HarpalSPannu7ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵੱਡੀ ਮੋਟੀ ਖਬਰ ਛਪੇਗੀ ...
(ਅਪਰੈਲ 8, 2016)


ਮੇਰੇ ਦੋ ਬੇਟੇ ਹਨ
, ਪੜ੍ਹ ਲਿਖ ਕੇ ਦੋਵੇਂ ਬਾਹਰਲੇ ਦੇਸਾਂ ਵਿਚ ਜਾ ਕੇ ਨੌਕਰੀਆਂ ਕਰਨ ਲੱਗੇ। ਕਦੀ ਉਹ ਮਿਲ ਜਾਂਦੇ, ਕਦੀ ਅਸੀਂ ਮਿਲ ਆਉਂਦੇ। ਦੋਵੇਂ ਅਕਸਰ ਕਿਹਾ ਕਰਦੇ - ਪਾਪਾ ਇਕ ਦਿਨ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ ਹੈ। ਇੱਥੇ ਆਕੇ ਹੋ ਸਕਦਾ ਹੈ ਕੰਮ ਕਰਨ ਬਗੈਰ ਤੁਹਾਡਾ ਦਿਲ ਨਾ ਲੱਗੇ। ਤੁਹਾਡੀ ਕਮਾਈ ਨਾਲ ਹੀ ਗੁਜ਼ਾਰਾ ਚੱਲੇਗਾ ਗੱਲ ਇਹ ਨਹੀਂ, ਵਿਹਲੇ ਬੈਠੇ ਬੰਦੇ ਦਾ ਦਿਨ ਨਹੀਂ ਲੰਘਦਾ। ਅਧਿਆਪਨ ਤੋਂ ਬਗੈਰ ਹੋਰ ਕੋਈ ਕੰਮ ਤੁਸੀਂ ਕੀਤਾ ਨਹੀਂ। ਇੱਥੇ ਯੂਨੀਵਰਸਿਟੀ ਵਿਚ ਤਾਂ ਨੌਕਰੀ ਮਿਲਣੀ ਔਖੀ ਹੈ, ਸਕੂਲ ਵਿਚ ਮਿਲ ਜਾਏਗੀ। ਇੱਥੇ ਖਾਲਸਾ ਸਕੂਲ ਬੜੇ ਹਨ। ਹਰੇਕ ਗੁਰਦੁਆਰੇ ਨਾਲ ਸਕੂਲ ਅਟੈਚ ਹੈ। ਇਨ੍ਹਾਂ ਸਕੂਲਾਂ ਦੇ ਪ੍ਰਬੰਧਕ ਤੁਹਾਨੂੰ ਜਾਣਦੇ ਹਨ। ਪ੍ਰਿੰਸੀਪਲ ਲਾ ਦੇਣਗੇ। ਚਾਹੇ ਮਾਸਟਰ ਲੱਗਣਾ ਹੋਵੇ, ਚਾਹੇ ਪ੍ਰਿੰਸੀਪਲ, ਨੌਕਰੀ ਦੀ ਸ਼ਰਤ ਬੀ.ਐਡ. ਹੋਣੀ ਜਰੂਰੀ ਹੈ। ਤੁਸੀਂ ਬੀ.ਐਡ ਕਰ ਲਉ।

ਕੁਝ ਸਮਾਂ ਸੋਚਦਿਆਂ ਲੰਘਾ ਦਿੱਤਾ। ਫਿਰ ਸੋਚਿਆ, ਡਿਸਟੈਂਸ ਐਜੂਕੇਸ਼ਨ ਮੇਰੀ ਪੰਜਾਬੀ ਯੂਨੀਵਰਸਿਟੀ ਵਿਚ ਹੈ ਹੀ, ਕੀ ਮੁਸ਼ਕਲ ਹੈ, ਕਰ ਲੈਂਦਾ ਹਾਂ। ਪਤਾ ਕੀਤਾ, ਪੰਦਰਾਂ ਸੌ ਰੁਪਏ ਦਾਖਲਾ ਟੈਸਟ ਫੀਸ ਭਰਕੇ ਟੈਸਟ ਦਿਉ। ਟੈਸਟ ਦੀ ਰੂਪ ਰੇਖਾ ਪੁੱਛੀ, ਤਿੰਨ ਘੰਟਿਆਂ ਦਾ ਪੇਪਰ ਹੋਵੇਗਾ ਜਿਸਦੇ ਤਿੰਨ ਭਾਗ ਹੋਣਗੇ, ਅੰਗਰੇਜ਼ੀ, ਦਿਮਾਗੀ ਕੁਸ਼ਲਤਾ ਅਤੇ ਚਲੰਤ ਮਾਮਲਿਆਂ ਦਾ ਜਨਰਲ ਨਾਲਜ। ਅੰਗਰੇਜ਼ੀ ਦਾ ਕੰਮ ਤਾਂ ਹੋ ਜਾਵੇਗਾ ਪਰ ਦਿਮਾਗ? ਜਨਰਲ ਨਾਲਜ? ਇਸ ਵੇਲੇ ਮੈਂ ਦਸਵੀਂ ਦੇ ਇਮਤਿਹਾਨ ਵਿਚ ਬੈਠ ਜਾਵਾਂ ਤਾਂ ਫੇਲ ਹੋ ਜਾਵਾਂਉਹ ਵੇਲੇ ਲੰਘ ਗਏ, ਜਦੋਂ ਮੈਰਿਟ ਵਿਚ ਆਇਆ ਸੀ।

