HarpalSPannu7ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰਕੇ ਕਦੀ ਇਹ ਨਾ ਕਹਿਣਾ ਕਿ ...
(ਜਨਵਰੀ 7, 2016)


Heather3ਛੱਤੀ ਸਾਲ ਦੀ ਹੈਦਰ ਮੈੱਕਮੈਨਮੀ ਵਿਸਕੌਨਸਨ ਅਮਰੀਕਾ ਦੀ ਵਸਨੀਕ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ। ਮਰਨ ਤੋਂ ਕੁਝ ਦਿਨ ਪਹਿਲੋਂ ਉਸ ਨੇ ਆਪਣੀ ਦਸ ਸਾਲ ਦੀ ਧੀ
, ਪਤੀ ਅਤੇ ਸ਼ੁਭਚਿੰਤਕਾਂ ਨੂੰ ਖ਼ਤ ਲਿਖਿਆ ਤੇ ਕਿਹਾ- ਮੇਰੇ ਮਰਨ ਪਿੱਛੋਂ ਇਸ ਖ਼ਤ ਨੂੰ ਪੜ੍ਹਿਓ। ਉਹ ਲਿਖਤ ਹੈ:

ਤੁਹਾਨੂੰ ਦੇਣ ਵਾਸਤੇ ਇਕ ਖੁਸ਼ਖਬਰੀ ਹੈ, ਦੂਜੀ ਮਾੜੀ ਖਬਰ। ਮਾੜੀ ਖਬਰ ਦਿਸ ਰਹੀ ਹੈ, ਜਦੋਂ ਤੁਸੀਂ ਇਹ ਖ਼ਤ ਪੜ੍ਹੋਗੇ, ਉਦੋਂ ਮੈਂ ਮਰ ਚੁੱਕੀ ਹੋਵਾਂਗੀ। ਚੰਗੀ ਖਬਰ ਇਹ ਹੈ ਕਿ ਤੁਸੀਂ ਖ਼ਤ ਪੜ੍ਹਨ ਵਕਤ ਜਿਉਂਦੇ ਹੋਵੋਗੇ। ਮਰੇ ਬੰਦੇ ਤਾਂ ਵਾਈ-ਫਾਈ ਸੰਚਾਰ ਸਿਸਟਮ ਨਾਲ ਵੀ ਸੰਪਰਕ ਵਿਚ ਨਹੀਂ ਆਉਂਦੇ। ਮੈਂ ਉਹ ਖੁਸ਼ਕਿਸਮਤ ਔਰਤ ਹਾਂ ਜਿਸਨੇ ਸ਼ਾਨਦਾਰ ਦੋਸਤਾਂ ਵਿਚਕਾਰ ਪਿਆਰ ਅਤੇ ਅਨੰਦਮਈ ਜ਼ਿੰਦਗੀ ਬਿਤਾਈ। ਮੈਂ ਏਨੀ ਭਰੀ ਭਕੁੰਨੀ ਜ਼ਿੰਦਗੀ ਬਤੀਤ ਕੀਤੀ ਕਿ ਕਣ ਕਣ, ਪਲ ਪਲ ਮਾਣੀ। ਮੈਨੂੰ ਤੁਸੀਂ ਪਿਆਰ ਕੀਤਾ ਤੇ ਜੀਵਨ ਵਿਚ ਵਿਸਮਾਦਪੂਰਨ ਰੰਗ ਭਰੇ, ਤੁਹਾਡਾ ਸ਼ੁਕਰਾਨਾ।

