“ਇੱਕ ਨਾ ਇੱਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ ...”
(18 ਮਾਰਚ 2020)
ਗੱਲ ਖਾਸ ਨਹੀਂ ਸੀ, ਐਵੇਂ ਵਧ ਗਈ। ਇੱਕ ਮੁੰਡੇ ਦੀ ਗੇਂਦ ਘੜੇ ਨਾਲ ਟਕਰਾ ਗਈ, ਨਾ ਘੜਾ ਟੁੱਟਾ, ਨਾ ਗੇਂਦ ਵਿੱਚ ਚਿੱਬ ਪਿਆ ਪਰ ਨਫਰਤ ਦੀ ਹਵਾ ਦਾ ਕੀ ਪਤਾ ਕਦੋਂ ਵਗ ਪਏ, ਕਿਵੇਂ ਵਗ ਪਏ। ਪੰਚਾਇਤ ਬੁਲਾ ਲਈ ਪਰ ਸਰਪੰਚ ਇਸ ਪਿੰਡ ਦਾ ਨਹੀਂ ਬਾਹਰ ਗਵਾਂਢ ਦਾ ਸੀ। ਸਰਪੰਚ ਨੇ ਜ਼ੋਰ ਦੇ ਕੇ ਕਿਹਾ- ਇਸ ਪਿੰਡ ਦੇ ਲੋਕ ਸ਼ਰੀਫ ਨੇ ਸੋ ਬਚਾ ਹੋ ਗਿਆ। ਕੋਈ ਹੋਰ ਹੁੰਦਾ ਤਾਂ ਘੜਾ ਭੰਨ ਦਿੰਦਾ ਜਾਂ ਗੇਂਦ ਤੋੜ ਦਿੰਦਾ। ਇਹ ਸੁਣ ਕੇ ਲੋਕਾਂ ਨੇ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ। ਗੇਂਦ ਟੋਟੇ ਟੋਟੇ ਤੇ ਘੜਾ ਠੀਕਰੀ ਠੀਕਰੀ।
ਕੁਝ ਸ਼ਾਂਤੀ ਹੋਈ, ਸਰਪੰਚ ਫਿਰ ਆ ਗਿਆ, ਹਿੰਸਾ ਦੀ ਨਿੰਦਿਆ ਕਰਦਿਆਂ ਕਿਹਾ-ਭਾਈਓ ਆਪੇ ਤੋਂ ਬਾਹਰ ਨਹੀਂ ਹੋਣਾ। ਰੱਬ ਦਾ ਵਾਸਤਾ ਇੱਕ ਦੂਜੇ ਦੇ ਘਰ ਨਾ ਫੂਕਣੇ। ਸਰਪੰਚ ਦੇ ਜਾਣ ਪਿੱਛੋਂ ਲੋਕਾਂ ਨੇ ਇੱਕ ਦੂਜੇ ਦੇ ਘਰ ਸਾੜ ਦਿੱਤੇ। ਦੁਖੀ ਸਰਪੰਚ ਫੇਰ ਪਿੰਡ ਵਿੱਚ ਆਇਆ ਤੇ ਲੋਕਾਂ ਨੂੰ ਮੱਤ ਦਿੱਤੀ- ਜੋ ਹੋ ਗਿਆ ਸੋ ਹੋ ਗਿਆ, ਹੁਣ ਘਰ ਮੁੜ ਉਸਾਰਨੇ ਪੈਣਗੇ, ਇੱਕ ਦੂਜੇ ਨੂੰ ਰੋਕਣਾ ਨਾ। ਲੋਕ ਇੱਕ ਦੂਜੇ ਨੂੰ ਉਸਾਰੀ ਕਰਨੋ ਰੋਕਣ ਲੱਗੇ।
ਸਰਪੰਚ ਇਸ ਪਿੰਡ ਦਾ ਨਹੀਂ ਸੀ ਨਾ, ਇਸ ਲਈ ਜ਼ਿਆਦਾ ਹਮਦਰਦੀ ਕਰਨੀ ਪੈਂਦੀ, ਵਧ ਹੰਝੂ ਵਹਾਉਣੇ ਪੈਂਦੇ, ਹਉਕੇ ਲੈਂਦਾ। ਦਲੀਲਾਂ ਨੱਥੀ ਕਰਕੇ ਉਸਨੇ ਭਲਾਈ ਦਾ ਭਾਸ਼ਣ ਦਿੱਤਾ, ਕਿਹਾ-ਜੋ ਮਰਜ਼ੀ ਹੋ ਜਾਏ, ਇਸ ਪਿੰਡ ਦੇ ਟੋਟੇ ਨਹੀਂ ਹੋਣੇ ਚਾਹੀਦੇ, ਬਟਵਾਰਾ ਬੜਾ ਖੌਫਨਾਕ ਹੁੰਦਾ ਹੈ।
