HarpalSPannu7ਬਿਜਲੀ ਇਉਂ ਕੜਕਣ ਲੱਗੀ ਜਿਵੇਂ ਮੰਦਰ ਉੱਪਰ ਡਿਗੀ ਕਿ ਡਿਗੀ ...
(ਜਨਵਰੀ 27, 2016)

 

MoYan1ਮੋ ਯਾਂ ਨੂੰ ਉੱਤਮ ਕਹਾਣੀਕਾਰ ਮੰਨਦਿਆਂ ਸਵੀਡਿਸ਼ ਅਕਾਦਮੀ ਨੇ ਨੋਬਲ ਇਨਾਮ ਨਾਲ ਸਨਮਾਨਿਆ। ਦਸੰਬਰ 7, 2012 ਨੂੰ ਸਟਾਕਹੋਮ (Stockholm) ਵਿਚ ਸ਼ੁਕਰਾਨੇ ਵਜੋਂ ਤਕਰੀਰ ਕਰਦਿਆਂ ਜੋ ਸਿੱਧੇ ਸਾਦੇ ਲਫਜ਼ ਕਹੇ, ਮੇਰਾ ਦਿਲ ਕੀਤਾ ਪੰਜਾਬੀ ਪਾਠਕਾਂ ਤਕ ਪਹੁੰਚਾ ਦਿਆਂ। ਨੋਬਲ ਫਾਊਂਡੇਸ਼ਨ ਨੇ ਇਸ ਨੂੰ ਅਨੁਵਾਦ ਕਰਨ ਦੀ ਪ੍ਰਵਾਨਗੀ ਦਿੱਤੀ, ਉਸ ਦਾ ਸ਼ੁਕਰਾਨਾ।

''ਸਵੀਡਿਸ਼ ਅਕਾਦਮੀ ਦੇ ਮਾਣਯੋਗ ਸੱਜਣ ਸੱਜਣੀਓਂ, ਇੰਟਰਨੈੱਟ ਨੇ ਕੰਮ ਏਨਾ ਸੁਖਾਲਾ ਕਰ ਦਿੱਤਾ, ਸ਼ਾਇਦ ਤੁਸੀਂ ਜਾਣ ਲਿਆ ਹੋਵੇਗਾ ਮੇਰਾ ਗੌਮੀ ਪਿੰਡ ਕਿੱਥੇ ਹੈ। ਤੁਸੀਂ ਮੇਰਾ 90 ਸਾਲ ਦਾ ਪਿਤਾ, ਭਰਾ, ਭੈਣ, ਪਤਨੀ, ਧੀ ਤੇ ਸਵਾ ਸਾਲ ਦੀ ਦੋਹਤੀ ਦੀਆਂ ਫੋਟੋਆਂ ਵੀ ਦੇਖੀਆਂ ਹੋਣਗੀਆਂ। ਇਕ ਜੀਅ ਜਿਹੜਾ ਗੈਰਹਾਜ਼ਰ ਹੈ, ਮੇਰੀ ਮਾਂ ਹੈ।

ਮੈਨੂੰ ਇਨਾਮ ਮਿਲਿਆ ਜਾਣ ਕੇ ਸਾਰੇ ਖੁਸ਼ ਹੋਏ। ਮਾਂ ਇਸ ਵੇਲੇ ਨਹੀਂ ਰਹੀ, ਸੋ ਜਸ਼ਨ ਤੋਂ ਮਹਿਰੂਮ ਰਹੀ। 1922 ਵਿਚ ਜਨਮ ਅਤੇ 1994 ਵਿਚ ਮਾਂ ਦਾ ਦੇਹਾਂਤ ਹੋਇਆ। ਪਿੰਡ ਵਿਚ ਆੜੂਆਂ ਦੇ ਬਾਗ ਵਿਚ ਦਫਨਾ ਦਿੱਤੀ। ਪਿਛਲੇ ਸਾਲ ਪਤਾ ਲੱਗਾ, ਇੱਥੋਂ ਦੀ ਰੇਲ ਲਾਈਨ ਲੰਘੇਗੀ, ਸੋ ਆਪੋ ਆਪਣੇ ਮੁਰਦਿਆਂ ਦਾ ਕਿਧਰੇ ਹੋਰ ਬੰਦੋਬਸਤ ਕਰੋ। ਅਸੀਂ ਕਬਰ ਪੁੱਟੀ, ਵਿਚ ਕੁਝ ਨਹੀਂ ਸੀ ਬਚਿਆ, ਮਿੱਟੀ ਨਾਲ ਮਿੱਟੀ ਹੋ ਗਈ। ਅਸੀਂ ਥੋੜ੍ਹੀ ਕੁ ਮਿੱਟੀ ਇੱਥੋਂ ਕੱਢ ਕੇ ਦੂਰ ਟੋਆ ਪੁੱਟ ਕੇ ਦੱਬ ਦਿੱਤੀ। ਲਿਖਤਾਂ ਵਿਚ ਜਦੋਂ ਮੈਨੂੰ ਧਰਤੀ ਨਾਲ ਗੱਲਾਂ ਕਰਦਾ ਦੇਖੋ, ਸਮਝ ਜਾਣਾ ਮਾਂ ਨਾਲ ਗੱਲਾਂ ਕੀਤੀਆਂ।

ਮੈਂ ਸਾਰਿਆਂ ਤੋਂ ਛੋਟਾ ਸਾਂ। ਸਭ ਤੋਂ ਪਹਿਲੀ ਘਟਨਾ ਜਿਹੜੀ ਮੈਨੂੰ ਯਾਦ ਹੈ, ਪਾਣੀ ਭਰਨ ਗਿਆ ਤਾਂ ਮਟਕੀ ਟੁੱਟ ਗਈ। ਖਾਣਾ ਘੱਟ ਮਿਲਣ ਕਰਕੇ ਕਮਜੋਰੀ ਕਾਰਨ ਚੱਕਰ ਖਾ ਕੇ ਡਿਗ ਪਿਆ। ਮਾਂ ਮਾਰੇਗੀ, ਘੱਟੋ ਘੱਟ ਝਿੜਕੇਗੀ ਜਰੂਰ, ਮੈਂ ਡਰ ਕੇ ਬਾਜਰੇ ਦੇ ਛੌਰ ਵਿਚ ਲੁਕ ਗਿਆ, ਸਾਰਾ ਦਿਨ ਨਾ ਨਿਕਲਿਆ। ਸ਼ਾਮ ਪਈ, ਮਾਂ ਨੇ ਮੇਰਾ ਛੋਟਾ ਨਾਮ ਲੈ ਕੇ ਅਵਾਜਾਂ ਮਾਰੀਆਂ, ਸਹਿਮਿਆ ਹੋਇਆ ਬਾਹਰ ਨਿਕਲਿਆ ਤੇ ਨੀਵੀਂ ਪਾ ਕੇ ਮਾਰ ਖਾਣ ਲਈ ਤਿਆਰ ਹੋ ਗਿਆ। ਨਾ ਮਾਰਿਆ, ਨਾ ਝਿੜਕਿਆ, ਮੇਰਾ ਸਿਰ ਪਲੋਸਿਆ, ਹਉਕਾ ਲਿਆ ਬਸ।

