧੁਨਿਕ ਤਕਨਾਲੋਜੀ ਨੇ ਸਾਨੂੰ ਸਿੱਖਿਆ, ਗਿਆਨ ਅਤੇ ਜਾਣਕਾਰੀ ਦੇ ਅਣਗਿਣਤ ਸਾਧਨ ਬਖਸ਼ੇ ਹਨ, ਉੱਥੇ ਹੀ ਦੂਜੇ ਪਾਸੇ ਇਸਨੇ ਸਾਡੇ ਬੱਚਿਆਂ ਦੇ ਕੋਮਲ ਮਨਾਂ ਅੱਗੇ ਇੱਕ ਅਜਿਹਾ ਅਦਿੱਖ ਖਤਰਾ ਵੀ ਖੜ੍ਹਾ ਕਰ ਦਿੱਤਾ ਹੈ, ਜੋ ਹੌਲੀ-ਹੌਲੀ ਉਨ੍ਹਾਂ ਦੇ ਮਾਨਸਿਕ ਅਤੇ ਨੈਤਿਕ ਵਿਕਾਸ ਨੂੰ ਅੰਦਰੋਂ-ਅੰਦਰ ਖੋਖਲਾ ਕਰ ਰਿਹਾ ਹੈ। ਅੱਜ ਆਨਲਾਈਨ ਪਲੇਟਫਾਰਮਾਂ ’ਤੇ ਉਪਲਬਧ ਅਸ਼ਲੀਲ ਅਤੇ ਹਿੰਸਕ ਸਮਗਰੀ ਮਾਪਿਆਂ ਦੇ ਨਾਲ-ਨਾਲ ਪੂਰੇ ਸਮਾਜ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ।
ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਆਗਰਾ (ਫਤਿਹਾਬਾਦ ਰੋਡ ਇਲਾਕੇ) ਤੋਂ ਸਾਹਮਣੇ ਆਇਆ ਇੱਕ ਮਾਮਲਾ ਇਸਦੀ ਪ੍ਰਤੱਖ ਉਦਾਹਰਨ ਹੈ, ਜਿਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਉੱਥੋਂ ਦੀ ਇੱਕ ਮਹਿਲਾ ਨੇ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਖਿਲਾਫ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ। ਮਹਿਲਾ ਮੁਤਾਬਿਕ, ਜਦੋਂ ਉਸਦੇ ਮਾਸੂਮ ਬੱਚੇ ਮੋਬਾਇਲ ’ਤੇ ਆਮ ਵੀਡੀਓਜ਼ ਦੇਖ ਰਹੇ ਸਨ ਤਾਂ ਅਚਾਨਕ ਸਕ੍ਰੀਨ ’ਤੇ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜੋ ਬੇਹੱਦ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੀ ਸਮਗਰੀ ਨਾਲ ਭਰਪੂਰ ਸੀ। ਇਸ ਮੰਦਭਾਗੀ ਘਟਨਾ ਨੇ ਇੱਕ ਵੱਡਾ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ ਕਿ ਡਿਜਿਟਲ ਪਲੇਟਫਾਰਮ ਸਾਡੇ ਬੱਚਿਆਂ ਲਈ ਆਖਰ ਕਿੰਨੇ ਕੁ ਸੁਰੱਖਿਅਤ ਹਨ?
