HarpalSPannu7ਮੈਨੂੰ ਇਉਂ ਲੱਗਾ ਜਿਵੇਂ ਕੋਈ ਅਪਰਾਧੀਵਾਅਦਾ ਮੁਆਫ ਗਵਾਹ ਬਣ ਗਿਆ ਹੋਵੇ। ...
(16 ਅਪਰੈਲ 2018)

 

ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲ ਗਈ। ਇਸ ਵਿਚ ਗੁਰੂ ਜੀ ਦੇ ਪਰਿਵਾਰ ਨੂੰ ਪਰਦੇ ਉੱਪਰ ਸਾਕਾਰ ਕਰਨ ਵਾਸਤੇ ਮਰਦਾਂ ਔਰਤਾਂ ਨੇ ਰੋਲ ਕੀਤੇ ਸਨ। ਜਿਸ ਲੜਕੀ ਨੇ ਬੇਬੇ ਨਾਨਕੀ ਦੀ ਭੂਮਿਕਾ ਨਿਭਾਈ ਉਹ ਸਿੱਕੇ ਦੀ ਧੀ ਹੈ ਤੇ ਮਾਡਲਿੰਗ ਕਰਦੀ ਹੈ। ਮਾਡਲਿੰਗ ਕਰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਖੂਬ ਘੁੰਮੀਆਂ।

ਹਰ ਵੱਡੀ ਘਟਨਾ ਵਕਤ ਲੋਕਾਂ ਦਾ ਦੋ ਹਿੱਸਿਆਂ ਵਿਚ ਵੰਡੇ ਜਾਣਾ ਸੁਭਾਵਿਕ ਹੁੰਦਾ ਹੈ। ਇੱਕ ਵਰਗ ਕਹਿ ਰਿਹਾ ਹੈ ਕਿ ਸਿੱਖੀ ਦਾ ਵਿਸਤਾਰ ਫਿਲਮਾਂ ਰਾਹੀਂ ਬਿਹਤਰ ਹੋ ਸਕਦਾ ਹੈ ਪਰ ਦੂਜੀ ਧਿਰ ਇਸ ਨੂੰ ਵਿਨਾਸਕਾਰੀ ਸਮਝਦੀ ਹੈ। ਅਸੀਂ ਦੇਖਣਾ ਹੈ ਕਿ ਅਸੂਲਨ ਕੀ ਸਹੀ ਹੈ, ਕੀ ਗਲਤ।

ਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬੀ ਸੁਭਾ ਅਤੇ ਪੰਜਾਬੀ ਕਲਚਰ ਦਾ ਇਤਿਹਾਸ ਦੇਖੀਏ। ਦੁਨੀਆਂ ਨਾਲ ਮੁਕਾਬਲਾ ਕਰੀਏ ਤਾਂ ਪੁਰਾਤਨ ਪੰਜਾਬ ਵਿੱਚ ਨਾ ਸਟੇਜ ਦਾ ਵਿਕਾਸ ਹੋਇਆ ਨਾ ਚਿਤਰਕਾਰੀ ਦਾ। ਰਿਗਵੇਦ ਵਿੱਚ ਕਥਨ ਹੈ- “ਇੱਥੋਂ ਦੇ (ਸਿੰਧਵਾਦੀ) ਮੂਲਵਾਸੀ (ਦ੍ਰਾਵਿੜ) ਮਰਦ, ਔਰਤਾਂ ਵਾਂਗ ਬੇਸ਼ਰਮੀ ਨਾਲ ਨੱਚਦੇ ਹਨ।” ਸਪਸ਼ਟ ਹੋਇਆ ਕਿ ਆਰੀਆ ਕਲਚਰ ਨੂੰ ਨਾਚ ਚੰਗਾ ਨਹੀਂ ਲੱਗਾ। ਆਰੀਆ ਕਲਚਰ ਵਿੱਚ ਕੇਵਲ ਗਿੱਧਾ ਅਤੇ ਭੰਗੜਾ ਪ੍ਰਚੱਲਿਤ ਹੋਇਆ। ਸਟੇਜ ਜੇ ਮਾੜੀ ਮੋਟੀ ਵਿਕਸਿਤ ਹੋਈ, ਕੇਵਲ ਮਰਾਸੀਆਂ ਰਾਹੀਂ, ਉਹ ਵੀ ਮਸ਼ਕਰੀਆਂ ਤੱਕ ਮਹਿਦੂਦ ਰਹੀ। ਮਿਸਿਜ਼ ਨੋਰਾ ਰਿਚਰਡ ਇਸ ਗੱਲੋਂ ਹੈਰਾਨ ਹੋਈ ਕਿ ਦੁਨੀਆਂ ਵਿਚ ਇਕ ਕੌਮ ਅਜਿਹੀ ਵੀ ਹੈ ਜਿੱਥੇ ਸਟੇਜ ਸੰਪੂਰਨ ਗੈਰਹਾਜ਼ਰ ਹੈ। ਸਾਲ 1913 ਵਿੱਚ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ‘ਦੁਲਹਨ’ ਨੋਰਾ ਰਿਚਰਡ ਦੇ ਨਿਰਦੇਸ਼ਨ ਰਾਹੀਂ ਪਹਿਲੀ ਵਾਰ ਸਟੇਜ ਉੱਪਰ ਖੇਡੀ ਗਈ। ਸਾਬਤ ਹੋਇਆ ਕਿ ਰਿਗਵੇਦ ਤੋਂ ਨੋਰਾ ਤੱਕ ਸਟੇਜ ਨਹੀਂ ਸੀ।

ਫਿਲਮ ਅਤੇ ਸਟੇਜ ਦਾ ਦੌਰ ਸ਼ੁਰੂ ਹੋਇਆ ਤਾਂ ਸੁਭਾਵਿਕ ਹੈ ਕਈਆਂ ਨੂੰ ਪਰਚਾਰ ਦਾ ਇਹ ਮਾਧਿਅਮ ਉੱਤਮ ਲੱਗਿਆ ਅਤੇ ਸਿੱਖ ਇਤਿਹਾਸ ਦਾ ਸਟੇਜੀਕਰਣ ਅਤੇ ਫਿਲਮਾਂਕਣ ਉਤਸ਼ਾਹਿਤ ਹੋਣ ਲੱਗਾ। ਇਸ ਸਮੱਸਿਆ ਨੂੰ ਦੇਖਦਿਆਂ 1944 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਪਣੇ ਆਮ ਇਜਲਾਸ ਵਿਚ ਮਤਾ ਪਾਸ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਸਟੇਜ ਉੱਪਰ ਦਿਖਾਇਆ ਜਾਵੇਗਾ ਨਾ ਫਿਲਮਾਂਕਣ ਹੋਏਗਾ। ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਅਤੇ ਅੱਜ ਤੱਕ ਲਾਗੂ ਹੈ।

ਬਕੌਲ ਜਥੇਦਾਰ ਸੁਖਦੇਵ ਸਿੰਘ ਭੌਰ, ਸਾਬਕ ਸਕੱਤਰ ਸ਼੍ਰੋਮਣੀ ਕਮੇਟੀ, ਜਿਨ੍ਹਾਂ 35 ਸਿੱਖ ਨੁਮਾਇੰਦਿਆਂ ਨੂੰ ਪਹਿਲੀ ਵਾਰ ਇਹ ਫਿਲਮ ਦਿਖਾਈ ਗਈ, ਉਨ੍ਹਾਂ ਵਿਚ ਭੌਰ ਸਾਹਿਬ ਵੀ ਸਨ। ਹਾਜ਼ਰੀਨ ਨੂੰ ਸ਼੍ਰੀ ਸਿੱਕਾ ਨੇ ਦੱਸਿਆ ਕਿ ਇਹ ਫਿਲਮ ਸ. ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇਖ ਚੁੱਕੇ ਹਨ ਤੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਸਿੱਕਾ ਨੇ ਪੜਤਾਲੀਆ ਟੀਮ ਨੂੰ ਸਿੰਘ ਸਾਹਿਬ ਵੱਲੋਂ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਦਿਖਾਇਆ।

ਇਸੇ ਤਰ੍ਹਾਂ ਦਾ ਤਮਾਸ਼ਾ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵੇਲੇ ਹੋਇਆ ਸੀ। ਸਿੰਘ ਸਾਹਿਬ ਨੇ ਕਲੀਨ ਚਿੱਟ ਦੇ ਦਿੱਤੀ ਸੀ। ਪੰਥ ਵਿਚ ਜ਼ਬਰਦਸਤ ਰੋਸ ਫੈਲਿਆ ਤਾਂ ਮੁਆਫੀਨਾਮਾ ਵਾਪਸ ਵੀ ਹੋ ਗਿਆ। ਉੱਧਰ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਨੇ ਤਾਂ ਕਿਸੇ ਤੋਂ ਮਾਫੀ ਮੰਗੀ ਹੀ ਨਹੀਂ!!!

ਡੇਰਾ ਸਿਰਸਾ ਦਾ ਡਰਾਮਾ ਸਮਝ ਵਿਚ ਆ ਗਿਆ ਕਿ ਵੋਟ ਸਿਆਸਤ ਨੇ ਅਜਿਹਾ ਕਾਰਾ ਕਰਵਾਇਆ ਪਰ ਇਸ ਫਿਲਮ ਨੂੰ ਸਿੰਘ ਸਾਹਿਬ ਵਲੋਂ ਹਰੀ ਝੰਡੀ ਦੇਣ ਪਿੱਛੇ ਕੀ ਕਾਰਨ ਸਨ, ਸਮਝ ਨਹੀਂ ਆ ਰਿਹਾ। ਪ੍ਰੋਡਿਊਸਰ ਸਿੱਕਾ ਬਾਦਲਾਂ ਦਾ ਰਿਸ਼ਤੇਦਾਰ ਤਾਂ ਹੈ ਨਹੀਂ, ਫਿਰ ਇੰਨੀ ਵੱਡੀ ਤੇ ਖਤਰਨਾਕ ਰਿਆਇਤ ਕਿਉਂ?

ਮੁੱਖ ਸਕੱਤਰ ਨੇ ਕਮੇਟੀ ਲੈਟਰ-ਹੈੱਡ ਉੱਪਰ ਪ੍ਰਦਰਸ਼ਨੀ ਦੀ ਪ੍ਰਵਾਨਗੀ ਦਿੱਤੀ, ਗੁਰਦੁਆਰਿਆਂ ਵਿਚ ਇਸ਼ਤਿਹਾਰ ਲਾਉਣ ਦੀ ਹਦਾਇਤ ਮੈਨੇਜਰਾਂ ਨੂੰ ਕੀਤੀ, ਡਾਇਰੈਕਟਰ ਐਜੂਕੇਸ਼ਨ ਸ. ਜਤਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਨੂੰ ਸਰਕੁਲਰ ਭੇਜਿਆ ਕਿ ਵਿਦਿਆਰਥੀਆਂ ਨੂੰ ਫਿਲਮ ਦੇਖਣ ਲਈ ਉਤਸ਼ਾਹਿਤ ਕਰੋ। ਸੰਗਤ ਵਿਚ ਗੁੱਸੇ ਦੀ ਪ੍ਰਚੰਡ ਲਹਿਰ ਦੇਖੀ ਤਾਂ ਸਾਰੇ ਪੱਤਰ ਅਤੇ ਸਰਕੁਲਰ ਵਾਪਸ ਲੈਣ ਅਤੇ ਖਿਮਾ ਮੰਗਣ ਦਾ ਐਲਾਨ ਆ ਗਿਆ। ਮੈਨੂੰ ਇਉਂ ਲੱਗਾ ਜਿਵੇਂ ਕੋਈ ਅਪਰਾਧੀ, ਵਾਅਦਾ ਮੁਆਫ ਗਵਾਹ ਬਣ ਗਿਆ ਹੋਵੇ।