ਗਰੀਬ ਬੰਦੇ ਅਕਸਰ ਕਣਕ ਦੀਆਂ ਅੱਧ ਪੱਕੀਆਂ ਬੱਲੀਆਂ ਮਾਲਕ ਦੇ ਖੇਤ ਵਿੱਚੋਂ ਚੋਰੀ ਕਰਕੇ ਹੋਲਾਂ ਭੁੰਨ ਕੇ ਖਾਂਦੇ। ਬਾਕੀਆਂ ਨਾਲ ਮਾਂ ਵੀ ਸੀਚੌਕੀਦਾਰ ਦੇਖ ਕੇ ਬਾਕੀ ਸਭ ਭੱਜ ਗਏ। ਡੁੱਡੇ ਪੈਰਾਂ ਕਾਰਨ ਦੌੜ ਨਾ ਸਕੀ। ਕਦਾਵਰ ਮੁਸ਼ਟੰਡੇ ਨੇ ਏਨਾ ਜੋਰ ਦੀ ਘਸੁੰਨ ਮਾਰਿਆ, ਮਾਂ ਦਾ ਬੁੱਲ੍ਹ ਫਟ ਗਿਆ, ਖੂਨ ਵਗਿਆ, ਮਾਂ ਦਾ ਲਾਚਾਰ ਮੂੰਹ ਦੇਖਿਆ।

ਮੁੱਦਤ ਬਾਦ ਮੈਂ ਅਤੇ ਮਾਂ ਬਾਜ਼ਾਰ ਗਏ, ਚੌਕੀਦਾਰ ਦਿਸਿਆ, ਵਾਲ ਸਫੈਦ ਹੋ ਗਏ ਸਨ। ਮੈਨੂੰ ਗੁੱਸਾ ਚੜ੍ਹ ਗਿਆ, ਮੈਂ ਉਸ ਵਲ ਜਾਣ ਲੱਗਾ ਤਾਂ ਮਾਂ ਨੇ ਮੇਰਾ ਹੱਥ ਫੜ ਲਿਆ, ਕਿਹਾ- ਇਹ ਉਹ ਆਦਮੀ ਨਹੀਂ ਪੁੱਤਰ, ਜਿਸਨੇ ਮੇਰੇ ਥੱਪੜ ਮਾਰਿਆ ਸੀ ਉਹ ਕੋਈ ਹੋਰ ਸੀ। ਹੁਣ ਮੈਂ ਵੀ ਤਾਂ ਕੋਈ ਹੋਰ ਆਂ।

ਪੂਰਨਮਾਸ਼ੀ ਦਾ ਤਿਉਹਾਰ ਮੇਰੀ ਯਾਦ ਵਿਚ ਸਾਫ ਪਿਆ ਹੈ। ਸਾਰਿਆਂ ਨੂੰ ਇਕ ਇਕ ਕਟੋਰਾ ਖੀਰ ਦਾ ਮਿਲਦਾ, ਆਮ ਦਿਨੀਂ ਉੱਬਲੇ ਆਲੂ ਖਾਂਦੇ। ਮੰਗਤਾ ਦਰਵਾਜੇ ਵਿਚ ਆ ਖਲੋਤਾ। ਮੈਂ ਆਲੂ ਦੇਣ ਗਿਆ ਤਾਂ ਮੰਗਤਾ ਗੁੱਸੇ ਨਾਲ ਬੋਲਿਆ- ਆਪ ਖੀਰ ਖਾਉ ਤੇ ਮੈਨੂੰ ਆਲੂ? ਮੈਂ ਕਿਹਾ- ਲਿਜਾਣੇ ਨੇ ਲੈ ਜਾ, ਨਹੀਂ ਦਫਾ ਹੋ। ਮਾਂ ਉੱਠੀ, ਜਿਹੜਾ ਆਪਣੇ ਖਾਣ ਲਈ ਰੱਖਿਆ ਸੀ ਉਸ ਕਟੋਰੇ ਵਿੱਚੋਂ ਅੱਧੀ ਖੀਰ ਮੰਗਤੇ ਦੇ ਕਟੋਰੇ ਵਿਚ ਪਾ ਦਿੱਤੀ।

ਭੁੱਖ, ਗਰੀਬੀ, ਫੇਫੜਿਆਂ ਦੀ ਬਿਮਾਰੀ ਕਾਰਨ ਮਾਂ ਕਮਜ਼ੋਰ ਹੋ ਗਈ ਸੀਪੰਦਰਾਂ ਸੋਲਾਂ ਸਾਲ ਦਾ ਹੋ ਗਿਆ ਸਾਂ, ਮੈਂ ਜਦੋਂ ਘਰ ਆਉਂਦਾ, ਸਭ ਤੋਂ ਪਹਿਲਾਂ ਮਾਂ ਨੂੰ ਵਾਜ ਮਾਰਦਾ। ਡਰ ਲੱਗਿਆ ਰਹਿੰਦਾ ਕਿਤੇ ਮਰ ਤਾਂ ਨਹੀਂ ਗਈ। ਇਕ ਸ਼ਾਮ ਘਰ ਆਇਆ, ਵਾਜਾਂ ਮਾਰੀਆਂ, ਦੋ ਤਿੰਨ ਥਾਂ ਦੌੜ ਕੇ ਗਿਆ, ਕਿਤੇ ਨਾ ਦਿਸੀ। ਉੱਚੀ ਉੱਚੀ ਰੋਣ ਲੱਗ ਗਿਆ। ਆਪਣੀ ਪਿੱਠ ਉੱਤੇ ਲੱਕੜਾਂ ਲੱਦੀ ਆਈ, ਲੱਕੜਾਂ ਸੁੱਟ ਕੇ ਮੈਨੂੰ ਜੱਫੀ ਵਿਚ ਲੈ ਕੇ ਕਿਹਾ, ਮੈਂ ਨੀਂ ਕਿਤੇ ਜਾਂਦੀ ਤੈਨੂੰ ਛੱਡ ਕੇ।

ਸਾਰੇ ਟੱਬਰ ਵਿੱਚੋਂ ਬਦਸ਼ਕਲ ਮੈਂ ਸਾਂ। ਸਾਰੇ ਜਣੇ ਮੇਰੇ ’ਤੇ ਹੱਸਦੇ। ਮਾਂ ਕਿਹਾ ਕਰਦੀ- ਕਿਉਂ? ਤੇਰੇ ਨੱਕ, ਕੰਨ, ਅੱਖਾਂ, ਲੱਤਾਂ, ਬਾਹਾਂ ਸਭ ਠੀਕ ਤਾਂ ਹਨ। ਚੰਗੇ ਕੰਮ ਕਰੇਂਗਾ, ਸਭ ਨੂੰ ਤੇਰੀ ਸ਼ਕਲ ਪਿਆਰੀ ਲੱਗੇਗੀ।