ਇੱਕ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ-ਕੀ ਪਿੰਡ ਵੰਡਿਆ ਵੀ ਜਾ ਸਕਦਾ ਹੈ? ਸਰਪੰਚ ਨੇ ਕਿਹਾ-ਕਿਉਂ? ਇਸ ਵਿੱਚ ਕੀ ਔਖ? ਪਰ ਮੈਂ ਰੱਬ ਦਾ ਵਾਸਤਾ ਪਾ ਕੇ ਕਹਿਨਾ ਵੰਡ ਠੀਕ ਨੀਂ। ਬੱਸ ਫਿਰ ਕੀ ਸੀ। ਬਟਵਾਰਾ ਹੋ ਗਿਆ, ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸਰਪੰਚ ਨੇ ਦੁਖੀ ਹੋ ਕੇ ਕਿਹਾ-ਮੇਰੀ ਗੱਲ ਤਾਂ ਕੋਈ ਸੁਣਦਾ ਮੰਨਦਾ ਨਹੀਂ। ਮੈਂ ਕਿਵੇਂ ਸਮਝਾਵਾਂ। ਇਹ ਲੋਕ ਮੈਂਨੂੰ ਬੇਗਾਨਾ ਸਮਝਦੇ ਨੇ। ਇੱਕ ਪਿੰਡ ਦੇ ਦੋ ਪਿੰਡ ਬਣਾ ਕੇ ਸਰਪੰਚ ਤੀਜੇ ਪਿੰਡ ਜਾ ਬੈਠਾ। ਕਿਹਾ ਕਰਦਾ-ਮੈਂ ਬੜਾ ਉਦਾਸ ਹਾਂ।
ਲੋਕਾਂ ਦੇ ਘਰ ਉੱਜੜ ਗਏ, ਸੜਕਾਂ ਉਦਾਸ ਹੋਈਆਂ, ਇੱਕ ਦੂਜੇ ਦੇ ਘਰੀਂ ਆਉਣਾ ਜਾਣਾ ਬੰਦ ਹੋ ਗਿਆ। ਫਕੀਰ ਚੰਦ ਹਕੀਮ ਪਰਲੇ ਪਿੰਡ ਰਹਿ ਗਿਆ, ਉਸਦੀ ਦਵਾਈ ਬਿਨਾ ਇੱਧਰਲੇ ਮਰੀਜ਼ ਮਰਨ ਲੱਗੇ। ਫਕੀਰ ਚੰਦ ਮਰੀਜ਼ਾਂ ਬਗੈਰ ਰੋਣ ਹਾਕਾ ਹੋ ਗਿਆ।
ਨੂਰੇ ਦੀ ਮੱਝ ਨੇ ਨਵੇਂ ਦੁੱਧ ਹੋਣਾ ਸੀ, ਝੋਟਾ ਦੂਜੇ ਪਾਸੇ ਰਹਿ ਗਿਆ। ਸਰਹੱਦ ਤੇ ਸਿਪਾਹੀ ਦੀ ਮਿੰਨਤ ਕੀਤੀ, ਸਿਪਾਹੀ ਨੇ ਕਿਹਾ-ਪਾਸਪੋਰਟ ਬਣਵਾਉ, ਵੀਜ਼ੇ ਲੁਆਉ। ਨੂਰੇ ਨੇ ਪੁੱਛਿਆ-ਮੱਝ ਦਾ ਪਾਸਪੋਰਟ?-ਹਾਂ, ਸਿਪਾਹੀ ਨੇ ਕਿਹਾ, ਨਹੀਂ ਕਿਸੇ ਹੋਰ ਰਸਤੇ ਮੱਝ ਉੱਧਰ ਲੈ ਜਾ।
ਸੁਣੱਖੀ ਨੇਹਾ ਮੁਟਿਆਰ ਹੋਣ ਲੱਗੀ। ਉਸਦਾ ਪਿਤਾ ਚੂੜੀਆਂ ਬਣਾ ਕੇ ਵੇਚਿਆ ਕਰਦਾ। ਪਿਤਾ ਨੂੰ ਪੁੱਛਣ ਲੱਗੀ-ਮੇਰੀ ਮਾਂ ਵੀ ਮੇਰੇ ਵਾਂਗੂੰ ਗਰੀਬ ਸੀ ਪਿਤਾ ਜੀ?
