HarpalSPannu7ਮੈਂ ਬੇਵਕੂਫ ਇਆਂ ਕੋਈਸੱਠਾਂ ਵਰ੍ਹਿਆਂ ਦਾ ਤਜਰਬਾ ਇਆ ਮੇਰਾ ...
(2 ਜੁਲਾਈ 2018)

 


ਖੇਤ ਵਿਚ ਖੂਹ ਖੋਦਣਾ ਸੀ
, ਇਸ ਵਾਸਤੇ ਉੱਚ ਕੋਟੀ ਦਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਮ ਦਾ ਮਾਹਿਰ ਇਨ੍ਹੀਂ ਦਿਨੀ ਕਕਰਾਲੇ ਪਿੰਡ ਵਿਚ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ, ਕਹਿੰਦਾ ਮਹੀਨਾ ਇੱਥੇ ਲੱਗੇਗਾ ਫਿਰ ਆਕੇ ਲੈ ਜਾਇਓ। ਸਾਈ ਫੜਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ।

ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸਨੂੰ ਪਖੀਰੀਆ ਕਹਿਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ।

ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁੱਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?

ਪੱਕਾ ਰੰਗ, ਫਕੀਰੀਆ ਦਰਮਿਆਨੇ ਕੱਦ ਦਾ, ਕੁਝ ਕੁ ਕੁੱਬਾ, ਲੰਗ ਮਾਰ ਕੇ ਤੁਰਦਾ ਸੀ। ਹੱਥ ਵਿਚ ਡੇਢ ਕੁ ਫੁੱਟ ਦੀ ਨਿੱਕੀ ਜਿਹੀ ਹੁੱਕੀ ਹਰ ਵਕਤ ਰੱਖਦਾ। ਜਦੋਂ ਤੁਰਦਾ, ਖੱਬਾ ਮੋਢਾ ਹੇਠਾਂ ਝੁਕਣ ਵੇਲੇ ਹੁੱਕੀ ਸੱਜੇ ਪਾਸੇ ਉੱਪਰ ਨੂੰ ਉੱਠਦੀ। ਸਾਨੂੰ ਤਾਂ ਉਸਦੀ ਚਾਲ ਹੀ ਨਿਹਾਲ ਕਰ ਦਿੰਦੀ, ਸਾਰੇ ਬੱਚੇ ਖੂਬ ਹੱਸਦੇ। ਮੈਂ ਸੋਚਦਾ, ਹੀਰ ਦਾ ਚਾਚਾ ਕੈਦੋ ਹੂਬਹੂ ਇਹੋ ਜਿਹਾ ਹੋਣਾ।

ਫਕੀਰੀਏ ਦੀ ਆਵਾਜ਼ ਭਾਰੀ ਅਤੇ ਰੇਡੀਓ ਵਿਚ ਖ਼ਬਰਾਂ ਪੜ੍ਹਨ ਵਾਲੇ ਵਾਂਗ ਦਾਣੇਦਾਰ। ਬੋਲੀ ਤੋਂ ਅਸੀਂ ਸਮਝ ਗਏ ਪਾਕਿਸਤਾਨੋ ਆਇਆ ਰਫੂਜੀ ਹੈ। ਅਗਲੇ ਦਿਨ ਖੇਤ ਦਾ ਦੌਰਾ ਕਰਕੇ ਪਤਾ ਕਰਨਾ ਸੀ ਕਿੱਥੇ ਖੂਹ ਖੋਦਣਾ ਹੈ। ਐਤਵਾਰ ਹੋਣ ਕਰਕੇ ਅਸੀਂ ਵੀ ਖੇਤ ਵੱਲ ਭੱਜੇ। ਸਰਵੇਖਣ ਕਰਕੇ ਫਕੀਰੀਏ ਨੇ ਇਕ ਥਾਂ ਸੋਟੀ ਗੱਡਦਿਆਂ ਕਿਹਾ- ਇੱਥੇ, ਇੱਥੇ ਟੱਕ ਲਾਓ। ਮੇਰਾ ਚਾਚਾ ਕਹਿਣ ਲੱਗਾ, ਤਿੰਨ ਘਰਾਂ ਦੀ ਜਮੀਨ ਹੈ ਇਹ, ਏਸ ਸਾਰੇ ਟੱਕ ਦੇ ਐਨ ਵਿਚਕਾਰ ਖੂਹ ਖੋਦਣਾ ਠੀਕ ਰਹੇਗਾ। ਖੰਘੂਰਾ ਮਾਰ ਕੇ ਫਕੀਰੀਆ ਬੋਲਿਆ- ਮੈਨੂੰ ਕਾਸ ਲਈ ਲੈਕੇ ਆਇਆ ਸੈਂ ਤੂੰ ਜੇ ਤੈਨੂੰ ਈ ਪਤਾ ਸੀ ਖੂਹ ਕਿੱਥੇ ਖੋਦਣਾ ਹੈ? ਜਿੱਥੇ ਪਾਣੀ ਹੈ ਈ ਨੀ, ਮੈਂ ਪਾਗਲ ਇਆਂ ਉੱਥੇ ਨਿਸ਼ਾਨੀ ਲਾ ਦਿਆਂ?