ਪੰਜਵੀਂ ਪਾਸ ਕਰਕੇ ਹਟ ਗਿਆ। ਅਗਲੇ ਡੰਗ ਖਾਣ ਨੂੰ ਕੁਝ ਮਿਲੇਗਾ ਪਤਾ ਨਹੀਂ, ਪਰ ਕਿਤਾਬ ਖਰੀਦਣ ਲਈ ਮਾਂ ਤੋਂ ਪੈਸੇ ਮੰਗਦਾ, ਨਾਂਹ ਨਾ ਕਰਦੀ। ਅਨਪੜ੍ਹ ਮਾਂ ਪੜ੍ਹੇ ਲਿਖਿਆਂ ਦਾ ਪੂਰਾ ਆਦਰ ਕਰਦੀ। ਜਦੋਂ ਮੈਂ  ਕਿਤਾਬ ਵਿਚ ਸਿਰ ਘਸੋਇਆ ਹੁੰਦਾ, ਮੈਨੂੰ ਕੰਮ ਕਰਨ ਲਈ ਅਵਾਜ ਨਾ ਮਾਰਦੀ। ਇਕ ਵਾਰ ਇਕ ਕਥਾਵਾਚਕ ਪਿੰਡ ਆਇਆ, ਅੱਖ ਬਚਾ ਕੇ ਮੈਂ ਵੀ ਚਲਾ ਗਿਆ। ਕਥਾ ਸੁਣਕੇ ਘਰ ਆਇਆ ਤਾਂ ਦੀਵੇ ਨੇੜੇ ਬੈਠੀ ਮਾਂ ਸਾਡੇ ਕੱਪੜਿਆਂ ਨੂੰ ਟਾਕੀਆਂ ਲਾ ਰਹੀ ਸੀ। ਜੋ ਸੁਣਕੇ ਆਇਆ, ਮਾਂ ਨੂੰ ਸਾਰਾ ਪਾਠ ਸੁਣਾ ਦਿੱਤਾ। ਜੋ ਸੁਣਦਾ, ਉਹ ਘਰ ਆ ਕੇ ਸੁਣਾਉਂਦਾ, ਮੈਨੂੰ ਕਹਾਣੀ ਸੁਣਾਉਣ ਦਾ ਤਰੀਕਾ ਆ ਗਿਆ। ਗਵਾਂਢੀ ਵੀ ਸੁਣਨ ਲੱਗ ਜਾਂਦੇ। ਮਾਂ ਖੁਸ਼ ਹੁੰਦੀ ਪਰ ਅਕਸਰ ਕਹਿੰਦੀ- ਕਹਾਣੀਆਂ ਰੋਟੀ ਨੀ ਦਿੰਦੀਆਂ

ਅਖਾਣ ਹੈ- ਦਰਿਆ ਦਾ ਵਹਿਣ ਬਦਲਾਉਣਾ ਸੌਖਾ, ਬੰਦੇ ਦਾ ਸੁਭਾਅ ਬਦਲਣਾ ਔਖਾ। ਮੇਰੇ ਨਾਮ ਮੋ ਯਾਂ ਦਾ ਅਰਥ ਹੈ- ਚੁੱਪ ਰਹਿ। ਮੇਰਾ ਨਾਮ ਮੇਰੇ ਸੁਭਾਅ ਦੇ ਐਨ ਉਲਟ ਹੈ। ਪੜ੍ਹਨੋ ਹਟਿਆ ਤਾਂ ਪਸ਼ੂ ਚਾਰਨ ਲੱਗਾ। ਕਹਾਣੀਆਂ ਵਿਚ ਸੁਣਿਆ ਸੀ ਜੰਗਲ ਵਿਚ ਲੂੰਬੜਾਂ ਹੁੰਦੀਆਂ ਨੇ ਜੋ ਰੂਪ ਵਟਾ ਕੇ ਪਰੀਆਂ ਬਣ ਜਾਂਦੀਆਂ ਨੇ। ਪਰੀਆਂ ਮੁੰਡਿਆਂ ਦੀਆਂ ਸਹੇਲੀਆਂ ਬਣ ਕੇ ਨਾਲ ਪਸ਼ੂ ਚਰਾਉਂਦੀਆਂ ਨੇ ਨਾਲੇ ਗੀਤ ਗਾਉਂਦੀਆਂ ਨੇ। ਇਕ ਦਿਨ ਜੰਗਲ ਕਿਨਾਰੇ ਪਸ਼ੂ ਚਾਰ ਰਿਹਾ ਸਾਂ ਕਿ ਭੱਜੀ ਜਾਂਦੀ ਲਾਲ ਗੁਸੈਲੀ ਲੂੰਬੜ ਮੇਰੇ ਉੱਪਰ ਦੀ ਛਾਲ ਮਾਰ ਕੇ ਲੰਘ ਗਈ, ਮੈਂ ਦੇਰ ਤਕ ਕੰਬਦਾ ਰਿਹਾ।

ਪਸ਼ੂ ਚਰਦੇ ਰਹਿੰਦੇ, ਦੂਰ ਤੱਕ ਫੈਲੇ ਘਾਹ ਅਤੇ ਨੀਲੇ ਆਕਾਸ਼ ਵੱਲ ਦੇਰ ਤਕ ਦੇਖਦਾ ਰਹਿੰਦਾ। ਮਨੁੱਖਾਂ ਦੀਆਂ ਨਹੀਂ, ਪਸ਼ੂਆਂ ਪੰਛੀਆਂ ਦੀਆਂ ਅਵਾਜ਼ਾਂ ਸੁਣਦਾ, ਪੰਛੀਆਂ ਦੇ ਬੋਲਾਂ ਦੀ ਨਕਲ ਕਰਦਾ ਰਹਿੰਦਾ। ਪੰਛੀਆਂ ਅਤੇ ਰੁੱਖਾਂ ਨਾਲ ਗੱਲਾਂ ਕਰਦਾ ਪਰ ਉਹ ਮੈਨੂੰ ਸੁਣਦੇ ਈ ਨਾ। ਜਦੋਂ ਮੇਰੇ ਨਾਵਲ ਛਪਣ ਲੱਗੇ ਤਾਂ ਪਾਠਕ, ਆਲੋਚਕ ਪੁੱਛਦੇ- ਅਜਿਹੇ ਵਚਿੱਤਰ ਨਜ਼ਾਰੇ ਤੈਨੂੰ ਕਿਵੇਂ ਸੁਝਦੇ ਨੇ? ਮੈਂ ਕੀ ਦੱਸਾਂ, ਹੱਸ ਪੈਨਾ।

ਸਕੂਲੋਂ ਹਟਿਆ ਤਾਂ ਜੀਵਨ ਦੀ ਕਿਤਾਬ ਨੂੰ ਪੜ੍ਹਨ ਲੱਗਾ। ਬਚਪਨ ਵਿਚ ਸੁਣਿਆ ਕਥਾਵਾਚਕ ਇਸ ਕਿਤਾਬ ਦਾ ਪਹਿਲਾ ਵਰਕਾ ਹੈ। ਕਹਾਣੀਆਂ ਸੁਣ ਕੇ ਸੁਣਾਉਣੀਆਂ ਮੇਰਾ ਨਿੱਤ ਦਿਨ ਦਾ ਕੰਮ ਸੀ, ਮੈਂ ਆਪਣੇ ਆਪ ਕਦੀ ਕਹਾਣੀਆਂ ਘੜ ਲਿਆ ਕਰਾਂਗਾ ਇਹ ਨਹੀਂ ਪਤਾ ਸੀ। ਮੰਨੋ, ਮੈਂ ਬਚਪਨ ਤੋਂ ਹੀ ਧਾਰਮਿਕ ਹਾਂ ਕਿਉਂਕਿ ਮੈਨੂੰ ਹਰੇਕ ਦਿਸਦੀ ਚੀਜ਼ ਵਿਚ ਰੂਹ ਦਿਸਦੀ ਤੇ ਮੈਨੂੰ ਲਗਦਾ ਚਮਤਕਾਰ ਹੋਇਆ ਕਰਦੇ ਹਨ। ਬਹੁਤ ਬੁੱਢੇ ਦਰਖ਼ਤ ਕੋਲੋਂ ਦੀ ਲੰਘਦਾ ਤਾਂ ਉਸ ਨੂੰ ਮੱਥਾ ਟੇਕ ਦਿੰਦਾ। ਪੰਛੀ ਨੂੰ ਦੇਖ ਕੇ ਸੋਚਦਾ- ਜਦੋਂ ਚਾਹੇ ਇਹ ਮਨੁੱਖ ਬਣ ਸਕਦੈ, ਅਜਨਬੀ ਨੂੰ ਦੇਖ ਕੇ ਸੋਚਦਾ- ਇਹ ਜਾਨਵਰ ਤੋਂ ਹੁਣੇ ਬੰਦਾ ਬਣਿਐਂ। ਰਾਤ ਦੇ ਹਨੇਰੇ ਵਿਚ ਮੇਰੀ ਕਲਪਣਾ ਮੈਨੂੰ ਡਰਾਉਣ ਲਗਦੀ ਤਾਂ ਮੈਂ ਉੱਚੀ ਉੱਚੀ ਗੀਤ ਗਾਉਣ ਲਗਦਾ। ਮੇਰੀ ਖਰ੍ਹਵੀ ਆਵਾਜ਼ ਲੋਕਾਂ ਨੂੰ ਬੁਰੀ ਲਗਦੀ।

