“ਡਾ. ਅੰਬੇਡਕਰ ਨੇ ਅਕਾਲੀਆਂ ਨੂੰ ਕਿਹਾ- ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ...”
(3 ਮਈ 2019)
ਵਕਤ ਵਿਹਾਅ ਜਾਣ ਬਾਦ ਸਿੱਖਾਂ ਨੂੰ 1947 ਤੋਂ ਪਿੱਛੋਂ ਪੰਜਾਬੀ ਸੂਬਾ ਬਣਾਉਣ ਦਾ ਫੁਰਨਾ ਫੁਰਿਆ। ਵਾਸਤਵ ਵਿੱਚ ਉਨ੍ਹਾਂ ਨੂੰ ਇਹ ਫੁਰਨਾ ਵੀ ਨਹੀਂ ਸੀ ਫੁਰਿਆ, ਉਹ ਤਾਂ ਸਿੱਖ ਹੋਮਲੈਂਡ ਦਾ ਮੁੱਦਾ ਉਠਾ ਰਹੇ ਸਨ ਕਿ ਡਾ. ਅੰਬੇਡਕਰ ਨੇ ਅਕਾਲੀਆਂ ਨੂੰ ਕਿਹਾ- ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ਹੁਣ ਸਿੱਖ ਹੋਮਲੈਂਡ ਦੀ ਮੰਗ ਗੈਰਸੰਵਿਧਾਨਕ ਐਲਾਨ ਕੇ ਸਰਕਾਰ ਗ੍ਰਿਫਤਾਰੀਆਂ ਸ਼ੁਰੂ ਕਰ ਦਏਗੀ। ਸੰਵਿਧਾਨ ਵਿੱਚ ਭਾਸ਼ਾ-ਆਧਾਰਿਤ ਸੂਬਿਆਂ ਦਾ ਗਠਬੰਧਨ ਕਰਨ ਦੀ ਵਿਵਸਥਾ ਕਰ ਦਿੱਤੀ ਗਈ ਹੈ। ਤੁਸੀਂ ਪੰਜਾਬੀ ਸੂਬਾ ਮੰਗੋ ਜੋ ਵਾਸਤਵ ਵਿੱਚ ਸਿੱਖ ਬਹੁਗਿਣਤੀ ਦਾ ਪ੍ਰਾਂਤ ਹੋਵੇਗਾ। ਉੱਥੇ ਤੁਹਾਡੀਆਂ ਰਾਜਨੀਤਕ ਇੱਛਾਵਾਂ ਦੀ ਅੰਸ਼ਿਕ ਪੂਰਤੀ ਸੰਭਵ ਹੋ ਸਕੇਗੀ।
ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਵਾਸਤੇ ਮੋਰਚਾ ਲਾ ਦਿੱਤਾ। ਇਸ ਮੋਰਚੇ ਨੇ ਕਈ ਪੜਾਅ ਤੈਅ ਕੀਤੇ ਜਿਸ ਉੱਪਰ ਕਿਤਾਬਾਂ ਲਿਖੀਆਂ ਮਿਲਦੀਆਂ ਹਨ। ਵੱਡੇ ਪੰਜਾਬ ਦਾ ਮੁੱਖ-ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਕੁਸ਼ਲ ਪ੍ਰਸ਼ਾਸਕ ਅਤੇ ਦਾਉ ਪੇਚਾਂ ਦਾ ਮਾਹਿਰ ਸੀ। ਉਸ ਨੇ ਪੰਜਾਬੀ ਸੂਬੇ ਦੀ ਮੰਗ ਪ੍ਰਤੀ ਵਧਦੀ ਹੋਈ ਹਰਮਨਪਿਆਰਤਾ ਵਿੱਚ ਚਿੱਬ ਪਾਉਣ ਵਾਸਤੇ ਇੱਕ ਵਿਉਂਤ ਘੜੀ। ਨਾਅਰਾ ਦਿੱਤਾ- ਪੰਜਾਬੀਆਂ ਨੂੰ ਕਿਸੇ ਹੋਰ ਕੱਟੇ-ਵੱਢੇ ਨਿੱਕੇ ਪੰਜਾਬੀ ਸੂਬੇ ਦੀ ਲੋੜ ਨਹੀਂ। ਪੰਜਾਬੀਆਂ ਨੂੰ ਕਿਸੇ ਚੀਜ਼ ਦੀ ਇਸ ਵਕਤ ਲੋੜ ਹੈ ਤਾਂ ਉਹ ਹੈ ਇੱਕ ਅਜਿਹੀ ਯੂਨੀਵਰਸਿਟੀ ਦੀ ਸਥਾਪਨਾ ਜਿਹੜੀ ਪੰਜਾਬ ਦੇ ਵਿਰਸੇ ਨੂੰ ਸੰਭਾਲੇ, ਪੰਜਾਬੀ ਭਾਸ਼ਾ, ਪੰਜਾਬ ਦਾ ਇਤਿਹਾਸ, ਪੰਜਾਬ ਦਾ ਸਭਿਆਚਾਰ ਵਿਕਸਿਤ ਕਰੇ। ਪ੍ਰਧਾਨ ਮੰਤਰੀ ਪੰ. ਜਵਾਹਰਲਾਲ ਨਹਿਰੂ ਸਹਿਮਤ ਹੋ ਗਏ।
ਮਕਸਦ ਦੀ ਪੂਰਤੀ ਵਾਸਤੇ ਸਰਚ ਕਮੇਟੀ ਬਣੀ ਜਿਸਦੇ ਚੇਅਰਮੈਨ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਸਕੱਤਰ ਪ੍ਰੋ. ਹਰਬੰਸ ਸਿੰਘ ਸਥਾਪਿਤ ਹੋਏ। ਮਹਾਰਾਜੇ ਨੇ ਯੂਨੀਵਰਸਿਟੀ ਲਈ ਪਟਿਆਲਾ ਸ਼ਹਿਰ ਚੁਣਿਆ, ਪਟਿਆਲੇ ਦੀ ਉਹ ਜ਼ਮੀਨ ਚੁਣੀ ਜਿਹੜੀ ਖੇਤੀ ਲਈ ਉਸ ਸਮੇਂ ਸਭ ਤੋਂ ਨਿਕੰਮੀ ਸੀ। ਸਾਲ ਵਿੱਚ ਇੱਕ ਫਸਲ ਹੋਇਆ ਕਰਦੀ। ਆਖਰ 1962 ਵਿੱਚ ਨੀਂਹ ਪੱਥਰ ਰੱਖਿਆ ਗਿਆ। ਜਿਨ੍ਹਾਂ ਘਰਾਂ ਦੀ ਜ਼ਮੀਨ ਐਕੁਆਇਰ ਹੋਈ, ਮੁਆਵਜ਼ੇ ਤੋਂ ਇਲਾਵਾ ਪ੍ਰਤੀ ਪਰਿਵਾਰ ਇੱਕ ਜੀਅ ਨੂੰ ਪੱਕੀ ਨੌਕਰੀ ਦਿੱਤੀ। ਅਨਪੜ੍ਹ ਹੈ ਤਾਂ ਸੇਵਾਦਾਰ, ਸੁਰੱਖਿਆ ਕਰਮਚਾਰੀ ਜਾਂ ਮਾਲੀ, ਦਸਵੀਂ ਪਾਸ ਨੂੰ ਕਲਰਕ ਰੱਖਿਆ। ਸੈਫਦੀਪੁਰ ਅਤੇ ਸ਼ੇਖਪੁਰੇ ਪਿੰਡਾਂ ਦੇ ਬੱਚੇ ਮੁਲਾਜ਼ਮ ਹੋਏ। ਪਹਿਲੋਂ ਪਹਿਲ ਕਲਾਸਾਂ ਮਹਿੰਦਰਾ ਕਾਲਜ ਅਤੇ ਬਾਰਾਂਦਰੀ ਦੀਆਂ ਇਮਾਰਤਾਂ ਵਿੱਚ ਚਾਲੂ ਹੋਈਆਂ। ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਵੀ ਦੇਖੀ, ਸ਼ਾਨਦਾਰ! ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬੀ ਦੀ ਐਮ.ਏ. ਵਿੱਚ ਦਾਖਲਾ ਲਿਆ, ਉਨ੍ਹਾਂ ਦੇ ਸਾਰੇ ਪ੍ਰੋਫੈਸਰ ਉਹ ਸਨ ਜਿਨ੍ਹਾਂ ਵਿੱਚੋਂ ਕਿਸੇ ਨੇ ਪੰਜਾਬੀ ਦੀ ਐਮ.ਏ. ਨਹੀਂ ਕੀਤੀ ਹੋਈ ਸੀ।