ਅੱਜ-ਕੱਲ੍ਹ ਦੀ ਭੱਜ-ਦੌੜ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਬੱਚਾ ਰੋਂਦਾ ਹੈ ਜਾਂ ਮਾਪਿਆਂ ਨੂੰ ਕੰਮ ਵੇਲੇ ਤੰਗ ਕਰਦਾ ਹੈ ਤਾਂ ਮਾਪੇ ਆਪਣਾ ਖਹਿੜਾ ਛਡਾਉਣ ਲਈ ਬੱਚੇ ਦੇ ਹੱਥ ਵਿੱਚ ਸਮਾਰਟਫ਼ੋਨ ਫੜਾ ਦਿੰਦੇ ਹਨ। ਇਸ ਦੌਰਾਨ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਬੱਚਾ ਡਿਜਿਟਲ ਪਰਦੇ ’ਤੇ ਕੀ ਦੇਖ ਰਿਹਾ ਹੈ। ਬਿਨਾਂ ਕਿਸੇ ਰੋਕ-ਟੋਕ ਜਾਂ ਨਿਗਰਾਨੀ ਦੇ ਗਲਤ ਅਤੇ ਨਕਾਰਾਤਮਕ ਵੀਡੀਓ ਦੇਖਣਾ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ।
ਭਾਰਤੀ ਮਾਪਿਆਂ ’ਤੇ ਕੀਤੇ ਗਏ ਇੱਕ ਹਾਲੀਆ ਸਰਵੇਖਣ ਨੇ ਇਸ ਸਮੱਸਿਆ ਦੀ ਭਿਆਨਕਤਾ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ। ਦੇਸ਼ ਦੇ 300 ਤੋਂ ਵੱਧ ਸ਼ਹਿਰਾਂ ਵਿੱਚ ਕੀਤੇ ਗਏ ਇਸ ਸਰਵੇਖਣ ਮੁਤਾਬਿਕ ਹਰ ਦੂਜਾ ਮਾਪਾ (ਲਗਭਗ 50% ਮਾਪੇ) ਇਹ ਮੰਨਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਇੰਟਰਨੈੱਟ ’ਤੇ ਜਾਂ ਤਾਂ ਅਸ਼ਲੀਲ/ਗਲਤ ਸਮਗਰੀ ਦੇਖੀ ਹੈ ਜਾਂ ਫਿਰ ਉਹ ਸਾਈਬਰ ਬੁਲਿੰਗ ਦਾ ਸ਼ਿਕਾਰ ਹੋਏ ਹਨ। ਇਹ ਚਿੰਤਾਜਨਕ ਅੰਕੜੇ ਗਵਾਹੀ ਦਿੰਦੇ ਹਨ ਕਿ ਇਹ ਸਮੱਸਿਆ ਹੁਣ ਕਿਸੇ ਇੱਕ ਘਰ ਤਕ ਸੀਮਿਤ ਨਹੀਂ ਰਹੀ, ਬਲਕਿ ਇੱਕ ਰਾਸ਼ਟਰੀ ਸੰਕਟ ਦਾ ਰੂਪ ਧਾਰਨ ਕਰ ਚੁੱਕੀ ਹੈ।
ਇਹ ਸਮੱਸਿਆ ਸਿਰਫ ਭਾਰਤ ਤਕ ਹੀ ਸੀਮਿਤ ਨਹੀਂ, ਸਗੋਂ ਵਿਸ਼ਵ ਵਿਆਪੀ ਹੈ। ਅਮਰੀਕਾ ਦੀ ਕੈਲੇਫੋਰਨੀਆ ਅਦਾਲਤ ਵਿੱਚ ‘ਮੈਟਾ’ ਕੰਪਨੀ ਵੱਲੋਂ ਕੀਤੇ ਗਏ ਇੱਕ ਖੁਲਾਸੇ ਮੁਤਾਬਿਕ ਸੋਸ਼ਲ ਮੀਡੀਆ ’ਤੇ 13 ਤੋਂ 15 ਸਾਲ ਦੇ ਲਗਭਗ 20 ਫੀਸਦੀ ਬੱਚਿਆਂ ਦੇ ਸਾਹਮਣੇ ਅਣਚਾਹੇ ਰੂਪ ਵਿੱਚ ਅਸ਼ਲੀਲ ਅਤੇ ਨਗਨ ਤਸਵੀਰਾਂ ਆ ਜਾਂਦੀਆਂ ਹਨ। ਸੋਸ਼ਲ ਮੀਡੀਆ ਦੇ ਐਲਗੋਰਿਦਮ ਇਸ ਖਤਰਨਾਕ ਤਰੀਕੇ ਨਾਲ ਕੰਮ ਕਰਦੇ ਹਨ ਕਿ ਜੇਕਰ ਭੁੱਲ-ਭੁਲੇਖੇ ਵੀ ਅਜਿਹੀ ਕਿਸੇ ਵੀਡੀਓ ’ਤੇ ਕਲਿੱਕ ਹੋ ਜਾਵੇ, ਤਾਂ ਉਹ ਬਾਰ-ਬਾਰ ਉਹੀ ਅਤੇ ਉਸ ਵਰਗੀ ਹੀ ਨਕਾਰਾਤਮਕ ਸਮਗਰੀ ਯੂਜ਼ਰ ਦੇ ਸਾਹਮਣੇ ਪਰੋਸਣੀ ਸ਼ੁਰੂ ਕਰ ਦਿੰਦੇ ਹਨ।