21 ਸਾਲ ਦੀ ਉਮਰ ਤੱਕ ਪਿੰਡੋਂ ਬਾਹਰ ਨਹੀਂ ਗਿਆ। ਪਹਿਲੀ ਵਾਰ ਰੇਲ ’ਤੇ ਸਵਾਰ ਹੋ ਕੇ ਕੰਮ ਦੀ ਤਲਾਸ਼ ਵਿਚ ਕਿੰਦੋ ਸ਼ਹਿਰ ਗਿਆ, ਆਰਾ ਮਿੱਲ ਦੀਆਂ ਲੱਕੜਾਂ ਵਿਚ ਮੈਂ ਗੁੰਮ ਹੀ ਹੋ ਗਿਆ। ਪਿੰਡ ਆਇਆ, ਮਾਂ ਨੇ ਪੁੱਛਿਆ- ਸ਼ਹਿਰ ਵਿਚ ਕੀ ਕੀ ਦੇਖਿਆ? ਮੈਂ ਕਿਹਾ- ਲੱਕੜਾਂ ਦੇ ਪਹਾੜ।

ਫਰਵਰੀ 1976 ਵਿਚ ਫੌਜ ਵਿਚ ਭਰਤੀ ਹੋ ਗਿਆ। ਪਤਾ ਲੱਗਾ, ਦੂਰ ਉੱਤਰ ਵੱਲ ਜਾਣਾ ਪਏਗਾ। ਮਾਂ ਨੂੰ ਕਿਹਾ- ਕਿਤਾਬਾਂ ਬਿਨਾਂ ਮੇਰਾ ਸਮਾਂ ਨਹੀਂ ਲੰਘਣਾ। ਮਾਂ ਨੇ ਆਪਣਾ ਆਖਰੀ ਗਹਿਣਾ ਵੇਚ ਕੇ ਪੈਸੇ ਦਿੱਤੇ ਤਾਂ ਚਾਰ ਜਿਲਦਾਂ ਵਿਚ ਚੀਨ ਦਾ ਇਤਿਹਾਸ ਖਰੀਦ ਕੇ ਗੱਡੀ ਵਿਚ ਸਵਾਰ ਹੋ ਗਿਆ। ਜੇ ਕਿਤੇ ਚੀਨ ਆਪਣੇ ਦਰਵਾਜ਼ੇ ਬਾਹਰਲੇ ਦੇਸਾਂ ਵੱਲ ਨਾ ਖੋਲ੍ਹਦਾ, ਮੈਂ ਲੇਖਕ ਨਾ ਹੁੰਦਾ। ਮੈਂ ਵਿਦੇਸੀ ਲੇਖਕਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਮੈਂ ਪੰਜਵੀਂ ਪਾਸ ਅਵਾਰਾ ਛੋਕਰਾ ਅਨਪੜ੍ਹ ਨਹੀਂ। ਪਿੰਡ ਵਿਚ ਬਿਤਾਏ ਵੀਹ ਵਰ੍ਹੇ ਵੱਖਰੀ ਕਿਸਮ ਦੀ ਵਿੱਦਿਆ ਸੀ ਜਿਹੜੀ ਸਕੂਲੋਂ ਨਾ ਮਿਲਦੀ। ਮੈਂ ਸੋਚਿਆ ਕਰਦਾ ਜਿਹੜੇ ਲੋਕ ਮਹਾਨ ਹੁੰਦੇ ਨੇ, ਨੇਕ ਹੁੰਦੇ ਨੇ, ਬਸ ਉਨ੍ਹਾਂ ਦੀਆਂ ਕਹਾਣੀਆਂ ਹੋਇਆ ਕਰਦੀਆਂ ਨੇ। ਇਸੇ ਕਰਕੇ ਮੇਰੀਆਂ ਪਹਿਲੀਆਂ ਕਹਾਣੀਆਂ ਬੇਸੁਆਦੀਆਂ ਨੇ।

1984 ਵਿਚ ਮੈਨੂੰ ਸਾਹਿਤ ਮਹਿਕਮੇ ਨੇ ਮੈਂਬਰ ਬਣਾ ਲਿਆ ਜਿੱਥੇ ਪ੍ਰਸਿਧ ਲੇਖਕ ਜ਼ੂ ਹੂਜੋਂਗ ਨੇ ਮੇਰੀ ਨਿਗਰਾਨੀ ਸ਼ੁਰੂ ਕੀਤੀ। ਜਿਵੇਂ ਬੇਜ਼ਮੀਨਾ ਕਿਸਾਨ ਆਪਣੇ ਲਈ ਵਾਹੀ ਯੋਗ ਜ਼ਮੀਨ ਦਾ ਟੁਕੜਾ ਹਾਸਲ ਕਰਨਾ ਚਾਹੇ, ਮੈਂ ਸਾਹਿਤ ਦੀ ਜ਼ਮੀਨ ਵਿਚ ਆਪਣਾ ਰਕਬਾ ਲੱਭਣ ਲੱਗਾ, ਜਿੱਥੇ ਬਸ ਮੇਰੀ ਮਾਲਕੀ ਹੋਵੇ। ਅਮਰੀਕਣ ਨਾਵਲਕਾਰ ਵਿਲੀਅਮ ਫਾਕਨਰ ਅਤੇ ਕੋਲੰਬੀਅਨ ਜਬਰੀਲ ਗਾਰਸ਼ੀਆ ਮੇਰੇ ਪ੍ਰੇਰਨਾ ਸਰੋਤ ਹੋ ਗਏ। ਸੁਖੀ ਜੀਵਨ ਬਿਤਾਉਣ ਲਈ ਨਿਮਰਤਾ ਹੋਣੀ ਅਤੇ ਸਮਝੌਤਾ ਕਰਨਾ ਜਰੂਰੀ ਹੈ। ਪਰ ਸਿਰਜਣਾਤਮਕ ਸਾਹਿਤ ਵਿਚ ਆਤਮ ਵਿਸ਼ਵਾਸ ਨਾਲ ਆਪਣਾ ਰਸਤਾ ਤੈਅ ਕਰਨਾ ਜਰੂਰੀ ਹੈ। ਇੱਥੇ ਰਾਜ਼ੀਨਾਵਾਂ ਨਹੀਂ ਚਲਦਾ। ਦੋ ਸਾਲ ਮੈਂ ਇਨ੍ਹਾਂ ਲੇਖਕਾਂ ਦਾ ਪਿਛਲੱਗ ਬਣਿਆ ਰਿਹਾ। ਫਿਰ ਮੈਨੂੰ ਅਕਲ ਆਈ ਕਿ ਇਹ ਤਾਂ ਦੋ ਭੱਠੇ ਨੇ ਤੇ ਮੈਂ ਬਰਫ ਦੀ ਸੇਲੀ। ਇਨ੍ਹਾਂ ਤੋਂ ਪਰੇ ਨਾ ਹਟਿਆ ਤਾਂ ਭਾਫ ਦਾ ਬੱਦਲ ਬਣ ਕੇ ਉਡ ਜਾਵਾਂਗਾ।

