HarpalSPannu7ਇਕ ਬਜ਼ੁਰਗ ਕੰਬਦਾ ਹੋਇਆ ਈਦੀ ਕੋਲ ਆਇਆ“ਈਦੀਮੇਰਾ ਇੱਕੋ ਪੁੱਤਰ ਸੀ ...
(ਜੁਲਾਈ 16, 2016)

 

IdiBaba19 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸ਼ਨ ’ਤੇ ਖਲੋਤੀ ਮਾਲਗੱਡੀ ਨਾਲ ਜਾ ਟਕਰਾਈ। ਮਾਲਗੱਡੀ ਵਿਚ ਫਾਸਫੇਟ ਲੱਦਿਆ ਹੋਇਆ ਸੀ। ਸੈਂਕੜੇ ਜ਼ਖਮੀ ਹੋਏ, ਸੈਂਕੜੇ ਮਾਰੇ ਗਏ। ਇਸ ਦੁਰਘਟਨਾ ਵਿਚ ਮਦਦ ਕਰਨ ਵਾਸਤੇ ਈਦੀ ਨੂੰ ਹੈਲੀਕਾਪਟਰ ਲੈਣ ਆ ਗਿਆ। ਸਟਾਫ ਸਮੇਤ ਉਹ ਹੈਲੀਕਾਪਟਰ ਵੱਲ ਤੁਰ ਪਿਆ। ਸਿਰ ਵਿਚ ਕੋਈ ਖਿਆਲ ਨਹੀਂ, ਲੱਤਾਂ ਵਿਚ ਜਾਨ ਨਹੀਂ, ਸਭ ਕੁੱਝ ਸੁੰਨ ਮਸੁੰਨ ਸੀ। ਉਸਨੂੰ ਲੱਗਾ - ਕੋਈ ਮੁਰਦਾ ਨਵੀਆਂ ਪੀੜਾਂ ਲੈ ਕੇ ਕਬਰ ਵਿੱਚੋਂ ਉੱਠ ਕੇ ਤੁਰ ਪਿਆ ਹੋਵੇ। ਪਾਇਲਟ ਸੁਨੇਹੇ ਲੈ ਰਿਹਾ ਸੀ, ਸੁਨੇਹੇ ਦੇ ਰਿਹਾ ਸੀ। ਤੁਰਨ ਤੋਂ ਪਹਿਲਾਂ ਨਰਸਾਂ, ਡਾਕਟਰ, ਦਵਾਈਆਂ, ਐਂਬੂਲੈਂਸਾਂ ਅਤੇ ਕੱਫਣ ਲੈ ਕੇ ਗੱਡੀਆਂ ਦਾ ਕਾਰਵਾਂ ਸੜਕ ਰਾਹੀਂ ਤੋਰ ਦਿੱਤਾ ਸੀ। ਦੋ ਘੰਟਿਆਂ ਦੀ ਉਡਾਣ ਬਾਦ ਪਾਇਲਟ ਨੇ ਈਦੀ ਨੂੰ ਪੁੱਛਿਆ - ਤੁਹਾਡਾ ਕੋਈ ਦੋਹਤਾ ਹਸਪਤਾਲ ਵਿਚ ਹੈ ਮੌਲਾਨਾ? ਈਦੀ ਕੰਬ ਗਿਆ - ਹਾਂ ਹੈ, ਕਿਉਂ? ਦੱਸਿਆ - ਉਹ ਚਲਾ ਗਿਐ। ਹਵਾਈ ਸਟਾਫ ਨੇ ਈਦੀ ਨਾਲ ਰਲ ਕੇ ਦੁਆ ਕਰਨ ਲਈ ਅਸਮਾਨ ਵੱਲ ਹੱਥ ਫੈਲਾਏ। ਪਾਇਲਟ ਨੇ ਪੁੱਛਿਆ- ਵਾਪਸ ਚੱਲੀਏ? ਈਦੀ ਨੇ ਕਿਹਾ - ਨਹੀਂ, ਪਹਿਲਾਂ ਹੀ ਲੇਟ ਹਾਂ। ਕੰਮ ਬਹੁਤ ਜ਼ਿਆਦਾ ਹੈ। ਮੇਰੀ ਬੀਵੀ ਬਿਲਕੀਸ ਨੂੰ ਕਹਿ ਦਿਉ ਕਿ ਦਫਨ ਕਰ ਦੇਵੇ, ਮੈਨੂੰ ਉਡੀਕੇ ਨਾ।

ਵਿਆਹ ਤੋਂ ਪਹਿਲਾਂ ਈਦੀ ਨੇ ਆਪਣੀ ਬੀਵੀ ਨੂੰ ਕਹਿ ਦਿੱਤਾ ਸੀ, ਮੈਂ ਸਾਰੇ ਦਾ ਸਾਰਾ ਤੇਰੇ ਵਾਸਤੇ ਹਾਂ, ਪਰ ਕੋਈ ਵੱਡਾ ਦੁੱਖ ਦੇਖਾਂਗਾ ਤਾਂ ਸਾਰੇ ਦਾ ਸਾਰਾ ਵਜੂਦ ਤੇਰੇ ਤੋਂ ਵਾਪਸ ਲੈ ਲਿਆ ਕਰਾਂਗਾ। ਠੀਕ ਹੈ? ਬੀਵੀ ਬੋਲੀ - ਠੀਕ ਹੈ। ਧੀ ਨੇ ਬਿਲਾਲ ਨੂੰ ਜਨਮ ਦਿੱਤਾ ਤਾਂ ਈਦੀ ਨੂੰ ਲੱਗਾ - ਦੋਹਤਾ ਮੇਰੇ ਲਈ ਜਹਾਨ ਵਿਚ ਆਇਆ ਹੈ। ਦੇਖੋ ਕਿੰਨਾ ਕੰਮ ਹੈ। ਮੇਰੇ ਨਾਲ ਹੱਥ ਵਟਾਏਗਾ। ਜਿਵੇਂ ਦੇਰ ਤੋਂ ਇਕ ਦੂਜੇ ਨੂੰ ਲੱਭ ਰਹੇ ਹੋਈਏ ਤੇ ਮਿਲ ਜਾਈਏ। ਇਕੱਠੇ ਬਰੇਕਫਾਸਟ ਕਰਦੇ। ਨਾਨਾ ਆਪਣੀ ਬਾਸੀ ਰੋਟੀ ਵਿੱਚੋਂ ਇਕ ਬੁਰਕੀ ਦਿੰਦਾ ਤਾਂ ਦੋਹਤਾ ਪੁੱਛਦਾ – ਨਾਨਾ, ਕੀ ਤੁਸੀਂ ਵਾਕਈ ਗਰੀਬ ਹੋ? ਈਦੀ ਹੱਸ ਪੈਂਦਾ - ਗਰੀਬ ਨਹੀਂ ਹਾਂ ਪੁੱਤਰ, ਬਾਸੀ ਰੋਟੀ ਇਸ ਲਈ ਖਾਨਾ ਤਾਂ ਕਿ ਮੈਨੂੰ ਗਰੀਬੀ ਯਾਦ ਰਹੇ। ਈਦ ਦੇ ਦਿਨ ਰੌਣਕਾਂ ਹੁੰਦੀਆਂ। ਬਿਲਾਲ ਵਾਸਤੇ ਖਿਡੌਣੇ ਅਤੇ ਕੱਪੜੇ ਆਉਂਦੇ। ਖੁਸ਼ ਹੋ ਹੋ ਪੈਕਟ ਖੋਲ੍ਹਦਾ। ਇਹ ਅੱਜ ਖਾਵਾਂਗਾ, ਇਹ ਕੱਲ੍ਹ ਇਹ ਪਰਸੋਂ। ਨਾਨਾ ਆਖਦਾ - ਬਿਲਾਲ ਤੈਨੂੰ ਪਤੈ ਕੁੱਝ ਬੱਚਿਆਂ ਕੋਲ ਕੱਪੜੇ ਹੁੰਦੇ ਈ ਨੀ ਬਿਲਾਲ ਹੱਸਦਾ ਹੋਇਆ ਬਾਹਾਂ ਛੁਡਾ ਕੇ ਕੱਪੜਿਆਂ ਦੀ ਅਲਮਾਰੀ ਕੋਲ ਜਾ ਕੇ ਆਖਦਾ - ਪਰ ਮੇਰੇ ਕੋਲ ਤਾਂ ਹੈਗੇ ਨੇ। ਈਦੀ ਦੀ ਨਿਗਰਾਨੀ ਵਿਚ ਮਨੋਰੋਗਣ ਜੁਆਨ ਕੁੜੀ ਨੂਰਮਾਲ ਜੇਰੇ ਇਲਾਜ ਸੀ। ਠੀਕ ਹੋ ਰਹੀ ਸੀ। ਬਿਲਾਲ ਨਾਲ ਖੇਡਦੀ ਰਹਿੰਦੀ। ਨੁਹਾਉਂਦੀ, ਕੱਪੜੇ ਪਹਿਨਾਉਂਦੀ। ਇਕ ਸਵੇਰ ਬਗੈਰ ਠੰਢਾ ਪਾਣੀ ਮਿਲਾਏ, ਬਗੈਰ ਕੋਸਾ ਕਰਨ ਦੇ, ਉਬਲਦੇ ਪਾਣੀ ਦੀ ਬਾਲਟੀ ਬਿਲਾਲ ਉੱਪਰ ਸੁੱਟ ਦਿੱਤੀ। ਚੀਕ ਮਾਰਦੇ ਬਿਲਾਲ ਥਾਏਂ ਢੇਰੀ ਹੋ ਗਿਆ। ਹਸਪਤਾਲ ਲੈ ਗਏ। ਮੌਤ ਦੀ ਖਬਰ ਮਿਲੀ। ਈਦੀ ਦੁਰਘਟਨਾ ਗ੍ਰਸਤ ਥਾਂ ’ਤੇ ਪੁੱਜ ਕੇ ਕੰਮ ਦੀ ਤਕਸੀਮ ਕਰਨ ਲੱਗਾ, ਟੁਕੜੀਆਂ ਵਿਚ ਵੰਡਣ ਲੱਗਾ। ਲੋਕਾਂ ਨੇ ਈਦੀ ਪਛਾਣ ਲਿਆ, ਉਨ੍ਹਾਂ ਨੇ ਮੇਰਾ ਲੜਕਾ ਨੀ ਲੱਭਿਆ ਈਦੀ ... ਅਹੁ ਦੇਖੋ ਮੇਰਾ ਅੱਬੂ, ਤੁਰਤ ਹਸਪਤਾਲ ਨਾ ਪੁਚਾਇਆ ਮਰ ਜਾਏਗਾ ..., ਅੱਲਾਹ ਦਾ ਸ਼ੁਕਰ ਈਦੀ ਤੁਸੀਂ ਆ ਗਏ। ਮੇਰੇ ਬੱਚੇ ਲੱਭੋ, ਕਿੱਥੇ ਨੇ ਉਹ? ... ਮੇਰੇ ਬੱਚੇ ਮਰ ਗਏ ਹਨ ਈਦੀ, ਉਨ੍ਹਾਂ ਦੀ ਮਾਂ ਦਾ ਲਹੂ ਬਹੁਤਾ ਵਗ ਗਿਐ, ਉਹ ਮਰ ਰਹੀ ਐ, ਬਚਾਉ। ... ਈਦੀ ਨੂੰ ਯਾਦ ਆਇਆ, ਸੜੇ ਜਿਸਮ ਨਾਲ ਹਸਪਤਾਲ ਦੇ ਬੈੱਡ ’ਤੇ ਪਏ ਦੋਹਤੇ ਬਿਲਾਲ ਦੀਆਂ ਅੱਖਾਂ ਵਿਚ ਇਹੋ ਉਮੀਦ ਸੀ ... ਨਾਨਾ ਹੈ ਨਾ। ਹੁਣ ਮੈਨੂੰ ਕੌਣ ਮਾਰ ਸਕਦਾ? ਇਹੀ ਉਮੀਦ ਹੁਣ ਈਦੀ ਨੂੰ ਦੇਖਣ ਸਾਰ ਸੈਂਕੜੇ ਅੱਖਾਂ ਵਿਚ ਪੈਦਾ ਹੋ ਗਈ। ਇਕ ਜੁਆਨ ਰੋਂਦਾ ਆਇਆ - ਬਾਪੂ ਤਾਂ ਲੱਭ ਲਿਆ, ਮਾਂ ਕਿੱਥੇ ਹੈ? ਬਾਪੂ ਦੀ ਲਾਸ਼ ਲੱਭਣ ਤੋਂ ਬਾਦ ਉਹ ਮਾਂ ਦੀ ਲਾਸ਼ ਤਲਾਸ਼ ਰਿਹਾ ਸੀ“ਕੋਈ ਵੀ ਉਹਦੇ ਵਰਗੀ ਨੀਂ ਲਗਦੀ।”