ਪੰਜਾਬੀ ਯੂਨੀਵਰਸਿਟੀ ਤਾਂ ਬਣ ਗਈ ਪਰ ਕੈਰੋਂ ਸਾਹਿਬ ਦੀ ਇੱਛਾ ਅਨੁਸਾਰ ਇਸ ਸਦਕਾ ਪੰਜਾਬੀ ਸੂਬੇ ਦਾ ਮੋਰਚਾ ਮੱਠਾ ਨਹੀਂ ਪਿਆ। ਸਤਾਈ ਮਈ 1964 ਨੂੰ ਪੰ. ਜਵਾਹਰਲਾਲ ਦਾ ਦੇਹਾਂਤ ਹੋ ਗਿਆ। ਅਕਾਲੀ ਦਲ ਦੀ ਵਾਗਡੋਰ ਮਾਸਟਰ ਤਾਰਾ ਸਿੰਘ ਹੱਥੋਂ ਨਿਕਲ ਕੇ ਸੰਤ ਫਤਿਹ ਸਿੰਘ ਪਾਸ ਆ ਗਈ। ਪਾਕਿਸਤਾਨ ਨੇ 1965 ਵਿੱਚ ਭਾਰਤ ਉੱਪਰ ਹਮਲਾ ਕਰ ਦਿੱਤਾ। ਸਾਰੇ ਲੀਡਰਾਂ, ਲਾਲ ਬਹਾਦਰ ਸ਼ਾਸਤ੍ਰੀ, ਮ. ਯਾਦਵਿੰਦਰ ਸਿੰਘ, ਸ. ਸੁਰਜੀਤ ਸਿੰਘ ਮਜੀਠੀਆ ਆਦਿਕ ਨੇ ਮੋਰਚਾ ਕਮਾਂਡਰ ਸੰਤ ਫਤਿਹ ਸਿੰਘ ਪਾਸ ਅਖਬਾਰਾਂ ਰਾਹੀਂ ਅਪੀਲਾਂ ਕੀਤੀਆਂ- ਤੁਸੀਂ ਜੰਗ ਦੌਰਾਨ ਦੇਸ ਦੀ ਸੁਰੱਖਿਆ ਹਿਤ ਮੋਰਚਾ ਵਾਪਸ ਲੈਕੇ ਸਭ ਪੰਜਾਬੀਆਂ ਅੱਗੇ ਅਪੀਲ ਕਰੋ ਕਿ ਫੌਜਾਂ ਦੀ ਮਦਦ ਕਰਨ। ਜੰਗ ਜਿੱਤ ਕੇ ਘਰੋਗੀ ਮਸਲੇ ਵਿਚਾਰ ਲਵਾਂਗੇ। ਸੰਤ ਫਤਿਹ ਸਿੰਘ ਨੇ ਕਿਹਾ- ਸਾਨੂੰ ਕੋਈ ਠੋਸ ਭਰੋਸਾ ਤਾਂ ਮਿਲੇ। ਭਰੋਸਾ ਕਾਇਮ ਕਰਨ ਹਿਤ ਪਾਰਲੀਮੈਂਟਰੀ ਕਮੇਟੀ ਬਣਾ ਦਿੱਤੀ ਕਿ ਪੰਜਾਬ ਮਸਲੇ ਦਾ ਹੱਲ ਲੱਭਿਆ ਜਾਵੇ। ਕਮੇਟੀ ਚੇਅਰਮੈਨ ਸਾਂਸਦ ਸ. ਹੁਕਮ ਸਿੰਘ ਥਾਪੇ ਗਏ। ਮੋਰਚਾ ਮੁਲਤਵੀ ਕਰ ਦਿੱਤਾ।
ਤਾਸ਼ਕੰਤ ਸਮਝੌਤੇ ਉੱਪਰ ਹਸਤਾਖਰ ਕਰਨ ਪਿੱਛੋਂ ਸ਼੍ਰੀ ਲਾਲ ਬਹਾਦਰ ਦਾ ਰੂਸ ਵਿੱਚ ਦੇਹਾਂਤ ਹੋ ਗਿਆ ਜਿਸ ਬਾਰੇ ਬੜੀਆਂ ਅਫਵਾਹਾਂ ਉਡੀਆਂ। ਇੰਦਰਾ ਗਾਂਧੀ ਪਾਸ ਹਕੂਮਤ ਆ ਗਈ। ਉਸ ਨੂੰ ਸੂਹੀਆ ਵਿਭਾਗ ਵਲੋਂ ਖਬਰ ਮਿਲੀ ਕਿ ਹੁਕਮ ਸਿੰਘ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਵਿੱਚ ਰਿਪੋਰਟ ਤਿਆਰ ਕਰ ਲਈ ਹੈ। ਹੁਕਮ ਸਿੰਘ ਪਾਸ ਸੁਨੇਹਾ ਭੇਜਿਆ ਗਿਆ ਕਿ ਪ੍ਰਧਾਨ ਮੰਤਰੀ ਜੀ ਨੇ ਰਿਪੋਰਟ ਸਮੇਤ ਹਾਜ਼ਰ ਹੋਣ ਲਈ ਕਿਹਾ ਹੈ। ਹੁਕਮ ਸਿੰਘ ਨੇ ਕਿਹਾ- ਪਾਰਲੀਮੈਂਟ ਨੇ ਮੈਂਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ, ਪ੍ਰਧਾਨ ਮੰਤਰੀ ਜੀ ਨੇ ਨਹੀਂ। ਮੈਂ ਪਾਰਲੀਮੈਂਟ ਵਿੱਚ ਰਿਪੋਰਟ ਪੇਸ਼ ਕਰਾਂਗਾ। ਸਾਂਸਦ ਵਿੱਚ ਰਿਪੋਰਟ ਪੇਸ਼ ਹੋਈ ਜਿੱਥੇ ਮਨਜ਼ੂਰ ਕਰ ਲਈ ਗਈ। ਇਉਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆ ਗਿਆ। ਸ. ਪ੍ਰਤਾਪ ਸਿੰਘ ਕੈਰੋਂ ਨਾ ਪੰਜਾਬੀ ਯੂਨੀਵਰਸਿਟੀ ਵਧਦੀ ਫੁਲਦੀ ਦੇਖ ਸਕੇ, ਨਾ ਪੰਜਾਬੀ ਸੂਬਾ, 6 ਫਰਵਰੀ 1965 ਦੇ ਦਿਨ ਉਨ੍ਹਾਂ ਦਾ ਕਤਲ ਹੋ ਗਿਆ।
ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਿਆ ਅਤੇ ਇੱਥੇ ਪੜ੍ਹਾਉਣ ਲੱਗ ਪਿਆ। ਰਹਿਣ ਵਾਸਤੇ ਅੰਦਰ ਕੈਂਪਸ ਵਿੱਚ ਮਕਾਨ ਮਿਲ ਗਿਆ। ਮਾਮਾ ਜੀ ਮਿਲਣ ਆ ਗਏ। ਨਾਨਕੇ ਹਰਿਆਣਾ ਵਿੱਚ ਹਨ। ਗੱਲਾਂਬਾਤਾਂ ਹੋਈਆਂ, ਖਾਣਾ ਖਾਧਾ, ਸੌਣ ਲਈ ਮਾਮਾ ਜੀ ਨੂੰ ਚੁਬਾਰੇ ਵਿੱਚ ਬਿਸਤਰ ਤੇ ਛੱਡ ਕੇ ਹੇਠਾਂ ਉੱਤਰਨ ਲਈ ਉੱਠਿਆ ਤਾਂ ਉਹ ਬੋਲੇ, “ਗੁਰੂ ਮਹਾਰਾਜ ਕਾ ਨਾਮ ਲੀਆ ਕਰੈਂ ਤੌਂਹ?”
ਮੈਂ ਕਿਹਾ, “ਹਾਂ।”
ਕੁਝ ਗੱਲਾਂ ਹੋਰ ਹੋਈਆਂ। ਫਿਰ ਮਾਮਾ ਜੀ ਨੇ ਪੁੱਛਿਆ, “ਪਾਠ ਕਰਿਆ ਕਰੈਂ?”
ਮੈਂ ਹਾਂ ਕਹਿ ਕੇ ਪੁੱਛਿਆ, “ਕੋਈ ਸ਼ਿਕਾਇਤ ਮਿਲੀ ਮੇਰੇ ਖਿਲਾਫ ਜੋ ਦੂਜੀ ਵਾਰ ਫਿਰ ਪੁੱਛਿਆ?”
