“ਤੂਰ ਨੇ ਪੰਜਾਬੀ ਸਾਹਿਤ, ਸੱਭਿਆਚਾਰ ਦਾ ਅਧਿਅਨ ਕੀਤਾ ਹੋਇਆ ਹੈ, ਫਸਲਾਂ ਦੀ ਮਹਿਕ ...”
(14 ਜੂਨ 2018)
ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬੀ ਪਾਠਕਾਂ ਵਿੱਚ ਆਪਣੇ ਰਹਿਣ ਜੋਗਾ ਪਲਾਟ ਮੱਲ ਕੇ ਘਰ ਪਾ ਲਿਆ ਹੈ। ਸਾਥ ਮਾਣਨ ਵਾਲੇ ਉਸ ਦੇ ਗਵਾਂਢੀ ਸੰਤੁਸ਼ਟ ਹਨ। ਆਲ੍ਹਣਿਓਂ ਡਿੱਗੇ ਬੋਟ, ਸੰਭਲੋ ਪੰਜਾਬ, ਜੀਵੇ ਜਵਾਨੀ ਅਤੇ ਕਰਮੀ ਤੋਂ ਬਾਦ ਹਥਲੀ ਪੰਜਵੀਂ ਕਿਤਾਬ ਪਾਠਕਾਂ ਦੇ ਸਪੁਰਦ ਹੈ। ਕਿਤਾਬ ਵਿੱਚ ਆਉਣ ਤੋਂ ਪਹਿਲਾਂ ਇਹ ਲਿਖਤਾਂ ਅਖਬਾਰਾਂ ਰਿਸਾਲਿਆਂ ਰਾਹੀਂ ਪਾਠਕਾਂ ਦੇ ਰੂਬਰੂ ਹੋ ਚੁੱਕੀਆਂ ਹਨ ਅਤੇ ਹੁੰਗਾਰਾ ਮਿਲਿਆ ਹੈ।
ਤੂਰ ਦੀ ਕੈਨਵਸ ਵਿੱਚ ਪੰਜਾਬ ਦੀ ਜਵਾਨੀ ਹੈ। ਉਹੀ ਜਵਾਨੀ ਜਿਹੜੀ ਕਦੇ ਮੌਤ ਨੂੰ ਮਖੌਲਾਂ ਕਰਿਆ ਕਰਦੀ ਸੀ, ਸਰਾਲ੍ਹ ਵਰਗੀ ਮੌਤ ਨੇ ਇਸ ਜਵਾਨੀ ਨੂੰ ਹੁਣ ਚੁਫੇਰਿਓਂ ਵਲ ਲਿਆ ਹੈ। ਡਰੀਆਂ ਬੇਨੂਰ ਅੱਖਾਂ ਲਾਚਾਰ ਹਨ। ਕਿਸੇ ਜ਼ਮਾਨੇ ਪਲੇਗ, ਕੋਹੜ, ਤਪਦਿਕ ਆਦਿਕ ਬਿਮਾਰੀਆਂ ਲਾਇਲਾਜ ਸਨ, ਪਿੰਡ ਸ਼ਹਿਰ ਖਾਲੀ ਹੋ ਜਾਇਆ ਕਰਦੇ ਸਨ। ਨਸ਼ਿਆਂ ਦੀ ਅਜੋਕੀ ਬਿਮਾਰੀ ਸ਼ੌਕ ਨਾਲ ਪੰਜਾਬੀਆਂ ਨੇ ਆਪ ਸਹੇੜੀ ਹੈ।