ਅਰਦਾਸ ਕਰਕੇ ਖੁਦਾਈ ਸ਼ੁਰੂ ਹੋ ਗਈ। ਉਹ ਸਿੱਖ ਅਰਦਾਸ ਨਹੀਂ ਸੀ, ਮਾਲਵੇ ਦੀ ਲੋਕ-ਅਰਦਾਸ ਸੀ ਜਿਹੜੀ ਮੇਰੇ ਬਾਪੂ ਜੀ ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਜੁਤੇ ਹਲ ਪਿੱਛੇ ਖਲੋ ਕੇ ਕਰਦੇ- ਸੱਚੇ ਪਾਤਸ਼ਾਹ, ਜਿਹੜੀ ਬਿਜਾਈ ਕਰਨ ਲੱਗਾਂ, ਫਸਲ ਪੱਕੇਗੀ ਤਾਂ ਅੰਨ ਦਾਣਾ ਮੁਸਾਫਰ, ਫਕੀਰ, ਮੰਗਤੇ, ਦਾਤੇ, ਮਹਿਮਾਨ, ਮੇਜ਼ਬਾਨ, ਚਿੜੀ ਜਨੌਰ ਸਭ ਵੰਡਾਉਣਗੇ। ਮੇਰੇ ਕਰਮਾਂ ਕਰਕੇ ਨਹੀਂ ਇਨ੍ਹਾਂ ਸਾਰਿਆਂ ਦੇ ਕਰਮਾਂ ਕਰਕੇ ਫਸਲ ਨੇਪਰੇ ਚਾੜ੍ਹੀਂ ਮਹਾਰਾਜ। - ਮਿੱਟੀ ਮੱਥੇ ਲਾ ਕੇ ਬਿਜਾਈ ਸ਼ੁਰੂ ਕਰਦੇ। ਇਸੇ ਤਰ੍ਹਾਂ ਟੱਕ ਲਾਉਣ ਤੋਂ ਪਹਿਲਾਂ ਪਾਣੀ ਦੇ ਹਿੱਸੇਦਾਰਾਂ ਦੇ ਨਾਮ ਲਏ ਗਏ।

ਫਕੀਰੀਏ ਵਾਸਤੇ ਬਾਂਸਾਂ ਉੱਪਰ ਘਾਹ ਫੂਸ ਦੀ ਝੋਂਪੜੀ ਬਣਾ ਦਿੱਤੀ, ਅੰਦਰ ਮੰਜੀ, ਪਾਣੀ ਦਾ ਘੜਾ, ਘੜੇ ਉੱਪਰ ਟੂਟੀ ਵਾਲਾ ਕਸੋਰਾ, ਕਸੋਰੇ ਉੱਪਰ ਚੱਪਣ। ਰੋਟੀ ਪਿੰਡੋਂ ਆਉਂਦੀ, ਦਿਨ ਰਾਤ ਫਕੀਰੀਆ ਝੋਂਪੜੀ ਵਿਚ ਰਹਿੰਦਾ। ਇਕ ਉਹ, ਦੂਜੀ ਉਸਦੀ ਸਾਥਣ ਹੁੱਕੀ। ਹੁੱਕੀ ਨਾਲ ਪਤਲੀ ਜਿਹੀ ਸੰਗਲੀ, ਕਿਤੇ ਜਾਂਦਾ ਹੁੱਕੀ ਹੱਥ ਵਿਚ ਫੜਦਾ ਜਾਂ ਮੋਢੇ ਪਿੱਛੇ ਇਸ ਤਰਾਂ ਲਟਕਾਉਂਦਾ ਜਿਵੇਂ ਬੰਦੂਕ ਲਟਕਾਈਦੀ ਹੈ।

ਗਰਮੀਆਂ ਦੀ ਰੁੱਤ, ਅਸੀਂ ਬੱਚੇ ਦਰਖਤਾਂ ਹੇਠ ਖੇਡ ਰਹੇ ਸਾਂ। ਦੇਖਿਆ, ਫਕੀਰੀਆ ਸਿਖਰ ਦੁਪਹਿਰ ਰੋਟੀ ਖਾਕੇ ਘੂਕ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਹੈ। ਇਕ ਬੱਚਾ ਕਹਿੰਦਾ- ਉਏ ਉਸਤਾਦ ਸੁੱਤਾ ਪਿਐ, ਹੁੱਕੀ ਪੀਈਏ? ਸਾਰੇ ਤਿਆਰ। ਜੀ ਮੇਰਾ ਵੀ ਕੀਤਾ ਪਰ ਬਾਪੂ ਦੀਆਂ ਚਪੇੜਾਂ ਤੋਂ ਡਰ ਗਿਆ। ਮਾਂ ਨੇ ਦੱਸਿਆ ਸੀ- ਹੁੱਕੇ ਨੂੰ ਹੱਥ ਲੱਗ ਜਾਵੇ ਤਾਂ ਬੰਦਾ ਭਿੱਟਿਆ ਜਾਂਦਾ ਹੈ। ਗੰਗਾਜਲ ਦੇ ਛਿੱਟੇ ਮਾਰੋ ਤਾਂ ਮਸਾਂ ਭਿੱਟ ਲਹਿੰਦੀ ਹੈ।

