“ਛੇਤੀ ਸਾਨੂੰ ਗਿਆਨ ਹੋ ਗਿਆ ਕਿ ਕੁੜੀਆਂ ਨੂੰ ਪੜ੍ਹਾਉਣ ਵਾਲੇ ਮਾਪੇ ਸਿੱਧੇ ਨਰਕਾਂ ਵਿੱਚ ਜਾਂਦੇ ਨੇ ...”
(11 ਮਈ 2019)
ਗਾਹੇ ਬਗਾਹੇ ਉਕਤ ਮੁੱਦੇ ਵਾਸਤੇ ਅਖਬਾਰਾਂ ਰਿਸਾਲਿਆਂ ਨੂੰ ਮਸਾਲਾ ਮਿਲਦਾ ਰਹਿੰਦਾ ਹੈ। ਬਹੁਤ ਸਾਰੇ ਅਧਿਕਾਰ ਕੁੜੀਆਂ ਨੂੰ ਮਿਲੇ, ਬਕਾਇਆ ਮਿਲਦੇ ਰਹਿਣ, ਸਾਡੀ ਦੁਆ ਹੈ। ਅਧਿਕਾਰ ਤਾਂ ਸਭਿਅਕ ਸਰਕਾਰਾਂ ਪਸ਼ੂਆਂ ਨੂੰ ਵੀ ਦਿੰਦੀਆਂ ਹਨ। ਐਨੀਮਲਜ਼ ਐਕਟ ਅਗੇਂਸਟ ਕਰੁਐਲਿਟੀ ਹੈ। ਪਸ਼ੂਆਂ ਉੱਪਰ ਜ਼ਿਆਦਤੀ ਨਹੀਂ ਕੀਤੀ ਜਾ ਸਕਦੀ ’ਤੇ ਪ੍ਰੋ. ਪੂਰਨ ਸਿੰਘ ਦੀ ਟਿੱਪਣੀ ਹੈ, “ਸ਼ਾਮ ਨੂੰ ਮੁਰਗਾ ਡਕਾਰ ਕੇ ਸਵੇਰੇ ਅਦਾਲਤ ਵਿੱਚ ਜੱਜ, ਟਾਂਗੇ ਵਾਲੇ ਨੂੰ ਸਜ਼ਾ ਸੁਣਾ ਦਿੰਦਾ ਹੈ ਕਿ ਖੱਚਰ ਨੂੰ ਛਾਂਟਾ ਕਿਉਂ ਮਾਰਿਆ ਸੀ।”
ਉਹ ਲਾਹਨਤ ਭਰਿਆ ਸਮਾਂ ਮੈਂ ਬਚਪਨ ਵਿੱਚ ਦੇਖਿਆ ਜਦੋਂ ਪੰਜਾਬੀ ਸਮਾਜ ਕੁੜੀਆਂ ਪੜ੍ਹਾਉਣ ਦੇ ਖਿਲਾਫ ਸੀ। ਅਸੀਂ ਹੁਣ ਤੱਕ ਆਪਣੇ ਇੱਕ ਰਿਸ਼ਤੇਦਾਰ ਦੀ ਗੱਲ ਯਾਦ ਕਰਕੇ ਹੱਸ ਪੈਂਦੇ ਹਾਂ। ਮਿਲਣ ਗਿਲਣ ਉਹ ਮੇਰੇ ਪਿੰਡ ਆਇਆ ਹੋਇਆ ਸੀ, ਕਹਿੰਦਾ- ਲੋਕਾਂ ਦੀ ਚੱਕ ਚਕਾਈ, ਦੇਖਾ ਦੇਖੀ ਭਾਈ ਅਸੀਂ ਵੀ ਕੁੜੀਆਂ ਸਕੂਲ ਵਿੱਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਕਰ ਹੋਇਆ ਇਹ ਤਾਂ ਰੱਬ ਸੱਚੇ ਦਾ, ਛੇਤੀ ਸਾਨੂੰ ਗਿਆਨ ਹੋ ਗਿਆ ਕਿ ਕੁੜੀਆਂ ਨੂੰ ਪੜ੍ਹਾਉਣ ਵਾਲੇ ਮਾਪੇ ਸਿੱਧੇ ਨਰਕਾਂ ਵਿੱਚ ਜਾਂਦੇ ਨੇ। ਬਚ ਗਏ, ਫਟਾਫਟ ਹਟਾਉਣ ਦੀ ਕੀਤੀ।
ਮੈ ਧੱਕੇ ਧੁਕੇ ਨਾਲ ਇੱਧਰੋਂ ਉੱਧਰੋਂ ਪੈਸੇ ਫੜ ਫੜਾ ਕੇ ਕਾਲਜ ਦਾਖਲ ਹੋ ਗਿਆ। ਮੇਰੀ ਭੈਣ ਮੇਰੇ ਤੋਂ ਦੋ ਸਾਲ ਪਿੱਛੇ ਸੀ। ਉਹ ਜਦੋਂ ਦਸਵੀਂ ਕਰ ਗਈ, ਉਦਾਸ ਹੋ ਕੇ ਮੈਂਨੂੰ ਕਹਿੰਦੀ- ਪੜ੍ਹਨ ਨੂੰ ਤਾਂ ਬਾਈ ਮੇਰਾ ਵੀ ਦਿਲ ਕਰਦੈ, ਪੈਸੇ ਹੈ ਨਹੀਂ, ਮੈਂ ਕੀ ਕਰਾਂ? ਮੈਂ ਕਿਹਾ- ਕੁੜੀਆਂ ਨੂੰ ਪ੍ਰਾਈਵੇਟ ਇਮਤਿਹਾਨ ਦੇਣ ਦੀ ਸਹੂਲਤ ਯੂਨੀਵਰਸਿਟੀ ਨੇ ਇਸੇ ਕਰਕੇ ਦਿੱਤੀ ਹੋਈ ਹੈ। ਮੈਂ ਤੇਰੇ ਵਾਸਤੇ ਕਿਤਾਬਾਂ ਲਿਆ ਦਿਆ ਕਰੂੰਗਾ, ਤੀਹ ਰੁਪਏ ਇਮਤਿਹਾਨ ਦੀ ਫੀਸ ਭਰ ਦਿਆ ਕਰੂੰਗਾ, ਤੂੰ ਘਰ ਬੈਠੀ ਪੜ੍ਹੀ ਜਾਇਆ ਕਰੀਂ।
ਇਵੇਂ ਹੀ ਹੋਇਆ। ਉਹ ਘਰ ਦਾ ਸਾਰਾ ਕੰਮ ਮੁਕਾ ਕੇ ਬੋਰੀ ਵਿਛਾ ਕੇ ਪੜ੍ਹਨ ਲੱਗ ਜਾਂਦੀ। ਬੀਏ, ਐੱਮਏ, ਕਰ ਗਈ। ਸਟੇਟ ਕਾਲਜ ਪਟਿਆਲੇ ਟੀਚਰਜ਼ ਟਰੇਨਿੰਗ ਲਈ ਦਾਖਲਾ ਮਿਲ ਗਿਆ। ਨੌਂ ਦਸ ਮਹੀਨਿਆਂ ਵਿੱਚ ਟ੍ਰੇਨਿੰਗ ਹੋ ਗਈ। ਰੁਜ਼ਗਾਰ ਦਫਤਰ ਵਿੱਚ ਨਾਮ ਦਰਜ ਕਰਵਾ ਦਿੱਤਾ।
ਮਹੀਨੇ ਕੁ ਬਾਦ ਸਰਕਾਰੀ ਸਕੂਲ ਵਿੱਚ ਅਧਿਆਪਕਾ ਦੀ ਐਡਹਾਕ ਨੌਕਰੀ ਮਿਲ ਗਈ। ਦੋ ਸਾਲ ਬਾਦ ਸਰਕਾਰ ਦੀ ਚਿੱਠੀ ਆ ਗਈ, ਸਾਰੇ ਐਡਹਾਕ ਅਧਿਆਪਕ ਰੈਗੂਲਰ।
ਹੁਣ ਅਦਾਰਾ ਸਿੰਘ ਬ੍ਰਦਰਜ਼ ਇੱਕ ਕਿਤਾਬ ਤਿਆਰ ਕਰ ਰਿਹਾ ਹੈ, ਜਿਸ ਵਿੱਚ ਉਹ ਦੋਵਾਂ ਸੰਸਾਰ ਜੰਗਾਂ ਵਿੱਚ ਲੜਨ ਗਏ ਪੰਜਾਬੀ ਫੌਜੀਆਂ ਦੀਆਂ ਚਿੱਠੀਆਂ ਛਾਪਣਗੇ, ਜਿਹੜੀਆਂ ਉਨ੍ਹਾਂ ਨੇ ਯੋਰਪ ਵਿੱਚੋਂ ਆਪਣੇ ਘਰੀਂ ਲਿਖੀਆਂ ਸਨ। ਉਹ ਹੈਰਾਨ ਹੋ ਕੇ ਲਿਖ ਰਹੇ ਹਨ ਕਿ ਇਨ੍ਹਾਂ ਦੇਸਾਂ ਵਿੱਚ ਕੁੜੀਆਂ ਡਾਕਟਰ ਹਨ, ਅਧਿਆਪਕ ਹਨ, ਬੱਸਾਂ ਚਲਾਉਂਦੀਆਂ ਹਨ, ਦਫਤਰਾਂ ਵਿੱਚ ਨੌਕਰੀਆਂ ਕਰਦੀਆਂ ਹਨ। ਜੇ ਆਪਾਂ ਆਪਣੀਆਂ ਕੁੜੀਆਂ ਨੂੰ ਪੜ੍ਹਾ ਦੇਈਏ, ਨਾਲੇ ਤਾਂ ਦਹੇਜ ਦੀ ਲਾਹਣਤ ਤੋਂ ਬਚੀਏ, ਨਾਲੇ ਕੁੜੀਆਂ ਅਤੇ ਮਾਪਿਆਂ ਦੀ ਇੱਜ਼ਤ ਬਣੇ।
ਕੁੜੀਆਂ ਨੂੰ ਉੱਚ ਵਿੱਦਿਆ ਦਿਵਾਉਣ ਵਿੱਚ ਭਾਰਤੀ ਪਾਰਸੀ ਸਭ ਤੋਂ ਅੱਗੇ ਰਹੇ। ਬਾਕੀ ਸਮਾਜਾਂ ਦੀਆਂ ਕੁੜੀਆਂ ਜਦੋਂ ਗੋਹਾ ਕੂੜਾ ਕਰਦੀਆਂ, ਚਰਖੇ ਕਤਦੀਆਂ ਹੁੰਦੀਆਂ, ਉਦੋਂ ਪਾਰਸੀ ਮਾਪੇ ਆਪਣੀਆਂ ਧੀਆਂ ਨੂੰ ਲੰਡਨ ਵਿੱਚ ਐੱਮ.ਬੀ.ਬੀ.ਐੱਸ., ਲਾਅ ਕਰਨ ਲਈ ਭੇਜ ਰਹੇ ਸਨ। ਅੱਜ ਵੀ ਪਾਰਸੀ ਸਮਾਜ ਅਕਾਦਮਿਕਤਾ ਅਤੇ ਵਪਾਰ ਵਿੱਚ ਸਭ ਤੋਂ ਅੱਗੇ ਹੈ।
ਇਨ੍ਹੀਂ ਦਿਨੀਂ ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਖਬਰਾਂ ਵਿੱਚ ਘਿਰੀ ਹੋਈ ਹੈ, ਜਿੱਥੇ ਕੁੜੀਆਂ ਐਜੀਟੇਸ਼ਨ ਕਰ ਰਹੀਆਂ ਹਨ। ਮੈਂ ਪਤਾ ਕੀਤਾ। ਲੇਡੀ ਵਾਰਡਨ ਅਤੇ ਕੁਝ ਮੁਲਾਜ਼ਮ ਔਰਤਾਂ ਨੇ ਵਿਦਿਆਰਥਣਾਂ ਨਾਲ ਜੋ ਕੀਤਾ, ਯਕੀਨਨ ਉਹ ਸਭਿਅਕ ਸਮਾਜ ਵਾਲਾ ਵਿਹਾਰ ਨਹੀਂ ਸੀ। ਪਰ ਉਹ ਇਸ ਦੋਸ਼ ਕਾਰਨ ਤੁਰੰਤ ਨੌਕਰੀਆਂ ਵਿੱਚੋਂ ਹਟਾ ਦਿੱਤੀਆਂ ਗਈਆਂ। ਹੁਣ ਮੰਗ ਇਹ ਹੈ ਕਿ ਪੁਲਿਸ ਕੇਸ ਕਰੋ। ਚੋਣਾਂ ਦੇ ਦਿਨੀਂ ਲੀਡਰਾਂ ਨੂੰ ਮਸਾਂ ਮੁੱਦਾ ਮਿਲਿਆ ਹੈ, ਉਹ ਜ਼ਿੰਦਾਬਾਦ - ਮੁਰਦਾਬਾਦ ਕਰਨੋ ਕਦੋਂ ਹਟਣ ਲੱਗੇ ਹਨ?
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1580)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om