- ਕਿੱਥੇ? ਆਈ ਚਲਾਈ ਚੰਗੀ ਸੀ, ਉੱਧਰਲੇ ਪਿੰਡ ਦੀਆਂ ਸਾਰੀਆਂ ਕੁੜੀਆਂ ਬੁੜ੍ਹੀਆਂ ਚੂੜੀਆਂ ਪਹਿਨਿਆਂ ਕਰਦੀਆਂ। ਉਨ੍ਹਾਂ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਕੁੜੀਆਂ ਦੀਆਂ ਬਾਹਵਾਂ ਖਾਲੀ ਹੋਣ ਤਾਂ ਜਾਂ ਤਾਂ ਮੀਂਹ ਪੈਂਦੇ ਹੀ ਨਹੀਂ, ਜੇ ਪੈਣ ਲੱਗਣ ਫਿਰ ਸਭ ਕੁਝ ਹੜ੍ਹਾ ਕੇ ਲੈ ਜਾਂਦੇ ਨੇ। ਖਾਲੀ ਬਾਹਾਂ ਤੋਂ ਉਨ੍ਹਾਂ ਨੂੰ ਬੜਾ ਡਰ ਲਗਦਾ ਹੈ ਧੀਏ। ਪਰ ਕੀ ਹੋ ਸਕਦਾ ਹੈ। ਉੱਧਰ ਜਾ ਨੀ ਸਕਦਾ। ਉਹ ਆ ਨੀ ਸਕਦੇ।
ਸਿਰਫ ਲੋਕ ਨਹੀਂ ਵੰਡੇ, ਵਿਹੜੇ, ਖੇਤ, ਸਕੂਲ, ਸਰਾਵਾਂ, ਕਿਤਾਬਾਂ ਸਭ ਕੁਝ ਵੰਡਿਆ ਗਿਆ। ਦੁਲਹੇ ਵਾਸਤੇ ਘੋੜੀ ਚਾਹੀਦੀ ਸੀ, ਮਰਾਸੀ ਤੇ ਉਸਦੀ ਸਾਊ ਘੋੜੀ ਉੱਧਰ ਰਹਿ ਗਏ। ਕਿਸੇ ਦੀ ਇੱਧਰੋਂ ਘੋੜੀ ਮੰਗ ਕੇ ਕੰਮ ਸਾਰਿਆ ਪਰ ਘੋੜੀ ਡਰ ਗਈ। ਉਸ ਵਾਸਤੇ ਢੋਲ ਢਮੱਕਾ ਖਤਰਨਾਕ ਸੀ। ਦੁਲ੍ਹੇ ਨੂੰ ਡੇਗ ਕੇ ਭੱਜ ਗਈ। ਮੁੰਡਾ ਬਚ ਗਿਆ ਪਰ ਸੱਟ ਲੱਗੀ। ਬਦਸ਼ਗਨੀ ਹੋਈ।
ਰਾਜਕੁਮਾਰ ਦਾ ਮੁੰਡਾ ਸਖਤ ਬਿਮਾਰ ਹੋ ਗਿਆ। ਸਰਹੱਦ ਨੇੜੇ ਉਦਾਸ ਚੱਕਰ ਕੱਟਦਾ ਰਾਜਕੁਮਾਰ, ਫਕੀਰ ਚੰਦ ਦੇ ਪਿੰਡ ਵਲ ਦੇਖਦਾ ਰਹਿੰਦਾ। ਇੱਕ ਦਿਨ ਫਕੀਰ ਚੰਦ ਨਜ਼ਰੀਂ ਪਿਆ ਤਾਂ ਉੱਚੀ ਸਾਰੀ ਵਾਜ ਮਾਰ ਕੇ ਦਵਾਈ ਦਾ ਵਾਸਤਾ ਪਾਇਆ। ਫਕੀਰ ਚੰਦ ਨੇ ਕਿਹਾ-ਠਹਿਰ। ਹੁਣੇ ਆਇਆ। ਦਵਾਈ ਆ ਗਈ। ਪਰ ਇੱਧਰ ਕਿਵੇਂ ਆਏ? ਸਿਪਾਹੀ ਉੱਪਰ ਮਿੰਨਤ ਤਰਲੇ ਨੇ ਅਸਰ ਨਾ ਕੀਤਾ। ਫਕੀਰ ਚੰਦ ਨੇ ਕਿਹਾ-ਦਵਾਈ ਦੇ ਜਿਹੜੇ ਪੈਸੇ ਮੈਂਨੂੰ ਦੇਣੇ ਸਨ, ਉਹ ਸਿਪਾਹੀ ਨੂੰ ਦੇਦੇ। ਇਸ ਤਰੀਕੇ ਦਵਾਈ ਆ ਗਈ। ਮੁੰਡਾ ਬਚ ਗਿਆ ਪਰ ਲੋਕਾਂ ਦੀ ਜ਼ਬਾਨ ਕਿਵੇਂ ਫੜੀਏ? ਕਹਿ ਰਹੇ ਸਨ ਕਿ ਬਟਵਾਰੇ ਦੇ ਹੱਕ ਵਿੱਚ ਸਭ ਤੋਂ ਵਧੀਕ ਨਾਹਰੇ ਇਸ ਰਾਜੂ ਮਾਰੇ ਨੇ ਹੀ ਲਾਏ ਸਨ। ਉਹਨੂੰ ਕੀ ਪਤਾ ਸੀ ਮੁੰਡਾ ਬਿਮਾਰ ਹੋ ਸਕਦਾ ਹੈ।
ਇਸ ਪਿੰਡ ਵਿੱਚ ਪਾਣੀ ਦੀ ਘਾਟ ਕਰਕੇ ਸੋਕਾ ਪਿਆ ਰਹਿੰਦਾ, ਉੱਧਰ ਹੜ੍ਹ ਕਰਕੇ ਫਸਲਾਂ ਤਬਾਹ ਹੁੰਦੀਆਂ। ਭੁੱਖ ਦੋਵੇਂ ਪਾਸੇ ਇੱਕੋ ਜਿਹੀ। ਲੋਕ ਚੋਰੀ ਚੋਰੀ ਲੁਕ ਛਿਪ ਇੱਧਰ ਉੱਧਰ ਆਉਂਦੇ ਜਾਂਦੇ।
ਇੱਕ ਦਿਨ ਸਰਪੰਚ ਨੇ ਦੋਹਾਂ ਪਿੰਡਾਂ ਵਿੱਚ ਸਦਭਾਵਨਾ ਦਾ ਗੇੜਾ ਲਾਇਆ। ਉਹ ਕੋਈ ਕਿਤਾਬ ਲਿਖਣੀ ਚਾਹੁੰਦਾ ਸੀ, ਕਿਤੇ ਲੋਕ ਉਸਦੇ ਕੀਤੇ ਪੁੰਨ ਕਾਰਜ ਭੁੱਲ ਨਾ ਜਾਣ। ਲੋਕਾਂ ਨੇ ਉਸਦਾ ਦੋਹੀਂ ਥਾਂਈਂ ਗਰਮਜੋਸ਼ੀ ਨਾਲ ਖੈਰ ਮਕਦਮ ਕੀਤਾ, ਪਿੰਡ ਦੇ ਬਟਵਾਰੇ ਸਦਕਾ ਸ਼ੁਕਰਾਨਾ ਕੀਤਾ। ਸਰਪੰਚ ਨੇ ਆਪਣਾ ਭਾਸ਼ਣ ਦਿੱਤਾ-ਦੇਖੋ ਭਾਈਓ, ਅਸੀਂ ਤੁਹਾਡਾ ਭਲਾ ਕੀਤਾ ਹਮੇਸ਼। ਹੁਣ ਅਕਲ ਤੋਂ ਕੰਮ ਲੈਣਾ। ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਪਾਣੀਆਂ ਉੱਤੇ ਡਾਕਾ ਮਾਰਨ ਬਾਰੇ ਸੋਚੋ ਤੇ ਉਹ ਤੁਹਾਡੇ ਖੇਤਾਂ ਉੱਪਰ ਮਾੜੀ ਨਜ਼ਰ ਰੱਖਣ। ਬੁਰਾ ਖਿਆਲ ਦਿਲ ਵਿੱਚ ਆਏ ਤਾਂ ਵੀ ਲੜਨਾ ਨਹੀਂ।
ਇਹ ਕਹਿਕੇ ਸਰਪੰਚ ਚਲਾ ਗਿਆ। ਸਰਹੱਦ ਉੱਤੇ ਕੰਡਿਆਲੀ ਤਾਰ ਲੱਗ ਗਈ ਤੇ ਪਿੰਡ ਦੇ ਜਵਾਨਾਂਕੋਲ ਪਤਾ ਨਹੀਂ ਕਿੱਥੋਂ ਹਥਿਆਰ ਗੋਲਾ ਬਾਰੂਦ ਆ ਗਿਆ। ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅੱਤਵਾਦ ਸ਼ੁਰੂ ਹੋ ਗਿਆ ਹੈ। ਪਿੰਡ ਦਾ ਫੱਕਰ ਪਤਾ ਨਹੀਂ ਹਿੰਦੂ ਹੈ ਕਿ ਮੁਸਲਮਾਨ। ਕਦੀ ਮੰਦਰ ਜਾਕੇ ਸੰਖ ਵਜਾ ਆਉਂਦੈ ਕਦੀ ਮਸੀਤ ਵਿੱਚ ਨਮਾਜ਼ ਪੜ੍ਹਨ ਚਲਾ ਜਾਂਦਾ ਹੈ, ਕਿਹਾ ਕਰਦਾ ਹੈ-ਹਜ਼ਾਰਾਂ ਸਾਲ ਪਹਿਲਾਂ ਅਸੀਂ ਰੱਬ ਨੂੰ ਯਾਦ ਕਰਦਿਆਂ ਸੰਖ ਬਜਾਏ ਤਾਂ ਕਿਤੇ ਸਾਨੂੰ ਨਮਾਜ਼ ਨਸੀਬ ਹੋਈ।
ਇਸ ਪਿੰਡ ਦੀ ਮੇਥੀ ਦੂਰ ਦੂਰ ਤਕ ਮਸ਼ਹੂਰ ਸੀ। ਦੂਜੇ ਪਿੰਡ ਮੇਥੀ ਦੀ ਖੁਸ਼ਬੂ ਪੁੱਜਦੀ ਪਰ ਮੇਥੀ ਨਹੀਂ ਜਾ ਸਕਦੀ। ਸਮੁੰਦਰ ਵਾਲਾ ਰਸਤਾ ਬੜਾ ਮਹਿੰਗਾ ਪੈਂਦਾ। ਇੱਧਰਲੇ ਉੱਧਰਲੇ ਬੇਵੱਸ। ਨੂਰਦੀਨ ਨੇ ਧੀ ਦਾ ਵਿਆਹ ਧਰਿਆ ਹੋਇਆ ਸੀ ਕਿ ਉਸਦਾ ਮੇਥੀ ਨਾਲ ਭਰਿਆ ਜਹਾਜ਼ ਡੁੱਬ ਗਿਆ। ਸਭ ਖਤਮ। ਸਰਹੱਦ ਪਾਰੋਂ ਸਾਈਂਦਾਸ ਨੇ ਆਵਾਜ਼ ਮਾਰੀ-ਵਿਆਹ ਹੋਵੇਗਾ ਨੂਰਦੀਨ, ਮੇਰੇ ਕੋਲ ਪੈਸੇ ਨੇ, ਮੈਂ ਆਪਣੇ ਭਰਾ ਦੀ ਮਦਦ ਵਕਤ ਸਿਰ ਨਾ ਕੀਤੀ ਤਾਂ ਜਿਉਣ ਉੱਤੇ ਲਾਹਨਤ। ਰੁਕ, ਪੈਸੇ ਲਿਆ ਰਿਹਾਂ। ਸਿਪਾਹੀ ਨੇ ਕਿਹਾ- ਤੇਰੇ ਪਿੰਡ ਦੇ ਪੈਸੇ ਉੱਧਰ ਨਹੀਂ ਚਲਦੇ। ਇਸ ਗਰੀਬ ਨੂੰ ਫਸਵਾ ਦਏਂਗਾ ਕਿ ਵਿਦੇਸੀ ਕਰੰਸੀ ਕਿੱਥੋਂ ਆਈ।