ਕਹਿੰਦੇ, “ਨਹੀਂ ਸਕੈਤ ਸਕੂਤ ਕੋਈ ਨੀ, ਏਕ ਬਾਤ ਯਾਦ ਆਗੀ ਥੀ ਪੁਰਾਣੀ, ਤਾਂ ਪੁੱਛੂੰ ਤਾ।”
“ਕਿਹੜੀ ਗੱਲ?” ਮੈਂ ਪੁੱਛਿਆ। ਕਹਿੰਦੇ ,ਥਾਰੀ ਯੋ ਯੂਨੀਵਰਸਟੀ ਬਣ ਰਿਅ੍ਹਾ ਕਰੈ ਤੀ। ਬੱਸ ਮੈ ਬੈਠੇ ਪੁੱਛਿਆ ਕਰਾਂ ਤੇ - ਕੇ ਬਣ ਰਿਆ ਯੋ? ਬਤਾਇਆ ਕਰੈਂ ਤੇ - ਤਾਲੀਮ ਕਾ ਮਹਿਕਮਾ ਬਣ ਰਿਆ ਬਹੁਤ ਬੜਾ। ਈਬ ਉਰੇ ਈ ਮ੍ਹਾਰੇ ਛੋਰੀਆਂ ਛੋਰੇ ਵਲੈਤ ਪਾਸ ਕਰ ਲੀਆ ਕਰੈਂਗੇ। ਮਨ ਮੈ ਆਇਆ ਕਰੈ ਤਾ - ਦੇਖਾਂਗੇ ਕਬੀ, ਪਰ ਭਾਈ ਕੌਣ ਬੱਸ ਮੈਂ ਤੈ ਉਤਰੈ, ਫਿਰ ਦੇਖੈ। ਏਕ ਦਿਨ ਮੈ ਘੋੜੇ ਪਰ ਸਵਾਰ ਉਰੈ ਤੈ ਲੰਘ ਰਿਆ ਤਾ, ਲਗਾਮ ਖੈਂਚ ਕੇ ਗੇਟ ਤਰਫ ਤੁਰ ਪੜ੍ਹਿਆ। ਥਾਰਾ ਸਿਪਾਹੀ ਖੜਿਆ ਤਾ, ਉਸ ਨੇ ਲਗਾਮ ਪਕੜ ਕੈ ਪੁੱਛਿਆ - ਕਿਸ ਨੂੰ ਮਿਲਣੈ ਬਾਬਾ? ਮੈਂ ਕਹਿਆ - ਕਿਸੈ ਨੂੰ ਨੀਂ। ਫਿਰ ਪੁਛੈ - ਕੇ ਕਾਮ ਐ ਬਾਬਾ ਅੰਦਰ? ਮੈ ਕਹਿਆ- ਕੋਈ ਕਾਮ ਨੀਂ। ਫਿਰ ਕਹਿਆ- ਕਿਸਾ ਜਾਮੈ ਥਾ ਫਿਰ ਅੰਦਰ? ਮੈ ਕਹਿਆ- ਦੇਖੂੰ ਤਾ ਕੇ ਐ ਯੋ ਜੋ ਅੰਦਰ ਬਣ ਰਿਆ। ਉਸ ਨੈ ਕਹਿਆ- ਨਾ ਬਾਬਾ ਨਿਊਂ ਦੇਖਣ ਕਾ ਹੁਕਮ ਨੀਂ। ਠੀਕ ਐ ਭਾਈ, ਕੋਈ ਲੜਾਈ ਥੋੜ੍ਹੀ ਐ ਤੇਰੇ ਗੈਲ, ਨਹੀਂ ਹੁਕਮ ਤੋਂ ਨਾ ਸਹੀ। ਔ ਬਾਤ ਯਾਦ ਆਗੀ ਥੀ। ਜਿਸ ਨੂੰ ਦੇਖਣ ਕਾ ਹੁਕਮ ਨੀਂ ਥਾ, ਉਸ ਮੈ ਰਹਿਣ ਕਾ ਹੁਕਮ ਮਿਲ ਗਯਾ। ਯੋ ਗੁਰੂ ਮਹਾਰਾਜ ਨੇ ਕਰਿਆ ਨਾ। ਆਪਣੀ ਕੇ ਤਾਕਤ ਥੀ? ਤਾਂ ਕਹਿਆ ਪਾਠ ਕਰਿਆ ਕਰ। ਉਸਕਾ ਸ਼ੁਕਰਾਨਾ ਬਾਰੰਬਾਰ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1570)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)