ਮੇਰੀਆਂ ਮੁਢਲੀਆਂ ਕਹਾਣੀਆਂ ਉਸ ਤਰ੍ਹਾਂ ਦੀਆਂ ਹਨ ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਅਤੇ ਗਵਾਂਢੀਆਂ ਨੂੰ ਸੁਣਾਇਆ ਕਰਦਾ ਸਾਂ। ਸੁੱਕੀ ਨਦੀ ਅਤੇ ਪਾਰਦਰਸ਼ੀ ਗਾਜਰ ਇਸੇ ਤਰ੍ਹਾਂ ਦੀਆਂ ਕਹਾਣੀਆਂ ਹਨ। ਫਿਰ ਮੈਂ ਜਾਣਿਆ ਕਿ ਹੱਡ-ਬੀਤੀ ਚਾਹੇ ਕਿੰਨੀ ਅਦਭੁੱਤ ਹੋਵੇ ਤਾਂ ਵੀ ਕਲਪਣਾ ਦੀ ਲੋੜ ਪਏਗੀ। ਫੋਟੋਗ੍ਰਾਫੀ ਨਹੀਂ ਕਰਨੀਕਹਾਣੀ ਲਿਖਣੀ ਹੈ। ਲੇਖਕ ਜਿੰਨੇ ਮਰਜ਼ੀ ਪਾਤਰ ਘੜੇ, ਉਨ੍ਹਾਂ ਵਿੱਚੋਂ ਇਕ ਸਭ ਤੋਂ ਉੱਚੀ ਥਾਂ ’ਤੇ ਰਹਿੰਦਾ ਹੈ। ਪਾਰਦਰਸ਼ੀ ਗਾਜਰ ਵਿਚਲਾ ਗੁੰਗਾ ਮੁੰਡਾ ਸਬਰ ਸ਼ੁਕਰ ਕਰਕੇ ਜੀਵਨ ਦੇ ਦੁੱਖ ਝੱਲਦਾ ਹੈ।

ਆਪਣੇ ਤਜਰਬੇ ਮੁੱਕ ਜਾਣ ਤਾਂ ਹੋਰਨਾਂ ਦੇ ਸਰੋਤੇ ਬਣੇ ਰਹੋ। ਦਾਦੀ ਨਾਨੀ ਤੋਂ ਲੈ ਕੇ ਦੋਹਤੀ ਤਕ ਮੈਂ ਸਭ ਦੀਆਂ ਕਹਾਣੀਆਂ ਲਿਖੀਆਂ ਕਿਉਂਕਿ ਮੈਂ ਇਨ੍ਹਾਂ ਦਾ ਸਰੋਤਾ ਸਾਂ। ਮੇਰੇ ਆਖਰੀ ਨਾਵਲ ਡੱਡੂ ਦੀ ਨਾਇਕਾ ਮੇਰੀ ਚਾਚੀ ਹੈ। ਜਦੋਂ ਨੋਬਲ ਇਨਾਮ ਦੀ ਖਬਰ ਪਿੰਡ ਵਿਚ ਪੁੱਜੀ, ਪੱਤਰਕਾਰ ਅਤੇ ਟੀਵੀ ਵਾਲੇ ਕੈਮਰੇ ਲੈ ਕੇ ਚਾਚੀ ਦੇ ਘਰ ਚਲੇ ਗਏ। ਉਹ ਅੱਖ ਬਚਾ ਕੇ ਭੱਜ ਗਈ ਤੇ ਗੱਡੀ ਚੜ੍ਹ ਕੇ ਸਾਹ ਲਿਆ। ਮੇਰੀ ਚਾਚੀ ਦਿਆਲੂ ਔਰਤ ਹੈ ਪਰ ਨਾਵਲ ਵਿਚ ਮੈਂ ਉਸ ਨੂੰ ਬੁਰੀ ਦਿਖਾ ਦਿੱਤਾ ਤਾਂ ਵੀ ਉਹ ਨਰਾਜ਼ ਨਹੀਂ ਹੋਈ। ਫਿਰ ਆਪਣੀ ਮ੍ਰਿਤਕ ਮਾਂ ਨੂੰ ਕੇਂਦਰ ਵਿਚ ਰੱਖ ਕੇ ਜਦੋਂ ਨਾਵਲ ਲਿਖਣ ਲੱਗਾ ਤਾਂ ਏਨਾ ਜਜ਼ਬਾਤੀ ਹੋ ਗਿਆ ਕਿ ਪੰਜ ਲੱਖ ਲਫਜ਼ 83 ਦਿਨਾਂ ਵਿਚ ਲਿਖ ਦਿੱਤੇ। ਇਸ ਨਾਵਲ ਵਿੱਚੋਂ ਤੁਸੀਂ ਚੀਨ ਦੀ, ਨਹੀਂ ਜਹਾਨ ਦੀ, ਹਰੇਕ ਮਾਂ ਦੇਖੋਗੇ।

ਲਸਣ ਦੇ ਗੀਤ ਨਾਵਲ ਵਿਚ ਮੈਂ ਅਸਲ ਬੰਦੇ ਦਾ ਨਾਮ ਲਿਖ ਦਿੱਤਾ। ਕਈ ਕਹਾਣੀਆਂ ਦੇ ਪਾਤਰ ਅਸਲੀ ਨਾਮ ਦੇ ਹਨ। ਇਸ ਨਾਲ ਬੜੀਆਂ ਨਾਰਾਜ਼ਗੀਆਂ ਝੱਲੀਆਂ। ਅਸਲੀ ਨਾਮ ਵਰਤੇ ਬਿਨਾਂ ਮੈਨੂੰ ਕਹਾਣੀ ਨਕਲੀ ਲਗਦੀ ਤੇ ਸ਼ੁਰੂ ਵਿਚ ਸੋਚਦਾ ਕਿ ਮੁਕੰਮਲ ਹੋਣ ਤੇ ਨਾਮ ਬਦਲ ਦਿਆਂਗਾ। ਜਦੋਂ ਨਾਮ ਬਦਲ ਦਿੰਦਾ, ਮੈਨੂੰ ਲਗਦਾ ਇਹ ਉਹ ਕਹਾਣੀ ਰਹੀ ਹੀ ਨਹੀਂ ਇਹ ਤਾਂ ਨਕਲੀ ਚੀਜ਼ ਹੋ ਗਈ, ਫਿੱਕੀ ਜਿਹੀ। ਬਦਨਾਮੀ ਮਹਿਸੂਸ ਕਰਦਿਆਂ ਇਹ ਲੋਕ ਸਾਡੇ ਘਰ ਲੜਨ ਲਈ ਆਉਂਦੇ ਤਾਂ ਅੱਬੂ ਕਿਤਾਬ ਚੁੱਕ ਕੇ ਇਕ ਵਾਕ ਦਿਖਾਉਂਦਾ- ਆਹ ਦੇਖੋ, ਮੇਰੇ ਬਾਰੇ ਲਿਖਿਆ ਹੈ, ਮੈਂ ਬਦਮਾਸ਼ ਦਾ ਤੁਖਮ ਹਾਂ। ਛੱਡੋ, ਦਫਾ ਕਰੋ ਇਹਨੂੰ। ਮੈਂ ਗਾਲਾਂ ਬਰਦਾਸ਼ਤ ਕਰ ਲੈਨਾ, ਤੈਸ਼ ਵਿਚ ਨਾ ਆਉ।