ਇਹ ਸਾਰਾ ਕੁਝ ਹੋਇਆ ਅਤੇ ਹੋ ਰਿਹਾ ਹੈ, ਸ਼੍ਰੋਮਣੀ ਕਮੇਟੀ ਹਾਊਸ ਦੇ 170 ਚੁਣੇ ਹੋਏ ਮੈਂਬਰ ਹਨ, ਉਨ੍ਹਾਂ ਵਿੱਚੋਂ ਕਿਸੇ ਦਾ ਇਸ ਸਮੱਸਿਆ ਬਾਰੇ ਪ੍ਰਤੀਕਰਮ ਨਹੀਂ ਆਇਆ। ਉਹ ਕੀ ਸੋਚ ਰਹੇ ਹਨ, ਕੀ ਕਰ ਰਹੇ ਹਨ, ਪਤਾ ਤਾਂ ਲੱਗੇ? ਸੰਗਤ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਹੈ, ਉਹ ਕਦੋਂ ਜ਼ਬਾਨ ਖੋਲ੍ਹਣਗੇ?

**

 

 

‘ਨਾਨਕ ਸ਼ਾਹ ਫਕੀਰ’ ਫਿਲਮ ਦਾ ਰੇੜਕਾ --- ਡਾ. ਹਰਪਾਲ ਸਿੰਘ ਪੰਨੂ

”ਸੱਬ ਕਮੇਟੀ ਵੱਲੋਂ ਮਨਜ਼ੂਰਸ਼ੁਦਾ ਧਾਰਮਿਕ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਚਾਰ ਲਈ ...
(11 ਅਪਰੈਲ 2018)

 

NanakSFakirAB2

 

ਉਕਤ ਫਿਲਮ ਦੀ ਪ੍ਰੋਡਕਸ਼ਨ ਵਾਸਤੇ ਹਰਿੰਦਰ ਸਿੰਘ ਸਿੱਕਾ ਨੇ 2014 ਤੋਂ ਵਿਉਂਤਬੰਦੀ ਸ਼ੁਰੂ ਕੀਤੀ। ਵਕਤ ਬਵਕਤ ਜਥੇਦਾਰਾਂ ਨੂੰ ਮਿਲਕੇ ਸਕੀਮ ਸਮਝਾਉਂਦਾ ਰਿਹਾ ਤੇ ਪ੍ਰਵਾਨਗੀ ਮੰਗਦਾ ਰਿਹਾ। ਪ੍ਰਵਾਨਗੀ ਲੈਣ ਵਾਸਤੇ ਕੀ ਉਸਨੇ ਇਹ ਸਪਸ਼ਟ ਕੀਤਾ ਸੀ ਕਿ ਫਿਲਮ ਵਿਚ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਭੂਮਿਕਾ ਅਭਿਨੇਤਾ ਅਤੇ ਅਭਿਨੇਤਰੀਆਂ ਮਰਦ ਔਰਤਾਂ ਨਿਭਾਉਣਗੇ? ਕੀ ਜਥੇਦਾਰਾਂ ਨੇ ਇਹ ਪਰਵਾਨਗੀ ਦਿੱਤੀ ਸੀ? ਜੇ ਆਗਿਆ ਦਿੱਤੀ ਸੀ ਤਦ ਭਾਰੀ ਕੁਤਾਹੀ ਤੇ ਗੈਰਜ਼ਿੰਮੇਵਾਰੀ ਹੈ, ਜੇ ਨਹੀਂ ਤਾਂ ਭਾਰੇ ਬਜਟ ਦੀ ਫਿਲਮ ਬਿਨਾਂ ਆਗਿਆ ਬਣਾਉਣ ਦਾ ਜੋਖਿਮ ਸਿੱਕਾ ਨੇ ਕਿਉਂ ਉਠਾਇਆ?

