“ਚਾਰੇ ਦੋਸਤ ਵਾਅਦੇ ਮੂਜਬ ਆ ਗਏ ਤਾਂ ਬੱਚਿਆਂ ਨੇ ਜਗਾਉਣ ਦਾ ...”
(19 ਜੁਲਾਈ 2020)
(1936 ਵਿੱਚ ਗੁਲਬਰਗਾ ਜ਼ਿਲ੍ਹਾ, ਹੈਦਰਾਬਾਦ ਸਟੇਟ ਵਿੱਚ ਜਨਮੇ ਹੁਸੈਨ ਨੇ 1965 ਵਿੱਚ ਉਰਦੂ ਲੇਖਣ ਸ਼ੁਰੂ ਕੀਤਾ ਤੇ ਨਾਮ ਕਮਾਇਆ। ਉਨ੍ਹਾਂ ਦੇ ਲਿਖੇ ਖਾਕੇ (ਸ਼ਬਦ ਚਿੱਤਰ) ਬਹੁਤ ਮਕਬੂਲ ਹੋਏ ਜਿਨ੍ਹਾਂ ਵਿੱਚ ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਫੈਜ਼, ਸ਼ਹਰਯਾਰ, ਅੱਬਾਸ, ਕਤੀਲ ਸ਼ਿਫਾਈ, ਖੁਸ਼ਵੰਤ ਸਿੰਘ, ਐੱਮ.ਐੱਫ. ਹੁਸੈਨ ਤੇ ਇੰਦਰ ਕੁਮਾਰ ਗੁਜਰਾਲ ਹਨ। ਸਾਲ 2007 ਵਿੱਚ ਉਨ੍ਹਾਂ ਨੂੰ ਪਦਮ ਸ੍ਰੀ ਸਨਮਾਨ ਮਿਲਿਆ। ਇਹ ਸਵੈਚਿਤਰ ਉਨ੍ਹਾਂ ਤੋਂ ਹਿੰਦੀ ਮਾਸਿਕ ‘ਹੰਸ’ ਨੇ 1990 ਵਿੱਚ ਲਿਖਵਾਇਆ ਸੀ।- ਅਨੁ.)
ਮੁਜਤਬਾ ਹੁਸੈਨ, ਜਿਸ ਨੂੰ ਮਰਹੂਮ (ਸੁਰਗਵਾਸੀ) ਕਹਿੰਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ, ਪਰਸੋਂ ਦੁਨੀਆਂ ਤੋਂ ਵਿਦਾ ਹੋ ਗਿਆ। ਇਹ ਉਸ ਦੇ ਮਰਨ ਦੇ ਦਿਨ ਨਹੀਂ ਸਨ ਕਿਉਂਕਿ ਉਸ ਨੂੰ ਬਹੁਤ ਪਹਿਲਾਂ ਨਾ ਸਿਰਫ ਮਰਨਾ ਸਗੋਂ ਡੁੱਬ ਮਰਨਾ ਚਾਹੀਦਾ ਸੀ। ਸੱਚ ਹੈ ਕਿ ਜਿਸ ਦਿਨ ਉਹ ਜੰਮਿਆ ਉਸੇ ਦਿਨ ਤੋਂ ਮਰਦਾ ਆ ਰਿਹਾ ਸੀ ਤਾਂ ਵੀ ਮਰਨ ਵਿੱਚ ਅੱਸੀ ਸਾਲ ਲਾ ਦਿੱਤੇ। ਲੋਕ ਅੱਡੀਆਂ ਰਗੜ ਰਗੜ ਮਰਦੇ ਹਨ, ਉਹ ਅੱਡੀਆਂ ਰਗੜ ਰਗੜ ਜੀਵਿਆ। ਜ਼ਿੰਦਗੀ ਕਿਸ਼ਤਾਂ ਵਿੱਚ ਬੀਤੀ, ਮੌਤ ਕਿਸ਼ਤਾਂ ਵਿੱਚ ਆਈ।
ਜਿੰਨਾ ਚਿਰ ਜਿਉਂਦਾ ਰਿਹਾ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁੜ ਕੇ ਦੇਖਣ ਲਈ ਹੈ ਈ ਕੁਝ ਨਹੀਂ ਸੀ। ਦੁਨੀਆਂ ਵਿੱਚ ਆ ਕੇ ਜਦੋਂ ਦੇਖਣ ਲਈ ਅੱਖ ਖੋਲ੍ਹੀ ਤਾਂ ਦੇਖਣ ਲਈ ਬਥੇਰਾ ਕੁਝ ਸੀ ਪਰ ਕਰਨ ਲਈ ਕੁਝ ਨਹੀਂ ਸੀ ਕਿਉਂਕਿ ਦੇਸ ਦੀ ਆਜ਼ਾਦੀ ਆਉਣ ਵਿੱਚ ਸਿਰਫ ਗਿਆਰਾਂ ਸਾਲ ਬਾਕੀ ਸਨ। ਉਸਦੀ ਦਿਲੀ ਖਾਹਿਸ਼ ਸੀ ਕਿ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲਏ ਪਰ ਸੱਤ ਅੱਠ ਸਾਲ ਦੀ ਉਮਰ ਵਿੱਚ ਕਿਸਨੇ ਇਸਦੀ ਆਗਿਆ ਦੇਣੀ ਸੀ? ਵੱਡੀ ਉਮਰ ਦੇ ਲੋਕ ਇਸ ਵਿੱਚ ਰੁੱਝੇ ਹੋਏ ਸਨ। ਉਸਦੀ ਤਮੰਨਾ ਸੀ ਅੰਗਰੇਜ਼ ਦੀ ਲਾਠੀ ਖਾਂਦਾ। ਜਦੋਂ ਇਹ ਖਾਹਿਸ਼ ਜ਼ਾਹਰ ਕਰਦਾ ਤਾਂ ਪਿਤਾ ਲਾਠੀ ਮਾਰਦੇ। ਅੰਗਰੇਜ਼ ਦੀ ਲਾਠੀ ਖਾਣ ਵਿੱਚ ਜੋ ਜ਼ਾਇਕਾ ਸੀ ਉਹ ਪਿਤਾ ਦੀ ਲਾਠੀ ਵਿੱਚ ਕਿੱਥੇ। ਜਿਸ ਕਿਸੇ ਨੇ ਉਸ ਜ਼ਮਾਨੇ ਵਿੱਚ ਗਲਤੀਵੱਸ ਵੀ ਅੰਗਰੇਜ਼ ਦੀ ਲਾਠੀ ਖਾਧੀ ਦੇਖੋ ਕਿੰਨੇ ਮਜ਼ੇ ਵਿੱਚ ਹੈ, ਕਿੰਨੀ ਉੱਚੀ ਕੁਰਸੀ ’ਤੇ ਸੁਸ਼ੋਭਿਤ ਹੈ। ਜੀ ਕਰੜਾ ਕਰਕੇ ਜਾਂਦੇ ਜਾਂਦੇ ਅੰਗਰੇਜ਼ ਤੋਂ ਆਖਰੀ ਲਾਠੀ ਖਾ ਵੀ ਸਕਦਾ ਸੀ ਪਰ ਨੌਂ ਭਰਾਵਾਂ ਵਿੱਚੋਂ ਉਸ ਤੋਂ ਵੱਡੇ ਪੰਜ ਇਸ ਕੰਮ ਵਿੱਚ ਲੱਗੇ ਹੋਏ ਸਨ। ਉਸ ਦਾ ਦੁਖਾਂਤ ਇਹ ਸੀ ਕਿ ਉਸਦਾ ਸਮਾਂ ਕਦੀ ਸਮੇਂ ਸਿਰ ਨਹੀਂ ਆਇਆ, ਕਦੀ ਸਮਾਂ ਪਹਿਲਾਂ ਆ ਜਾਂਦਾ ਕਦੀ ਲੇਟ ਆਉਂਦਾ। ਜੀਵਨ ਭਰ ਵਕਤ ਨਾਲ ਲੁਕਣਮੀਟੀ ਖੇਡੀ। ਲੁਕਣਮੀਟੀ ਖੇਡਦਿਆਂ ਆਖਰੀ ਵਕਤ ਆ ਗਿਆ।
ਸ਼ਾਦੀ ਕੀਤੀ ਸੋ ਵਕਤ ਤੋਂ ਪਹਿਲਾਂ, ਜਦੋਂ ਪਤਾ ਨਹੀਂ ਸੀ ਲੋਕ ਸ਼ਾਦੀ ਕਿਉਂ ਕਰਦੇ ਹਨ। ਸ਼ਾਦੀ ਦੀ ਪਹਿਲੀ ਰਾਤ ਨੂੰ ਹੀ ਆਪਣੇ ਹਮ ਉਮਰ ਦੋਸਤਾਂ ਨਾਲ ਪੂਰਨਮਾਸ਼ੀ ਦੀ ਚਾਨਣੀ ਵਿੱਚ ਕਬੱਡੀ ਖੇਡਣ ਚਲਾ ਗਿਆ। ਬਜ਼ੁਰਗ ਜਬਰਦਸਤੀ ਫੜ ਕੇ ਲਿਆਏ ਤੇ ਇਕੱਲੇ ਨੂੰ ਸਮਝਾਇਆ ਕਿ ਕਬੱਡੀ ਖੇਡਣੀ ਹੀ ਹੈ ਤਾਂ ਦੁਲਹਨ ਨਾਲ ਖੇਡ। ਤਿਆਰ ਤਾਂ ਹੋ ਗਿਆ ਪਰ ਬਜ਼ਿੱਦ ਕਿ ਬੀਵੀ ਨਾਲ ਚੰਦ ਚਾਨਣੀ ਵਿੱਚ ਕਬੱਡੀ ਖੇਡੇਗਾ। ਬਾਦ ਵਿੱਚ ਪਤਾ ਲੱਗਾ ਕਿ ਇਹ ਕਬੱਡੀ ਚਾਨਣੀ ਵਿੱਚ ਨਹੀਂ ਖੇਡਿਆ ਕਰਦੇ। ਚੰਦ ਅਤੇ ਚਾਨਣੀ ਦੋਵਾਂ ਦੀ ਉਸ ਵਾਸਤੇ ਅਹਿਮੀਅਤ ਸੀ। ਪੂਰਾ ਚੰਦ ਦੇਖਣ ਸਾਰ ਪਤਾ ਨਹੀਂ ਕੀ ਵਾਪਰਦਾ, ਆਪੇ ਤੋਂ ਬਾਹਰ ਹੋ ਜਾਂਦਾ। ਜਵਾਨੀ ਦੇ ਦਿਨ ਪਿੰਡ ਦੀ ਚਾਨਣੀ ਦੇਖਕੇ ਸ਼ੈਦਾਈ ਹੋ ਜਾਂਦਾ ਤੇ ਦੂਰ ਖੇਤਾਂ ਵਿੱਚ ਫਿਰਦਾ ਰਹਿੰਦਾ। ਪਤਾ ਨਹੀਂ ਚੰਦ ਵਿੱਚੋਂ ਕੀ ਲੱਭਦਾ ਹੁੰਦਾ। ਜਗਮਗਾਉਂਦੇ ਸ਼ਹਿਰਾਂ ਵਿੱਚ ਰਹਿਣ ਲੱਗਾ, ਚੰਦ ਅਤੇ ਚਾਨਣੀ ਦੋਵੇਂ ਧੁੰਦਲੇ ਪੈ ਗਏ, ਤਾਂ ਵੀ ਚਾਨਣੀ ਦੀ ਤਲਾਸ਼ ਕਰਦਾ ਨ੍ਹੇਰੇ ਰਸਤਿਆਂ ਵਿੱਚ ਤੁਰਨ ਲਗਦਾ। ਚੰਗਾ ਹੋਇਆ ਇੱਕ ਮੁਦਤ ਬਾਦ ਨੀਲ ਆਰਮਸਟਰਾਂਗ ਨੇ ਚੰਦ ’ਤੇ ਕਦਮ ਰੱਖਿਆ। ਇਹ ਨਾਰਾਜ਼ ਹੋ ਗਿਆ ਕਿ ਕਿਸੇ ਗੈਰ ਨੇ ਚੰਦ ਨੂੰ ਛੂਹ ਲਿਆ। ਹੁਣ ਚਾਨਣੀ ਕਵਾਰੀ ਨਹੀਂ ਰਹੀ ਇਸ ਕਰਕੇ ਹੁਣ ਉਸ ਨੂੰ ਦੇਖਣ ਦੀ ਰੁਚੀ ਨਹੀਂ ਰਹੀ, ਦੇਖਦਾ ਵੀ ਤਾਂ ਪਾਗਲਪਣ ਦਾ ਦੌਰਾ ਨਾ ਪੈਂਦਾ ਕਿਉਂਕਿ ਚਾਨਣੀ ਤਾਂ ਹੁਣ ਪਰਾਈ ਹੋ ਗਈ ਸੀ। ਜਦੋਂ ਰਹਿਣ ਲਈ ਘਰ ਸੀ ਉਦੋਂ ਚੰਦ, ਸੂਰਜ ਤੇ ਤਾਰਿਆਂ ਉੱਪਰ ਮਾਲਕੀ ਕਾਇਮ ਕਰਦਾ। ਇਸੇ ਕਾਰਨ ਜੀਵਨ ਵਿੱਚ ਸੁਖ ਨਾ ਮਿਲਿਆ। ਆਦਮੀ ਕਿੰਨਾ ਛੋਟਾ, ਖਾਹਿਸ਼ਾਂ ਕਿੰਨੀਆਂ ਵੱਡੀਆਂ।
