“ਪਰ ਜਿੱਥੇ ਕਿਧਰੇ ਲੋੜ ਪਈ ਤਾਂ ਜ਼ੁਲਮ ਦੇ ਖ਼ਾਤਮੇ ਲਈ ਮੈਂ ਕਲਮ ਦੇ ਨਾਲ-ਨਾਲ ...”
(13 ਦਸੰਬਰ 2017)
ਕਾਲਜ ਦੇ ਦਿਨੀਂ 1972 ਵਿੱਚ ਮੈਨੂੰ ਇੱਕ ਕਿਤਾਬ ਦਿਸੀ, ਜਿਸ ਦਾ ਨਾਮ ਸੀ ਆਫ਼ ਟਿਰਅਨਿ ਤੇ ਲੇਖਕ ਸੀ ਇਟਲੀ ਦਾ ‘ਵਿਟੋਰੀਓ ਅਲਫਾਇਰੀ’ (Vittorio Alfieri) । ਇਸ ਵਿੱਚ ਮਨੁੱਖ ਦੇ ਉਹਨਾਂ ਉਦਾਸ ਬੇਕਿਰਕ ਸਰੋਕਾਰਾਂ ਦਾ ਵਰਨਣ ਹੈ ਜਦੋਂ ਉਹ ਜ਼ੁਲਮ ਕਰਦਾ ਹੈ ਅਤੇ ਜ਼ੁਲਮ ਸਹਿੰਦਾ ਹੈ। ਕੁਝ ਦਿਨ ਪਹਿਲਾਂ ਲੱਭ ਕੋਈ ਹੋਰ ਕਿਤਾਬ ਰਿਹਾ ਸਾਂ, ਪਰ ਲਾਇਬ੍ਰੇਰੀ ਦੇ ਇੱਕ ਸ਼ੈਲਫ ਉੱਪਰ ਇਹ ਕਿਤਾਬ ਪਈ ਵੇਖੀ ਤਾਂ ਲੱਗਾ ਜਿਵੇਂ ਮੁੱਦਤ ਪਹਿਲਾਂ ਵਿੱਛੜਿਆ ਮਹਿਬੂਬ ਅਚਾਨਕ ਮਿਲ ਗਿਆ ਹੋਵੇ। ਇਹ ਕਿਤਾਬ ਫਿਰ ਪੜ੍ਹੀ ਤਾਂ ਦਿਲ ਕੀਤਾ ਕਿ ਜ਼ਰਾ ਪੰਜਾਬੀ ਪਾਠਕਾਂ ਨੂੰ ਇਸ ਦੀਆਂ ਗੱਲਾਂ ਸੁਣਾ ਕੇ ਪੁੱਛੀਏ ਕਿ ‘ਅਲਫਾਇਰੀ’ ਵਾਕਿਆ ਹੀ ਵੱਡਾ ਸੀ ਕਿ ਇਹ ਕੇਵਲ ਹੋਰ ਹਜ਼ਾਰਾਂ ਵਿੱਚੋਂ ਇੱਕ ਉਹਨਾਂ ਵਰਗਾ ਹੀ ਸੀ। ਪਹਿਲੋਂ ਉਸ ਦੇ ਜੀਵਨ ਬਾਰੇ ਥੋੜ੍ਹਾ ਕੁ ਜਾਣ ਲੈਣਾ ਚਾਹੀਦਾ ਹੈ, ਫਿਰ ਉਸਦੀ ਇਹ ਕਿਤਾਬ ਠੀਕ ਸਮਝ ਵਿੱਚ ਪੈ ਜਾਵੇਗੀ।
ਉਸ ਦਾ ਜਨਮ 17 ਜਨਵਰੀ, 1749 ਈਸਵੀ ਵਿੱਚ ਤਕੜੇ ਠਾਠ-ਬਾਠ ਵਾਲੇ ਪਰਿਵਾਰ ਵਿੱਚ ਹੋਇਆ। ਠਾਠ-ਬਾਠ ਵਾਲਾ ਇਸ ਲਈ ਲਿਖਿਆ ਹੈ ਕਿਉਂਕਿ ਬਾਹਰਵੀਂ ਸਦੀ ਤੋਂ ਹੀ ਇਹ ਪਰਿਵਾਰ ਕਿਸੇ ਨਾ ਕਿਸੇ ਰੂਪ ਵਿੱਚ ਹਕੂਮਤ ਦਾ ਹਿੱਸਾ ਰਿਹਾ। ਉਸ ਨੇ ਸ਼ਾਹੀ ਪਰਿਵਾਰਾਂ ਨੂੰ ਬਹੁਤ ਨੇੜਿਓਂ ਦੇਖਿਆ, ਇਸ ਕਰ ਕੇ ਉਸ ਨੂੰ ਪਤਾ ਸੀ ਹਕੂਮਤ ਦੀ ਕਾਰਜਸ਼ੈਲੀ ਕੀ ਹੁੰਦੀ ਹੈ, ਰਾਜ ਵਿਸਥਾਰ ਕਿਵੇਂ ਹੁੰਦੇ ਹਨ, ਸਾਜ਼ਸ਼ਾਂ ਕਿਵੇਂ ਚਲਦੀਆਂ ਹਨ ਅਤੇ ਹੁਕਮਰਾਨ ਤਾਨਾਸ਼ਾਹੀ ਵੱਲ ਕਿਵੇਂ ਵਧਦੇ ਹਨ। ਤਾਨਾਸ਼ਾਹਾਂ ਦੀਆਂ ਵਧੀਕੀਆਂ ਬਾਰੇ ਵਿਅੰਗ ਕਰਦਿਆਂ ਉਹ ਲਿਖਦਾ ਹੈ, “ਬਾਦਸ਼ਾਹ ਏਡਾ ਜ਼ਾਲਮ ਹੋ ਗਿਆ ਕਿ ਵਿਚਾਰੇ ਛੋਟੇ-ਮੋਟੇ ਜਗੀਰਦਾਰ ਆਪਣੀ ਪਰਜਾ ਉੱਤੇ ਨਿੱਕੇ ਮੋਟੇ ਜ਼ੁਲਮ ਕਰਨੋਂ ਵੀ ਹਟ ਗਏ ਜਿਹੜੇ ਜ਼ੁਲਮ ਕਰਨ ਦਾ ਉਹਨਾਂ ਦਾ ਆਮ ਸੁਭਾਅ ਹੁੰਦਾ ਹੈ ਤੇ ਹੱਕ ਵੀ ਹੋਇਆ ਕਰਦਾ ਹੈ। ਬਾਦਸ਼ਾਹ ਦੇ ਜ਼ੁਲਮ ਨੇ ਸਭ ਨੂੰ ਭੈਭੀਤ ਕਰ ਦਿੱਤਾ।
ਉਹ ਸਾਰੀ ਉਮਰ ਟਿਕ ਕੇ ਨਹੀਂ ਬੈਠਿਆ। ਸਪੇਨ ਤੋਂ ਰੂਸ ਤਕ ਅਤੇ ਇਟਲੀ ਤੋਂ ਇੰਗਲੈਂਡ ਤਕ ਲਗਾਤਾਰ ਘੁੰਮਦਾ ਫਿਰਿਆ। ਘੁੰਮਦਿਆਂ-ਘੁਮਾਦਿਆਂ ਉਹ ਪੜ੍ਹਦਾ ਤੇ ਲਿਖਦਾ ਰਿਹਾ। ਪਹਿਲੋਂ ਉਸ ਨੇ ਦੁਖਾਂਤ ਨਾਟਕ ਲਿਖੇ। ਇਹਨਾਂ ਨਾਟਕਾਂ ਵਿਚਲੀਆਂ ਦੁਖਦਾਈ ਘਟਨਾਵਾਂ ਵੀ ਵਾਸਤਵ ਵਿੱਚ ਮਹਿਲਾਂ ਦੀਆਂ ਕਥਾ ਕਹਾਣੀਆਂ ਹਨ। ਆਤੰਕ ਬਾਬਤ ਜਿਹੜੀ ਉਸ ਨੇ ਕਿਤਾਬ 'ਆਫ਼ ਟਿਰਅਨਿ' 1777 ਵਿੱਚ ਲਿਖੀ, ਇਸ ਕਿਤਾਬ ਦਾ ਫ਼ਲਸਫ਼ਾ ਹੀ ਉਸ ਦੇ ਨਾਟਕਾਂ ਵਿੱਚ ਸਾਕਾਰ ਹੁੰਦਾ ਹੈ। ਇਹ ਕਿਤਾਬ ਉਸਨੇ ਇੱਕ ਮਹੀਨੇ ਦੇ ਅਰਸੇ ਵਿੱਚ ਮੁਕੰਮਲ ਕਰ ਲਈ ਸੀ, ਪਰ ਉਮਰ ਦੇ ਅਖ਼ੀਰ ਵਿੱਚ ਉਸ ਨੇ ਫਿਰ ਆਪ ਸੋਧ ਕੇ ਅੰਤਿਮ ਰੂਪ ਦਿੱਤਾ। ਸ਼ਬਦ ਵਾਕ ਬਣ ਗਏ, ਵਾਕ ਪੈਰੇ ਬਣੇ ਤੇ ਪੈਰੇ ਸਫ਼ਿਆਂ ਵਿੱਚ ਪਲਟਦੇ ਗਏ।
“ਜ਼ੁਲਮ ਬਾਰੇ' ਨਾਮ ਦੀ ਕਿਤਾਬ ਰਚਣ ਦੇ ਖ਼ਤਰਿਆਂ ਤੋਂ ਉਹ ਵਾਕਫ ਸੀ। ਸਰਕਾਰ ਦਾ ਸਖ਼ਤ ਸੈਂਸਰ ਲਾਗੂ ਸੀ। ਜਿਹੜੇ ਲੇਖਕ ਸਰਕਾਰ ਦਰਬਾਰ ਵਿੱਚ ਖ਼ੁਸ਼ਾਮਦ ਰਾਹੀਂ ਨਾਮ ਬਣਾ ਲੈਣ ਵਿੱਚ ਸਫਲ ਹੋ ਜਾਂਦੇ, ਉਹਨਾਂ ਉੱਪਰ ਖ਼ਾਸ ਮਿਹਰਬਾਨੀਆਂ ਦੀ ਬਾਰਿਸ਼ ਹੁੰਦੀ ਤੇ ਬਾਕੀਆਂ ਨਾਲ ਉਹੀ ਹੁੰਦਾ ਜੋ ਧੁਰੋਂ ਮੁੱਢ ਕਦੀਮੋਂ ਹੁੰਦਾ ਆਇਆ ਹੈ। ਅਲਫਾਇਰੀ ਦੀ ਉਮਰ ਓਦੋਂ 28 ਸਾਲ ਦੀ ਸੀ ਜਦੋਂ ਇਹ ਕਿਤਾਬ ਲਿਖ ਕੇ ਉਸ ਨੇ ਆਪਣੀ ਜਾਇਦਾਦ ਆਪਣੀ ਭੈਣ ਦੇ ਨਾਮ ਰਜਿਸਟਰੀ ਕਰਵਾ ਕੇ ਕਿਹਾ, “ਹੁਣ ਕੋਈ ਜ਼ਾਲਮ ਮੇਰੇ ਤੋਂ ਕੀ ਖੋਹ ਸਕਦਾ ਹੈ? ਹੁਣ ਮੇਰੇ ਕੋਲ ਇੱਕ ਮੇਰਾ ਦਿਮਾਗ਼ ਹੈ ਤੇ ਦੂਜੀ ਕਲਮ। ਇਹ ਦੋਵੇਂ ਰਲ-ਮਿਲ ਕੇ ਚੱਲਣਗੇ। ਪਰ ਜਿੱਥੇ ਕਿਧਰੇ ਲੋੜ ਪਈ ਤਾਂ ਜ਼ੁਲਮ ਦੇ ਖ਼ਾਤਮੇ ਲਈ ਮੈਂ ਕਲਮ ਦੇ ਨਾਲ-ਨਾਲ ਤਲਵਾਰ ਵੀ ਉਠਾਵਾਂਗਾ। ਤਾਨਾਸ਼ਾਹੀ ਦੇ ਖ਼ਾਤਮੇ ਅਤੇ ਅਜ਼ਾਦੀ ਦੀ ਬਹਾਲੀ ਲਈ ਤਾਂ ਕੋਈ ਕੁਝ ਵੀ ਕਰ ਸਕਦਾ ਹੈ।
ਅਠਾਰ੍ਹਾਂ ਸਾਲਾਂ ਦੀ ਉਮਰ ਤਕ ਉਹ ਕਈ ਰਾਜਿਆਂ, ਰਾਜਕੁਮਾਰਾਂ ਅਤੇ ਵਾਇਸਰਾਇ ਤਕ ਨੂੰ ਮਿਲ ਚੁੱਕਾ ਸੀ। ਉਹ ਲਿਖਦਾ ਹੈ, “ਮੈਂ ਮਨੁੱਖ ਨੂੰ ਮਨੁੱਖ ਹੱਥੋਂ ਅਪਮਾਨਿਤ ਹੁੰਦਾ ਵੇਖਿਆ ਹੈ … ਮੈਂ ਸੰਗਲ ਵੇਖੇ ਹਨ, ਸੰਗਲਾਂ ਦੇ ਛਣਕਾਟੇ ਸੁਣੇ ਹਨ ਤੇ ਮੈਨੂੰ ਗ਼ੁਲਾਮੀ ਦਾ ਸਿਰਨਾਵਾਂ ਪੂਰਾ ਪਤਾ ਹੈ। ਇਹ ਭਾਰ ਵੇਖ ਕੇ ਮੈਂ ਇੱਕ ਬੱਚੇ ਵਾਂਗ ਵਿਲਕ ਉੱਠਿਆ ਤੇ ਆਪਣੇ ਆਪ ਨੂੰ ਕਿਹਾ, “ਤੂੰ ਬਾਕੀ ਕੰਮ ਛੱਡ। ਕੇਵਲ ਜ਼ੁਲਮ ਬਾਰੇ ਲਿਖ … ਕੇਵਲ ਜ਼ਾਲਮ ਬਾਰੇ। ਸੰਸਾਰ ਦਾ ਦਮ ਘੁੱਟਦਾ ਵੇਖ ਕੇ ਮੈਂ ਸ਼ਾਂਤ ਕਿਵੇਂ ਰਹਿ ਸਕਦਾ ਸਾਂ? ਮੇਰਾ ਦਿਲ ਤਾਂ ਕਰਦਾ ਸੀ ਮੈਂ ਵੀ ਮੈਕਿਆਵਲੀ ਵਾਂਗ ਅਰਾਮ ਨਾਲ ਲਿਖਦਾ ਤੇ ਪੜ੍ਹਦਾ, ਪਰ ਮੈਨੂੰ ਅਧੀਨਤਾ ਪ੍ਰਵਾਨ ਨਹੀਂ ਸੀ, ਮੈਨੂੰ, ਜਿਸ ਦੀ ਰੂਹ ਅਨੰਤ ਤਕ ਉਡਾਰੀਆਂ ਲਾਉਂਦੀ ਸੀ, ਗ਼ਲਾਮੀ ਮਨਜ਼ੂਰ ਨਹੀਂ ਸੀ। ਸੋ ਬਿੱਖੜਾ ਪੈਂਡਾ ਠੀਕ ਸਮਝਿਆ।
