HarpalSPannu7ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...
(ਮਾਰਚ 25, 2016)

 

Tagore1ਮੇਰੇ ਕੰਮ ਦੀ ਕਦਰ ਪਾ ਕੇ ਤੁਸੀਂ ਮੈਨੂੰ ਨੋਬਲ ਪ੍ਰਾਈਜ਼ ਦੇਣ ਦਾ ਫੈਸਲਾ ਕੀਤਾ ਹੈ, ਮੈਂ ਖੁਸ਼ ਹਾਂ ਕਿ ਤੁਹਾਡੇ ਦੇਸ ਸਵੀਡਨ ਵਿਚ ਆਕੇ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ। ਮੈਨੂੰ ਉਹ ਸ਼ਾਮ ਯਾਦ ਹੈ ਜਦੋਂ ਮੇਰੇ ਇੰਗਲੈਂਡ ਦੇ ਪ੍ਰਕਾਸ਼ਕ ਨੇ ਤਾਰ ਭੇਜ ਕੇ ਮੈਨੂੰ ਇਸ ਖਬਰ ਦੀ ਸੂਚਨਾ  ਦਿੱਤੀ। ਮੈਂ ਸ਼ਾਂਤੀ ਨਿਕੇਤਨ ਵਿਚ ਰਹਿ ਰਿਹਾ ਸਾਂ। ਅਸੀਂ ਜੰਗਲ ਵਿਚ ਕੁਝ ਖਾਣ-ਪੀਣ ਦਾ ਪ੍ਰੋਗਰਾਮ ਤੈਅ ਕੀਤਾ ਸੀ, ਉਹ ਨਿਬੇੜ ਕੇ ਵਾਪਸ ਜਾ ਰਿਹਾ ਸਾਂ ਕਿ ਡਾਕਖਾਨੇ ਵਿੱਚੋਂ ਭੱਜਾ ਭੱਜਾ ਡਾਕੀਆ ਮੈਨੂੰ ਤਾਰ ਫੜਾ ਗਿਆ। ਤਾਂਗੇ ਵਿਚ ਮੇਰੇ ਨਾਲ ਇਕ ਅੰਗਰੇਜ਼ ਬੈਠਾ ਸੀ। ਮੈਨੂੰ ਤਾਰ ਸੰਦੇਸ਼ ਕੋਈ ਖਾਸ ਨਾ ਲੱਗਾ ਤੇ ਮੈਂ ਕਾਗਜ਼ ਦੂਹਰਾ ਕਰਕੇ ਜੇਬ ਵਿਚ ਪਾ ਲਿਆ ਕਿ ਘਰ ਜਾ ਕੇ ਪੜ੍ਹਾਂਗੇ। ਗੋਰੇ ਨੂੰ ਇਸ ਵਿਚ ਖਾਸ ਗੱਲ ਲਿਖੀ ਮਹਿਸੂਸ ਹੋਈ, ਉਸਨੇ ਮੈਨੂੰ ਕਿਹਾ ਕਿ ਇਸ ਨੂੰ ਪੜ੍ਹਾਂ। ਕਾਗਜ਼ ਖੋਲ੍ਹ ਕੇ ਪੜ੍ਹਿਆ ਤਾਂ ਮੈਨੂੰ ਯਕੀਨ ਨਾ ਆਇਆ। ਪਹਿਲਾਂ ਤਾਂ ਮੈਨੂੰ ਲੱਗਾ ਜਿਵੇਂ ਤਾਰ ਦੀ ਭਾਸ਼ਾ ਸਹੀ ਨਹੀਂ, ਮੈਂ ਇਹਦੇ ਅਰਥ ਸਹੀ ਨਹੀਂ ਕੀਤੇ ਸ਼ਾਇਦ, ਫਿਰ ਮੈਨੂੰ ਵਿਸ਼ਵਾਸ ਹੋ ਗਿਆ। ਤੁਸੀਂ ਕੇਵਲ ਅੰਦਾਜ਼ੇ ਲਾ ਸਕਦੇ ਹੋ ਕਿ ਮੇਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿੰਨੀ ਖੁਸ਼ੀ ਹੋਈ ਸੀ। ਮੇਰੇ ਵਿਦਿਆਰਥੀ ਮੈਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਇਉਂ ਲੱਗਾ ਜਿਵੇਂ ਇਹ ਇਨਾਮ ਉਨ੍ਹਾਂ ਨੂੰ ਮਿਲਿਆ ਹੈ। ਮੈਨੂੰ ਲਗਦੈ ਮੇਰੇ ਸਾਰੇ ਦੇਸ ਵਾਸੀਆਂ ਨੂੰ ਇਵੇਂ ਹੀ ਲੱਗਾ।

ਇਸ ਤਰੀਕੇ ਸ਼ਾਮ ਬੀਤ ਗਈ, ਰਾਤ ਪੈਣ ਤੇ ਪੜਛੱਤੀ ਉੱਪਰ ਮੈਂ ਇਕੱਲਾ ਬੈਠ ਗਿਆ, ਆਪਣੇ ਆਪ ਨੂੰ ਪੁੱਛਿਆ - ਪੱਛਮ ਵਲੋਂ ਮੇਰੀਆਂ ਕਵਿਤਾਵਾਂ ਸਵੀਕਾਰਨ ਸਤਿਕਾਰਨ ਪਿੱਛੇ ਕੀ ਕਾਰਨ ਹੋ ਸਕਦਾ ਹੈ? ਵੱਖਰੀ ਨਸਲ ਦਾ ਬੰਦਾ, ਪੱਛਮ ਦੀ ਵਸੋਂ ਤੋਂ ਬੇਅੰਤ ਦੂਰ, ਮੈਂ ਪਹਾੜਾਂ ਸਮੁੰਦਰਾਂ ਤੋਂ ਪਾਰ ਬੈਠਾਂ ਹਾਂ, ਫਿਰ ਇਹ ਸਭ ਕਿਵੇਂ ਹੋਇਆ?

