“ਹੋ ਸਕਦਾ ਹੈ ਕਿ ਲੋਕ ਮੈਨੂੰ ਗਾਲਾਂ ਦੇਣ, ਅਕਲ ਤੋਂ ਸੱਖਣਾ, ਸਿਰ ਫਿਰਿਆ ਕਹਿਣ ਪਰ ...”
(20 ਜੁਲਾਈ 2017)
(ਪਾਕਿਸਤਾਨ ਬਣਨ ਦੀ ਸਾਰੀ ਜ਼ਿੰਮੇਵਾਰੀ ਕੀ ਹਿੰਦੂਸਤਾਨੀ ਮੁਸਲਮਾਨਾਂ ਸਿਰ ਹੈ? ਜਿਨ੍ਹਾਂ ਭਾਰਤੀ ਮੁਸਲਮਾਨਾਂ ਨੇ 1945 ਵਿਚ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ, ਜਦੋਂ ਪਾਕਿਸਤਾਨ ਬਣ ਗਿਆ ਉਹ ਸੁੰਨ ਹੋ ਗਏ। ਉਨ੍ਹਾਂ ਦੇ ਪੈਰਾਂ ਹੋਠੋਂ ਜ਼ਮੀਨ ਨਿਕਲ ਗਈ। ਹਿੰਦੂ ਲੀਡਰਾਂ ਨੇ ਜਿਨਾਹ ਦੀ ਦੇਸ ਵੰਡ ਤਜਵੀਜ਼ ਕਿਉਂ ਮੰਨੀ? ਜਿਨ੍ਹਾਂ ਲੋਕਾਂ ਨੇ ਰਾਸ਼ਟਰੀਅਤਾ ਦਾ ਆਧਾਰ ਧਰਮ ਨੂੰ ਨਹੀਂ ਮੰਨਿਆ, ਉਨ੍ਹਾਂ ਨੇ ਧਰਮ ਆਧਾਰਿਤ ਬਟਵਾਰਾ ਕਿਉਂ ਮੰਨ ਲਿਆ? ਰਾਸ਼ਟਰੀ ਲੀਡਰਸ਼ਿੱਪ ਨੇ ਉਨ੍ਹਾਂ ਮੁਸਲਮਾਨਾਂ ਨਾਲ ਧ੍ਰੋਹ ਕਮਾਇਆ ਜਿਹੜੇ ਦੇਸ ਵੰਡ ਦੇ ਖਿਲਾਫ ਸਨ। ਭਾਰਤੀ ਮੁਸਲਮਾਨਾਂ ਅੰਦਰ 1947 ਤੋਂ ਬਾਅਦ ਬੇਗਾਨਗੀ ਦਾ ਯੁਗ ਸ਼ੁਰੂ ਹੁੰਦਾ ਹੈ। - ਸ਼ਾਇਰ, ਅਫਸਾਨਾ ਨਵੀਸ, ਮੁਗਲਿਆਜ਼ਮ ਅਤੇ ਮਹਾਂਭਾਰਤ ਦਾ ਸੰਵਾਦ ਲੇਖਕ ਰਾਹੀ ਮਾਸੂਮ ਰਜ਼ਾ।)
ਮੁੱਦਤ ਪਹਿਲੋਂ ਜਦੋਂ ਨੱਥੂਰਾਮ ਗੋਡਸੇ ਦਾ ਅਦਾਲਤ ਵਿਚ ਦਿੱਤਾ ਇਕਬਾਲੀਆ ਬਿਆਨ ਪੜ੍ਹਿਆ, ਉਦੋਂ ਮੇਰੇ ਮਨ ਵਿਚ ਆਇਆ ਕਿ ਇਸ ਦਾ ਪੰਜਾਬੀ ਵਿਚ ਤਰਜਮਾ ਕਰਕੇ ਛਪਵਾਵਾਂ। ਅਜਿਹਾ ਫੁਰਨਾ ਇਸ ਕਰਕੇ ਨਹੀਂ ਫੁਰਿਆ ਕਿ ਹਲਕੇ ਪੱਧਰ ਦੀ ਉਤੇਜਨਾ ਪੈਦਾ ਕਰਕੇ ਪਾਠਕਾਂ ਦਾ ਮਨੋਰੰਜਨ ਕਰਾਂ। ਗੋਡਸੇ ਦਾ ਇਹ ਬਿਆਨ ਇਕ ਬੰਦੇ ਦਾ ਭਾਸ਼ਣ ਨਹੀਂ ਹੈ, ਇਕ ਵਿਚਾਰਧਾਰਾ ਦੁਨੀਆਂ ਨੂੰ ਦੱਸ ਰਹੀ ਹੈ ਕਿ ਅਸੀਂ ਕਾਫੀ ਭਾਰਤਵਾਸੀ ਮਹਾਤਮਾ ਗਾਂਧੀ ਦੇ ਉਪਾਸ਼ਕ ਨਹੀਂ ਹਾਂ। ਇਹ ਆਰ.ਐੱਸ.ਐੱਸ. ਦੀ ਵਿਚਾਰਧਾਰਾ ਹੈ ਜੋ ਅੱਜ ਵੀ ਗਾਂਧੀਵਾਦ ਵਿਰੁੱਧ ਹੈ।
ਮੈਂ ਕੁੱਝ ਗਾਂਧੀ ਨੂੰ ਪੜ੍ਹਿਆ, ਕੁੱਝ ਗਾਂਧੀ ਬਾਰੇ ਪੜ੍ਹਿਆ ਤਾਂ ਜਾਣਿਆ ਕਿ ਉਹ ਅਦਭੁੱਤ ਸ਼ਖਸੀਅਤ ਸੀ। ਜਿਵੇਂ ਕਈ ਗਰਮ-ਖਿਆਲੀ ਸਿੱਖ ਜਥੇਬੰਦੀਆਂ ਆਖਦੀਆਂ ਹਨ, ਫਿਰਕਾਪ੍ਰਸਤ ਹਿੰਦੂ ਹੋਣਾ ਤਾਂ ਦਰਕਿਨਾਰ ਗਰਮ-ਖਿਆਲੀ ਹਿੰਦੂ ਵਿਅਕਤੀ ਤੇ ਸੰਗਠਨ ਆਖਦੇ ਸਨ/ਹਨ, ਜਿਹੜਾ ਜਾਤ ਪਾਤ ਵਿਰੁੱਧ ਬੋਲਦਾ ਤੇ ਕੰਮ ਕਰਦਾ ਹੈ ਉਹ ਹਿੰਦੂ ਕਿਵੇਂ ਹੋਇਆ? ਮੰਨੂ ਸਮ੍ਰਿਤੀ ਨੂੰ ਨਾ ਮੰਨਣ ਵਾਲਾ ਹੋਰ ਜੋ ਮਰਜ਼ੀ ਹੋਵੇ, ਅਖਵਾਏ, ਹਿੰਦੂ ਨਹੀਂ ਹੋ ਸਕਦਾ। ਕਾਂਗਰਸ ਵਿਚਲੇ ਉੱਚਕੋਟੀ ਦੇ ਸਨਾਤਨੀ ਬ੍ਰਾਹਮਣ ਨੇਤਾ ਗਾਂਧੀ ਜੀ ਬਰਾਬਰ ਬੈਠਕੇ ਖਾਣਾ ਨਹੀਂ ਖਾਂਦੇ ਸਨ ਕਿ ਅਜਿਹਾ ਕਰਨ ਨਾਲ ਧਰਮ ਭ੍ਰਿਸ਼ਟ ਹੋ ਜਾਏਗਾ।