ਅਲਫਾਇਰੀ ਦੀਆਂ ਲਿਖਤਾਂ ਵਿੱਚ ਜਾਨ ਸੀ, ਜਜ਼ਬਾ ਸੀ। ਉਹ ਏਨਾ ਹਰਮਨ-ਪਿਆਰਾ ਹੋ ਗਿਆ ਕਿ 'ਜ਼ੁਲਮ ਬਾਰੇ' ਕਿਤਾਬ ਦੀਆਂ 21 ਐਡੀਸ਼ਨਾਂ ਛਪੀਆਂ। ਵੀਆਨਾ ਦੇ ਕੌਮੀ ਕਵੀ ਪੀਤਰੋ ਨੇ ਉਸ ਕੋਲ ਸੁਨੇਹਾ ਭੇਜਿਆ ਕਿ ਮਹਿਲ ਵਿੱਚ ਤੇਰੀ ਥਾਂ ਹੈ। ਇੱਥੇ ਆ ਜਾ। ਅਲਫਾਇਰੀ ਨੇ ਜਵਾਬ ਦਿੱਤਾ, “ਜ਼ਾਲਮ ਦੇ ਘਰ ਅੰਦਰ ਪੁੱਜਣ ਸਾਰ ਰੂਹ ਗਹਿਣੇ ਟਿਕ ਜਾਂਦੀ ਹੈ ਭਰਾ। ਆਪਾਂ ਨੂੰ ਅਧੀਨਤਾ ਕਬੂਲ ਨਹੀਂ। ਮਹਿਲ ਵਿੱਚ ਤਾਂ ਕੀ ਰਹਿਣਾ, ਮੈਂ ਤੇਰੇ ਵਰਗੇ ਨਾਲ ਦੋਸਤੀ ਵੀ ਨਹੀਂ ਕਰਨੀ। ਭਾੜੇ ਦੇ ਬੰਦਿਆਂ ਨਾਲ ਆਪਣਾ ਕਾਹਦਾ ਸਰੋਕਾਰ?” ਰੂਸ ਦੀ ਮਹਾਰਾਣੀ ਕੈਥਰੀਨ ਨੇ ਉਸ ਨੂੰ ਸਤਿਕਾਰ ਪੂਰਨ ਸੱਦਾ-ਪੱਤਰ ਭੇਜਿਆ ਪਰ ਉਸ ਦਾ ਸੱਦਾ ਵੀ ਮਨਜ਼ੂਰ ਨਹੀਂ ਕੀਤਾ ਤੇ ਕਿਹਾ, “ਰੂਸ ਦੀ ਤਾਨਾਸ਼ਾਹੀ ਤਾਂ ਪਰੁਸ਼ੀਆ ਤੋਂ ਵੀ ਬਦਤਰ ਹੈ।”
1768 ਵਿੱਚ ਇੰਗਲੈਂਡ ਗਿਆ। ਉਸ ਨੂੰ ਜੇ ਕੋਈ ਸਰਕਾਰ ਚੰਗੀ ਲੱਗੀ, ਇੰਗਲੈਂਡ ਦੀ ਸੀ। ਇੱਥੇ ਉਸ ਨੂੰ ਲੱਗਾ ਕਿ ਮਨੁੱਖੀ ਸਖਸ਼ੀਅਤ ਦਾ ਵਿਕਾਸ ਠੀਕ ਹੋ ਰਿਹਾ ਹੈ। ਉਹ ਲਿਖਦਾ ਹੈ, “ਅਜੇ ਮੈਂ ਇੰਗਲੈਂਡ ਦਾ ਸੰਵਿਧਾਨ ਨਹੀਂ ਪੜ੍ਹਿਆ ਤੇ ਸਰਕਾਰ ਦੇ ਕੰਮ ਢੰਗ ਦਾ ਪੂਰਾ ਜਾਇਜ਼ਾ ਨਹੀਂ ਲਿਆ, ਪਰ ਲੋਕਾਂ ਦੇ ਚਿਹਰਿਆਂ ਉੱਪਰਲੀ ਰੌਣਕ ਤੇ ਆਤਮ-ਵਿਸ਼ਵਾਸ ਚੰਗੀ ਸਰਕਾਰ ਦਾ ਨਤੀਜਾ ਸਾਫ਼ ਦਿਸ ਰਿਹਾ ਸੀ। ਮੇਰੇ ਪਿਆਰੇ ਵਤਨ ਇਟਲੀ ਦੇ ਲੋਕਾਂ ਦੀ ਜ਼ਮੀਰ ਇਸ ਕਦਰ ਗ਼ੁਲਾਮ ਹੋ ਚੁੱਕੀ ਹੈ ਕਿ ਕਦੀ-ਕਦੀ ਮੈਂ ਸ਼ਰਮ ਦਾ ਮਾਰਿਆ ਦੱਸਦਾ ਨਹੀਂ ਹੁੰਦਾ ਕਿ ਮੈਂ ਇਟਾਲੀਅਨ ਹਾਂ। ਇੰਗਲੈਂਡ ਵਿੱਚ ਬੋਲਣ ਤੇ ਲਿਖਣ ਦੀ ਅਜ਼ਾਦੀ ਹੈ। ਤੁਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹੋ, ਤੇ ਮੇਰੇ ਮੁਲਕ ਇਟਲੀ ਵਿੱਚ? ਤੌਬਾ! ਜੇ ਕੋਈ ਮੈਨੂੰ ਕਹੇ ਕਿ ਲਿਖਤ ਵਿੱਚ ਸੋਧ ਕਰ ਲੈ, ਮੇਰਾ ਮਰਨ ਹੋ ਜਾਂਦਾ ਹੈ ਤੇ ਜੇ ਮੂਰਖ ਸਰਕਾਰ ਅਜਿਹਾ ਕਰਨ ਲਈ ਕਹੇ … ਤੁਸੀਂ ਸਮਝ ਸਕਦੇ ਹੋ ਮੇਰੀ ਹਾਲਤ। ਮੈਨੂੰ ਬਿਗਲ ਅਤੇ ਸ਼ਾਹੀ ਨਗਾਰੇ ਕਦੀ ਚੰਗੇ ਨਹੀਂ ਲੱਗੇ।” ਉਹ ਮੈਕਾਵਲੀ ਦੀ ਸਟੇਟ ਵਿੱਚ ਫ਼ੌਜੀ ਤਾਕਤ ਵਿਰੁੱਧ ਆਖਦਾ ਹੈ: “ਵੱਡੀ ਫ਼ੌਜ ਜ਼ਾਲਮ ਦੇ ਹੱਥ ਵਿਚਲਾ ਉਹ ਮਾਰੂ ਪਿਸਤੌਲ ਹੈ ਜਿਸ ਨਾਲ ਉਹ ਸੋਨਾ ਲੁੱਟਣ ਤੇ ਜ਼ੁਲਮ ਕਰਨ ਤੋਂ ਬਗੈਰ ਕੁਝ ਨਹੀਂ ਕਰਦਾ। ਜ਼ਿੰਮੇਵਾਰ ਲੋਕ ਸਹੀ ਤੇ ਹਿਤਕਾਰੀ ਕਾਨੂੰਨ ਬਣਾ ਕੇ ਮਨੁੱਖਤਾ ਦਾ ਭਲਾ ਕਰਨ ਦੇ ਸਮਰੱਥ ਹਨ। ਜੇ ਹੁਣ ਤਕ ਅਜਿਹਾ ਨਹੀਂ ਹੋ ਸਕਿਆ ਤਾਂ ਇਸਦਾ ਅਰਥ ਇਹ ਨਹੀਂ ਕਿ ਕਦੀ ਹੋ ਵੀ ਨਹੀਂ ਸਕੇਗਾ?
ਦੁਖੀ ਮਨ ਨਾਲ ਅਲਫਾਇਰੀ ਆਖਦਾ ਹੈ: “ਮਾਂਟੇਕ ਅਤੇ ਕਾਰਨੀਲ ਬਹੁਤ ਸ਼ਕਤੀਵਾਨ ਲੇਖਕ ਸਨ, ਪਰ ਉਹ ਮਹਿਲ ਦੀ ਸ਼ਰਨ ਵਿੱਚ ਜਾ ਕੇ ਬਰਬਾਦ ਹੋ ਗਏ। ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹੋ। ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਕਿ ਬੜੀ ਦੂਰ ਤਕ ਜਾ ਨਿਕਲਣਾ ਸੀ ਇਹਨਾਂ ਨੇ … ਪਰ ਕਲਮ ਅਚਾਨਕ ਚੱਲਦੀ ਚੱਲਦੀ ਰੁਕ ਜਾਂਦੀ ਹੈ। ਫਿਰ ਇਹਨਾਂ ਦੀ ਲਿਖਤ ਘੁੰਢ ਕੱਢ ਲੈਂਦੀ ਹੈ ਤੇ ਤਾਕਤਵਰ ਕਲਮ ਕੰਬਣ ਲੱਗਦੀ ਹੈ। ਮੈਂ ਉਹ ਸਾਰੀਆਂ ਥਾਂਵਾਂ ਸਾਫ਼ ਲੱਭ ਲੈਂਦਾ ਹਾਂ ਜਿੱਥੇ-ਜਿੱਥੇ ਮਹਿਲ ਨੇ ਇਹਨਾਂ ਨੂੰ ਘੇਰ ਲਿਆ ਸੀ। ਮਾਂਟੇਕ ਦੇ ਦਿਲ ਅੰਦਰਲਾ ਤਕੜਾ ਜਵਾਲਾਮੁਖੀ ਮਹਿਲ ਦੀਆਂ ਫੁਹਾਰਾਂ ਨੇ ਬੁਝਾਇਆ। ਮੈਂ ਸਭ ਜਾਣਦਾ ਹਾਂ ਇਹ ਗੱਲਾਂ।
“ਜ਼ਾਲਮ ਹਕੂਮਤ ਦਾ ਤੁਸੀਂ ਸਤਿਕਾਰ ਨਹੀਂ ਕਰ ਸਕਦੇ, ਨਾ ਉਸ ਨੂੰ ਪਿਆਰ ਕਰ ਸਕਦੇ ਹੋ, ਨਾ ਉਸ ਵਿੱਚ ਵਿਸ਼ਵਾਸ ਕਾਇਮ ਰਹਿ ਸਕਦਾ ਹੈ। ਪਿਆਰ ਸਤਿਕਾਰ ਉਸ ਨੂੰ ਕਹਿੰਦੇ ਹਨ ਜਿਹੜਾ ਮੋੜਵਾਂ ਓਨਾ ਹੀ ਮਿਲ਼ੇ ਜਿੰਨਾ ਤੁਸੀਂ ਕੀਤਾ ਹੁੰਦਾ ਹੈ। ਓਧਰੋਂ ਤਾਂ ‘ਹੁਕਮ’ ਜਾਰੀ ਹੁੰਦੇ ਹਨ ਤੇ ਇੱਧਰ ‘ਸਹਿਮ’ ਦਾ ਪਸਾਰਾ ਹੁੰਦਾ ਹੈ। ਇਸੇ ਕਰਕੇ ਸਰਕਾਰ ਵੱਲੋਂ ਦਿੱਤੇ ਸਨਮਾਨ ਮੈਨੂੰ ਤਕੜਾ ਫ਼ਰਾਡ ਦਿੱਸਦੇ ਹਨ।
ਹੁਕਮਰਾਨਾਂ ਵਿੱਚੋਂ ਅਲਫਾਇਰੀ ਨੂੰ ਜੇ ਕੋਈ ਚੰਗਾ ਲੱਗਾ ਉਹ ਸੀ ਜਾਰਜ ਵਾਸ਼ਿੰਗਟਨ, ਜਿਸ ਨੇ ਮਨੁੱਖੀ ਹੱਕਾਂ ਅਤੇ ਸਨਮਾਨਾਂ ਲਈ ਆਦਰਸ਼ਕ ਨਾਇਕ ਵਾਂਗ ਉੱਤਰੀ ਅਮਰੀਕਾ ਦੀ ਜੰਗ ਲੜੀ ਅਤੇ ਜਿੱਤੀ।
ਅਲਫਾਇਰੀ ਯੂਰਪ ਦਾ ਉਹ ਪਹਿਲਾ ਬੇਅੰਤ ਸ਼ਕਤੀਸ਼ਾਲੀ ਦਾਰਸ਼ਨਿਕ ਹੈ ਜਿਸ ਨੇ ਅਜ਼ਾਦੀ ਦਾ ਸਨਮਾਨ ਬਹਾਲ ਕਰਨ ਲਈ ਕਲਮ ਚੁੱਕੀ ਤਾਂ ਉਸ ਦੀਆਂ ਲਿਖਤਾਂ ਤੋਂ ਪ੍ਰੇਰਨਾ ਲੈ ਕੇ ਪਿਛਲੇਰੀਆਂ ਪੀੜ੍ਹੀਆਂ ਨੇ ਹਥਿਆਰ ਚੁੱਕੇ ਤੇ ਅਜ਼ਾਦੀ ਸੰਗਰਾਮ ਜਿੱਤੇ, ਉ ਆਖਿਆ ਕਰਦਾ ਸੀ: “ਜ਼ਾਲਮ ਹਕੂਮਤਾਂ ਤੋੜਨ ਵਾਸਤੇ ਮੈਂ ਇੱਕ ਪਵਿੱਤਰ ਸਾਜ਼ਿਸ਼ ਰਚ ਰਿਹਾ ਹਾਂ, ਜੋ ਕਾਮਯਾਬ ਹੋਵੇਗੀ ਹੀ ਹੋਵੇਗੀ।
