HarpalSPannu7ਇਹ ਵਾਰਦਾਤ ਚੋਰੀ ਦੀ ਹੈਮੂਰਖਤਾ ਦੀ ਅਤੇ ਬੇਅਦਬੀ ਦੀ ਵੀ ...
(6 ਜਨਵਰੀ 2018)

 

GGSNapolian2

 

ਸਰਕਾਰਾਂ ਨੇ ਇਤਿਹਾਸ ਪਾਸੋਂ ਨਾ ਸਿੱਖਣਾ, ਨਾ ਇਸਦੀ ਕਦੀ ਜ਼ਰੂਰਤ ਸਮਝਣੀ, ਹਾਕਮਾਂ ਨੇ ਜਸ਼ਨ ਮਨਾਉਣੇ ਹੁੰਦੇ ਹਨ ਤੇ ਵਾਹਵਾ ਖੱਟਣੀ ਕੇਵਲ ਇੱਕ ਮਨੋਰਥ ਹੁੰਦਾ ਹੈ। ਸਰਕਾਰ ਨੂੰ ਜਸ਼ਨ ਮਨਾਉਣੋ ਕੌਣ ਰੋਕਦਾ ਹੈ, ਪਰਜਾ ਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਪਰੰਪਰਾਵਾਂ ਦੀ ਖਿੱਲੀ ਉੱਡਣ ਲੱਗੇ। ਬੀਤੇ ਦਿਨੀਂ ਅਜਿਹੀ ਹੀ ਘਟਨਾ ਘਟੀ।

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਗਿਆ, ਇਤਫਾਕਨ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦਾ ਹਫਤਾ ਵੀ ਇਹੋ ਹੈ ਜਿਸਨੂੰ ਪੰਥ ਸ਼ਹੀਦੀ-ਸਾਤਾ ਸ਼ਬਦਾਂ ਨਾਲ ਯਾਦ ਕਰਦਾ ਹੈ। ਸਰਕਾਰ ਨੇ ਦਸਮ ਪਾਤਸ਼ਾਹ ਨੂੰ ਸ਼ਰਧਾ ਨਾਲ ਯਾਦ ਕਰਦਿਆਂ ਉਨ੍ਹਾਂ ਨੂੰ ਆਲੀਸ਼ਾਨ ਘੋੜੇ ਉੱਪਰ ਸਵਾਰ ਕਰਾਉਣਾ ਸੀ, ਕਰਾ ਦਿੱਤੇ। ਇਹ ਤਾਂ ਲੋਕਾਂ ਨੇ ਬਾਦ ਵਿਚ ਭੇਤ ਦੀ ਗੱਲ ਖੋਲ੍ਹੀ ਕਿ ਨੀਲੇ ਦੇ ਸਵਾਰ ਕੋਲ ਆਪਣਾ ਤਾਂ ਘੋੜਾ ਹੀ ਨਹੀਂ ਸੀ, ਸੋ ਨੈਪੋਲੀਅਨ ਦਾ ਘੋੜਾ ਮੰਗ ਲਿਆਮਹਾਰਾਜ ਉਸ ’ਤੇ ਬਿਰਾਜਮਾਨ ਕਰਵਾ ਦਿੱਤੇ।

ਗੁਰੂ ਜੀ ਦੀ ਅਵਧੀ 1666 ਤੋਂ 1708 ਦੀ ਹੈ ਜਦ ਕਿ ਨੈਪੋਲੀਅਨ ਦਾ ਸਮਾਂ 1769 ਤੋਂ 1821 ਈ. ਹੈ ਯਾਨਿ ਕਿ ਗੁਰੁ ਜੀ ਤੋਂ ਸੌ ਸਾਲ ਬਾਦ। ਗੁਰੂ ਜੀ ਦੇ ਘੋੜੇ ਉੱਪਰ ਨੈਪੋਲੀਅਨ ਨੂੰ ਬਿਠਾ ਦਿੰਦੇ, ਇਤਰਾਜ਼ ਫਿਰ ਵੀ ਹੋਣਾ ਸੀ ਪਰ ਇੱਥੇ ਉਲਟ ਕਰ ਦਿੱਤਾ। ਨੈਪੋਲੀਅਨ ਦਾ ਸਿਰ ਕੱਟ ਕੇ ਗੁਰੂ ਜੀ ਦਾ ਸੀਸ ਕੰਪਿਊਟਰ ਦੀ ਸਹਾਇਤਾ ਨਾਲ ਜੜ ਦਿੱਤਾ। ਇਹ ਵਾਰਦਾਤ ਚੋਰੀ ਦੀ ਹੈ, ਮੂਰਖਤਾ ਦੀ ਅਤੇ ਬੇਅਦਬੀ ਦੀ ਵੀ। ਪਾਰਖੂ ਲੋਕਾਂ ਨੇ ਚੋਰੀ ਫੜ ਲਈ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਪਰਜਾ ਤੋਂ ਖਿਮਾ ਮੰਗਦੀ ਅਤੇ ਮੋਟੀ ਰਕਮ ਵਸੂਲ ਕੇ ਜਿਸ ਪੇਂਟਰ ਨੇ ਇਹ ਕਾਰਾ ਕੀਤਾ ਉਸ ਨੂੰ ਢੁਕਵੀਂ ਸਜ਼ਾ ਦਿੰਦੀ। ਸਰਕਾਰ ਨੂੰ ਨਾ ਸ਼ਰਮਿੰਦਗੀ ਹੋਈ, ਨਾ ਖਿਮਾ ਮੰਗੀਮੁੱਖ ਮੰਤਰੀ ਜੀ ਦਾ ਬਿਆਨ ਆਇਆ ਹੈ ਕਿ ਇੰਟਰਨੈੱਟ ਤੋਂ ਬਣੀ ਬਣਾਈ ਪੇਂਟਿੰਗ ਚੁੱਕ ਲਈ, ਇਸ ਵਿਚ ਗਲਤ ਕੀ ਹੋ ਗਿਆ?