ਬਿਨਾਂ ਕਿਸੇ ਉਤੇਜਨਾ ਦੇ ਮੈਂ ਆਪਣੇ ਆਪ ਤੋਂ ਜਦੋਂ ਕੁਝ ਸਵਾਲ ਪੁੱਛੇ ਤਾਂ ਖੁਦ ਨੂੰ ਨਿਮਾਣਾ ਤੇ ਨਿਗੂਣਾ ਸਮਝਿਆ। ਮੈਨੂੰ ਯਾਦ ਆਇਆ ਬਚਪਨ ਦਾ ਉਹ ਸਮਾਂ ਜਦੋਂ ਮੇਰਾ ਕੰਮ ਵਿਕਸਿਤ ਹੋਣਾ ਸ਼ੁਰੂ ਹੋਇਆ। ਪੱਚੀ ਸਾਲ ਦੀ ਉਮਰ, ਬੰਗਾਲ ਦੇ ਗੰਗਾ ਕਿਨਾਰੇ ਦੂਰ ਦੁਰਾਡੇ ਇਕ ਪਿੰਡ, ਮੈਂ ਸ਼ਿਕਾਰੇ ਵਿਚ ਇਕੱਲਾ ਰਹਿ ਰਿਹਾ ਸਾਂ, ਸਰਦੀਆਂ ਦੇ ਦਿਨੀਂ ਹਿਮਾਲੀਆ ਵਲੋਂ ਜੰਗਲੀ ਬੱਤਕਾਂ ਦਰਿਆ ਵਿਚ ਆਣ ਉੱਤਰਦੀਆਂ ਸਨ, ਇਹੀ ਮੇਰੀਆਂ ਸਾਥਣਾਂ ਹੁੰਦੀਆਂ।

ਧੁੱਪ ਮੈਨੂੰ ਸ਼ਰਾਬ ਵਾਂਗ ਆਪਣੇ ਉੱਪਰ ਡੁੱਲ੍ਹਦੀ ਲਗਦੀ, ਦਰਿਆ ਦੀ ਕਲ ਕਲ ਮੈਨੂੰ ਕੁਦਰਤ ਦੇ ਭੇਤ ਦੱਸਦੀ। ਇਕਾਂਤ ਵਿਚ ਆਪਣੇ ਸੁਫ਼ਨਿਆਂ ਨੂੰ ਕਵਿਤਾਵਾਂ ਵਿਚ ਉਤਾਰ ਉਤਾਰ ਮੈਂ ਅਖਬਾਰਾਂ ਰਿਸਾਲਿਆਂ ਰਾਹੀਂ ਕਲਕੱਤੇ ਦੇ ਪਾਠਕਾਂ ਤੱਕ ਪੁਚਾਉਂਦਾ। ਤੁਸੀਂ ਸਮਝ ਸਕਦੇ ਹੋ ਕਿ ਪੱਛਮ ਦੇ ਜੀਵਨ ਨਾਲੋਂ ਇਹ ਜਿੰਦਗੀ ਬਿਲਕੁਲ ਵੱਖ ਕਿਸਮ ਦੀ ਸੀ। ਮੈਨੂੰ ਨਹੀਂ ਪਤਾ ਪੱਛਮੀ ਸ਼ਾਇਰ ਅਤੇ ਲੇਖਕ ਆਪਣੀ ਜੁਆਨੀ ਦੇ ਦਿਨ ਇਸ ਤਰ੍ਹਾਂ ਅਗਿਆਤਵਾਸ ਵਿਚ ਬਿਤਾਉਂਦੇ ਹੋਣਗੇ। ਮੈਨੂੰ ਪਤਾ ਹੈ ਪੱਛਮੀ ਦੁਨੀਆਂ ਵਿਚ ਇਸ ਤਰ੍ਹਾਂ ਦੇ ਬਣਵਾਸ ਦੀ ਭੋਰਾ ਭਾਵਨਾ ਨਹੀਂ।

ਜੀਵਨ ਤੁਰਦਾ ਰਿਹਾ। ਆਪਣੇ ਦੇਸ ਵਾਸੀਆਂ ਵਾਸਤੇ ਵੀ ਮੈਂ ਪੂਰਾ ਅਜਨਬੀ ਸਾਂ। ਮੇਰੇ ਆਲੇ ਦੁਆਲੇ ਦੇ ਮੇਰੇ ਪੇਂਡੂ ਵਸਨੀਕਾਂ ਤੋਂ ਇਲਾਵਾ ਕੋਈ ਨਹੀਂ ਸੀ ਮੈਨੂੰ ਜਾਣਦਾ। ਮੈਂ ਇਸ ਹਾਲਤ ਵਿਚ ਸਤੁੰਸ਼ਟ ਸਾਂ, ਭੀੜਾਂ ਦੀ ਉਤਸੁਕਤਾ ਤੋਂ ਮੁਕਤ।

ਫਿਰ ਉਹ ਸਮਾਂ ਆਇਆ ਜਦੋਂ ਮੈਂ ਸੋਚਿਆ, ਹੁਣ ਇਸ ਬਣਵਾਸ ਵਿੱਚੋਂ ਨਿਕਲ ਕੇ ਆਪਣੇ ਭਰਾਵਾਂ ਭੈਣਾਂ ਲਈ ਕੁਝ ਕਰਾਂ। ਕੇਵਲ ਜੀਵਨ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਤ ਨਾ ਕਰਾਂ ਜਾਂ ਅਪਣੇ ਸੁਫ਼ਨਿਆਂ ਨੂੰ ਕਾਗਜ਼ ’ਤੇ ਉਤਾਰਦਾ ਨਾ ਫਿਰਾਂ ਸਗੋਂ ਕੁਝ ਠੋਸ ਕਰਾਂ, ਆਪਣੇ ਖਿਆਲਾਂ ਨੂੰ ਅਮਲ ਵਿਚ ਲਿਆਵਾਂ।