ਦੁਕਾਨ ਤੋਂ ਦਿਮਾਗੀ ਕੁਸ਼ਲਤਾ ਅਤੇ ਆਮ ਗਿਆਨ ਦੀ ਕਿਤਾਬ ਲੈਣ ਗਿਆ। 800 ਪੰਨਿਆਂ ਦੀ ਕਿਤਾਬ ਮੇਰੇ ਹੱਥ ਫੜਾ ਕੇ 800 ਰੁਪਏ ਮੰਗ ਲਏ। ਮੈਂ ਕਿਹਾ - ਓ ਭਾਈ ਮੈਂ ਕਿਹੜਾ ਆਈ.ਏ.ਐੱਸ ਕਰਨੀ ਹੈ। ਛੋਟੀ ਮੋਟੀ ਕਿਤਾਬ ਦੇ ਦੇ, ਕੰਮ ਚਲਾਊ ਜਿਹੀ। ਉਸਨੇ 70 ਪੰਨਿਆਂ ਦੀ ਕਿਤਾਬ 50 ਰੁਪਏ ਵਿਚ ਦੇ ਦਿੱਤੀ। ਫੀਸ ਭਰ ਦਿੱਤੀ, ਕਿਤਾਬ ਪੜ੍ਹ ਦਿੱਤੀ। ਪੇਪਰ ਕਿਹੋ ਜਿਹਾ ਹੋਵੇਗਾ? ਪਤਾ ਨਹੀਂ।

ਵੱਡਾ ਡਰ ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵੱਡੀ ਮੋਟੀ ਖਬਰ ਛਪੇਗੀ - ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਡੀਨ ਰਿਸਰਚ ਬੀ.ਐਡ. ਦਾਖਲਾ ਪ੍ਰੀਖਿਆ ਵਿੱਚੋਂ ਫੇਲ।

ਬੀ.ਐਡ. ਕਰਨ ਵਾਲਿਆਂ ਵਿਰੁੱਧ ਬਥੇਰੇ ਮਜ਼ਾਕ ਘੜਿਆ ਕਰਦੇ ਸਾਂ। ਦੋਸਤ ਨੂੰ ਮਿਲਦਿਆਂ ਇਕ ਜਣਾ ਕਹਿਣ ਲੱਗਾ - ਵਧਾਈ ਹੋਵੇ ਤੁਹਾਡੀ ਬੀਵੀ ਨੇ ਬੀ.ਐਡ. ਕਰ ਲਈ ਹੈ। ਦੋਸਤ ਨੇ ਪੁੱਛਿਆ - ਹਾਂ, ਤੁਹਾਨੂੰ ਕਿਸਨੇ ਦੱਸਿਆ? - ਕਿਸੇ ਨੇ ਨਹੀਂ। ਕੱਲ੍ਹ ਸਬਜ਼ੀ ਮੰਡੀ ਵਿਚ ਦੇਖੀ। ਬੈਗ ਵਿਚ ਪਹਿਲਾਂ ਕਿਲੋ ਟਮਾਟਰ ਪੁਆ ਲਏ, ਬਾਦ ਵਿਚ ਉਨ੍ਹਾਂ ਉੱਪਰ ਪੰਸੇਰੀ ਆਲੂ ਪੁਆਏ ਤਾਂ ਮੈਂ ਉਦੋਂ ਹੀ ਸਮਝ ਗਿਆ ਕਿ ਬੀ.ਐਡ. ਹੋ ਚੁੱਕੀ ਹੈ ਪੂਰੀ।

ਬੀ.ਐਡ. ਪਾਸ ਕਰਨ ਵਾਲਿਆਂ ਨੂੰ ਮਜ਼ਾਕ ਕਰਨ ਵਾਲੇ ਤੋਂ ਦਾਖਲਾ ਟੈਸਟ ਪਾਸ ਨਾ ਹੋਇਆ ਫੇਰ? ਆਪਣੇ ਆਪ ਨੂੰ ਕਿਹਾ - ਮੈਂ ਕਿਹੜਾ ਕਿਸੇ ਨੂੰ ਦੱਸਣੈਚੁੱਪ ਕਰਕੇ ਪੇਪਰ ਦੇ ਆਵਾਂਗਾ। ਰਿਜ਼ਲਟ ਪਤਾ ਕਰਨ ਲਈ ਵੀ ਕਿਸੇ ਹੋਰ ਨੂੰ ਭੇਜਾਂਗਾ।

ਡੀਨ ਅਕਾਦਮਿਕ ਮਾਮਲੇ ਅਤੇ ਵਾਈਸਚਾਂਸਲਰ ਤੋਂ ਪ੍ਰਵਾਨਗੀ ਚੁੱਪਚਾਪ ਦਸਤੀ ਲੈ ਲਈ ਤਾਂਕਿ ਫਾਈਲਾਂ ਵਿਚ ਨਾ ਅਰਜ਼ੀਆਂ ਚੜ੍ਹ ਜਾਣ। ਇਮਤਿਹਾਨ ਦੇ ਦਿਨ ਐਤਵਾਰ ਨੂੰ ਜਦੋਂ ਚੁੱਪਚਾਪ ਨੀਵੀਂ ਪਾਈ ਅੰਦਰ ਲੰਘਿਆ ਤਾਂ ਸਾਰਾ ਡਿਊਟੀ ਸਟਾਫ ਸਤਿਕਾਰ ਵਜੋਂ ਖੜ੍ਹਾ ਹੋ ਗਿਆ। ਸਮਝੇ ਕਿ ਪ੍ਰੋਫੈਸਰ ਸੈਂਟਰ ਚੈੱਕ ਕਰਨ ਆਇਆ ਹੈ। ਬੇੜਾ ਗਰਕ। ਇਕ ਨਵੀਂ ਲੈਕਚਰਾਰ ਕੁੜੀ ਨੂੰ ਇਕ ਪਾਸੇ ਲਿਜਾ ਕੇ ਮੈਂ ਕਿਹਾ- ਮੈਨੂੰ ਮੇਰੀ ਸੀਟ ਦੱਸ, ਆਹ ਫੜ ਮੇਰਾ ਰੋਲ ਨੰਬਰ। ਪੇਪਰ ਦੇਣੈ। ਕਿਸੇ ਨੂੰ ਦੱਸੀ ਨਾਉਹ ਖੂਬ ਹੱਸੀ। ਆਪਣੀ ਹਥੇਲੀ ਤੇ ਮੇਰਾ ਰੋਲ ਨੰਬਰ ਲਿਖ ਕੇ ਬੋਲੀ - ਸਭ ਤੋਂ ਪਹਿਲਾਂ ਰਿਜ਼ਲਟ ਮੈਂ ਦੇਖੂੰਗੀ।

ਮੈਨੂੰ ਜ਼ਿੰਦਗੀ ਵਿਚ ਇਮਤਿਹਾਨ ਦੇਣ ਤੋਂ ਕਦੀ ਡਰ ਨਹੀਂ ਲੱਗਾ ਕਿਉਂਕਿ ਤਿਆਰੀ ਵਿਚ ਕਸਰ ਨਹੀਂ ਹੁੰਦੀ ਸੀ। ਇੱਥੇ ਇਮਤਿਹਾਨ ਤੋਂ ਵੀ ਡਰ ਤੇ ਫੇਲ ਹੋਣ ਪਿੱਛੋਂ ਬਦਨਾਮੀ ਦੇ ਕਲੰਕ ਦਾ ਵੀ ਡਰ।

ਪੇਪਰ ਵੰਡੇ ਗਏ। ਪੜ੍ਹਿਆਂ ਤਾਂ ਮਾਮੂਲੀ ਕੁ ਡਰ ਘਟਿਆਬਹੁਤੇ ਔਖੇ ਸਵਾਲ ਨਹੀਂ ਸਨ। ਫਿਰ ਵੀ ਦਿਮਾਗੀ ਕੁਸ਼ਲਤਾ ਵਾਲੇ ਸਵਾਲ ਟੇਢੇ ਸਨ। ਅੰਗਰੇਜ਼ੀ ਅਤੇ ਆਮ ਵਾਕਫੀ ਦਾ ਪੇਪਰ ਠੀਕ ਠੀਕ ਹੋ ਗਿਆ ... ਸੋ ... ਸੋ। ਦਿਮਾਗੀ ਕੁਸ਼ਲਤਾ ਦੇ ਅੱਧੇ ਤੋਂ ਵੱਧ ਸਵਾਲ ਨਹੀਂ ਆਏ, ਖਾਲੀ ਛੱਡ ਦਿੱਤਾ। ਪੇਪਰ ਕੰਪਿਊਟਰ ਨੇ ਦੇਖਣੇ ਸਨ। ਹਫਤੇ ਬਾਦ ਰਿਜ਼ਲਟ ਆ ਗਿਆ।

ਦਿਲ ਧੜਕਣ ਲੱਗਾ। ਸਕੀਮ ਸੁੱਝੀ, ਟੈਲੀਫੋਨ ਕਰਕੇ ਪੁੱਛਦੇ ਹਾਂ। ਫੋਨ ਕੀਤਾਰੋਲ ਨੰਬਰ ਦੱਸ ਕੇ ਰਿਜ਼ਲਟ ਪੁੱਛਿਆ। ਮੁਲਾਜ਼ਮ ਨੇ ਦੱਸਿਆ- ਮੈਰਿਟ ਵਿਚ ਛੇਵਾਂ ਨੰਬਰ ਹੈ ਜੀ ਇਸ ਉਮੀਦਵਾਰ ਦਾ। ਮੈਂ ਪੁੱਛਿਆ- ਪਾਸ ਹੈ? ਉਹ ਕਹਿੰਦਾ- ਪਾਸ? ਬਹੁਤ ਨੰਬਰ ਨੇ ਜੀ।

ਕਰਾਮਾਤ ਹੋ ਗਈ! ਦਾਖਲਾ ਫੀਸ ਭਰਨ ਗਿਆ। ਕਲਰਕ ਨੇ ਕਿਹਾ- ਤੁਹਾਨੂੰ ਦਾਖਲਾ ਨਹੀਂ ਮਿਲ ਸਕਦਾ। ਕਾਰਨ ਪੁੱਛਣ ਤੇ ਬੋਲਿਆ- ਸਕੂਲ ਵਿਚ ਪੜ੍ਹਾਉਣ ਦਾ ਘੱਟੋ ਘੱਟ ਦੋ ਸਾਲ ਤਜ਼ਰਬਾ ਚਾਹੀਦੈ। ਮੈਂ ਕਿਹਾ- ਪਰ ਮੇਰਾ 35 ਸਾਲ ਦਾ ਤਜ਼ਰਬਾ ਹੈ ਤੇ ਸਰਟੀਫਿਕੇਟ ਨੱਥੀ ਹੈ। ਉਸ ਨੇ ਕਿਹਾ- ਆਹ ਦੇਖੋ ਜੀ ਕੀ ਲਿਖਿਐ। ਉਹੋ ਲਿਖਿਆ ਸੀ ਜੋ ਕਲਰਕ ਨੇ ਦੱਸਿਆ। ਮੈਂ ਪੁੱਛਿਆ- ਇਹ ਕਿਉਂ ਇਹੋ ਜਿਹੀ ਬਕਵਾਸੀ ਸ਼ਰਤ ਲਾਈ ਹੈ? ਮੇਰੇ ਕੋਲ ਕੁਝ ਵੱਧ ਹੀ ਹੈ ਘੱਟ ਤਾਂ ਨਹੀਂ। ਕਲਰਕ ਨੇ ਕਿਹਾ- ਇਹ ਕੋਰਸ ਹੈ ਈ ਸਕੂਲ ਮਾਸਟਰਾਂ ਦੀ ਸਹਾਇਤਾ ਵਾਸਤੇ।