ਗਾਂਧੀ ਲੰਡਨ ਤੋਂ ਬ੍ਰਿਟਿਸ਼ ਲਾਅ ਪੜ੍ਹਕੇ ਆਇਆ। ਉਸ ਨੇ ਸਰਕਾਰ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਇਹ ਟੱਕਰ ਕਿਸ ਕਿਸਮ ਦੀ ਹੋਵੇ? ਹਿੰਸਕ ਹਰਗਿਜ਼ ਨਹੀਂ। ਰੋਲ-ਮਾਡਲ ਕੌਣ ਹੋਵੇ? ਟੱਕਰ ਕਿਉਂਕਿ ਈਸਾਈ ਸਰਕਾਰ ਨਾਲ ਹੋਵੇਗੀ ਇਸ ਲਈ ਕੋਈ ਨਵਾਂ ਪੁਰਾਣਾ ਭਾਰਤੀ ਨਹੀਂ, ਈਸਾ ਮਸੀਹ ਉਸਦਾ ਪ੍ਰੇਰਨਾ-ਸ੍ਰੋਤ ਨਾਇਕ ਹੋਵੇਗਾ। ਗਾਂਧੀ ਨੇ ਦੁਨੀਆਂ ਅੱਗੇ ਸਾਬਤ ਕਰਨਾ ਸੀ ਕਿ ਰਾਜ ਕਰਦੇ ਗੋਰੇ ਈਸਾ ਨੂੰ ਭੁੱਲ ਗਏ ਹਨ, ਮੈਂ ਈਸਾ ਦੇ ਰਸਤੇ ਚੱਲ ਕੇ ਦਿਖਾਵਾਂਗਾ, ਸਾਬਤ ਕਰਾਂਗਾ ਕਿ ਅੰਗਰੇਜ਼ ਭਟਕ ਗਏ ਹਨ। ਜ਼ਫਰਨਾਮੇ ਵਿਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਵਾਸਤੇ ਵਰਤੀ ਸ਼ੈਲੀ ਅਤੇ ਸਮੱਗਰੀ ਦੇਖੋ। ਉਹ ਸਾਬਤ ਕਰ ਰਹੇ ਹਨ ਕਿ ਔਰੰਗਜ਼ੇਬ, ਨਾ ਤੈਨੂੰ ਇਸਲਾਮ ਦੀ ਸਮਝ, ਨਾ ਕੁਰਾਨ ਦੀ ਕਦਰ। ਤੂੰ ਤੇ ਮੈਂ ਬੁੱਤਸ਼ਿਕਨ ਹਾਂ, ਪਹਾੜੀ ਹਿੰਦੂ ਰਾਜੇ ਬੁੱਤਪੂਜ ਹਨ, ਤੂੰ ਮੇਰੇ ਖਿਲਾਫ ਬੁੱਤਪੂਜਾਂ ਦੀ ਮਦਦ ਕੀਤੀ ਤਾਂ ਕਿਵੇਂ ਮੰਨੀਏ ਤੈਨੂੰ ਇਸਲਾਮ ਦੀ ਸਮਝ ਹੈ? ਤੂੰ ਕੁਰਾਨ ਉੱਪਰ ਝੂਠੀਆਂ ਸਹੁੰਆਂ ਖਾ ਕੇ ਤੋੜੀਆਂ, ਮੈਂ ਕੁਰਾਨ ਉੱਪਰ ਇਤਬਾਰ ਕੀਤਾ ਇਸ ਵਾਸਤੇ ਕੁਰਾਨ ਨੇ ਮੇਰੀ ਹਿਫਾਜ਼ਤ ਕੀਤੀ।
ਦੇਸਵੰਡ ਹੋਈ ਨੂੰ ਹੁਣ ਤਾਂ ਸੱਤਰ ਸਾਲ ਬੀਤ ਗਏ ਹਨ, ਕੀ ਹੁਣ ਵੀ ਇਸ ਤੱਥ ਤੋਂ ਮੁੱਕਰਨਾ ਸਹੀ ਹੈ ਕਿ ਗਾਂਧੀ ਜੀ ਨੇ ਦੇਸਵੰਡ ਦੀ ਮੰਗ ਪ੍ਰਵਾਨ ਕਰਕੇ ਗਲਤ ਕੰਮ ਕੀਤਾ? ਜਦੋਂ ਦਿੱਲੀ ਵਿਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਉਦੋਂ ਪੰਜਾਬ ਅਤੇ ਬੰਗਾਲ ਵਿਚ ਜਿਸਮਾ ਨਾਲ ਲੋਹਾ ਟਕਰਾ ਰਿਹਾ ਸੀ। ਬਲਾਤਕਾਰ ਹੋ ਰਹੇ ਸਨ, ਦੁੱਧ ਚੁੰਘਦੇ ਬੱਚੇ ਬਰਛਿਆਂ ਵਿੱਚ ਪਰੋਏ ਜਾ ਰਹੇ ਸਨ।
ਨੱਥੂਰਾਮ ਦੇ ਪੱਖ ਨਾਲ ਸਹਿਮਤ ਨਾ ਹੋਵੋ, ਉਸ ਵੱਲੋਂ ਕੀਤੇ ਕਤਲ ਦੀ ਘੋਰ ਨਿੰਦਾ ਕਰੋ ਪਰ ਜਾਣ ਤਾਂ ਲਵੋ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ। ਈਸਾ ਨੂੰ ਉਸਦੇ ਮਿੱਤਰ ਨੇ ਮੁਖਬਰੀ ਕਰਕੇ ਫੜਵਾਇਆ ਸੀ। ਈਸਾਈ ਇਸ ਘਟਨਾ ਨੂੰ ਯਾਦ ਕਰਦਿਆਂ ਆਖਦੇ ਹਨ, “ਦੁਸ਼ਮਣਾਂ ਉੱਤੇ ਨਹੀਂ, ਸਾਨੂੰ ਤੇਰੇ ਦੋਸਤਾਂ ਉੱਤੇ ਗਿਲਾ ਹੈ ਮਸੀਹਾ, ਦੁਸ਼ਮਣ ਤਾਂ ਅੱਜ ਵੀ ਤੇਰੇ ਦੁਸ਼ਮਣ ਹਨ।”
**
ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਵਲੋਂ 5 ਮਈ 1949 ਨੂੰ ਦਿੱਤਾ ਅਦਾਲਤ ਵਿਚਲਾ ਬਿਆਨ। ਵਾਰਦਾਤ ਮਗਰੋਂ ਨੰਦਲਾਲ ਮਹਿਤਾ ਵਲੋਂ ਤੁਗਲਕ ਰੋਡ ਥਾਣੇ ਦਿੱਲੀ ਵਿਚ ਮੁਕੱਦਮਾ ਦਰਜ ਕਰਵਾਇਆ, ਜਿਸ ਦੀ ਸੁਣਵਾਈ 27 ਮਈ 1948 ਨੂੰ ਸ਼ੁਰੂ ਹੋਈ ਤੇ 10 ਫਰਵਰੀ 1949 ਨੂੰ ਮੁੱਕੀ। ਫਾਂਸੀ ਦੀ ਸਜ਼ਾ ਹੋਈ। ਪੰਜਾਬ ਹਾਈਕੋਰਟ ਸ਼ਿਮਲਾ ਨੇ ਪੁਸ਼ਟੀ ਕੀਤੀ। ਗੋਡਸੇ ਦਾ ਬਿਆਨ ਇੰਨਾ ਬਾਦਲੀਲ ਤੇ ਤਾਕਤਵਰ ਸੀ, ਬੈਂਚ ਦੇ ਇਕ ਜੱਜ ਜੀ.ਡੀ ਖੋਸਲਾ ਨੇ ਬਾਦ ਵਿਚ ਲਿਖਿਆ, “ਜੇ ਕਿਤੇ ਗੋਡਸੇ ਨੂੰ ਕਿਹਾ ਜਾਂਦਾ ਪਬਲਿਕ ਵਿਚ ਆਪਣਾ ਬਿਆਨ ਦੇ, ਤੇਰੇ ਕੇਸ ਦਾ ਫੈਸਲਾ ਪਬਲਿਕ ਕਰੇ ਤਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਗੋਡਸੇ ਨੂੰ ਬਰੀ ਕਰ ਦੇਣਾ ਸੀ।”
ਇਕਬਾਲੀਆ ਬਿਆਨ:
ਸ਼ਰਧਾਵਾਨ ਬ੍ਰਾਹਮਣ ਪਰਿਵਾਰ ਵਿਚ ਜੰਮਿਆ ਹੋਣ ਕਰਕੇ ਕੁਦਰਤਨ ਮੈਂ ਹਿੰਦੂ ਧਰਮ, ਹਿੰਦੂ ਇਤਿਹਾਸ ਅਤੇ ਹਿੰਦੂ ਰਵਾਇਤਾਂ ਦਾ ਅਦਬ ਕਰਦਾ ਸਾਂ। ਮੈਨੂੰ ਹਿੰਦੂ ਮੱਤ ਉੱਪਰ ਮਾਣ ਸੀ। ਜਦੋਂ ਮੇਰੀ ਸੁਰਤ ਸੰਭਲੀ ਮੈਂ ਧਾਰਮਿਕ ਤੇ ਸਿਆਸੀ ਵਿਵਾਦਾਂ, ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਲੱਗਾ। ਜਨਮ ਆਧਾਰਿਤ ਊਚ ਨੀਚ, ਜਾਤ ਪਾਤ ਦੇ ਖਾਤਮੇ ਵਾਸਤੇ ਕੰਮ ਕਰਨ ਲੱਗ ਪਿਆ। ਮੇਰਾ ਵਿਸ਼ਵਾਸ ਸੀ ਕਿ ਊਚ ਨੀਚ ਦਾ ਰੁਤਬਾ ਬੰਦੇ ਦੇ ਕੰਮ ਨਿਰਧਾਰਤ ਕਰਦੇ ਹਨ ਜਨਮ ਨਹੀਂ, ਇਸ ਕਰਕੇ ਮੈਂ ਛੂਆਛੂਤ ਵਿਰੋਧੀ ਸੰਗਠਨ ਆਰ.ਐੱਸ.ਐੱਸ. ਦਾ ਮੈਂਬਰ ਹੋ ਗਿਆ।
ਮੈਂ ਜਾਤ ਮੁਕਤ ਲੰਗਰ ਵਿਚ ਭੋਜਨ ਛਕਦਾ ਜਿੱਥੇ ਬ੍ਰਾਹਮਣ, ਖੱਤਰੀ, ਵੈਸ਼, ਚਮਾਰ ਅਤੇ ਭੰਗੀ ਇਕੱਠੇ ਖਾਣਾ ਖਾਂਦੇ। ਜਾਤਪਾਤ ਦੇ ਨਿਯਮ ਤੋੜ ਕੇ ਅਸੀਂ ਇਕੱਠੇ ਬੈਠਦੇ। ਮੈਂ ਰਾਵਣ, ਚਾਣਕਯ, ਦਾਦਾਭਾਈ ਨਾਰੋਜੀ, ਵਿਵੇਕਾਨੰਦ, ਗੋਖਲੇ, ਤਿਲਕ ਦੀਆਂ ਲਿਖਤਾਂ ਪੜ੍ਹੀਆਂ, ਭਾਰਤ, ਇੰਗਲੈਂਡ, ਫਰਾਂਸ, ਅਮਰੀਕਾ, ਰੂਸ ਦਾ ਪੁਰਾਤਨ ਤੇ ਆਧੁਨਿਕ ਇਤਿਹਾਸ ਪੜ੍ਹਿਆ। ਮੈਂ ਸਮਾਜਵਾਦ ਅਤੇ ਮਾਰਕਸਵਾਦ ਬਾਰੇ ਜਾਣਿਆ। ਸਭ ਤੋਂ ਵਧੀਕ ਨੀਝ ਨਾਲ ਮੈਂ ਵੀਰ ਸਾਵਰਕਰ ਅਤੇ ਗਾਂਧੀ ਜੀ ਦੀਆਂ ਲਿਖਤਾਂ ਅਤੇ ਤਕਰੀਰਾਂ ਪੜ੍ਹੀਆਂ ਸੁਣੀਆਂ, ਮੇਰੇ ਖਿਆਲ ਵਿਚ ਪਿਛਲੇ 30 ਸਾਲਾਂ ਦੌਰਾਨ ਭਾਰਤੀਆਂ ਦਾ ਮਨ ਅਤੇ ਕਾਰਜ ਘੜਨ ਵਿਚ ਇਨ੍ਹਾਂ ਦੋ ਸ਼ਖਸਾਂ ਨੇ ਸਭ ਤੋਂ ਵਧੀਕ ਅਸਰ ਪਾਇਆ।
ਉਕਤ ਅਧਿਐਨ ਪਿੱਛੋਂ ਮੇਰਾ ਵਿਸ਼ਵਾਸ ਬਣਿਆ ਕਿ ਵਿਸ਼ਵ ਨਾਗਰਿਕ ਵਜੋਂ ਅਤੇ ਦੇਸਭਗਤ ਹੋਣ ਨਾਤੇ ਮੈਂ ਹਿੰਦੂਆਂ ਅਤੇ ਹਿੰਦੂ ਮੱਤ ਵਾਸਤੇ ਕੁਝ ਕਰਾਂ। ਤੀਹ ਕਰੋੜ ਹਿੰਦੂ, ਦੁਨੀਆਂ ਦੀ ਕੁੱਲ ਵਸੋਂ ਦਾ ਪੰਜਵਾਂ ਹਿੱਸਾ ਹਨ, ਇਨ੍ਹਾਂ ਦੀ ਆਜ਼ਾਦੀ ਅਤੇ ਹਿਤਾਂ ਦੀ ਸੁਰੱਖਿਆ ਦਾ ਮਤਲਬ ਹਿੰਦੁਸਤਾਨ ਦਾ ਭਲਾ ਕਰਨਾ ਸੀ। ਇਸ ਸੋਚ ਸਦਕਾ ਮੈਨੂੰ ਹਿੰਦੂ ਸੰਗਠਨਵਾਦੀ ਨਜ਼ਰੀਆ ਤੇ ਪ੍ਰੋਗਰਾਮ ਖਿੱਚ ਪਾਉਂਦਾ।
1920 ਵਿਚ ਲੋਕਮਾਨੀਆ ਤਿਲਕ ਦੇ ਦੇਹਾਂਤ ਬਾਦ ਕਾਂਗਰਸ ਵਿਚ ਗਾਂਧੀ ਜੀ ਦਾ ਪ੍ਰਭਾਵ ਵਧਣ ਲੱਗਾ ਤੇ ਆਖਰ ਸਿਖਰ ’ਤੇ ਪੁੱਜ ਗਿਆ। ਲੋਕ-ਜਾਗ੍ਰਤੀ ਵਾਸਤੇ ਉਸਦੇ ਕੀਤੇ ਕੰਮ ਸੱਚ ਅਤੇ ਅਹਿੰਸਾ ਦੇ ਨਾਅਰੇ ਦਿਲਾਂ ਵਿਚ ਧੂਹ ਪਾਉਂਦੇ ਸਨ ਤੇ ਉਹ ਦੇਸ ਅੱਗੇ ਆਪਣੇ ਖਿਆਲਾਂ ਦੀ ਨੁਮਾਇਸ਼ ਲਾਉਣ ਵਿਚ ਪੂਰਾ ਉਸਤਾਦ ਸੀ। ਸਮਝਦਾਰ ਬੰਦੇ ਨੂੰ ਇਨ੍ਹਾਂ ਨਾਅਰਿਆਂ ਵਿਚ ਕੋਈ ਨੁਕਸ ਨਹੀਂ ਸੀ ਲਗਦਾ ਭਾਵੇਂ ਕਿ ਇਨ੍ਹਾਂ ਵਿਚ ਨਾ ਕੁਝ ਨਵਾਂ ਸੀ, ਨਾ ਮੌਲਿਕ। ਲੋਕ ਲਹਿਰ ਵਿਚ ਅਜਿਹਾ ਕੁਝ ਹੋਇਆ ਈ ਕਰਦਾ ਹੈ। ਇਨ੍ਹਾਂ ਨਾਅਰਿਆਂ ਸਦਕਾ ਰੋਜ਼ਮੱਰਰਾ ਜੀਵਨ ਵਿਚ ਆਮ ਜਨਤਾ ਭਲੀਮਾਣਸ ਹੋ ਜਾਵੇਗੀ, ਇਹ ਸੋਚਣਾ ਮਹਿਜ਼ ਖਾਬੋਖਿਆਲ ਹੈ।
ਸਨਮਾਨ, ਫਰਜ਼, ਪਰਿਵਾਰ ਅਤੇ ਦੇਸ ਨਾਲ ਪਿਆਰ ਦਰਅਸਲ ਅਹਿੰਸਾ ਦੀ ਥਾਂ ਸਾਨੂੰ ਤਾਕਤ ਵਰਤਣ ਵਾਸਤੇ ਮਜਬੂਰ ਕਰਦੇ ਹਨ। ਹਮਲਾਵਰ ਨਾਲ ਹਥਿਆਰਬੰਦ ਮੁਕਾਬਲਾ ਕਰਨਾ ਗਲਤ ਕਿਵੇਂ ਹੋਇਆ? ਹਮਲੇ ਨੂੰ ਪਛਾੜਨਾ ਅਤੇ ਹਮਲਾਵਰ ਨੂੰ ਕਾਬੂ ਕਰਨ ਨੂੰ ਮੈਂ ਨੈਤਿਕ ਤੇ ਧਾਰਮਿਕ ਫਰਜ਼ ਸਮਝਦਾ ਹਾਂ। ਰਾਮਾਇਣ ਵਿਚ ਸੀਤਾ ਨੂੰ ਮੁਕਤ ਕਰਨ ਵਾਸਤੇ ਰਾਮ ਚੰਦਰ ਖੌਫਨਾਕ ਯੁੱਧ ਲੜਕੇ ਰਾਵਣ ਦਾ ਕਤਲ ਕਰਦੇ ਹਨ। ਕੰਸ ਦੀ ਬਦੀ ਦਾ ਖਾਤਮਾ ਕ੍ਰਿਸ਼ਨ ਉਸਦਾ ਕਤਲ ਕਰਕੇ ਕਰਦੇ ਹਨ। ਦੋਸਤਾਂ, ਰਿਸ਼ਤੇਦਾਰਾਂ ਸਮੇਤ ਅਰਜਣ ਨੂੰ ਪੂਜਨੀਕ ਭੀਸ਼ਮ ਪਿਤਾਮਾ ਦਾ ਕਤਲ ਕਰਨਾ ਪਿਆ ਕਿਉਂਕਿ ਉਹ ਗਲਤ ਧਿਰ ਨਾਲ ਜਾ ਖਲੋਤੇ ਸਨ। ਰਾਮ, ਕ੍ਰਿਸ਼ਨ ਅਤੇ ਅਰਜਣ ਨੂੰ ਮਹਾਤਮਾ ਗਾਂਧੀ ਵਲੋਂ ਹਿੰਸਾ ਲਈ ਕਸੂਰਵਾਰ ਠਹਿਰਾਉਣਾ ਮੇਰੇ ਖਿਆਲ ਅਨੁਸਾਰ ਮਨੁੱਖੀ ਕਰਮ ਦੇ ਝਰਨੇ ਦੀ ਰੰਗੀਨੀ ਤੋਂ ਅਗਿਆਨੀ ਹੋਣਾ ਹੈ।
ਛਤਰਪਤੀ ਸ਼ਿਵਾਜੀ ਨੇ ਪਹਿਲੋਂ ਮੁਸਲਿਮ ਜਬਰ ਨੂੰ ਭਾਰਤ ਵਿੱਚੋਂ ਰੋਕਿਆ, ਫਿਰ ਖਤਮ ਕੀਤਾ। ਹਮਲਾਵਰ ਅਫਜ਼ਲ ਖਾਨ ਨੂੰ ਕਾਬੂ ਕਰਨਾ ਫਿਰ ਕਤਲ ਕਰਨਾ ਨਿਹਾਇਤ ਜ਼ਰੂਰੀ ਸੀ ਨਹੀਂ ਤਾਂ ਖੁਦ ਖਤਮ ਹੋ ਜਾਣਾ ਸੀ। ਸ਼ਿਵਾਜੀ, ਰਾਣਾ ਪ੍ਰਤਾਪ ਤੇ ਗੁਰੂ ਗੋਬਿੰਦ ਸਿੰਘ ਵਰਗੇ ਬੁਲੰਦ ਜੰਗਬਾਜ਼ਾਂ ਨੂੰ ਭਟਕੇ ਦੇਸ਼ਭਗਤ ਕਹਿਣ ਨਾਲ ਗਾਂਧੀ ਅੰਦਰਲੀ ਖੁਸ਼ਨੂਦੀ ਜ਼ਾਹਰ ਹੋ ਗਈ। ਲੱਗੇਗਾ ਵਿਰੋਧਾਭਾਸ ਪਰ ਗਾਂਧੀ ਹਿੰਸਕ ਸ਼ਾਂਤੀਦੂਤ ਸੀ ਜਿਸਦੇ ਸੱਚ ਅਤੇ ਅਹਿੰਸਾ ਸਦਕੇ ਦੇਸਵਾਸੀ ਅਣਕਹੀਆਂ ਮੁਸੀਬਤਾਂ ਦੇ ਸ਼ਿਕਾਰ ਹੋਏ ਜਦੋਂ ਕਿ ਰਾਣਾ ਪ੍ਰਤਾਪ, ਸ਼ਿਵਾਜੀ ਅਤੇ ਗੁਰੂ ਜੀ ਹਮੇਸ਼ਾ ਦਿਲਾਂ ਵਿਚ ਵਸਦੇ ਰਹਿਣਗੇ ਜਿਨ੍ਹਾਂ ਸਦਕਾ ਗੁਲਾਮਾਂ ਨੂੰ ਆਜ਼ਾਦੀ ਮਿਲੀ।
ਬੱਤੀ ਸਾਲਾਂ ਦੀ ਉਕਸਾਹਟ ਉਦੋਂ ਸਿਖਰ ਤੇ ਪੁੱਜੀ ਜਦੋਂ ਮੁਸਲਮਾਨਾਂ ਦੇ ਹੱਕ ਵਿਚ ਗਾਂਧੀ ਨੇ ਵਰਤ ਰੱਖ ਲਿਆ। ਮੈਂ ਇਸ ਨਤੀਜੇ ’ਤੇ ਪੁੱਜਾ ਕਿ ਇਹ ਤਮਾਸ਼ਾ ਬੰਦ ਹੋਣਾ ਚਾਹੀਦਾ ਹੈ। ਦੱਖਣੀ ਅਫਰੀਕਾ ਵਿਚ ਭਾਰਤੀਆਂ ਦੇ ਭਲੇ ਵਾਸਤੇ ਗਾਂਧੀ ਨੇ ਕਾਫੀ ਕੰਮ ਕੀਤਾ ਪਰ ਜਦੋਂ ਉਹ ਭਾਰਤ ਪਰਤਿਆ ਉਸ ਅੰਦਰ ਭਰਮ ਕਾਇਮ ਹੋ ਗਿਆ ਕਿ ਗਲਤ ਅਤੇ ਸਹੀ ਦਾ ਫੈਸਲਾ ਕਰਨ ਵਾਲਾ ਜੱਜ ਉਹ ਖੁਦ ਇਕੱਲਾ ਹੈ। ਦੇਸ਼ ਨੂੰ ਉਸਦੀ ਅਗਵਾਈ ਚਾਹੀਦੀ ਹੈ ਤਾਂ ਮੰਨਣਾ ਪਵੇਗਾ ਕਿ ਉਹ ਅਭੁੱਲ ਹੈ, ਜੇ ਨਹੀਂ ਮੰਨਦੇ, ਉਹ ਕਾਂਗਰਸ ਤੋਂ ਵੱਖ ਰਹਿ ਕੇ ਆਪਣਾ ਰਸਤਾ ਤੈਅ ਕਰੇਗਾ। ਇਸ ਵਤੀਰੇ ਵਿਚ ਕਿਸੇ ਸੋਧ/ਸੁਧਾਰ ਦੀ ਗੁੰਜਾਇਸ਼ ਨਹੀਂ ਸੀ। ਕਾਂਗਰਸ ਉਸ ਅੱਗੇ ਆਤਮ ਸਮਰਪਣ ਕਰੇ, ਉਸ ਦੇ ਇਸ਼ਾਰਿਆਂ ਤੇ ਨੱਚੇ, ਉਸਦੇ ਆਦਿਵਾਸੀ ਫਲਸਫੇ, ਪਾਗਲਪਣ, ਪਿਛਾਖੜ ਨਜ਼ਰੀਏ ਨੂੰ ਸੱਤ ਕਰਕੇ ਜਾਣੇ, ਨਹੀਂ ਫਿਰ ਉਸ ਬਗੈਰ ਕੰਮ ਚਲਾ ਕੇ ਦੇਖ ਲਏ।
ਹਰੇਕ ਮਸਲੇ ਦਾ ਜੱਜ ਉਹੀ ਸੀ ਕੇਵਲ। ਸਿਵਲ ਨਾ ਫੁਰਮਾਨੀ ਕਿਵੇਂ ਚਲਾਉਣੀ ਹੈ, ਉਹ ਦੱਸੇਗਾ, ਹੋਰ ਕਿਸੇ ਨੂੰ ਪਤਾ ਨਹੀਂ, ਕਦੋਂ ਅੰਦੋਲਨ ਸ਼ੁਰੂ ਕਰੇ ਕਦੋਂ ਮੁਕਾਏ, ਬੇਸ਼ਕ ਸਫਲ ਹੋਏ ਜਾਂ ਫੇਲ, ਲੋਕਾਂ ਦਾ ਘਾਣ ਹੋਏ ਜਾਂ ਸਿਆਸੀ ਨੁਕਸਾਨ, ਇਨ੍ਹਾਂ ਗੱਲਾਂ ਦਾ ਮਹਾਤਮਾ ਉੱਪਰ ਕੋਈ ਅਸਰ ਨਹੀਂ ਕਿਉਂਕਿ ਉਹ ਅਭੁੱਲ ਹੈ। ਆਪਣੇ ਆਪ ਨੂੰ ਅਭੁੱਲ ਸਾਬਤ ਕਰਨ ਲਈ ਉਸਨੇ ਨਾਹਰਾ ਘੜਿਆ- ਸਤਿਆਗ੍ਰਹਿ ਕਦੀ ਫੇਲ ਨਹੀਂ ਹੁੰਦਾ। ਸਤਿਆਗ੍ਰਹਿ ਹੁੰਦਾ ਕੀ ਹੈ ਇਸ ਬਾਰੇ ਕੇਵਲ ਉਹੀ ਜਾਣਦਾ ਹੈ, ਹੋਰ ਕਿਸੇ ਨੂੰ ਪਤਾ ਨਹੀਂ। ਇਉਂ ਮਹਾਤਮਾ ਆਪਣੇ ਮੁਕੱਦਮੇ ਦਾ ਜੱਜ ਆਪ ਬਣ ਗਿਆ। ਬਚਗਾਨਾ ਪਾਗਲਪਣ ਤੇ ਸਖਤ ਆਤਮ-ਸੰਜਮ ਇਕੱਠੇ ਹੋ ਗਏ ਜਿਸ ਨਾਲ ਉਹ ਅਮੋੜ ਅਤੇ ਅਪਹੁੰਚ ਹੋ ਗਿਆ।
ਬਹੁਤ ਲੋਕ ਜਾਣਦੇ ਸਨ ਕਿ ਉਸਦੀ ਸਿਆਸਤ ਤਰਕ ਵਿਹੂਣੀ ਹੈ, ਜਾਂ ਉਹ ਕਾਂਗਰਸ ਵਿੱਚੋਂ ਨਿਕਲ ਜਾਣ ਜਾਂ ਫਿਰ ਸਿਰ ਸੁੱਟ ਕੇ ਆਪਣੀ ਅਕਲ ਉਸਦੇ ਕਦਮਾਂ ਵਿਚ ਅਰਪਣ ਕਰਨ, ਉਹ ਜਿਵੇਂ ਚਾਹੇ ਵਰਤੇ। ਅਨੰਤ ਗੈਰ ਜ਼ਿੰਮੇਵਾਰੀ ਦੇ ਸਿਖਰ ਉੱਪਰ ਪੁੱਜ ਕੇ ਉਸਨੇ ਕਦਮ ਕਦਮ ਤੇ ਗਲਤੀਆਂ ਕਰਨ ਦਾ ਅਪਰਾਧ ਕੀਤਾ, ਅਸਫਲਤਾ ਦਰ ਅਸਫਲਤਾ, ਬਰਬਾਦੀ ਦਰ ਬਰਬਾਦੀ। ਭਾਰਤ ਦੀ ਰਾਸ਼ਟਰੀ ਭਾਸ਼ਾ ਦੇ ਮਸਲੇ ਸਮੇਂ ਜਦੋਂ ਉਹ ਮੁਸਲਿਮ ਪੱਖੀ ਹੋ ਗਿਆ ਉਦੋਂ ਹੀ ਉਸਦੇ ਘਟੀਆ ਰਵੱਈਏ ਦੀ ਸਮਝ ਆ ਗਈ। ਹਿੰਦੀ ਨੂੰ ਪ੍ਰਥਮ ਸਥਾਨ ਕਿਉਂ ਨਾ ਮਿਲੇ? ਸ਼ੁਰੂ ਵਿਚ ਉਹ ਹਿੰਦੀ ਦਾ ਹਮਾਇਤੀ ਸੀ ਪਰ ਜਦੋਂ ਦੇਖਿਆ ਮੁਸਲਮਾਨਾਂ ਨੂੰ ਹਿੰਦੀ ਪਸੰਦ ਨਹੀਂ, ਉਹ ਹਿੰਦੁਸਤਾਨੀ ਦੇ ਹੱਕ ਵਿਚ ਹੋ ਗਿਆ। ਹਰੇਕ ਭਾਰਤੀ ਨੂੰ ਪਤਾ ਹੈ ਕਿ ਹਿੰਦੁਸਤਾਨੀ ਨਾਮ ਦੀ ਕੋਈ ਭਾਸ਼ਾ ਨਹੀਂ। ਇਸ ਦੀ ਕੋਈ ਗ੍ਰਾਮਰ ਨਹੀਂ, ਸ਼ਬਦਾਵਲੀ ਨਹੀਂ। ਇਹ ਉਪ ਭਾਖਾ ਹੈ ਜੋ ਕੇਵਲ ਬੋਲੀ ਜਾਂਦੀ ਹੈ ਲਿਖੀ ਨਹੀਂ ਜਾਂਦੀ। ਹਿੰਦੀ-ਉਰਦੂ ਮਿਲਾਪ ਤੋਂ ਬਣੀ ਇਹ ਦੋਗਲੀ ਬੋਲੀ ਹੈ ਜਿਸ ਨੂੰ ਮਹਾਤਮਾ ਦੀ ਸਿਆਣਪ ਵੀ ਹਰਮਨ ਪਿਆਰੀ ਨਹੀਂ ਬਣਾ ਸਕੀ। ਮੁਸਲਮਾਨਾਂ ਨੂੰ ਖੁਸ਼ ਰੱਖਣ ਦੀ ਮਨਸ਼ਾ ਨਾਲ ਉਸਨੇ ਚਾਹਿਆ ਹਿੰਦੁਸਤਾਨੀ ਸਾਰੇ ਭਾਰਤ ਦੀ ਕੌਮੀ ਜ਼ਬਾਨ ਹੋਵੇ। ਉਸਦੇ ਅੰਨ੍ਹੇ ਮੁਰੀਦਾਂ ਨੇ ਉਸਦੀ ਮੰਨਣੀ ਹੀ ਸੀ, ਦੋਗਲੀ ਬੋਲੀ ਉਹ ਵੀ ਬੋਲਣ ਲੱਗ ਪਏ। ਹਿੰਦੀ ਦੀ ਸੁੰਦਰਤਾ ਅਤੇ ਪਾਕੀਜ਼ਗੀ ਕੋਠੇ ਤੇ ਬਿਠਾ ਦਿੱਤੀ ਤਾਂ ਕਿ ਮੁਸਲਮਾਨ ਖੁਸ਼ ਹੋ ਜਾਣ। ਉਸਨੇ ਆਪਣੇ ਸਾਰੇ ਤਜਰਬੇ ਹਿੰਦੂਆਂ ਦੀ ਕੀਮਤ ਤਾਰ ਕੇ ਕੀਤੇ।
ਅਗਸਤ 1946 ਤੋਂ ਪਿੱਛੋਂ ਮੁਸਲਮਾਨਾਂ ਦੀਆਂ ਪ੍ਰਾਈਵੇਟ ਫੌਜਾਂ ਨੇ ਹਿੰਦੂਆਂ ਦਾ ਕਤਲਿਆਮ ਸ਼ੁਰੂ ਕਰ ਦਿੱਤਾ। ਤਤਕਾਲੀ ਵਾਇਸਰਾਇ ਲਾਰਡ ਵੇਵਿਲ ਗੌਰਮੈਂਟ ਆਫ ਇੰਡੀਆ ਐਕਟ 1935 ਲਾਗੂ ਕਰਕੇ ਬਲਾਤਕਾਰ, ਕਤਲ ਅਤੇ ਲੁਟਖੋਹ ਰੋਕ ਸਕਦਾ ਸੀ, ਨਹੀਂ ਰੋਕੇ। ਬੰਗਾਲ ਤੋਂ ਕਰਾਚੀ ਤੱਕ ਹਿੰਦੂ ਖੂਨ ਵਗਿਆ ਭਾਵੇਂ ਕਿਤੇ ਕਿਤੇ ਹਿੰਦੂਆਂ ਨੇ ਮੁਕਾਬਲਾ ਵੀ ਕੀਤਾ। ਸਤੰਬਰ ਵਿਚ ਅੰਤ੍ਰਿਮ ਸਰਕਾਰ ਬਣੀ ਜਿਸ ਨੂੰ ਸਰਕਾਰ ਦੇ ਹੀ ਮੁਸਲਿਮ ਲੀਗੀ ਮੈਂਬਰ ਨੇ ਸਾਬੋਤਾਜ ਕਰ ਦਿੱਤਾ। ਜਿਉਂ ਜਿਉਂ ਮੁਸਲਮਾਨ, ਸਰਕਾਰ ਨਾਲ ਦਗਾ ਕਰਦੇ ਗਏ ਗਾਂਧੀ ਦਾ ਉਨ੍ਹਾਂ ਪ੍ਰਤੀ ਹੇਜ ਵਧਦਾ ਗਿਆ। ਲਾਰਡ ਵੇਵਿਲ ਕੋਈ ਹੱਲ ਨਾ ਕੱਢ ਸਕਿਆ ਤਾਂ ਅਸਤੀਫਾ ਦੇ ਗਿਆ ਤੇ ਲਾਰਡ ਮਾਊਂਟਬੈਟਨ ਆ ਗਿਆ। ਬਾਬਾ ਮਰਿਆ ਗੁਲਾਬੋ ਜੰਮੀ। ਰਾਸ਼ਟਰਵਾਦ ਤੇ ਸਮਾਜਵਾਦ ਦਾ ਢੰਡੋਰਾ ਪਿੱਟਣ ਵਾਲੀ ਕਾਂਗਰਸ ਨੇ ਅੰਦਰ ਖਾਤੇ ਪਾਕਿਸਤਾਨ ਦੇਣਾ ਮੰਨ ਲਿਆ, ਯਾਨੀ ਕਿ ਜਿਨਾਹ ਦੇ ਨੇਜ਼ੇ ਅੱਗੇ ਗੋਡੇ ਟੇਕ ਦਿੱਤੇ। ਭਾਰਤ ਦਾ ਜਿਉਂਦਾ ਵਸਦਾ ਤੀਜਾ ਹਿੱਸਾ ਕੱਟ ਵੱਢ ਕੇ 15 ਅਗਸਤ 1947 ਨੂੰ ਸਾਡੇ ਵਾਸਤੇ ਪਰਦੇਸ ਕਰ ਦਿੱਤਾ।