ਕੰਮ ਵਿਚ ਰੁੱਝੇ ਈਦੀ ਸਾਹਮਣੇ ਬਿਲਾਲ ਆ ਖਲੋਂਦਾ। ਕਦੀ ਨਾਨਾ, ਕਦੀ ਨਾਨੀ ਇਸ ਨਾਲ ਲੁਕਣ-ਮੀਟੀ ਖੇਡਦੇ, ਫੜੇ ਨਾ ਜਾਈਏ, ਦੌੜਦੇ, ਬਿਲਾਲ ਸੰਦੂਕ ’ਤੇ ਲੁਕਦਾ, ਕਦੀ ਮੰਜੀ ਹੇਠ, ਫੜੇ ਜਾਣ ’ਤੇ ਖੁਸ਼ੀ ਨਾਲ ਚੀਕਾਂ ਮਾਰਦਾ। ਨਾਨੀ ਹੱਥੀਂ ਇਕ ਇਕ ਬੁਰਕੀ ਵੱਖਰੇ ਵੱਖਰੇ ਨਾਮ ਲੈਕੇ ਖੁਆਉਂਦੀ - ਉਹ ਕੁਤਬ ਲਈ ਹੈ ... ਇਹ ਕੁਬਰਾ ਲਈ, ਹੁਣ ਇਹ ਫੈਸਲ ਲਈ ਹੈ ... ਇਹ ਅਲਮਾਸ ਲਈ। ਰੇਲਵੇ ਸਟੇਸ਼ਨ ਤੇ ਲੱਤਾਂ, ਬਾਹਾਂ, ਸਿਰ, ਇੱਧਰ ਉੱਧਰ ਖਿਲਰੇ ਪਏ ਸਨ। ਚਾਰੇ ਪਾਸੇ ਤਾਜ਼ੇ ਲਹੂ ਦੀ ਦੁਰਗੰਧ। ਲਾਊਡ ਸਪੀਕਰ ਲਹੂ-ਦਾਨ ਵਾਸਤੇ ਅਪੀਲਾਂ ਕਰ ਰਹੇ ਸਨ। ਹਸਪਤਾਲ ਭਰ ਚੁੱਕੇ ਸਨ। ਬਾਕੀ ਮਸਜਿਦਾਂ ਵੱਲ ਤੋਰੇ ਜਾਣ ਲੱਗੇ। ਈਦੀ ਫਾਉਂਡੇਸ਼ਨ ਦੀਆਂ 75 ਐਬੂਲੈਂਸਾਂ ਜ਼ਖਮੀਆਂ ਅਤੇ ਮੁਰਦਿਆਂ ਨੂੰ ਲੈ ਲੈ ਵੱਖ ਵੱਖ ਦਿਸ਼ਾਵਾਂ ਵੱਲ ਦੌੜ ਰਹੀਆਂ ਸਨ।

ਇਸ ਹੌਲਨਾਕ ਹਾਲਤ ਵਿਚ ਵੀ ਇਖਲਾਕੋਂ ਗਿਰੇ ਬੰਦੇ ਪੁੱਜ ਗਏ ਸਨ। ਇਕ ਜੁਆਨ ਨੇ ਲਾਸ਼ਪਛਾਣੀ, ਕਾਗਜ਼ ’ਤੇ ਦਸਤਖਤ ਕਰਕੇ ਐਂਬੂਲੈਂਸ ਰਾਹੀਂ ਘਰ ਲੈ ਗਿਆ। ਘਰਦਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਸਾਡਾ ਤਾਂ ਕੋਈ ਜੀ ਮਰਿਆ ਹੀ ਨਹੀਂ। ਮੁੰਡਾ ਦੌੜ ਕੇ ਕਿਧਰੇ ਛੁਪ ਗਿਆ। ਸਰਕਾਰ ਤੋਂ ਮੁਆਵਜ਼ਾ ਲੈਣ ਵਾਸਤੇ ਡਰਾਮਾ ਕੀਤਾ ਸੀ। ਐਂਬੂਲੈਂਸ ਲਾਸ਼ ਵਾਪਸ ਲੈ ਆਈ। ਇਸ ਐਕਸੀਡੈਂਟ ਵਿਚ ਕੋਟਲੀ ਪਿੰਡ ਦੇ ਇਕ ਪਰਿਵਾਰ ਦੇ ਨੌਂ ਮੈਂਬਰ ਮਾਰੇ ਗਏ ਸਨ। ਇਨ੍ਹਾਂ ਦੀਆਂ ਲਾਸ਼ਾਂ ਕੌਣ ਲੈਕੇ ਜਾਏਗਾ? ਏਨੀਆਂ ਲਾਸ਼ਾਂ ਦੇਖਕੇ ਕਿੰਨੇ ਬੰਦੇ, ਔਰਤਾਂ, ਬੱਚੇ ਰੁਦਨ ਕਰਨਗੇ। ਈਦੀ ਨੇ ਕਿਹਾ - ਮੈਂ ਜਾਵਾਂਗਾ, ਮੇਰੇ ਉੱਪਰ ਚੀਕਾਂ ਦਾ ਅਸਰ ਨਹੀਂ ਹੋਵੇਗਾ ਕਿਉਂਕਿ ਮੈਂ ਬਿਲਾਲ ਵਾਸਤੇ ਰੋਵਾਂਗਾਇੱਧਰਲੀਆਂ ਲਾਸ਼ਾਂ ਵੱਲ ਮੇਰਾ ਧਿਆਨ ਈ ਨਹੀਂ ਜਾਏਗਾ। ਪਰ ਸਾਰਿਆਂ ਦੇ ਘਾਟੇ ਮਿਲਕੇ ਕਿੰਨਾ ਵੰਡਾ ਘਾਟਾ ਬਣਾ ਦੇਣਗੇ? ਈਦੀ ਨੇ ਪ੍ਰਾਰਥਨਾ ਕਰਦਿਆਂ ਕਿਹਾ - ਮਾਲਕ, ਤੈਨੂੰ ਪਿਆਰ ਕਰਦਾ ਹਾਂ ਮੈਂ। ਜਦੋਂ ਦੁੱਖ ਦੇਖਦਾ ਹਾਂ, ਤੈਨੂੰ ਭੁੱਲ ਕੇ ਦੁਖੀ ਬੰਦੇ ਨੂੰ ਪਿਆਰ ਕਰਨ ਲੱਗ ਜਾਨਾ।

ਇਕ ਬਜ਼ੁਰਗ ਕੰਬਦਾ ਹੋਇਆ ਈਦੀ ਕੋਲ ਆਇਆ,“ਈਦੀ, ਮੇਰਾ ਇੱਕੋ ਪੁੱਤਰ ਸੀ। ਹੋਰ ਮੇਰਾ ਕੋਈ ਨਹੀਂ। ਮੈਂ ਇਕੱਲਾ ਹਾਂ ਈਦੀ, ਬਿਲਕੁਲ ਇਕੱਲਾ। ਕਿਸੇ ਨੂੰ ਮੇਰੇ ਦੁੱਖ ਦਾ ਪਤਾ ਨਹੀਂ।”

ਈਦੀ ਨੇ ਰੋਂਦਿਆਂ ਹੋਇਆਂ ਕਿਹਾ, “ਮੈਨੂੰ ਪਤਾ ਹੈ ਭਰਾ, ਮੈਂ ਤੇਰਾ ਦੁੱਖ ਜਾਣਦਾਂ। ਆਦਿ ਕਾਲ ਤੋਂ ਜਾਣਦਾਂ।” ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ’ਤੇ ਜਮ ਕੇ ਲਹੂ ਸੁੱਕ ਗਿਆ ਸੀ, ਮਸਾਂ ਉਤਾਰਿਆ। ਲਹੂ ਲੁਹਾਣ ਕੱਪੜੇ ਬਦਲੇ। ਘਰ ਵਾਪਸੀ ਵਾਸਤੇ ਹੈਲੀਕਾਪਟਰ ਵਿਚ ਬੈਠ ਗਿਆ। ਸੀਟ ਬੈਲਟਾਂ ਕੱਸ ਲਈਆਂ। ਹੈਲੀਕਾਪਟਰ ਉੱਡਣ ਲੱਗਾ। ਮਨ ਵਿਚ ਬਿਲਾਲ ਆ ਰਿਹਾ ਸੀ - ਜਦੋਂ ਮੈਂ ਚੁਰਸਤੇ ਵਿਚ ਮੰਗਣ ਲਈ ਬੈਠਦਾ, ਬਿਲਾਲ ਨੂੰ ਚਾਅ ਚੜ੍ਹ ਜਾਂਦਾ। ਇਹ ਕੰਮ ਉਸਨੂੰ ਸਭ ਤੋਂ ਵਧੀਆ ਲਗਦਾ। ਸਿੱਕੇ ਗਿਣਦਾ ਜਾਂਦਾ। ਕੋਈ ਲੋੜਵੰਦ ਮੰਗਣ ਆ ਜਾਂਦਾ, ਈਦੀ ਕਹਿ ਦਿੰਦਾ - ਦੇ ਦੇ ਬਿਲਾਲ। ਕੁਝ ਪੈਸੇ ਦੇ ਦੇ ਇਹਨੂੰ। ਬਿਲਾਲ ਪੁੱਛਦਾ - ਨਾਨਾ ਤੁਹਾਨੂੰ ਇਹਦੀ ਕਹਾਣੀ ਸੱਚੀ ਲਗਦੀ ਹੈ? ਕਿਤੇ ਝੂਠ ਤਾਂ ਨਹੀਂ ਮਾਰਦਾ? “ਤਾਂ ਵੀ ਪੈਸੇ ਦੇ ਈ ਦੇ ਬਿਲਾਲ।”

ਜਹਾਜ਼-ਘਰ ਤੋਂ ਐਂਬੂਲੈਂਸ ਰਾਹੀਂ ਕਬਰਸਤਾਨ ਹੋ ਕੇ ਈਦੀ ਘਰ ਪਹੁੰਚਾ। ਬੀਵੀ ਅਤੇ ਖਾਵੰਦ ਇਕ ਦੂਜੇ ਤੋਂ ਲੁਕਣਾ ਚਾਹ ਰਹੇ ਸਨ। ਬੈਠ ਗਏ। ਨਿੱਕੇ ਨਿੱਕੇ ਬੂਟ ਪਏ ਸਨ। ਉਨ੍ਹਾਂ ਵੱਲ ਦੇਖਣ ਲੱਗੇ। ਨਿੱਕੇ ਨਿੱਕੇ ਕਮੀਜ਼ਾਂ, ਨਿੱਕਰਾਂ ਵਿਚ ਚਿਹਰਾ ਛੁਪਾ ਕੇ ਖੂਬ ਰੋਏ। ਧੀ ਕੁਬਰਾ ਕਮਜ਼ੋਰ, ਬੇਜ਼ਬਾਨ ਖਲੋਤੀ ਰਹੀ। ਨਾ ਜਿਸਮ ’ਤੇ ਕਾਬੂ ਨਾ ਲਫਜ਼ਾਂ ਉੱਪਰ। ਈਦੀ ਨੇ ਕਿਹਾ, “ਅੱਜ ਜੋ ਗੱਲ ਬਿਲਾਲ ਬਾਰੇ ਕਰਨੀ ਹੈ, ਕਰ ਲੈ ਧੀਏ। ਫੇਰ ਮੁੜ ਕੇ ਉਸਦਾ ਨਾਂ ਨੀ ਲੈਣਾ ਆਪਾਂ। ਠੀਕ?” ਧੀ ਨੇ ਕੁਝ ਨਾ ਕਿਹਾ।

