“ਇਸੇ ਤਰ੍ਹਾਂ ਦੀ ਗੱਲ ਸੰਤ ਸਿੰਘ ਸੇਖੋਂ ਨੇ ਸੁਣਾਈ। ਦੱਸਿਆ, “ਮੈਂ ਲਗਾਤਾਰ ਸੁਣਦਾ ਕਿ ...”
(23 ਮਾਰਚ 2019)
ਮੈਂਨੂੰ ਭਾਰਤ ਦੇਸ ਇਸ ਕਰਕੇ ਚੰਗਾ ਅਤੇ ਮਹਾਨ ਲਗਦਾ ਹੈ ਕਿਉਂਕਿ ਇੱਥੇ ਹਰੇਕ ਬੰਦੇ ਨੂੰ ਹਰ ਵਿਸ਼ੇ ਉੱਪਰ ਗੱਲ ਕਰਨ ਦਾ ਹੱਕ ਹੈ। ਇਸ ਹੱਕ ਦਾ ਫਾਇਦਾ ਉਠਾਉਂਦਿਆਂ ਬੁਲਾਰਾ ਉਸ ਵਿਸ਼ੇ ਉੱਪਰ ਵਧੀਕ ਗੱਲਾਂ ਕਰਦਾ ਹੈ ਜਿਸ ਬਾਰੇ ਉਸਨੂੰ ਰੰਚਕ ਮਾਤਰ ਪਤਾ ਨਹੀਂ। ਅਜਿਹੇ ਬੰਦੇ ਨੂੰ ਦਰੁਸਤ ਕਰਨ ਦਾ ਯਤਨ ਕਰੋਗੇ ਤਾਂ ਉਹ ਤੁਹਾਨੂੰ ਸੋਧ ਦਏਗਾ। ਭਾਰਤੀ ਹੋਣ ਕਾਰਨ ਤੁਹਾਡੇ ਨਾਲ ਅੱਜ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਬਾਬਤ ਮੈਂਨੂੰ ਜਾਣਕਾਰੀ ਨਹੀਂ। ਸ਼ਾਇਦ ਤੁਸੀਂ ਕੁਝ ਦੱਸ ਸਕੋ।
ਅੱਠ ਦਸ ਸਾਲ ਦੀ ਉਮਰ ਦਾ ਹੋਵਾਂਗਾ ਉਦੋਂ ਮੈਂ। ਦੁਸਹਿਰੇ ਦੇ ਲਾਗੇ ਚਾਗੇ, ਠੰਢਾਂ ਉੱਤਰਨ ਲੱਗਦੀਆਂ ਤਾਂ ਘਰ ਲਿਪੇ ਪੋਚੇ ਜਾਂਦੇ। ਕੱਚੀਆਂ ਕੰਧਾਂ ਪਾਂਡੂ ਸਦਕਾ ਚਮਕਣ ਲੱਗਦੀਆਂ। ਚੁਆਨੀ ਦਾ ਕੈਲੰਡਰ ਆਉਂਦਾ ਸੀ। ਬਾਪੂ ਜੀ ਰੁਪਈਆ ਫੜਾ ਕੇ ਆਖਦੇ - ਜਾਹ ਮੂਰਤਾਂ ਖਰੀਦ ਲਿਆ। ਸ਼ੁਰੂ-ਸ਼ੁਰੂ ਵਿੱਚ ਰਮਾਇਣ ਜਾਂ ਮਹਾਂਭਾਰਤ ਦੇ ਨਾਇਕਾਂ ਦੀਆਂ ਤਸਵੀਰਾਂ ਖਰੀਦਦੇ, ਪਰ ਇੱਕ ਵਾਰ ਮਾਂ ਨੇ ਕਿਹਾ - ਇਹ ਰਮਾਇਣ ਮਹਾਂਭਾਰਤ ਘਰਾਂ ਵਿੱਚ ਕਲੇਸ਼ ਛੇੜ ਦਿੰਦੇ ਨੇ। ਗਵਾਢੀਆਂ ਦੇ ਘਰ ਜੇ ਮਹਾਂਭਾਰਤ ਛਿੜਿਆ ਹੋਵੇ ਤਾਂ ਹੋਰ ਗੱਲ ਐ, ਆਪਣੇ ਘਰ ਨੀਂ ਛਿੜਨਾ ਚਾਹੀਦਾ। ਇਹ ਗੱਲ ਸੁਣਨ ਤੋਂ ਬਾਦ ਮੈਂ ਹਰ ਸਾਲ ਜਿਹੜੇ ਚਾਰ ਕੈਲੰਡਰ ਖਰੀਦਦਾ ਉਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ, ਛੋਟੇ ਸਾਹਿਬਜ਼ਾਦੇ, ਸੁਭਾਸ਼ ਚੰਦਰ ਬੋਸ ਤੇ ਸ੍ਰ. ਭਗਤ ਸਿੰਘ ਹੁੰਦੇ। ਅੱਠਵੀਂ ਦੀ ਕਿਤਾਬ ਵਿੱਚ ਬੋਸ ਉੱਪਰ ਲੇਖ ਪੜ੍ਹਿਆ ਤਾਂ ਪਤਾ ਲੱਗਾ ਕਿ ਉਹ ਬੰਗਾਲ ਦਾ ਸੀ। ਮੈਂ ਬੜਾ ਦੁਖੀ ਹੋਇਆ। ਬਾਪੂ ਜੀ ਨੂੰ ਇਹ ਗੱਲ ਦੱਸੀ, ਉਨ੍ਹਾਂ ਨੂੰ ਵੀ ਪਤਾ ਨਹੀਂ ਸੀ। ਉਨ੍ਹਾਂ ਕਿਹਾ - ਚਲੋ ਉਹ ਬੰਗਾਲੀ ਹੋਏਗਾ, ਫਿਰ ਆਪਾਂ ਨੂੰ ਕੀ ਫਰਕ ਪੈਂਦੇ। ਫਰਕ ਇਹ ਪੈਂਦਾ ਸੀ ਕਿ ਮੇਰਾ ਦਿਲ ਕਰਦਾ ਸੀ ਬੋਸ ਵੀ ਪੰਜਾਬੀ ਹੁੰਦਾ ਤਾਂ ਚੰਗੀ ਗੱਲ ਹੋਣੀ ਸੀ ਕਿਉਂਕਿ ਮੇਰਾ ਖਿਆਲ ਸੀ ਪੰਜਾਬ ਤੋਂ ਬਾਹਰ ਯੋਧੇ ਹੋ ਹੀ ਨਹੀਂ ਸਕਦੇ। ਤਾਂ ਵੀ, ਸੁਭਾਸ਼ ਚੰਦਰ ਬੋਸ ਦੀ ਤਸਵੀਰ ਟੰਗਣੋਂ ਰੁਕੇ ਨਹੀਂ।
ਇਸੇ ਤਰ੍ਹਾਂ ਦੀ ਗੱਲ ਸੰਤ ਸਿੰਘ ਸੇਖੋਂ ਨੇ ਸੁਣਾਈ। ਦੱਸਿਆ, “ਮੈਂ ਲਗਾਤਾਰ ਸੁਣਦਾ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵਿਰੁੱਧ ਭਿਆਨਕ ਯੁੱਧ ਸ਼ੁਰੂ ਕੀਤਾ ਹੋਇਆ ਹੈ। ਅੰਗਰੇਜ਼ਾਂ ਨੂੰ ਵਖਤ ਪਾ ਰੱਖਿਆ ਹੈ, ਗੋਰੇ ਥਰ-ਥਰ ਕੰਬਦੇ ਦੇਸ ਛੱਡਣ ਹੀ ਵਾਲੇ ਹਨ। ਗਾਂਧੀ ਜੀ ਦੇ ਲਾਹੌਰ ਆਉਣ ਦੀ ਖਬਰ ਸੁਣੀ ਤਾਂ ਮੈਂ ਵੀ ਸਾਥੀਆਂ ਸਣੇ ਉਨ੍ਹਾਂ ਨੂੰ ਦੇਖਣ ਗਿਆ। ਅਸੀਂ ਦੇਖਣ ਹੀ ਜਾਣਾ ਸੀ, ਗੱਲਬਾਤ ਦੀ ਕੀ ਸਮਝ ਸੀ? ਜਦੋਂ ਗਾਂਧੀ ਜੀ ਸਟੇਜ ਤੇ ਚੜ੍ਹੇ, ਮੈਂਨੂੰ ਦੱਸਿਆ ਗਿਆ ਕਿ ਸੋਟੀ ਤੇ ਲੰਗੋਟੀ ਵਾਲੇ ਉਹ ਗਾਂਧੀ ਜੀ ਹਨ। ਮੇਰੇ ਦਿਲ ’ਤੇ ਸੱਟ ਵੱਜੀ। ਮੈਂ ਤਾਂ ਸਮਝਦਾ ਸੀ ਕੋਈ ਉੱਚਾ ਲੰਮਾ ਯੋਧਾ ਘੋੜੇ ’ਤੇ ਸਵਾਰ ਹੋ ਕੇ ਆਏਗਾ, ਹੱਥ ਵਿੱਚ ਵੱਡੀ ਕਿਰਪਾਨ ਹੋਵੇਗੀ। ਬੱਸ ਕੋਈ ਬਾਬਾ ਬੰਦਾ ਸਿੰਘ ਵਰਗਾ ਜਰਨੈਲ ਹੋਵੇਗਾ। ਇਹ ਤਾਂ ਗੱਲ ਈ ਨਾ ਬਣੀ। ਮੈਂ ਦੁਖੀ ਹੋਇਆ।’
ਜਦੋਂ ਪੰਜ ਸੌ ਦਾ ਨੋਟ ਨਵਾਂ ਨਵਾਂ ਚੱਲਿਆ ਤਾਂ ਝਗੜਿਆਂ ਦਾ ਸਬੱਬ ਬਣ ਗਿਆ। ਸੌ ਅਤੇ ਪੰਜ ਸੌ ਦੇ ਨੋਟ ਵਿਚਕਾਰ ਵਧੀਕ ਫਰਕ ਨਹੀਂ ਸੀ। ਗਲਤੀ ਅਕਸਰ ਹੀ ਲੱਗ ਜਾਂਦੀ। ਪੰਜਾਬੀ ਟ੍ਰਿਬਿਊਨ ਦੇ ਇੱਕ ਪਾਠਕ ਨੇ ਸੰਪਾਦਕ ਦੇ ਨਾਮ ਖਤ ਲਿਖਿਆ, ਸਲਾਹ ਦਿੱਤੀ ਕਿ ਸੌ ਦੇ ਨੋਟ ਉੱਪਰ ਗਾਂਧੀ ਜੀ ਦੀ ਤਸਵੀਰ ਛਪਦੀ ਹੈ, ਜੇ ਪੰਜ ਸੌ ਦੇ ਨੋਟ ਉੱਪਰ ਬਾਬਾ ਬੰਦਾ ਸਿੰਘ ਦੀ ਤਸਵੀਰ ਛਾਪੀ ਜਾਵੇ ਫਿਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਲੱਗਣਾ ਕਿਉਂਕਿ ਦੋਵਾਂ ਦਾ ਆਪਸ ਵਿੱਚ ਕੁਝ ਨਹੀਂ ਮਿਲਦਾ।
ਪਿਛਲੇ ਦਿਨੀਂ ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਕਾਲਜ ਵਿੱਚ ਸ਼ਹੀਦ ਭਗਤ ਸਿੰਘ ਉੱਪਰ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਗੁਰਤੇਜ ਸਿੰਘ ਕੰਗ ਦਾ ਫੋਨ ਆਇਆ ਕਿ ਕਿ ਪੇਪਰ ਪੜ੍ਹਨ ਆਓ। ਮੈਂ ਦੱਸ ਦਿੱਤਾ ਕਿ ਇਸ ਵਿਸ਼ੇ ਦਾ ਮੈਂ ਵਿਦਿਆਰਥੀ ਨਹੀਂ ਹਾਂ, ਸੋ ਨਹੀਂ ਲਿਖ ਸਕਦਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸ਼ਹਾਦਤ ਦੇ ਸਿਧਾਂਤ ਬਾਰੇ ਗੱਲਾਂ ਕਰ ਦੇਣੀਆਂ। ਹਾਂ ਤਾਂ ਕਰ ਦਿੱਤੀ ਪਰ ਮੇਰੇ ਕੋਲ ਜਿਹੜੀਆਂ ਕਿਤਾਬਾਂ ਪਈਆਂ ਸਨ ਉਨ੍ਹਾਂ ਵਿੱਚ ਇਹ ਲਿਖਿਆ ਹੋਇਆ ਸੀ ਕਿ ਸ਼ਹੀਦ ਧਰਮੀ ਬੰਦਾ ਹੁੰਦਾ ਹੈ ਜਿਹੜਾ ਰੱਬੀ ਹੁਕਮ ਦੀ ਪਾਲਣਾ ਕਰਦਿਆਂ ਆਪਣੀ ਜਾਨ ਨਿਛਾਵਰ ਕਰੇ, ਦੁਨੀਆਂਦਾਰੀ ਦੀ ਗਰਜ਼ ਨਾ ਹੋਵੇ। ਇਹ ਪਰਿਭਾਸ਼ਾਵਾਂ ਭਗਤ ਸਿੰਘ ਦੀ ਸ਼ਹਾਦਤ ਨਾਲ ਮੇਲ ਨਹੀਂ ਖਾਂਦੀਆਂ। ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਦੇਸ਼ ਭਗਤੀ ਨੂੰ ਭਗਤ ਸਿੰਘ ਦਾ ਧਰਮ ਮੰਨ ਲਵਾਂ ਤਾਂ ਸ਼ਾਇਦ ਗੱਲ ਸਮਝ ਵਿੱਚ ਆ ਜਾਵੇ। ਇਹ ਵੀ ਸੋਚਿਆ ਕਿ ਚਲੋ ਗੱਲ ਨਾ ਬਣੀ ਤਾਂ ਸ਼ਹੀਦ ਬਾਬਤ ਕੁਝ ਸੁਣਨ ਦਾ ਲਾਭ ਮਿਲੇਗਾ ਕਿਉਂਕਿ ਜਗਮੋਹਨ ਸਿੰਘ, ਇਰਫਾਨ ਸਾਹਿਬ ਅਤੇ ਆਤਮਾ ਰਾਮ ਵਰਗੀਆਂ ਨਾਮਵਰ ਹਸਤੀਆਂ ਆ ਰਹੀਆਂ ਹਨ। ਭਗਤ ਸਿੰਘ ਸ਼ਹੀਦ ਦੇ ਸਭ ਮੁਰੀਦ ਮਾਰਕਸੀ ਹਨ। ਇੱਕ ਪ੍ਰੋਫੈਸਰ ਨੇ ਕਹਿ ਦਿੱਤਾ ਕਿ ਸ਼ਹੀਦ ਦਾ ਰੱਬ ਵਿੱਚ ਵਿਸਵਾਸ਼ ਸੀ ਤਾਂ ਇਸ ਗੱਲ ਦਾ ਬੁਰਾ ਮਨਾਇਆ ਗਿਆ, ਉਸਦੀ ਲਿਖਤ ‘ਮੈਂ ਨਾਸਤਕ ਕਿਉਂ ਹਾਂ’ ਦਾ ਕਈ ਵਾਰ ਜ਼ਿਕਰ ਹੋਇਆ। ਇਸ ਗੱਲ ਦੀ ਵੀ ਚਰਚਾ ਹੋਈ ਕਿ ਪਾਰਲੀਮੈਂਟ ਵਿੱਚ ਉਸਦਾ ਬੁੱਤ ਪੱਗ ਵਾਲਾ ਕਿਉਂ ਸਥਾਪਤ ਕੀਤਾ ਗਿਆ ਹੈ।