ਸਰਕਾਰਾਂ ਚਾਹਿਆ ਕਰਦੀਆਂ ਹਨ ਲੇਖਕ ਨਾਵਲਾਂ ਵਿਚ ਸਮਕਾਲੀ ਸੰਕਟ ਦਾ ਵਰਣਨ ਕਰਨ ਦੀ ਥਾਂ ਸਿਆਸੀ ਰਿਪੋਰਟਾਂ ਲਿਖਿਆ ਕਰਨ। ਮੈਂ ਸਿਆਸਤ ਤੋਂ ਮੁਕਤ ਰਿਹਾ। ਜਿੰਨੀਆਂ ਮੁਸੀਬਤਾਂ ਵਿੱਚੋਂ ਲੰਘੋਗੇ, ਉੰਨਾ ਸੁਹਣਾ ਲਿਖੋਗੇ। ਤੁਸੀਂ ਅੱਕ ਗਏ ਹੋਣੇ ਕਿ ਮੈਂ ਆਪਣੀਆਂ ਗੱਲਾਂ ਕਰੀ ਜਾਨਾ। ਮੇਰੀਆਂ ਲਿਖਤਾਂ ਮੇਰੀ ਜ਼ਿੰਦਗੀ ਦੇ ਵਾਕਿਆਤ ਹੀ ਹਨ। ਹੋਰ ਮੈਂ ਕੀ ਕਰਾਂ। ਮੈਨੂੰ ਪਤਾ ਹੈ ਤੁਸੀਂ ਦਰਿਆ ਦਿਲ ਹੋ, ਮੈਨੂੰ ਖਿਮਾ ਕਰ ਦਿਉਗੇ।

ਮੁਢਲੀਆਂ ਲਿਖਤਾਂ ਵਿਚ ਮੈਂ ਆਪਣੀ ਕਹਾਣੀ ਆਪਣੇ ਆਪ ਨੂੰ ਸੁਣਾਈ। ਸੰਦਲੀ ਮੌਤ ਅਜਿਹਾ ਨਾਵਲ ਹੈ ਜਿਹੜਾ ਮੈਂ ਭੀੜ ਵਿਚਕਾਰ ਖਲੋਤਾ ਸੁਣਾ ਰਿਹਾ ਹਾਂ। ਸ਼ੁਰੂ ਵਿਚ ਪੱਛਮੀ ਤਕਨੀਕਾਂ ਦੀ ਵਰਤੋਂ ਕੀਤੀ ਪਰ ਕਾਮਯਾਬੀ ਉਦੋਂ ਮਿਲੀ ਜਦੋਂ ਦੇਸੀ ਚੀਨੀ ਸੁਰ ਵਿਚ ਗੀਤ ਗਾਇਆ। ਬਾਂਦਰ ਟਪੂਸੀਆਂ ਨਾਲ ਗੱਲ ਨਹੀਂ ਬਣਦੀ ਹੁੰਦੀ।

ਜੀਵਨ ਮੌਤ ਲੋਪ ਹੋਏ ਨਾਵਲ ਦਾ ਸਿਰਲੇਖ ਬੋਧ ਗ੍ਰੰਥ ਵਿੱਚੋਂ ਲਿਆ ਹੈ। ਮੈਨੂੰ ਬੋਧ ਗ੍ਰੰਥਾਂ ਅਤੇ ਧਰਮ ਦੀ ਮਾਮੂਲੀ ਜਾਣਕਾਰੀ ਹੈ ਤਾਂ ਵੀ ਮੈਨੂੰ ਲਗਦਾ ਹੈ ਬੁੱਧ ਮੱਤ ਦੁਨੀਆਂ ਦੇ ਦਿਲ ਦੀ ਗੱਲ ਕਰਦਾ ਹੈ, ਬੁੱਧ ਮੱਤ ਸਾਹਮਣੇ ਸਭ ਸੰਕਟ ਫਜ਼ੂਲ ਹਨ। ਮੇਰੇ ਇਸ ਨਾਵਲ ਵਿਚ ਕਿਧਰੇ ਧਰਮ ਪ੍ਰਚਾਰ ਨਹੀਂ ਲੱਭੇਗਾ, ਮੈਂ ਤਾਂ ਆਦਮੀ ਦੀ ਸੀਮਾ, ਜਜ਼ਬੇ, ਦੁੱਖ, ਦਇਆ ਅਤੇ ਹੋਣੀ ਬਾਰੇ ਲਿਖਿਆ ਹੈ। ਇਸ ਨਾਵਲ ਦਾ ਹੀਰੋ ਮੇਰੇ ਪਿੰਡ ਦਾ ਕਿਸਾਨ ਲਾਂ ਲੀਆਂ ਹੈ। ਨਿੱਕਾ ਹੁੰਦਾ ਹਰ ਸਵੇਰ ਦੇਖਦਾ ਉਹ ਲੱਕੜ ਦੇ ਗੱਡੇ ਨੂੰ ਧੱਕਾ ਲਾਉਂਦਾ ਤੁਰਿਆ ਜਾਂਦਾ, ਜਿਸ ਅੱਗੇ ਲੰਗੜਾ ਖੋਤਾ ਜੁੜਿਆ ਹੁੰਦਾ। ਉਸ ਦੀ ਡੁੱਡੇ ਪੈਰਾਂ ਵਾਲੀ ਔਰਤ ਨਾਲ ਤੁਰੀ ਜਾਂਦੀ। ਇਨ੍ਹਾਂ ਮਖੌਲੀਆਂ ਨੂੰ ਦੇਖ ਦੇਖ ਅਸੀਂ ਬੱਚੇ ਖੂਬ ਹੱਸਦੇ। ਇਹ ਗਰੀਬ ਕਿਸਾਨ ਵੱਡੇ ਵੱਡੇ ਖੱਬੀਖਾਨਾਂ ਨਾਲ ਆਢਾ ਲਾ ਲੈਂਦਾ। ਸਾਲ 2005 ਵਿਚ ਮੈਂ ਬੋਧ ਮੰਦਰ ਗਿਆ, ਉੱਥੇ ਇਕ ਤਸਵੀਰ ਦੇਖੀ- ਸੰਸਾਰ ਦੇ ਛੇ ਪੜਾਅ। ਦੇਖਣ ਸਾਰ ਮੈਨੂੰ ਸਮਝ ਆ ਗਈ ਕਿਸਾਨ ਨੂੰ ਕਿਵੇਂ ਚਿਤਰਨਾ ਹੈ।