ਉਸਨੇ ਇਸ਼ਕ ਤਾਂ ਇੱਕ ਵਾਰ ਕੀਤਾ ਪਰ ਮਸਲਾ ਫਿਰ ਉਹੀ, ਗਲਤ ਵਕਤ ਤੇ ਕੀਤਾ। ਦੇਖਿਆ ਜਾਏ ਤਾਂ ਸੱਚਾ ਇਸ਼ਕ ਕਰਨ ਦੀ ਉਮਰ ਇੱਕੀ ਸਾਲ ਸੀ ਤੇ ਇਹੋ ਉਮਰ ਸਹੀ ਹੁੰਦੀ ਹੈ ਪਰ ਉਦੋਂ ਤਕ ਅਣਜਾਣੇ ਵਿੱਚ ਉਸਦਾ ਵਿਆਹ ਹੋ ਗਿਆ ਤੇ ਅਣਜਾਣੇ ਹੀ ਇੱਕ ਬੱਚੇ ਦਾ ਪਿਤਾ ਬਣ ਗਿਆ। ਆਪਣੇ ਆਪ ਨੂੰ ਇਹ ਕਹਿਕੇ ਤਸੱਲੀ ਦਿਆ ਕਰਦਾ ਕਿ ਵਿਆਹ ਮਾਪਿਆਂ ਦੀ ਮਰਜ਼ੀ ਨਾਲ ਤੇ ਇਸ਼ਕ ਆਪਣੀ ਮਰਜ਼ੀ ਨਾਲ ਕਰਾਂਗੇ। ਕੁਝ ਸਾਲ ਮਰਜ਼ੀ ਨਾਲ ਇਸ਼ਕ ਕੀਤਾ ਵੀ ਫਿਰ ਮਹਿਬੂਬਾ ਨੇ ਆਪਣੀ ਮਰਜ਼ੀ ਨਾਲ ਕਿਤੇ ਵਿਆਹ ਕਰਾ ਲਿਆ। ਵਕਤ ਨੇ ਉਸ ਨੂੰ ਇਸ਼ਕ ਦੇ ਜੌਹਰ ਦਿਖਾਉਣ ਦਾ ਮੌਕਾ ਨਹੀਂ ਦਿੱਤਾ ਵਰਨਾ ਇਤਿਹਾਸ ਵਿੱਚ ਉਸਦਾ ਰੁਤਬਾ ਮਜਨੂੰ, ਫਰਹਾਦ ਅਤੇ ਰੋਮੀਓ ਵਗੈਰਾ ਤੋਂ ਘੱਟ ਨਾ ਹੁੰਦਾ। ਪਹਿਲਾ ਇਸ਼ਕ ਨਾਕਾਮ ਹੋਇਆ, ਫਿਰ ਉਸ ਨੂੰ ਇਸ਼ਕ ਕਰਨ ਦੀ ਆਦਤ ਪੈ ਗਈ। ਪਿੱਛੋਂ ਜਿੰਨੇ ਵੀ ਇਸ਼ਕ ਕੀਤੇ ਆਦਤ ਤੋਂ ਮਜਬੂਰ ਹੋ ਕੇ ਕੀਤੇ। ਅਧੇੜ ਉਮਰ ਵਿੱਚ ਆਪਣੇ ਪਿਛਲੇ ਸਮੇਂ ਨੂੰ ਯਾਦ ਕਰਦਿਆਂ ਹਉਕਾ ਭਰਦਾ ਤਾਂ ਪਤਾ ਨਾ ਲਗਦਾ ਇਹ ਹਊਕਾ ਕਿਸ ਮਾਸੂਮ ਮਹਿਬੂਬਾ ਦੀ ਯਾਦ ਹੈ। ਚੰਗਾ ਹੋਇਆ ਕਿ ਬੀਵੀ ਸੁੱਘੜ ਅਤੇ ਵਫਾਦਾਰ ਸੀ, ਸਭ ਹਰਕਤਾਂ ਤੋਂ ਵਾਕਫ ਹੋਣ ਦੇ ਬਾਵਜੂਦ ਉਸਦੀ ਖਾਹਿਸ਼ ਹੁੰਦੀ ਕਿ ਖਾਵੰਦ ਰਾਤ ਜਿੱਥੇ ਮਰਜ਼ੀ ਬਿਤਾਏ ਪਰ ਸਵੇਰੇ ਜਾਗੇ ਘਰ ਦੇ ਬਿਸਤਰੇ ’ਤੇ। ਉਸਨੇ ਸਾਰੀ ਉਮਰ ਬੀਵੀ ਦੀ ਇਹ ਇਛਾ ਪੂਰੀ ਕੀਤੀ। ਆਖਰੀ ਉਮਰ ਚੋਰੀ ਛੁਪੀ ਇਸ਼ਕ ਕੀਤਾ ਕਿਉਂਕਿ ਉਦੋਂ ਧੀਆਂ ਪੁੱਤਾਂ ਦੇ ਵਿਆਹ ਹੋ ਗਏ ਸਨ ਤੇ ਦੋਹਤੇ ਪੋਤੇ ਘਰ ਵਿੱਚ ਦੌੜਾਂ ਲਾਉਂਦੇ ਫਿਰਦੇ। ਕੰਬਖਤ ਨੂੰ ਕਿਸ ਵਕਤ ਖੁਦਾ ਯਾਦ ਆਇਆ।
ਆਦਮੀ ਗਲਤ ਵਕਤ ਸਹੀ ਕੰਮ ਕਰਨਾ ਚਾਹੇ ਤਾਂ ਮੁਸ਼ਕਲ ਆਉਂਦੀ ਹੈ। ਵਫਾਦਾਰ ਬੀਵੀ ਦੀ ਇੱਛਾ ਸੀ ਕਿ ਉਸਦਾ ਆਖਰੀ ਸਾਹ ਖਾਵੰਦ ਦੀਆਂ ਬਾਹਾਂ ਵਿੱਚ ਨਿਕਲੇ। ਪਰ ਉਹ ਕਿਹਾ ਕਰਦਾ, ਬਿਲਕੁਲ ਨਹੀਂ। ਜੇ ਤੈਨੂੰ ਬੀਵੀ ਬਣਾਇਆ ਹੈ ਤਾਂ ਬੇਵਾ (ਵਿਧਵਾ) ਵੀ ਬਣਾਊਂਗਾ। ਬੀਵੀ ਬਣਾਉਣ ਵਿੱਚ ਮੇਰਾ ਇਖਤਿਆਰ ਨਹੀਂ ਸੀ ਪਰ ਬੇਵਾ ਬਣਾਉਣ ਵਿੱਚ ਤਾਂ ਹੈ ਨਾ। ਆਪਣੀ ਬੀਵੀ ਨੂੰ ਬੇਵਾ ਦੀ ਪਦਵੀ ਦੇ ਕੇ ਕੂਚ ਕਰ ਗਿਆ।
ਵੈਸੇ ਸਾਰੀ ਉਮਰ ਹੋਸ਼ ਉਡੇ ਹੀ ਰਹੇ, ਪਰ ਬੁਰਾ ਸਮਾਂ ਆਉਂਦਾ ਤਾਂ ਹੋਸ਼ ਸੰਭਲ ਜਾਂਦੇ। ਜਦੋਂ ਹੋਸ਼ ਸੰਭਾਲਿਆ, ਦੇਸ ਆਜ਼ਾਦ ਹੋ ਗਿਆ। ਲੋਕਾਂ ਨੂੰ ਪਤਾ ਨਾ ਲੱਗੇ ਕਿ ਆਜ਼ਦੀ ਲੈ ਕੇ ਹੁਣ ਕਰਨ ਕੀ। ਅਜੀਬ ਦੌਰ ਸੀ। ਦੇਸ ਵੰਡਿਆ ਗਿਆ। ਖਾਨਦਾਨ ਵੰਡੇ ਜਾਣ ਲੱਗੇ। ਥਾਂ ਥਾਂ ਫਿਰਕੂ ਫਸਾਦ ਹੋਣ ਲੱਗੇ। ਬਾਰਾਂ ਸਾਲ ਦੀ ਉਮਰ ਵਿੱਚ ਉਸਨੇ ਫਸਾਦੀਆਂ ਹੱਥੋਂ ਆਪਣੇ ਮਾਮਾ ਜਾਨ ਨੂੰ ਕਤਲ ਹੁੰਦੇ ਦੇਖਿਆ। ਇਹ ਦ੍ਰਿਸ਼ ਸਾਰੀ ਉਮਰ ਉਸਦੇ ਦਿਲ ਵਿੱਚ ਕਾਇਮ ਰਿਹਾ ਪਰ ਇਸ ਸਦਕਾ ਬਦਲਾਖੋਰੀ ਦੀ ਭਾਵਨਾ ਨਹੀਂ ਜਾਗੀ। ਇੰਨਾ ਹੋਇਆ ਕਿ ਇਸ ਹਾਦਸੇ ਬਾਦ ਵੱਧ ਤੋਂ ਵੱਧ ਸਮਾਂ ਦੋਸਤਾਂ ਵਿੱਚ ਬਿਤਾਉਂਦਾ। ਵਿਦਿਆਰਥੀ ਜੀਵਨ ਹੋਸਟਲਾਂ ਵਿੱਚ ਬਿਤਾਇਆ। ਘਰ ਵਸਾਉਣ ਦਾ ਸਮਾਂ ਆਇਆ ਤਾਂ ਘਰ ਵਿੱਚ ਇਸ ਤਰ੍ਹਾਂ ਰਹਿੰਦਾ ਜਿਵੇਂ ਹੋਸਟਲ ਵਿੱਚ ਹੋਵੇ। ਦੇਰ ਰਾਤ ਪਰਤਣਾ ਤੇ ਸਵੇਰ ਸਾਰ ਜਲਦੀ ਘਰੋਂ ਨੱਠਣ ਦੀ ਆਦਤ ਰਹੀ। ਕਿਸੇ ਦਿਨ ਜਲਦੀ ਘਰ ਆ ਜਾਂਦਾ ਤਾਂ ਘਰ ਵਾਲੇ ਪ੍ਰੇਸ਼ਾਨ ਹੋ ਜਾਂਦੇ ਕਿ ਸ਼ਾਇਦ ਤਬੀਅਤ ਠੀਕ ਨਹੀਂ। ਆਖੀਰ ਉਮਰ ਵਿੱਚ ਤਾਂ ਸਿਹਤਮੰਦੀ ਸਾਬਤ ਕਰਨ ਲਈ ਹੀ ਦੇਰ ਰਾਤ ਪਰਤਦਾ ਕਿਉਂਕਿ ਦੇਰ ਨਾਲ ਆਉਣ ਦੇ ਸਾਰੇ ਕਾਰਨ ਖਤਮ ਹੋ ਗਏ ਸਨ।
ਲੋਕ ਅਕਸਰ ਪੁੱਛਦੇ ਕਿ ਅਜਿਹਾ ਬੇਢਬਾ ਬੰਦਾ ਕਲਮਕਾਰ ਕਿਵੇਂ ਬਣ ਗਿਆ? ਪਤਾ ਹੋਣਾ ਚਾਹੀਦਾ ਹੈ ਕਿ ਕਲਮਕਾਰ ਬਣਦਾ ਹੀ ਉਹ ਹੈ ਜੋ ਬੇਢਬਾ ਹੋਵੇ। ਹੋਇਆ ਇਹ ਕਿ ਜੋ ਕੁਝ ਬਣਨਾ ਚਾਹੁੰਦਾ ਸੀ ਨਹੀਂ ਬਣਿਆ, ਸਗੋਂ ਦੋਸਤਾਂ ਨੇ ਜੋ ਬਣਾਉਣਾ ਚਾਹਿਆ ਉਹ ਬਣਦਾ ਚਲਾ ਗਿਆ। ਚੰਗਾ ਹੋਇਆ ਕਿਸੇ ਨੇ ਜੇਬ ਕਤਰਾ ਬਣਾਉਣਾ ਨਹੀਂ ਚਾਹਿਆ, ਲਿਹਾਜ ਲਿਹਾਜ ਵਿੱਚ ਜੇਬ ਕਤਰਾ ਵੀ ਬਣ ਜਾਂਦਾ, ਕੋਈ ਗੱਲ ਮੋੜੀ ਹੀ ਨਹੀਂ। ਜਿੰਨੀ ਦੋਸਤਾਂ ਨੇ ਆਖਿਆ ਵਿੱਦਿਆ ਹਾਸਲ ਕੀਤੀ ਤੇ ਦੋਸਤਾਂ ਦੇ ਕਹਿਣ ’ਤੇ ‘ਸਿਆਸਤ’ ਅਖਬਾਰ ਵਿੱਚ ਨੌਕਰੀ ਕਰਨ ਲੱਗਾ। ਸਰਕਾਰੀ ਨੌਕਰੀਆਂ ਮਿਲਦੀਆਂ ਵੀ ਕਿੱਥੇ ਸਨ। ਸ਼ੁਰੂ ਵਿੱਚ ਪੱਤਰਕਾਰ ਦੀ ਹੈਸੀਅਤ ਵਿੱਚ ਕੰਮ ਕੀਤਾ। ਅਖਬਾਰ ਵਿੱਚ ਵਿਅੰਗ ਕਾਲਮ ਹੁੰਦਾ ਸੀ ਜੋ ਮਸ਼ਹੂਰ ਲੇਖਕ ਸ਼ਾਹਿਦ ਸਦੀਕੀ ਲਿਖਿਆ ਕਰਦਾ। ਸਾਲ 1962 ਵਿੱਚ ਸਦੀਕੀ ਰੱਬ ਨੂੰ ਪਿਆਰਾ ਹੋ ਗਿਆ ਤੇ ਅਖਬਾਰ ਦੇ ਮਾਲਕਾਂ ਨੇ ਕਹਿ ਦਿੱਤਾ- ਹੁਸੈਨ, ਇਹ ਕਾਲਮ ਹੁਣ ਤੇਰੇ ਜ਼ਿੰਮੇ। ਉਦੋਂ ਉਸ ਨੂੰ ਕੀ ਪਤਾ ਸੀ ਤਨਜ਼, ਵਿਅੰਗ ਹੁੰਦਾ ਕੀ ਹੈ। ਬੜੇ ਵਾਸਤੇ ਪਾਏ, ਹੱਥ ਪੈਰ ਜੋੜੇ ਕਿ ਰਹਿਮ ਕਰੋ, ਕਿਸੇ ਹੋਰ ਤੋਂ ਲਿਖਵਾ ਲਓ, ਨਹੀਂ ਮੰਨੇ। ਲੋਕ ਪੇਟ ਖਾਤਰ ਰੋਂਦੇ ਨੇ, ਇਹ ਪੇਟ ਖਾਤਰ ਹੱਸਣ ਲੱਗਾ। ਆਦਮੀ ਕਿਉਂਕਿ ਡਰਪੋਕ ਸੀ ਇਸ ਵਾਸਤੇ ਲਿਖਤ ਵਿੱਚ ਹੋਰਾਂ ਦਾ ਮਜ਼ਾਕ ਉਡਾਉਣ ਦੀ ਥਾਂ ਖੁਦ ਦਾ ਮਜ਼ਾਕ ਉਡਾਉਂਦਾ। ਸਭ ਨਾਲੋਂ ਸੁਰੱਖਿਅਤ ਤਰੀਕਾ ਇਹੋ ਸੀ। ਕੁਝ ਸਮੇਂ ਬਾਦ ਆਲੋਚਕ ਕਹਿਣ ਲੱਗੇ, ਦੂਜਿਆਂ ਦਾ ਮਜ਼ਾਕ ਤਾਂ ਹਰੇਕ ਉਡਾ ਦਿੰਦਾ ਹੈ, ਆਪਣਾ ਮਜ਼ਾਕ ਉਡਾਉਣਾ ਬੜੀ ਹਿੰਮਤ ਦਾ ਕੰਮ ਹੈ।