ਇੰਟਰਨੈੱਟ ’ਤੇ ਮੌਜੂਦ ਹਿੰਸਕ ਖੇਡਾਂ ਅਤੇ ਅਣਢੁਕਵੀਆਂ ਵੀਡੀਓਜ਼ ਬੱਚਿਆਂ ਦੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਮਨੋਵਿਗਿਆਨੀਆਂ ਅਨੁਸਾਰ ਅਜਿਹੀ ਸਮਗਰੀ ਦੇਖਣ ਵਾਲੇ ਬੱਚੇ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਚਿੜਚਿੜੇ ਹੋ ਜਾਂਦੇ ਹਨ ਅਤੇ ਗੱਲ-ਗੱਲ ’ਤੇ ਗੁੱਸਾ ਕਰਨ ਲਗਦੇ ਹਨ। ਉਨ੍ਹਾਂ ਦਾ ਵਿਵਹਾਰ ਦਿਨੋਂ-ਦਿਨ ਹਮਲਾਵਰ ਹੁੰਦਾ ਜਾਂਦਾ ਹੈ ਅਤੇ ਉਹ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਗੁਆ ਬੈਠਦੇ ਹਨ।
ਗਲਤ ਸਮਗਰੀ ਦੇ ਨਾਲ-ਨਾਲ ‘ਸਾਈਬਰ ਬੁਲਿੰਗ’ (ਆਨਲਾਈਨ ਡਰਾਉਣਾ, ਧਮਕਾਉਣਾ ਜਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨਾ) ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸਦਾ ਸ਼ਿਕਾਰ ਹੋਏ ਮਾਸੂਮ ਬੱਚੇ ਅੰਦਰੋਂ ਬੁਰੀ ਤਰ੍ਹਾਂ ਡਰ ਜਾਂਦੇ ਹਨ। ਉਨ੍ਹਾਂ ਦੇ ਮਨ ਵਿੱਚ ਇਹ ਖੌਫ ਬੈਠ ਜਾਂਦਾ ਹੈ ਕਿ ਜੇਕਰ ਉਹ ਬਾਹਰ ਗਏ ਜਾਂ ਕਿਸੇ ਨਾਲ ਗੱਲ ਕੀਤੀ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਨਤੀਜੇ ਵਜੋਂ ਉਹ ਖੁਦ ਨੂੰ ਕਮਰੇ ਵਿੱਚ ਬੰਦ ਕਰ ਲੈਂਦੇ ਹਨ ਅਤੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਕੇ ਭਿਆਨਕ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਹਨ।