ਕਾਂਗਰਸ ਨੇ ਕਿਹਾ ਕਿ ਮਾਉਂਟਬੈਟਨ ਵਰਗਾ ਮਹਾਨ ਵਾਇਸਰਾਇ ਭਾਰਤ ਵਿਚ ਪਹਿਲਾਂ ਕਦੀ ਨਹੀਂ ਆਇਆ। ਭਾਰਤ ਨੂੰ ਸੱਤਾ ਸੌਂਪਣ ਦੀ ਤਰੀਕ 30 ਜੂਨ 1948 ਮਿਥੀ ਗਈ ਪਰ ਮਾਉਂਟਬੈਟਨ ਨੇ ਆਪ੍ਰੈਸ਼ਨ ਕਰਕੇ ਵੱਢਿਆ ਭਾਰਤ ਦਸ ਮਹੀਨੇ ਪਹਿਲਾਂ ਸੌਂਪ ਦਿੱਤਾ। ਇਹ ਹੈ ਉਹ ਤੁਹਫਾ ਜਿਹੜਾ ਤੀਹ ਸਾਲ ਦੀ ਤਾਨਾਸ਼ਾਹੀ ਕਰਨ ਮਗਰੋਂ ਗਾਂਧੀ ਨੇ ਹਾਸਲ ਕੀਤਾ, ਇਸ ਨੂੰ ਕਾਂਗਰਸ ਆਜ਼ਾਦੀ ਆਖਦੀ ਹੈ, ‘ਸੱਤਾ ਦਾ ਸ਼ਾਂਤਮਈ ਤਬਾਦਲਾ’। ਹਿੰਦੂ-ਮੁਸਲਿਮ ਏਕਤਾ ਦਾ ਬੁਲਬੁਲਾ ਆਖਰ ਫਟ ਗਿਆ। ਨਹਿਰੂ ਅਤੇ ਉਸਦੀ ਜੁੰਡਲੀ ਦੀ ਪ੍ਰਵਾਨਗੀ ਨਾਲ ਤਾਨਾਸ਼ਾਹ ਸਟੇਟ ਦਾ ਜਨਮ ਹੋਇਆ ਜਿਸ ਨੂੰ ਇਹ ਆਖਦੇ ਹਨ - ਅਸੀਂ ਕੁਰਬਾਨੀਆਂ ਨਾਲ ਆਜ਼ਾਦੀ ਲਈ ਹੈ। ਕਿਸ ਦੀਆਂ ਕੁਰਬਾਨੀਆਂ ਨਾਲ? ਗਾਂਧੀ ਦੀ ਸੰਮਤੀ ਨਾਲ ਕਾਂਗਰਸ ਦੇ ਸਿਖਰਲੇ ਲੀਡਰਾਂ ਨੇ ਜਦੋਂ ਉਹ ਦੇਸ ਵੱਖ ਕਰ ਦਿੱਤਾ ਜਿਸ ਨੂੰ ਅਸੀਂ ਪੂਜਦੇ ਹਾਂ, ਮੇਰੇ ਮਨ ਵਿਚ ਪੂਰਨ ਕਰੋਧ ਜਾਗਿਆ।
ਹਿੰਦੂ ਰਫਿਊਜੀਆ ਨੇ ਦਿੱਲੀ ਦੀ ਇਕ ਮਸਜਿਦ ਵਿਚ ਟਿਕਾਣਾ ਕਰ ਲਿਆ ਤਾਂ ਗਾਂਧੀ ਨੇ ਮਰਨ ਵਰਤ ਰੱਖ ਲਿਆ। ਵਰਤ ਛੱਡਣ ਵਾਸਤੇ ਜੋ ਸ਼ਰਤਾਂ ਰੱਖੀਆਂ ਉਨ੍ਹਾਂ ਵਿਚ ਇਕ, ਇਸ ਮਸਜਿਦ ਨੂੰ ਖਾਲੀ ਕਰਨਾ ਵੀ ਸੀ। ਪਰ ਜਦੋਂ ਪਾਕਿਸਤਾਨ ਵਿਚ ਹਿੰਦੂਆਂ ਖਿਲਾਫ ਹਿੰਸਾ ਭੜਕੀ, ਗਾਂਧੀ ਨੇ ਪਾਕਿਸਤਾਨ ਸਰਕਾਰ ਜਾਂ ਮੁਸਲਮਾਨਾਂ ਖਿਲਾਫ ਇਕ ਸ਼ਬਦ ਨਹੀਂ ਉਚਾਰਿਆ ਕਿ ਜ਼ੁਲਮ ਰੁਕੇ। ਮਰਨ ਵਰਤ ਛੱਡਣ ਵਸਤੇ ਕੋਈ ਸ਼ਰਤ ਉਸਨੇ ਮੁਸਲਮਾਨਾਂ ਉਪਰ ਨਹੀਂ ਲਾਈ ਕਿਉਂਕਿ ਗਾਂਧੀ ਏਨਾ ਚਤੁਰ ਸੀ, ਜਾਣਦਾ ਸੀ ਮੁਸਲਮਾਨਾਂ ਨੂੰ ਉਸਦੀ ਮੌਤ ਦਾ ਕੋਈ ਅਫਸੋਸ ਨਹੀਂ ਹੋਣਾ। ਹੁਸ਼ਿਆਰੀ ਸਦਕਾ ਉਹ ਪਾਕਿਸਤਾਨੀ ਮੁਸਲਮਾਨਾਂ ’ਤੇ ਸ਼ਰਤਾਂ ਠੋਸਣ ਤੋਂ ਟਲ ਜਾਂਦਾ ਸੀ। ਤਜ਼ਰਬੇ ਤੋਂ ਜਾਣ ਗਿਆ ਸੀ ਕਿ ਜਿਨਾਹ ਉੱਪਰ ਵਰਤਾਂ ਦਾ ਅਸਰ ਨਹੀਂ ਹੁੰਦਾ, ਮੁਸਲਿਮ ਲੀਗ ਗਾਂਧੀ ਦੀ ਅੰਤਰਾਤਮਾ ਬਾਰੇ ਲਾਪ੍ਰਵਾਹ ਸੀ। ਹੁਣ ਗਾਂਧੀ ਨੂੰ ਰਾਸ਼ਟਰ ਪਿਤਾ ਕਿਹਾ ਜਾਣ ਲੱਗਾ ਹੈ। ਜੇ ਉਹ ਰਾਸ਼ਟਰ ਪਿਤਾ ਹੁੰਦਾ, ਦੇਸ ਵੰਡ ਵਾਸਤੇ ਸਹਿਮਤੀ ਦੇ ਕੇ ਧੋਖਾਧੜੀ ਕਿਉਂ ਕਰਦਾ? ਮੈਂ ਆਪਣੇ ਕਥਨ ਉੱਪਰ ਕਾਇਮ ਹਾਂ ਕਿ ਗਾਂਧੀ ਨੇ ਫਰਜ਼ ਨਿਭਾਉਣ ਤੋਂ ਕੁਤਾਹੀ ਕੀਤੀ।
ਉਸਨੇ ਪਾਕਿਸਤਾਨ ਦਾ ਪਿਤਾਮਾ ਹੋਣਾ ਸਾਬਤ ਕੀਤਾ। ਉਸਦੀ ਜ਼ਮੀਰ ਦੀ ਆਵਾਜ਼ ਰੂਹਾਨੀ ਤਾਕਤ, ਅਹਿੰਸਾ ਦਾ ਫਲਸਫਾ ਜਿਸ ਬਾਰੇ ਬਥੇਰਾ ਬਾਤ ਦਾ ਬਤੰਗੜ ਬਣਾਇਆ ਗਿਆ, ਜਿਨਾਹ ਦੇ ਫੌਲਾਦੀ ਇਰਾਦੇ ਅੱਗੇ ਸ਼ਕਤੀਹੀਣ ਹੋ ਗਏ, ਚੂਰ ਚੂਰ ਹੋ ਗਏ। ਗਾਂਧੀ ਨੂੰ ਕਤਲ ਕਰਨ ਬਾਰੇ ਜਦੋਂ ਮੈਂ ਸੋਚਿਆ, ਮੈਨੂੰ ਮਹਿਸੂਸ ਹੋਇਆ ਕਿ ਲੋਕ ਮੈਨੂੰ ਨਫਰਤ ਕਰਨ ਲੱਗ ਜਾਣਗੇ, ਆਤਮ ਸਨਮਾਨ ਜਾਨ ਤੋਂ ਪਿਆਰਾ ਹੁੰਦਾ ਹੈ, ਖੁਸ ਜਾਏਗਾ। ਉਸੇ ਵਕਤ ਮੈਨੂੰ ਇਹ ਵੀ ਲੱਗਾ ਕਿ ਗਾਂਧੀ ਨਾ ਰਿਹਾ ਤਾਂ ਭਾਰਤੀ ਸਿਆਸਤ ਵਧੀਕ ਸਮਰੱਥਾਵਾਨ ਹੋਵੇਗੀ, ਦੁਸ਼ਮਣ ਦਾ ਮੁਕਾਬਲਾ ਕਰ ਸਕੇਗੀ, ਹਥਿਆਰਬੰਦ ਸੈਨਾ ਨਾਲ ਲੈਸ ਹੋਵੇਗੀ। ਮੇਰਾ ਭਵਿੱਖ ਪੂਰਨ ਤੌਰ ’ਤੇ ਖਤਮ ਹੋ ਜਾਏਗਾ ਪਰ ਮੇਰੀ ਸਟੇਟ ਪਾਕਿਸਤਾਨ ਦੇ ਸਹਿਮ ਤੋਂ ਮੁਕਤ ਹੋ ਜਾਏਗੀ। ਹੋ ਸਕਦਾ ਹੈ ਕਿ ਲੋਕ ਮੈਨੂੰ ਗਾਲਾਂ ਦੇਣ, ਅਕਲ ਤੋਂ ਸੱਖਣਾ, ਸਿਰ ਫਿਰਿਆ ਕਹਿਣ ਪਰ ਰਾਸ਼ਟਰ ਮਜ਼ਬੂਤੀ ਨਾਲ ਸੁਤੰਤਰ ਹੋ ਕੇ ਉਸ ਰਾਹ ਤੇ ਚੱਲੇਗਾ ਜਿਹੜਾ ਤਰਕਸੰਗਤ ਹੈ, ਇਸੇ ਦੀ ਜਰੂਰਤ ਹੈ।
ਸਾਰੀ ਉਧੇੜ ਬੁਣ ਕਰਨ ਪਿੱਛੋਂ ਮੈਂ ਆਖਰ ਫੈਸਲੇ ਉੱਪਰ ਪੁੱਜ ਗਿਆ ਪਰ ਮੈਂ ਕਿਸੇ ਨੂੰ ਆਪਣੇ ਇਰਾਦੇ ਦੀ ਭਿਣਕ ਨਹੀਂ ਪੈਣ ਦਿੱਤੀ। ਮੈਂ ਆਪਣੇ ਹੱਥਾਂ ਨੂੰ ਹੌਸਲਾ ਦੇਕੇ 30 ਜਨਵਰੀ 1948 ਨੂੰ ਬਿਰਲਾ ਭਵਨ ਦੀ ਪ੍ਰਾਰਥਨਾ ਸਭਾ ਵਿਚ ਗਾਂਧੀ ਉੱਪਰ ਗੋਲੀਆ ਦਾਗ ਦਿੱਤੀਆਂ। ਉਸ ਬੰਦੇ ਉੱਪਰ ਗੋਲੀਆਂ ਦਾਗੀਆਂ ਜਿਸ ਦੀ ਨੀਤੀ ਸਦਕਾ ਲੱਖਾਂ ਹਿੰਦੂ ਬਰਬਾਦ ਹੋਏ। ਇਹੋ ਜਿਹੇ ਮੁਜਰਿਮ ਨੂੰ ਸਬਕ ਸਿਖਾਉਣ ਵਾਸਤੇ ਕੋਈ ਕਾਨੂੰਨੀ ਮਸ਼ੀਨਰੀ ਨਾ ਹੋਣ ਕਾਰਨ ਮੈਂ ਘਾਤਕ ਗੋਲੀਆਂ ਚਲਾਈਆਂ। ਕਿਸੇ ਬੰਦੇ ਪ੍ਰਤੀ ਮੇਰੇ ਮਨ ਵਿਚ ਦੁਸ਼ਮਣੀ ਨਹੀਂ ਪਰ ਮੇਰੇ ਮਨ ਵਿਚ ਉਸ ਸਰਕਾਰ ਬਾਰੇ ਕੋਈ ਸਤਿਕਾਰ ਨਹੀਂ ਜਿਸ ਦੀ ਪਾਲਿਸੀ ਮੁਸਲਮਾਨਾਂ ਦੇ ਨਾਜਾਇਜ਼ ਹਿਤ ਪੂਰੇ ਕਰੇ। ਸਾਫ ਦਿਸ ਰਿਹਾ ਸੀ ਸਰਕਾਰ ਦੀ ਇਹ ਪਾਲਿਸੀ ਗਾਂਧੀ ਦੀ ਮੌਜੂਦਗੀ ਕਾਰਨ ਸੀ।
ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਹਿਰੂ ਗਾਹੇ ਬਗਾਹੇ ਕਹਿੰਦਾ ਰਹਿੰਦਾ ਹੈ - ਭਾਰਤ ਧਰਮ ਨਿਰਪੱਖ ਸਟੇਟ ਹੈ ਪਰ ਪਾਕਿਸਤਾਨ ਦੀ ਮਜ਼ਹਬੀ ਸਟੇਟ ਬਣਾਉਣ ਵਾਸਤੇ ਨਹਿਰੂ ਨੇ ਲੀਡਿੰਗ ਰੋਲ ਅਦਾ ਕੀਤਾ ਤੇ ਗਾਂਧੀ ਦੀ ਮੁਸਲਿਮ ਹਿਤੈਸ਼ੀ ਪਾਲਿਸੀ ਨੇ ਉਸਦਾ ਕੰਮ ਸੌਖਾ ਕਰ ਦਿੱਤਾ। ਜੋ ਮੈਂ ਕੀਤਾ ਉਸਦੀ ਪੂਰੀ ਜ਼ਿੰਮੇਵਾਰੀ ਕਬੂਲਦਾ ਹੋਇਆ ਮੈਂ ਅਦਾਲਤ ਸਾਹਮਣੇ ਖਲੋਤਾ ਹਾਂ, ਜੱਜ ਮੇਰੇ ਬਾਰੇ ਫੈਸਲਾ ਸੁਣਾਉਣ, ਯੋਗ ਸਜ਼ਾ ਦੇਣ। ਮੇਰੇ ਬਾਰੇ ਰਹਿਮ ਦਿਲ ਨਾ ਹੋਣਾ, ਨਾ ਮੈਂ ਕਿਸੇ ਹੋਰ ਨੂੰ ਰਹਿਮ ਦੀ ਅਪੀਲ ਕਰਨ ਦਿਆਂਗਾ। ਜੋ ਮੈਂ ਕੀਤਾ ਉਸ ਬਾਰੇ ਸਾਰੇ ਪਾਸਿਓਂ ਮੇਰੀ ਆਲੋਚਨਾ ਹੋਈ ਹੈ, ਤਾਂ ਵੀ ਮੈਂ ਥਿੜਕਿਆ ਨਹੀਂ। ਕੋਈ ਸ਼ੱਕ ਨਹੀਂ ਇਮਾਨਦਾਰ ਇਤਿਹਾਸਕਾਰ ਮੇਰੇ ਕਾਰਜ ਦਾ ਲੇਖਾ ਜੋਖਾ ਕਰਨਗੇ ਤੇ ਭਵਿੱਖ ਵਿਚ ਕਦੀ ਸਹੀ ਕੀਮਤ ਪਾਉਣਗੇ। ਹੁਣ ਤੁਸੀਂ ਦੇਖੋ ਇਤਿਹਾਸ ਮੇਰੇ ਬਾਰੇ ਕੀ ਫੈਸਲਾ ਸੁਣਾਏਗਾ। ਜੈ ਹਿੰਦ!
*****
(771)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)