ਈਦੀ ਦੇ ਪੂਰਵਜ ਸਿੰਧੀ ਹਿੰਦੂ ਸਨ ਜੋ ਨਿੱਕੀ ਮੋਟੀ ਕਿਸਾਨੀ ਦਾ ਕੰਮ ਕਰਦੇ ਸਨ। ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਨ੍ਹਾਂ ਨੂੰ ਮੋਮਿਨ ਕਿਹਾ ਜਾਂਦਾ ਰਿਹਾ ਪਰ ਇਹੋ ਨਾਮ ਪਤਾ ਨਹੀਂ ਕਿਵੇਂ ਵਿਗੜ ਗਿਆ, ਮੈਮਨ ਹੋ ਗਿਆ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿਚ ਵਸ ਕੇ ਵਪਾਰ ਕਰਨ ਲੱਗਾ। ਗੁਜਰਾਤੀ ਵਿਚ ਈਦੀ ਮਾਇਨੇ ਆਲਸੀ ਹੁੰਦਾ ਏ ਪਰ ਇਹ ਬੜਾ ਹਿੰਮਤੀ ਪਰਿਵਾਰ ਸੀ। ਮੁਹੰਮਦ ਅਲੀ ਜਿਨਾਹ ਨੇ ਮੈਮਨਾ ਦੀ ਮਦਦ ਨਾਲ ਹੀ ਬੰਬਈ ਵਿਚ ਹਬੀਬ ਬੈਂਕ ਖੋਲ੍ਹਿਆ ਸੀ। ਮੈਮਨ ਵੱਡੇ ਵਪਾਰੀ ਘਰਾਣਿਆਂ ਦੇ ਮਾਲਕ ਸਨ ਜਿਨ੍ਹਾਂ ਦਾ ਮੁਕਾਬਲਾ ਕੇਵਲ ਪਾਰਸੀ ਕਰ ਸਕਦੇ ਸਨ, ਹੋਰ ਨਹੀਂ। ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਮੈਮਨਾ ਕੋਲ ਤੇ ਮੁਲਾਜ਼ਮਤ ਆਮ ਹਿੰਦੁਸਤਾਨੀਆਂ ਨੂੰ ਦਿੱਤੀ ਜਾਂਦੀ। ਪਿਤਾ ਦਾ ਨਾਮ ਅਬਦੁਲ ਸ਼ਕੂਰ ਈਦੀ ਤੇ ਮਾਂ ਗੁਰਬਾ ਸੀ। ਜੂਨਾਗੜ੍ਹ ਦੇ ਨੇੜੇ ਬੰਟਵਾ ਨਾਮ ਦੇ 25 ਹਜ਼ਾਰ ਆਬਾਦੀ ਵਾਲੇ ਕਸਬੇ ਵਿਚ 20 ਹਜ਼ਾਰ ਮੈਮਨ ਸਨ। ਮਾਂ ਦਿਆਲੂ ਸੀ। ਵਪਾਰਕ ਦੌਰੇ ’ਤੇ ਗਿਆ ਪਿਤਾ ਕਈ ਵਾਰ ਸਾਲ ਸਾਲ ਨਾ ਪਰਤਦਾ। ਸੁੱਕੇ ਮੇਵਿਆਂ ਦੀਆਂ ਪੇਟੀਆਂ ਭੇਜਦਾ ਰਹਿੰਦਾ। ਮਾਂ ਇਨ੍ਹਾਂ ਦੇ ਨਿੱਕੇ ਨਿੱਕੇ ਪੈਕਟ ਬਣਾ ਕੇ ਈਦੀ ਨੂੰ ਗਰੀਬ ਬਸਤੀਆਂ ਵਿਚ ਵੰਡਣ ਲਈ ਫੜਾ ਦਿੰਦੀ। ਸਕੂਲ ਜਾਣ ਵੇਲੇ ਹਰ ਰੋਜ਼ ਦੋ ਪੈਸੇ ਦੇ ਕੇ ਮਾਂ ਆਖਦੀ - ਇਕ ਪੈਸਾ ਤੇਰਾ ਹੈ, ਇਕ ਕਿਸੇ ਲੋੜਵੰਦ ਦਾ। ਦੂਜਾ ਉਸ ਨੂੰ ਦੇਈਂ ਜੋ ਤੈਨੂੰ ਮੁਥਾਜ ਲੱਗੇ। ਉਹ ਚਿਹਰਾ ਪੜ੍ਹ ਕੇ ਹੀ ਸਮਝ ਜਾਂਦੀ ਜਦੋਂ ਈਦੀ ਦੋਵੇਂ ਪੈਸੇ ਛਕ ਆਉਂਦਾ। “ਕਿੰਨਾ ਖੁਦਗਰਜ਼ ਐਂ ਤੂੰ। ਕਿਸ ਤਰ੍ਹਾਂ ਦਾ ਪੱਥਰ ਦਿਲ ਹੈ ਤੇਰਾ? ਏਨੀ ਛੋਟੀ ਉਮਰ ਵਿਚ ਹੀ ਤੂੰ ਗਰੀਬਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤੈ? ਵੱਡਾ ਹੋ ਕੇ ਕੀ ਕੀ ਕਰੇਂਗਾ, ਪਤਾ ਨਹੀਂ।”

ਸ਼ਰਮਸਾਰ ਈਦੀ ਨੀਵੀਂ ਪਾਈ ਖਲੋਤਾ ਰਹਿੰਦਾ। ਸਕੂਲ ਜਾਂਦਿਆਂ ਉਸਨੇ ਦੇਖਿਆ ਮੁੰਡਿਆਂ ਦੀ ਇਕ ਟੋਲੀ ਪਾਗਲ ਨੂੰ ਘੇਰੀ ਖਲੋਤੀ ਹੈ। ਛਟੀਆਂ ਨਾਲ ਛੇੜ ਛਾੜ ਕਰ ਰਹੇ ਸਨ। ਖਿਲਰੇ ਵਾਲਾਂ ਵਾਲੇ ਪਾਗਲ ਦੀ ਨਜ਼ਰ ਅਜਿਹੀ, ਜਿਵੇਂ ਸੱਪ ਡੰਗ ਮਾਰ ਰਹੇ ਹੋਣ। ਈਦੀ ਉਨ੍ਹਾਂ ਕੋਲ ਜਾ ਕੇ ਗੱਜਿਆ,“ਸ਼ਰਮ ਨੀ ਆਉਂਦੀ ਤੁਹਾਨੂੰ? ਇਹਦੀ ਮਦਦ ਨੀਂ ਕਰ ਸਕਦੇ ਤਾਂ ਘੱਟੋ-ਘੱਟ ਰਹਿਮ ਤਾਂ ਕਰੋ।”

ਬੱਚਿਆਂ ਨੇ ਦੇਖਿਆ, ਇਹ ਮਾੜਚੂ ਜਿਹਾ ਮੁੰਡਾ ਕਿਵੇਂ ਹੁਕਮ ਚਾੜ੍ਹ ਰਿਹਾ ਹੈ। ਪਾਗਲ ਤੋਂ ਹਟ ਕੇ ਇਸ ਵੱਲ ਹੋ ਗਏ, ਖੂਬ ਕੁਟਾਈ ਕੀਤੀ। ਘਰ ਆਕੇ ਮਾਂ ਨੂੰ ਦੱਸਿਆ। ਮਾਂ ਨੇ ਜ਼ਖਮ ਧੋਏ। ਦਵਾਈ ਲਾਈ, ਅਸੀਸਾਂ ਦਿੰਦਿਆਂ ਕਿਹਾ, “ਤੂੰ ਉਸ ਦੀ ਆਵਾਜ਼ ਬਣਿਆਂ, ਜਿਸ ਦੀ ਕੋਈ ਆਵਾਜ਼ ਨਹੀਂ ਸੀਬੇਸਹਾਰੇ ਦਾ ਸਹਾਰਾ। ਰੱਬ ਤੇਰਾ ਭਲਾ ਕਰੇਗਾ ਪੁੱਤਰ, ਚੰਗੇ ਕੰਮ ਵਾਸਤੇ ਕੁੱਟ ਖਾਣੀ ਪਵੇ ਝਿਜਕੀਂ ਨਾ।”

ਪੜ੍ਹਾਈ ਵਿਚ ਚੰਗਾ ਨਾ ਨਿੱਕਲਿਆ। ਪੰਜ ਜਮਾਤਾਂ ਪਾਸ ਕਰਕੇ ਕਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨੇ ਦੀ ਨੌਕਰੀ ਤੇ ਲੱਗ ਗਿਆ। ਉੱਥੇ ਹੋਰ ਲੜਕੇ ਵੀ ਨੌਕਰ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਬਤ ਦੱਸ ਦਿੱਤਾ। ਉਨ੍ਹਾਂ ਵਿੱਚੋਂ ਇਕ ਨੇ ਕਿਹਾ, “ਈਦੀ ਵੀ ਸਾਡੇ ਨਾਲ ਸ਼ਾਮਲ ਸੀ।” ਸੇਠ ਗਰਜਿਆ, “ਖਬਰਦਾਰ ਜੇ ਹੋਰ ਬਕਵਾਸ ਕੀਤਾ। ਹਾਜੀ ਸ਼ਕੂਰ ਦਾ ਪੁੱਤਰ ਚੋਰ ਨਹੀਂ ਹੋ ਸਕਦਾ।”

ਈਦੀ ਸੋਚਿਆ ਕਰਦਾ - ਮੈਂ ਤੀਲਾਂ ਦੀਆਂ ਡੱਬੀਆਂ ਤੇ ਪੈਨਸਲਾਂ ਗਲੀਆਂ ਵਿਚ ਵੇਚਿਆ ਕਰਾਂਗਾ, ਆਮਦਨ ਵਿੱਚੋਂ ਸ਼ੇਅਰ ਖਰੀਦਾਂਗਾ, ਹੋਰ ਬਚਤ ਹੋਵੇਗੀ ਤਾਂ ਹਸਪਤਾਲ ਉਸਾਰਾਂਗਾ, ਇਕ ਫੈਕਟਰੀ ਵੀ, ਜਿੱਥੇ ਕੇਵਲ ਗਰੀਬਾਂ ਨੂੰ ਰੁਜ਼ਗਾਰ ਮਿਲੇ। ਅੰਗਹੀਣਾਂ ਵਾਸਤੇ ਵੱਖਰਾ ਪਿੰਡ ਵਸਾਵਾਂਗਾ। ਹਮਉਮਰ ਬੱਚੇ ਹੱਸਦੇ - ਤੂੰ ਸੁਫਨ ਸਾਜ਼ ਹੈਂ, ਸ਼ੇਖਚਿਲੀ, ਹਵਾਈ ਮਹਿਲ ਉਸਾਰਦਾ ਰਹਿੰਨੈ। ਈਦੀ ਆਖਦਾ - ਹਾਲੇ ਕੰਮ ਮੈਂ ਘੱਟ ਕਰ ਸਕਦਾ ਹਾਂ, ਪਰ ਸੋਚਾਂ ਕਿਉਂ ਘੱਟ? ਜਿੰਨੀ ਦੂਰ ਤਕ ਸੋਚਿਆ ਜਾ ਸਕਦੈ, ਸੋਚਾਂਗਾ।

ਦੇਸ ਵੰਡ ਵੇਲੇ ਮੈਮਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਇਕ ਤਾਂ ਜਿਨਾਹ ਨੇ ਵਾਸਤਾ ਪਾਇਆ - ਮੈਮਨਾ ਬਗੈਰ ਪਾਕਿਸਤਾਨ ਦਾ ਵਪਾਰ ਠੱਪ ਹੋ ਜਾਏਗਾ, ਦੂਜੇ, ਵੱਲਭ ਭਾਈ ਪਟੇਲ ਨੇ ਬੰਟਵਾ ਤੇ ਹਮਲਾ ਕਰਵਾ ਦਿੱਤਾ। ਉਸਦਾ ਇਰਾਦਾ ਮੈਮਨਾ ਦਾ ਕਾਰੋਬਾਰ ਹਥਿਆਉਣ ਦਾ ਸੀ। ਦੰਗੇ ਹੋਣ ਲੱਗੇ ਤਾਂ ਅਮਨ ਪਸੰਦ ਮੈਮਨ ਹਿਜਰਤ ਕਰਨ ਲੱਗੇ ਕਰਾਚੀ ਦੀ ਇਕ ਸੁੰਨੀ ਹਵੇਲੀ ਵਿਚ ਇਨ੍ਹਾਂ ਦਾ ਉਤਾਰਾ ਹੋਇਆ। ਬੇਸ਼ਕ ਵਧੇਰੇ ਲੋਕ ਉੱਜੜੀਆਂ ਹਿੰਦੂ ਜਾਇਦਾਦਾਂ ਉੱਪਰ ਕਬਜ਼ੇ ਕਰਦੇ ਗਏ, ਈਦੀ ਦਾ ਪਿਤਾ ਇਸਦੇ ਖਿਲਾਫ ਸੀ। ਇਕ ਕਮਰਾ ਕਿਰਾਏ ’ਤੇ ਲਿਆ ਜਿਸ ਵਿਚ ਪਰਿਵਾਰ ਵਸ ਗਿਆ ਤੇ ਦੁਕਾਨ ਕਿਰਾਏ ’ਤੇ ਲੈਕੇ ਆਪ ਕਮਿਸ਼ਨ ਏਜੰਟ ਦਾ ਕੰਮ ਕਰਨ ਲੱਗਾ। ਈਦੀ ਨੇ ਪਹਿਲਾਂ ਨਿਕਸੁਕ ਰੇਹੜੀ ’ਤੇ ਵੇਚਿਆ, ਮੁਨਾਫਾ ਹੋ ਗਿਆ ਤਾਂ ਪਾਨ ਦੀ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ। ਪਿਤਾ ਨੂੰ ਲੋਕ ਆਖਦੇ - ਤੇਰੇ ਕੋਲ ਪੈਸੇ ਦੀ ਘਾਟ ਨਹੀਂ। ਮੁੰਡੇ ਨੂੰ ਚੱਜ ਦਾ ਕਾਰੋਬਾਰ ਸਿਖਾ, ਵੱਡੀ ਦੁਕਾਨ ਲੈ ਦੇ। ਪਿਤਾ ਆਖਦਾ - ਹੇਠਾਂ ਤੋਂ ਸ਼ੁਰੂ ਕਰੇਗਾ, ਕਾਮਯਾਬ ਹੋਏਗਾ। ਇਹਨੂੰ ਆਦਮੀ ਦੀ ਫਿਤਰਤ ਅਤੇ ਪੈਸੇ ਦੀ ਕੀਮਤ ਦਾ ਪਤਾ ਲੱਗਣਾ ਚਾਹੀਦੈ। ਪਹਿਲੋਂ ਹੀ ਉੱਪਰ ਚੜ੍ਹ ਜਾਵੇ ਤਾਂ ਬੱਚਾ ਹੇਠਲੀ ਸਚਾਈ ਤੋਂ ਵਾਕਫ ਨਾ ਹੋਣ ਕਾਰਨ ਫੇਲ੍ਹ ਹੋ ਜਾਂਦੈ। ਹੇਠੋਂ ਉੱਪਰ ਜਾਏਗਾ, ਨਹੀਂ ਡਿੱਗੇਗਾ। 1948 ਵਿਚ ਮੈਮਨਾ ਨੇ ਦਾਨ ਰਾਸ਼ੀ ਰਾਹੀਂ ਚੱਲਣ ਵਾਲੀ ਡਿਸਪੈਂਸਰੀ ਖੋਲ੍ਹੀ। ਵਾਲੰਟੀਅਰ ਮੰਗੇ ਗਏ। ਈਦੀ ਨੇ ਨਾਮ ਲਿਖਵਾ ਦਿੱਤਾ। ਕੁੱਲ ਅੱਠ ਵਲੰਟੀਅਰਾਂ ਵਿੱਚੋਂ ਈਦੀ ਸਭ ਤੋਂ ਛੋਟਾ ਸੀ। ਅੱਬੂ ਨੂੰ ਲੋਕ ਪੁਛਦੇ - ਤੂੰ ਕਿੰਨਾ ਦਾਨ ਦਿੱਤਾ ਭਰਾ? ਅੱਬਾ ਈਦੀ ਵੱਲ ਉਂਗਲ ਕਰਕੇ ਆਖਦਾ- ਸਭ ਕੁੱਝ।

ਈਦੀ ਨੇ ਦੇਖਿਆ, ਬਿਮਾਰਾਂ ਨਾਲ ਵਿਤਕਰਾ ਹੋ ਰਿਹਾ ਸੀ। ਮੈਮਨਾ ਨੂੰ ਦਵਾਈ ਦਿੱਤੀ ਜਾਵੇਗੀ। ਜੇ ਬਚੀ ਤਾਂ ਹੋਰਾਂ ਨੂੰ ਈਦੀ ਸਾਰਾ ਦਿਨ ਨੌਕਰੀ ਕਰਕੇ ਅੱਧੀ ਰਾਤ ਤਕ ਡਿਸਪੈਂਸਰੀ ਵਿਚ ਮੁਫਤ ਡਿਊਟੀ ਦਿੰਦਾ ਪਰ ਬਾਕੀ ਵਾਲੰਟੀਅਰ ਪੰਜ ਘੰਟਿਆਂ ਬਾਦ ਬੂਹਾ ਬੰਦ ਕਰਕੇ ਚਲੇ ਜਾਂਦੇ। ਐਕਸਰੇ ਕਰਨ ਵਾਲੇ ਮੁੰਡੇ ਸ਼ਰੇਆਮ ਰਿਸ਼ਵਤ ਲੈਂਦੇ। ਪ੍ਰਬੰਧਕਾਂ ਦੀ ਮੀਟਿੰਗ ਹੋਈ, ਇਕ ਅਮੀਰ ਦੂਜੇ ਨੂੰ ਵਡਿਆ ਰਿਹਾ ਸੀ। ਚਾਪਲੂਸੀ ਦੇ ਸਾਰੇ ਵਾਕ ਖਤਮ ਹੋਏ ਤਾਂ ਈਦੀ ਖਲੋ ਗਿਆ, ਕਿਹਾ, ਮੈਂ ਵੀ ਕੋਈ ਗੱਲ ਕਰਨੀ ਹੈ। ਇਹ ਕੀ ਗੱਲ ਕਰੇਗਾ? ਸਾਰੇ ਹੱਸਣ ਲੱਗੇ, ਤਾਅਨੇ ਦੇਣ ਲੱਗੇ, ਨਾ ਹਟਿਆ ਤਾਂ ਚੁੱਪ ਕਰਕੇ ਸੁਣਨ ਲੱਗੇ।

ਈਦੀ ਨੇ ਸਾਰੀਆਂ ਚੋਰ ਮੋਰੀਆਂ, ਕਮਜ਼ੋਰੀਆਂ ਦਾ ਪਰਦਾ ਫਾਸ਼ ਕਰ ਦਿੱਤਾ। ਮੁੱਕੇ ਹਵਾ ਵਿਚ ਉੱਲਰੇ, ਹੱਥੋਪਾਈ ਹੋਈ, ਈਦੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾਕੋਈ ਮਦਦਗਾਰ ਨਾ ਬਹੁੜਿਆ। ਕਿਸੇ ਨੇ ਈਦੀ ਨੂੰ ਕਿਹਾ - ਮਾੜਾ ਹੋਇਆ, ਤੇਰੀ ਬੇਇੱਜ਼ਤੀ ਹੋਈ ਈਦੀ। ਈਦੀ ਨੇ ਕਿਹਾ - ਬਿਲਕੁਲ ਨਹੀਂ, ਮੇਰੀ ਬੇਇੱਜ਼ਤੀ ਕੋਈ ਕਰ ਹੀ ਨਹੀਂ ਸਕਦਾ। ਮੈਨੂੰ ਕੁਝ ਪ੍ਰੇਸ਼ਾਨ ਕੀਤਾ ਹੈ ਉਨ੍ਹਾਂ ਨੇ। ਬੇਇੱਜ਼ਤੀ ਤਾਂ ਉਨ੍ਹਾਂ ਦੀ ਹੋਈ ਜਿਹੜੇ ਚੋਰ ਨੇ, ਝੂਠੇ ਨੇ। ਪਿਤਾ ਨੇ ਸ਼ਾਬਾਸ਼ ਦਿੱਤੀ ਤੇ ਕਿਹਾ - ਤੂੰ ਸਖਤ ਮਿਹਨਤ ਅਤੇ ਈਮਾਨਦਾਰੀ ਨਾਲ ਉਨ੍ਹਾਂ ਨੂੰ ਪਛਾੜੇਂਗਾ। ਨਜ਼ਰਅੰਦਾਜ਼ ਕਰੀ ਚੱਲ, ਆਪਣਾ ਰਸਤਾ ਨਾ ਛੱਡੀ।

1951 ਵਿਚ ਅਪਣੀ ਬੱਚਤ ਕੀਤੀ ਰਕਮ 2300 ਰੁਪਏ ਵਿੱਚੋਂ ਉਸਨੇ ਮੀਠਾਦਾਰ ਵਿਚ ਡਿਸਪੈਂਸਰੀ ਖੋਲ੍ਹੀ। ਸਿੱਧੀਆਂ ਕੰਪਨੀ ਤੋਂ ਘਟ ਪੈਸੇ ਨਾਲ ਦਵਾਈਆਂ ਖਰੀਦਦਾ, ਇਕ ਡਾਕਟਰ ਰੱਖ ਲਿਆ ਨੌਕਰੀ ’ਤੇ। ਖੁਦ ਫਾਰਮੇਸੀ ਅਤੇ ਵਹੀਖਾਤੇ ਦੀ ਸਿਖਲਾਈ ਲੈਂਦਾ ਰਹਿੰਦਾ, ਰਾਤ ਨੂੰ ਦੁਕਾਨ ਅੱਗੇ ਪੰਥਰ ਦੇ ਬੈਂਚ ਉੱਪਰ ਸੌ ਜਾਂਦਾਰਾਤ ਨੂੰ ਮਰੀਜ਼ ਆਉਂਦਾ ਤਾਂ ਫਸਟ ਏਡ ਦੇ ਦਿੰਦਾ। ਬੇਸ਼ਕ ਇਲਾਜ ਦੀ ਫੀਸ ਬਹੁਤ ਥੋੜ੍ਹੀ ਸੀ ਪਰ ਬੱਚਤ ਹੋਣ ਲੱਗੀ।

ਇਸ ਬੱਚਤ ਸਦਕਾ ਉਸਨੇ ਦੁਨੀਆਂ ਦੇਖਣੀ ਚਾਹੀ। ਬਸ ਰਾਹੀਂ 1956 ਵਿਚ ਈਰਾਨ, ਤੁਰਕੀ, ਯੂਨਾਨ, ਬਲਗਾਰੀਆਂ ਵਿੱਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅੱਪੜਿਆ, ਫਰਾਂਸ ਅਤੇ ਤੁਰਕੀ ਦੇਖੇ। ਇੰਮੀਗਰੇਸ਼ਨ ਵਾਲੇ ਸਰਹੱਦ ’ਤੇ ਰੋਕ ਕੇ ਤਲਾਸ਼ੀ ਲੈਂਦੇ, ਸਿਵਾਇ ਦੋ ਜੋੜੇ ਕੱਪੜਿਆਂ ਦੇ ਤੇ ਕੁਝ ਖਾਣ ਦੇ ਸਾਮਾਨ ਦੇ, ਕੱਪੜੇ ਦੇ ਝੋਲੇ ਵਿਚ ਕੁੱਝ ਨਾ ਹੁੰਦਾ ਤਾਂ ਗਰੀਬ ਯਾਤਰੀ ਸਮਝ ਕੇ ਦਾਨੀ ਅਫਸਰ ਪੈਸੇ ਦੇ ਦਿੰਦੇ। ਦੁਆਵਾਂ ਦਿੰਦਾ ਲੰਘ ਜਾਂਦਾ। ਦੇਖਦਾ, ਪੱਛਮੀ ਦੇਸਾਂ ਦੇ ਲੋਕ ਕਿੰਨੀ ਤੇਜ਼ ਚਾਲ ਚਲਦੇ ਹਨ। ਕਿੰਨੀ ਸਖਤ ਮਿਹਨਤ ਕਰਦੇ ਹਨ। ਪਾਕਿਸਤਾਨ? ਪਾਕਿਸਤਾਨ ਇਨ੍ਹਾਂ ਨਾਲ ਕਿਵੇਂ ਰਲੇਗਾ। ਜਿਨਾਹ ਨੇ ਪਹਿਲੇ ਦੌਰ ਵਿਚ ਜਿਹੜੀ ਬਾਜ਼ੀ ਜਿੱਤੀ, ਦੂਜੇ ਦੌਰ ਵਿਚ ਹਾਰੀ ਜਾ ਰਹੀ ਦਿਸਦੀ ਸੀ। ਸੋਚਦਾ, ਦੇਸ ਆਪੇ ਹੀ ਆਪਣੇ ਖਿਲਾਫ਼ ਹੋਈ ਜਾ ਰਿਹਾ ਹੈ।