ਮੇਰੇ ਪ੍ਰਸ਼ਨ ਹਨ - ਮੈਂ ਗੁਰਦੁਆਰੇ ਮੱਥਾ ਟੇਕਣ ਜਾਂਦਾ ਹਾਂ, ਪਾਠ ਕਰਦਾ ਹਾਂ, ਬੇਸ਼ੱਕ ਪੱਕਾ ਨਮਾਜ਼ੀ ਨਹੀਂ। ਜੇ ਮੈਂਨੂੰ ਰੱਬ ਵਿੱਚ ਵਿਸ਼ਵਾਸ ਹੈ ਤਾਂ ਕੀ ਮੈਂ ਭਗਤ ਸਿੰਘ ਦੀ ਕਦਰ ਕਰਨ ਦਾ ਹੱਕ ਗੁਆ ਬੈਠਾ ਹਾਂ? ਇਤਰਾਜ਼ ਹੈ ਕਿ ਦਸਤਾਰ ਸਜਾ ਕੇ ਭਗਤ ਸਿੰਘ ਦਾ ਬੁੱਤ ਕਿਉਂ ਲਾਇਆ ਗਿਆ। ਮੇਰਾ ਸਵਾਲ ਹੈ ਕਿ ਦਸਤਾਰ ਦੀ ਥਾਂ ਜੇ ਟੋਪੀ ਵਾਲਾ ਬੁੱਤ ਲੱਗ ਜਾਂਦਾ ਕੀ ਫਿਰ ਠੀਕ ਸੀ? ਕੀ ਭਗਤ ਸਿੰਘ ਬੁੱਤ ਪ੍ਰਸਤੀ ਦਾ ਹਮਾਇਤੀ ਸੀ? ਏਸ਼ੀਆ ਦੇ ਸਾਰੇ ਮਹਾਰਾਜੇ ਅਤੇ ਯੁਵਰਾਜ ਕੇਸਾਧਾਰੀ ਹੁੰਦੇ ਸਨ। ਜਿਸ ਨੇ ਕੇਸ ਰੱਖੇ ਹੋਣ, ਹਿਫਾਜ਼ਤ ਵਾਸਤੇ ਦਸਤਾਰ ਉਸ ਲਈ ਲਾਜ਼ਮੀ ਹੈ। ਦਸਤਾਰ ਦੇ ਮਾਇਨੇ ਸ਼ਾਨ, ਰਾਜਭਾਗ, ਅਣਖ ਆਦਿਕ ਸਭ ਹਨ। ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਦੋ ਢਾਡੀ ਨੱਥਮੱਲ ਤੇ ਅਬਦੁੱਲ ਸਨ ਜਿਨ੍ਹਾਂ ਨੇ ਵਾਰ ਰਚੀ ਤੇ ਗਾਈ-
ਦੋ ਤਲਵਾਰੀਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ।
ਪੱਗ ਤੇਰੀ, ਕੀ ਜਹਾਂਗੀਰ ਦੀ।
ਪੱਗ ਜਹਾਂਗੀਰ ਵੀ ਬੰਨ੍ਹਦਾ ਸੀ ਪਰ ਢਾਡੀਆਂ ਅਨੁਸਾਰ ਜੋ ਸ਼ਾਨ ਗੁਰੂ ਜੀ ਦੀ, ਉਹ ਜਹਾਂਗੀਰ ਦੀ ਕਿੱਥੇ? ਲਾਜਪਤ ਰਾਇ ਲਾਲਾ ਹੋ ਕੇ ਵੀ ਦਸਤਾਰ ਸਜਾ ਰਹੇ ਹਨ ਤਾਂ ਭਗਤ ਸਿੰਘ ਦੀ ਦਸਤਾਰ ਕਾਰਨ ਕੀ ਬੇਅਦਬੀ ਹੋ ਗਈ, ਮੈਂਨੂੰ ਪਤਾ ਨਹੀਂ ਲੱਗਦਾ। ਇਹ ਵੀ ਕਿਹਾ ਗਿਆ ਕਿ ਦਸਤਾਰ ਬੰਨ੍ਹੀ ਦਿਖਾ ਕੇ ਕੁਝ ਸਵਾਰਥੀ ਨੇਤਾ ਸਿਆਸਤ ਕਰ ਰਹੇ ਹਨ। ਮੇਰਾ ਸਵਾਲ ਹੈ ਕਿ ਸਿਆਸਤ ਕਰਨ ਤੋਂ ਕੌਣ ਕਿਸੇ ਨੂੰ ਰੋਕ ਸਕਦਾ ਹੈ? ਲੋਕ ਤਾਂ ਧਰਮ ਦੇ ਨਾਮ ’ਤੇ ਸ਼ਹੀਦ ਹੋਣ ਵਾਲੇ ਸ਼ਹੀਦਾਂ ਰਾਹੀਂ ਸਿਆਸਤ ਦੀ ਖੱਟੀ ਖਾ ਰਹੇ ਹਨ, ਭਗਤ ਸਿੰਘ ਦੀ ਸ਼ਹਾਦਤ ਤਾਂ ਹੈ ਹੀ ਸਿਆਸੀ ਮੰਤਵ ਦੀ ਪ੍ਰਾਪਤੀ ਵਾਸਤੇ ਸੀ? ਜਾਂ ਫਿਰ ਇਸਦਾ ਇਹ ਅਰਥ ਹੋ ਸਕਦਾ ਹੈ ਕਿ ਖੱਬੀਆਂ ਮਾਰਕਸੀ ਧਿਰਾਂ ਨੂੰ ਤਾਂ ਸ਼ਹੀਦ ਦੇ ਨਾਮ ਉੱਪਰ ਸਿਆਸਤ ਕਰਨ ਦਾ ਅਧਿਕਾਰ ਹੈ, ਹੋਰ ਕਿਸੇ ਨੂੰ ਨਹੀਂ।
ਸ੍ਰ. ਭਗਤ ਸਿੰਘ ਨੇ ਅੰਗੇਰਜ਼ੀ ਸਟੇਟ ਵਿਰੁੱਧ ਯੁੱਧ ਕੀਤਾ। ਸ੍ਰ. ਭਗਤ ਸਿੰਘ ਦੇ ਨਾਮ ਉੱਪਰ ਜਿਹੜੀਆਂ ਲਿਖਤਾਂ ਛਾਪੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਦਰਜ ਹੈ ਕਿ ਅੰਗਰੇਜ਼ਾਂ ਤੋਂ ਬਾਦ ਜਿਹੜੀ ਸਟੇਟ ਬਣੇਗੀ ਉਹ ਵਪਾਰੀ ਵਰਗ ਦੀ ਹੋਵੇਗੀ ਤੇ ਲੁੱਟ ਖਸੁੱਟ ਘਟੇਗੀ ਨਹੀਂ। ਇਸ ਗੱਲ ਦਾ ਉਸ ਨੂੰ ਪਤਾ ਸੀ ਤਾਂ ਸ਼ਹਾਦਤ ਦਾ ਕੀ ਅਰਥ ਰਹਿ ਗਿਆ? ਉਸ ਨੂੰ ਚਾਹੀਦਾ ਸੀ ਰੂਸ ਦੀ ਤਰਜ਼ ਦਾ ਇਨਕਲਾਬ ਲਿਆਉਣ ਲਈ ਸੰਘਰਸ਼ ਕਰਦਾ। ਮੇਰਾ ਮਕਸਦ ਸ਼ਹੀਦ ਨੂੰ ਨਸੀਹਤਾਂ ਦੇਣ ਦਾ ਨਹੀਂ, ਉਸਦੇ ਮੁਰੀਦ ਉਸ ਨੂੰ ਜਿਹੋ ਜਿਹਾ ਦਿਖਾ ਰਹੇ ਹਨ, ਇਹ ਜਾਣਨ/ਦੱਸਣ ਦੀ ਮੇਰੀ ਇੱਛਾ ਹੈ।