ਮੇਰੇ ਦਿਮਾਗ ਵਿਚ ਕੇਵਲ ਇਕ ਗੱਲ ਬੈਠੀ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂ। ਇਹ ਗੱਲ ਨਹੀਂ ਕਿ ਮੈਂ ਯੋਗ ਅਧਿਆਪਕ ਸਾਂ, ਮੈਂ ਤਾਂ ਖੁਦ ਠੀਕ ਢੰਗ ਨਾਲ ਵਿੱਦਿਆ ਹਾਸਲ ਨਹੀਂ ਕਰ ਸਕਿਆ। ਕਾਫ਼ੀ ਸਮਾਂ ਝਿਜਕਦਾ ਰਿਹਾ, ਫਿਰ ਸੋਚਿਆ - ਮੈਂ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਹਾਂ, ਇਸ ਕਰਕੇ ਬੱਚਿਆਂ ਨੂੰ ਯਕੀਨਨ ਪਿਆਰ ਕਰਦਾ ਹਾਂ। ਮੇਰਾ ਨਿਸ਼ਾਨਾ ਇਕ ਅਜਿਹੀ ਸੰਸਥਾ ਖੜ੍ਹੀ ਕਰਨ ਦਾ ਸੀ, ਜਿੱਥੇ ਬੱਚੇ ਜੀਵਨ ਦੀ ਖੁਸ਼ੀ ਅਤੇ ਸੁਤੰਤਰਤਾ ਮਾਣਨ, ਕੁਦਰਤ ਨਾਲ ਇਕ ਰਸ ਹੋਣ। ਮੈਂ ਉਸ ਦੌਰ ਵਿਚ ਆਪਣਾ ਬਚਪਨ ਲੰਘਾਇਆ ਸੀ ਜਦੋਂ ਵਿੱਦਿਆ ਸਾਹ ਘੁੱਟਣ ਵਾਲੇ ਮਾਹੌਲ ਵਿਚ ਮਸ਼ੀਨੀ ਤਰੀਕੇ ਨਾਲ ਦਿੱਤੀ ਜਾਂਦੀ ਸੀ, ਜੋ ਬੱਚਿਆਂ ਦਾ ਉਤਸ਼ਾਹ ਮਾਰ ਦਿੰਦੀ। ਬੱਚੇ ਵਿਚ ਤਾਂ ਜਾਣਨ ਦੀ ਅਨੰਤ ਪਿਆਸ ਹੁੰਦੀ ਹੈ ਪਰ ਉਹ ਮਰ ਜਾਂਦੀ ਹੈ ਕਿਉਂਕਿ ਸਿਖਾਉਣ ਦਾ ਤਰੀਕਾ ਠੀਕ ਨਹੀਂ।

ਮੇਰੇ ਆਲੇ ਦੁਆਲੇ ਕੁਝ ਮੁੰਡੇ ਸਨ, ਮੈਂ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਮੈਂ ਉਨ੍ਹਾਂ ਦਾ ਸਾਥੀ ਸਾਂ, ਉਨ੍ਹਾਂ ਨਾਲ ਖੇਡਦਾ ਵੀ ਹੱਸਦਾ ਵੀ। ਛੋਟਿਆਂ ਛੋਟਿਆਂ ਵਿਚ ਮੈਂ ਥੋੜ੍ਹਾ ਵੱਡਾ ਬੱਚਾ ਸਾਂ। ਇਸ ਆਜ਼ਾਦ ਫਿਜ਼ਾ ਵਿਚ ਅਸੀਂ ਸਾਰੇ ਵਿਕਸਿਤ ਹੋਣ ਲੱਗੇ। ਬੱਚਿਆਂ ਦੀ ਖੁਸ਼ੀ, ਜੋਸ਼, ਗੱਲਾਂ ਅਤੇ ਗੀਤ, ਹਵਾਵਾਂ ਵਿਚ ਖੁਸ਼ੀਆਂ ਦੀ ਮਹਿਕ ਘੋਲ ਦਿੰਦੇ, ਇਹ ਸ਼ਰਬਤ ਮੈਂ ਹਰ ਰੋਜ਼ ਪੀਂਦਾ। ਸੂਰਜ ਛਿਪਣ ਵੇਲੇ ਇਕਾਂਤ ਵਿਚ ਮੈਂ ਇਕੱਲਾ ਬੈਠ ਕੇ ਦਰਖਤ ਅਤੇ ਦਰਖਤਾਂ ਦੀਆਂ ਦੂਰ ਤੱਕ ਲੰਮੀਆਂ ਛਾਵਾਂ ਦੇਖਦਾ। ਮੈਨੂੰ ਇਨ੍ਹਾਂ ਵਿਚੋਂ ਵੀ ਉਹੋ ਆਵਾਜ਼ਾਂ ਸੁਣਾਈ ਦਿੰਦੀਆਂ, ਜੋ ਦਿਨੇ ਸੁਣੀਆਂ ਹੁੰਦੀਆਂ ਸਨ। ਦਰਖਤ ਧਰਤੀ ਦੀ ਹਿੱਕ ਵਿੱਚੋਂ ਨਿਕਲੇ ਅਨੰਤ ਅਕਾਸ਼ ਵੱਲ ਉੱਠਦੇ ਜੀਵਨ ਦੇ ਫੁਹਾਰੇ ਲਗਦੇ। ਮਨੁੱਖਤਾ ਦੇ ਦਿਲ ਵਿਚਲੀਆਂ ਸਾਰੀਆਂ ਖੁਸ਼ੀਆਂ ਅਤੇ ਸਾਰੇ ਹਉਕੇ ਧਰਤੀ ਤੋਂ ਉੱਠ ਕੇ ਅਸਮਾਨ ਵੱਲ ਜਾਂਦੇ ਸਾਫ਼ ਦਿਖਾਈ ਦਿੰਦੇ। ਮੈਂ ਸੋਚਦਾ ਮੇਰੇ ਵਰਗੇ ਵੱਡੀ ਉਮਰ ਦੇ ਬੱਚੇ ਵੀ ਆਪਣੀ ਵੇਦਨਾ ਆਕਾਸ਼ ਤੱਕ ਪੁਚਾ ਸਕਦੇ ਹਨ। ਇਹੋ ਗੱਲ ਬਾਰ ਬਾਰ ਮਹਿਸੂਸ ਹੁੰਦੀ।

