“ਆਪਹੁਦਰੀ ਹੋਛੀ ਹਰਕਤ (ਇਕ ਚਿੱਠੀ) --- ਡਾ. ਹਰਪਾਲ ਸਿੰਘ ਪੰਨੂ”
(2 ਅਪਰੈਲ 2018)
ਅੱਜ ਅਖਬਾਰ ਵਿਚ ਖਬਰ ਪੜ੍ਹੀ ਜਿੱਥੋਂ ਪਤਾ ਲੱਗਾ ਕਿ ਕੋਈ ਮਾਂ ਬੋਲੀ ਸਤਿਕਾਰ ਕਮੇਟੀ ਬਣੀ ਹੈ ਜੋ ਸੜਕਾਂ ਉੱਪਰਲੇ ਸਾਈਨਬੋਰਡਾਂ ਉੱਤੇ ਲਿਖੀ ਹਿੰਦੀ ਅੰਗਰੇਜ਼ੀ ਉੱਤੇ ਪੋਚੇ ਫੇਰ ਰਹੇ ਹਨ। ਇਹ ਆਪਹੁਦਰੀ ਹੋਛੀ ਸਸਤੀ ਸ਼ੁਹਰਤ ਅਤਿ ਨਿੰਦਣਯੋਗ ਹੈ। ਅਸੀਂ ਪੰਜਾਬ ਨਿਵਾਸੀ ਪੰਜਾਬੀ ਦੇ ਮੁਦਈ ਯਕੀਨਨ ਹਾਂ ਪਰ ਬਾਕੀ ਭਾਸ਼ਾਵਾਂ ਦੇ ਦੁਸ਼ਮਣ ਹਰਗਿਜ਼ ਨਹੀਂ।
ਜਿਹੜੇ ਗੈਰ ਪੰਜਾਬੀ ਪੰਜਾਬ ਵਿੱਚੋਂ ਗੁਜ਼ਰਨ ਕੀ ਉਨ੍ਹਾਂ ਨੂੰ ਇਹ ਹੱਕ ਨਹੀਂ ਕਿ ਉਹ ਹਿੰਦੀ ਅੰਗਰੇਜ਼ੀ ਪੜ੍ਹ ਕੇ ਸਹੀ ਟਿਕਾਣੇ ਅੱਪੜਣ? ਹਰੇਕ ਪ੍ਰਾਂਤ ਇਉਂ ਕਰਨ ਲੱਗ ਪਵੇ, ਸਾਨੂੰ ਪੰਜਾਬੀਆਂ ਨੂੰ ਦਿੱਕਤਾਂ ਨਹੀਂ ਆਉਣਗੀਆਂ?
ਅਮਰੀਕਾ ਵਿਰੁੱਧ ਲੜਦਿਆਂ ਈਰਾਨੀ ਲੋਕ ਅੰਗਰੇਜ਼ੀ ਨੂੰ ਨਫਰਤ ਕਰਨ ਲੱਗੇ, ਸਾਈਨਬੋਰਡਾਂ ਉੱਪਰ ਕੇਵਲ ਫਾਰਸੀ। ਉੱਥੋਂ ਦੇ ਸਾਂਸਦ ਕੋਲ ਮੈਂ ਇਤਰਾਜ਼ ਕੀਤਾ ਕਿ ਅਸਾਂਨੂੰ ਤਾਂ ਤੁਸੀਂ ਅੰਨ੍ਹੇ ਬੋਲੇ ਕਰ ਦਿੱਤਾ। ਉਹ ਮੰਨਿਆ ਕਿ ਅਜਿਹਾ ਕਰਨਾ ਗੈਰਜ਼ਿੰਮੇਵਾਰੀ ਹੈ ਤੇ ਅਸੀਂ ਫੈਸਲਾ ਵਾਪਸ ਲੈ ਰਹੇ ਹਾਂ।
ਫਾਰਸੀ ਦੇ ਅਜ਼ੀਮ ਸ਼ਾਇਰ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਕੇ ਪੰਜ ਰੌਸ਼ਨ-ਦਿਮਾਗ ਸਿੱਖ ਕਾਸ਼ੀ ਜੀ ਸੰਸਕ੍ਰਿਤ ਸਿੱਖਣ ਲਈ ਭੇਜੇ ਸਨ ਜਿਨ੍ਹਾਂ ਨੂੰ ਨਿਰਮਲੇ ਕਿਹਾ ਗਿਆ। ਮੈਂ, ਜਿਸਨੇ ਪੰਜਾਬੀ ਦੇ ਹੱਕ ਵਿਚ ਚੱਲੇ ਹਰ ਅੰਦੋਲਨ ਵਿਚ ਵਧ ਚੜ੍ਹ ਕੇ ਹਿੱਸਾ ਲਿਆ, ਸਤਿਕਾਰ ਕਮੇਟੀ ਦੀ ਇਸ ਹਰਕਤ ਦੀ ਨਿਖੇਧੀ ਕਰਦਾ ਹਾਂ।