ਬਰੋਫਰੀਓ ਲਿਖਦਾ ਹੈ: “ਇੱਕ ਸ਼ਾਮ ਪੀਣ ਪਿਆਣ ਦਾ ਸਿਲਸਿਲਾ ਚੱਲ ਰਿਹਾ ਸੀ। ਕਦੀ ਰਾਜੇ ਦੇ ਨਾਮ ’ਤੇ ਜਾਮ ਛਲਕਦੇ, ਕਦੀ ਪੋਪ ਦੇ ਨਾਮ ’ਤੇ। ਦਰਜਨਾਂ ਲੇਖਕਾਂ ਦਾ ਨਾਂ ਲੈ ਕੇ ਜਾਮ ਲਹਿਰਾਏ ਜਾ ਰਹੇ ਸਨ ਤਾਂ ਮੈਂ ਉੱਚੀ ਅਵਾਜ਼ ਵਿੱਚ ਕਿਹਾ, ‘ਭਾਈਓ ਇੱਕ ਜਾਮ ਸਾਡੇ ਅਮਰ ਨਾਇਕ ਅਲਫਾਇਰੀ ਦੇ ਨਾਂ ਵੀ’ ਤਦ ਕੇਵਲ ਇੱਕ ਹੱਥ ਉੱਚਾ ਉੱਠਿਆ, ਬੱਸ ਮੇਰਾ ਇਕੱਲੇ ਦਾ। ਕਿਸੇ ਨੇ ਉਸ ਦੇ ਨਾਮ ’ਤੇ ਹੁੰਗਾਰਾ ਨਹੀਂ ਭਰਿਆ। ਗੁਲਾਮ ਯੁੱਗ ਵਿਚਲੇ ਬਾਸ਼ਿੰਦਿਆਂ ਵਿੱਚੋਂ ਇੱਕੋ ਇੱਕ ਅਲਫਾਇਰੀ ਸੀ ਜਿਹੜਾ ਬਾਦਸ਼ਾਹਾਂ ਵਾਂਗ ਬੋਲਿਆ ਤੇ ਜਿਸ ਨੇ ਲਿਖਤਾਂ ਰਾਹੀਂ ਤੇ ਵਖਿਆਨਾਂ ਰਾਹੀਂ ਮੁਰਦੇ ਜਿਸਮਾਂ ਨੂੰ ਹਰਕਤ ਕਰਨ ਲਾ ਦਿੱਤਾ। ਉਹ ਇਕੱਲਾ ਲੜਿਆ ਪੂਰੇ ਯੂਰਪ ਨਾਲ।
ਵਿਟੋਰੀਓ ਅਲਫਾਇਰੀ ਹਥਲੀ ਕਿਤਾਬ ਸਮਰਪਣ ਕਰਦਾ ਹੈ, “ਅਜ਼ਾਦੀ ਨੂੰ”। ਇੱਕ ਪੰਨਾ ਇਸ ਸਮਰਪਣ ਉੱਪਰ ਹੈ, ਉਹ ਲਿਖਦਾ ਹੈ: “ਕਿਤਾਬਾਂ ਤਕੜੇ ਬੰਦਿਆਂ ਨੂੰ ਸਮਰਪਣ ਕੀਤੀਆਂ ਜਾਂਦੀਆਂ ਹਨ ਅਕਸਰ, ਕਿਉਂਕਿ ਬਦਲੇ ਵਿੱਚ ਉੱਥੋਂ ਸੁਖ ਸਨਮਾਨ ਮਿਲਣ ਦੀ ਸੰਭਾਵਨਾ ਹੁੰਦੀ ਹੈ। ਹੇ ਅਜ਼ਾਦੀ, ਤੇਰੇ ਤਿੜਕਦੇ ਚੰਗਿਆੜੇ ਹਰੇਕ ਮਨ ਵਿੱਚੋਂ ਨਹੀਂ ਬੁਝੇ। ਥੋੜ੍ਹੇ ਕੁ ਬੰਦੇ ਅਜੇ ਜਿਊਂਦੇ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਤੇਰੀ ਪਵਿੱਤਰ ਤੇ ਅਮਰ ਯਾਦ ਦਾ ਨਿੱਘ ਛੁਪਿਆ ਬੈਠਾ ਹੈ। ਮੈਂ ਆਪਣੀ ਕਿਤਾਬ ਰਾਜੇ ਜਾਂ ਰਾਜਕੁਮਾਰ ਨੂੰ ਕਿਉਂ ਅਰਪਣ ਕਰਾਂ? ਤੇਰੇ ਜੱਦੀ ਦੁਸ਼ਮਣ ਹਨ ਉਹ ਤਾਂ। ਤੈਨੂੰ ਯਾਦ ਕਰਨ ਨਾਲ ਮੇਰੀ ਕਲਮ ਲੜਖੜਾਉਂਦੀ ਨਹੀਂ। ਵਿਚਾਰ ਧੁੰਦਲੇ ਨਹੀਂ ਪੈਂਦੇ।
“ਹੇ ਪਿਆਰੀ ਅਜ਼ਾਦੀ, ਇਹ ਕਿਤਾਬ ਇਸ ਲਈ ਲਿਖ ਰਿਹਾ ਹਾਂ ਤਾਂ ਕਿ ਮੇਰੇ ਵਿਚਾਰ ਅਮਲ ਵਿੱਚ ਆ ਸਕਣ। ਮੈਂ, ਜੇ ਜ਼ਰੂਰਤ ਪਵੇਗੀ ਤਾਂ ਤੇਰੇ ਝੰਡੇ ਨੂੰ ਉੱਚਾ ਲਹਿਰਾਉਣ ਹਿਤ ਕਲਮ ਦੀ ਥਾਂ ਕੁਝ ਸਮੇਂ ਲਈ ਤਲਵਾਰ ਉਠਾਉਣ ਵਾਸਤੇ ਝਿਜਕਾਂਗਾ ਨਹੀਂ। ਮੇਰੇ ਵਿੱਚ ਇਹ ਸਾਹਸ ਹੈ ਕਿ ਮੈਂ ਕੇਵਲ ਤੈਨੂੰ ਕਿਤਾਬ ਸਮਰਪਣ ਕਰਾਂ। ਇਹਨਾਂ ਪੰਨਿਆਂ ਵਿੱਚ ਮੈਂ ਆਪਣੀ ਅਕਲ ਦੀ ਨੁਮਾਇਸ਼ ਨਹੀਂ ਲਾਵਾਗਾਂ ਕਿਉਂਕਿ ਵਿਦਵਤਾ ਮੇਰੇ ਕੋਲ ਹੈ ਹੀ ਨਹੀਂ, ਫਿਰ ਹਾਰਨ ਦਾ ਕੀ ਲਾਭ? ਮੈਂ ਕੁਝ ਕੁ ਵਿਚਾਰ ਸਾਹਮਣੇ ਰੱਖਾਂਗਾ ਜਿਹੜੇ ਮੇਰੀ ਰੂਹ ਤਕ ਨੂੰ ਕਾਂਬਾ ਛੇੜ ਦਿੰਦੇ ਹਨ। ਸਾਦੇ ਢੰਗ ਨਾਲ ਲਿਖਾਂਗਾ, ਸਾਫ਼-ਸਾਫ਼ ਗੱਲ ਕਰਾਂਗਾ, ਉਹ ਸੱਚ ਬਿਆਨ ਕਰਾਂਗਾ ਜਿਨ੍ਹਾਂ ਨੂੰ ਸਹੀ ਸਾਬਤ ਕਰਨ ਲਈ ਸਬੂਤ ਦੇਣ ਦੀ ਲੋੜ ਨਾ ਪਵੇ, ਸਗੋਂ ਦਿਲ ਆਪੇ 'ਹਾਂ' ਕਰ ਦਏ। ਇੱਕ ਲਾਟ ਜਿਹੀ ਬਚਪਨ ਤੋਂ ਮੇਰੇ ਦਿਲ ਨੂੰ ਖਾਂਦੀ ਰਹੀ, ਉਸੇ ਨੂੰ ਕਾਗਜ਼ ਉੱਪਰ ਉਤਾਰਾਂਗਾ, ਜਿਹੜੀ ਹੁਣ ਤਕ ਜੰਦਰਾ ਮਾਰ ਮਾਰ ਰੱਖੀ ਸੀ।”
ਪਹਿਲੇ ਅਧਿਆਇ ਵਿੱਚ ਉਹ 'ਜ਼ਾਲਮ ਬਾਦਸ਼ਾਹ' ਦੀ ਪਰਿਭਾਸ਼ਾ ਦਿੰਦਾ ਹੈ, ਦੂਜੇ ਅਧਿਆਇ ਵਿੱਚ ਜ਼ੁਲਮ ਬਾਰੇ ਦੱਸਦਾ ਹੈ, ਤੀਜੇ ਵਿੱਚ ਖੌਫ਼ ਬਾਰੇ, ਖ਼ੁਦਗਰਜ਼ੀ ਬਾਰੇ, ਫਿਰ ਫ਼ੌਜ ਬਾਰੇ, ਫਿਰ ਧਰਮ ਬਾਰੇ, ਫਿਰ ਨਵੀਆਂ ਪੁਰਾਣੀਆਂ ਹਕੂਮਤਾਂ ਬਾਰੇ, ਫਿਰ ਕੁਲੀਨ ਵਰਗ ਬਾਰੇ, ਏਸ਼ੀਆ ਅਤੇ ਯੂਰਪ ਦੀਆਂ ਜਾਬਰ ਸਰਕਾਰਾਂ ਦੀ ਤੁਲਨਾ ਬਾਰੇ, ਅੱਯਾਸ਼ੀਆਂ ਬਾਰੇ, ਰਾਜੇ ਦੀਆਂ ਪਤਨੀਆਂ ਤੇ ਉਹਨਾਂ ਦੀ ਸੰਤਾਨ ਬਾਰੇ ਲਿਖਦਾ ਹੈ। ਕਿਤਾਬ ਦੇ ਦੂਜੇ ਭਾਗ ਵਿਚ ਅਲਫਾਇਰੀ ਦੱਸਦਾ ਹੈ ਕਿ ਜਾਬਰ ਹਕੂਮਤ ਵਿੱਚ ਦਿਨ ਕਿਵੇਂ ਕੱਟਣੇ ਹਨ, ਜਿਊਂਦੇ ਕਿਵੇਂ ਰਹਿਣਾ ਹੈ, ਮਰਨਾ ਕਿਵੇਂ ਚਾਹੀਦਾ ਹੈ, ਕਿੰਨੀ ਕੁ ਹੱਦ ਤਕ ਜ਼ੁਲਮ ਝੱਲਣਾ ਹੈ, ਕਦੋਂ ਜ਼ੁਲਮ ਬੰਦ ਕਰਾਉਣ ਦਾ ਫ਼ੈਸਲਾ ਕਰਨਾ ਹੈ। ਦੱਸਦਾ ਹੈ ਕਿ ਜਿਹੜੀਆਂ ਕੌਮਾਂ ਨੂੰ ਅਜ਼ਾਦੀ ਦਾ ਪਤਾ ਨਹੀਂ, ਕੀ ਇਨਾਮ ਵਿੱਚ ਉਹਨਾਂ ਨੂੰ ਜ਼ੁਲਮ ਨਹੀਂ ਮਿਲਣਾ ਚਾਹੀਦਾ? ਤੇ ਅਖ਼ੀਰਲਾ ਅਧਿਆਇ ਹੈ ਕਿ ਆਦਰਸ਼ਕ ਸਰਕਾਰ ਕਿਹੋ ਜਿਹੀ ਹੁੰਦੀ ਹੈ। ਕਿਤਾਬ ਦੇ ਅੰਤਿਮ ਪੰਨੇ ਉੱਪਰ ਲੇਖਕ ਵੱਲੋਂ ਇੱਕ ਨਿੱਕੀ ਜਿਹੀ ਟਿੱਪਣੀ ਦਿੱਤੀ ਗਈ ਹੈ। ਇਹ ਟਿੱਪਣੀ ਜਿਸ ਨੇ ਪੂਰਾ ਪੰਨਾ ਘੇਰਿਆ ਹੁੰਦਾ ਹੈ ਇਉਂ ਹੈ:
“ਘੋਰ ਗ਼ਰੀਬੀ ਕਾਰਨ ਨਹੀਂ, ਕਿਸੇ ਵੱਡੇ ਕਾਰੋਬਾਰ ਦੀ ਘਾਟ ਕਾਰਨ ਨਹੀਂ, ਧੁੰਦਲੇ ਦੀਵਿਆਂ ਦੀ ਮੱਧਮ ਰੌਸ਼ਨੀ ਦਾ ਸੁਖ ਮਾਣਨ ਦੀ ਖ਼ੁਸ਼ਫਹਿਮੀ ਵਾਲ਼ੇ ਮੂਰਖਾਂ ਵਾਂਗ ਨਹੀਂ, ਜਿਸ ਗ਼ੁਲਾਮੀ ਅਤੇ ਦਰਿੱਦਰ ਵਿੱਚ ਢਿੱਡ-ਭਾਰ ਇਟਲੀ ਰੀਂਗ ਰਿਹਾ ਹੈ ਉਸ ਕਰ ਕੇ ਵੀ ਨਹੀਂ; ਪਿਆਰੇ ਭਾਈਓ, ਕਿਤਾਬ ਲਿਖਣ ਦਾ ਫ਼ੈਸਲਾ ਇਹਨਾਂ ਵਿੱਚੋਂ ਕਿਸੇ ਵੀ ਕਾਰਨ ਕਰ ਕੇ ਨਹੀਂ ਲਿਆ। ਬੋਦੀਆਂ ਹਕੂਮਤਾਂ ਨੂੰ ਨਕਾਰਨ ਦਾ ਫ਼ੈਸਲਾ ਕਰਨ ਪਿੱਛੇ ਕੋਈ ਹੋਰ ਸੀ; ਕੋਈ ਪ੍ਰਬਲ ਦੇਵਤਾ ਸੀ ਜਿਹੜਾ ਹਮੇਸ਼ ਮੇਰਾ ਸਾਥ ਦਿੰਦਾ ਰਿਹਾ, ਬਚਪਨ ਤੋਂ ਮੈਨੂੰ ਹੌਸਲਾ ਦਿੰਦਾ ਰਿਹਾ। ਹੌਲ਼ੀ-ਹੌਲ਼ੀ ਉਸ ਨੇ ਮੈਨੂੰ ਏਨਾ ਨਿਡਰ ਕਰ ਦਿੱਤਾ ਕਿ ਇੱਕ ਦਿਨ ਮੈਨੂੰ ਲੱਗਾ ਮੇਰੀ ਗਤੀ ਨਹੀਂ ਹੋਵੇਗੀ ਜੇ ਮੈਂ ਜ਼ੁਲਮੀ ਹਕੂਮਤਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਕਲਮ ਚੁੱਕ ਕੇ ਕੁਝ ਪੰਨੇ ਜ਼ਖ਼ਮੀ ਨਾ ਕੀਤੇ।”