ਅਜਿਹੇ ਮਾਹੌਲ ਵਿਚ ਗੀਤਾਂਜਲੀ ਵਿਚਲੇ ਗੀਤ ਲਿਖੇ। ਭਾਰਤੀ ਅਸਮਾਨ ਦੇ ਤਾਰਿਆਂ ਦੀ ਛਾਂ ਹੇਠ ਅੱਧੀ ਅੱਧੀ ਰਾਤ ਤੱਕ ਮੈਂ ਆਪਣੇ ਗੀਤ ਗਾਉਂਦਾ। ਫੇਰ ਅੰਮ੍ਰਿਤ ਵੇਲਾ ਹੁੰਦਾ, ਸ਼ਾਮ ਦੀਆਂ ਸੁਨਹਿਰੀ ਧੁੱਪਾਂ ਹੁੰਦੀਆਂ, ਮੈਂ ਲਿਖੀ ਜਾਂਦਾਇਉਂ ਕਰਦਿਆਂ ਮੈਨੂੰ ਲੱਗਾ ਇਕ ਵਾਰ ਫੇਰ ਮੈਂ ਬਾਹਰ ਨਿਕਲਾਂ ਤੇ ਵੱਡੀ ਦੁਨੀਆਂ ਦੇ ਦਿਲ ਨੂੰ ਮਿਲਾਂ।

ਮੈਂ ਦੇਖ ਰਿਹਾ ਸਾਂ ਕਿ ਆਪਣੇ ਵਿਦਿਆਰਥੀਆਂ ਨੂੰ ਮਿਲਦਿਆਂ ਵਾਸਤਵ ਵਿਚ ਮੈਂ ਵੱਡੇ ਸੰਸਾਰ ਨੂੰ ਮਿਲਣ ਦੀ ਤਿਆਰੀ ਕਰ ਰਿਹਾਂ। ਇਸੇ ਸਮੇਂ ਮੈਨੂੰ ਖਿਆਲ ਆਇਆ ਕਿ ਮੈਂ ਪੱਛਮ ਦੇ ਜਹਾਨ ਨੂੰ ਵੀ ਮਿਲਾਂ। ਮੈਂ ਇਸ ਗੱਲੋਂ ਚੇਤੰਨ ਸਾਂ ਕਿ ਵਰਤਮਾਨ ਸਦੀ ਪੱਛਮੀ ਮਨੁੱਖ ਦੀ ਹੈ ਜਿਸ ਵਿਚ ਬੇਅੰਤ ਸ਼ਕਤੀ ਹੈ। ਉਸ ਕੋਲ ਦੁਨੀਆਂ ਦੀ ਤਾਕਤ ਹੈ, ਉਸ ਦਾ ਜੀਵਨ ਸਾਰੀਆਂ ਹੱਦਾਂ ਤੋੜ ਕੇ ਬਾਹਰ ਫੈਲ ਰਿਹਾ ਹੈ ਤੇ ਭਵਿੱਖ ਵਾਸਤੇ ਸੰਦੇਸ਼ ਸਿਰਜ ਰਿਹਾ ਹੈ। ਮੈਂ ਸੋਚਿਆ ਮਰਨ ਤੋਂ ਪਹਿਲਾਂ ਪੱਛਮ ਵਿਚ ਉਸ ਗੁਪਤ ਇਬਾਦਤਗਾਹ ਜਾਵਾਂ ਜਿੱਥੇ ਰੂਹਾਨੀਅਤ ਦਾ ਵਾਸਾ ਹੈ।

ਮੈਂ ਸੋਚਿਆ ਆਪਣੀ ਸਾਰੀ ਸ਼ਕਤੀ ਅਤੇ ਜੀਵਨ ਦੀਆਂ ਪ੍ਰਤਿਭਾਵਾਂ ਵਾਲਾ ਰੂਹਾਨੀ ਆਦਮੀ ਪੱਛਮ ਵਿਚ ਮੌਜੂਦ ਹੈ। ਇਸ ਤਰ੍ਹਾਂ ਮੈਂ ਬਾਹਰ ਆਇਆ। ਗੀਤਾਂਜਲੀ ਦੀਆਂ ਬੰਗਲਾ ਕਵਿਤਾਵਾਂ ਨੂੰ ਮੈਂ ਅੰਗਰੇਜ਼ੀ ਵਿਚ ਅਨੁਵਾਦਣਾ ਸ਼ੁਰੂ ਕਰ ਦਿੱਤਾ। ਇਸ ਜ਼ਬਾਨ ਦਾ ਮਾਹਿਰ ਨਾ ਹੋਣ ਕਾਰਨ ਮੈਂ ਅਜੇ ਇਸ ਅਨੁਵਾਦ ਨੂੰ ਛਪਵਾਉਣ ਬਾਰੇ ਨਹੀਂ ਸੀ ਸੋਚਿਆ। ਬਸ ਖਰੜਾ ਲੈਕੇ ਪੱਛਮ ਵਿਚ ਪੁੱਜ ਗਿਆ। ਮੈਂ ਅੰਗਰੇਜ਼ਾਂ ਨੂੰ ਇਹ ਕਵਿਤਾਵਾਂ ਸੁਣਾਈਆਂ ਵੀ, ਪੜ੍ਹਾਈਆਂ ਵੀ। ਉਨ੍ਹਾਂ ਨੂੰ ਚੰਗੀਆਂ ਲੱਗੀਆਂ, ਯਾਨੀ ਕਿ ਮੈਨੂੰ ਪ੍ਰਵਾਨ ਕਰ ਲਿਆ ਗਿਆ। ਬਗੈਰ ਇੰਤਜ਼ਾਰ ਕਰਵਾਇਆਂ ਪੱਛਮ ਨੇ ਮੇਰੇ ਵਾਸਤੇ ਆਪਣਾ ਦਿਲ ਖੋਲ੍ਹ ਦਿੱਤਾ।