ਲੋਕ ਉਸ ਨੂੰ ਖਾਣ ਲਈ ਕੁਝ ਦੇ ਦਿੰਦੇ, ਖਾ ਲੈਂਦਾ। ਰੇਲਵੇ ਸਟੇਸ਼ਨ ’ਤੇ ਸੌਂ ਗਿਆ। ਸਵੇਰੇ ਦੇਖਿਆ ਬੈਂਚ ਹੇਠੋਂ ਜੁੱਤੀ ਗਾਇਬ। ਕੋਈ ਗੱਲ ਨਹੀਂ। ਨੰਗੇ ਪੈਰੀਂ ਕਿਹੜਾ ਤੁਰਿਆ ਨਹੀਂ ਜਾਂਦਾ। ਇਕ ਔਰਤ ਨੇ ਪੁਰਾਣੇ ਬੂਟਾਂ ਦਾ ਜੋੜਾ ਦੇ ਦਿੱਤਾਵੱਡਾ ਸਾਈਜ਼ ਸੀ, ਉਸੇ ਨਾਲ ਯਾਤਰਾ ਜਾਰੀ ਰਹੀ। ਇੰਗਲੈਂਡ ਜਾਕੇ ਆਪਣੇ ਪੁਰਾਣੇ ਗੁਜਰਾਤੀ ਮਿੱਤਰ ਸਿਦਕ ਈਦੀ ਦਾ ਘਰ ਲੱਭ ਲਿਆ। ਉਹ ਚੰਗੀ ਨੌਕਰੀ ’ਤੇ ਸੀ। ਈਦੀ ਨੂੰ ਕਿਹਾ - ਤੈਨੂੰ ਵੀ ਚੰਗੀ ਕਮਾਈ ਵਾਲੀ ਨੌਕਰੀ ਮਿਲ ਸਕਦੀ ਹੈ ਇੱਥੇ, ਜਿੰਨੀ ਮਿਹਨਤ ਕਰੋ, ਉੰਨੀ ਕਮਾਈ। ਈਦੀ ਨੇ ਕਿਹਾ - ਮੇਰੇ ਬਿਨਾ ਪਾਕਿਸਤਾਨ ਕਿਵੇਂ ਚੱਲੇਗਾ? ਜਿਹੋ ਜਿਹਾ ਇੰਗਲੈਂਡ ਹੈ, ਮੈਂ ਪਾਕਿਸਤਾਨ ਉਸ ਤਰ੍ਹਾਂ ਦਾ ਬਣਾਉਣਾ ਹੈ।

ਗੈਰਹਾਜ਼ਰੀ ਵਿਚ ਈਦੀ ਵਿਰੁੱਧ ਅਫਵਾਹਾਂ ਉਡਾਈਆਂ ਗਈਆਂ ਕਿ ਉਹ ਦਾਨ ਦੇ ਪੈਸੇ ਲੈਕੇ ਵਿਦੇਸ਼ ਭੱਜ ਗਿਆ ਹੈ। ਡਿਸਪੈਂਸਰੀ ਵਾਲਿਆਂ ਪ੍ਰਚਾਰ ਕੀਤਾ - ਤਾਂ ਹੀ ਤਾਂ ਅਸੀਂ ਉਸ ਚੋਰ ਨੂੰ ਕੱਢਿਆ ਸੀ। ਈਦੀ ਨੇ ਵਾਪਸ ਆ ਕੇ ਦੁਕਾਨ ਦੇ ਉੱਪਰਲਾ ਕਮਰਾ ਕਿਰਾਏ ਤੇ ਲੈਕੇ ਜੱਚਾ ਬੱਚਾ ਸਿਖਲਾਈ ਕੇਂਦਰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਕੋਰਸ ਸਿੱਖਣ ਲਈ ਅਰਜੀਆਂ ਦਾ ਹੜ੍ਹ ਆ ਗਿਆ। ਆਲੋਚਕਾਂ ਨੇ ਪ੍ਰਚਾਰ ਕੀਤਾ - ਇਹ ਦੁਰਾਚਾਰੀ ਹੈ, ਮਾੜੇ ਕੰਮਾਂ ਲਈ ਨਵੀਂ ਦੁਕਾਨ ਖੋਲ੍ਹੀ ਹੈ, ਇਹ ਮੁਸਲਮਾਨ ਨਹੀਂ। ਵਗੈਰਾ ਵਗੈਰਾ।

ਜਿਹੜੀਆਂ ਕੁੜੀਆਂ ਪਹਿਲੇ ਬੈਚ ਵਿਚ ਡਰਦੀਆਂ ਦਾਖਲ ਨਾ ਹੋਈਆਂ, ਉਹ ਅਗਲੇ ਬੈਚ ਵਿਚ ਆ ਗਈਆਂ। ਦਾਨ-ਡੱਬੇ ਵਿਚ ਦਾਨੀ ਲੋਕ ਵਧੀਕ ਪੈਸੇ ਪਾਉਣ ਲੱਗੇ। ਕਿਉਂਕਿ ਮਾਲਕੀ ਇਕੱਲੇ ਦੀ ਸੀ, ਸੁਸਤ, ਕਮਜ਼ੋਰ ਮੁਲਾਜ਼ਮਾਂ ਨੂੰ ਹਟਾ ਕੇ ਹਿੰਮਤੀ ਬੰਦੇ ਰੱਖ ਲੈਂਦਾ। 1951 ਵਿਚ ‘ਹਾਂਗਕਾਂਗ ਫਲੂ’ ਦੀ ਬਿਮਾਰੀ ਉੱਠੀ, ਵੱਡੀ ਗਿਣਤੀ ਵਿਚ ਮੌਤਾਂ ਹੋਣ ਲੱਗੀਆ। ਸਲਾਹਕਾਰਾਂ ਦੀ ਸਲਾਹ ਦੇ ਉਲਟ, ਈਦੀ ਨੇ ਸੇਵਾ ਕਰਨ ਦਾ ਫੈਸਲਾ ਲਿਆ। ਸ਼ਹਿਰ ਦੇ ਚਾਰੇ ਪਾਸੇ ਤੇਰਾਂ ਟੈਂਟ ਬਾਹਰਵਾਰ ਲਾ ਕੇ ਐਲਾਨ ਕਰ ਦਿੱਤਾ ਕਿ ਮਰੀਜ਼ ਆਉਣ। ਦਵਾਇਆਂ ਦਾ ਬੰਦੋਬਸਤ ਜੋ ਹੋ ਸਕਦਾ ਸੀ, ਕੀਤਾ। ਦਾਨ-ਬਕਸੇ ਰੱਖ ਕੇ ਉੱਪਰ ਲਿਖਿਆ - ਦੇਣ ਲਈ ਕੁਝ ਹੈ ਦਿਉ, ਨਹੀਂ ਤਾਂ ਨਾ ਸਹੀ। ਈਦੀ ਦਾ ਸਭ ਕੁਝ ਤੁਹਾਡਾ ਹੈ। ਤੁਹਾਡਾ - ਈਦੀ।

ਇਕ ਮੈਮਨ ਵਪਾਰੀ ਕਈ ਦਿਨ ਈਦੀ ਦਾ ਕੰਮ ਢੰਗ ਬਰੀਕੀ ਨਾਲ ਦੇਖਦਾ ਰਿਹਾ। ਉਸਨੇ ਇਕ ਵਾਰ ਵੀਹ ਹਜ਼ਾਰ ਦਾਨ ਦੇ ਦਿੱਤਾ। ਉਸੇ ਸ਼ਾਮ ਪੁਰਾਣੀ ਵੈਗਨ ਸੱਤ ਹਜ਼ਾਰ ਰੁਪਏ ਦੀ ਲੈਕੇ ਪੇਂਟ ਕਰਵਾਇਆ, ਉੱਪਰ ਲਿਖ ਦਿੱਤਾ - ਗਰੀਬ ਦੀ ਮੋਟਰ। ਇਸ ਪਿੱਛੋਂ ਕਦੀ ਧਨ ਦੀ ਕਮੀ ਨਾ ਆਈ। ਸਾਰੇ ਸਿੰਧ ਵਿਚ ਪੰਜ ਐਂਬੂਲੈਂਸ ਗੱਡੀਆ ਸਨ ਜੋ ਲੋੜ ਪੈਣ ਤੇ ਨਾ ਮਿਲਦੀਆਂ, ਈਦੀ ਹਾਜ਼ਰ ਹੁੰਦਾ, ਇੱਥੋਂ ਤੱਕ ਕਿ ਪੁਲਸ ਮਹਿਕਮੇ ਨੂੰ ਵੀ ਜਵਾਬ ਨਾ ਦਿੰਦਾ। ਕਿਸੇ ਨੂੰ ਇਨਕਾਰ ਨਹੀਂ। ਹੁਣ ਤਕ ਦਾਨ ਕੇਵਲ ਗਰੀਬਾਂ ਨੇ ਦਿੱਤਾ ਸੀ, ਪਹਿਲੀ ਵਾਰ ਅਮੀਰ ਆਦਮੀ ਵਲੋਂ ਦਾਨ ਮਿਲਿਆ। ਇਸ ਪਿੱਛੋਂ ਤਿੰਨ ਲੱਖ ਰੁਪਏ ਇਕ ਸੇਠ ਨੇ ਦਿੱਤੇ ਜਿਸ ਨਾਲ ਪੁਰਾਣੀ ਐਕਸਰੇ ਦੀ ਮਸ਼ੀਨ ਖਰੀਦੀ, ਪਲਾਟ ਖਰੀਦਿਆ, ਦੋ ਡਾਕਟਰ ਹੋਰ ਰੱਖ ਲਏ, ਦੋ ਹਾਲ, ਤਿੰਨ ਵਰਾਂਡੇ ਚਾਰ ਕਮਰੇ ਮੈਟਰਨਿਟੀ ਯੂਨਿਟ ਦੇ ਪਿੱਛੇ ਕਿਰਾਏ ’ਤੇ ਲੈ ਲਏ। ਉਸਨੇ ਫੁੱਟਪਾਥਾਂ ’ਤੇ ਪਏ, ਸੀਵਰ ਪਾਈਪਾਂ ਵਿਚ ਪਏ ਗਰੀਬ ਲੋਕਾਂ ਨੂੰ ਛੱਤ ਹੇਠ ਲਿਆਂਦਾ।

ਅਮੀਰ ਚੀਕਦੇ - ਦੇਖੋ, ਉਹ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦੈ। ਈਦੀ ਆਖਦਾ - ਤੁਸੀਂ ਇਨ੍ਹਾਂ ਨੂੰ ਆਪਣੇ ਮਹਿਲਾਂ ਵਿਚ ਲੈ ਜਾਓ, ਸੇਵਾ ਕਰੋ, ਅੱਲਾਹ ਖੁਸ਼ ਹੋਵੇਗਾ। ਮਦਦ ਨਹੀਂ ਕਰਨੀ ਨਾ ਸਹੀ, ਮੈਨੂੰ ਰੋਕੋ ਤਾਂ ਨਾ। ਉਸਨੇ ਦੇਖਿਆ - ਝੁੱਗੀਆਂ ਝੌਂਪੜੀਆਂ ਵਿੱਚੋਂ ਆਉਂਦੇ ਬੰਦਿਆਂ ਵਿੱਚੋਂ ਬਦਬੂ ਆਉਂਦੀ। ਵਾਲੰਟੀਅਰ ਮਰੀਜ਼ ਨੂੰ ਨੁਹਾ ਦਿੰਦੇ ਤਾਂ ਫਟਾ ਫਟ ਆਪ ਸਾਬਣ ਨਾਲ ਰਗੜ ਰਗੜ ਪਿੰਡਾ ਮਲ ਕੇ ਨਹਾਉਂਦੇ। ਕੱਪੜੇ ਧੋ ਕੇ ਕੀਟਨਾਸ਼ਕ ਘੋਲ ਵਿਚ ਪਾ ਦਿੰਦੇ

ਈਦੀ ਨੇ ਇਸ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਦਾ ਕੰਮ ਆਰੰਭਿਆ। ਖੂਹਾਂ ਵਿਚ ਬਦਬੂ ਮਾਰਦੀਆਂ ਲਾਸ਼ਾਂ, ਸਮੁੰਦਰ ਵਿਚ ਤੈਰਦੀਆਂ ਕਾਲੀਆਂ ਲਾਸ਼ਾਂ, ਹੱਥ ਲਾਉਣ ਤੇ ਹੀ ਮਾਸ ਖੁਰ ਜਾਂਦਾ। ਟੈਲੀਫੋਨ ਲੱਗ ਗਿਆ ਤਾਂ ਕੰਮ ਕਈ ਗੁਣਾ ਵਧ ਗਿਆ, ਦਿਨ ਰਾਤ ਚੱਲ ਸੋ ਚੱਲ। ਉਹ ਜ਼ਖਮੀਆਂ ਨੂੰ ਪਹਿਲਾਂ ਚੁੱਕਦਾ, ਲਾਸ਼ਾਂ ਬਾਦ ਵਿਚ।

ਸੇਠਾਂ ਨੇ ਪੈਸੇ ਦੀ ਦੁਰਵਰਤੋਂ ਦੇ ਫਿਰ ਸ਼ੋਸ਼ੇ ਛੱਡੇਈਦੀ ਨੇ ਬਿਆਨ ਛਪਵਾਇਆ, “ਜਿਹੜਾ ਮੈਨੂੰ ਪੈਸੇ ਦਿੰਦਾ ਹੈ, ਉਹ ਮੈਥੋਂ ਹਿਸਾਬ ਮੰਗਣ ਦਾ ਹੱਕਦਾਰ ਹੈ। ਜਿਸ ਨੂੰ ਦਾਨ ਦੇਣ ਪਿੱਛੋਂ ਪਛਤਾਵਾ ਹੋਇਆ, ਉਹ ਆਵੇ ਤੇ ਪੈਸੇ ਵਾਪਸ ਲਵੇ। ਹਰੇਕ ਦਾਨੀ ਨੂੰ ਰਸੀਦ ਦਿਆ ਕਰਾਂਗਾ, ਰਸੀਦ ਦਿਖਾਏ ਤੇ ਪੈਸੇ ਲਵੇ। ਜਿਸ ਨੇ ਕੋਈ ਦਾਨ ਨਹੀਂ ਦਿੱਤਾ, ਉਸ ਨੂੰ ਨਾ ਹਿਸਾਬ ਦਿਆਂਗਾ, ਨਾ ਪ੍ਰਵਾਹ ਕਰਾਂਗਾ।”