ਮੈਂ ਥਾਂਈਂ ਬੈਠਾ ਰਿਹਾ, ਸੰਗੀ ਸਾਥੀ ਝੋਂਪੜੀ ਵਿਚ ਜਾਕੇ ਸੂਟੇ ਲਾਉਣ ਲੱਗੇ। ਕੁੱਝ ਦੇਰ ਬਾਦ ਹੱਥੋਪਾਈ ਵੀ ਹੋਣ ਲੱਗੀ, ਉਏ ਤੂੰ ਇੰਨੇ ਸੂਟੇ ਲਾ ਲਏ ਹੁਣ ਮੈਨੂੰ ਵੀ ਦੇ। ਹੁੱਕੀ ਵਿਚ ਅੱਗ ਵੀ ਹੈ ਸੀ ਕਿ ਨਹੀਂ, ਪਤਾ ਨਹੀਂ, ਬਸ ਗੁੜ-ਗੁੜ, ਗੁੜ-ਗੁੜ ਦੀ ਆਵਾਜ਼ ਉਨ੍ਹਾਂ ਨੂੰ ਅਨੰਦ ਦੇਈ ਗਈ। ਇਸ ਖੋਹ ਖਿੰਜ ਦੌਰਾਨ ਫਕੀਰੀਏ ਦੀ ਅੱਖ ਖੁਲ੍ਹ ਗਈ। ਝਟਕਾ ਮਾਰ ਕੇ ਉੱਠਿਆ, ਗਾਲਾਂ ਦੇਣ ਲੱਗਾ- ਹਰਾਮਜ਼ਾਦੇ। ਪਤਾ ਨੀਂ ਕਿਸ ਜਾਤ ਕੁਜਾਤ ਦੇ ਨੇ। ਮੇਰੀ ਹੁੱਕੀ ਭਿੱਟ ਗਏ। ਥੋੜ੍ਹੀ ਦੂਰ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਲੰਗੜੇ ਨੂੰ ਕੀ ਸਮਝਦੇ ਸਨ ਉਹ। ਤਿੱਤਰ ਹੋ ਗਏ। ਉਸਦਾ ਵਾਕ- ਹੁੱਕੀ ਭਿੱਟ ਗਏ, ਸੁਣਕੇ ਮੈਂ ਦੰਗ ਰਹਿ ਗਿਆ। ਕੋਈ ਜਾਤ ਇਸ ਤਰ੍ਹਾਂ ਦੀ ਮਾੜੀ ਹੁੰਦੀ ਹੈ ਜਿਸ ਦੀ ਛੁਹ ਨਾਲ ਹੁੱਕੀ ਵੀ ਭਿੱਟੀ ਜਾ ਸਕਦੀ ਹੈ?

ਮੈਨੂੰ ਫਕੀਰੀਆ ਕਹਿੰਦਾ- ਜੁਆਨਾ ਪਾਣੀ ਦਾ ਡੋਲੂ ਭਰਕੇ ਲਿਆ ਗਵਾਂਢੀਆਂ ਦੇ ਖੂਹ ਤੋਂ, ਘੜੇ ਵਿੱਚੋਂ ਮੁੱਕ ਗਿਐ। ਮੈਂ ਪੁੱਛਿਆ- ਤਾਇਆ ਮੈਨੂੰ ਤੂੰ ਕੁਸ਼ ਨੀ ਕਿਹਾ। ਮੈਂ ਵੀ ਤਾਂ ਸ਼ਰਾਰਤੀ ਬੱਚਿਆਂ ਵਿਚ ਹੋ ਸਕਦਾ ਸੀ? ਉਹ ਹੱਸਿਆ- ਮੈਂ ਬੇਵਕੂਫ ਇਆਂ ਕੋਈ? ਸੱਠਾਂ ਵਰ੍ਹਿਆਂ ਦਾ ਤਜਰਬਾ ਇਆ ਮੇਰਾ। ਤੂੰ ਉਨ੍ਹਾਂ ਵਿਚ ਹੁੰਦਾ ਫੇਰ ਤੂੰ ਆਰਾਮ ਨਾਲ ਇੱਥੇ ਬੈਠਣਾ ਸੀ? ਉਏ ਪੱਲੇ ਗੱਲ ਬੰਨ੍ਹ ਲੈ ਮੇਰੀ, ਚੋਰ ਭੱਜੇਗਾ, ਸਾਧ ਬੈਠੇਗਾ ਆਰਾਮ ਨਾਲ। ਸਮਝਿਆ ਕਿ ਨਹੀਂ?

*****

(1212)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author