ਮੈਂ, ਜਿਹੜਾ ਅੱਧੀ ਸਦੀ ਬਣਵਾਸੀ ਰਿਹਾ, ਪੱਛਮ ਤੋਂ ਦੂਰ, ਮੈਨੂੰ ਇਕ ਦਮ ਪ੍ਰਵਾਨ ਕਰ ਲਿਆ ਜਾਵੇਗਾ, ਜਿਵੇਂ ਮੈਂ ਪੱਛਮ ਦਾ ਵੀ ਕਵੀ ਹੋਵਾਂ, ਇਹ ਮੇਰੇ ਲਈ ਕਰਾਮਾਤ ਸੀ। ਮੈਂ ਹੈਰਾਨ ਹੋਇਆ ਪਰ ਮਹਿਸੂਸ ਕੀਤਾ ਕਿ ਜਿਹੜੇ ਸਾਲ ਮੈਂ ਬਣਵਾਸ ਵਿਚ ਗੁਜ਼ਾਰੇ ਅਤੇ ਉੱਥੋਂ ਜੋ ਸ਼ਾਂਤੀ ਮੈਨੂੰ ਹਾਸਲ ਹੋਈ, ਉਸਦੀ ਤਾਂ ਬਹੁਤੀ ਲੋੜ ਪੱਛਮ ਨੂੰ ਸੀ ਜੋ ਵਧੀਕ ਗਤੀਸ਼ੀਲ ਹੋਣ ਕਰਕੇ ਸ਼ਾਂਤੀ ਲਈ ਪਿਆਸਾ ਹੈ। ਗੰਗਾ ਕਿਨਾਰੇ ਬਚਪਨ ਦੇ ਜਿਹੜੇ ਇਕਾਂਤ ਦਿਨ ਗੁਜ਼ਾਰੇ ਉਨ੍ਹਾਂ ਨੇ ਮੈਨੂੰ ਯੋਗਤਾ ਦਿੱਤੀ। ਇਨ੍ਹਾਂ ਵਰ੍ਹਿਆਂ ਦੀ ਸ਼ਾਂਤੀ ਮੇਰੇ ਦਿਲ ਵਿਚ ਜਮ੍ਹਾਂ ਹੋ ਗਈ। ਮੈਂ ਪੱਛਮੀ ਬੰਦੇ ਅੱਗੇ ਇਸ ਨੂੰ ਰੱਖਿਆ ਤਾਂ ਖੁਸ਼ੀ ਖੁਸ਼ੀ ਉਸਨੇ ਮਨਜ਼ੂਰ ਕਰ ਲਿਆ।

ਜਿਹੜੀ ਪ੍ਰਸ਼ੰਸਾ ਮਿਲੀ, ਉਹ ਮੈਨੂੰ ਇਕ ਬੰਦੇ ਨੂੰ ਨਹੀਂ ਮਿਲੀ। ਮੇਰੇ ਅੰਦਰਲਾ ਪੂਰਬ, ਪੱਛਮ ਤੱਕ ਪੁੱਜਾ। ਕੀ ਪੂਰਬ, ਮਾਨਵਤਾ ਦੀ ਮਾਂ ਨਹੀਂ? ਹੱਸਦੇ ਖੇਡਦੇ ਪੱਛਮੀ ਬੱਚੇ ਜਦੋਂ ਸੱਟਾਂ ਖਾ ਬੈਠਣ, ਜਦੋਂ ਲਾਚਾਰ ਹੋ ਜਾਣ, ਜਦੋਂ ਭੁੱਖ ਲੱਗੀ ਹੋਵੇ, ਉਦੋਂ ਕੀ ਉਹ ਪੂਰਬੀ ਮਾਂ ਵੱਲ ਨਹੀਂ ਝਾਕਦੇ? ਇਸ ਮਾਂ ਤੋਂ ਉਨ੍ਹਾਂ ਨੂੰ ਖੁਰਾਕ ਮਿਲਦੀ ਹੈ, ਰਾਤ ਦਾ ਚੈਨ ਮਿਲਦਾ ਹੈ। ਕੀ ਕਦੀ ਉਹ ਨਿਰਾਸ ਹੋਏ ਹਨ ਇਸ ਮਾਂ ਵੱਲੋਂ?