1958 ਵਿਚ ਪਿਤਾ ਨੇ ਦੋਵਾਂ ਭਰਾਵਾਂ ਵਿਚ ਜਾਇਦਾਦ ਵੰਡੀ ਤਾਂ ਈਦੀ ਲੱਖਪਤੀ ਬਣ ਗਿਆ। ਬੈਂਕ ਵਿਚ ਜਮ੍ਹਾਂ ਕਰਵਾ ਕੇ ਆਪਣਾ ਨਿੱਜੀ ਖਰਚਾ ਇਸ ਦੇ ਵਿਆਜ ਵਿੱਚੋਂ ਕਰਨ ਲੱਗਾਜੋ ਬਚ ਜਾਂਦਾ, ਸ਼ੇਅਰ ਖਰੀਦ ਲੈਂਦਾ। ਈਦੀ ਵਿਰੁੱਧ ਸਭ ਤੋਂ ਵਧੀਕ ਮੰਦਾ ਬੋਲਣ ਵਾਲੇ ਸੇਠ ਦਾ ਬੱਚਾ ਛੰਤ ਤੋਂ ਡਿਗ ਪਿਆ। ਐਂਬੂਲੈਂਸ ਨਾ ਮਿਲੀ। ਈਦੀ ਨੂੰ ਪਤਾ ਲੱਗਾ। ਗੱਡੀ ਦੋੜਾਈ, ਮੌਕੇ ਤੇ ਪੁੱਜਾ। ਜ਼ਮੀਨ ’ਤੇ ਪਿਆ ਬੱਚਾ ਛਾਤੀ ਨਾਲ ਲਾਇਆਦੁਸ਼ਮਣਾਂ ਨੂੰ ਗੱਡੀ ਵਿਚ ਬਿਠਾ ਕੇ ਹਸਪਤਾਲ ਵੱਲ ਦੌੜਿਆਹਸਪਤਾਲ ਦਾਖਲ ਕਰਵਾਕੇ ਪਰਤਦਿਆਂ ਮਾਂ ਦੇ ਬੋਲ ਯਾਦ ਆਏ - ਜਿੰਨਾ ਪਿਆਰ ਤੁਹਾਨੂੰ ਮੈਂ ਕੀਤਾ, ਉੰਨਾ ਪਿਆਰ ਕਰੀਂ ਮਨੁੱਖਾਂ ਨੂੰ। ਅੱਲਾਹ ਨੇ ਆਪਣੇ ਆਪ ਨੂੰ ਐਵੇਂ ਤਾਂ ਨਹੀਂ ਰੱਬੁੱਲਆਲਮੀਨ (ਸਾਰੇ ਸੰਸਾਰਾਂ ਦਾ ਸਾਂਝਾ ਰੱਬ) ਕਿਹਾ। ਬੱਚਾ ਬਚ ਨਾ ਸਕਿਆ। ਸੇਠ ਦੀ ਔਰਤ ਹਰ ਮਹੀਨੇ ਜ਼ਕਾਤ ਦੇ ਪੈਸੇ ਈਦੀ ਕੋਲ ਭੇਜਦੀ।

ਇਕ ਦਿਨ ਈਦੀ ਬੱਸ ਵਿਚ ਸਫਰ ਕਰ ਰਿਹਾ ਸੀ। ਉਸ ਦਾ ਗੋਡਾ ਇਕ ਸੂਟਡ ਬੂਟਡ ਬਾਬੂ ਦੇ ਗੋਡੇ ਨੂੰ ਛੁਹ ਗਿਆ। ਬਾਬੂ ਚਿੱਲਾਇਆ- ਮੁਝੇ ਮਤ ਛੂ। ਤੂ ਗੰਦਾ ਆਦਮੀ ਹੈ। - ਪੰਜ ਸੱਤ ਜੁਆਨ ਉੱਠੇ, ਬਾਬੂ ਨੂੰ ਕਿਹਾ - ਦੁਰਭਾਗਵਸ ਜੇ ਤੂੰ ਲਾਵਾਰਿਸ ਮਰ ਗਿਆ, ਇਸ ਤੋਂ ਬਿਨਾ ਤੈਨੂੰ ਕੌਣ ਦਫਨ ਕਰੇਗਾ? ਈਦੀ ਨੇ ਸਭ ਨੂੰ ਸ਼ਾਂਤ ਕੀਤਾ।

ਈਦੀ ਦੇਖ ਰਿਹਾ ਸੀ, ਜਿਨ੍ਹਾਂ ਮੈਮਨਾ ਨੂੰ ਜਿਨਾਹ ਨੇ ਪਾਕਿਸਤਾਨ ਜਾਣ ਲਈ ਮਨਾਇਆ ਸੀ, ਨਹੀਂ ਤਾਂ ਵਪਾਰ ਡੁੱਬ ਜਾਵੇਗਾ, ਉਹ ਭ੍ਰਿਸ਼ਟ ਹੋ ਗਏ ਸਨ। ਧਨ ਅਤੇ ਚਾਪਲੂਸੀ ਨਾਲ ਚੋਣ ਲੜਨ ਵਾਲੇ ਲੋਕਾਂ ਦੀ ਮਦਦ ਕਰਦੇ ਤੇ ਫਿਰ ਵਪਾਰ ਵਿਚ ਹੱਥ ਰੰਗਦੇ। ਪੈਸੇ ਦੇ ਜ਼ੋਰ ਮੁਜਰਿਮ ਬਰੀ ਹੋ ਜਾਂਦੇ। ਇਸ ਹਨੇਰਨਗਰੀ ਖਿਲਾਫ ਲੜਨ ਲਈ 1962 ਦੇ ਸਾਲ ਪਾਰਲੀਮੈਂਟ ਚੋਣ ਲਈ ਕਾਗਜ਼ ਭਰ ਦਿਤੇ। ਪਹਿਲੋਂ ਮਨਾਉਣ ਦੇ ਯਤਨ ਹੋਏ, ਫਿਰ ਧਮਕੀਆਂ ਮਿਲੀਆਂਕਾਗਜ਼ ਵਾਪਸ ਨਾ ਲਏ ਤਾਂ ਫਿਰ ਕੂੜ ਪਰਚਾਰ ਦਾ ਦੌਰ ਚੱਲਿਆ। ਖਬਰਾਂ ਛਪਣੀਆਂ ਸ਼ੁਰੂ ਹੋਈਆਂ, “ਈਦੀ ਦੇ ਹਸਪਤਾਲ ਵਿੱਚੋਂ ਜਿਹੜੀਆਂ ਚਾਰ ਕੁੜੀਆਂ ਗਾਇਬ ਹੋਈਆਂ ਸਨ, ਪਤੈ ਉਹ ਕਿਸ ਕਿਸ ਨੂੰ ਕਿੰਨੇ ਕਿੰਨੇ ਦੀਆਂ ਵੇਚੀਆਂ? ਪਤੈ ਈਦੀ ਨੇ ਕਿੰਨੇ ਲੱਖ ਦਾ ਗਬਨ ਕੀਤਾ?

ਈਦੀ ਸੁੰਨ ਹੋ ਗਿਆ। ਇਹ ਕੀ ਹੋਇਆ? ਜਾਣਨ ਲਈ ਕਿ ਕੋਈ ਮੈਨੂੰ ਪਸੰਦ ਕਰਦਾ ਹੈ ਕਿ ਨਹੀਂ, ਕਾਗਜ਼ ਭਰੇ। ਇਹ ਤਾਂ ਨੇਕੀ ਵਾਲਾ ਕਾਰੋਬਾਰ ਹੀ ਬੰਦ ਕਰ ਦੇਣਗੇ। ਉਸਨੂੰ ਨਾਸਤਕ, ਚੋਰ, ਵਿਭਚਾਰੀ ਅਤੇ ਅਨਪੜ੍ਹ, ਮੂਰਖ ਦੇ ਖਿਤਾਬ ਮਿਲੇ। ਨਾ ਉਸਦੀ ਕੋਈ ਪਾਰਟੀ, ਨਾ ਉਸਨੇ ਪਰਚਾਰ ਕੀਤਾ, ਕਿਉਂ ਖਾਹਮਖਾਹ ਪੈਸਾ ਰੋਹੜੇ? ਵੋਟਾਂ ਪਈਆ, ਨਤੀਜਾ ਆਇਆ, 29 ਸਾਲ ਦਾ ਜਵਾਨ ਰਿਕਾਰਡ ਤੋੜ ਵੋਟ ਲੈ ਕੇ ਜਿੱਤਿਆ।

1965 ਦੀ ਭਾਰਤ-ਪਾਕਿ ਜੰਗ ਲੱਗੀ। ਬੰਬਾਰੀ ਹੁੰਦੀ, ਚੀਖਾਂ, ਚਿੱਲਾਹਟਾਂ। ਈਦੀ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਜਵਾਨ, ਵਾਲੰਟੀਅਰ ਭਰਤੀ ਹੋਣ ਲੱਗੇ। ਈਦੀ ਨੇ ਪਹਿਲੇ ਦਿਨ ਸਮਝਾ ਦਿੱਤੇ - ਲੀਡਰਾਂ ਦੀ ਰੀਸ ਨਹੀਂ ਕਰਨੀ, ਮੁਕਾਬਲਾ ਨਹੀਂ ਕਰਨਾ, ਇਨ੍ਹਾਂ ਵਰਗੀ ਸਿਆਸਤ ਨਹੀਂ ਕਰਨੀ। ਉੱਚਾ ਉੱਠਣਾ ਹੈ ਤਾਂ ਮੇਰੀ ਸਿਆਸਤ ਕਰੋ, ਧਰਮ ਦੀ, ਹਮਦਰਦੀ ਦੀ ਸਿਆਸਤ। ਸ਼ੱਕ ਹੈ ਤਾਂ ਪਹਿਲਾ ਇਨ੍ਹਾਂ ਨਾਲ ਤੁਰੋ। ਇਕ ਦਿਨ ਆਵੇਗਾ, ਇਨ੍ਹਾਂ ਨੂੰ ਛੱਡ ਕੇ ਫੇਰ ਤੁਸੀਂ ਮੇਰੇ ਕੋਲ ਆ ਜਾਓਗੇ। ਮੇਰੀ ਸਿਆਸਤ ਥਿਰ ਹੈ, ਜਿੱਥੇ ਹੈ, ਉੱਥੋਂ ਕੋਈ ਨਹੀਂ ਹਿਲਾ ਸਕਦਾ। ਸੇਵਾ ਦੀ ਸਿਆਸਤ ਕਰੋ। ਛੇ ਵਿਧਵਾਵਾਂ, ਤਲਾਕ-ਸ਼ੁਦਾ ਔਰਤਾਂ ਕੋਲ ਈਦੀ ਨੇ ਵਿਆਹ ਦੀ ਪੇਸ਼ਕਸ਼ ਭੇਜੀ, ਕਿਸੇ ਨੇ ਪ੍ਰਵਾਨ ਨਾ ਕੀਤੀ “ਸੀਮਿੰਟ ਦਾ ਬੈਂਚ ਇਸ ਦਾ ਹਨੀਮੂਨ ਬੈੱਡ ਹੋਏਗਾ। ਮੁਰਦੇ ਇਸਦੀ ਜੰਨ ਚੜ੍ਹਨਗੇ”ਵਰਗੀਆਂ ਟਿੱਪਣੀਆਂ ਕਰਕੇ ਕੁੜੀਆਂ ਬੁੜ੍ਹੀਆਂ ਹੱਸਦੀਆਂ। ਪੰਦਰਾਂ ਸਾਲ ਦੀ ਬਿਲਕੀਸ ਦਾ ਵਿਆਹ ਹੋਇਆ ਸੀ ਤਾਂ ਦੇਸ ਵੰਡ ਵਕਤ ਉਹ ਵਿਧਵਾ ਹੋ ਗਈ, ਉੰਨੀ ਸਾਲ ਦੀ ਨੂੰ ਉਸਦੀ ਮਾਸੀ ਈਦੀ ਦੇ ਨਰਸਿੰਗ ਹੋਮ ਵਿਚ ਕੰਮ ਦਿਵਾਣ ਆਈ। ਕੁੜੀ ਖੁਸ਼ ਮਿਜਾਜ਼ਸੀਕੰਮ ਕਰਨ ਵਿਚ ਫੁਰਤੀ ਤੇ ਨਿਮਰਤਾ ਦੋਵੇਂ। ਉਸ ਨੂੰ ਦੇਖ ਕੇ ਈਦੀ ਦਾ ਕੁਰਖਤ ਸੁਭਾ ਮਿੱਠਾ ਹੋ ਜਾਂਦਾਉਹ ਧੀਮਾ ਹੋਣ ਦਾ ਯਤਨ ਕਰਦਾ, ਕਦੀ ਹੋਠਾਂ ’ਤੇ ਮੁਸਕਾਨ ਆ ਜਾਂਦੀ। ਇਕ ਕੁੜੀ ਨੇ ਈਦੀ ਵੱਲ ਇਸ਼ਾਰਾ ਕਰਕੇ ਕਿਹਾ - ਦੇਖੋ ਈਦੀ ਹੱਸ ਰਿਹਾ ਹੈ ’ਤੇ ਚੀਕਣ ਦੀ ਥਾਂ ਗੱਲਾਂ ਕਰ ਰਿਹਾ ਹੈ। ਬਿਲਕੀਸ ਬੋਲੀ“ਅਜੇ ਜਿਉਂਦਾ ਹੈ।” ਈਦੀ ਨੇ ਇਹ ਕੁਮੈਂਟ ਸੁਣਕੇ ਕਿਹਾ“ਮੈਂ ਇਮਾਰਤ ਉੱਚੀ ਉਸਾਰਨੀ ਚਾਹੁੰਦਾ ਸਾਂ। ਪੁੱਟੀ ਜਾ ਰਿਹਾ ਹਾਂ, ਚੌਦਾਂ ਸਾਲ ਤੋਂ ਮੌਤਾਂ ਵਿਚਕਾਰ ਘਿਰਿਆ ਬੰਦਾ ਜਿਉਂਦਾ ਹੋਣ ਦਾ ਦਾਅਵਾ ਕਿਵੇਂ ਕਰੇ? ਸ਼ੁਕਰ ਹੈ ਕਿਸੇ ਨੂੰ ਲੱਗਿਆ ਕਿ ਮੈਂ ਜਿਉਂਦਾ ਹਾਂ।”