ਮੈਂ ਪ੍ਰਸੰਨ ਹਾਂ ਕਿ ਤੁਹਾਡੇ ਸਾਰਿਆਂ ਕੋਲ ਕਿਸੇ ਨਾ ਕਿਸੇ ਪ੍ਰਕਾਰ ਦਾ ਧਰਮ ਮੌਜੂਦ ਹੈ। ਅਸੀਂ, ਜਿਹੜੇ ਧਰਮੀ ਨਹੀਂ ਸਾਂ, ਤੁਸੀਂ ਸਾਨੂੰ ਵੀ ਪੂਰਨ ਆਦਰ ਮਾਣ ਦਿੱਤਾ। ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰਕੇ ਕਦੀ ਇਹ ਨਾ ਕਹਿਣਾ ਕਿ ਤੇਰੀ ਮੰਮੀ ਸੁਰਗ ਵਿਚ ਚਲੀ ਗਈ ਹੈ। ਉਹ ਸੋਚੇਗੀ- ਮੇਰੀ ਮਾਂ ਮੈਨੂੰ ਛੱਡ ਕੇ ਸੁਰਗ ਵਿਚ ਕਿਉਂ ਚਲੀ ਗਈ? ਉਹ ਨੂੰ ਲੱਗੇਗਾ, ਜਿਵੇਂ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ। ਮੈਂ ਤਾਂ ਪੂਰੀ ਵਾਹ ਲਾ ਦਿੱਤੀ ਕਿ ਉਸ ਕੋਲੋਂ ਤੇ ਉਸ ਦੇ ਪਾਪਾ ਜੈੱਫ ਕੋਲੋਂ ਕਦੀ ਦੂਰ ਨਾ ਜਾਵਾਂ। ਜਿੱਥੇ ਮੇਰੀ ਧੀ, ਸੁਰਗ ਤਾਂ ਉੱਥੇ ਹੈ। ਜਿਹੜੀ ਗੱਲ ਸੱਚ ਨਹੀਂ, ਉਸ ਬਾਰੇ ਮੇਰੀ ਧੀ ਕਿਉਂ ਸੋਚੇ? ਮੈਂ ਸੁਰਗ ਵਿਚ ਹਾਂ ਹੀ ਨਹੀਂ ਜਦੋਂ। ਮੈਂ ਇੱਥੇ ਹੀ ਹਾਂ, ਧਰਤੀ ਉੱਤੇ। ਜਿਸ ਜਰਜਰੇ ਜਿਸਮ ਵਿਚ ਰਿਹਾ ਕਰਦੀ ਸਾਂ, ਉਹ ਮੇਰੇ ਖਿਲਾਫ ਹੋ ਗਿਆ। ਮੇਰੀ ਸ਼ਾਨ, ਪਿਆਰ, ਹਾਸੇ, ਯਾਦਾਂ, ਤੁਹਾਡੇ ਆਲੇ ਦੁਆਲੇ ਐਨ ਨੇੜੇ-ਤੇੜੇ ਤਾਂ ਹਨ। ਸੁਰਗ ਵਿਚ ਨਹੀਂ, ਤੁਹਾਡੇ ਕੋਲ ਹਾਂ ਮੈਂ।

ਮੇਰੇ ਬਾਰੇ ਸੋਚਣ ਲੱਗੋ ਤਾਂ ਬਈ ਉਦਾਸ ਹੋ ਕੇ ਨਹੀਂ, ਤਰਸ ਖਾ ਕੇ ਨਹੀਂ। ਮੇਰਾ ਚੇਤਾ ਆਵੇ ਤਾਂ ਮੁਸਕਾਨ ਤੁਹਾਡੇ ਹੋਠਾਂ ਉੱਤੇ ਦਿਸੇ, ਏਨੀ ਛੇਤੀ ਭੁੱਲ ਗਏ ਕਿ ਆਪਾਂ ਹੱਸਦੇ ਤਾਂ ਹਾਸਿਆਂ ਦੇ ਛਣਕਾਟੇ ਅਸਮਾਨ ਤੱਕ ਗੂੰਜਿਆ ਕਰਦੇ? ਉਦਾਸ ਲੋਕ ਮੈਨੂੰ ਬੁਰੇ ਲੱਗਿਆ ਕਰਦੇ। ਮੇਰੀ ਕਹਾਣੀ ਦਾ ਦਰਦਨਾਕ ਹਿੱਸਾ ਕਿਉਂ ਫੋਲਣਾ? ਮੇਰੀ ਵਜਾਹ ਸਦਕਾ ਤੁਹਾਡੇ ਚਿਹਰੇ ਖਿੜ ਨਹੀਂ ਸਨ ਪੈਂਦੇ? ਬਰੀਆਨਾ ਨੂੰ ਉਹ ਸਾਰੀਆਂ ਗੱਲਾਂ ਦੱਸਿਓ, ਜਿਹੜੀਆਂ ਮੈਂ ਉਹਦੇ ਬਾਰੇ ਤੁਹਾਡੇ ਕੋਲ ਕਰਿਆ ਕਰਦੀ ਸਾਂ। ਮੈਨੂੰ ਉਸ ਉੱਤੇ ਹਮੇਸ਼ਾ ਮਾਣ ਰਿਹਾ। ਮੈਂ ਉਹਦੀ ਮੰਮੀ ਹਾਂ, ਇਸ ਤੋਂ ਵਧੀਕ ਸੁਹਣੀ ਹੋਰ ਕੋਈ ਗੱਲ ਮੈਨੂੰ ਨਹੀਂ ਲਗੀ, ਕਦੀ ਕੋਈ ਵੀ ਨਾ। ਜਿਸ ਦਿਨ ਉਹ ਇਸ ਧਰਤੀ ਉੱਪਰ ਉੱਤਰੀ, ਉਦੋਂ ਤੱਕ ਮੈਨੂੰ ਕੋਈ ਪਤਾ ਨਹੀਂ ਸੀ ਕਿ ਉਸੇ ਸਦਕਾ ਜੀਵਨ ਦਾ ਹਰੇਕ ਪਲ ਖੁਸ਼ੀਆਂ ਖੇੜਿਆਂ ਦੀ ਖਾਣ ਹੋਵੇਗਾ।