ਆਖਰ ਇੱਕ ਸਕੀਮ ਬਣਾਈ। ਦੋਹਾਂ ਪਾਸਿਆਂ ਦੇ ਲੋਕਾਂ ਨੇ ਜ਼ਮੀਨ ਹੇਠਾਂ ਦੀ ਸੁਰੰਗ ਕੱਢ ਲਈ। ਲੋੜੀਂਦੀਆਂ ਚੀਜ਼ਾਂ ਇੱਧਰ ਉੱਧਰ ਆਉਣ ਜਾਣ ਲੱਗੀਆਂ। ਇੱਕ ਨਾ ਇੱਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ। ਪੁਲਸ ਦੇ ਕੰਮਕਾਜ ਦੀ ਪੜਤਾਲ ਹੋਈ। ਜਾਂਚ ਟੀਮ ਅੱਗੇ ਪੁਲਸ ਨੇ ਬਿਆਨ ਦਿੱਤਾ- ਅਸੀਂ ਮੈਦਾਨਾਂ ਦੀ ਨਿਗਰਾਨੀ ਕਰਨੀ ਹੈ। ਆਕਾਸ਼ ਵਿੱਚ ਅਤੇ ਪਤਾਲ ਵਿੱਚ ਕੀ ਹੋ ਰਿਹਾ ਹੈ, ਸਾਨੂੰ ਨਹੀਂ ਪਤਾ।
ਫੱਕਰ ਨੇ ਕਿਹਾ- ਨਦੀਆਂ ਵਹਿਣ ਬਦਲ ਲੈਂਦੀਆਂ ਹਨ, ਧਰਤੀ ਥਾਂ ਛੱਡ ਦਿੰਦੀ ਹੈ ਤਾਂ ਸੁਰੰਗਾਂ ਬਣ ਜਾਂਦੀਆਂ ਹਨ, ਆਕਾਸ਼ ਵਿੱਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਨੇਰੀਆਂ ਵਗਦੀਆਂ ਹਨ। ਇਨ੍ਹਾਂ ਉੱਪਰ ਕਿਸੇ ਦਾ ਕੰਟਰੋਲ ਨਹੀਂ। ਜਿਨ੍ਹਾਂ ਬਟਵਾਰਾ ਕੀਤਾ ਉਨ੍ਹਾਂ ਨੂੰ ਕੋਈ ਨੀ ਪੁੱਛਦਾ। ਜ਼ਮੀਨ ਮਨਮਰਜ਼ੀ ਕਰਨ ਲੱਗੇ ਤਾਂ ਬੰਦੇ ਦੀ ਮਰਜ਼ੀ ਨੀ ਚਲਦੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2003)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)