ਈਦੀ ਦੀ ਸ਼ੁਹਰਤ ਵਧਣ ਲੱਗੀ। ਚੁਰਸਤੇ ਵਿਚ ਠੂਠਾ ਰੱਖ ਕੇ ਬੈਠ ਜਾਂਦਾ। ਦਾਨੀਆਂ ਦੀ ਭੀੜ ਲੱਗ ਜਾਂਦੀ, ਟਰੈਫਿਕ ਜਾਮ ਹੋ ਜਾਂਦਾ। ਅਖਬਾਰ ਵਾਲੇ ਪੁੱਛਦੇ“ਈਦੀ ਤੇਰੇ ਕੋਲ ਪੈਸੇ ਘੱਟ ਹਨ ਜੋ ਚੁਰਸਤੇ ਵਿਚ ਬੈਠ ਜਾਨੈ?” ਉਹ ਆਖਦਾ - ਨਹੀਂ ਲੋੜ ਜੋਗੇ ਹਨ। ਕੁਝ ਬੰਦੇ ਹਨ, ਜੋ ਸੋਚਦੇ ਹਨ ਕਿ ਮੇਰੇ ਮੁਲਾਜ਼ਮਾਂ ਦੀ ਥਾਂ ਮੈਨੂੰ ਦਾਨ ਦੇਣਗੇ, ਇਸ ਦਾ ਵਧੀਕ ਪੁੰਨ ਲੱਗੇਗਾ। ਮੇਰੇ ਕੋਲ ਹੁਣ ਪੰਜ ਐਂਬੂਲੈਂਸਾਂ, ਵੱਡਾ ਨਰਸਿੰਗ ਹੋਮ, ਵੱਡਾ ਯਤੀਮਖਾਨਾ ਤੇ ਲੋੜ ਜੋਗੇ ਪੈਸੇ ਹਨ। ਤਾਂ ਵੀ ਮੈਨੂੰ ਠੂਠਾ ਇਹ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਈਦੀ, ਅਸਲ ਵਿਚ ਤੂੰ ਮੰਗਤਾ ਹੈਂ। ਇਹ ਹੈ ਤੇਰੀ ਸਹੀ ਔਕਾਤ। ਨਾ ਮੈਂ ਮੌਲਵੀ ਹਾਂ ਨਾ ਸੰਤ। ਮੇਰੀ ਹੈਸੀਅਤ, ਮੰਗਤੇ ਦੀ ਹੈਸੀਅਤ ਮੈਨੂੰ ਭੁੱਲਣੀ ਨਹੀਂ ਚਾਹੀਦੀ।

ਹੁਣ ਤਾਂ ਲੋਕ ਬਿਨਾਂ ਰਸੀਦ ਮੰਗਣ ਦੇ ਧੜਾ ਧੜ ਪੈਸੇ ਸੁੱਟੀ ਜਾਂਦੇ। ਈਦੀ ਰੱਬ ਦਾ ਸ਼ੁਕਰਾਨਾ ਕਰਦਿਆਂ ਆਖਦਾ - ਇਹ ਹੈ ਖਰਾ ਇਸਲਾਮ। ਮਨੁੱਖ, ਮਨੁੱਖ ਦੀ ਬਾਂਹ ਫੜੇ, ਦੁਖੀ ਦੀ ਦਾਰੂ ਬਣੇ। ਬਿਲਕੀਸ ਨਾਲ ਮੰਗਣਾ ਹੋਇਆ ਤਾਂ ਮੈਮਨਾ ਨੇ ਸੁਨੇਹਾ ਭੇਜਿਆ - ਜੇ ਤੂੰ ਬਿਆਨ ਦੇ ਦੇਵੇਂ ਕਿ ਤੈਨੂੰ ਈਦੀ ਨੇ ਛੇੜਿਆ ਹੈ, ਬਲੈਕਮੇਲ ਕੀਤਾ ਹੈ ਤਾਂ ਪੱਚੀ ਹਜ਼ਾਰ ਦੇ ਦਿਆਂਗੇ। ਬਿਲਕੀਸ ਨਾਲ ਉਸਦਾ ਨਿਕਾਹ ਹੋ ਗਿਆ। ਕੋਈ ਇਕੱਠ ਨਹੀਂ, ਦਿਖਾਵਾ ਨਹੀਂ, ਰੀਤਾਂ ਰਸਮਾਂ ਨਹੀਂ। ਈਦੀ ਹੱਸ ਕੇ ਕਿਹਾ ਕਰਦਾ ਸੀ - ਭਾਰਤੀ ਹੀਰੋਆਂ, ਦਲੀਪ ਕੁਮਾਰ ਜਾਂ ਰਾਜਕਪੂਰ ਵਰਗਾ ਨਹੀਂ ਮੈਂ, ਪਰ ਫਿਲਮਾਂ ਵਿਚ ਜਿਵੇਂ ਉਨ੍ਹਾਂ ਦਾ ਰੁਮਾਂਸ ਅਤੇ ਵਿਆਹ ਹੁੰਦਾ ਹੈ, ਮੇਰਾ ਉਸੇ ਤਰ੍ਹਾਂ ਹੋ ਗਿਆ। ਉਨ੍ਹਾਂ ਦਾ ਨਕਲੀ, ਮੇਰਾ ਅਸਲੀ। ਕੁੜੀਆਂ ਨੂੰ ਜਦੋਂ ਬਿਲਕੀਸ ਦੀ ਮੰਗਣੀ ਬਾਰੇ ਖਬਰ ਮਿਲੀ ਤਾਂ ਉਨ੍ਹਾਂ ਕਿਹਾ, “ਬਿਲਕੀਸ ਕੀ ਕਰ ਰਹੀਂ ਹੈ ਤੂੰ ਸਾਡੇ ਖਾਵੰਦ ਸਾਨੂੰ ਜਦੋਂ ਪਹਾੜੀਆਂ ਤੇ ਘੁਮਾਉਣ ਫਿਰਾਉਣ ਲਿਜਾਇਆ ਕਰਨਗੇ, ਇਹ ਤੈਨੂੰ ਕਬਰਸਤਾਨ ਵਿਖਾਉਣ ਲੈ ਜਾਏਗਾ। ਬਿਲਕੀਸ ਵੀ ਖੂਬ ਹੱਸਦੀ। ਕੋਈ ਕੁੜੀ ਈਦੀ ਵਰਗੀ ਮੋਟੀ ਆਵਾਜ਼ ਕੱਢਦੀ“ਬਿਲਕੀਸ ਲਾਸ਼ਾਂ ਨੂੰ ਨੁਹਾ ਦਿੱਤਾ? ਬਿਲਕੀਸ ਪਾਗਲਾਂ ਦੇ ਵਾਲਾਂ ਵਿੱਚੋਂ ਜੂਆਂ ਕੱਢ ਦਿੱਤੀਆਂ? ਜਦੋਂ ਅਸੀਂ ਮੇਕਅੱਪ ਕਰਿਆ ਕਰਾਂਗੀਆਂ, ਤੂੰ ਮੁਰਦਿਆਂ ਨੂੰ ਮੱਲ੍ਹਮ ਤੇ ਸੈਂਟ ਲਾਇਆ ਕਰੇਂਗੀ।”

ਸੜਕ ਕਿਨਾਰੇ ਕੋਈ ਨਵਜਾਤ ਬੱਚਾ ਸੁੱਟ ਗਿਆ। ਈਦੀ ਨੇ ਬਿਲਕੀਸ ਨੂੰ ਫੜਾ ਕੇ ਕਿਹਾ - ਇਹ ਆਪਣਾ ਹੈ। ਖਬਰਾਂ ਉੱਡੀਆਂ - ਇਹ ਈਦੀ ਦਾ ਨਾਜਾਇਜ਼ ਬੱਚਾ ਹੈ - ਨਿਕਾਹ ਤੋਂ ਪਹਿਲਾਂ ਦੀ ਕਰਤੂਤ ਦਾ ਨਤੀਜਾ ਹੈ। ਈਦੀ ਨੂੰ ਮਾਰ ਦਿਉ, ਉਹ ਬਦਮਾਸ਼ ਹੈ, ਗੁਨਾਹਗਾਰ ਹੈ। ਨਵਾਂ ਨਵਾਂ ਵਿਆਹ, ਕੁਰਸੀ ’ਤੇ ਬੈਠੀ ਬਿਲਕੀਸ ਕੋਈ ਕੰਮ ਕਰ ਰਹੀਂ ਹੁੰਦੀ ਤਾਂ ਗਲੀ ਵਿੱਚੋਂ ਦੀ ਲੰਘਦਾ ਕੋਈ ਸ਼ਰਾਰਤੀ ਮੁੰਡਾ ਇਹ ਕਹਿ ਕੇ ਦੌੜ ਜਾਂਦਾ - ਦੇਖੋ, ਮੰਗਤੇ ਕੁਰਸੀਆਂ ਤੇ ਬੈਠੇ ਦੇਖੋ। ਜਦੋਂ ਪਹਿਲੀ ਵਾਰ ਗਰਭਵਤੀ ਹੋਈ, ਉਲਟੀਆਂ ਸ਼ਰੂ ਹੋ ਗਈਆਂ। ਈਦੀ ਆਪਣੇ ਬੁੱਕ ਵਿਚ ਉਸ ਦੀ ਉਲਟੀ ਸੰਭਾਲਦਾ। ਇਹ ਉਸ ਨੂੰ ਇਕ ਤਰ੍ਹਾਂ ਸਬਕ ਸਿਖਾਉਣ ਵਾਂਗ ਸੀ ਕਿ ਈਦੀ ਨੂੰ ਦੁਖੀ ਬੰਦੇ ਦੀ ਕੋਈ ਚੀਜ਼ਬੁਰੀ ਨਹੀਂ ਲਗਦੀ।