ਨੋਬਲ ਇਨਾਮ ਮਿਲਣ ਪਿੱਛੋਂ ਵਾਦ ਵਿਵਾਦ ਦੀਆਂ ਹਨੇਰੀਆਂ ਝੁੱਲੀਆਂ। ਥੀਏਟਰ ਵਿਚ ਬੈਠੇ ਦਰਸ਼ਕ ਵਾਂਗ ਮੈਂ ਇਹ ਹਨੇਰੀਆਂ ਦੇਖੀਆਂ। ਇਨਾਮ ਯਾਫਤਾ ਬੰਦੇ ਨੂੰ ਮੈਂ ਫੁੱਲਾਂ ਨਾਲ ਲੱਦਿਆ ਜਾਂਦਾ ਦੇਖਦਾ, ਪਥਰਾਉ ਹੁੰਦਾ ਤੇ ਚਿੱਕੜ ਉਛਾਲਿਆ ਜਾਂਦਾ ਦੇਖਦਾ। ਕਦੀ ਕਦੀ ਮੈਂ ਡਰਿਆ ਵੀ, ਕਿਤੇ ਪੱਥਰਾਂ ਦੀ ਮਾਰ ਨਾਲ ਉਹ ਮਰ ਤਾਂ ਨਹੀਂ ਜਾਏਗਾ? ਪਰ ਭਾਈ, ਨਾ ਫੁੱਲਾਂ ਦੀ ਮਾਰ ਵਕਤ, ਨਾ ਪੱਥਰਾਂ ਦੀ ਬੁਛਾੜ ਵਿਚ ਉਹ ਮਰਿਆ। ਚਿੱਕੜ ਅਤੇ ਫੁੱਲ ਝਾੜ ਕੇ ਉਹ ਫਿਰ ਲਿਖਣ ਬੈਠ ਗਿਆ। ਮੈਂ ਭਾਸ਼ਣ ਨਹੀਂ ਕੀਤੇ। ਭਾਸ਼ਣ ਹਵਾ ਵਿਚ ਉਡ ਜਾਂਦੇ ਹਨ। ਅੱਖਰ ਨਹੀਂ ਖੁਰਦੇ। ਸ਼ਾਂਤ ਚਿੱਤ ਹੋ ਮੇਰੀਆਂ ਲਿਖਤਾਂ ਪੜ੍ਹੋ, ਉਨ੍ਹਾਂ ਬਾਰੇ ਰਾਵਾਂ ਨਾ ਦਿਉ, ਸਲਾਹਾਂ ਨਾ ਦਿਉ। ਮੈਂ ਉਸ ਮਿੱਟੀ ਦਾ ਨਹੀਂ ਬਣਿਆ ਜਿਹੜੀ ਢਲ ਜਾਵੇ।

ਤੁਸੀਂ ਮੰਨ ਲਿਆ ਮੈਂ ਕਹਾਣੀਕਾਰ ਹਾਂ, ਫਿਰ ਇਸ ਗੱਲਬਾਤ ਦੀ ਸਮਾਪਤੀ ਕਹਾਣੀ ਸੁਣਾਏ ਬਗੈਰ ਕਿਵੇਂ ਹੋ ਸਕਦੀ ਹੈ? ਲਉ ਜੀ ਸੁਣੋ:

ਸਾਲ 1960 ਵਿਚ ਤੀਜੀ ਜਮਾਤ ਵਿਚ ਸਾਂ, ਸਾਨੂੰ ਪਿੰਡ ਵਿਚ ਜਾ ਕੇ ਨਾਟਕ ਕਰਨ ਲਈ ਕਿਹਾ। ਇਕ ਦ੍ਰਿਸ਼ ਵਿਚ ਰੋ ਕੇ ਦਿਖਾਉਣਾ ਸੀ। ਕਈਆਂ ਦੇ ਹੰਝੂ ਨਿਕਲ ਵੀ ਆਏ ਪਰ ਬਹੁਤਿਆਂ ਨੇ ਥੁੱਕ ਲਾ ਲਿਆ। ਇਕ ਤਰੀਕਾ ਇਹ ਵੀ ਸੀ ਕਿ ਰੋਂਦੇ ਰੋਂਦੇ ਚਿਹਰਾ ਹੱਥਾਂ ਨਾਲ ਢਕ ਲਵੋ, ਜਿਵੇਂ ਹੱਥਾਂ ਹੇਠ ਹੰਝੂ ਵਹਿ ਰਹੇ ਹੋਣ। ਮੈਂ ਦੇਖਿਆ, ਸਾਡੇ ਵਿਚ ਇਕ ਮੁੰਡਾ ਚੁੱਪਚਾਪ ਖਲੋਤਾ ਰਿਹਾ, ਨਾ ਚੀਕਿਆ, ਨਾ ਹੰਝੂ ਵਹਾਏ, ਨਾ ਗੱਲ੍ਹਾਂ ’ਤੇ ਥੁੱਕ ਲਾਇਆ। ਮੈਂ ਉਸ ਦੀ ਸ਼ਿਕਾਇਤ ਲਾ ਦਿੱਤੀ। ਮਾਸਟਰ ਨੇ ਝਿੜਕਿਆ। ਇਕ ਦਿਨ ਮਾਸਟਰ ਜੀ ਮਿਲੇ, ਮੈਂ ਉਨ੍ਹਾਂ ਨਾਲ ਪੁਰਾਣੀ ਯਾਦ ਸਾਂਝੀ ਕੀਤੀ। ਕਹਿੰਦੇ- ਹਾਂ, ਦਸ ਵਿਦਿਆਰਥੀ ਹੁਕਮ ਮੰਨ ਕੇ ਉਵੇਂ ਕਰਦੇ ਰਹੇ ਜਿਵੇਂ ਮੈਂ ਕਿਹਾ, ਕੇਵਲ ਇਕ ਸੀ ਜਿਸ ਨੇ ਹੁਕਮ ਅਦੂਲੀ ਕੀਤੀ। ਦਸ ਸਾਲ ਪਹਿਲਾਂ ਇਸ ਮੁੰਡੇ ਦੀ ਮੌਤ ਹੋ ਗਈ। ਇਸ ਜਮਾਤੀ ਨੂੰ ਮਿਲ ਕੇ ਮੈਂ ਕਹਿਣਾ ਸੀ ਜਦੋਂ ਆਲੇ ਦੁਆਲੇ ਸਭ ਰੋ ਰਹੇ ਹੋਣ ਤਾਂ ਖਾਮੋਸ਼ ਸ਼ਾਂਤ ਖੜ੍ਹੇ ਰਹਿਣ ਦਾ ਤੇਰਾ ਹੱਕ ਹੈ। ਜਦੋਂ ਹੰਝੂ, ਚੀਕਾਂ ਦਿਖਾਵੇ ਮਾਤਰ ਹੋਣ, ਉਦੋਂ ਸ਼ਾਂਤ ਖੜ੍ਹੇ ਰਹਿਣ ਦਾ ਤੂੰ ਵਧੀਕ ਹੱਕਦਾਰ ਹੈਂ।

ਦੂਜੀ ਕਹਾਣੀ ਤੀਹ ਸਾਲ ਪਹਿਲਾਂ ਦੀ ਹੈ। ਮੈਂ ਫੌਜੀ ਸਾਂ ਤੇ ਆਪਣੀ ਬੈਰਕ ਵਿਚ ਬੈਠਾ ਕਿਤਾਬ ਪੜ੍ਹ ਰਿਹਾ ਸਾਂ। ਸਾਡਾ ਅਫਸਰ ਅੰਦਰ ਆਇਆ ਤੇ ਗੱਜ ਕੇ ਪੁੱਛਿਆ- ਇੱਥੇ ਤਾਂ ਕੋਈ ਵੀ ਨਹੀਂ? ਕਿੱਧਰ ਮਰ ਗਏ ਸਾਰੇ? ਸਤਿਕਾਰ ਵਜੋਂ ਮੈਨੂੰ ਖੜ੍ਹਾ ਤਾਂ ਹੋਣਾ ਪਿਆ ਪਰ ਗੁੱਸਾ ਮੈਨੂੰ ਵੀ ਆ ਗਿਆ, ਮੈਂ ਕਿਹਾ- ਤੈਨੂੰ ਮੈਂ ਦਿਸਦਾ ਨਹੀਂ? ਤੂੰ ਕਹਿਨੈ ਇੱਥੇ ਕੋਈ ਨਹੀਂ ਹੈ, ਮੈਂ ਕੋਈ ਨਹੀਂ ਆਂ? ਉਸ ਦਾ ਮੂੰਹ ਲਾਲ ਹੋ ਗਿਆ ਪਰ ਚਲਾ ਗਿਆ। ਮੈਨੂੰ ਆਪਣੀ ਨਿਡਰਤਾ ਉੱਪਰ ਫਖਰ ਹੋਇਆ। ਕਈ ਸਾਲ ਬਾਦ ਫਖਰ ਦਾ ਫਤੂਰ ਖਤਮ ਹੋਇਆ ਤੇ ਸ਼ਾਂਤ ਆਤਮਾ ਨਸੀਬ ਹੋਈ।