ਐਨੀਮੇਸ਼ਨ ਦੇ ਰੂਪ ਵਿਚ ਚਾਰ ਸਾਹਿਬਜ਼ਾਦੇ ਫਿਲਮ ਲੋਕਾਂ ਨੇ ਭਾਰੀ ਦਿਲਚਸਪੀ ਨਾਲ ਦੇਖੀ ਅਤੇ ਪ੍ਰਸ਼ੰਸਾ ਕੀਤੀ। ਸਾਰੀ ਤਾਂ ਨਹੀਂ ਵਟਸਐਪ ਰਾਹੀਂ ਮੈਂ ਇਸ ਦੇ ਕੁੱਝ ਹਿੱਸੇ ਦੇਖੇ ਹਨ, ਜਿਨ੍ਹਾਂ ਵਿੱਚੋਂ ਉੱਚਕੋਟੀ ਦੀ ਕਲਾ ਦਾ ਕੋਈ ਨਮੂਨਾ ਨਹੀਂ ਦਿੱਸਿਆ।

ਨਾਨਕ ਸ਼ਾਹ ਫਕੀਰ ਬਣੀ, ਰਿਲੀਜ਼ ਹੋਣ ਤੋਂ ਪਹਿਲਾਂ ਦਿਖਾਉਣ ਦੀ ਸ਼ਰਤ ਪੂਰੀ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਥਾਪੀ ਕਲਾ ਮਾਹਿਰ ਕਮੇਟੀ ਨੂੰ ਦਿਖਾਈ। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਨੇ ਖੁਦ ਵੀ ਦੇਖੀ। ਕਮੇਟੀ ਅਤੇ ਸਿੰਘ ਸਾਹਿਬ ਨੇ ਸਭ ਅੱਛਾ ਹੈ’ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਵਲੋਂ ਕੇਵਲ ਪ੍ਰਦਰਸ਼ਨ ਦੀ ਪ੍ਰਵਾਨਗੀ ਨਹੀਂ ਮਿਲੀ, ਇਸ ਫਿਲਮ ਦੇ ਪੋਸਟਰ ਗੁਰਦੁਆਰਿਆਂ ਵਿਚ ਲਾਉਣ ਲਈ ਮੈਨੇਜਰਾਂ ਦੇ ਨਾਮ ਸਰਕੁਲਰ ਜਾਰੀ ਕੀਤਾ। ਪ੍ਰਵਾਨਗੀ ਦੇ ਪੱਤਰ ਨੰ. 21104 ਮਿਤੀ 13-05-16 ਵਿਚ ਸਿੱਕਾ ਨੂੰ ਲਿਖਿਆ ਹੈ,ਇਸ ਦਫਤਰ ਦੇ ਪੱਤਰ ਨੰ. 31424 ਮਿਤੀ 24-02-16 ਦੀ ਨਿਰੰਤਰਤਾ ਵਿਚ ਕਿਹਾ ਜਾਂਦਾ ਹੈ ਕਿ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਵਲੋਂ ਥਾਪੀ ਕਮੇਟੀ ਨੇ ਇਹ ਫਿਲਮ ਦੇਖਣ ਬਾਦ ‘ਨਾਨਕ ਸ਼ਾਹ ਫਕੀਰ’ ਰਿਲੀਜ਼ ਕਰਨ ਉੱਪਰ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਸ ਪੱਤਰ ਉੱਪਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਦੇ ਦਸਖਤ ਹਨ।

ਡਾ. ਰੂਪ ਸਿੰਘ ਮੁੱਖ ਸਕੱਤਰ ਦੇ ਦਸਖਤਾਂ ਹੇਠ ਇਕ ਸਰਕੂਲਰ ਨੰ. 11992/8 ਮਿਤੀ 19-03-18 ਜਾਰੀ ਹੋਇਆ ਜਿਸ ਵਿਚ ਗੁਰਦਵਾਰਿਆਂ ਦੇ ਮੈਨੇਜਰਾਂ ਨੂੰ ਲਿਖਿਆ ਗਿਆ,ਸ਼੍ਰੀਮਾਨ ਜੀ, ਸ. ਹਰਿੰਦਰ ਸਿੰਘ ਸਿੱਕਾ, ਪ੍ਰੋਡਿਊਸਰ ਨਾਨਕ ਸ਼ਾਹ ਫਕੀਰ, 160, ਪੌਕਿਟ 1, ਜਸੋਲਾ, ਨਵੀਂ ਦਿੱਲੀ ਵੱਲੋਂ ਪੁੱਜੀ ਪੱਤ੍ਰਿਕਾ ਦੇ ਸਬੰਧ ਵਿਚ ਲਿਖਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਸਬ ਕਮੇਟੀ ਵੱਲੋਂ ਮਨਜ਼ੂਰਸ਼ੁਦਾ ਧਾਰਮਿਕ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬਾਨ ਦੇ ਕੰਪਲੈਕਸ ਵਿਖੇ ਯੋਗ ਥਾਵਾਂ ਪੁਰ ਇਸ਼ਤਿਹਾਰ ਲਗਾਉਣ ਦੀ ਆਗਿਆ ਹੈ। ਮੈਨੇਜਰ ਗੁਰਦੁਆਰਾ ਸਾਹਿਬਾਨ ਆਪੋ ਆਪਣੀ ਹਾਜ਼ਰੀ ਵਿਚ ਢੁੱਕਵੀਂ ਜਗਾਹ ਦੇਖ ਕੇ ਇਸ਼ਤਿਹਾਰ ਲਗਵਾ ਦੇਣ ਦੀ ਕਿਰਪਾਲਤਾ ਕਰਨ।”

ਸ਼੍ਰੋਮਣੀ ਕਮੇਟੀ ਵੱਲੋਂ ਥਾਪੀ ਸੱਬ ਕਮੇਟੀ ਤੋਂ ਇਲਾਵਾ ਅਜੇ ਤੱਕ ਕਿਸੇ ਹੋਰ ਨੇ ਇਹ ਫਿਲਮ ਨਹੀਂ ਦੇਖੀ। ਰਿਲੀਜ਼ ਹੋਣ ਤੋਂ ਪਹਿਲਾਂ ਦੇਖੀ ਵੀ ਕਿਵੇਂ ਜਾ ਸਕਦੀ ਹੈ? ਪ੍ਰਚਾਰ ਵਾਸਤੇ ਫਿਲਮ ਦੇ ਟ੍ਰੇਲਰ ਸੋਸ਼ਲ ਮੀਡੀਆ ਉੱਪਰ ਪਾਏ ਤਦ ਦਰਸ਼ਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਅਤੇ ਗੁਰੂ ਪਰਿਵਾਰ ਦੇ ਜੀਆਂ ਦੇ ਰੋਲ ਐਕਟਰਾਂ ਐਕਟ੍ਰੈਸਾਂ ਨੇ ਨਿਭਾਏ ਹਨ। ਇਸ ਨਾਲ ਧਮਾਕਾ ਹੋਣਾ ਹੀ ਹੋਣਾ ਸੀ। ਮੀਡੀਆ ਉੱਪਰ ਇਤਰਾਜ਼ ਦਰ ਇਤਰਾਜ਼ ਸ਼ੁਰੂ ਹੋਏ। ਪੰਜ ਮੁਤਵਾਜ਼ੀ ਜਥੇਦਾਰਾਂ ਨੇ ਫਿਲਮ ਉੱਪਰ ਪਾਬੰਦੀ ਦੀ ਮੰਗ ਕਰ ਦਿੱਤੀ ਕਿ ਪੰਥ ਨੂੰ ਇਹ ਬੇਅਦਬੀ ਮਨਜ਼ੂਰ ਨਹੀਂ। ਹਵਾ, ਹਨੇਰੀ ਦਾ ਰੂਪ ਵਟਾਉਣ ਲੱਗੀ ਤਾਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਨੇ ਬਿਆਨ ਦਾਗ ਇੱਤਾ- ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਏਗੀ। ਸੁਪਰੀਮ ਕੋਰਟ ਨੂੰ ਅਪੀਲ ਕਰਕੇ ਕਹਾਂਗੇ ਕਿ ਪ੍ਰਵਾਨਗੀ ਵਾਪਸ ਲੈ ਕੇ ਪਾਬੰਦੀ ਲਗਾਏ।