ਸਰਕਾਰ ਦਾ ਕੰਮ ਚੋਰੀ ਰੋਕਣਾ ਹੁੰਦਾ ਹੈ, ਚੋਰੀ ਨੂੰ ਉਤਸ਼ਾਹਿਤ ਕਰਨਾ ਨਹੀਂ। ਜਦੋਂ ਡੇਰਾ ਸਿਰਸਾ ਮੁਖੀ ਨੇ ਦਸਮ ਪਾਤਸ਼ਾਹ ਦਾ ਲਿਬਾਸ ਪਹਿਨ ਕੇ ਅਖੌਤੀ ਅੰਮ੍ਰਿਤ ਦਾ ਕੜਾਹਾ ਰੂਅਫਜ਼ਾ ਨਾਲ ਤਿਆਰ ਕੀਤਾ, ਉਦੋਂ ਇਸ ਖਿਲਾਫ ਸਿੱਖ ਜਗਤ ਵਿਚ ਜ਼ਬਰਦਸਤ ਰੋਸ ਪੈਦਾ ਹੋਇਆ ਸੀ, ਹਿੰਸਕ ਝੜਪਾਂ ਹੋਈਆਂ ਸਨ। ਡੇਰਾ ਮੁਖੀ ਖਿਲਾਫ ਕੇਸ ਚੱਲਿਆ ਤਾਂ ਬਤੌਰ ਸਿੱਖ ਮਾਹਿਰ ਮੇਰਾ ਬਿਆਨ ਲਿਆ ਗਿਆ। ਡੇਰਾ ਮੁਖੀ ਦੇ ਵਕੀਲ ਨੇ ਮੈਨੂੰ ਪੁੱਛਿਆ - ਕੀ ਇਤਰਾਜ਼ ਹੈ ਤੁਹਾਡਾ? ਮੈਂ ਦੱਸਿਆ - ਦਸਮ ਪਾਤਸ਼ਾਹ ਦਾ ਲਿਬਾਸ ਕਿਸੇ ਨੂੰ ਪਹਿਨਣ ਦੀ ਆਗਿਆ ਨਹੀਂ ਹੈ। ਵਕੀਲ ਨੇ ਪੁੱਛਿਆ - ਪਰ ਨਿਹੰਗ ਸਿੰਘ ਗੁਰੁ ਜੀ ਦਾ ਲਿਬਾਸ ਪਹਿਨਦੇ ਹਨ, ਕਿਸੇ ਨੂੰ ਇਤਰਾਜ਼ ਨਹੀਂ। ਮੈਂ ਕਿਹਾ - ਨਿਹੰਗ ਆਪਣੇ ਆਪ ਨੂੰ ਗੁਰੂ ਜੀ ਦੇ ਬੇਟੇ ਮੰਨਦੇ ਹਨ, ਔਲਾਦ ਦਾ ਆਪਣੇ ਪਿਤਾ ਦੀ ਹਰੇਕ ਜਾਇਦਾਦ ਉੱਪਰ ਹੱਕ ਹੈ। ਡੇਰਾ ਮੁਖੀ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਇਸ ਲਈ ਉਸ ਦਾ ਕੰਮ ਇਤਰਾਜ਼ਯੋਗ ਮੰਨਿਆ ਗਿਆ।

ਇਹੋ ਜਿਹੀਆਂ ਵਾਰਦਾਤਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਬਿਮਾਰੀ ਵਧ ਸਕਦੀ ਹੈ। ਮੁਕਤਸਰ ਮਾਘੀ ਦਾ ਮੇਲਾ ਨਜ਼ਦੀਕ ਆ ਰਿਹਾ ਹੈ। ਕੱਲ੍ਹ ਨੂੰ ਇਕ ਹੋਰ ਪੇਂਟਰ ਸ਼ੇਰ ਦੀ ਸਵਾਰੀ ਕਰਦੀ ਦੁਰਗਾ ਮਾਤਾ ਦਾ ਸੀਸ ਮਾਈ ਭਾਗੋ ਜੀ ਨਾਲ ਤਬਦੀਲ ਕਰ ਦਏ ਤਦ ਖਤਰਨਾਕ ਸਿੱਟੇ ਨਿਕਲਣਗੇ। ਪੰਜਾਬ ਸਰਕਾਰ ਨੂੰ ਬਿਨਾਂ ਹੋਰ ਦੇਰੀ ਕਰਨ ਦੇ ਭੁੱਲ ਦੀ ਖਿਮਾ ਮੰਗਣੀ ਚਾਹੀਦੀ ਹੈਜ਼ਿੰਮੇਵਾਰ ਪੇਂਟਰ ਅਤੇ ਸਬੰਧਿਤ ਅਫਸਰ ਦੀ ਜਵਾਬ-ਤਲਬੀ ਹੋਣੀ ਜਰੂਰੀ ਹੈ। ਇਹ ਅੰਤਰਰਾਸ਼ਟਰੀ ਕਾਪੀ-ਰਾਈਟ ਕਾਨੂੰਨ ਦੀ ਉਲੰਘਣਾ ਹੋਈ ਹੈ।

*****

(960)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author