ਚੰਗੀ ਕਿਸਮਤ ਨੂੰ ਮੈਂ ਉਦੋਂ ਤੁਹਾਡੇ ਕੋਲ ਆਇਆ ਜਦੋਂ ਤੁਸੀਂ ਪੂਰਬ ਵੱਲ ਦੇਖਣ ਲੱਗੇ ਸੀ ਕਿ ਕੁਝ ਮਿਲੇਗਾ ਉੱਧਰੋਂ। ਪੂਰਬ ਦਾ ਪ੍ਰਤੀਨਿਧ ਹੋਣ ਦਾ ਇਨਾਮ ਆਪਣੇ ਪੂਰਬੀ ਮਿੱਤਰਾਂ ਤੋਂ ਮੈਨੂੰ ਪਹਿਲੋਂ ਹੀ ਮਿਲ ਚੁੱਕਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਜਿਹੜਾ ਇਨਾਮ ਤੁਸੀਂ ਮੈਨੂੰ ਦਿੱਤਾ ਹੈ ਇਹ ਮੈਂ ਆਪਣੇ ਆਪ ਉੱਪਰ ਖਰਚ ਕੇ ਜ਼ਾਇਆ ਨਹੀਂ ਕਰਾਂਗਾ। ਮੈਨੂੰ, ਇਕ ਬੰਦੇ ਨੂੰ ਨਾ ਇਹ ਇਨਾਮ ਮਿਲਿਆ ਹੈ ਨਾ ਮੈਂ ਇਕੱਲਾ ਇਸ ਨੂੰ ਸਵੀਕਾਰ ਕਰਨ ਦਾ ਹੱਕਦਾਰ ਹਾਂ, ਇਸ ਕਰਕੇ ਮੈਂ ਇਹ ਹੋਰਨਾਂ ਵਾਸਤੇ ਵਰਤਾਂਗਾ। ਇਹ ਮੈਂ ਪੂਰਬ ਦੇ ਬੱਚਿਆਂ ਨਮਿੱਤ ਰੱਖਾਂਗਾ। ਇਹ ਇਕ ਬੀਜ ਵਾਂਗ ਹੈ, ਜਦੋਂ ਇਸ ਨੂੰ ਬੀਜ ਦਿੰਦੇ ਹਾਂ, ਬੂਟਾ ਉੱਗ ਕੇ ਰੁੱਖ ਬਣਦਾ ਹੈ। ਬੀਜਣ ਵਾਲੇ ਨੂੰ ਹੋਰ ਬੀਜ ਵੀ ਦਿੰਦਾ ਹੈ, ਫਲ ਵੀ ਦਿੰਦਾ ਹੈ। ਮੈਂ ਇਕ ਵਿਸ਼ਵ-ਵਿਦਿਆਲਾ ਸਥਾਪਤ ਕਰਾਂਗਾਇਹ ਅਜਿਹੀ ਥਾਂ ਹੋਏਗੀ ਜਿੱਥੇ ਪੱਛਮੀ ਬੱਚੇ ਆਪਣੇ ਪੂਰਬੀ ਭਰਾਵਾਂ ਨਾਲ ਮਿਲ ਕੇ ਸੱਚ ਦੀ ਤਲਾਸ਼ ਕਰਨਗੇ। ਇੱਥੋਂ ਉਨ੍ਹਾਂ ਨੂੰ ਉਹ ਖਜ਼ਾਨੇ ਮਿਲਣਗੇ ਜਿਨ੍ਹਾਂ ਨਾਲ ਸਾਰੀ ਮਨੁੱਖਤਾ ਅਮੀਰ ਹੋਵੇਗੀ।

ਮੈਂ ਤੁਹਾਨੂੰ ਯਾਦ ਕਰਵਾਵਾਂ, ਭਾਰਤ ਦੀ ਸ਼ਾਨਾਮੱਤੀ ਸਭਿਅਤਾ ਵਿਚ ਕਦੀ ਮਹਾਨ ਯੂਨੀਵਰਸਿਟੀ ਹੋਇਆ ਕਰਦੀ ਸੀ। ਦੀਵਾ ਬਾਲ ਦਿੰਦੇ ਹਾਂ ਤਾਂ ਇਸ ਦੀ ਰੌਸ਼ਨੀ ਮਨਮਰਜ਼ੀ ਨਾਲ ਬੰਨ੍ਹ ਨਹੀਂ ਸਕਦੇ ਫਿਰ ਆਪਾਂ। ਇਹ ਦੁਨੀਆਂ ਤੱਕ ਪੁੱਜਦੀ ਹੈ। ਭਾਰਤ ਦੀ ਸਭਿਅਤਾ ਵਿਚ ਸ਼ਾਨ ਸੀ, ਸਿਆਣਪ ਸੀ ਤੇ ਅਮੀਰੀ ਸੀ। ਇਹ ਖਜ਼ਾਨੇ ਭਾਰਤ ਨੇ ਆਪਣੇ ਬੱਚਿਆਂ ਵਾਸਤੇ ਜੰਦਰਿਆਂ ਅੰਦਰ ਬੰਦ ਨਹੀਂ ਕੀਤੇ। ਚੀਨੀ, ਜਾਪਾਨੀ, ਈਰਾਨੀ ਸਭ ਕੌਮਾਂ ਦੇ ਲੋਕ ਆਉਂਦੇ ਤੇ ਭਾਰਤ ਵਿਚ ਜੋ ਬਿਹਤਰੀਨ ਹੁੰਦਾ, ਲੈਕੇ ਵਾਪਸ ਜਾਂਦੇ। ਤੁਹਾਨੂੰ ਪਤਾ ਹੋਵੇਗਾ ਸ਼ਾਇਦ ਕਿ ਭਾਰਤ ਵਿਚ ਪੈਸੇ ਲੈਕੇ ਵਿੱਦਿਆ ਵੇਚਣ ਦੀ ਪਰੰਪਰਾ ਨਹੀਂ ਸੀ। ਇਹ ਸਮਝਿਆ ਜਾਂਦਾ ਸੀ ਕਿ ਜਿਸ ਪਾਸ ਵਿੱਦਿਆ ਹੈ ਉਸਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿਚ ਵੰਡੇ। ਵਿਦਿਆਰਥੀ ਅਧਿਆਪਕ ਦੇ ਪਿੱਛੇ ਮੰਗਤਿਆਂ ਵਾਂਗ ਫਿਰਦੇ ਰਹਿਣ, ਇਉਂ ਨਹੀਂ ਹੁੰਦਾ ਸੀ, ਅਧਿਆਪਕ ਦਾ ਖੁਦ ਇਹ ਮਿਸ਼ਨ ਸੀ ਕਿ ਵੰਡਣਾ ਪਵਿੱਤਰ ਫਰਜ਼ ਹੈ। ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਇਸੇ ਉਦੇਸ਼ ਦੀ ਪੂਰਤੀ ਵਾਸਤੇ ਗੁਰੂਕੁਲਾਂ ਚੱਲੀਆਂ।

ਮੈਨੂੰ ਲਗਦਾ ਹੈ ਮਨੁੱਖਤਾ ਪਾਸ ਹੁਣ ਉਹ ਹਮਦਰਦੀ, ਦਰਿਆਦਿਲੀ ਨਹੀਂ ਰਹੀ। ਪੱਛਮੀ ਨਸਲਾਂ ਦੇ ਭਾਰਤ ਵਿਚ ਆਉਣ ਨਾਲ ਸਾਡਾ ਆਪਣੀ ਸਭਿਅਤਾ ਵਿੱਚੋਂ ਵਿਸ਼ਵਾਸ ਟੁੱਟ ਗਿਆ ਹੈ। ਪਦਾਰਥਕ ਪ੍ਰਭੁਤਾ ਹਾਵੀ ਹੋ ਗਈ ਹੈ। ਇਕ ਸਦੀ ਤੋਂ ਭਾਰਤੀ ਵਿਦਿਆਰਥੀ ਭੂਤਕਾਲ ਦੀ ਆਪਣੀ ਸਭਿਅਤਾ ਬਾਬਤ ਅਣਜਾਣ, ਅਗਿਆਨੀ ਹੋ ਗਏ ਹਨ। ਕੇਵਲ ਅਸੀਂ ਇਸ ਤੋਂ ਵੰਚਿਤ ਨਹੀਂ ਹੋਏ, ਉਹ ਵੀ ਵੰਚਿਤ ਹੋ ਗਏ ਹਨ, ਜਿਨ੍ਹਾਂ ਵਿਚ ਅਸੀਂ ਆਪਣੀ ਸਨਾਤਨੀ ਵਿੱਦਿਆ ਵੰਡਣੀ ਸੀ। ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਸੰਭਾਵਨਾਵਾਂ ਜ਼ਾਇਆ ਨਾ ਕਰੀਏ। ਜੋ ਸਰੇਸ਼ਟ ਹੈ ਉਹ ਕਰੀਏ, ਆਪਣੀ ਕੰਗਾਲੀ ਨਾ ਦਿਖਾਈਏ। ਜੋ ਸਾਨੂੰ ਵਡੇਰਿਆਂ ਤੋਂ ਮਿਲਿਆ, ਉਸ ਉੱਪਰ ਸਾਰੀ ਮਨੁੱਖਤਾ ਦਾ ਹੱਕ ਹੈ। ਇਹੋ ਕਾਰਨ ਹੈ ਜਿਸ ਸਦਕਾ ਮੈਂ ਦ੍ਰਿੜ੍ਹ ਹੋਕੇ ਫੈਸਲਾ ਕੀਤਾ ਕਿ ਇਕ ਅੰਤਰਰਾਸ਼ਟਰੀ ਸੰਸਥਾ ਬਣੇ ਜਿੱਥੇ ਪੂਰਬੀ ਤੇ ਪੱਛਮੀ ਬੱਚੇ ਇਕੱਠੇ ਰੂਹਾਨੀ ਖੁਰਾਕ ਪ੍ਰਾਪਤ ਕਰਨ।

ਇਹ ਦੱਸਦਿਆਂ ਮੈਂ ਫਖ਼ਰ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਇਨਾਮ ਦੀ ਰਾਸ਼ੀ ਨਾਲ ਉਸ ਵੱਡੇ ਸੁਫਨੇ ਦੀ ਕੁਝ ਪੂਰਤੀ ਹੋ ਸਕੇਗੀ ਜਿਹੜਾ ਮੇਰੇ ਦਿਲ ਵਿਚ ਹੈ। ਤੁਹਾਨੂੰ ਸੱਦਾ ਦੇਣ ਆਇਆਂ ਮੈਂ, ਆਉ ਬਹੁਤ ਵਧੀਆ ਪ੍ਰੀਤੀਭੋਜ ਹੈ, ਸਵੀਕਾਰ ਕਰੋ। ਮੈਨੂੰ ਆਸ ਹੈ ਮੇਰਾ ਸੱਦਾ ਪੱਤਰ ਤੁਸੀਂ ਸਵੀਕਾਰ ਕਰੋਗੇ। ਯੋਰਪ ਦੇ ਕਈ ਦੇਸਾਂ ਵਿਚ ਗਿਆ ਹਾਂ ਮੈਂ, ਉਨ੍ਹਾਂ ਨੇ ਮੇਰਾ ਪੁਰਜ਼ੋਰ ਸਵਾਗਤ ਕੀਤਾ। ਇਸ ਸਵਾਗਤ ਦਾ ਮਾਇਨਾ ਹੈ ਪੱਛਮ ਨੂੰ ਪੂਰਬ ਦੀ ਜ਼ਰੂਰਤ ਹੈ, ਉਵੇਂ, ਜਿਵੇਂ ਪੂਰਬ ਨੂੰ ਪੱਛਮ ਦੀ ਜ਼ਰੂਰਤ ਹੈ। ਮਿਲਾਪਾਂ ਦਾ ਸਮਾਂ ਆ ਗਿਆ ਹੈ।