-ਵਿਟੋਰੀਓ ਅਲਫਾਇਰੀ
ਕਿਤਾਬ ਦਾ ਮੁੱਖ ਬੰਦ:
“ਬੜੇ ਕਹਿਣਗੇ ਕਿ ਅਲਫਾਇਰੀ ਨੇ ਬਹੁਤ ਬੇਰਸ ਗੱਲਾਂ ਕੇਵਲ ਜ਼ਾਲਮਾਂ ਬਾਰੇ ਲਿਖ ਮਾਰੀਆਂ। ਕਿ ਅਲਫਾਇਰੀ ਦੀ ਲਹੂ ਰੰਗੀ ਕਲਮ, ਜ਼ਹਿਰ ਦੀ ਦਵਾਤ ਵਿੱਚੋਂ ਸਿਆਹੀ ਭਰਦੀ ਸੀ, ਕਿ ਅਲਫਾਇਰੀ ਇੱਕੋ ਅਕਾਊ ਸੁਰ ਤਾਂ ਅਲਾਪਦਾ ਰਿਹਾ, ਪਰ ਇਹ ਸੰਗੀਤ ਕਿਸੇ ਗ਼ੁਲਾਮ ਨੂੰ ਅਜ਼ਾਦ ਤਾਂ ਕਰਾ ਨਹੀਂ ਸਕਿਆ। ਸਿਆਣੇ ਬੰਦੇ ਹੱਸਣਗੇ ਮੇਰੀ ਲਿਖਤ ਉੱਪਰ। ਪਰ ਜਿਹੜਾ ਪਵਿੱਤਰ ਕੰਮ ਮੇਰੀ ਰੂਹ ਨੇ ਕਰਨਾ ਚਾਹਿਆ, ਇਹ ਉਹੀ ਕਰੇਗੀ। ਕਦੀ ਨਹੀਂ ਭਟਕੇਗੀ ਇੱਧਰ-ਓਧਰ। ਮੈਨੂੰ ਪਤਾ ਹੈ ਮੇਰਾ ਹੁਨਰ ਕਮਜ਼ੋਰ ਹੈ ਤੇ ਜ਼ਾਲਮ ਹਕੂਮਤਾਂ ਤਕੜੀਆਂ ਹਨ। ਇਮਾਨਦਾਰ ਮਨੁੱਖ ਜੰਮਣਗੇ ਤਾਂ ਦੇਖਣਾ ਮੇਰੇ ਸ਼ਬਦ ਹਵਾ ਵਿੱਚ ਸੱਜੇ ਖੱਬੇ ਭਟਕਣਗੇ ਨਹੀਂ। ਆਉਣਗੇ ਅਜਿਹੇ ਬੰਦੇ ਜਿਨ੍ਹਾਂ ਨੂੰ ਪਤਾ ਹੈ ਅਜ਼ਾਦੀ ਕਿੰਨੀ ਪਿਆਰੀ ਹੈ ਤੇ ਜੀਵਨ ਦਾ ਕਿੰਨਾ ਜ਼ਰੂਰੀ ਹਿੱਸਾ ਹੈ।
ਕੌਣ ਹੁੰਦਾ ਹੈ ਜ਼ਾਲਮ:
“ਬੰਦਿਆਂ ਜਾਂ ਘਟਨਾਵਾਂ ਦੇ ਨਾਮ ਉਹਨਾਂ ਦੀ ਪਰਿਭਾਸ਼ਾ ਨਹੀਂ ਬਣਦੇ ਕਿਉਂਕਿ ਨਾਮ ਬਦਲਦੇ ਨਹੀਂ, ਬੰਦੇ ਵੀ ਤੇ ਘਟਨਾਵਾਂ ਵੀ ਸਮੇਂ ਅਤੇ ਸਥਾਨ ਅਨੁਸਾਰ ਬਦਲਦੇ ਰਹਿੰਦੇ ਹਨ। ਸੋ ਅਸੀਂ ਨਾਂਵਾਂ ਪਿੱਛੇ ਨਹੀਂ ਜਾਵਾਂਗੇ, ਅਸੀਂ ਤਾਂ ਮਨੁੱਖੀ ਸੁਭਾਅ ਦੀ ਕਹਾਣੀ ਛੇੜਾਂਗੇ।
“ਆਮ ਆਦਮੀ 'ਜ਼ਾਲਮ' ਨਹੀਂ ਹੁੰਦਾ, ਹੋਣਾ ਚਾਹੇ ਤਦ ਵੀ ਨਹੀਂ, ਕਿਉਂਕਿ ਉਸ ਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਮਾਜ ਕੁੱਟ ਦਿੰਦਾ ਹੈ ਜਾਂ ਫਿਰ ਕਾਨੂੰਨ ਉਸ ਨੂੰ ਆਪਣੇ ਕੜਿੱਕੇ ਵਿੱਚ ਨੱਪ ਲੈਂਦਾ ਹੈ। ਜ਼ਾਲਮ ਸ਼ਬਦ ਦਾ ਵਧੇਰੇ ਸੰਬੰਧ ਰਾਜਿਆਂ ਨਾਲ ਜੁੜਦਾ ਹੈ। ਰਾਜਾ (ਨਾਮ ਕੋਈ ਰੱਖ ਲਵੋ ਜਾਂ ਕੇਵਲ 'ਸਰਕਾਰ' ਆਖ ਲਵੋ) ਜਦੋਂ ਕਿਸੇ ਅੱਗੇ ਜਵਾਬਦੇਹ ਨਾ ਰਹੇ, ਤਦ ਉਸ ਵਰਗਾ 'ਅੱਤਵਾਦੀ' ਕੋਈ ਨਹੀਂ ਹੁੰਦਾ। ਪੁਰਾਣੇ ਯੂਨਾਨੀਆਂ ਨੇ ਸਭ ਰਾਜਿਆਂ ਨੂੰ 'ਜਾਬਰ' ਕਿਹਾ ਸੀ, ਇਸ ਕਰ ਕੇ ਮੈਂ ਆਖਦਾ ਹਾਂ ਕਿ 'ਮਰਦ' ਅਖਵਾਉਣ ਦੇ ਹੱਕਦਾਰ ਯੂਨਾਨੀ ਹੀ ਹਨ। ਸੋ ਜਾਬਰ ਦੀ ਪਰਿਭਾਸ਼ਾ ਇਹ ਹੋਈ, “ਉਹ ਸਭ ਬੰਦੇ, ਨਵੀਨ ਜਾਂ ਪੁਰਾਤਨ, ਧੱਕੇ ਨਾਲ ਜਾਂ ਧੋਖੇ ਨਾਲ, ਇੱਥੋਂ ਤਕ ਕਿ ਚਲੋ ਬੇਸ਼ੱਕ ਪਰਜਾ ਦੀ ਸਹਿਮਤੀ ਨਾਲ, ਸੱਤਾ ਵਿੱਚ ਆ ਗਏ ਤੇ ਫਿਰ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਣ ਲੱਗ ਪਏ, 'ਜਾਬਰ' ਅਤੇ 'ਜ਼ਾਲਮ' ਹਨ।
ਜੇ ਭੂਤਕਾਲ ਦਾ ਟਾਈਟਸ ਜਾਂ ਟਰਾਜਨ ਜਾਬਰ ਸੀ ਤਾਂ ਸਾਡੇ ਅੱਜ ਦੇ ਨੀਰੋ, ਤਿਬੇਰੀਅਸ ਤੇ ਫਿਲਿਪ ਦੂਜਾ ਜਾਂ ਹੈਨਰੀ ਅੱਠਵਾਂ ਕੀ ਹੈ? ਧੰਨ ਹੈ ਸਾਡੀ ਪਰਜਾ, ਪੁਰਾਣੇ ਵੇਲੇ ਦੇ ਜ਼ੁਲਮਾਂ ਦੀਆਂ ਕਹਾਣੀਆਂ ਯਾਦ ਰੱਖਦੀ ਹੈ, ਪਰ ਵਰਤਮਾਨ ਜ਼ੁਲਮ ਬਰਦਾਸ਼ਤ ਕਰੀ ਜਾਂਦੀ ਹੈ। ਜਾਬਰ ਹਕੂਮਤ ਅਧੀਨ ਰਹਿੰਦੀ ਪਰਜਾ ਆਪਣੇ ਆਪ ਨੂੰ ਧੋਖਾ ਦੇਣਾ ਸਹਿਜੇ ਹੀ ਸਿੱਖ ਲੈਂਦੀ ਹੈ।
“ਮੈਂ ਹਰੇਕ ਉਸ ਸਰਕਾਰ ਨੂੰ, ਜਿਹੜੀ ਪਿਤਾ-ਪੁਰਖੀ ਹੋਵੇ ਭਾਵੇਂ ਲੋਕਾਂ ਦੀ ਚੁਣੀ ਹੋਈ, ‘ਜਾਬਰ’ ਕਹਾਂਗਾ ਜਿਹੜੀ ਮਨਮਰਜ਼ੀ ਨਾਲ ਕਿਸੇ ਬੰਦੇ ਤੋਂ ਉਸ ਦੀ ਜਾਨ, ਜਾਇਦਾਦ ਜਾਂ ਉਸ ਦਾ ਸਨਮਾਨ ਖੋਹ ਲਵੇ।
“ਕੀ ਤੁਸੀਂ ਸੋਚ ਸਕਦੇ ਹੋ ਕਿ ਇਹੋ ਜਿਹੀ ਸਰਕਾਰ ਦੀ ਕਦਰ ਵੀ ਲੋਕ ਕਰ ਸਕਦੇ ਹਨ? ਹਾਂ ਕਰਦੇ ਹਨ। ਜੇ ਲੋਕਾਂ ਨੂੰ ਪਤਾ ਹੈ ਕਿ ਸਾਡੀ ਹਰ ਵਸਤੂ ਬਗੈਰ ਕਾਰਨ ਦੱਸੇ ਖੋਹੀ ਜਾ ਸਕਦੀ ਹੈ, ਤਾਂ ਉਹ ਸਮਝਦੇ ਹਨ ਕਿ ਜੋ ਬਾਕੀ ਕੁਝ ਆਪਣੇ ਕੋਲ ਬਚਿਆ ਹੈ, ਇਹ ਸਰਕਾਰ ਦੀ ਮਿਹਰਬਾਨੀ ਹੈ ਜੇ ਖੁੱਸਿਆ ਨਹੀਂ। ਹੱਥ ਉੱਪਰ ਰੱਖੀ ਰੋਟੀ ਜੇ ਖਾਧੀ ਗਈ ਤਾਂ ਧੰਨ ਹੈ ਸਾਡੀ ਸਰਕਾਰ, ਇਹ ਰੋਟੀ ਖੋਹੀ ਵੀ ਜਾ ਸਕਦੀ ਹੈ। ਸੋ ਜੋ ਕੁਝ ਖੁੱਸਿਆ ਨਹੀਂ, ਉਹ ਬਾਦਸ਼ਾਹ ਵੱਲੋਂ ਦਿੱਤਾ ਗਿਆ ‘ਤੋਹਫ਼ਾ’ ਸਮਝ ਕੇ ਪਰਜਾ ਰਾਜੇ ਦੇ ਗੁਣ ਗਾਉਂਦੀ ਹੈ।
“ਅਜ਼ਾਦੀ ਉਹ ਨਹੀਂ ਹੁੰਦੀ ਜਿਸ ਵਾਸਤੇ ਲਾਇਸੰਸ ਲੈਣਾ ਪਵੇ। ਅਜ਼ਾਦੀ ਲੀਜ਼ ਉੱਤੇ ਵੀ ਨਹੀਂ ਦਿੱਤੀ ਜਾਇਆ ਕਰਦੀ ਕਦੀ। ਮੈਂ ਦੂਰ-ਦੂਰ ਘੁੰਮਿਆ। ਯੂਰਪ ਦੇ ਹਰ ਕਿਸੇ ਹਿੱਸੇ ਵਿੱਚ ਵੱਸਦੇ ਲੋਕਾਂ ਦੇ ਚਿਹਰਿਆਂ ਉੱਪਰ ਮੈਂ ਗੁਲਾਮੀ ਦੇ ਦਾਗ਼ ਸਾਫ਼ ਵੇਖੇ। ਜਾਬਰ ਸਰਕਾਰਾਂ ਜੇ ਸਮਝ ਰਹੀਆਂ ਹਨ ਕਿ ਸਮੇਂ ਦਾ ਪਹੀਆ ਰੁਕ ਗਿਆ ਹੈ, ਤਾਂ ਉਹ ਲਗਾਤਾਰ ਗ਼ਲਤਫ਼ਹਿਮੀ ਵਿੱਚ ਹਨ। ਉਹਨਾਂ ਦੀ ਖ਼ੁਸ਼ੀ ਥੋੜ੍ਹਚਿਰੀ ਹੈ। ਹਰੇਕ ਨੇਕ ਭਲੇ ਮਨੁੱਖ ਨੂੰ ਮੇਰੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਤਬਦੀਲੀ ਅਟੱਲ ਹੈ। ਤੁਸੀਂ ਛੇਤੀ ਹੀ ਆਪਣੀਆਂ ਅੱਖਾਂ ਨਾਲ ਵੇਖੋਗੇ ਕਿ ਅੰਤਰਰਾਸ਼ਟਰੀ ਗ਼ੁਲਾਮੀ, ਅੰਤਰਰਾਸ਼ਟਰੀ ਅਜ਼ਾਦੀ ਵਿੱਚ ਬਦਲ ਜਾਵੇਗੀ। ਮੇਰਾ ਇਹ ਚੱਟਾਨ ਵਰਗਾ ਪੱਕਾ ਵਿਸ਼ਵਾਸ ਹੈ। ਮਨੁੱਖ ਗ਼ੁਲਾਮ ਨਹੀਂ ਰਹੇਗਾ। ਰਹਿ ਹੀ ਨਹੀਂ ਸਕਦਾ। ਜੇ ਉਹ ਮਨੁੱਖ ਹੈ ਤਾਂ ਅਜ਼ਾਦ ਹੋਵੇਗਾ, ਤੇ ਜੇ ਪਸ਼ੂ ਹੈ, ਤਾਂ ਇੱਕ ਦਿਨ ਮਨੁੱਖ ਬਣੇਗਾ। ਹੋਣੀ ਅਟੱਲ ਹੈ।