ਮੈਂ ਨਹੀਂ ਮੰਨਦੀ ਕਿ ਮੈਂ ਕੈਂਸਰ ਅੱਗੇ ਹਾਰ ਮੰਨ ਲਈ, ਕੈਂਸਰ ਨੇ ਮੈਥੋਂ ਕਈ ਕੁਝ ਖੋਹਿਆ, ਇਹ ਸਹੀ ਹੈ ਪਰ ਮੇਰਾ ਪਿਆਰ, ਉਮੀਦ ਅਤੇ ਖੇੜਾ ਨਹੀਂ ਖੋਹ ਸਕੀ। ਉਸ ਨਾਲ ਮੇਰਾ ਕੋਈ ਯੁੱਧ ਨਹੀਂ ਸੀ, ਬਸ ਜੀਵਨ ਇਹੋ ਸੀ ਸਮਝੋ। ਜੀਵਨ ਕਦੀ ਕਦੀ ਦਰਿੰਦਾ ਹੋ ਜਾਇਆ ਕਰਦਾ ਹੈ, ਬੇਇਨਸਾਫੀ ਹੋ ਜਾਂਦੀ ਹੁੰਦੀ ਹੈ ਬਸ। ਮੈਂ ਇਸ ਅੱਗੇ ਹਥਿਆਰ ਤਾਂ ਨਹੀਂ ਸੁੱਟੇਕੈਂਸਰ ਦੇ ਹੁੰਦੇ ਸੁੰਦੇ ਮੈਂ ਏਨੇ ਸਾਲ ਤੁਹਾਡੇ ਨਾਲ ਬਿਤਾਏ, ਕੀ ਇਹ ਵਿਜੈ ਨਹੀਂ?

ਸਭ ਨਾਲੋਂ ਮਾਣਮੱਤੀ ਪ੍ਰਾਪਤੀ ਇਹ ਹੈ ਕਿ ਮੈਂ ਆਪਣੇ ਮੀਤ ਜੈੱਫ ਨਾਲ ਇਕ ਦਹਾਕਾ ਰਹੀ। ਉਸ ਨਾਲ ਰਹਿੰਦਿਆਂ ਯਕੀਨ ਹੋਇਆ ਕਿ ਮਿਲਾਪਾਂ ਦੇ ਫੈਸਲੇ ਆਕਾਸ਼ ਵਿਚ ਆਪੇ ਕੋਈ ਕਰ ਦਿੰਦੈ, ਕਿ ਦੋ ਜਿਸਮਾਂ ਵਿਚ ਇਕ ਜੋਤ ਹੋ ਸਕਦੀ ਹੈ। ਹਰ ਲਮਹਾ ਜੈੱਫ ਨੇ ਮੇਰੇ ਹੱਕ ਵਿਚ, ਮੇਰੇ ਪੱਖ ਵਿਚ ਬਿਤਾਇਆ। ਬ੍ਰਹਿਮੰਡ ਵਿਚ ਉਸ ਵਰਗਾ ਹੋਰ ਨਹੀਂ ਬਣਿਆ ਕੋਈ। ਸੰਤਾਪ ਦੌਰਾਨ ਲੋਕ ਮੂੰਹ ਫੇਰ ਲਿਆ ਕਰਦੇ ਹਨ, ਵਿੱਛੜ ਜਾਂਦੇ ਹਨ। ਅਸੀਂ ਹਰ ਰੋਜ਼ ਹੱਸਣ ਦਾ ਕੋਈ ਬਹਾਨਾ ਲੱਭ ਲਿਆ ਕਰਦੇ। ਉਸ ਦੇ ਪਿਆਰ ਦੀ ਹੱਦ ਜੀਵਨ ਤੋਂ ਪਾਰ ਤੱਕ ਹੈ, ਇਹੋ ਜਿਹਾ ਪਿਆਰ ਅਬਿਨਾਸੀ ਹੁੰਦਾ ਹੈ।