ਇਹ ਵਿਵਾਦ ਨਿਰੰਤਰ ਜਾਰੀ ਹੈ ਕਿ ਸ਼ਹੀਦ ਦੇ ਨਾਮ ਹੇਠ ਛਾਪਣ ਵਾਲੀਆਂ ਲਿਖਤਾਂ ਉਸਦੀਆਂ ਹਨ ਵੀ ਕਿ ਨਹੀਂ। ਮੈਂਨੂੰ ਇਸ ਵਿਵਾਦ ਵਿੱਚ ਕਦੀ ਦਿਲਚਸਪੀ ਨਹੀਂ ਰਹੀ। ਭਗਤ ਸਿੰਘ ਨੇ ਜੇ ਇੱਕ ਸਤਰ ਵੀ ਨਾ ਲਿਖੀ ਹੁੰਦੀ, ਉਸ ਪ੍ਰਤੀ ਸਤਿਕਾਰ ਵਿੱਚ ਤਾਂ ਵੀ ਫਰਕ ਨਹੀਂ ਪੈਣਾ ਸੀ। ਸਾਹਿਬਜ਼ਾਦਿਆਂ ਦੀ ਕੋਈ ਲਿਖਤ ਸਾਡੇ ਕੋਲ ਨਹੀਂ ਤਾਂ ਵੀ ਪੋਹ ਦੇ ਮਹੀਨੇ ਸਰਹਿੰਦ ਦੀ ਸਭਾ ਦੱਸ ਦਿੰਦੀ ਹੈ ਕਿ ਉਨ੍ਹਾਂ ਨੇ ਵੱਡਾ ਕਾਰਨਾਮਾ ਕੀਤਾ ਸੀ। ਮੈਂ ਉਨ੍ਹਾਂ ਵਿੱਚੋਂ ਵੀ ਨਹੀਂ ਹਾਂ ਜਿਹੜੇ ਆਖਦੇ ਹਨ ਕਿ ਭਗਤ ਸਿੰਘ ਸ਼ਹੀਦ ਤਾਂ ਹੈ ਪਰ ਉਸਦਾ ਸਥਾਨ ਪੌੜੀ ਦੇ ਹੇਠਲੇ ਪਹਿਲੇ ਡੰਡੇ ਦਾ ਹੈ। ਸ਼ਹਾਦਤ ਦੇ ਆਕਾਸ਼ ਉੱਪਰ ਚੜ੍ਹਨ ਵਾਸਤੇ ਪੌੜੀਆਂ ਲੱਗ ਗਈਆਂ ਹਨ ਮੈਂਨੂੰ ਇਸਦਾ ਪਤਾ ਨਹੀਂ।
ਸ੍ਰੀਮਤੀ ਇੰਦਰਾ ਗਾਂਧੀ ਅਤੇ ਸ੍ਰੀ ਬੇਅੰਤ ਸਿੰਘ ਨੂੰ ਸਟੇਟ ਵੱਲੋਂ ਸ਼ਹੀਦ ਕਰਾਰ ਦਿੱਤਾ ਗਿਆ ਹੈ। ਮਹਾਤਮਾ ਗਾਂਧੀ ਨੂੰ ਸ਼ਹੀਦ ਨਹੀਂ ਕਿਹਾ ਜਾਂਦਾ।। ਮੇਰਾ ਇੱਕ ਸਵਾਲ ਇਹ ਵੀ ਹੈ ਕਿ ਸ਼ਹਾਦਤ ਦਾ ਰੁਤਬਾ ਹਾਸਲ ਕਰਨ ਵਾਸਤੇ ਕੀ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੀ? ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਰਾਸ਼ਟਰ ਪਿਤਾ ਦੀ ਹੱਤਿਆ ਆਪਣੇ ਦੇਸ਼ਵਾਸੀਆਂ ਨੇ ਕੀਤੀ, ਪਹਿਲੇ ਦੋ ਸ਼ਹੀਦ ਹਨ ਪਰ ਗਾਂਧੀ ਜੀ ਕਾ 'ਵਧ' ਹੂਆ ਥਾ, ਕਿਹਾ ਜਾਂਦਾ ਹੈ।
ਜਦੋਂ ਕੋਈ ਮੈਂਨੂੰ ਦੱਸਦਾ ਹੈ ਕਿ ਗੁਰੂ ਨਾਨਕ ਦੇਵ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਸਨ ਤਾਂ ਮੈਂਨੂੰ ਖੁਸ਼ੀ ਹੁੰਦੀ ਹੈ। ਉਨ੍ਹਾਂ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਦੀ ਤਸਵੀਰ ਦਾ ਵੀ ਇਹੋ ਸੁਨੇਹਾ ਹੈ ਕਿ ਇਸਲਾਮੀ ਤੇ ਵੈਦਿਕ ਸੱਭਿਅਤਾਵਾਂ ਉਨ੍ਹਾਂ ਪਿੱਛੇ ਤੁਰੀਆਂ। ਗੁਰੂ ਸਾਹਿਬਾਨ ਦਾ ਸਤਿਕਾਰ ਕਰਨ ਵਾਲੇ ਬੰਦੇ ਲਈ ਅੰਮ੍ਰਿਤ ਛਕਣਾ ਲਾਜ਼ਮੀ ਨਹੀਂ। ਕਾਰਲ ਮਾਰਕਸ ਦਾ ਮੱਤ ਸਵੀਕਾਰ ਕਰਨ ਬਗੈਰ ਕੀ ਮੈਂਨੂੰ ਸ਼ਹੀਦ ਭਗਤ ਸਿੰਘ ਨੂੰ ਪਿਆਰ ਨਾਲ ਯਾਦ ਕਰਨ ਦਾ ਅਧਿਕਾਰ ਮਿਲ ਜਾਏਗਾ?
ਸ੍ਰ. ਭਗਤ ਸਿੰਘ ਸਟੇਟ ਦਾ ਵਿਰੋਧੀ ਸੀ। ਉਸਦੇ ਮੁਰੀਦ ਵੀ ਸਟੇਟ ਦੇ ਵਿਰੋਧੀ ਹਨ। ਦੋਵੇਂ ਦਿਨ ਸਟੇਟ ਨੂੰ ਲਗਾਤਾਰ ਨਿੰਦਿਆ ਗਿਆ। ਇਸ ਸੈਮੀਨਾਰ ਵਾਸਤੇ ਦੋ ਲੱਖ ਰੁਪਇਆ ਸਟੇਟ ਨੇ ਦਿੱਤਾ ਸੀ। ਭਗਤ ਸਿੰਘ, ਸੁਖਦੇਵ, ਰਾਜਗੁਰੂ ਜਾਂ ਸੁਭਾਸ਼ ਚੰਦਰ ਬੋਸ ਨੇ ਕੀ ਸਟੇਟ ਤੋਂ ਕਦੀ ਪੈਸੇ ਲਏ ਸਨ? ਕੀ ਸਟੇਟ ਆਪਣੇ ਦੁਸ਼ਮਣਾਂ ਦੀ ਮਾਇਕ ਮਦਦ ਕਰਿਆ ਕਰਦੀ ਹੈ?
ਮੇਰੇ ਇਨ੍ਹਾਂ ਥੋੜ੍ਹੇ ਕੁ ਸਵਾਲਾਂ ਦਾ ਜਵਾਬ ਮਿਲੇ ਤਾਂ ਧੰਨ ਭਾਗ। ਬ੍ਰਦਰਜ਼ ਕਰੋਮੋਜ਼ੋਵ ਦੇ ਪਾਤਰ ਦੀ ਬੇਨਤੀ ਹੈ, ‘ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਕਰੋੜਪਤੀ ਹੋਣਾ ਚਾਹੁੰਦੇ ਹਨ। ਮੇਰੀ ਇੱਛਾ ਹੈ ਮੇਰੇ ਕੁਝ ਸਵਾਲਾਂ ਨੂੰ ਉਨ੍ਹਾਂ ਦਾ ਜਵਾਬ ਮਿਲ ਜਾਏ।’
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1523)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)