... ਡਾ. ਹਰਪਾਲ ਸਿੰਘ ਪੰਨੂ (ਪੰਜਾਬੀ ਯੂਨਵਿਰਸਿਟੀ ਪਟਿਆਲਾ)
**
ਗਿਣਤੀਆਂ ਮਿਣਤੀਆਂ
ਵਿਸ਼ਵ-ਪ੍ਰਸਿੱਧ ਆਰਟਿਸਟ ਪ੍ਰੋ. ਹਰਦੇਵ ਸਿੰਘ ਕੈਨੇਡਾ ਤੋਂ ਮਿਲਣ ਆਏ ਤੇ ਹੁਕਮ ਦਿੱਤਾ- ਮੇਰੇ ਉੱਪਰ ਸ਼ਬਦ-ਚਿੱਤਰ ਲਿਖ। ਦੁਨੀਆਂ ਮੈਨੂੰ ਜਾਣਦੀ ਹੈ, ਪੰਜਾਬ ਵੀ ਤਾਂ ਜਾਣੇ। ਮੈਂ ਪੁੱਛਿਆ - ਮੈਨੂੰ ਕੁੱਝ ਲਿਖਣਾ ਆਉਂਦੈ, ਇਹ ਤੁਹਾਨੂੰ ਕਿਸ ਨੇ ਦੱਸਿਆ? ਉਹ ਬੋਲੇ- ਕਿਸੇ ਨੇ ਨਹੀਂ, ਦੋਸਤ ਦੇ ਘਰ ਗਿਆ, ਉਸ ਕੋਲ ਮੈਗਜ਼ੀਨ ਵਿੱਚੋਂ ਤੇਰਾ ਲਿਖਿਆ ਫਾਰਸੀ ਦੇ ਅਜ਼ੀਮ ਸ਼ਾਇਰ ਭਾਈ ਲਕਸ਼ਵੀਰ ਸਿੰਘ ਦਾ ਸ਼ਬਦ-ਚਿੱਤਰ ਪੜ੍ਹਿਆ। ਉਦੀਂ ਫੈਸਲਾ ਹੋ ਗਿਆ ਕਿ ਪੰਨੂ ਮੇਰਾ ਚਿਤ੍ਰਣ ਕਲਮ ਨਾਲ ਕਰੇਗਾ। ਮੈਂ ਕਿਹਾ- ਪਰ ਆਰਟ ਅਤੇ ਪੇਂਟਿੰਗ ਦਾ ਤਾਂ ਮੈਨੂੰ ਭੋਰਾ ਪਤਾ ਨਹੀਂ। ਇਸ ਪੱਖੋਂ ਮੈਂ ਕੋਰਾ ਅਨਪੜ੍ਹ, ਪੂਰਾ ਜਾਹਲ ਹਾਂ। ਨਹੀਂ ਲਿਖ ਸਕਦਾ। ਉਹ ਬੋਲੇ- ਜਿਸ ਕੋਲ ਜਾਣਕਾਰੀ ਨਾ ਹੋਵੇ, ਜਾਹਲ ਉਹ ਨਹੀਂ ਹੁੰਦਾ। ਜਾਹਲ ਉਹ ਹੈ ਜਿਹੜਾ ਜਾਣਕਾਰੀ ਲੈਣੋ ਇਨਕਾਰ ਕਰ ਦਏ। ਮੈਂ ਕਿਹਾ- ਦਿਉ ਫਿਰ ਜਾਣਕਾਰੀ। ਮੈਂ ਸਿੱਖਣ ਲਈ ਤਿਆਰ ਹਾਂ।