“ਸੁਣੋ, ਕੋਈ ਵੀ ਸਰਕਾਰ, ਜਿਸ ਦੀ ਜ਼ਿੰਮੇਵਾਰੀ ਕਾਨੂੰਨ ਲਾਗੂ ਕਰਨ ਦੀ ਹੁੰਦੀ ਹੈ, ਜੇ ਕਾਨੂੰਨ ਮਨਮਰਜ਼ੀ ਨਾਲ ਬਣਾਏ ਜਾਂ ਤੋੜੇ, ਮਰਜ਼ੀ ਨਾਲ ਕਾਨੂੰਨ ਦੀ ਆਪਣੀ ਹੀ ਵਿਆਖਿਆ ਸਹੀ ਸਮਝੇ, ਜਾਂ ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰੇ, ਜਾਂ ਸੰਵਿਧਾਨ ਨੂੰ ਸਸਪੈਂਡ ਕਰ ਦਏ ਤੇ ਸਰਕਾਰ ਨੂੰ ਪਤਾ ਹੋਵੇ ਕਿ ਅਜਿਹਾ ਕਰਨ ਸਦਕਾ ਹੁਕਮਰਾਨਾਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਤਦ ਇਸੇ ਨੂੰ 'ਜਬਰ' ਅਤੇ 'ਜ਼ੁਲਮ' ਕਿਹਾ ਜਾਂਦਾ ਹੈ। ਤਾਨਾਸ਼ਾਹ ਹੋਵੇ ਜਾਂ ਗਣਤੰਤਰ, ਇੱਕ ਹੋਵੇ ਜਾਂ ਅਨੇਕ, ਜੋ ਕਾਨੂੰਨ ਨਾਲ ਉੱਪਰ ਦੱਸਿਆ ਖਿਲਵਾੜ ਕਰਦਾ ਹੈ ਉਹ 'ਜ਼ਾਲਮ' ਹੈ ਤੇ ਜਿਹੜੀ ਪਰਜਾ ਉਸ ਦਾ ਜ਼ੁਲਮ ਬਰਦਾਸ਼ਤ ਕਰਦੀ ਹੈ, ਉਹ 'ਗ਼ੁਲਾਮ' ਹੈ। ਹਕੂਮਤ ਦੇਸੀ ਹੋਵੇ ਜਾਂ ਵਿਦੇਸ਼ੀ, ਸਾਰਿਆਂ ਉੱਪਰ ਇਹੋ ਪਰਿਭਾਸ਼ਾ ਲਾਗੂ ਹੁੰਦੀ ਹੈ।
ਕਾਨੂੰਨ ਕੀ ਹੁੰਦਾ ਹੈ? ਕਾਨੂੰਨ ਇੱਕ ਪ੍ਰਕਾਰ ਦਾ ਸੌਦਾ ਹੈ, ਜਿਸ ਉੱਪਰ ਪਰਜਾ ਅਤੇ ਹਕੂਮਤ ਦੇ ਦਸਤਖ਼ਤ ਹੁੰਦੇ ਹਨ। ਸੌਦਾ ਇਹ ਹੈ ਕਿ ਪਰਜਾ ਦਾ ਮਾਨ-ਸਨਮਾਨ, ਜਾਨ, ਮਾਲ ਸੁਰੱਖਿਅਤ ਰਹੇਗਾ ਤੇ ਬਦਲੇ ਵਿੱਚ ਪਰਜਾ ਰਾਜੇ ਦਾ ਮਾਨ-ਸਨਮਾਨ ਕਾਇਮ ਰੱਖੇਗੀ। ਇਹ ਸਮਾਜ ਦਾ ਉਹ ਅਹਿਦਨਾਮਾ ਹੈ ਜਿਹੜਾ ਇੱਕ ਪਾਸੜ ਨਹੀਂ ਚੱਲ ਸਕਦਾ। ਪਰਜਾ ਓਨੀ ਹੀ ਸਨਮਾਨ ਦੀ ਹੱਕਦਾਰ ਰਹੇਗੀ ਜਿੰਨਾ ਰਾਜਾ। ਕੁਝ ਮੂਰਖ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਦੇਸ਼ ਦਾ ਸੰਵਿਧਾਨ ਬੜਾ ਚੰਗਾ ਹੈ। ਪਿਆ ਰਹੇ ਚੰਗਾ। ਜੇ ਚੰਗਿਆਈ ਲਾਗੂ ਨਹੀਂ ਹੋਵੇਗੀ ਤਾਂ ਕੀ ਕਰੋਗੇ ਉਸ ਦਾ ਫਿਰ? ਕਾਨੂੰਨ ਕੋਈ ਖਾਣ ਦੀ ਚੀਜ਼ ਨਹੀਂ। ਖਾਣੀ ਤਾਂ ਰੋਟੀ ਹੈ, ਪਰ ਕਾਨੂੰਨ ਜੇ ਸਹੀ ਢੰਗ ਨਾਲ ਲਾਗੂ ਨਾ ਹੋਇਆ ਤਾਂ ਖ਼ੁਰਾਕ ਹਰਾਮ ਹੋ ਜਾਂਦੀ ਹੈ। ਸਭ ਤੋਂ ਭੈੜੀ ਜ਼ਾਲਮ ਸਰਕਾਰ ਉਹ ਹੁੰਦੀ ਹੈ, ਜਿਹੜੀ ਪਰਜਾ ਨੂੰ ਜਵਾਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ। ਇਕੱਲਾ ਨਿਰੰਕੁਸ਼ ਜਾਬਰ ਤਾਨਾਸ਼ਾਹ ਵਧੀਕ ਖ਼ਤਰਨਾਕ ਹੁੰਦਾ ਹੈ। ਜਿਸ ਨੂੰ ਅਸੀਂ 'ਗਣਤੰਤਰ' ਨਾਮ ਦੇ ਰੱਖਿਆ ਹੈ, ਉਸ ਵਿੱਚ ਵਧੀਕ ਗਿਣਤੀ ਵਿੱਚ ਜਾਬਰ ਹੁੰਦੇ ਹਨ, ਇਸ ਵਿੱਚ ਜ਼ੁਲਮ ਖਿੰਡ-ਪੁੰਡ ਜਾਂਦਾ ਹੈ, ਇਸ ਲਈ ਖ਼ਤਰਾ ਘਟ ਜਾਂਦਾ ਹੈ। ਬਦਲਾਖੋਰੀ ਦੀ ਸੰਭਾਵਨਾ ਜੇ ਮਿਟਦੀ ਨਹੀਂ ਤਾਂ ਘਟਦੀ ਤਾਂ ਹੈ ਹੀ। ਪਰਜਾਤੰਤਰਾਂ ਵਿੱਚ ਕਦੀ-ਕਦੀ ਸੁਤੰਤਰਤਾ ਦਾ ਝਲਕਾਰਾ ਦਿਖਾਈ ਪੈਂਦਾ ਹੈ। ਲੋਕ ਭ੍ਰਿਸ਼ਟ, ਮੂਰਖ ਅਤੇ ਗ਼ੁਲਾਮ ਬਣ ਜਾਣ, ਤਦ ਥੋੜ੍ਹੇ ਕੁ ਝਲਕਾਰੇ ਨਾਲ ਵੀ ਸੰਤੁਸ਼ਟ ਹੋ ਜਾਂਦੇ ਹਨ। ਜਦੋਂ ਇਹ ਕਿਤਾਬ ਲਿਖੀ ਜਾ ਰਹੀ ਸੀ, ਮੈਂ ਵੇਖਿਆ ਓਦੋਂ ਫ਼ਰਾਂਸ ਅਨੰਤ ਭ੍ਰਿਸ਼ਟਾਚਾਰ ਦੀ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ।
“ਪੁਰਾਣੇ ਵੇਲਿਆਂ ਵਿੱਚ ਰੋਮਨਾਂ ਨੇ 'ਭੈ' ਨਾਮ ਦੀ ਦੇਵੀ ਦਾ ਇੱਕ ਮੰਦਰ (ਟੈਂਪਲ ਆਫ਼ ਫੀਅਰ) ਖੜ੍ਹਾ ਕਰ ਕੇ ਉੱਥੇ ਬਲੀ ਦੇਣੀ ਸ਼ੁਰੂ ਕੀਤੀ ਸੀ ਤਾਂ ਕਿ ਇਹ ਦੇਵੀ, ਡਰ ਤੇ ਖ਼ੌਫ਼ ਸਾਡੇ ਨੇੜੇ ਨਾ ਆਉਣ ਦੇਵੇ। ਅਜੋਕੀਆਂ ਅਦਾਲਤਾਂ ਮੈਨੂੰ ਪੁਰਾਣੇ ਮੰਦਰ ਲੱਗਦੇ ਹਨ। ਮੰਦਰ ਦਾ ਨਾਮ ਹੈ ਮਹਿਲ, ਜਿਹੜੀ ਮੂਰਤੀ ਸਥਾਪਤ ਕੀਤੀ ਉਸ ਦਾ ਨਾਮ ਰੱਖਿਆ- ਰਾਜਾ। ਦਰਬਾਨ, ਅਫ਼ਸਰ, ਜੱਜ ਇਸ ਦੀ ਪੁਜਾਰੀ ਸ਼੍ਰੇਣੀ ਹੈ ਤੇ ਇਹ ਪੁਜਾਰੀ ਪਤਾ ਹੈ ਕੀ ਬਲੀ ਚੜ੍ਹਾਉਂਦੇ ਹਨ? ਸਾਡੀ ਸੁਤੰਤਰਤਾ, ਨੇਕੀ, ਖਰਾ ਸਨਮਾਨ, ਸਾਡਾ ਆਪਣਾ ਪਿਆਰਾ ਅਤਿ ਸੋਹਣਾ ਤੇ ਸੂਖ਼ਮ ਆਪਾ ਹਰ ਰੋਜ਼ ਇੱਥੇ ਕੁਰਬਾਨ ਹੁੰਦੇ ਹਨ।
“ਵਿਦਵਾਨ ਮਾਂਟੇਕ ਆਖਦਾ ਹੈ ਕਿ ਬਾਦਸ਼ਾਹਤ ਦੀ ਨੀਂਹ ਅਤੇ ਸਿਖਰਲਾ ਝੰਡਾ ਸਵੈਮਾਣ ਵਿੱਚੋਂ ਉਪਜਦਾ ਹੈ। ਮੈ ਇਹ ਗੱਲ ਨਹੀਂ ਮੰਨਦਾ। ਬਾਦਸ਼ਾਹਤ ਦੀ ਨੀਂਹ ਖ਼ੌਫ਼ ਉੱਪਰ ਟਿਕਦੀ ਹੈ ਤੇ ਉਸ ਦਾ ਪਰਚਮ ਖ਼ੌਫ਼ਨਾਕ ਹੁੰਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਵਜ੍ਹਾ ਕਰ ਕੇ ਦੁਖੀ ਹੁੰਦਾ ਹੈ। ਪਰ ਸਰਕਾਰ ਜਿਹੜੀ ਬਣਾਈ ਭਲਾ ਕਰਨ ਲਈ ਸੀ, ਜੇ ਉਹ ਵੀ ਦੁਖੀ ਕਰਨ ਲੱਗੇ ਤਦ ਜਾਂ ਤਾਂ ਆਦਮੀ ਏਨੇ ਭੈਭੀਤ ਹੋ ਜਾਂਦੇ ਹਨ ਕਿ ਉਹ ਰਾਜੇ ਨੂੰ 'ਰੱਬ ਤੋਂ ਵੀ ਵੱਡਾ' ਕਹਿਣ ਲੱਗਦੇ ਹਨ, ਜਾਂ ਫਿਰ ਸਰਕਾਰ ਦੇ ਆਤੰਕ ਤੋਂ ਏਨੇ ਨਿਡਰ ਹੋ ਜਾਂਦੇ ਹਨ ਕਿ ਹਕੂਮਤਾਂ ਪਲਟ ਦਿੰਦੇ ਹਨ। ਇੱਕੋ ਸਮੇਂ, ਇੱਕੋ ਦੇਸ਼ ਵਿੱਚ, ਇੱਕੋ ਧਰਮ ਵਾਲ਼ੇ ਲੋਕਾਂ ਦਾ ਇੱਕ ਹਿੱਸਾ ਰਾਜੇ ਦੀ ਬੰਦਗੀ ਕਰਦਾ ਹੈ, ਦੂਜਾ ਹਿੱਸਾ ਬਗ਼ਾਵਤ ਕਰਦਾ ਹੈ।
“ਬਾਦਸ਼ਾਹ ਖ਼ੁਦ ਭੈ-ਮੁਕਤ ਨਹੀਂ ਹੁੰਦਾ। ਜੇ ਤਾਂ ਤਾਕਤ ਨੇ ਉਸ ਨੂੰ ਪੂਰਾ ਮੂਰਖ ਕਰ ਦਿੱਤਾ ਹੈ, ਫਿਰ ਤਾਂ ਕਹਾਣੀ ਹੋਰ ਹੈ, ਪਰ ਬੇਲਗਾਮ ਹੁਕਮਰਾਨ ਨੂੰ ਆਪਣੀਆਂ ਕਰਤੂਤਾਂ ਦਾ ਕਿਉਂਕਿ ਪਤਾ ਹੁੰਦਾ ਹੈ, ਇਸ ਲਈ ਉਹ ਜਾਣਦਾ ਹੈ ਕਿ ਅਣਗਣਿਤ ਦਿਲਾਂ ਅੰਦਰ ਬਦਲਾਖੋਰੀ ਦੀ ਅੱਗ ਸੁਲਗਦੀ-ਸੁਲਗਦੀ ਭੜਕ ਵੀ ਸਕਦੀ ਹੈ। ਭੜਕਣੀ ਹੀ ਹੈ ਇੱਕ ਦਿਨ। ਲੋਕ ਡਰਦੇ ਹਨ, ਉਹਨਾਂ ਕੋਲ ਇੱਕ ਜਾਨ ਬਚੀ ਹੈ ਕੇਵਲ, ਕਿਤੇ ਇਹ ਵੀ ਨਾ ਖੁੱਸ ਜਾਵੇ। ਰਾਜਾ ਡਰਦਾ ਹੈ ਕਿ ਉਸ ਕੋਲ ਸਭ ਕੁਝ ਹੈ, ਕਿਤੇ ਇਹ ਖੁੱਸ ਨਾ ਜਾਵੇ।