ਮੈਂ ਖੁਸ਼ ਹਾਂ ਜੋ ਇਸ ਸਮੇਂ ਤੁਹਾਡੇ ਵਿਚਕਾਰ ਹਾਂ, ਮੇਰੇ ਕੋਲ ਦੇਣ ਵਾਸਤੇ ਕੁਝ ਸਮਾਨ ਹੈ। ਪੂਰਬ ਤੇ ਪੱਛਮ ਮਿਲਕੇ ਭਵਿੱਖ ਦੀ ਮਹਾਨ ਸੰਸਕ੍ਰਿਤੀ ਸਿਰਜਣਗੇ। ਅਨੁਵਾਦ ਰਾਹੀਂ ਅਸਪਸ਼ਟ ਜਿਹਾ ਸਹੀ, ਪੂਰਬ, ਪੱਛਮ ਤੱਕ ਪੁੱਜ ਗਿਆ ਜਿੱਥੇ ਇਸ ਨੂੰ ਸ਼ਾਂਤੀ ਮਿਲੀਇਹਨੂੰ ਲੱਗਾ, ਇਹ ਵੀ ਮੇਰਾ ਘਰ ਹੈ। ਸਮੇਂ ਦੀ ਜ਼ਬਾਨ ਤੁਹਾਡੇ ਤੱਕ ਪੁੱਜੀ, ਮੇਰੀ ਚੰਗੀ ਕਿਸਮਤ ਕਿ ਮੇਰੇ ਰਾਹੀਂ ਪੁੱਜੀ। ਸਵੀਡਨ ਦੇ ਸੱਦੇ ਨੇ ਮੈਨੂੰ ਦੂਰ ਦੂਰ ਤਕ ਪੁਚਾ ਦਿੱਤਾ, ਇਹ ਤਾਂ ਚੰਗਾ ਹੋਇਆ ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਮੇਰੀ ਇਕਾਂਤ ਵਿਚ ਵਿਘਨ ਪੈ ਗਿਆ। ਮੈਨੂੰ ਉਨ੍ਹਾਂ ਲੋਕਾਂ ਵਿਚਕਾਰ ਖਲੋਣਾ ਪਵੇਗਾ ਜਿਨ੍ਹਾਂ ਵਿਚ ਖਲੋਣ ਦਾ ਮੈਂ ਆਦੀ ਨਹੀਂ। ਪੱਛਮ ਦੀ ਵਿਸ਼ਾਲ ਦੁਨੀਆਂ ਸਾਹਮਣੇ ਜਦੋਂ ਮੈਂ ਖਲੋਂਦਾ ਹਾਂ ਤਾਂ ਮੇਰੇ ਦਿਲ ਵਿਚ ਡੋਬ ਪੈਣ ਲਗਦਾ ਹੈ। ਤੁਹਾਡੇ ਵਲੋਂ ਦਿੱਤਾ ਸਨਮਾਨ, ਪ੍ਰਸ਼ੰਸਾ ਅਤੇ ਸੁਗਾਤਾਂ ਸਵੀਕਾਰ ਕਰਨ ਦੀ ਅਜੇ ਮੈਨੂੰ ਆਦਤ ਨਹੀਂ ਪਈ। ਤੁਹਾਡੇ ਸਾਹਮਣੇ ਖਲੋਤਾ ਤਾਂ ਹਾਂ ਪਰ ਮੈਨੂੰ ਸੰਗ ਲੱਗ ਰਹੀ ਹੈ। ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਪੂਰਬ ਅਤੇ ਪੱਛਮ ਵਿਚਕਾਰ ਪੁਲ ਬਣਾਇਆ। ਉਮਰ ਭਰ ਮੈਂ ਇਹ ਕੰਮ ਕਰਦਾ ਰਹਾਂਗਾ। ਜੋ ਕਰ ਸਕਦਾ ਹਾਂ ਕਰਨਾ ਪਵੇਗਾ। ਇਸੇ ਸੁਫ਼ਨੇ ਦੀ ਪੂਰਤੀ ਖਾਤਰ ਮੈਂ ਸ਼ਾਂਤੀਨਿਕੇਤਨ ਦੀ ਨੀਂਹ ਰੱਖੀ। ਕਿਸੇ ਵਸਤੂ ਨੂੰ ਰੱਦ ਕਰਨਾ ਭਾਰਤ ਦਾ ਸੁਭਾਅ ਨਹੀਂ। ਮਿਲਵਰਤਣ ਦਾ ਸੁਭਾਅ ਕਿਸੇ ਨਸਲ ਜਾਂ ਸਭਿਆਚਾਰ ਨੂੰ ਰੱਦ ਨਹੀਂ ਕਰਦਾ। ਹਮਦਰਦੀ ਅਤੇ ਪਿਆਰ ਰਾਹੀਂ ਸਭ ਮਿਲ ਜਦੇ ਹਨ। ਸਿਆਸੀ ਹੱਲ ਚੱਲ ਦੌਰਾਨ ਭਾਰਤੀ ਬੱਚੇ ਪੱਛਮ ਨੂੰ ਰੱਦ ਕਰਨ ਲੱਗੇ ਦੇਖਕੇ ਮੈਨੂੰ ਦੁੱਖ ਹੁੰਦਾ ਹੈ। ਮੈਨੂੰ ਲਗਦਾ ਹੈ ਰੱਦ ਕਰਨ ਦਾ ਪਾਠ ਉਨ੍ਹਾਂ ਨੂੰ ਪੱਛਮ ਨੇ ਪੜ੍ਹਾਇਆ ਹੈ। ਅਸੀਂ ਇਸ ਤਰ੍ਹਾਂ ਦੇ ਨਹੀਂ ਸਾਂ। ਦਰਾਵੜ, ਮੁਸਲਮਾਨ, ਹਿੰਦੂ ਭਾਰਤ ਵਿਚ ਸਭ ਵਸ ਰਹੇ ਹਨ। ਨਕਲੀ ਸਿਆਸੀ ਰੱਸੀ ਨਾਲ ਸਾਨੂੰ ਕੋਈ ਨਹੀਂ ਬੰਨ੍ਹ ਸਕਦਾ। ਸਾਨੂੰ ਡੂੰਘੇ ਉਤਰਨਾ ਪਵੇਗਾ। ਸਾਡੇ ਕੋਲ ਵਡੇਰਿਆਂ ਦੀਆਂ ਸ਼ਾਨਦਾਰ ਲਿਖਤਾਂ ਪਈਆਂ ਹਨ। ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ। ਇਹ ਗੱਲ ਪੱਛਮ ਨੂੰ ਵੀ ਪਤਾ ਲੱਗੇਗੀ। ਜਾਨਵਰਾਂ ਵਾਂਗ ਲੜਨਾ ਭਿੜਨਾ ਕਿਸ ਵਾਸਤੇ?

ਮੇਰੀ ਯੂਨੀਵਰਸਿਟੀ ਵਿਚ ਆਓ ਤੇ ਦੇਖੋ ਇਸ ਵਿਚ ਕੀ ਕੀ ਹੈ। ਤੁਹਾਡੇ ਵਿਦਵਾਨ ਅਤੇ ਵਿਦਿਆਰਥੀ ਆਉਣ, ਅਣਵੰਡੀ ਮਨੁੱਖਤਾ ਵਾਂਗ ਰਹਿਣ। ਇਸ ਮਕਸਦ ਵਾਸਤੇ ਮੈਂ ਤੁਹਾਡੇ ਕੋਲ ਆਇਆਂ। ਪਰਮੇਸ਼ਰ ਦੇ ਨਾਮ ਉੱਪਰ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ।

(26 ਮਈ 1921, ਸਟਾਕਹੋਮ, ਸਵੀਡਨ।)

*****

(231)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author