ਇਸ ਤਾਰੀਫ ਨਾਲ ਉਹ ਇੰਨਾ ਖੁਸ਼ ਹੋਇਆ ਕਿ ਆਪਣੇ ਨਸ਼ਤਰ ਨਾਲ ਖੁਦ ਨੂੰ ਲਹੂ ਲੁਹਾਣ ਕਰਦਾ ਰਿਹਾ। ਘੱਟ ਪੈਸਿਆਂ ਵਿੱਚ ਸ਼ਾਇਦ ਹੀ ਕਿਸੇ ਨੇ ਆਪਣੇ ਆਪ ਨੂੰ ਇੰਨਾ ਜ਼ਖਮੀ ਕੀਤਾ ਹੋਵੇ। ਲੋਕਾਂ ਨੇ ਉਸ ਨੂੰ ਅੱਖਾਂ ’ਤੇ ਬਿਠਾਇਆ, ਚਾਹੁੰਦੇ ਤਾਂ ਕਿਸੇ ਵੱਡੀ ਕੁਰਸੀ ’ਤੇ ਬਿਠਾ ਸਕਦੇ ਸਨ ਪਰ ਉੱਥੇ ਪਹਿਲਾਂ ਹੀ ਹੋਰ ਬੰਦੇ ਬੈਠੇ ਹੋਏ ਸਨ ਇਸ ਕਰਕੇ ਅੱਖਾਂ ’ਤੇ ਬਿਠਾਈ ਰੱਖਿਆ। ਅੱਖਾਂ ’ਤੇ ਬੈਠਿਆਂ ਬੈਠਿਆਂ ਪੰਦਰਾਂ ਕਿਤਾਬਾਂ ਲਿਖੀਆਂ।
ਉਮਰ ਦੇ ਆਖਰੀ ਹਿੱਸੇ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਵਿਅੰਗ ਬਿਲਕੁਲ ਨਹੀਂ ਲਿਖ ਸਕਦਾ ਕਿਉਂਕਿ ਅੰਦਰੋਂ ਦੁਖੀ ਸੀ। ਮਹਿਫਲਾਂ ਵਿੱਚ ਠਹਾਕੇ ਲਾਉਣੇ ਹੋਰ ਗੱਲ ਹੈ। ਇਹ ਤਾਂ ਜੱਗ ਹਸਾਈ, ਦੁਨੀਆਂ ਦਿਖਾਈ ਹੋਈ ਨਾ, ਇਕੱਲਾ ਹੁੰਦਾ ਤਾਂ ਖੁਦਕਸ਼ੀ ਕਰਨ ਬਾਰੇ ਸੋਚਦਾ। ਇਸ ਮਸਲੇ ’ਤੇ ਦੋਸਤਾਂ ਦੀ ਸਲਾਹ ਵੀ ਲਈ। ਇੱਕ ਦੋਸਤ ਨੇ ਕਿਹਾ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ। ਹੁਸੈਨ ਤਿਆਰ ਵੀ ਹੋ ਗਿਆ ਪਰ ਦੂਜਾ ਦੋਸਤ ਸਹਿਮਤ ਨਹੀਂ ਸੀ, ਸੋ ਮਨ੍ਹਾਂ ਕਰ ਦਿੱਤਾ। ਉਸਨੇ ਦੋਵਾਂ ਦੋਸਤਾਂ ਨੂੰ ਇਕੱਠੇ ਬੈਠਕੇ ਕਿਸੇ ਨਤੀਜੇ ’ਤੇ ਪਹੁੰਚਣ ਲਈ ਕਿਹਾ ਤਾਂ ਕਿ ਫੈਸਲਾ ਹੋ ਸਕੇ। ਦੋਵੇਂ ਦੋਸਤ ਦਹਾਕਿਆਂ ਬੱਧੀ ਵਿਚਾਰ ਵਟਾਂਦਰਾ ਕਰਦੇ ਰਹੇ ਪਰ ਸਹਿਮਤੀ ਨਾ ਹੋਈ। ਫਲਸਰੂਪ ਉਸ ਨੂੰ ਬੇਕਾਰ ਜਿਊਂਦਾ ਰਹਿਣਾ ਪਿਆ। ਦੋਵੇਂ ਦੋਸਤ ਵਿਚਾਰ ਵਟਾਂਦਰਾ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ।
ਜਵਾਨੀ ਹੈਦਾਰਾਬਾਦ ਵਿੱਚ ਗੁਜ਼ਾਰੀ। ਉਹ ਗਲੀਆਂ ਯਾਦ ਆਉਂਦੀਆਂ ਰਹੀਆਂ ਜਿੱਥੇ ਜਵਾਨੀ ਤੋਂ ਇਲਾਵਾ ਹੋਰ ਬੜਾ ਕੁਝ ਖੋਇਆ ਸੀ। ਜਿਨ੍ਹਾਂ ਸ਼ਹਿਰਾਂ ਵਿੱਚ ਪਿੱਛੋਂ ਰਹੇ, ਉਹ ਜ਼ਿੰਦਗੀ ਦਾ ਹਿੱਸਾ ਨਾ ਬਣੇ ਕਿਉਂਕਿ ਇਨ੍ਹਾਂ ਸ਼ਹਿਰਾਂ ਵਿੱਚ ਖੋਇਆ ਘੱਟ ਤੇ ਪਾਇਆ ਵਧੀਕ ਸੀ। ਹੁਸੈਨ ਨੂੰ ਘਾਟੇ ਦਾ ਸੌਦਾ ਪਸੰਦ ਸੀ। ਹੈਦਰਾਬਾਦ ਵਿੱਚੋਂ ਨਿਕਲ ਕੇ ਉਸਨੇ ਦੁਨੀਆਂ ਦੀ ਸੈਰ ਕੀਤੀ ਪਰ ਬਿਨਾਂ ਆਪਣੇ ਪੱਲਿਉਂ ਧੇਲਾ ਖਰਚੇ। ਕਿਰਾਇਆ ਨਹੀਂ, ਬਾਕੀ ਖਰਚੇ ਵੀ ਦੋਸਤਾਂ ਨੇ ਕੀਤੇ, ਤਾਂ ਵੀ ਹੈਦਰਾਬਾਦ ਆਖਰ ਹੈਦਰਾਬਾਦ ਹੈ। ਤੀਹ ਸਾਲ ਹੋ ਗਏ ਸਨ ਹੈਦਰਾਬਾਦ ਛੱਡਿਆਂ ਜਿੱਥੇ ਦੋਸਤ, ਰਿਸ਼ਤੇਦਾਰ ਇੱਕ ਇਕ ਕਰਕੇ ਕੂਚ ਕਰਦੇ ਗਏ। ਪਤਾ ਨਹੀਂ ਫੇਰ ਵੀ ਹੈਦਰਾਬਾਦ ਕਿਉਂ ਜਾਂਦਾ ਰਿਹਾ, ਕੀ ਲੱਭਣਾ ਸੀ। ਜਿਨ੍ਹਾਂ ਗਲੀਆਂ ਸੜਕਾਂ ਤੇ ਠੋਕ੍ਹਰਾਂ ਖਾਇਆ ਕਰਦਾ ਸੀ ਉਨ੍ਹਾਂ ਦੇ ਨੈਣ ਨਕਸ਼ ਬਦਲ ਗਏ ਸਨ, ਕਿਤੇ ਉਨ੍ਹਾਂ ਦੀ ਥਾਂ ਵੱਡੀਆਂ ਇਮਾਰਤਾਂ ਉੱਸਰ ਗਈਆਂ ਸਨ। ਹੁਸੈਨ ਨੂੰ ਵੱਡੀਆਂ ਇਮਾਰਤਾਂ ਦੀ ਥਾਂ ਪੰਜਾਹ ਸਾਲ ਪੁਰਾਣੇ ਕੱਚੇ ਮਕਾਨ ਦਿਸੀ ਜਾਂਦੇ। ਉਹ, ਉਸ ਨੂੰ ਦੇਖ ਦੇਖ ਖੁਸ਼ ਹੁੰਦਾ ਰਹਿੰਦਾ ਜੋ ਹੁਣ ਗਾਇਬ ਸੀ। ਹੈਦਰਾਬਾਦ ਧਰਤੀ ਉੱਪਰ ਨਹੀਂ ਦਿਲ ਵਿੱਚ ਆਬਾਦ ਸੀ। ਦੋਸਤਾਂ ਨੂੰ ਫਖਰ ਨਾਲ ਦੱਸਿਆ ਕਰਦਾ ਕਿ ਪੰਜਵੇਂ ਛੇਵੇਂ ਦਹਾਕੇ ਵਿੱਚ ਜਿਹੋ ਜਿਹਾ ਚੰਦ ਹੈਦਰਾਬਾਦ ਵਿੱਚ ਨਿਕਲਿਆ ਕਰਦਾ ਸੀ, ਦੁਨੀਆਂ ਵਿੱਚ ਹੋਰ ਕਿਤੇ ਨਹੀਂ ਨਿਕਲ ਸਕਿਆ। ਪਤਾ ਨਹੀਂ ਕਿਹੜੇ ਚੰਦ ਸੂਰਜ ਦੀ ਗੱਲ ਕਰਦਾ ਹੁੰਦਾ। ਮੁੱਦਤ ਤੋਂ ਚੰਦ ਵੱਲ ਤਾਂ ਦੇਖਣਾ ਤਕ ਛੱਡ ਦਿੱਤਾ ਸੀ।
ਆਪਣੇ ਆਪ ਨੂੰ ਉਸਨੇ ਕਦੇ ਲੇਖਕ ਨਹੀਂ ਮੰਨਿਆ ਫੇਰ ਵੀ ਕਈ ਅਸਲੀ ਇਨਾਮ ਮਿਲੇ। ਅਸਲੀ ਇਸ ਲਈ ਕਿਹਾ ਕਿਉਂਕਿ ਹਾਸਲ ਕਰਨ ਦਾ ਯਤਨ ਨਹੀਂ ਕੀਤਾ। ਕਦੀ ਸ਼ੱਕ ਹੋ ਜਾਂਦਾ ਕਿ ਸ਼ਾਇਦ ਉਹ ਲੇਖਕ ਬਣ ਈ ਗਿਆ ਹੋਵੇ। ਉਸਦੀ ਖੂਬੀ ਇਹ ਸੀ ਕਿ ਗਲਤਫਹਿਮੀ ਵਿੱਚ ਤਾਂ ਉਲਝਦਾ ਪਰ ਖੁਸ਼ਫਹਿਮੀ ਆਪਣੇ ਕੋਲ ਫਟਕਣ ਨਾ ਦਿੰਦਾ। ਉਸਦੀ ਨਾਕਾਮ ਨਾਮੁਰਾਦ ਜ਼ਿੰਦਗੀ ਦਾ ਇਹੀ ਭੇਦ ਸੀ।
ਰਾਤ ਨੂੰ ਦੇਰ ਤਕ ਵੀਰਾਨ ਪਾਰਕ ਦੇ ਟੁੱਟੇ ਭੱਜੇ ਬੈਂਚ ਉੱਪਰ ਇਕੱਲਾ ਬੈਠਦਾ। ਸੁਹਣੇ ਬਗੀਚੇ ਦੀ ਸੁਹਣੀ ਕੁਰਸੀ ’ਤੇ ਬੈਠ ਸਕਦਾ ਸੀ ਪਰ ਸੁਹਣੀਆਂ ਚੀਜ਼ਾਂ ਉਸ ਨੂੰ ਖਾਣ ਨੂੰ ਪੈਂਦੀਆਂ। ਵੀਰਾਨਗੀ ਵਿੱਚ ਬੈਠ ਕੇ ਆਪਣਾ ਸੁਨਹਿਰੀ ਭੂਤਕਾਲ ਹੋਰ ਵੀ ਖੁੱਲ੍ਹਾ ਅਤੇ ਰੌਸ਼ਨ ਨਜ਼ਰ ਆਉਂਦਾ ਹੈ। ਇਸ ਬੈਂਚ ’ਤੇ ਬੈਠ ਕੇ ਕੀ ਸੋਚਦਾ, ਪਤਾ ਨਹੀਂ, ਭਵਿੱਖ ਬਾਰੇ ਬਿਲਕੁਲ ਨਾ ਸੋਚਦਾ, ਭਵਿੱਖ ਬਚਿਆ ਹੀ ਨਹੀਂ ਸੀ।
ਕਰੋੜਾਂ ਸਾਲ ਪੁਰਾਣੀ ਦੁਨੀਆਂ ਵਿੱਚੋਂ ਇੱਕੀਵੀਂ ਸਦੀ ਵਿੱਚ ਉਸ ਨੂੰ ਜੇ ਅੱਸੀ ਸਾਲ ਮਿਲੇ ਤਾਂ ਮਾਯੂਸ ਨਹੀਂ ਹੋਇਆ। ਮੌਜ ਮੌਜ ਵਿੱਚ ਵੱਡੀਆਂ ਹਸਤੀਆਂ ਦਾ ਆਪਣੇ ਨਾਲ ਮੁਕਾਬਲਾ ਕਰਕੇ ਕੌਡੀ ਚਿੱਤ ਕਰ ਦਿੰਦਾ। ਕਿਹਾ ਕਰਦਾ- ਮੈਂ ਸਿਕੰਦਰ ਤੋਂ ਵੱਡਾ ਹਾਂ ਕਿਉਂਕਿ ਮੈਂ ਲਤਾ ਮੰਗੇਸ਼ਕਰ ਨੂੰ ਸੁਣਿਆ ਹੈ, ਸਿਕੰਦਰੇਆਜ਼ਮ ਨੇ ਉਸਦਾ ਨਾਂ ਵੀ ਨਹੀਂ ਸੁਣਿਆ। ਅਕਬਰ ਵੀ ਹੇਚ, ਕਿਉਂਕਿ ਉਸਨੇ ਗਾਲਿਬ ਨਹੀਂ ਪੜ੍ਹਿਆ। ਜੂਲੀਅਸ ਸੀਜ਼ਰ ਨਹੀਂ ਪੜ੍ਹਿਆ। ਲੋਕ ਉਸ ਨੂੰ ਸਮਝਾਉਂਦੇ ਕਿ ਸੀਜ਼ਰ ਆਪਣੇ ਉੱਪਰ ਡਰਾਮਾ ਪੜ੍ਹਕੇ ਕੀ ਕਰਦਾ? ਕਹਿੰਦਾ- ਸੀਜ਼ਰ ਨੇ ਆਪਣੀ ਨਜ਼ਰ ਨਾਲ ਆਪਣੇ ਆਪ ਨੂੰ ਦੇਖਿਆ, ਸ਼ੈਕਸਪੀਅਰ ਦੀ ਨਜ਼ਰ ਨਾਲ ਦੇਖਦਾ ਤਾਂ ਔਕਾਤ ਪਤਾ ਲਗਦੀ। ਜੰਗਲ ਮੇਂ ਮੋਰ ਨਾਚਾ ਕਿਸਨੇ ਦੇਖਾ? ਬੜੇ ਗੁਲਾਮ ਅਲੀ ਖਾਂ ਦੀ ਓਟ ਲੈ ਕੇ ਨੈਪੋਲੀਅਨ ਦੀ ਅਹੀ ਤਹੀ ਕਰ ਦਿੱਤੀ ਸੀ। ਕਾਰਲ ਮਾਰਕਸ ਨੂੰ ਇਸ ਕਰਕੇ ਆਪਣੇ ਤੋਂ ਛੋਟਾ ਸਮਝਦਾ ਕਿਉਂਕਿ ਮਾਰਕਸ ਨੇ ਭੀਮ ਸੈਨ ਜੋਸ਼ੀ ਦਾ ਗਾਇਨ ਨਹੀਂ ਸੁਣਿਆ।
ਮਤਲਬ ਇਹ ਕਿ ਅਜਿਹੀਆਂ ਊਟਪਟਾਂਗ ਗੱਲਾਂ ਸੋਚ ਸੋਚ ਆਪਣੀ ਬੇਮਜ਼ਾ ਅਤੇ ਬੇਰੰਗ ਜ਼ਿੰਦਗੀ ਵਿੱਚ ਰੰਗ ਭਰਦਾ। ਇੱਕ ਇੱਕ ਕਰਕੇ ਸਭ ਦੋਸਤ ਵਿਛੜ ਗਏ। ਉਨ੍ਹਾਂ ਦੀ ਯਾਦ ਦਾ ਭਾਰ ਚੁੱਕਣਾ ਵੀ ਮੁਸ਼ਕਲ। ਪਾਰਕ ਵਿੱਚ ਬੈਠਿਆਂ ਇੱਕ ਦਿਨ ਹਿਸਾਬ ਲਾਇਆ, ਸਿਰਫ ਚਾਰ ਦੋਸਤ ਬਚੇ ਹੋਏ ਹਨ। ਉਸਨੇ ਅਚਾਨਕ ਫੈਸਲਾ ਕੀਤਾ, ਹੁਣ ਮਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਅਰਥੀ ਨੂੰ ਮੋਢਾ ਦੇਣ ਲਈ ਚਾਰ ਬੰਦੇ ਹੋਣੇ ਜ਼ਰੂਰੀ ਹਨ। ਬੇਸ਼ਕ ਦੋ ਜਵਾਨ ਪੁੱਤਰ ਸਨ ਪਰ ਹੁਸੈਨ ਕਿਹਾ ਕਰਦਾ ਕੇਵਲ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ ਅਰਥੀ ਦਾ ਭਾਰ ਜ਼ਿਆਦਾ ਨਹੀਂ ਲਗਦਾ ਹੁੰਦਾ। ਨਾਪਣ ਤੋਲਣ ਦਾ ਉਸਦਾ ਆਪਣਾ ਹੀ ਤਰੀਕਾ ਸੀ। ਮਰਨ ਤੋਂ ਦੋ ਦਿਨ ਪਹਿਲਾਂ ਸਿਫਾਰਿਸ਼ ਕਰਕੇ ਬੀਵੀ ਤੋਂ ਵਤਾਊਂ ਦਾ ਭੜਥਾ ਬਣਵਾਇਆ ਜਿਹੜਾ ਉਸ ਨੂੰ ਬਹੁਤ ਸੁਆਦ ਲੱਗਦਾ ਹੁੰਦਾ। ਦੂਸਰੇ ਦਿਨ ਦੇਰ ਤਕ ਆਪਣੇ ਹੀ ਘਰ ਵਿੱਚ ਸੁੱਤਾ ਰਿਹਾ। ਘਰਦਿਆਂ ਲਈ ਇਹ ਅਜੀਬ ਗੱਲ ਸੀ। ਸ਼ਾਮੀ ਚਾਰੇ ਦੋਸਤਾਂ ਨੂੰ ਮਿਲਣ ਚਲਾ ਗਿਆ ਤੇ ਤਾਕੀਦ ਕੀਤੀ ਕਿ ਕੱਲ੍ਹ ਸਵੇਰੇ ਮੇਰੇ ਘਰ ਜ਼ਰੂਰ ਆਇਓ। ਦੋਸਤਾਂ ਨੇ ਕਾਰਨ ਪੁੱਛਿਆ ਤਾਂ ਕਿਹਾ- ਜ਼ਰੂਰੀ ਕੰਮ ਹੈ। ਇਸ ਦਿਨ ਵੀ ਜਲਦੀ ਵਾਪਸ ਆ ਗਿਆ। ਬੀਵੀ ਨੇ ਭੜਥੇ ਬਾਰੇ ਪੁੱਛਿਆ ਤਾਂ ਕਿਹਾ- ਅੱਜ ਇੱਛਾ ਨਹੀਂ। ਅੱਧੀ ਰਾਤ ਬੱਤੀ ਜਗਾ ਕੇ ਕਿਤਾਬਾਂ ਦੀ ਅਲਮਾਰੀ ਵਿੱਚੋਂ ਕੁਝ ਲੱਭਣ ਲੱਗਾ। ਇੱਕ ਇਕ ਕਿਤਾਬ ਖੋਲ੍ਹਦੇ ਨੂੰ ਦੇਖਦਿਆਂ ਬੀਵੀ ਨੇ ਪੁੱਛਿਆ- ਕੀ ਗੱਲ ਹੈ? ਕਹਿਣ ਲੱਗਾ- ਵੀਹ ਸਾਲ ਪਹਿਲਾਂ ਹਜ਼ਾਰ ਰੁਪਇਆ ਰੱਖ ਕੇ ਭੁੱਲ ਗਿਆ ਸਾਂ, ਹੁਣ ਯਾਦ ਆਇਐ। ਬੀਵੀ ਨੇ ਕਿਹਾ- ਸਵੇਰੇ ਲੱਭ ਲਿਓ, ਐਨੀ ਕਾਹਲ ਕਾਹਦੀ? ਹੁਸੈਨ ਬੋਲਿਆਂ- ਵੀਹ ਸਾਲ ਬਾਦ ਯਾਦ ਆਇਐ। ਹੁਣ ਭੁੱਲ ਗਿਆ ਫੇਰ ਯਾਦ ਆਉਣ ਵਿੱਚ ਵੀਹ ਸਾਲ ਲੱਗਣਗੇ।