ਤਦ ਕਦੀ-ਕਦੀ ਇਸ ਡਰ ਵਿੱਚ ਉਹ ਕੁਝ ਰਿਆਇਤਾਂ ਦਿੰਦਾ ਹੈ। ਡਰ ਦੇ ਮਾਰੇ ਲੋਕ ਵਗਾਰਾਂ ਕਰਦੇ ਹਨ, ਅਧਨੰਗੇ ਰਹੀ ਜਾਂਦੇ ਹਨ। ਹਕੂਮਤ ਉਹਨਾਂ ਦੇ ਘਰਾਂ ਵਿੱਚੋਂ ਜਵਾਨ ਮੁੰਡੇ ਘੜੀਸ ਕੇ, ਹੱਥਾਂ ਵਿੱਚ ਹਥਿਆਰ ਫੜਾ ਕੇ ਗੁਆਂਢੀ ਦੇਸ਼ ਉੱਪਰ ਹੱਲਾ ਕਰਵਾਉਂਦੀ ਹੈ। ਜਿਸ ਦੇਸ਼ ਨਾਲ ਉਹ ਲੜਨ ਗਏ ਹਨ, ਉਹ ਉਹਨਾਂ ਦਾ ਦੁਸ਼ਮਣ ਨਹੀਂ, ਦੁਸ਼ਮਣ ਤਾਂ ਆਪਣੀ ਹਕੂਮਤ ਹੈ। ਲੋਕ ਵੇਖਦੇ ਹਨ ਕਿ ਇਨਸਾਫ਼ ਖ਼ਰੀਦਿਆ-ਵੇਚਿਆ ਜਾ ਸਕਦਾ ਹੈ, ਨੇਕੀ ਰੁਲਦੀ ਫਿਰਦੀ ਹੈ, ਗ਼ਰੀਬੀ ਅਤੇ ਵਿਭਚਾਰ ਫ਼ੈਲ ਰਿਹਾ ਹੈ, ਮੁਖ਼ਬਰ ਸਨਮਾਨਿਤ ਹੋ ਰਹੇ ਹਨ, ਬਦੀ ਉੱਚ ਰੁਤਬਿਆਂ ਉੱਪਰ ਸੁਸ਼ੋਭਿਤ ਹੈ, ਇਮਾਨਦਾਰੀ ਅਤੇ ਸਚਾਈ ਨੂੰ ਅਪਰਾਧੀ ਠਹਿਰਾ ਕੇ ਫਾਹੇ ਲਾਇਆ ਜਾਂਦਾ ਹੈ, ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਹਨ ਤਾਂ ਆਤੰਕ ਫ਼ੈਲਦਾ ਹੈ। ਸਟੇਟ ਵਿਰੁੱਧ ਕੀਤਾ ਇੱਕ ਕਥਨ ਵੀ ਅਪਰਾਧ ਹੈ, ਕੋਈ ਐਕਸ਼ਨ ਕਰਨਾ ਤਾਂ ਦੂਰ ਦੀ ਗੱਲ। ਕੁਝ ਲੋਕ ਸੋਚਦੇ ਵੀ ਹਨ ਕਿ ਹਕੂਮਤ ਵਿਰੁੱਧ ਬੋਲਣ ਦੀ ਬਜਾਏ ਕਾਰਨਾਮੇ ਹੀ ਕਰਨੇ ਚਾਹੀਦੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨਾ ਕੋਈ ਕੁਸਕਦਾ ਹੈ, ਨਾ ਕਾਰਨਾਮਾ ਹੁੰਦਾ ਹੈ। ਅਸੀਂ ਸਭ ਚੰਗੇ ਜਾਂ ਮਾੜੇ, ਵਿਦਵਾਨ ਤੇ ਜਾਹਲ, ਸਿਆਣੇ ਤੇ ਕਮਲੇ, ਯੋਧੇ ਤੇ ਬੁਜ਼ਦਿਲ, ਕੋਈ ਘੱਟ ਕੋਈ ਵੱਧ, ਸਾਰਿਆਂ ਨੂੰ ਕਾਂਬਾ ਛਿੜ ਜਾਂਦਾ ਹੈ। ਇਹ ਦਹਿਸ਼ਤ ਮਨੁੱਖਾਂ ਨੂੰ ਹਕੂਮਤ ਨਾਲ ਜੋੜੀ ਰੱਖਦੀ ਹੈ।
ਅਜਿਹੀ ਹਕੂਮਤ ਭ੍ਰਿਸ਼ਟ ਬੰਦਿਆਂ ਨੂੰ ਜੱਜ ਨਿਯੁਕਤ ਕਰਦੀ ਹੈ, ਇਮਾਨਦਾਰ ਜੱਜਾਂ ਨੂੰ ਭ੍ਰਿਸ਼ਟ ਕਰਦੀ ਹੈ ਕਿਉਂਕਿ ਜੇ ਜੱਜ ਇਮਾਨਦਾਰ ਰਹਿਣ ਦਿੱਤੇ ਤਾਂ ਉਹ ਪਰਜਾ ਦੀ ਸ਼ਿਕਾਇਤ ਉੱਪਰ ਹਕੂਮਤ ਨੂੰ ਵੀ ਸਜ਼ਾ ਦੇ ਸਕਦੇ ਹਨ। ਹਕੂਮਤ ਹੈ ਹੀ ਭ੍ਰਿਸ਼ਟ, ਤਾਂ ਸਜ਼ਾਯਾਫ਼ਤਾ ਕਿਉਂ ਹੋਵੇ? ਭ੍ਰਿਸ਼ਟ ਦੇਸ਼ ਵਿੱਚ ਸਭ ਤੋਂ ਵੱਡਾ ਸਨਮਾਨਯੋਗ ਬੰਦਾ ਉਹੀ ਹੋਵੇਗਾ ਜਿਹੜਾ ਸਭ ਤੋਂ ਵਧੀਕ ਭ੍ਰਿਸ਼ਟ ਹੈ। ਹਰੇਕ ਜਾਬਰ, ਇਨਸਾਫ਼ ਦਾ ਨਾਮ ਸੁਣ ਕੇ ਕੰਬ ਜਾਂਦਾ ਹੈ, ਇਮਾਨਦਾਰ ਬੰਦਾ ਉਸ ਨੂੰ ਲੱਗਦਾ ਹੈ ਧਰੋਹ ਕਮਾਏਗਾ, ਸਾਜ਼ਿਸ਼ ਰਚੇਗਾ। ਸੱਚ ਸੁਣ ਕੇ ਉਸ ਨੂੰ ਕ੍ਰੋਧ ਚੜ੍ਹ ਜਾਂਦਾ ਹੈ। ਉਹ ਸਾਰਾ ਕਾਰਜਭਾਰ ਉਹਨਾਂ ਬੰਦਿਆਂ ਨੂੰ ਸੰਭਾਲ਼ੇਗਾ ਜਿਹੜੇ ਉਸ ਦੇ ਵਿਸ਼ਵਾਸਪਾਤਰ ਹਨ, ਜੇ ਭ੍ਰਿਸ਼ਟ ਹਨ ਤਾਂ ਕੀ ਹੋਇਆ? ਲੁੱਟਾਂ-ਖੋਹਾਂ ਤੇ ਬਲਾਤਕਾਰਾਂ ਵਿੱਚ ਇਹ ਵਿਸ਼ਵਾਸਪਾਤਰ ਬੰਦੇ ਕੋਈ ਹੱਦ ਬੰਨਾ ਨਹੀਂ ਵੇਖਦੇ।
ਭਲਾ ਤੇ ਇਮਾਨਦਾਰ ਬੰਦਾ ਤਾਂ ਬਾਦਸ਼ਾਹ ਦੇ ਲਾਗੇ ਨਹੀਂ ਲੱਗਦਾ, ਕਿਉਂਕਿ ਨੇਕੀ ਬੜੀ ਜਲਦੀ ਜ਼ਖ਼ਮੀ ਹੁੰਦੀ ਹੈ। ਬਦ-ਇਖ਼ਲਾਕ ਲੋਕ ਉਸ ਦੇ ਦੁਆਲ਼ੇ ਝੁਰਮਟ ਪਾਈ ਰੱਖਦੇ ਹਨ। ਇਹਨਾਂ ਲੋਕਾਂ ਵਿੱਚੋਂ ਦੀ ਰਾਜੇ ਨੇ ਪਰਜਾ ਵੇਖਣੀ ਹੈ। ਸੋ ਇਹੀ ਉਸ ਦੇ ਕੰਨ ਹਨ, ਇਹੀ ਅੱਖਾਂ। ਕਦੀ ਕਦੀ ਕੋਈ ਇਮਾਨਦਾਰ ਰਾਜਾ ਵੀ ਜੇ ਪਰਜਾ ਨੂੰ ਮਿਲ ਜਾਵੇ, ਤਦ ਵੀ ਭ੍ਰਿਸ਼ਟ ਬੰਦੇ ਤੁਰੰਤ ਇਮਾਨਦਾਰੀ ਦਾ ਲਿਬਾਸ ਪਹਿਨ ਲੈਂਦੇ ਹਨ। ਹੌਲ਼ੀ-ਹੌਲ਼ੀ ਰਾਜਾ ਉਹਨਾਂ ਉੱਪਰ ਨਿਰਭਰ ਹੋ ਜਾਂਦਾ ਹੈ। ਵੈਸੇ ਵੀ ਇਮਾਨਦਾਰ ਤੇ ਭਲੇ ਬੰਦੇ ਨਾਲ਼ੋਂ ਭ੍ਰਿਸ਼ਟ ਬੰਦਾ ਵਧੀਕ ਗਤੀਸ਼ੀਲ, ਵਧੀਕ ਚੇਤੰਨ ਤੇ ਵਧੀਕ ਕਾਰਜਸ਼ੀਲ ਹੁੰਦਾ ਹੈ। ਹਕੂਮਤਾਂ ਲਈ ਅਜਿਹੇ ਬੰਦੇ ਰੱਬ ਬਣ ਕੇ ਬਹੁੜਦੇ ਹਨ। ਚੰਗੀ ਸਰਕਾਰ ਵਿੱਚ ਵੀ ਲੋਕ ਡਰਦੇ ਹਨ, ਪਰ ਬੰਦਿਆਂ ਤੋਂ ਨਹੀਂ ਡਰਦੇ, ਕਾਨੂੰਨ ਤੋਂ ਡਰਦੇ ਹਨ। ਚੰਗੀ ਸਰਕਾਰ ਦਾ ਕਾਨੂੰਨ ਦਿਲ ਵਿੱਚ ਡਰ ਤਾਂ ਪੈਦਾ ਕਰਦਾ ਹੈ, ਨਫ਼ਰਤ ਪੈਦਾ ਨਹੀਂ ਕਰਦਾ। ਜ਼ਾਲਮ ਸਰਕਾਰ ਦੇ ਹਰ ਅਮਲ ਵਿੱਚ ਘਿਰਣਾ ਦੇ ਅੰਸ਼ ਮਿਲੇ ਹੁੰਦੇ ਹਨ।
ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜ਼ਾਲਮ ਹਕੂਮਤ ਵਾਸਤੇ ਵੀ ਸਰਹੱਦਾਂ ਉੱਪਰ ਬਹਾਦਰੀ ਨਾਲ ਲੋਕ ਜਾਨਾਂ ਕਿਉਂ ਨਿਛਾਵਰ ਕਰ ਦਿੰਦੇ ਹਨ? ਇਸ ਦਾ ਉੱਤਰ ਇਹ ਹੈ ਕਿ ਬੁਜ਼ਦਿਲੀ ਅਕਸਰ ਬਹਾਦਰੀ ਦਾ ਲਿਬਾਸ ਪਹਿਨ ਲੈਂਦੀ ਹੈ। ਨਾ ਲੜਨਾ ਚਾਹੁਣ ਵਾਲ਼ਾ ਸਿਪਾਹੀ, ਸਾਮ੍ਹਣੇ ਦੁਸ਼ਮਣ ਹਮਲਾਵਰ ਨੂੰ ਵੇਖ ਕੇ ਰੋਹ ਵਿੱਚ ਆ ਜਾਂਦਾ ਹੈ। ਇਹ ਆਮ ਮਨੁੱਖੀ ਸੁਭਾਅ ਹੈ। ਦੂਜਾ ਇਹ ਕਿ ਜੰਗੀ ਭਗੌੜੇ ਨੂੰ ਤਾਂ ਉਸ ਦੀ ਆਪਣੀ ਸੈਨਾ ਵੀ ਜਿਊਂਦਾ ਨਹੀਂ ਛੱਡਦੀ। ਸਾਮ੍ਹਣੇ ਦੁਸ਼ਮਣ ਹੈ, ਉਸ ਨਾਲ ਲੜਨਾ, ਜਿੱਤਣਾ ਜਾਂ ਮਰਨਾ ਸਨਮਾਨਯੋਗ ਹੈ; ਪਿੱਛੇ ਆਪਣੀ ਫ਼ੌਜ ਹੈ ਹਥਿਆਰਬੰਦ, ਉਸ ਹੱਥੋਂ ਵੀ ਮੌਤ ਹੋਵੇਗੀ ਪਰ ਅਪਮਾਨਿਤ ਮੌਤ। ਜੇ ਨਤੀਜਾ ਮੌਤ ਹੈ ਤਾਂ ਸਨਮਾਨਯੋਗ ਮੌਤ ਕਿਉਂ ਨਾ ਮਰੀਏ? ਬੁਜ਼ਦਿਲ ਸਿਪਾਹੀ ਦਾ ਵੀ ਇਹੀ ਤਰਕ ਹੋਵੇਗਾ। ਦੇਸ਼ ਪਿਆਰ ਕਿੱਥੇ ਹੈ ਇੱਥੇ?