ਵਿਭਾਗ ਦੇ ਮੁਖੀ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਵਾਈਸ ਚਾਂਸਲਰ ਸਭ ਨੂੰ ਮਿਲਿਆ ਤੇ ਦੱਸਿਆ ਕਿ ਬੀ.ਐਡ. ਕਰਨ ਦੀ ਪ੍ਰਵਾਨਗੀ ਲਈ ਹੋਈ ਹੈਸਭ ਨੇ ਉੱਤਰ ਦਿੱਤਾ- ਬੀ.ਐਡ. ਕਰਨ ਦੀ ਪ੍ਰਵਾਨਗੀ ਤਾਂ ਹੈ, ਯੋਗਤਾ ਹੈ ਕਿ ਨਹੀਂ, ਇਹ ਤਾਂ ਦਾਖਲਾ ਕਮੇਟੀ ਦੇਖੇਗੀ। ... ਕਮੇਟੀ ਨੇ ਦੇਖ ਲਿਆ, ਤੁਸੀਂ ਯੋਗ ਨਹੀਂ। ਮੰਦਰ ਵਿਚ ਅਕਲ ਦੀ ਗੱਲ ਨਹੀਂ ਸੁਣੀ ਜਾਏਗੀ ਜੋ ਪੁਜਾਰੀ ਕਹੇਗਾ, ਮੰਨੀ ਜਾਏਗੀ। ਕਲਰਕ ਸਰਕਾਰ ਦਾ ਪੁਜਾਰੀ ਹੈ। ਇਸ ਪੁਜਾਰੀ ਦੀ ਕਿਰਪਾ ਸਦਕਾ ਮੈਂ ਪ੍ਰੋਫੈਸਰ ਤੋਂ ਮਾਸਟਰ ਬਣਦਾ ਬਣਦਾ ਰਹਿ ਗਿਆ। ਘਰ ਆਕੇ ਪਤਨੀ ਨੂੰ ਸਾਰਾ ਸਾਕਾ ਸੁਣਾਇਆ। ਉਹ ਬੋਲੀ- ਹੁਣ ਕੀ ਕਰੋਗੇ? ਮੈਂ ਕਿਹਾ - ਉਹੀ ਕਰਾਂਗਾ ਜੋ ਧ੍ਰੂ ਅਤੇ ਪ੍ਰਹਿਲਾਦ ਨੇ ਕੀਤਾ ਸੀ-

ਰਾਮ ਜਪਉ ਜੀਅ ਐਸੇ ਐਸੇ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥

             **

ਡਾ. ਹਰਪਾਲ ਸਿੰਘ ਪੰਨੂ ਨੂੰ ਸਰਬੋਤਮ ਸੰਪਾਦਨਾ ਦਾ ਇਨਾਮ --- ਸਰੋਕਾਰ

HarpalSPannu7

ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਰਾਹੀਂ ਡਾ. ਹਰਪਾਲ ਸਿੰਘ ਪੰਨੂ ਨੂੰ ਸਾਲ 2014 ਦਾ ਸ਼੍ਰੋਮਣੀ ਸੰਪਾਦਕ ਐਲਾਨ ਕਰਦਿਆਂ ਸੋਮਵਾਰ 28 ਮਾਰਚ 2016 ਨੂੰ ਸਨਮਾਨਿਤ ਕੀਤਾ ਹੈ। ਸ. ਸੁਰਜੀਤ ਸਿੰਘ ਰੱਖੜਾ, ਸਿੱਖਿਆ ਮੰਤਰੀ ਪੰਜਾਬ ਨੇ ਇਨਾਮ ਦੇਣ ਦੀ ਰਸਮ ਨਿਭਾਈ

ਜਿਸ ਕਿਤਾਬ ਨੂੰ ਇਨਾਮ ਵਾਸਤੇ ਚੁਣਿਆ ਗਿਆ, ਉਹ ਰਾਜਾ ਮ੍ਰਿਗਿੰਦਰ ਸਿੰਘ ਜੀ ਦੀ ਜਪੁ-ਨੀਸਾਣ ਹੈ। ਇਸ ਗ੍ਰੰਥ ਦੇ 1300 ਪੰਨੇ ਹਨ ਤੇ 300 ਪੰਨਿਆਂ ਦੀ ਭੂਮਿਕਾ ਹੈ ਜਿਸ ਵਿਚ ਟੀਕਾਕਾਰੀ ਦੀ ਸਟੀਕ ਪਰਿਭਾਸ਼ਾ ਅੰਕਿਤ ਹੈਭਾਈ ਮਿਹਰਬਾਨ ਤੋਂ ਲੈਕੇ ਭਾਈ ਵੀਰ ਸਿੰਘ ਤੱਕ, ਦਸ ਵੱਡੇ ਟੀਕਾਕਾਰਾਂ ਦੀ ਵਿਆਖਿਆ ਦਾ ਤੁਲਨਾਤਮਕ ਅਧਿਐਨ ਇਕ ਥਾਂ ਪਾਠਕਾਂ ਨੂੰ ਹਾਸਲ ਹੋਵੇਗਾ। ਗ੍ਰੰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਹੈ

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੋ ਵਾਰ ਡਾ. ਪੰਨੂ ਨੂੰ ਸ਼੍ਰੋਮਣੀ ਗਿਆਨ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ

*****

(247)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author