ਡਿਜਿਟਲ ਸਾਧਨਾਂ ਦੀ ਹੱਦੋਂ ਵੱਧ ਵਰਤੋਂ ਬੱਚਿਆਂ ਨੂੰ ਸਰੀਰਕ ਤੌਰ ’ਤੇ ਵੀ ਬਿਮਾਰ ਕਰ ਰਹੀ ਹੈ। ਦੇਰ ਰਾਤ ਤਕ ਜਾਗ ਕੇ ਫ਼ੋਨ ਦੇਖਣ ਕਾਰਨ ਬੱਚਿਆਂ ਵਿੱਚ ਨੀਂਦ ਨਾ ਆਉਣ ਦੀ ਬਿਮਾਰੀ, ਭੁੱਖ ਦੀ ਕਮੀ ਅਤੇ ਪੜ੍ਹਾਈ ਤੋਂ ਧਿਆਨ ਭਟਕਣ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਜੇਕਰ ਸਮਾਂ ਰਹਿੰਦੇ ਇਸ ਸਥਿਤੀ ਨੂੰ ਨਾ ਸੰਭਾਲਿਆ ਜਾਵੇ ਤਾਂ ਬੱਚੇ ਗੰਭੀਰ ਡਿਪ੍ਰੈਸ਼ਨ (ਅਵਸਾਦ) ਦੀ ਦਲਦਲ ਵਿੱਚ ਧਸ ਸਕਦੇ ਹਨ। ਮਾਹਿਰਾਂ ਮੁਤਾਬਿਕ ਇਹ ਸਾਰੀਆਂ ਚੀਜ਼ਾਂ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਵੱਡੀ ਢਾਹ ਲਾ ਰਹੀਆਂ ਹਨ, ਕਿਉਂਕਿ ਬੱਚੇ ਸਹੀ ਅਤੇ ਗਲਤ ਵਿਚਕਾਰਲਾ ਫਰਕ ਭੁੱਲਦੇ ਜਾ ਰਹੇ ਹਨ।
ਭਾਰਤ ਸਰਕਾਰ ਵੱਲੋਂ ਸਾਈਬਰ ਅਪਰਾਧਾਂ ਨੂੰ ਠੱਲ੍ਹ ਪਾਉਣ ਅਤੇ ਬੱਚਿਆਂ ਦੀ ਸੁਰੱਖਿਆ ਲਈ ‘ਇਨਫਾਰਮੇਸ਼ਨ ਟੈਕਨਾਲੋਜੀ ਐਕਟ’ ਦੇ ਤਹਿਤ ਕਈ ਸਖਤ ਕਾਨੂੰਨ ਬਣਾਏ ਗਏ ਹਨ। ਆਨਲਾਈਨ ਅਸ਼ਲੀਲਤਾ ਫੈਲਾਉਣਾ ਜਾਂ ਬੱਚਿਆਂ ਨਾਲ ਸਬੰਧਤ ਗਲਤ ਸਮਗਰੀ ਸਾਂਝੀ ਕਰਨਾ ਇੱਕ ਗੰਭੀਰ ਅਤੇ ਗੈਰ-ਜ਼ਮਾਨਤੀ ਕਾਨੂੰਨੀ ਅਪਰਾਧ ਹੈ। ਜੇਕਰ ਕਿਸੇ ਵੀ ਬੱਚੇ ਜਾਂ ਮਾਪਿਆਂ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਬਿਨਾਂ ਕਿਸੇ ਡਰ ਦੇ ਤੁਰੰਤ ਭਾਰਤ ਸਰਕਾਰ ਦੇ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਹਾਲਾਂਕਿ ਸਿਰਫ ਸਖਤ ਕਾਨੂੰਨ ਬਣਾਉਣ ਨਾਲ ਹੀ ਇਸ ਗੰਭੀਰ ਸਮੱਸਿਆ ਦਾ ਮੁਕੰਮਲ ਹੱਲ ਸੰਭਵ ਨਹੀਂ ਹੈ। ਅੱਜ ਦੇ ਸਮੇਂ ਵਿੱਚ ‘ਡਿਜੀਟਲ ਨੈਤਿਕਤਾ’ ਅਤੇ ਸਮਾਜਿਕ ਜਾਗਰੂਕਤਾ ਦੀ ਸਭ ਤੋਂ ਵੱਡੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਪਵੇਗਾ ਕਿ ਇੰਟਰਨੈੱਟ ਇੱਕ ਬਹੁਤ ਵਧੀਆ ਸਾਧਨ ਹੈ, ਪਰ ਇਸਦੀ ਵਰਤੋਂ ਸਿਰਫ ਗਿਆਨ ਅਤੇ ਸਕਾਰਾਤਮਕ ਤਰੱਕੀ ਲਈ ਹੋਣੀ ਚਾਹੀਦੀ ਹੈ, ਨਾ ਕਿ ਆਪਣੀ ਮਾਨਸਿਕ ਸਿਹਤ ਅਤੇ ਡਿਜਿਟਲ ਇੱਜ਼ਤ ਨੂੰ ਦਾਅ ’ਤੇ ਲਾਉਣ ਲਈ।