ਅੱਧੀ ਸਦੀ ਪਹਿਲਾਂ ਗੁਰਬਖਸ ਸਿੰਘ ਪ੍ਰੀਤਲੜੀ ਨੇ ਪੰਜਾਬੀ ਜਵਾਨੀ ਨੂੰ ਸੰਬੋਧਿਤ ਕੀਤਾ ਸੀ। ਉਸਦੀ ਵੰਗਾਰ ਅਤੇ ਨਸੀਹਤ ਸ਼ਹਿਰੀ ਤਬਕੇ ਲਈ ਸੀ। ਤੂਰ ਪਿੰਡ ਦੀਆਂ ਗਲੀਆਂ ਥਾਣੀ ਖੇਤਾਂ ਤੱਕ ਪੁੱਜਦਾ ਹੈ। ਪ੍ਰੀਤਲੜੀ ਦੀ ਲਿਖਤ ਵਿਚ ਖਿਆਲ ਪ੍ਰਧਾਨ ਹੁੰਦਾ ਸੀ, ਤੂਰ ਦੀ ਕਲਮ ਵਿੱਚ ਕਰਮ ਪ੍ਰਧਾਨ ਹੈ। ਜਦੋਂ 1966 ਵਿੱਚ ਪੰਜਾਬ ਦੀ ਵੰਡ ਹੋਈ, ਹਰਿਆਣੇ ਦੇ ਲੋਕਾਂ ਨੂੰ ਸੁਸਤ, ਕੰਮਚੋਰ, ਵਿਹਾਰ ਅਤੇ ਵਿੱਦਿਆ ਵਿਚ ਪਛੜੇ ਹੋਏ ਜਾਣਿਆ ਜਾਂਦਾ ਸੀ। ਪੰਜਾਬ ਦੇ ਮੁਕਾਬਲੇ ਹਰਿਆਣੇ ਦੀਆਂ ਜ਼ਮੀਨਾਂ ਕਮਜ਼ੋਰ ਸਨ ਤੇ ਵਿੱਦਿਅਕ ਸਹੂਲਤਾਂ ਨਾਂਹ ਬਰਾਬਰ। ਅੱਧੀ ਸਦੀ ਬਾਦ ਤੂਰ ਦਾ ਸਰਵੇਖਣ ਦੱਸਦਾ ਹੈ ਕਿ ਹਾਲਾਤ ਉਲਟ ਗਏ। ਖਾਣ ਪੀਣ, ਪਹਿਨਣ ਅਤੇ ਮੁਕਾਬਲੇਬਾਜ਼ੀ ਵਿੱਚ ਹਰਿਆਣੇ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਹਿਮਾਚਲ ਪੰਜਾਬ ਤੋਂ ਅੱਗੇ ਲੰਘ ਗਿਆ ਹੈ।
ਤੂਰ ਨੇ ਪੰਜਾਬੀ ਸਾਹਿਤ, ਸੱਭਿਆਚਾਰ ਦਾ ਅਧਿਅਨ ਕੀਤਾ ਹੋਇਆ ਹੈ, ਫਸਲਾਂ ਦੀ ਮਹਿਕ ਪਛਾਣਦਾ ਹੈ। ਓਵਰਡੋਜ਼ ਡਰੱਗ ਦਾ ਟੀਕਾ ਲਾਕੇ ਜੁਆਨ ਮੌਤ ਦੀ ਗੋਦ ਵਿਚ ਜਾ ਬੈਠਾ। ਤੂਰ ਦਾ ਵਾਕ ਹੈ- ਪਹਿਲੀ ਵਾਰ ਜਦ ਉਹ ਮਿਲਿਆ, ਚਿੱਟਾ ਕੁਰਤਾ ਪਜਾਮਾ ਪਹਿਨਿਆਂ ਹੋਇਆ ਸੀ। ਚਿੱਟਾ ਕੱਪੜਾ ਉਸਦੀ ਲਾਸ਼ ਉੱਪਰ ਤਾਣਿਆਂ ਪਿਆ ਸੀ। ਕਿਸੇ ਮਾਂ ਦਾ ਪੂਰਨ; ਹਾਲਤਾਂ ਨੇ ਜਿਸ ਦੇ ਹੱਥ ਪੈਰ ਵੱਢ ਕੇ ਖੂਹ ਵਿੱਚ ਸੁਟਵਾ ਦਿੱਤਾ ਹੋਵੇ। ਜਵਾਨ ਸਫੈਦ ਕੱਫਣ ਓੜ੍ਹ ਰਹੇ ਨੇ, ਵਿਧਵਾਵਾਂ ਦੇ ਸਿਰਾਂ ਤੇ ਸਫੈਦ ਦੁਪੱਟੇ ਟਿਕ ਗਏ ਨੇ।