ਆਖਰ ਇੱਕ ਕਿਤਾਬ ਵਿੱਚੋਂ ਹਜ਼ਾਰ ਰੁਪਏ ਦੇ ਨੋਟ ਨਿਕਲ ਆਏ ਤਾਂ ਬੜਾ ਖੁਸ਼ ਹੋਇਆ। ਬੀਵੀ ਦੇ ਹੱਥ ਨੋਟ ਫੜਾਉਂਦਿਆਂ ਕਿਹਾ- ਬੇਗਮ ਜਪਾਨ ਤੋਂ ਵਾਪਸ ਆ ਕੇ ਕਰੰਸੀ ਬਦਲੇ ਇਹ ਨੋਟ ਲੈਂਦਿਆਂ ਸੋਚਿਆ ਸੀ, ਬੀਵੀ ਨੂੰ ਦਿਆਂਗਾ। ਰੱਖ, ਤੇਰੇ ਕਿਸੇ ਕੰਮ ਆਉਣਗੇ। ਇਹ ਕਹਿਕੇ ਮੁੜ ਡੂੰਘੀ ਨੀਂਦ ਸੌਂ ਗਿਆ। ਅਗਲੇ ਦਿਨ ਦੇਰ ਤਕ ਨਾ ਉੱਠਿਆ। ਚਾਰੇ ਦੋਸਤ ਵਾਅਦੇ ਮੂਜਬ ਆ ਗਏ ਤਾਂ ਬੱਚਿਆਂ ਨੇ ਜਗਾਉਣ ਦਾ ਫੈਸਲਾ ਕੀਤਾ। ਬੱਚਿਆਂ ਨੇ ਬੁਹਤ ਜਗਾਇਆ ਪਰ ਉਹ ਜਾਗਣ ਵਾਸਤੇ ਰਾਜ਼ੀ ਨਾ ਹੋਇਆ। ਜਾਗ ਕੇ ਕਰਦਾ ਵੀ ਕੀ? ਕਰਨ ਵਾਸਤੇ ਦੁਨੀਆਂ ਵਿੱਚ ਬਕਾਇਆ ਕੰਮ ਰਿਹਾ ਈ ਕੋਈ ਨਹੀਂ ਸੀ। ਲਤਾ, ਜੋਸ਼ੀ, ਬੜੇ ਗੁਲਾਮ ਅਲੀ ਖਾਂ ਸੁਣ ਲਏ, ਗਾਲਿਬ ਤੇ ਸ਼ੈਕਸਪੀਅਰ ਪੜ੍ਹ ਲਿਆ, ਭੁੱਲੇ ਪੈਸੇ ਲੱਭ ਕੇ ਫੜਾ ਦਿੱਤੇ, ਹੁਣ ਜੀ ਕੇ ਹੋਰ ਕੀ ਕਰਦਾ?
ਖੁਦਾ ਜਾਣੇ ਦੂਜੀ ਦੁਨੀਆਂ ਵਿੱਚ ਉਸਦਾ ਕੀ ਹਾਲ ਹੈ। ਸਾਨੂੰ ਇੰਨਾ ਪਤਾ ਹੈ ਕਿ ਜੇ ਸੁਰਗ ਵਿੱਚ ਹੋਇਆ ਤਾਂ ਹੂਰਾਂ ਦੇ ਝੁਰਮਟ ਵਿੱਚ ਘਿਰਿਆ ਹੋਵੇਗਾ ਤੇ ਆਪਣੇ ਆਪ ਨੂੰ ਉਸ ਤਰ੍ਹਾਂ ਪੇਸ਼ ਕਰ ਰਿਹਾ ਹੋਵੇਗਾ ਜਿਵੇਂ ਹੂਰਾਂ ਚਾਹੁੰਦੀਆਂ ਹਨ। ਖੁਦਾ ਨਾ ਕਰੇ ਜੇ ਦੋਜ਼ਖ ਵਿੱਚ ਹੋਇਆ ਤਾਂ ਆਪਣੇ ਜਿਸਮ ਨੂੰ ਅੰਗਿਆਰਾਂ ਉੱਪਰ ਬੜੇ ਧਿਆਨ ਨਾਲ ਘੁਮਾ ਰਿਹਾ ਹੋਵੇਗਾ ਤਾਂ ਕਿ ਜਲਣ ਤੋਂ ਕੋਈ ਹਿੱਸਾ ਬਾਕੀ ਨਾ ਰਹਿ ਜਾਏ। ਉਮਰ ਭਰ ਜੋ ਵੀ ਕੀਤਾ, ਖਰੀ ਲਗਨ ਨਾਲ ਕੀਤਾ। ਮਰਨ ਪਿੱਛੋਂ ਵੀ ਆਦਤਾਂ ਤਾਂ ਨਹੀਂ ਨਾ ਬਦਲਿਆ ਕਰਦੀਆਂ। ਦੋਜ਼ਖ ਵਿੱਚ ਖੁਸ਼ੀ ਦੀ ਇਹ ਗੱਲ ਹੋਵੇਗੀ ਕਿ ਸਾਰੇ ਦੋਸਤ ਜਿਹੜੇ ਵਿਛੜੇ ਸਨ, ਉੱਥੇ ਹੋਣਗੇ। ਮਾਤਲੋਕ ਵਿੱਚ ਚੰਗੀ ਸੁਹਬਤ ਵਿੱਚ ਨਾ ਰਹਿਣ ਦਾ ਫਾਇਦਾ ਦੂਜੀ ਦੁਨੀਆਂ ਦੇ ਦੋਜ਼ਖ ਵਿੱਚ ਪੁੱਜ ਕੇ ਹੁੰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਉਸਦੀ ਮੌਤ ਬਾਦ ਸਾਹਿਤ ਵਿੱਚ ਕੋਈ ਘਾਟਾ ਨਹੀਂ ਪਿਆ। ਕਿਹਾ ਕਰਦਾ ਸੀ- ਮੈਂ ਤਾਂ ਜਿਉਂਦੇ ਜੀਅ ਸਾਹਿਤ ਵਿੱਚ ਖਲਾਅ ਪੈਦਾ ਕਰਾਂਗਾ ਤੇ ਲਗਾਤਾਰ ਕੀਤਾ। ਉਸਦੀ ਜ਼ਿੰਦਗੀ ਅਤੇ ਉਸਦੀ ਲਿਖਤ ਦੀ ਇਹੋ ਸਿਫਤ ਹੈ। ਆਖਰੀ ਉਮਰ ਵਿੱਚ ਆਪਣੇ ਪਿਆਰੇ ਦੋਸਤ ਸ਼ਹਿਰਯਾਰ ਦਾ ਇਹ ਸ਼ਿਅਰ ਅਕਸਰ ਗੁਣ ਗੁਣਾਇਆ ਕਰਦਾ ਸੀ-
ਜੁਸਤਜੂ ਜਿਸਕੀ ਥੀ ਉਸਕੋ ਤੋਂ ਨ ਪਾਇਆ ਹਮਨੇ,
ਇਸ ਬਹਾਨੇ ਸੇ ਮਗਰ ਦੇਖ ਲੀ ਦੁਨੀਆਂ ਹਮਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2260)
(ਸਰੋਕਾਰ ਨਾਲ ਸੰਪਰਕ ਲਈ: