HarpalSPannu7ਬੱਦਲਾਂ ਦੀਆਂ ਗਰਜਾਂ ਅਤੇ ਧਮਕਾਂ, ਗਾਇਕਾਂ ਅਤੇ ਭਲਵਾਨਾਂ ਰਾਹੀਂ ਪੇਸ਼ ਕਰਨ ਦੀ ਕਲਾ ਕੋਈ ਕੰਵਲ ਤੋਂ ਸਿੱਖੇ ...
(ਜੂਨ 30, 2016)

 

BalbirKanwal5ਬੰਦਿਆਂ ਨੇ ਤਾਂ ਸੰਗੀਤ ਤੋਂ ਆਨੰਦ ਲੈਣਾ ਹੀ ਲੈਣਾ, ਪਸ਼ੂ ਪੰਛੀ ਵੀ ਸੰਗੀਤ ਤੋਂ ਕਾਇਲ ਹੁੰਦੇ ਹਨ। ਮਹਾਂਕਵੀ ਕਾਲੀਦਾਸ ਮੇਘਦੂਤ ਵਿਚ ਲਿਖਦੇ ਹਨ - ਮੇਰੀ ਉਜੈਨੀ ਦੇ ਅਸਮਾਨ ਵਿਚ ਉਡਦੇ ਪੰਛੀਆਂ ਨੈਣੀ ਹੰਝੂਆਂ ਦੀ ਬਰੀਕ ਧਾਰ ਦੇਖੀਂ ਹੇ ਮੇਘ। ਖੰਭਾਂ ਵਾਲੇ ਇਨ੍ਹਾਂ ਉਸਤਾਦਾਂ ਤੋਂ ਬਹੁਤ ਮਿਹਨਤ ਕਰਕੇ ਮਨੁੱਖਾਂ ਨੇ ਥੋੜ੍ਹੀ ਕੁ ਰਾਗ ਵਿੱਦਿਆ ਸਿੱਖੀ ਹੈ।

ਦੋ ਦਾਨਿਸ਼ਵਰਾਂ ਨੇ ਮੇਰੇ ਉੱਪਰ ਬਾਕੀਆਂ ਨਾਲੋਂ ਵੱਖਰਾ ਅਸਰ ਪਾਇਆ। ਇਕ ਕੈਨੇਡਾ ਵਾਸੀ ਹਰਦੇਵ ਸਿੰਘ ਆਰਟਿਸਟ ਤੇ ਦੂਜਾ ਬਲਵੀਰ ਸਿੰਘ ਕੰਵਲ। ਹਰਦੇਵ ਸਿੰਘ ਨੂੰ ਆਧੁਨਿਕ ਆਰਟ ਦੇ ਮਾਹਿਰਾਂ ਦੀ ਦੁਨੀਆਂ ਬਤੌਰ ਕਲਾਕਾਰ ਮਨਜ਼ੂਰ ਕਰ ਚੁੱਕੀ ਹੈ ਪਰ ਉਹ ਕੇਵਲ ਆਰਟਿਸਟ ਨਹੀਂ ਹਨ, ਆਰਟ ਦੇ ਫਿਲਾਸਫਰ ਵੀ ਹਨ। ਉਨ੍ਹਾਂ ਦਾ ਵਾਕ ਦੇਖੋ - ਸਰਘੀ ਵੇਲੇ ਤੋਂ ਲੈ ਕੇ ਰਾਤ ਪੈਣ ਤੱਕ ਸੂਰਜ ਦੀ ਰੌਸ਼ਨੀ ਦੇ ਵਧਣ ਘਟਣ ਸਦਕਾ ਵਸਤਾਂ ਦਾ ਰੰਗ ਬਦਲਦਾ ਹੈ। ਪੱਤੇ ਦਾ ਹਰਾ ਰੰਗ ਹਰ ਪਲ ਬਦਲ ਰਿਹਾ ਹੈ। ਕੁਦਰਤ ਏਨੀ ਅਮੀਰ ਮਹਾਰਾਣੀ ਹੈ ਕਿ ਹਰ ਪਲ ਨਵਾਂ ਲਿਬਾਸ ਪਹਿਨਦੀ ਹੈ, ਪੁਰਾਣਾ ਉਤਾਰੇ ਬਗੈਰ।

ਉਸਤਾਦ ਬਲਵੀਰ ਸਿੰਘ ਕੰਵਲ ਸ਼ਾਸਤਰੀ ਸੰਗੀਤ ਦਾ ਰਸੀਆ ਤਾਂ ਹੈ ਹੀ, ਉਹ ਸੰਗੀਤ ਸ਼ਾਸਤਰ ਦਾ ਕਾਮਲ ਫਿਲਾਸਫਰ ਅਤੇ ਗੰਭੀਰ ਇਤਿਹਾਸਕਾਰ ਵੀ ਹੈ। ਇਕ ਚਮਤਕਾਰ ਹੋਰ ਹੋਇਆ। ਸੰਗੀਤ ਅਤੇ ਭਲਵਾਨੀ ਦਾ ਕੀ ਮੇਲ ਹੋਇਆ? ਕੰਵਲ ਦਾ ਮੰਚ ਏਨਾ ਵਿਸ਼ਾਲ ਹੈ ਕਿ ਜਿੱਥੇ ਸ਼੍ਰੋਮਣੀ ਗਾਇਕਾਂ/ਵਾਦਕਾਂ ਦੀ ਪੇਸ਼ਕਾਰੀ ਦਿਖਾਉਂਦਾ ਹੈ ਉੱਥੇ ਹੀ ਤੁਹਾਨੂੰ ਸ਼੍ਰੋਮਣੀ ਭਲਵਾਨ ਇਕ ਦੂਜੇ ਨੂੰ ਲਲਕਾਰਦੇ, ਘੇਰਦੇ ਦਿਖਾਈ ਦੇਣਗੇ। ਬੱਦਲਾਂ ਦੀਆਂ ਗਰਜਾਂ ਅਤੇ ਧਮਕਾਂ, ਗਾਇਕਾਂ ਅਤੇ ਭਲਵਾਨਾਂ ਰਾਹੀਂ ਪੇਸ਼ ਕਰਨ ਦੀ ਕਲਾ ਕੋਈ ਕੰਵਲ ਤੋਂ ਸਿੱਖੇ।

ਬਲਵੀਰ ਸਿੰਘ ਕੰਵਲ ਨਾਮ ਗਾਹੇ ਬਗਾਹੇ ਕੰਨੀ ਪਿਆ ਸੀ ਪਰ ਮੈਂ ਉਸ ਨੂੰ ਪੜ੍ਹਿਆ ਨਹੀਂ ਸੀ, ਕਦੀ ਮਿਲਿਆ ਨਹੀਂ ਸੀ। ਇਕੱਲਾ ਕਾਰਾ ਨਾਮ ਦਿਲ ਉੱਪਰ ਕਿੰਨੀ ਕੁ ਦੇਰ ਰਹਿ ਸਕਦਾ ਹੈ। ‘ਹੁਣ’ ਰਿਸਾਲਾ ਸ਼ੁਰੂ ਹੋਇਆ, ਜਿਸ ਨੇ ਪੰਜਾਬੀ ਜਗਤ ਉੱਪਰ ਅਸਰ ਕੀਤਾ ਅਤੇ ਵੱਡੀ ਗਿਣਤੀ ਪਾਠਕ ਲੇਖਕ ਇਸ ਵੱਲ ਰੁਚਿਤ ਹੋਏ। ਇਸ ਰਿਸਾਲੇ ਬਾਰੇ ਗੁਰਦਿਆਲ ਬਲ ਨੇ ਮੈਨੂੰ ਉਦੋਂ ਦੱਸ ਪਾਈ ਜਦੋਂ ਮੈਂ ਉਸ ਨੂੰ ਆਪਣੇ ਲੇਖ ਤਾਸਕੀ ਦਾ ਖਰੜਾ ਪੜ੍ਹਨ ਨੂੰ ਦਿੱਤਾ। ਉਸ ਨੇ ਕਿਹਾ - ਇਹ ਲੇਖ ‘ਹੁਣ’ ਵਿਚ ਛਪਣਯੋਗ ਹੈ। ਛਪਿਆ, ਮੈਂ ਇਸ ਰਿਸਾਲੇ ਦਾ ਪਾਠਕ/ਲੇਖਕ ਹੋ ਗਿਆ। ਇਸ ਵਿਚ ਪਹਿਲੀ ਵਾਰ ਕੰਵਲ ਦੀ ਲਿਖਤ ਪੜ੍ਹਨ ਨੂੰ ਮਿਲੀ। ਵੱਖ ਵੱਖ ਅੰਕਾਂ ਵਿਚ ਉਸਦੇ ਲੇਖ, ਸ਼ੇਰ-ਇ-ਪੰਜਾਬ ਦੇ ਰਾਜ ਦੀਆਂ ਪ੍ਰਸਿੱਧ ਬਾਈਆਂ, ਪਟਿਆਲਾ ਘਰਾਣਾ, ਸ਼ੇਰਿ-ਪੰਜਾਬ ਅਤੇ ਸੰਗੀਤ, ਬਹਾਦਰਸ਼ਾਹ ਜ਼ਫਰ ਅਤੇ ਮਹਾਰਾਜਾ ਰਣਜੀਤ ਸਿੰਘ, ਮੁਮਤਾਜ ਬੇਗਮ ਉਰਫ ਮੰਮੋ, ਇਨਾਇਤ ਬਾਈ ਢੇਰੂ ਵਾਲੀ ਅਤੇ ਉਸਤਾਦ ਅਬਦੁਲ ਅਜੀਜ਼ ਬੀਨਕਾਰ ਆਦਿਕ ਲੇਖ ਪੜ੍ਹਨ ਨੂੰ ਮਿਲੇ।

ਕੰਵਲ ਵਲੋਂ ਸ਼ਾਸਤਰੀ ਸੰਗੀਤ ਦੀ ਖੋਜ ਤੋਂ ਪਹਿਲਾਂ ਦਿਲ ਕਰਦਾ ਹੈ ਕਿ ਉਸ ਦੀ ਭਲਵਾਨਾਂ ਬਾਰੇ ਜਾਣਕਾਰੀ ਦਾ ਜ਼ਿਕਰ ਕਰੀਏ। ਹੁਣ-11 ਵਿਚ ਉਸਦਾ ਲੇਖ ਹੈ ਪਹਿਲਵਾਨਾਂ ਦੀਆਂ ਦਫਾਂ। ਲਿਖਤ ਹੈ:

ਭਾਰਤ ਵਿਚ ਮੱਲ-ਯੁੱਧ ਜਾਂ ਕੁਸ਼ਤੀ ਕਲਾ ਪ੍ਰਾਚੀਨ ਸਮੇਂ ਤੋਂ ਪ੍ਰਚਲਤ ਹੈ। ਮੁਸਲਮਾਨ ਧਾੜਵੀਆਂ ਨੇ ਸਾਡੇ ਦੇਸ ਵਿਚ ਆਕੇ ਮੱਲ-ਯੁੱਧ ਲਈ ਫਾਰਸੀ ਦਾ ਇਕ ਸ਼ਬਦ ਕੁਸ਼ਤੀਦਿੱਤਾ। ਇੰਝ ਪ੍ਰਤੀਤ ਹੁੰਦਾ ਹੈ ਕਿ ਕੁਸ਼ਤੀ ਨਾਲੋਂ ਮੁਸ਼ਤੀ (ਮੁੱਕੇਬਾਜ਼ੀ, ਬੌਕਸਿੰਗ) ਪਹਿਲਾਂ ਪ੍ਰਚਲਤ ਹੋਈ ਜਿਸਦਾ ਸੂਖਮ ਰੂਪ ਕੁਸ਼ਤੀ ਹੋ ਗਿਆ ਅਤੇ ਇਸ ਦੀਆਂ ਅਗਾਹਾਂ ਚਾਰ ਸ਼ਾਖਾਂ ਬਣ ਗਈਆਂ ਜਿਨ੍ਹਾਂ ਵਿਚੋਂ ਕੇਵਲ ਪਹਿਲੀਆਂ ਤਿੰਨ ਹੀ ਪ੍ਰਚਲਤ ਹੋ ਸਕੀਆਂ - ਭੀਮਸੈਨੀ, ਹਨੁਮੰਤੀ ਅਤੇ ਜਾਮਵੰਤੀ। ਭੀਮਸੈਨੀ ਕਿਸਮ ਵਿਚ ਜਿੱਤ ਕੇਵਲ ਤਾਕਤ ਤੇ ਬਲ ਨਾਲ ਪ੍ਰਾਪਤ ਕੀਤੀ ਜਾਂਦੀ ਸੀ। ਹਨੁਮੰਤੀ ਦੀ ਬੁਨਿਆਦ ਦਾਅਵਾਂ-ਪੇਚਾਂ ਦੇ ਸਿਰ ’ਤੇ ਸੀ, ਜਾਮਵੰਤੀ ਵਿਚ ਵਿਰੋਧੀ ਨੂੰ ਵਧੇਰੇ ਦੁਖਦਾਈ ਦਾਅਵਾਂ ਜਿਵੇਂ ਨਮਾਜਬੰਦ ਅਤੇ ਕਮਰਘੋੜਾ ਆਦਿ ਨਾਲ ਨਿੱਸਲ ਕਰਕੇ ਢਾਇਆ ਜਾਂਦਾ ਸੀ। ਚੌਥੀ ਕਿਸਮ ਜਰਾਬੰਧੀ ਵਿਚ ਨੌਬਤ ਕਈ ਵੇਰ ਮਰਨ ਮਾਰਨ ਤੱਕ ਅੱਪੜ ਜਾਂਦੀ ਸੀ ਇਸੇ ਲਈ ਇਹ ਬਹੁਤੀ ਹਰਮਨ ਪਿਆਰੀ ਨਾ ਹੋ ਸਕੀ। ਸਾਡੀ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰੁੱਦੀਨ (1835-1910) ਮੰਨਿਆ ਜਾਂਦਾ ਹੈ, ਜਿਸਨੇ 361 ਦਾਅ ਪੇਚ ਅਤੇ ਉਨ੍ਹਾਂ ਦੇ ਤੋੜ ਈਜਾਦ ਕੀਤੇ।

ਕੰਵਲ ਦਾ ਇਕ ਹੋਰ ਨਮੂਨਾ ਦੇਖੋ:

ਦੁਆਬੇ ਦੇ ਦੋ ਪ੍ਰਸਿੱਧ ਪਹਿਲਵਾਨ ਖੜਕਾ ਅਤੇ ਬਸੰਤਾ ਕੋਹਲਾਪੁਰ ਉਸਤਾਦ ਖਲੀਫਾ ਮਹੀਉਦੀਨ ਨੂੰ ਮਿਲਣ ਗਏ। ਖਲੀਫਾ ਆਪਣੇ ਅਖਾੜੇ ਵਿਚ ਘੁੰਮ ਰਿਹਾ ਸੀ। ਉਨ੍ਹਾਂ ਖਲੀਫਾ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਖਲੀਫੇ ਨੇ ਘੇਸਲ ਵੱਟ ਲਈ, ਨਾ ਦੱਸਿਆ ਕਿ ਮੈਂ ਹੀ ਗੁਲਾਮ ਮਹੀਉਦੀਨ ਹਾਂ। ਪੁੱਛਿਆ - ਜੁਆਨੋ, ਉਸ ਨਾਲ ਕੀ ਕੰਮ ਹੈ ਬਈ?

- ਓ ਜੀ, ਅਸੀਂ ਉਸ ਨਾਲ ਜੋਰ ਕਰਨਾ ਚਾਹੁਨੇ ਆਂ।

- ਆ ਜਾਉ ਫਿਰ ਜਰਾ।

ਉਸਨੇ ਦੋਹਾਂ ਨੂੰ ਅਖਾੜਿਉਂ ਬਾਹਰ ਕਰ ਦਿੱਤਾ। ਬਾਹਰੋਂ ਆਏ ਉਹਦੇ ਸ਼ਾਗਿਰਦਾਂ ਨੇ ਪੰਜਾਬੀਆਂ ਨੂੰ ਜਦੋਂ ਇਹ ਗੱਲ ਦੱਸੀ, ਇਨ੍ਹਾਂ ਨੇ ਸਤਿਕਾਰ ਨਾਲ ਉਸਤਾਦ ਜੀ ਅੱਗੇ ਸਿਰ ਝੁਕਾ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕੁਸ਼ਤੀਆਂ ਦੀਆਂ ਤਿੰਨ ਸ਼ੈਲੀਆਂ ਸਨ ਜਿਨ੍ਹਾਂ ਨੂੰ ਦਫਾਂ ਕਿਹਾ ਜਾਂਦਾ ਸੀ। ਕੰਵਲ ਲਿਖਦਾ ਹੈ:

ਮਹਾਰਾਜਾ ਇਨ੍ਹਾਂ ਤਿੰਨਾਂ ਮਹਾਨ, ਕੁਸ਼ਤੀਕਾਰਾਂ ਦਾ ਸਤਿਕਾਰ ਕਰਦਾ ਸੀ ਜਿਨ੍ਹਾਂ ਨੇ ਇਹ ਦਫਾਂ ਚਲਾਈਆਂ, ਉਨ੍ਹਾਂ ਨੂੰ ਭਰਪੂਰ ਸਹਾਇਤਾ ਦਿੰਦਾ ਰਹਿੰਦਾ ਸੀ। ਇੰਨਾ ਆਦਰ ਕਰਦਾ ਸੀ ਕਿ ਜਦੋਂ ਇਨ੍ਹਾਂ ਦੀਆਂ ਹਵੇਲੀਆਂ ਵਿਚ ਮਿਲਣ ਆਉਂਦਾ, ਸਤਿਕਾਰ ਨਾਲ ਆਪਣੇ ਜੋੜੇ ਲਾਹ ਕੇ ਬਾਹਰ ਰੱਖਦਾ, ਫਿਰ ਅੰਦਰ ਦਾਖਲ ਹੁੰਦਾ। ਉਸਤਾਦ ਨੂਰੁੱਦੀਨ ਦੇ ਬਿਮਾਰ ਹੋਣ ਦੀ ਖਬਰ ਸੁਣੀ ਤਾਂ ਪਤਾ ਲੈਣ ਤਿੰਨ ਵੇਰ ਉਸ ਦੇ ਘਰ 1810 ਵਿਚ ਆਇਆ। ਉਸ ਦੀ ਕਬਰ ਉੱਪਰ ਸਿਲ ਮਹਾਰਾਜੇ ਨੇ ਆਪ ਰੱਖੀ।

ਹੁਣ ਦੇਖੀਏ ਕੰਵਲ ਦਾ ਸੰਗੀਤ ਸ਼ਾਸਤਰ:

ਉਸਦਾਤ ਅਬਦੁਲ ਅਜੀਜ਼ ਖਾਂ ਬੀਨਕਾਰ ਦਾ ਜਨਮ ਉਸਤਾਦ ਅੱਲਾ ਦੀਆਂ ਖਾਂ ਬ੍ਰਿਟੂ ਵਾਲੇ ਪ੍ਰਸਿੱਧ ਸਾਰੰਗੀ ਨਵਾਜ਼ ਦੇ ਘਰ ਰਿਆਸਤ ਜੀਂਦ ਦੇ ਕਸਬੇ ਸਫੈਦੋਂ ਵਿਖੇ 1881 ਈ. ਵਿਚ ਹੋਇਆ। ਇਨ੍ਹਾਂ ਦੇ ਖਾਨਦਾਨ ਨੂੰ ਬ੍ਰਿਟੂ ਵਾਲੇ ਕਿਉਂ ਕਿਹਾ ਜਾਂਦਾ ਹੈ ਇਹ ਵੀ ਸੁਆਦਲੀ ਗੱਲ ਹੈ। ਇਸ ਘਰਾਣੇ ਦੇ ਵਡੇਰੇ ਭੱਟੀ ਰਾਜਪੂਤ ਸਨ, ਤਕੜੀ ਜ਼ਿਮੀਦਾਰੀ ਸੀ। ਜੁਆਨ ਉਮਰੇ ਕਿਸੇ ਕੰਜਰੀ ਨਾਲ ਮੁਹੱਬਤ ਹੋ ਗਈ। ਉਸ ਗਾਇਕਾ ਦੇ ਇਸ਼ਕ ਵਿਚ ਤਬਲਾ ਵਜਾਉਣਾ ਸਿੱਖ ਲਿਆ ਤਾਂ ਬਰਾਦਰੀ ਨੇ ਛੇਕ ਦਿੱਤਾ, ਕਿਹਾ - ਇਹ ਬ੍ਰਿਟੂ ਹੋ ਗਏ ਨੇ। ਬ੍ਰਿਟੂ ਮਾਇਨੇ ਵਿਗੜੇ ਹੋਏ। ਇਸ ਘਰਾਣੇ ਦੇ ਉਸਤਾਦ ਸਾਰੰਗੀ ਵਾਦਕ ਸਨ ਪਰ ਅਬਦੁਲ ਅਜੀਜ਼ ਨੇ ਵਚਿਤ੍ਰਵੀਣਾ ਈਜਾਦ ਕੀਤੀ ਤੇ ਇਸ ਦਾ ਉਸਤਾਦ ਹੋਇਆ।

ਇਕ ਵਾਰ ਉਹ ਸਖਤ ਬਿਮਾਰ ਹੋ ਗਿਆ, ਮਰਨ ਕੰਢੇ ਪੁੱਜ ਗਿਆ। ਸੰਗੀਤ ਸ਼ੈਦਾਈ ਹੋਣ ਕਾਰਨ ਇਸ ਹਾਲਤ ਵਿਚ ਵੀ ਤੰਬੂਰਾ ਮੰਗਦਾ ਰਹਿੰਦਾ ਤੇ ਲੇਟਿਆ ਲੇਟਿਆ ਥੋੜ੍ਹਾ ਬਹੁਤ ਵਜਾ ਕੇ ਆਪਣਾ ਝੱਸ ਪੂਰਾ ਕਰਦਾ। ਤੰਬੂਰਾ ਵਜਾ ਰਿਹਾ ਸੀ ਤਾਂ ਉਸ ਦੇ ਲਾਗੇ ਦਵਾਈ ਦੀ ਖਾਲੀ ਸ਼ੀਸ਼ੀ ਪਈ ਸੀ। ਸ਼ੀਸ਼ੀ ਨਾਲ ਸੁਰ ਦਬਾਈ ਤਾਂ ਬੜੀ ਅਜੀਬ ਅਤੇ ਭਿੰਨੀ ਆਵਾਜ਼ ਨਿੱਕਲੀ। ਬਸ ਇੱਥੋਂ ਵਚਿਤ੍ਰਵੀਣਾ ਈਜਾਦ ਹੋਈ। ਇਸ ਵੀਣਾ ਨੂੰ ਕਈ ਵਾਰ ਵੱਟੇ ਵਾਲੀ, ਤਰਵੀਣਾ ਜਾਂ ਗੋਟਵੀਣਾ ਵੀ ਕਿਹਾ ਜਾਂਦਾ ਹੈ ਕਿਉਂਕਿ ਤਾਰਾਂ ਜਾ ਤਰਬਾਂ ਤਾਂ ਸੱਜੇ ਹੱਥ ਵਿਚਲੀ ਮਿਜ਼ਰਾਬ ਨਾਲ ਵੱਜਦੀਆਂ ਹਨ ਤੇ ਸੁਰਾਂ ਨੂੰ ਖੱਬੇ ਹੱਥ ਨਾਲ ਫੜ ਕੇ ਇਕ ਛੋਟੇ ਜਿਹੇ ਵੱਟੇ ਜਾਂ ਸ਼ੀਸ਼ੀ ਦੇ ਗੋਲ ਜਿਹੇ ਪੇਪਰਵੇਟ ਵਰਗੇ ਟੁਕੜੇ ਨਾਲ ਦਬਾਇਆ ਜਾਂਦਾ ਹੈ।

ਪਹਿਲੀ ਵਾਰ ਸ਼ਿਕਾਰਪੁਰ ਵਿਖੇ ਵੀਣਾ ਵਜਾਈ ਤਾਂ ਸਰੋਤੇ ਵਿਸਮਾਦ ਵਿਚ ਚਲੇ ਗਏ। ਸਾਰੇ ਗੁਣੀਜਨ ਸਰੋਤਿਆਂ ਨੇ ਵਾਹ ਵਾਹ ਦੀ ਗੁੰਜਾਰ ਪਾ ਦਿੱਤੀ। ਇਸਦੀ ਚਰਚਾ ਸਾਰੇ ਭਾਰਤ ਵਿਚ ਫੈਲ ਗਈ। ਮਹਾਰਾਜਾ ਇੰਦੌਰ ਨੇ ਆਪਣੇ ਦਰਬਾਰ ਵਿਚ ਸੁਣਿਆ ਤੇ ਖੁਸ਼ ਹੋ ਕੇ 28 ਹਜ਼ਾਰ ਰੁਪਏ ਦਿੱਤੇ। ਫਿਰ ਮਹਾਰਾਜਾ ਪਟਿਆਲਾ ਜੋਰ ਪਾ ਕੇ ਆਪਣੇ ਦਰਬਾਰ ਲੈ ਆਏ। ਰਾਜਾ ਮ੍ਰਿਗੇਂਦਰ ਸਿੰਘ ਨੇ ਕੰਵਲ ਦੇ ਇਨ੍ਹਾਂ ਕਥਨਾਂ ਦੀ ਪੁਸ਼ਟੀ ਕੀਤੀ ਹੈ। ਰਾਜਾ ਜੀ ਸਿਤਾਰ ਅਤੇ ਵਚਿਤ੍ਰਵੀਣਾ ਦੇ ਵੱਡੇ ਉਸਤਾਦ ਸਨ। ਉਨ੍ਹਾਂ ਦਾ ਵਾਦਨ ਮੈਂ ਪਟਿਆਲੇ ਅਤੇ ਨਿਊਯਾਰਕ ਸੁਣਿਆ ਹੈ। ਉਹ ਕੰਵਲ ਸਾਹਿਬ ਨੂੰ ਸੰਗੀਤ ਦਾ ਮਹਾਨ ਰਸੀਆ ਅਤੇ ਖੋਜੀ ਮੰਨ ਕੇ ਸਤਿਕਾਰ ਦਿਆ ਕਰਦੇ ਸਨ।

ਗੁਲਾਮ ਅਲੀ ਜੁਆਨੀ ਵਿਚ ਸਾਰੰਗੀ ਵਾਦਕ ਸਨ ਤੇ ਉਹ ਇਨਾਇਤ ਬਾਈ ਦਾ ਸਾਥ ਦਿਆ ਕਰਦੇ। ਇਕ ਦਿਨ ਉਨ੍ਹਾਂ ਨੇ ਉਸਤਾਦ ਫਤਿਹ ਅਲੀ ਸਾਹਿਬ ਨੂੰ ਖਾਣੇ ਤੇ ਸੱਦਿਆ। ਉਸਤਾਦ ਨੇ ਕਿਹਾ - ਕੰਜਰੀਆਂ ਦਾ ਸਾਥ ਦੇਣ ਵਾਲਿਆਂ ਦੀ ਦਾਅਵਤ ਅਸੀਂ ਕਬੂਲ ਨਹੀਂ ਕਰਦੇ। ਗੁਲਾਮ ਅਲੀ ਨੇ ਸਾਰੰਗੀ ਤੋੜ ਦਿੱਤੀ ਤੇ ਗਾਉਣ ਦਾ ਰਿਆਜ਼ ਕਰਨ ਲੱਗਾ। ਇਹੋ ਸਾਡੇ ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ ਹਨ।

ਮੋਰਾਂ ਸਰਕਾਰ ਬਾਰੇ ਕੰਵਲ ਦੇ ਲਫਜ਼ ਹਨ:

ਮੋਰਾਂ ਮੋਰਾਂ ਮੋਰਾਂ

ਵਿੱਚੋਂ ਦੀ ਸੁਰੰਗ ਕੱਢ ਲਈ ਅੱਧੀ ਰਾਤ ਦਿਆਂ ਚੋਰਾਂ।

ਲਾਹੌਰੀਏ ਬੁੱਢੇ, ਸਿੱਖ ਦੌਰ ਦੀ ਪ੍ਰਸਿੱਧ ਗਾਇਕਾ ਮੋਰਾਂ ਬਾਰੇ ਇਹ ਲੋਕਗੀਤ ਅਜੇ ਵੀ ਸਾਂਭੀ ਬੈਠੇ ਹਨ। ਕੁਝ ਕੁ ਅਖੀਰਲੀ ਪੰਗਤੀ ਦਾ ਪਾਠ ਇਉਂ ਵੀ ਕਰਦੇ ਹਨ-

ਗੋਰੀ ਰਾਤ ਦਿਆਂ ਚੋਰਾਂ।

ਕੇਵਲ ਮੋਰਾਂ ਦੀ ਕਿਉਂ, ਕੰਵਲ ਸਾਨੂੰ ਮੋਰਾਂ ਦੀ ਪੂਰੀ ਬੰਸਾਵਲੀ ਨਾਲ ਵਾਕਫ ਕਰਵਾ ਦਿੰਦਾ ਹੈ। ਦੱਸਦਾ ਹੈ ਕਿ ਮੁਮਤਾਜ਼ ਬੇਗਮ ਉਰਫ ਮੰਮੋ ਸਿੱਖ ਰਾਜ ਦੀ ਗਾਇਕਾ ਮੋਰਾਂ ਦੀ ਪੜਪੋਤੀ ਸੀ ਜਿਸਨੇ ਇੰਦੌਰ ਰਿਆਸਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ।

ਯੇਹ ਚਰਾਗ ਜਲ ਰਹੇ ਹੈਂ ਯੇਹ ਚਰਾਗ ਭੀ ਬੁਝਾ ਦੇ।

ਮੇਰੇ ਔਰ ਹੈਂ ਇਰਾਦੇ ਮੇਰੇ ਔਰ ਹੈਂ ਇਰਾਦੇ।।

ਸ਼ੁੱਧ ਖਿਆਲ ਜਾਂ ਠੁਮਰੀ ਗਾਉਣ ਪਿੱਛੋਂ ਉਹ ਕਦੀ ਇਹੋ ਜਿਹੀ ਹਲਕੀ ਫੁਲਕੀ ਚੀਜ਼ ਪੇਸ਼ ਕਰਦੀ ਤਾਂ ਰੰਗ ਬੰਨ੍ਹ ਦਿੰਦੀ। ਜੀਂਦੇ ਤੜਫ ਅਤੇ ਮੁਰਦੇ ਫੜਕ ਉੱਠਦੇ ਸਨ। ਅਜੇ ਚੜ੍ਹਦੀ ਉਮਰ ਸੀ ਕਿ ਨਵਾਬ ਇੰਦੌਰ ਉਸ ਤੇ ਫਿਦਾ ਹੋ ਗਿਆ। ਮਹਿਲ ਵਿਚ ਲੈ ਆਇਆ। ਇੰਗਲੈਂਡ ਦੀ ਸੈਰ ਕਰਵਾਈ। ਨਵਾਬ ਤੋਂ ਕਿਸੇ ਨੇ ਕੰਮ ਲੈਣਾ ਹੁੰਦਾ ਪਹਿਲਾ ਮੁਮਤਾਜ ਨੂੰ ਨਜ਼ਰਾਨੇ ਦਿੰਦਾ। ਬੇਸ਼ਕ ਲੱਖਾਂ ਵਿਚ ਖੇਡਦੀ ਸੀ ਪਰ ਉਸ ਦਾ ਦਿਲ ਉਕਤਾ ਗਿਆ। ਮਾਂ ਧੀ ਨੇ ਹਜ਼ਰਤ ਨਿਜ਼ਾਮੁੱਦੀਨ ਔਲੀਆ ਦੀ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਆਗਿਆ ਮੰਗੀ॥. ਰੇਲ ਗੱਡੀ ਦੇ ਸ਼ਾਹੀ ਡੱਬੇ ਵਿਚ ਨੌਕਰ ਚਾਕਰ ਅਤੇ ਸੁਰੱਖਿਆ ਮੁਲਾਜ਼ਮ ਸਨ। ਮਿਥੀ ਸਕੀਮ ਅਨੁਸਾਰ ਦਰਗਾਹ ਤੋਂ ਗਾਇਬ ਹੋ ਕੇ ਬੰਬਈ ਚਲੀਆਂ ਗਈਆਂ। ਨਵਾਬ ਨੇ ਸਾਰੇ ਮੁਲਾਜ਼ਮ ਕੈਦ ਵਿਚ ਸੁੱਟ ਦਿੱਤੇ ਤੇ ਪੁਲਸ ਅਫਸਰਾਂ ਦੀ ਡਿਊਟੀ ਮੁਮਤਾਜ ਨੂੰ ਲੱਭ ਕੇ ਲਿਆਉਣ ਦੀ ਲਾਈ।

ਮੁਮਤਾਜ ਉੱਪਰ ਬੰਬਈ ਦਾ ਮੇਅਰ ਫਿਦਾ ਹੋ ਗਿਆ ਜਿਸਦੀ ਜਾਇਦਾਦ 42 ਲੱਖ ਸੀ। ਇਕ ਲੱਖ ਮੁਮਤਾਜ ਦੇ ਨਾਮ ਕਰਵਾ ਦਿੱਤਾ। ਹਰ ਰੋਜ਼ ਮੁਮਤਾਜ ਨਾਲ ਹੈਂਗਿੰਗ ਗਾਰਡਨ ਦੀ ਸੈਰ ਕਰਨ ਜਾਂਦਾ। ਇੰਦੋਰ ਦਾ ਡੀ.ਆਈ.ਜੀ ਅਤੇ ਆਈ.ਜੀ. ਆਪਣੀਆਂ ਕਾਰਾਂ ਸਮੇਤ ਮੌਕੇ ਦੀ ਤਲਾਸ਼ ਵਿਚ ਰਹਿੰਦੇ ਕਿ ਬੰਬਈ ਵਿੱਚੋਂ ਮੁਮਤਾਜ ਨੂੰ ਚੁੱਕ ਕੇ ਇੰਦੌਰ ਪੇਸ਼ ਕਰਨਾ ਹੈ, ਭਾਰੀ ਮਾਨ ਸਨਮਾਨ ਮਿਲਣਗੇ। ਮੇਅਰ ਕਾਰ ਵਿਚ ਬਾਗ ਵਲ ਆਇਆ ਤਾਂ ਨਵਾਬ ਦੇ ਬੰਦਿਆਂ ਨੇ ਕਾਰ ਰੋਕ ਲਈ ਤੇ ਜਬਰਦਸਤੀ ਕਰਨ ਲੱਗੇ। ਮੇਅਰ ਨੇ ਆਪਣਾ ਪਸਤੌਲ ਕੱਢਿਆ ਤੇ ਫਾਇਰ ਕਰ ਦਿੱਤਾ। ਨਵਾਬ ਦੇ ਸਟਾਫ ਨੇ ਮੇਅਰ ਦੇ ਗੋਲੀ ਦਾਗ ਦਿੱਤੀ ਜੋ ਥਾਏਂ ਢੇਰ ਹੋ ਗਿਆ। ਮੁਮਤਾਜ ਨੂੰ ਕਾਰ ਵਿਚ ਬਿਠਾ ਕੇ ਫਰਾਰ ਹੋਣ ਲੱਗੇ ਸਨ ਕਿ ਦੋ ਅੰਗਰੇਜ਼ ਫੌਜੀ ਅਫਸਰ ਆ ਨਿਕਲੇ ਤੇ ਮੁਲਜ਼ਮਾਂ ਨੂੰ ਫੜ ਲਿਆ। ਇਸ ਕੇਸ ਦੀ ਚਰਚਾ ਦੇਸ ਅਤੇ ਵਿਦੇਸਾਂ ਵਿਚ ਹੋਈ। ਮੇਅਰ ਦੇ ਪਰਿਵਾਰ ਨੇ ਇਕ ਲੱਖ ਰੁਪਇਆ ਦੇ ਕੇ ਮੁਹੰਮਦ ਅਲੀ ਜਿਨਾਹ ਨੂੰ ਵਕੀਲ ਕੀਤਾ। ਰਿਆਸਤੀ ਗੁੰਡਿਆਂ ਨੂੰ ਫਾਂਸੀ ਦੀ ਸਜ਼ਾ ਹੋਈ। ਬਰਤਾਨੀਆਂ ਨੇ ਨਵਾਬ ਨੂੰ ਗੱਦੀਓਂ ਉਤਾਰ ਦਿੱਤਾ।

ਬਲਬੀਰ ਸਿੰਘ ਕੰਵਲ ਦੀਆਂ ਲਿਖਤਾਂ:

- ਭਾਰਤ ਦੇ ਪਹਿਲਵਾਨ (1635-1987)

- ਪੰਜਾਬ ਦੇ ਸ਼ਹਿਰ

- ਗੀਤ ਮੇਰੇ, ਸਾਜ਼ ਤੇਰੇ (ਕਵਿਤਾ)

- ਪੰਜਾਬ ਕਬੱਡੀ ਦਾ ਇਤਿਹਾਸ

- ਇੰਟਰਨੈਸ਼ਨਲ ਪੰਜਾਬੀ ਸਾਹਿਤ

- ਆਲਮੀ ਕਬੱਡੀ ਦਾ ਇਤਿਹਾਸ

- ਪੰਜਾਬ ਦੇ ਸੰਗੀਤ ਘਰਾਣੇ ਤੇ ਕਲਾਕਾਰ (ਛਪਣ ਹਿਤ)

- ਭਾਰਤੀ ਸੰਗੀਤ ਪਰੰਪਰਾ ਅਤੇ ਪੰਜਾਬ ਦੇ ਸੰਗੀਤ ਘਰਾਣੇ (ਛਪਣ ਹਿਤ)

- Sikh Strongmen Over the Years.

- Gama: The Lion of the Ganges.

- Life Story of a Champion Wrestlers of the World 1882-1960 (in press).

*****

(336)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author