ਇੱਕ ਦੁਖੀ ਮਾਂ ਤੂਰ ਨੂੰ ਮਿਲ ਕੇ ਆਖਦੀ ਹੈ- ਛੱਤ ਨਾਲ ਮੈਨੂੰ ਲਟਕਣਾ ਨੀਂ ਆਉਂਦਾ, ਜ਼ਹਿਰੀਲੀ ਦਵਾਈ ਮਿਲੀ ਨਹੀਂ। … ਉਸਦੇ ਸਹਿਜ ਸੁਭਾ ਕਹੇ ਇਨ੍ਹਾਂ ਬੋਲਾਂ ਨਾਲ ਪੰਜਾਬ ਤ੍ਰਭਕਦਾ ਤੇ ਕੰਬਦਾ ਪ੍ਰਤੀਤ ਹੋਇਆ। … ਉਸ ਦੀਆਂ ਅੱਖਾਂ ਵਿੱਚੋਂ ਇਕ ਵੀ ਅਥਰੂ ਨਹੀਂ ਡਿਗਿਆ। ਪੂਰੀ ਜ਼ਿੰਦਗੀ ਨੂੰ ਉਹ ਪਹਿਲਾਂ ਹੀ ਰੋ ਚੁੱਕੀ ਸੀ।
ਸਤੀ ਪ੍ਰਥਾ ਤੋਂ ਲੈ ਕੇ ਭਰੂਣ ਹੱਤਿਆ ਤੱਕ ਤੂਰ ਔਰਤ ਦੇ ਦੁੱਖਾਂ ਦਾ ਬਿਰਤਾਂਤ ਸਿਰਜਦਿਆਂ ਲਿਖਦਾ ਹੈ- ਅਨੇਕ ਦੁੱਖਾਂ ਦੇ ਬਾਵਜੂਦ ਔਰਤ ਨੇ ਆਪਣਾ ਜੀਵਨ ਪਰਿਵਾਰ ਲਈ ਇੰਨਾ ਖੁੱਭ ਕੇ ਜੀਵਿਆ ਹੁੰਦਾ ਹੈ ਕਿ ਉਸਦਾ ਰੂਪ ਲੋਪ ਨਹੀਂ ਹੁੰਦਾ ਬਲਕਿ ਰੰਗ ਬਣ ਕੇ ਘਰ ਦੀਆਂ ਕੰਧਾਂ ਕੰਧੋਲ਼ੀਆਂ ਨੂੰ ਲੱਗ ਜਾਂਦਾ ਹੈ। ਉਸੇ ਔਰਤ ਨੂੰ ਦੁਖਾਂ ਦੀ ਭੱਠੀ ਵਿਚ ਝੋਕ ਦੇਣਾ ਪੰਜਾਬੀਆਂ ਲਈ ਮੰਦਭਾਗਾ ਹੈ।
ਬੱਚਾ ਅਜੇ ਪੇਟ ਵਿੱਚ ਸੀ ਕਿ ਖਾਵੰਦ ਦੀ ਮੌਤ ਹੋ ਗਈ। ਜੋੜ ਤੋੜ ਸਾਰਾ ਓਹੜ ਪੋਹੜ ਲਾਕੇ ਦੋ ਮੱਝਾਂ ਖਰੀਦ ਦੁੱਧ ਵੇਚ ਗੁਜ਼ਾਰਾ ਕਰਨ ਲੱਗੀ। ਦੋਵੇਂ ਮੱਝਾਂ ਚੋਰੀ ਹੋ ਗਈਆਂ। ਸਰਪੰਚ ਨਾਲ ਥਾਣੇ ਰਪਟ ਲਿਖਾਣ ਗਈ, ਮੁਕੱਦਮੇ ਵਿਚ ਕੋਈ ਦਿਲਚਸਪੀ ਨਹੀਂ, ਆਖੀ ਜਾ ਰਹੀ ਸੀ- ਮੇਰੀਆਂ ਮੱਝਾਂ ਲਭਾ ਦਿਓ। ਸਰਪੰਚ ਨੇ ਕਿਹਾ- ਸਰ ਲਭਾ ਦਿਓ ਮੱਝਾਂ। ਧਾਰਾਂ ਚੋਣ ਦਾ ਵੇਲਾ ਹੁੰਦੈ ਤਾਂ ਇਹ ਬੀਬੀ ਹੱਥ ਵਿਚ ਬਾਲਟੀ ਫੜ ਕੇ ਧਾਹਾਂ ਮਾਰਦੀ ਹੈ।
ਬੀਤੇ ਪੰਜਾਬ ਦਾ ਦ੍ਰਿਸ਼ ਦੇਖੋ- ਕੰਧਾਂ ਕੰਧੋਲੀਆਂ ਲਿਪਦੀਆਂ ਔਰਤਾਂ, ਤਿਲ ਭੁੰਨਦੀਆਂ ਸੁਆਣੀਆਂ, ਬਾਪ ਦੀ ਰੋਟੀ ਲਈ ਖੇਤ ਜਾਂਦੀ ਬਾਲੜੀ, ਕਪਾਹ ਦੇ ਫੁੱਲਾਂ ਤੇ ਮੰਡਰਾਉਂਦੀਆਂ ਰੰਗ ਬਿਰੰਗੀਆਂ ਤਿਤਲੀਆਂ, ਵਗਦੇ ਖਾਲ ਵਿੱਚੋਂ ਪਾਣੀ ਪੀਕੇ ਉਡ ਗਈਆਂ ਚਿੜੀਆਂ, ਇਕ ਸਮਾਂ ਸੀ ਜਦੋਂ ਕੰਮਾਂਕਾਰਾਂ ਨੇ ਪੰਜਾਬੀਅਤ ਨੂੰ ਮਹਿਕਣ ਲਾ ਦਿੱਤਾ ਸੀ।
ਲੋਰੀਆਂ, ਘੋੜੀਆਂ, ਸੁਹਾਗ, ਮਾਹੀਆ ਲੋਕਧਾਰਾ ਨੇ ਪੰਜਾਬੀਆਂ ਨੂੰ ਮਾਣ ਬਖਸ਼ਿਆ ਹੈ- ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ। ... ਸੁਹਣੇ ਜੇ ਚੀਰੇ ਵਾਲਿਆ ਵੇ, ਚੀਰਾ ਕਲਗੀ ਦੇ ਨਾਲ ਸ਼ਿੰਗਾਰਿਆ ਈ …। ਜਿਨ੍ਹਾਂ ਦੇ ਵਿਆਹਾਂ ਤੇ ਗੀਤ ਗਾਉਣ ਲਈ ਭੈਣਾਂ ਮਾਵਾਂ ਦਿਨ ਉਡੀਕਦੀਆਂ ਹਨ, ਅੰਦਰ ਧਸੀਆਂ ਅੱਖਾਂ, ਕੰਬਦੇ ਹੱਥਾਂ ਨਾਲ ਪਲ ਪਲ ਉਹ ਜਵਾਨ ਸ਼ਮਸ਼ਾਨਘਾਟ ਵਲ ਵਧ ਰਹੇ ਹਨ।
ਜਿਸ ਤਰ੍ਹਾਂ ਦੀ ਡੂੰਘੀ ਉਦਾਸ ਵਾਰਤਕ ਤੂਰ ਸਿਰਜਦਾ ਹੈ, ਉਹੋ ਜਿਹੀ ਹਰਿਆਣੇ ਦੇ ਗਿਆਨ ਪ੍ਰਕਾਸ਼ ਵਿਵੇਕ ਦੀ ਪੜ੍ਹੀ ਸੀ। ਜਿਸ ਨੇ ਦੁੱਖ ਨਹੀਂ ਦੇਖਿਆ, ਉਸ ਨੂੰ ਰੂਹਾਨੀ ਸੰਗੀਤ ਦਾ ਕੀ ਪਤਾ? ਵਿਵੇਕ ਦੀ ਲਿਖਤ ਦਾ ਨਮੂਨਾ ਦੇਖੋ- ਮੇਰਾ ਪਿੰਡ ਚੁੱਪ ਚੁੱਪ ਰਹਿੰਦੈ। ਸਾਲ ਵਿੱਚ ਦੋ ਤਿੰਨ ਵਾਰ ਬਸ ਤਿਉਹਾਰਾਂ ਦੇ ਦਿਨਾਂ ਵਿਚ ਹੀ ਹੱਸਦੈ। ਜਿਵੇਂ ਗਵਾਚੀ ਖੁਸ਼ੀ ਲੱਭਦਾ ਹੋਏ। ਗਵਾਚੀ ਖੁਸ਼ੀ ਲੱਭਣੀ ਉੰਨਾ ਈ ਔਖਾ ਕੰਮ ਹੈ, ਜਿੰਨਾ ਡਿਗਿਆ ਹੰਝੂ ਚੁੱਕ ਕੇ ਮੁੜ ਅੱਖ ਵਿਚ ਪਾਉਣਾ। ਮੇਰਾ ਪਿੰਡ ਜਿਵੇਂ ਬਣਵਾਸ ਭੋਗਦਾ ਹੋਇਆ ਰਾਜਾ ਰਾਮਚੰਦ। ਪਿੰਡ ਵਿਚਕਾਰ ਖੂਹ ਹੈ। ਖੂਹ ਦਾ ਪਾਣੀ ਖਾਰਾ। ਖਾਰੇ ਪਾਣੀ ਦੀ ਸਾਖੀ ਹੈ। ਮੁੱਦਤ ਪਹਿਲਾਂ ਦਰਵੇਸ ਲੰਘਿਆ ਸੀ, ਪਿਆਸਾ ਸੀ, ਪਿੰਡ ਨੇ ਪਾਣੀ ਨਹੀਂ ਪੁੱਛਿਆ। ਖਾਰੇ ਪਾਣੀ ਦਾ ਸਰਾਪ ਦੇ ਗਿਆ। ਭਲਾ ਸੀ ਕੋਈ ਜਿਹੜਾ ਖਾਰੇ ਪਾਣੀ ਦਾ ਸਰਾਪ ਦੇ ਗਿਆ, ਖੂਹ ਸੁੱਕ ਜਾਣ ਦਾ ਸਰਾਪ ਦੇ ਜਾਂਦਾ, ਫੇਰ ਅਸੀਂ ਕੀ ਕਰਦੇ? ਵਿਸਾਖੀ ਦੇ ਦਿਨ ਤੋਂ ਲੈਕੇ ਸਾਰੀਆਂ ਗਰਮੀਆਂ ਮੇਰਾ ਪਿੰਡ ਹੁਣ ਪਿਆਓ ਲਾਉਣਾ ਨਹੀਂ ਭੁੱਲਦਾ।
ਚੰਗੀ ਲਿਖਤ ਪੜ੍ਹਨ ਬਾਦ ਇਨਾਮ ਮਿਲਦਾ ਹੈ ਕਿ ਹੋਰ ਚੰਗੀਆਂ ਲਿਖਤਾਂ ਦੇ ਬੋਲ ਉਤਰਕੇ ਆਲੇ ਦੁਆਲੇ ਨੱਚਣ ਲਗਦੇ ਹਨ। ਜਦੋਂ ਰੋਸ਼ਨੀ ਵੱਖ ਵੱਖ ਰੰਗਾਂ ਥਾਣੀ ਹੱਸਦੀ ਅਤੇ ਰੋਂਦੀ ਹੈ, ਤੂਰ ਨਿਪੁੰਨ ਕਿਸਾਨ ਵਾਂਗ ਕਣਕ ਦੇ ਖੇਤ ਵਿਚਕਾਰ ਸਰ੍ਹੋਂ ਦੀਆਂ ਆਡਾਂ ਸਿਰਜਦਾ ਹੈ। ਯਾਦ ਕਰਾਉਂਦਾ ਹੈ ਕਿ ਜਦੋਂ ਪੰਜਾਬੀ ਜਵਾਨ ਧਰਤੀ ਦੀ ਵੱਖੀ ਵਿਚ ਹਲ ਨਾਲ ਕੁਤਕੁਤਾੜੀਆਂ ਕਰਦਾ ਹੁੰਦਾ, ਧਰਤੀ ਦੇ ਹਾਸੇ ਫਸਲਾਂ ਬਣ ਬਣ ਫੁੱਟਦੇ ਹੁੰਦੇ।
*****
(1191)