ਇਸ ਡਿਜਿਟਲ ਖਤਰੇ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਮਾਪਿਆਂ ਨੂੰ ਸਭ ਤੋਂ ਮੋਹਰੀ ਅਤੇ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਗੈਜੇਟਸ ਵਿੱਚ ‘ਪੇਰੈਂਟਲ ਕੰਟਰੋਲ’ ਐਪਸ ਅਤੇ ਫਿਲਟਰਾਂ ਦੀ ਵਰਤੋਂ ਕਰਨ ਤਾਂ ਜੋ ਗਲਤ ਸਮਗਰੀ ਨੂੰ ਪਹਿਲਾਂ ਹੀ ਬਲਾਕ ਕੀਤਾ ਜਾ ਸਕੇ। ਇਸਦੇ ਨਾਲ ਹੀ ਬੱਚਿਆਂ ਦੇ ‘ਸਕ੍ਰੀਨ ਟਾਈਮ’ ਨੂੰ ਸੀਮਿਤ ਕਰਨਾ ਅਤੇ ਉਨ੍ਹਾਂ ਨਾਲ ਇੱਕ ਦੋਸਤਾਨਾ ਮਾਹੌਲ ਸਿਰਜਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਬੱਚਾ ਕਿਸੇ ਵੀ ਮੁਸ਼ਕਿਲ ਵੇਲੇ ਬਿਨਾਂ ਝਿਜਕ ਆਪਣੇ ਮਾਪਿਆਂ ਨਾਲ ਗੱਲ ਸਾਂਝੀ ਕਰ ਸਕੇ।
ਨਿਚੋੜ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਇੰਟਰਨੈੱਟ ਇੱਕ ਦੋ-ਧਾਰੀ ਤਲਵਾਰ ਹੈ। ਜੇਕਰ ਇਸਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਬੱਚਿਆਂ ਦਾ ਭਵਿੱਖ ਰੁਸ਼ਨਾ ਸਕਦੀ ਹੈ, ਪਰ ਜੇਕਰ ਇਸ ਨੂੰ ਬਿਨਾਂ ਨਿਗਰਾਨੀ ਦੇ ਛੱਡ ਦਿੱਤਾ ਜਾਵੇ ਤਾਂ ਇਹ ਬੱਚਿਆਂ ਦੇ ਜੀਵਨ ਨੂੰ ਬਰਬਾਦ ਵੀ ਕਰ ਸਕਦੀ ਹੈ। ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ’ਤੇ ਬੱਚਿਆਂ ਦੀ ਵਰਤੋਂ ਨੂੰ ਲੈ ਕੇ ਸਖਤ ਪਾਬੰਦੀਆਂ ਦੀ ਮੰਗ ਉੱਠ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਮਾਪੇ, ਸਕੂਲ ਅਤੇ ਸਰਕਾਰ, ਸਭ ਮਿਲ ਕੇ ਇੱਕ ਸਾਂਝਾ ਹੰਭਲਾ ਮਾਰਨ ਤਾਂ ਜੋ ਸਾਡੀ ਆਉਣ ਵਾਲੀ ਨਸਲ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਉਨ੍ਹਾਂ ਦਾ ਸੁਨਹਿਰੀ ਭਵਿੱਖ ਸੁਰੱਖਿਅਤ ਰਹਿ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)























































































