ਸੰਸਾਰ ਵਿਚ ਸਭ ਤੋਂ ਕੀਮਤੀ ਵਸਤੂ ਸਮਾਂ ਹੈ। ਅਸਾਂ ਦੋਵਾਂ ਨੇ ਇਕ ਦੂਜੇ ਨੂੰ ਆਪੋ ਆਪਣਾ ਪੂਰਾ ਸਮਾਂ ਸੁਗਾਤ ਵਜੋਂ ਦਿੱਤਾ। ਤੇਰਾ ਸ਼ੁਕਰਾਨਾ ਜੈੱਫ। ਮੈਂ ਤੈਨੂੰ ਪਿਆਰ ਕੀਤਾ। ਸਾਡੇ ਪਿਆਰ ਵਿੱਚੋਂ ਬਰੀਆਨਾ ਪ੍ਰਗਟ ਹੋ ਗਈ, ਏਨੀ ਸੁਹਣੀ ਚਿੜੀ। ਸਿਰਫ ਇਹ ਇਕ ਕੰਮ ਨਹੀਂ ਮੇਰੇ ਤੋਂ ਕੀਤਾ ਜਾਣਾ, ਹੱਥ ਹਿਲਾ ਕੇ ਮੈਂ ਬਰੀਆਨਾ ਨੂੰ ਅਲਵਿਦਾ ਨਹੀਂ ਕਹਿ ਸਕਦੀ। ਮੇਰੇ ਜਾਣ ਬਾਦ ਤੁਸੀਂ ਦੋਵੇਂ ਉਦਾਸ ਹੋਵੋਗੇ, ਇਸ ਖਿਆਲ ਕਾਰਨ ਮੇਰਾ ਦਿਲ ਬੈਠ ਜਾਂਦਾ ਹੈ। ਪਰ ਫੇਰ ਸਮਾਂ ਬੀਤਣ ਨਾਲ ਸਭ ਠੀਕ ਹੋ ਜਾਏਗਾ, ਤੁਸੀਂ ਭਲੇ ਦਿਨ ਯਾਦ ਕਰਕੇ ਹੱਸ ਪਿਆ ਕਰੋਗੇ। ਕਿਸੇ ਨਾ ਕਿਸੇ ਤਰ੍ਹਾਂ ਮੈਂ ਤੁਹਾਡੇ ਨੇੜੇ ਤੇੜੇ ਰਿਹਾ ਕਰਾਂਗੀ, ਯਕੀਨ ਨਾ ਆਵੇ ਤਾਂ ਸਰਚ ਮਾਰ ਕੇ ਗੂਗਲ ਤੋਂ ਪੁੱਛ ਲਿਉ। ਤੁਸੀਂ ਮੇਰਾ ਪੂਰਾ ਜਹਾਨ ਹੋ, ਸ਼ਬਦਾਂ ਦੇ ਵਰਣਨ ਤੋਂ ਪਾਰ ਦਾ ਜਹਾਨ।

ਦੋਸਤੋ, ਤੁਸੀਂ ਮੇਰਾ ਪੂਰਾ ਜੀਵਨ ਵਿਸਮਾਦਮਈ ਬਣਾਇਆ, ਤੁਹਾਡਾ ਸ਼ੁਕਰਾਨਾ। ਡਾਕਟਰਾਂ ਅਤੇ ਨਰਸਾਂ ਦਾ ਸ਼ੁਕਰਾਨਾ, ਜਿਨ੍ਹਾਂ ਆਪਣੀ ਸਾਰੀ ਵਿੱਦਿਆ ਅਤੇ ਹਮਦਰਦੀ ਮੇਰੇ ਉੱਪਰ ਲੁਟਾਈ, ਜੋ ਕਰ ਸਕੇ, ਕੀਤਾ। ਸਾਰੇ ਸ਼ੁਭਚਿੰਤਕ ਦੋਸਤਾਂ ਦੇ ਜੀਵਨ ਖੇੜਿਆਂ ਭਰੇ ਰਹਿਣ। ਹਰੇਕ ਦਿਨ ਇਉਂ ਲੱਗੇ ਜਿਵੇਂ ਨਵਾਂ ਤੁਹਫਾ ਹੈ।

ਮੇਰੀ ਅਰਥੀ ਚੁੱਕਣ ਵੇਲੇ ਬੀਅਰ ਦੇ ਢੱਕਣ ਖੁੱਲ੍ਹ ਜਾਣ ਤਾਂ ਕਿਵੇਂ ਰਹੇ? ਥੋੜ੍ਹੀ ਕੁ ਮੇਰੇ ਉੱਪਰ ਛਿੜਕ ਕੇ ਬਾਕੀ ਆਪ ਪੀਓ। ਸ਼ਾਨਦਾਰ ਪਾਰਟੀ ਲੱਗੇ, ਤੁਹਾਨੂੰ ਮੇਰੇ ਸ਼ੌਕ ਦਾ ਪਤਾ ਤਾਂ ਹੈ। ਅਲਵਿਦਾ ਦੀ ਥਾਂ, ਫਿਰ ਮਿਲਾਂਗੇ ਕਹਿਣਾ ਠੀਕ ਰਹੇਗਾ। ਇਕ ਇਕ ਦਿਨ ਨਹੀਂ, ਇਕ ਇਕ ਛਿਣ ਕੀਮਤੀ ਹੈ, ਯਾਦ ਰੱਖਣਾ।

*****

(ਤਸਵੀਰਾਂ ਲਈ ctvnews.ca ਦਾ ਧੰਨਵਾਦ)

(147)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

 

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author