ਫਿਲਮ ਦੇਖ ਕੇ ਰਿਲੀਜ਼ ਕਰਨ ਦੀ ਪ੍ਰਵਾਨਗੀ ਦੇਣ ਵਾਲੇ ਵੀ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ, ਹੁਣ ਪਾਬੰਦੀ ਦੀ ਮੰਗ ਕਰਨ ਵਾਲੇ ਵੀ ਇਹੋ ਸੱਜਣ!!! ਇਹ ਸਾਰਾ ਤਮਾਸ਼ਾ ਕਿਉਂ ਹੋ ਰਿਹਾ ਹੈ ਤੇ ਕੌਣ ਕਰਵਾ ਰਿਹਾ ਹੈ? ਸ਼੍ਰੋਮਣੀ ਕਮੇਟੀ ਕੋਲ ਉਹ ਕਿਹੜੇ ਲਾਸਾਨੀ ਕਲਾਪਾਰਖੂ ਹਨ ਜਿਹੜੇ ਕਦੀ ਪ੍ਰਦਰਸ਼ਨ ਦੀ ਆਗਿਆ ਦੇ ਦਿੰਦੇ ਹਨ, ਫਿਰ ਵਾਪਸ ਲੈ ਲੈਂਦੇ ਹਨ? ਜਿਸ ਸ਼੍ਰੋਮਣੀ ਕਮੇਟੀ ਨੇ ਫਿਲਮ ਦਿਖਾਉਣ ਦੀ ਆਗਿਆ ਦਿੱਤੀ, ਗੁਰਦਵਾਰਿਆਂ ਵਿਚ ਪੋਸਟਰ ਲਾਉਣ ਦੀ ਡਿਊਟੀ ਮੈਨੇਜਰਾਂ ਦੀ ਲਾਈ, ਉਸੇ ਕਮੇਟੀ ਵੱਲੋਂ ਹੁਣ ਪਾਬੰਦੀ ਦੀ ਮੰਗ ਕਰਨਾ ਨੈਤਿਕ ਅਤੇ ਕਾਨੂੰਨਨ ਕਿਵੇਂ ਜਾਇਜ਼ ਹੈ? ਵੈਸੇ ਇਨ੍ਹਾਂ ਜਥੇਦਾਰਾਂ ਦੇ ਬਿਆਨਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਹੈਸੀਅਤ ਸੁਪਰੀਮ ਕੋਰਟ ਤੋਂ ਉੱਪਰ ਹੈ। ਜਿਸ ਅਕਾਲ ਤਖਤ ਨੇ ਖੁਦ ਪ੍ਰਦਰਸ਼ਨ ਦੀ ਪ੍ਰਵਾਨਗੀ ਦਿੱਤੀ ਹੋਵੇ, ਵਿਚਾਰੀ ਸੁਪਰੀਮ ਕੋਰਟ ਉਸ ਅੱਗੇ ਕੀ ਕਰੇ?

ਜਥੇਦਾਰ ਕਿਹਾ ਕਰਦੇ ਹਨ- ਅਕਾਲ ਤਖਤ ਸਰਵੁੱਚ ਹੈ। ਕਦੀ ਕਦੀ ਅਜਿਹਾ ਬਿਆਨ ਵੀ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ- ਸ਼੍ਰੀ ਅਕਾਲ ਤਖਤ ਦੀ ਸਰਵੁੱਚਤਾ ਹੋਰ ਉੱਚੀ ਹੋਈ। ਐਤਕਾਂ ਇਹੋ ਕੁੱਝ ਹੋਇਆ।

*****

(1105)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author