ਉਨ੍ਹਾਂ ਕਿਹਾ- ਚਿੱਤਰ-ਕਲਾ ਦੇ ਤਿੰਨ ਅੰਗ ਹਨ, ਪਹਿਲਾ ਹੈ ਲਕੀਰ। ਲਕੀਰ ਮਿਣੀ ਜਾ ਸਕਦੀ ਹੈ। ਜਿਹੜੀ ਚੀਜ਼ ਮਿਣੀ ਜਾ ਸਕੇ ਉਹ ਛੋਟੀ ਹੁੰਦੀ ਹੈ। ਦੂਜਾ ਅੰਗ ਹੈ ਰੰਗ। ਰੰਗ ਤੋਲਿਆ ਜਾਂਦਾ ਹੈ। ਜੋ ਤੁਲ ਜਾਵੇ ਉਹ ਛੋਟਾ ਹੁੰਦਾ ਹੈ। ਤੀਜਾ ਅੰਗ ਹੈ ਚਿੱਤਰ ਦਾ ਪ੍ਰਭਾਵ, ਉਸਦੀ ਆਭਾ, ਜਲੌ। ਆਭਾ ਨਾ ਮਿਣੀ ਜਾ ਸਕਦੀ ਹੈ ਨਾ ਤੋਲੀ, ਸੋ ਇਹ ਅਨੰਤ ਹੋਈ। ਆਭਾ ਆਰਟ ਹੈ। ਹਰਦੇਵ ਸਿੰਘ ਵਲੋਂ ਮੈਨੂੰ ਦਿੱਤੀ ਗਈ ਇਹ ਪਹਿਲੀ ਸੰਥਿਆ ਸੀ। ਲੇਖ ਪੂਰਾ ਹੋ ਗਿਆ। ਮੈਂ ਆਰਟਿਸਟ ਨਹੀਂ ਪਰ ਜਾਣ ਗਿਆ ਕਿ ਵੱਖ ਵੱਖ ਰੰਗ ਰੌਸ਼ਨੀ ਦੇ ਦੁਖ ਸੁਖ ਹਨ। ਰੌਸ਼ਨੀ, ਰੰਗਾਂ ਵਿਚ ਹੱਸਦੀ ਰੋਂਦੀ ਦਿਖਾਈ ਦੇਣ ਲੱਗੀ।
ਭਾਈ ਲਕਸ਼ਵੀਰ ਸਿੰਘ ਦੀ ਇੰਟਰਵਿਊ ਲੈਣ ਤਾਰਿਕ ਕਿਫਾਇਤੁੱਲਾ ਸਾਹਿਬ ਸਮੇਤ ਮੈਂ ਚੈਲ ਗਿਆ। ਈਰਾਨੀਆਂ ਨੇ ਗੁਰਮਤਿ ਦੀ ਜਾਣਕਾਰੀ ਲੈਣੀ ਹੋਵੇ, ਉਹ ਭਾਈ ਸਾਹਿਬ ਦਾ ਗ੍ਰੰਥ ਮੁਨਾਜਾਤਿ ਬਾਮਦਾਦੀ ਪੜ੍ਹਦੇ ਹਨ। ਇਹ ਜਪੁਜੀ ਸਾਹਿਬ ਦਾ ਫਾਰਸੀ ਨਜ਼ਮ ਵਿਚ ਤਰਜਮਾਂ ਹੈ। ਮੈਂ ਪੁੱਛਿਆ- ਜੀ ਮੁਨਾਜਾਤਿ ਬਾਮਦਾਦੀ ਮਾਇਨੇ ਕੀ ਹੁੰਦਾ ਹੈ? ਉਨ੍ਹਾਂ ਦੱਸਿਆ- ਅੰਮ੍ਰਿਤ ਵੇਲੇ ਦੀ ਨਮਾਜ਼।
ਗੁਰੁ ਨਾਨਕ ਦੇਵ ਜੀ ਦੀਆਂ ਗੱਲਾਂ ਤੁਰੀਆਂ ਤਾਂ ਭਾਈ ਸਾਹਿਬ ਬੋਲੇ- ਮਹਾਰਾਜ ਨੇ ਆਪਣੇ ਸਾਰਿਆਂ ਉੱਪਰ ਕਿੰਨੀਆਂ ਮਿਹਰਬਾਨੀਆਂ ਕੀਤੀਆਂ, ਅਜੇ ਕਰੀ ਜਾ ਰਹੇ ਹਨ, ਇਨ੍ਹਾਂ ਦੀ ਗਿਣਤੀ ਕੀਤੀ ਉਨ੍ਹਾਂ ਨੇ? ਵੱਡੇ ਸ਼ਾਹੂਕਾਰ ਨੂੰ ਪੁੱਛੋ- ਤੁਹਾਡੇ ਕੋਲ ਕਿੰਨਾ ਧਨ ਹੈ, ਉਹ ਕਹੇਗਾ ਮੈਨੰ ਕੀ ਪਤਾ, ਮੇਰੇ ਮੁਨੀਮ ਨੂੰ ਪਤਾ ਹੈ। ਆਪਣੇ ਹੱਥ ਵਹੀ (ਕਿਤਾਬ) ਦੇਖਕੇ ਲੋਕ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਨੇ। ਉਹ ਆਪਾਂ ਨੂੰ ਮਹਾਰਾਜ ਦੇ ਮੁਨੀਮ ਸਮਝਦੇ ਨੇ, ਸੋਚਦੇ ਨੇ ਇਨ੍ਹਾਂ ਤੋਂ ਕੁੱਝ ਮਿਲੇਗਾ। ਪਤਾ ਆਪਾਂ ਨੂੰ ਵੀ ਕੁੱਝ ਨਹੀਂ, ਵਹੀ ਸਦਕਾ ਇੱਜ਼ਤ ਹੋਈ ਜਾਂਦੀ ਐ।
ਫਿਰ ਕਹਿੰਦੇ- ਸੁਲਤਾਨਪੁਰ ਮੋਦੀਖਾਨੇ ਵਿਚ ਰਸਦਾਂ ਤੋਲਦਿਆਂ ਗਿਣਤੀ ਭੁੱਲ ਗਏ ਸਨ? ਗਿਣਨਾ ਨਹੀਂ ਆਉਂਦਾ ਸੀ ਤੇਰਾਂ ਤੋਂ ਅੱਗੇ? ਜਿਹੜਾ ਲੱਖ ਆਕਾਸ ਲੱਖ ਪਾਤਾਲ ਦਾ ਮਾਲਕ ਸੀ, ਕੋਹ ਕਰੋੜੀ ਚਲਤਿ ਨ ਅੰਤ ਦੇ ਪੰਧ ਤੈਅ ਕਰਿਆ ਕਰਦਾ ਸੀ, ਉਸਨੇ ਗਿਣਤੀਆਂ ਤੋਂ ਪਾਰ ਨਿਕਲਣਾ ਸੀ ਕਿਉਂਕਿ ਉਹ ਅਨੰਤ ਸੀ। ਤੇਰਾਂ ਤੇਰਾਂ ਆਖਦਿਆਂ ਉਹ ਮੋਦੀਖਾਨੇ ਦਾ ਵਹੀ ਖਾਤਾ ਛੱਡ ਗਏ, ਆਖ ਦਿੱਤਾ- ਹੁਣ ਏਸ ਨਵਾਬ ਦੌਲਤ ਖਾਨ ਦੀ ਚਾਕਰੀ ਨਹੀਂ ਕਰਨੀ, ਸੁਲਤਾਨਾਂ ਦੇ ਸੁਲਤਾਨ ਦੀ ਖਿਦਮਤ ਕਰਾਂਗੇ।
ਵੇਚਣ ਵਾਸਤੇ ਕੁੜੀ ਦੁੱਧ ਦੇ ਮੱਟ ਲਾਗੇ ਬੈਠੀ ਸੀ। ਜੁਆਨ ਆਇਆ, ਆਪਣਾ ਕਟੋਰਾ ਅੱਗੇ ਰੱਖ ਦਿੱਤਾ। ਕੁੜੀ ਨੇ ਕਟੋਰੀ ਨਾਲ ਬਰਤਨ ਭਰ ਦਿੱਤਾ। ਜੁਆਨ ਨੇ ਪੁੱਛਿਆ- ਕਿੰਨਾ ਦੁੱਧ ਪਾਇਆ? ਕੁੜੀ ਨੇ ਕਿਹਾ- ਪਤਾ ਨੀਂ। ਜੁਆਨ ਬੋਲਿਆ- ਕਿੰਨੇ ਪੈਸੇ ਹੋ ਗਏ? ਕੁੜੀ ਬੋਲੀ- ਪਤਾ ਨੀਂ। ਜੁਆਨ ਨੇ ਕਿਹਾ- ਨਾ ਤੈਨੂੰ ਪਤਾ ਦੁੱਧ ਕਿੰਨਾ ਪਾਇਆ, ਨਾ ਪਤਾ ਕਿੰਨੇ ਦਾ ਹੋ ਗਿਆ, ਫਿਰ ਤੈਨੂੰ ਪਤਾ ਕਿਸ ਗੱਲ ਦਾ ਹੈ? ਕੁੜੀ ਬੋਲੀ- ਮੈਨੂੰ ਪਤਾ ਇਸ ਗੱਲ ਦਾ ਹੈ ਕਿ ਜਿਸ ਨੂੰ ਪਿਆਰ ਕਰਦੇ ਹੋਈਏ ਉਸ ਨਾਲ ਗਿਣਤੀਆਂ ਨਹੀਂ ਕਰੀਦੀਆਂ।
ਦੇਸਾਂ ਦੇਸਾਂਤਰਾਂ ਵਿਚ ਘੁੰਮਦਿਆਂ ਭਾਈ ਮਰਦਾਨਾ ਜੀ ਨੇ ਪੁੱਛਿਆ- ਕਿੰਨੇ ਹਜ਼ਾਰ ਕੋਸ ਤਲਵੰਡੀ ਤੋਂ ਦੂਰ ਆ ਗਏ ਹਾਂ ਆਪਾਂ ਬਾਬਾ? ਬਾਬੇ ਕਹਿਆ- ਗਿਣਤੀਆਂ ਨਹੀਂ ਕਰਨੀਆਂ। ਹਫਤੇ, ਮਹੀਨੇ, ਸਾਲ ਬੀਤੇ, ਭਾਈ ਮਰਦਾਨਾ ਨੇ ਪੁੱਛਿਆ- ਕਿੰਨੇ ਬਰਸ ਬੀਤ ਗਏ ਬਾਬਾ ਆਪਾਂ ਨੂੰ ਤਲਵੰਡੀਉਂ ਤੁਰਿਆਂ? ਬਾਬੇ ਫੁਰਮਾਇਆ- ਦੱਸਿਆ ਸੀ ਨਾ ਇਕ ਵਾਰ, ਭਾਈ ਜੀ ਗਿਣਤੀਆਂ ਨਹੀਂ ਕਰਨੀਆਂ।
ਰਾਮਾ ਅਤੇ ਤਲੋਕਾ ਦੋ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰਨ ਤਲਵੰਡੀ ਸਾਬੋ ਆਏ, ਅੰਮ੍ਰਿਤ ਦੀ ਦਾਤ ਮੰਗੀ। ਅੰਮ੍ਰਿਤ ਛਕ ਕੇ ਰਾਮ ਸਿੰਘ ਅਤੇ ਤਲੋਕ ਸਿੰਘ ਹੋ ਗਏ। ਅਰਜ਼ ਕੀਤੀ- ਮਹਾਰਾਜ ਸ਼ਸਤਰ ਜੋੜ ਲਏ ਹਨ, ਸੈਨਾ ਖੜ੍ਹੀ ਕਰ ਲਈ ਹੈ, ਆਪ ਦੀ ਅਸੀਸ ਮਿਲ ਜਾਏ ਤਾਂ ਬਠਿੰਡੇ ਦਾ ਕਿਲ੍ਹਾ ਫਤਿਹ ਕਰ ਸਕਦੇ ਹਾਂ। ਅਸੀਸ ਮਿਲੀ, ਕਿਲ੍ਹਾ ਜਿੱਤ ਲਿਆ। ਦੋਵਾਂ ਨੇ ਅੱਧੋ ਅੱਧਾ ਸਾਮਾਨ ਵੰਡ ਲਿਆ। ਆਪਣੇ ਹਿੱਸੇ ਦਾ ਸਾਮਾਨ ਲੈਕੇ ਰਾਮ ਸਿੰਘ ਤਲਵੰਡੀ ਪੁੱਜ ਗਏ, ਚਰਨ ਛੁਹ ਕੇ ਕਿਹਾ- ਮਹਾਰਾਜ ਆਪ ਦੀ ਅਸੀਸ ਸਦਕਾ ਕਿਲ੍ਹਾ ਸਰ ਹੋਇਆ। ਆਪ ਦੀ ਨਜ਼ਰ ਅਸਾਂ ਦੇ ਹਿੱਸੇ ਦਾ ਇਹ ਸਾਰਾ ਸਾਮਾਨ ਹੈ। ਪ੍ਰਵਾਣ ਕਰੋ। ਮਹਾਰਾਜ ਨੇ ਪੁੱਛਿਆ- ਤਲੋਕ ਸਿੰਘ ਨਹੀਂ ਆਇਆ, ਕਿੱਥੇ ਹੈ? ਰਾਮ ਸਿੰਘ ਨੇ ਦੱਸਿਆ- ਜਿਹੜਾ ਸਾਮਾਨ ਉਸਦੇ ਹਿੱਸੇ ਆਇਆ ਉਸ ਵਿੱਚੋਂ ਦਸਵੰਧ ਕਿੰਨਾ ਕੁ ਬਣਦਾ ਹੈ, ਉਹ ਗਿਣਤੀ ਮਿਣਤੀ ਕਰਨ ਲੱਗਾ ਹੋਇਐ। ਮਹਾਰਾਜ ਹੱਸ ਪਏ, ਫੁਰਮਾਇਆ- ਜਿਹੜੇ ਗਿਣਤੀਆਂ ਵਿਚ ਪੈ ਜਾਣ ਉਹ ਛੋਟੇ ਰਹਿ ਜਾਂਦੇ ਹਨ। ਤਲੋਕ ਸਿੰਘ ਦੀ ਨਾਭਾ ਰਿਆਸਤ ਛੋਟੀ ਰਹਿ ਗਈ, ਰਾਮ ਸਿੰਘ ਵੱਡੀ ਫੂਲਕੀਆਂ ਰਿਆਸਤ ਦਾ ਮਾਲਕ ਹੋਇਆ।
ਖੁਮਾਰ ਸਾਹਿਬ ਨੇ ਕਿਹਾ- ਕਦੀ ਕਦਾਈਂ ਕਮੀਜ਼ ਮੰਗਵਾਂ ਪਹਿਨੀਏ, ਮੇਚ ਦਾ ਨਾ ਹੋਣ ਕਾਰਨ ਕਦੀ ਗੁੱਟ ਤੋਂ ਕਮੀਜ਼ ਦੇ ਬਟਣ ਖੋਲ੍ਹ ਦਿੰਦੇ ਹਾਂ, ਕਦੀ ਬੰਦ ਕਰਦੇ ਹਾਂ। ਜਿਨ੍ਹਾਂ ਦਾ ਵਜੂਦ ਵੱਡਾ, ਉਨ੍ਹਾਂ ਲਈ ਸਮਾਂ ਛੋਟਾ। ਸ਼ਿਅਰ ਕਿਹਾ-
ਕਿਊਂ ਨ ਹਸਤੀ ਕੀ ਕਲਾਈ ਕੋ ਘੁਟਨ ਮਹਿਸੂਸ ਹੋ,
ਖੀਂਚ ਕਰ ਹਮਨੇ ਹੈ ਇਸਕੋ ਵਕਤ ਪਹਿਨਾਇਆ ਹੂਆ।
ਬੋਧਵਾਕ- ਪਲ ਅਤੇ ਯੁੱਗ ਵਿੱਚ ਕੋਈ ਫਰਕ ਨਹੀਂ। ਜਿਸ ਕਰਮਾਂ ਵਾਲੇ ਪਲ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਯੁੱਗ ਹੋ ਗਿਆ। ਜਿਸ ਅਭਾਗੇ ਯੁੱਗ ਨੂੰ ਇਸ ਰਮਜ਼ ਦਾ ਪਤਾ ਨਾ ਲੱਗਾ, ਉਹ ਪਲ ਵਾਂਗ ਨਸ਼ਟ ਹੋਇਆ। ਪਲ ਅਤੇ ਯੁੱਗ ਵਿੱਚ ਫਰਕ ਨਹੀਂ। ਇਹ ਵਾਕ ਪੜ੍ਹਿਆ, ਛੋਟੇ ਸਾਹਿਬਜ਼ਾਦੇ ਯਾਦ ਆਏ ਜੋ ਯੁੱਗ ਹੋ ਗਏ। ਅਸੀਂ ਸੌ ਸਾਲ ਦੀ ਅਉਧ ਬਿਤਾ ਕੇ ਪਲ ਵਾਂਗ ਨਸ਼ਟ ਹੋਵਾਂਗੇ।
*****
(1092)