ਹੁਣ ਤਕ ਜਿਵੇਂ ਸੁਣਦੇ ਰਹੇ, ਕਿਰਪਾ ਕਰਕੇ ਮੇਰੀ ਆਖਰੀ ਕਹਾਣੀ ਵੀ ਬਰਦਾਸ਼ਤ ਕਰ ਲਵੋ। ਮੁੱਦਤ ਪਹਿਲਾਂ ਮੇਰੇ ਬਾਬੇ ਨੇ ਇਹ ਕਹਾਣੀ ਆਪਣੀ ਗੋਦ ਵਿਚ ਬਿਠਾ ਕੇ ਮੈਨੂੰ ਸੁਣਾਈ ਸੀ।

ਅੱਠ ਪਥੇਰੇ ਭੱਠੇ ਉੱਪਰ ਕੰਮ ਕਰ ਰਹੇ ਸਨ। ਹਨੇਰੀ ਆਈ, ਘਟਾ ਛਾਈ, ਪਹਿਲਾਂ ਮੀਂਹ ਫਿਰ ਗੜੇ ਪੈਣ ਲੱਗੇ। ਭੱਜ ਕੇ ਸਾਰੇ ਜਣੇ ਇਕ ਉੱਜੜੇ ਪੁਰਾਣੇ ਮੰਦਰ ਵਿਚ ਜਾ ਲੁਕੇ। ਬਿਜਲੀ ਇਉਂ ਕੜਕਣ ਲੱਗੀ ਜਿਵੇਂ ਮੰਦਰ ਉੱਪਰ ਡਿਗੀ ਕਿ ਡਿਗੀ। ਲੱਗਾ ਜਿਵੇਂ ਆਲੇ ਦੁਆਲੇ ਪ੍ਰੇਤ ਚੰਘਾੜ ਰਹੇ ਹੋਣ। ਸਾਰੇ ਭੈਭੀਤ ਹੋ ਗਏ, ਚਿਹਰੇ ਪੀਲੇ ਪੈ ਗਏ। ਇਕ ਨੇ ਕਿਹਾ- ਸਾਡੇ ਵਿਚ ਕੋਈ ਇਕ ਹੈ ਜਿਸ ਨੇ ਪਾਪ ਕੀਤਾ ਹੈ, ਤਾਂ ਹੀ ਦੇਵਤੇ ਨਾਰਾਜ਼ ਹਨ। ਜਿਸ ਨੇ ਪਾਪ ਕੀਤਾ ਹੈ ਉਹ ਆਪੇ ਮੰਦਰੋਂ ਬਾਹਰ ਚਲਾ ਜਾਵੇ, ਬਾਕੀ ਨਿਰਦੋਸ਼ ਬਚ ਜਾਣ। ਕੋਈ ਬਾਹਰ ਜਾਣ ਲਈ ਤਿਆਰ ਨਾ ਹੋਇਆ। ਇਕ ਬੰਦਾ ਬੋਲਿਆ- ਇਉਂ ਕਰਦੇ ਹਾਂ, ਦੇਖੋ ਅਹੁ ਉੱਪਰ ਝਰੋਖਾ ਹੈ, ਆਪੋ ਆਪਣੀਆਂ ਟੋਪੀਆਂ ਉਸ ਵਿੱਚੋਂ ਬਾਹਰ ਵਗਾਹੋ, ਜਿਸ ਦੀ ਟੋਪੀ ਬਾਹਰ ਚਲੀ ਗਈ, ਉਹੀ ਪਾਪੀ। ਸੱਤ ਜਣਿਆਂ ਦੀਆਂ ਟੋਪੀਆਂ ਅੰਦਰ ਗਿਰੀਆਂ, ਇਕ ਜਣੇ ਦੀ ਬਾਹਰ ਨਿਕਲ ਗਈ। ਜਿਸ ਦੀ ਟੋਪੀ ਬਾਹਰ ਡਿਗੀ, ਸੱਤੇ ਉਸ ਨੂੰ ਬਾਹਰ ਨਿਕਲਣ ਲਈ ਮਜਬੂਰ ਕਰਨ ਲੱਗੇ। ਉਹ ਨਾ ਮੰਨਿਆ ਤਾਂ ਸੱਤਾਂ ਨੇ ਲੱਤਾਂ ਬਾਹਾਂ ਫੜ ਕੇ ਬਾਹਰ ਵਗਾਹ ਮਾਰਿਆ। ਗੜਿਆਂ ਤੋਂ ਬਚਣ ਲਈ ਭੱਜ ਕੇ ਉਹ ਵੱਡੇ ਦਰਖਤ ਹੇਠ ਜਾ ਖਲੋਤਾ।

ਮੇਰੇ ਨਾਲ ਸ਼ਰਤ ਲਾ ਲਉ ਬੇਸ਼ਕ, ਤੁਹਾਨੂੰ ਪਤੈ ਕਹਾਣੀ ਦਾ ਅੰਤ ਕੀ ਹੋਇਆ। ਜਦੋਂ ਸੱਤਾਂ ਨੇ ਮਾਸੂਮ ਨੂੰ ਬਾਹਰ ਸੁੱਟਿਆ, ਬਿਜਲੀ ਮੰਦਰ ਤੇ ਡਿਗੀ, ਸੱਤੇ ਮਲਬੇ ਹੇਠ ਦੱਬ ਕੇ ਮਰ ਗਏ।

ਮੈਂ ਕਥਾਕਾਰ ਹਾਂ।

ਕਹਾਣੀਆਂ ਸੁਣ ਕੇ ਤੁਸੀਂ ਮੈਨੂੰ ਨੋਬਲ ਇਨਾਮ ਦੇ ਦਿੱਤਾ।

ਇਨਾਮ ਤੋਂ ਪਹਿਲਾਂ ਬੜੀਆਂ ਦਿਲਚਸਪ ਘਟਨਾਵਾਂ ਘਟੀਆਂ। ਮੈਂ ਜਾਣ ਗਿਆ ਕਿ ਸੱਚ ਅਤੇ ਇਨਸਾਫ ਜਿਉਂਦੇ ਰਹਿਣਗੇ। ਸੁਣਾਉਂਦਾ ਰਹਾਂਗਾ ਆਉਂਦੇ ਦਿਨੀਂ ਤੁਹਾਨੂੰ ਹੋਰ ਕਹਾਣੀਆਂ। ਸਾਰਿਆਂ ਦਾ ਸ਼ੁਕਰਾਨਾ।

*****

(168)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author