ਆਮ ਆਦਮੀ ਏਨਾ ਬੁਜ਼ਦਿਲ ਨਹੀਂ ਹੁੰਦਾ ਜਿੰਨੇ ਦਰਬਾਰ ਵਿਚਲੇ ਅਫ਼ਸਰ। ਇਹ ਅਫ਼ਸਰ ਆਪਣੀ ਬੁਜ਼ਦਿਲੀ ਨੂੰ ਕਦੀ ਹੁਕਮਰਾਨ ਨਾਲ ਪਿਆਰ ਦਾ ਨਾਮ ਦਿੰਦੇ ਹਨ, ਕਦੀ ਸਤਿਕਾਰ, ਕਦੀ ਵਫ਼ਾਦਾਰੀ ਦਾ ਨਾਮ। ਸੁਤੰਤਰ ਮਨੁੱਖ ਤਾਂ ਰਾਜੇ ਦੇ ਸਾਮ੍ਹਣੇ ਆਉਣ ਲਈ ਤਿਆਰ ਨਹੀਂ, ਕਿਉਂਕਿ ਉਸ ਦੀ ਅਣਖ ਜ਼ਖ਼ਮੀ ਹੋ ਸਕਦੀ ਹੈ। ਮਹਿਲਾਂ ਅੰਦਰ ਸਿਰੇ ਦੇ ਬੁਜ਼ਦਿਲ ਸਿਰ ਝੁਕਾਈ, ਹੱਥ ਬੰਨ੍ਹੀ, ਤਾਬਿਆਦਾਰੀ ਵਿੱਚ ਲੀਨ ਹਨ, ਪਰ ਬਾਹਰ ਆ ਕੇ ਹੋਰਾਂ ਉੱਪਰ ਉਹ ਖੂਬ ਰੋਹਬਦਾਬ ਪਾਉਂਦੇ ਹਨ। ਹੁਕਮਰਾਨ ਇਕੱਲਾ ਹੈ, ਪਰਜਾ ਬਹੁਗਿਣਤੀ ਵਿੱਚ ਹੈ, ਸੋ ਉਸ ਦੇ ਹਿਤ ਬਹੁਗਿਣਤੀ ਦੇ ਹਿਤਾਂ ਨਾਲ ਟਕਰਾਉਣਗੇ। ਹਕੂਮਤ ਨੂੰ ਉਹ ਬੰਦੇ ਚਾਹੀਦੇ ਹਨ ਜਿਹੜੇ ਰਾਜੇ ਦੀ ਹਮਾਇਤ ਵਿੱਚ ਬਹੁਗਿਣਤੀ ਦੇ ਖ਼ਿਲਾਫ਼ ਹੋਣ। ਅਜਿਹੇ ਬੰਦਿਆਂ ਨੂੰ ਇਨਾਮ ਮਿਲਦੇ ਹਨ। ਜਿਹੜਾ ਬੰਦਾ ਬਹੁਤਿਆਂ ਦਾ ਭਲਾ ਕਰਨ ਲਈ ਯਤਨਸ਼ੀਲ ਹੋਵੇ, ਹਕੂਮਤਾਂ ਉਸ ਨੂੰ ਸਜ਼ਾਵਾਂ ਦੇਣਗੀਆਂ। ਇੱਕ ਇਮਾਨਦਾਰ ਬੰਦਾ ਵੀਹਾਂ ਬੇਈਮਾਨਾਂ ਦੀ ਨੀਂਦ ਹਰਾਮ ਕਰੇਗਾ, ਫਿਰ ਉਸ ਨੂੰ ਖ਼ਾਹਮਖ਼ਾਹ ਬਰਦਾਸ਼ਤ ਕੀਤਾ ਜਾਵੇ? ਹਕੂਮਤਾਂ ਮੂਰਖ ਨਹੀਂ ਹਨ ਭਾਈ!
ਮੈਂ ਜ਼ਾਲਮ ਰਾਜੇ ਨੂੰ ਆਪਣੀ ਪਰਜਾ ਕਤਲ ਕਰਦਿਆਂ ਵੇਖਿਆ ਹੈ, ਪੂਰੇ ਸ਼ਹਿਰ ਨੂੰ ਅੱਗ ਲਾ ਕੇ ਸੁਆਹ ਦਾ ਢੇਰ ਬਣਾਉਂਦਿਆਂ ਵੇਖਿਆ ਹੈ ਤੇ ਫਿਰ ਇਹ ਵੀ ਵੇਖਿਆ ਹੈ ਕਿ ਉਹ ਪਾਦਰੀ ਕੋਲ ਪ੍ਰਾਚਸ਼ਿਤ ਕਰਨ ਗਿਆ ਤੇ ਪਾਦਰੀ ਨੇ ਉਸ ਦੇ ਅਪਰਾਧ ਮਾਫ਼ ਕਰ ਦਿੱਤੇ। ਮੈਂ ਨਹੀਂ ਵੇਖਿਆ ਕੈਥੋਲਿਕ ਮਤ ਨੇ ਕਿਸੇ ਵਿਅਕਤੀ ਨੂੰ ਸੁਤੰਤਰ ਰਹਿਣ ਦਿੱਤਾ ਹੋਵੇ। ਰਾਜਿਆਂ ਨੇ ਆਪਣੀਆਂ ਪਤਨੀਆਂ, ਭਰਾ, ਭੈਣ ਤੇ ਮਾਪੇ ਕਤਲ ਕੀਤੇ, ਨਿਰਸੰਦੇਹ, ਖ਼ੁਦ ਵੀ ਪਿੱਛੋਂ ਤਲਵਾਰ ਦੀ ਭੇਟ ਚੜ੍ਹ ਗਏ, ਕਿਉਂਕਿ ਉਹਨਾਂ ਦੀ ਕਿਸਮਤ ਇਹੋ ਸੀ, ਪਰ ਇਹ ਦੱਸੋ ਕਿਸੇ ਪੁਜਾਰੀ ਤੋਂ ਲੈ ਕੇ ਪੋਪ ਤਕ ਕਿਸੇ ਨੇ ਉਹਨਾਂ ਨੂੰ ਲਾਹਨਤ ਪਾਈ ਜਾਂ ਉਹਨਾਂ ਵਿਰੁੱਧ ਫ਼ਤਵਾ ਦਿੱਤਾ? ਚੋਰ ਅਤੇ ਕੁੱਤੀ ਹਮੇਸ਼ਾ ਰਲ਼ੇ ਰਹੇ।
ਮਾਣ ਸਨਮਾਨ ਕੀ ਹੁੰਦਾ ਹੈ ਭਲਾ? ਇਸ ਦੀ ਪਰਿਭਾਸ਼ਾ ਹੈ ਤਾਂ ਔਖੀ ਪਰ ਕੁਝ ਕੁ ਠੀਕ ਇਹ ਹੈ, “ਮਨੁੱਖ ਦੀ ਤੀਬਰ ਲੋਚਾ ਅਤੇ ਹੱਕ, ਕਿ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਉਸ ਨੂੰ ਦਿਲੋਂ ਪਿਆਰ ਕਰਨ।” ਧਿਆਨ ਨਾਲ ਕਦੀ ਵੇਖਣਾ ਕਿ ਕੀ ਕਿਸੇ ਹਕੂਮਤ ਵੱਲੋਂ ਦਿੱਤਾ ਸਨਮਾਨ ਚਿਰ ਸਥਾਈ ਹੋ ਸਕਿਆ ਹੈ? ਲੋਕ ਨੇਕੀ ਨੂੰ, ਉਦਾਰਤਾ ਨੂੰ, ਇਮਾਨਦਾਰੀ ਨੂੰ ਪਿਆਰ ਕਰਦੇ ਹਨ। ਇਹੀ ਕਾਰਨ ਹੈ ਕਿ ਸਦੀਆਂ ਤਕ ਮਾਣ-ਸਨਮਾਨ ਉਹਨਾਂ ਯੋਧਿਆਂ ਨੂੰ ਮਿਲਿਆ ਹੈ, ਜਿਹੜੇ ਹਕੂਮਤ ਦੇ ਪੱਖ ਦੀ ਥਾਂ ਹਕੂਮਤ ਦੇ ਵਿਰੁੱਧ ਲੜੇ, ਜ਼ਲੀਲ ਹੋਏ, ਬਰਬਾਦ ਹੋਏ ਤੇ ਮਰ ਗਏ। ਸਨਮਾਨ ਦੇ ਹੱਕਦਾਰ ਸਹੀ ਮਨੁੱਖ ਇਹੀ ਹਨ। ਇਸ ਪਰਿਭਾਸ਼ਾ ਪੱਖੋਂ ਪੁਰਾਤਨ ਯੂਨਾਨੀ ਅਤੇ ਰੋਮਨ ਨਾਗਰਿਕ ਸਨਮਾਨਯੋਗ ਸਨ ਤੇ ਅੱਜ ਸਾਰੇ ਯੂਰਪ ਵਿੱਚ ਇਹ ਵਡਿੱਤਣ ਕੇਵਲ ਅੰਗਰੇਜ਼ਾਂ ਕੋਲ ਹੈ ਜਿਹੜੇ ਆਪਣੀ ਹਕੂਮਤ ਦੀਆਂ ਗ਼ਲਤੀਆਂ ਕਾਰਨ ਉਸ ਨੂੰ ਝਿੜਕ ਦਿੰਦੇ ਹਨ। ਲੋਕਤੰਤਰ ਵਿੱਚ ਵੀ ਜ਼ੁਲਮ ਹੁੰਦਾ ਹੈ ਤੇ ਹਥਿਆਰ ਵੀ ਉਹੀ ਹਨ ਤਾਨਾਸ਼ਾਹਾਂ ਵਾਲ਼ੇ, ਪਰ ਇੱਥੇ ਇੱਕ ਤਾਂ ਤਾਕਤ ਵੰਡੀ ਹੋਈ ਹੁੰਦੀ ਹੈ ਤੇ ਦੂਜੇ ਕੇਵਲ ਇੱਕ ਖ਼ਾਸ ਸਮੇਂ ਲਈ ਸਰਕਾਰ ਬਣਦੀ ਹੈ, ਇਸ ਕਰ ਕੇ ਜ਼ੁਲਮ ਦੀ ਮਾਤਰਾ ਘੱਟ ਹੋ ਜਾਂਦੀ ਹੈ।
ਜ਼ਾਲਮ ਰਾਜੇ ਦੀ ਪਰਜਾ ਦੇ ਅਮੀਰ ਗ਼ਰੀਬ ਸਾਰੇ ਵਿਆਹ ਕਰਵਾਉਂਦੇ ਹਨ। ਅਮੀਰਾਂ ਦੀ ਤਾਂ ਕਹਾਣੀ ਸਮਝ ਵਿੱਚ ਆਉਂਦੀ ਹੈ ਕਿ ਉਹਨਾਂ ਦੀ ਨਾਜਾਇਜ਼ ਜਾਇਦਾਦ ਐਰ-ਗ਼ੈਰ ਸੰਭਾਲਣਗੇ, ਇਸ ਲਈ ਵਿਆਹ ਕਰਵਾਓ। ਪਰ ਗ਼ਰੀਬ ਅਜਿਹਾ ਕਿਉਂ ਕਰਦੇ ਹਨ? ਗ਼ਰੀਬ ਕਿਉਂ ਹੋਰ ਗ਼ਰੀਬ ਅਤੇ ਗ਼ੁਲਾਮ ਪੈਦਾ ਕਰਨ ਹਿਤ ਵਿਆਹ ਕਰਵਾਉਂਦੇ ਹਨ? ਇਸ ਦਾ ਸਿੱਧਾ ਉੱਤਰ ਇਹੀ ਲੱਗਦਾ ਹੈ ਕਿ ਗ਼ਰੀਬ ਅਤੇ ਗ਼ੁਲਾਮ ਦੀ ਅਕਲ ਪੂਰੀ ਤਰ੍ਹਾਂ ਨਕਾਰੀ ਹੋ ਚੁੱਕੀ ਹੈ। ਉਸ ਨੂੰ ਪਤਾ ਹੀ ਨਹੀਂ ਹੁੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ। ਪਰ ਕੁਦਰਤ ਦੀ ਸ਼ਾਇਦ ਕੋਈ ਹੋਰ ਮਨਸ਼ਾ ਹੋਵੇ। ਕੁਦਰਤ ਹਰੇਕ ਜ਼ਾਲਮ ਹਕੂਮਤ ਤੋਂ ਉੱਪਰ ਹੈ, ਇਸ ਕਰ ਕੇ ਕੁਦਰਤ ਗ਼ਰੀਬਾਂ ਤੇ ਗ਼ੁਲਾਮਾਂ ਤੋਂ ਸ਼ਾਇਦ ਕੋਈ ਕੰਮ ਲੈਣ ਦੀ ਇਛੁੱਕ ਹੋਵੇ, ਸ਼ਾਇਦ ਕੁਦਰਤ ਗ਼ਰੀਬਾਂ ਦੇ ਬੱਚਿਆਂ ਰਾਹੀਂ ਨੇਕੀ ਕਰਵਾਏ ਤੇ ਸੁਤੰਤਰਤਾ ਤੋਂ ਵੱਡੀ ਨੇਕੀ ਹੋਰ ਕੋਈ ਨਹੀਂ। ਕਦੀ ਕਦੀ ਗ਼ਰੀਬਾਂ ਅਤੇ ਗ਼ੁਲਾਮਾਂ ਨੂੰ ਇਹਨਾਂ ਗੱਲਾਂ ਦੀ ਸਮਝ ਪੈ ਜਾਂਦੀ ਹੈ, ਤਾਂ ਵੀ ਮੈਂ ਹਿਸਾਬੀ ਤਕੜਾ ਹਾਂ। ਮੈਨੂੰ ਪਤਾ ਨਹੀਂ ਲੱਗਦਾ ਗ਼ੁਲਾਮ ਕਿਉਂ ਵਿਆਹ ਕਰਵਾ ਲੈਂਦੇ ਹਨ। ਗ਼ੁਲਾਮ ਦੀ ਇਹ ਇੱਛਾ ਤਾਂ ਠੀਕ ਹੈ ਕਿ ਪਤਨੀ ਦੇ ਰੂਪ ਵਿੱਚ ਉਸ ਦਾ ਸਾਥੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਮੌਤ ਤੋਂ ਇਲਾਵਾ ਕੋਈ ਖੋਹ ਨਾ ਸਕੇ, ਪਰ ਗ਼ੁਲਾਮ ਨੂੰ ਇਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਨਾਜਾਇਜ਼ ਢੰਗਾਂ ਨਾਲ ਹਕੂਮਤ ਉਸ ਦੀ ਪਤਨੀ ਨੂੰ ਬੇਵਫ਼ਾ ਵੀ ਕਰ ਸਕਦੀ ਹੈ, ਖੋਹ ਵੀ ਸਕਦੀ ਹੈ, ਬਲਾਤਕਾਰ ਵੀ ਕਰ ਸਕਦੀ ਹੈ। ਸਪੇਨ ਵਿੱਚ ਇਕ ਬਲਾਤਕਾਰ ਹੋਇਆ ਸੀ ਤੇ ਨਤੀਜਾ ਨਿਕਲਿਆ ਸੀ ਕਿ ਸਪੇਨ ਉੱਪਰ ਇਸੇ ਘਟਨਾ ਸਦਕਾ ਵਿਦੇਸ਼ੀ ਰਾਜ ਕਾਇਮ ਹੋ ਗਿਆ ਸੀ।
“ਅਮੀਰਾਂ ਅਤੇ ਅਫ਼ਸਰਾਂ ਦੀਆਂ ਔਰਤਾਂ ਨਾਲ ਬਲਾਤਕਾਰ ਨਹੀਂ ਹੋਇਆ ਕਰਦੇ। ਓਥੇ ਸਭ ਕੁਝ ਸਹਿਮਤੀ ਨਾਲ ਹੋ ਜਾਂਦਾ ਹੈ। ਇਹ, ਜਿਸ ਨੂੰ ਅਸੀਂ ਸਭ ਤੋਂ ਵੱਡੀ ਬੇਇੱਜ਼ਤੀ ਸਮਝਦੇ ਹਾਂ, ਅਫ਼ਸਰ ਇਸ ਨੂੰ ਆਪਣੀ ਸ਼ਾਨ ਸਮਝਦੇ ਹਨ। ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਹਾਂ, ਤੁਸੀਂ ਹੱਸੋਗੇ ਇਹ ਸੁਣ ਕੇ ਜੇ ਬਾਦਸ਼ਾਹ ਕਿਸੇ ਮਤਹਿਤ ਦੀ ਔਰਤ ਨਾਲ ਕੋਈ ਖੁੱਲ੍ਹ ਲੈ ਲਵੇ ਤੇ ਉਹ ਮਤਹਿਤ ਇਸ ਗੱਲ ਦਾ ਬੁਰਾ ਮਨਾਵੇ ਤੇ ਬਦਲਾ ਲੈਣ ਦੀ ਸੋਚੇ, ਬਦਲਾ ਲੈਣ ਦਾ ਤੇ ਬਾਦਸ਼ਾਹ ਨੂੰ ਨੀਵਾਂ ਵਿਖਾਉਣ ਦਾ ਯਤਨ ਕਰੇ ਤਾਂ ਸਿਆਣੇ ਲੋਕ ਉਸ ਨੂੰ ਸਿੱਧਰਾ, ਗੱਦਾਰ ਤੇ ਪਾਗਲ ਕਰਾਰ ਦੇਣਗੇ, ਕਿਉਂਕਿ ਸਿਆਣੇ ਲੋਕਾਂ ਨੂੰ ਪਤਾ ਹੈ ਕਿ ਉਸ ਨੂੰ ਬਾਦਸ਼ਾਹ ਨੇ ਜੋ ਅੱਯਾਸ਼ੀਆਂ ਕਰਨ ਦੇ ਅਧਿਕਾਰ ਦੇ ਰੱਖੇ ਸਨ, ਉਹ ਇਸ ਕਰ ਕੇ ਥੋੜ੍ਹੇ ਸਨ ਕਿ ਇਹ ਬੰਦਾ ਬਾਕੀਆਂ ਤੋਂ ਉੱਤਮ ਸੀ? ਬਥੇਰੇ ਉਸ ਤੋਂ ਵਧੀਆ ਬੰਦੇ ਉਸ ਅਫ਼ਸਰੀ ਤੋਂ ਵੰਚਿਤ ਕੀਤੇ ਗਏ ਸਨ, ਜਿਹੜੇ ਉਸ ਆਫ਼ਿਸ ਲਈ ਵਧੇਰੇ ਯੋਗ ਸਨ। ਫਿਰ ਤਿਲਮਿਲਾਉਣ ਦੀ ਥਾਂ ਕਿੱਥੇ ਰਹੀ? ਉਂਝ ਜਿਹੜੀਆਂ ਗੱਲਾਂ ਮੈਂ ਲਿਖ ਰਿਹਾ ਹਾਂ, ਇਹਨਾਂ ਬਾਰੇ ਸੋਚਦਿਆਂ ਤੇ ਲਿਖਦਿਆਂ ਮੈਨੂੰ ਕਾਂਬਾ ਛਿੜ ਰਿਹਾ ਹੈ।”
1803 ਵਿੱਚ ਜਦੋਂ ਅਲਫਾਇਰੀ ਦੀ ਮੌਤ ਹੋਈ, ਉਦੋਂ ਤਕ ਉਹ ਵੀਹ ਦੁਖਾਂਤ ਨਾਟਕ, ਛੇ ਸੁਖਾਂਤ, ਪੰਜ ਦਾਰਸ਼ਨਿਕ ਕਿਤਾਬਾਂ, ਕੁਝ ਕਵਿਤਾਵਾਂ, ਸਵੈਜੀਵਨੀ ਅਤੇ ਯੂਨਾਨੀ ਲਾਤੀਨੀ ਭਾਸ਼ਾਵਾਂ ਵਿੱਚੋਂ ਕੁਝ ਚੰਗੀਆਂ ਰਚਨਾਵਾਂ ਅਨੁਵਾਦ ਕਰ ਚੁੱਕਾ ਸੀ। ਉਸ ਨੇ ਸਟਾਲਬਰ ਦੀ ਰਾਜਕੁਮਾਰੀ ਲਾਊਜ਼ੀ ਨਾਲ ਇਸ਼ਕ ਕੀਤਾ, ਪਰ ਵਿਆਹ ਨਹੀਂ ਕਰਵਾਇਆ। ਉਸ ਨੂੰ ਸਾਂਤਾ-ਕਰੋਚੇ ਗਿਰਜੇ ਵਿੱਚ ਦਫ਼ਨਾਇਆ ਗਿਆ। ਇਹ ਗਿਰਜਾ ਇਟਲੀ ਦਾ ਸਭ ਤੋਂ ਪ੍ਰਸਿੱਧ ਚਰਚ ਹੈ। ਮਾਈਕਲ ਐਂਜਲੋ ਅਤੇ ਮੈਕਿਆਵਲੀ ਵੀ ਇੱਥੇ ਦਫ਼ਨਾਏ ਗਏ ਸਨ। ਇਸ ਲੇਖਕ ਦੀ ਯਾਦਗਰ ਕੈਨੋਵਾ ਨੇ ਬਣਾਈ। ਅਲਫਾਇਰੀ ਦੀ ਯਾਦਗਰ ਵਿੱਚ ਵਿਖਾਇਆ ਗਿਆ ਹੈ ਕਿ ਇਟਲੀ ਉਸ ਪਿੱਛੋਂ ਕਿੰਨਾ ਉਦਾਸ ਹੈ। ਜਿਸ ਕੁੜੀ ਨੇ ਉਦਾਸ ਇਟਲੀ ਦੇ ਬੁੱਤ ਵਜੋਂ ਮਾਡਲ ਬਣਨ ਦੀ ਪੇਸ਼ਕਸ਼ ਕੀਤੀ, ਉਹ ਅਲਬਾਨੀਆਂ ਦੀ ਰਾਜਕੁਮਾਰੀ ਸੀ। ਜਿਸ ਅਲਫਾਇਰੀ ਨੇ ਰਾਜਿਆਂ ਅਤੇ ਰਾਜਕੁਮਾਰਾਂ ਦੇ ਡਟ ਕੇ ਖ਼ਿਲਾਫ਼ ਲਿਖਿਆ ਤੇ ਗ਼ੁਲਾਮ ਪਰਜਾ ਨੂੰ ਰੱਜ ਕੇ ਕੋਸਿਆ, ਫਿਟਕਾਰਿਆ, ਉਸ ਨੂੰ ਰਾਜਿਆਂ ਨੇ ਅਤੇ ਪਰਜਾ ਨੇ ਰੱਜ ਕੇ ਪਿਆਰ ਕੀਤਾ। ਉਹ ਆਪ ਲਿਖਦਾ ਹੈ: “ਮੇਰੇ ਜਿਹੇ ਘੱਟ ਮਿਲਣਗੇ।”
*****
Wikipedia:
Vittorio Alfieri painted by David's pupilFrançois-Xavier Fabre, in Florence 1793.
Count Vittorio Alfieri (16 January 1749 – 8 October 1803) was an Italian dramatist and poet, considered the "founder of Italian tragedy."
**
(928)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)