ਮੈਮਨ ਸਮਾਜ ਬੇਇਜ਼ਤੀ ਕਰਦਾ ਕਰਦਾ ਥੱਕ ਗਿਆ ਸੀ, ਈਦੀ ਹੱਸ ਕੇ ਕਿਹਾ ਕਰਦਾ - ਉਸ ਬੰਦੇ ਨੂੰ ਕੋਈ ਬੇਇਜ਼ਤ ਕਿਵੇਂ ਕਰੇ ਜਿਸ ਦੀ ਇੱਜ਼ਤ ਹੈ ਹੀ ਨਹੀਂ। ਅਮੀਨਾ ਦੀ ਮਦਦ ਨਾਲ ਬਿਲਕੀਸ ਦੇ ਪੁੱਤਰ ਪੈਦਾ ਹੋਇਆ। ਬਿਲਕੀਸ ਨੇ ਪੁੱਛਿਆ - ਇਹ ਕਿਸ ਦਾ ਬੱਚਾ ਮੇਰੀ ਗੋਦ ਵਿਚ ਦੇ ਦਿਤੈ? ਅਮੀਨਾ ਹੱਸ ਪਈ - ਇਉਂ ਸਮਝ, ਕਿਸੇ ਦਾ ਹੋਵੇ ਭਾਵੇਂ, ਤੂੰ ਇਸ ਨੂੰ ਪਾਲੇਂਗੀ। ਮੰਨ ਲੈ ਕਿ ਤੂੰ ਇਸਦੀ ਮਾਂ ਹੈ। ਈਦੀ ਦਾ ਅੱਬਾ ਆਇਆ - ਪੋਤੇ ਦਾ ਨਾਮ ਕੁਤਬ ਰੱਖਿਆ। ਆਪਣੇ ਬੱਚੇ ਨਾਲ ਗੱਲਾਂ ਕਰਦੀ ਬਿਲਕੀਸ ਆਖਦੀ - ਅੱਜ ਨਵੇਂ ਕੱਪੜੇ ਪਾ ਕੇ ਫਲਾਣੀ ਸਹੇਲੀ ਦੇ ਘਰ ਚੱਲੀਏ। ਈਦੀ ਚੁੱਪ ਕਰ ਜਾਂਦਾ ਤਾਂ ਆਖਦੀ - ਚਲੋ ਇਉਂ ਕਰਦੇ ਆਂ - ਸਮੁੰਦਰ ਕੰਢੇ ਚੱਲੀਏ। ਮੈਂ ਲਹਿਰਾਂ ਦੇਖਦੀ ਰਹਾਂਗੀ। ਤੁਸੀਂ ਲਹਿਰਾਂ ਵਿੱਚੋਂ ਮੇਰੀ ਲਾਸ਼ ਲੱਭ ਲੈਣੀ। ਫਿਰ ਆਖਦੀ - ਸਾਡੇ ਰਿਸ਼ਤੇਦਾਰ ਕਿੰਨੇ ਚੰਗੇ ਨੇ, ਮਿਲਣਾ ਚਾਹੁੰਦੇ ਨੇ ਪਰ ਅਸੀਂ ਉਨ੍ਹਾਂ ਨੂੰ ਉਦੋਂ ਮਿਲਣ ਜਾਵਾਂਗੇ ਜਦੋਂ ਉਹ ਮਰ ਜਾਣਗੇ ਇਕ ਗੁਸੈਲਾ ਬੰਦਾ ਦਫਤਰ ਵਿਚ ਆ ਕੇ ਚਿੱਲਾਉਣ ਲੱਗਾ - ਲਾਸ਼ਾਂ ਦਾ ਵਪਾਰ ਠੀਕ ਨਹੀਂ ਹੈ। ਇੱਥੇ ਇਸ ਇਲਾਕੇ ਦੇ ਬੱਚੇ ਹਰ ਵਕਤ ਡਰੇ, ਹਰ ਵਕਤ ਸਹਿਮੇ ਰਹਿੰਦੇ ਨੇ। ਮੀਠਾਦਾਰ ਤੋਂ ਬਾਹਰ ਲਾਉ ਆਪਣਾ ਇਹ ਕਾਰਖਾਨਾ। ਸਭ ਸ਼ਾਂਤ ਰਹੇ। ਉਹ ਉੱਚੀ ਉੱਚੀ ਬੋਲਦਾ ਵਾਪਸ ਚਲਾ ਗਿਆ। ਤਿੰਨ ਦਿਨ ਬਾਦ ਫਿਰ ਆਇਆ। ਕਿਹਾ - ਜੀ ਛੇਵੀਂ ਮੰਜ਼ਲ ਤੇ ਮੇਰਾ ਭਰਾ ਦਿਲ ਫੇਲ ਹੋਣ ਕਾਰਨ ਮਰ ਗਿਆ ਹੈ। ਐਂਬੂਲੈਂਸ ਚਾਹੀਦੀ ਹੈ। ਈਦੀ ਐਂਬੂਲੈਂਸ ਲੈਕੇ ਚਲਾ ਗਿਆ। ਖਿਝ ਕੇ ਬਿਲਕੀਸ ਚੀਕਦੀ - ਚੰਗਾ ਹੋਵੇ ਮੈਨੂੰ ਤਲਾਕ ਦੇ ਦਿਉ। ਰੱਬ ਕਰੇ ਜਮਾਂ ਬਾਦ ਤੁਹਾਨੂੰ ਪਤਨੀ ਨਾ ਲੱਭੇ। ਈਦੀ ਚੁੱਪ ਰਹਿੰਦਾ। ਫਿਰ ਚੀਕਦੀ - ਤੁਹਾਨੂੰ ਮੇਰੀ ਜਿਹੀ ਬੀਵੀ ਮਿਲੀ, ਕੀ ਅੱਲਾਹ ਦਾ ਸ਼ੁਕਰਾਨਾ ਕੀਤਾ? ਕਦੀ ਰੱਬ ਯਾਦ ਆਇਆ? ਈਦੀ ਕੰਨਾਂ ਨੂੰ ਹੱਥ ਲਾਕੇ ਆਖਦਾ - ਰੱਬ ਨੂੰ ਕਦੋਂ ਭੁੱਲਿਆਂ ਮੈਂ? ਮੇਰੇ ਕੋਲ ਰੱਬ ਅਤੇ ਤੈਥੋਂ ਇਲਾਵਾ ਹੋਰ ਹੈ ਕੀ? ਹੋਰ ਕੁੱਝ ਮੈਨੂੰ ਚਾਹੀਦਾ ਵੀ ਨਹੀਂ। ਈਦੀ ਤੋਂ ਜਦੋਂ ਕਦੀ ਗਲਤ ਫੈਸਲਾ ਹੋ ਜਾਂਦਾ ਤਾਂ ਬਿਲਕੀਸ ਆਖਦੀ - ਪਛਤਾਵਾ ਨਾ ਕਰੋ। ਗਲਤੀ ਹੋਈ, ਬੇਈਮਾਨੀ ਨਹੀਂ ਕੀਤੀ। ਘਾਟਾ ਬਰਦਾਸ਼ਤ ਕਰੋ। ਬਹੁਤ ਵੱਡਾ ਨੁਕਸਾਨ ਨਹੀਂ ਹੋਇਆ। ਈਦੀ ਆਖਦਾ - ਔਰਤ ਚਾਹੇ ਤਾ ਚੰਗੇ ਭਲੇ ਬੰਦੇ ਨੂੰ ਨਿਕੰਮਾ ਕਰ ਸਕਦੀ ਹੈ, ਇਸੇ ਤਰ੍ਹਾਂ ਦਲੇਰ ਔਰਤ ਦਾ ਖਾਵੰਦ ਬੁਜ਼ਦਿਲ ਨਹੀਂ ਹੋ ਸਕਦਾ।

ਬਿਲਕੀਸ ਪਾਗਲਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਈਦੀ ਪੁੱਛਦਾ,“ਇਹ ਝੂਠ ਮਾਰਦੇ ਹਨ, ਤੈਨੂੰ ਸੱਚ ਲਗਦੈ?

ਬਿਲਕੀਸ ਆਖਦੀ - ਚੰਗੇ ਭਲੇ ਬੰਦੇ ਝੂਠ ਮਾਰਨੋ ਨਹੀਂ ਹਟਦੇ। ਇਨ੍ਹਾਂ ਦਾ ਦਿਲ ਹਲਕਾ ਹੋ ਜਾਂਦਾ ਹੈ, ਮੇਰਾ ਕੀ ਘਟਦੈ?

1971 ਵਿਚ ਭਾਰਤ-ਪਾਕਿ ਜੰਗ ਛਿੜਿਆ ਤਾਂ ਪਾਕਿਸਤਾਲ ਦੇ ਦੋ ਟੋਟੇ ਹੋ ਗਏ। ਬੰਗਲਾ ਦੇਸ਼ ਵਿਚ ਵਸਦੇ ਪੰਜਾਬੀ ਵਪਾਰੀ ਬੰਗਾਲੀਆਂ ਦੀ ਨਫਰਤ ਤੋਂ ਡਰਕੇ ਪਾਕਿਸਤਾਨ ਭੱਜ ਆਏ। ਮਹਿੰਗੀਆਂ ਜਾਇਦਾਦਾਂ ਸਸਤੀਆਂ ਵੇਚ ਆਏ। ਇੱਧਰ ਆ ਕੇ ਕੋਈ ਕਾਰੋਬਾਰ ਫਟਾਫਟ ਕਿਵੇਂ ਚੱਲ ਸਕਦਾ ਸੀ? ਬਹੁਤ ਲੋਕਾਂ ਨੇ ਈਦੀ ਨੂੰ ਦਾਨ ਦਿੱਤਾ ਸੀ। ਉਹ ਰਸੀਦਾਂ ਲੈ ਕੇ ਆ ਗਏ ਕਿ ਪੈਸੇ ਵਾਪਸ ਚਾਹੀਦੇ ਹਨ। ਈਦੀ ਨੇ ਹਰੇਕ ਦੇ ਪੈਸੇ ਵਾਪਸ ਕੀਤੇ ਤੇ ਕਿਹਾ - ਜਦੋਂ ਤੱਕ ਕਾਰੋਬਾਰ ਠੀਕ ਨਹੀਂ ਹੁੰਦੇ, ਇੱਥੇ ਰਹੋ। ਜਿਨ੍ਹਾਂ ਨੇ ਦਾਨ ਨਹੀਂ ਦਿੱਤਾ, ਉਹ ਵੀ ਰਹੋ। ਛੇ ਮੰਜ਼ਲੀ ਬਿਸਮਿੱਲਾ ਇਮਾਰਤ ਢਹਿ ਕੇ ਤੇਰਾਂ ਫੁੱਟ ਉੱਚੇ ਥੇਹ ਵਿਚ ਬਦਲ ਗਈ। ਵੀਹ ਪਰਿਵਾਰ ਮਾਰੇ ਗਏ। ਈਦੀ ਨੇ ਕਰੇਨਾ ਨੂੰ ਨਿਰਦੇਸ਼ ਦਿੱਤਾ, ਲਾਸ਼ਾਂ ਵਾਸਤੇ ਵੱਖ, ਜ਼ਖਮੀਆਂ ਵਾਸਤੇ ਵੱਖ ਤੰਬੂ ਲਾਏ। ਢਾਈ ਸਾਲ ਦਾ ਬੱਚਾ ਬਾਹਰ ਖੇਡਦਾ ਹੋਣ ਕਰਕੇ ਬਚ ਗਿਆ, ਉਸ ਦੇ ਮਾਪੇ ਅਤੇ ਸੱਤ ਸਾਲ ਦਾ ਭਰਾ ਮਲਬੇ ਵਿਚ ਦੱਬੇ ਪਏ ਸਨ। ਇਕ ਪਾਸਿਉਂ ਬੱਚੇ ਦੀ ਆਵਾਜ਼ ਆਈ। ਭਾਰੀ ਬੀਮ ਹਟਾਇਆ ਗਿਆ ਤਾਂ ਜ਼ਖਮੀ ਬੱਚਾ ਜਿਉਂਦਾ ਮਿਲ ਗਿਆ। ਸਿਰ ਉੱਪਰ ਸੱਟ, ਛਾਤੀ ਦੀਆਂ ਪੱਸਲੀਆਂ ਦਬੀਆਂ ਹੋਈਆਂ। ਹਸਪਤਾਲ ਵਿਚ ਉਸਨੇ ਦੱਸਿਆ- ਮਾਂ ਖਾਣਾ ਬਣਾ ਰਹੀ ਸੀ। ਕੋਈ ਚੀਜ਼ ਮੇਰੇ ਤੇ ਡਿੱਗੀ ਤੇ ਹਨੇਰਾ ਹੋ ਗਿਆ। ਮੈਂ ਮਾਂ ਦੀ ਅਵਾਜ਼ ਸੁਣੀ, ਸਾਨੂੰ ਦੋਹਾਂ ਭਰਾਵਾਂ ਨੂੰ ਆਵਾਜ਼ਾਂ ਮਾਰ ਰਹੀ ਸੀ ... ਇਮਰਾਨ ... ਜਾਵੇਦ। ਬਹੁਤ ਦੇਰ ਤਕ ਇਹ ਅਵਾਜ਼ਾਂ ਸੁਣਦਾ ਰਿਹਾ। ਫਿਰ ਚੁੱਪ ਹੋ ਗਈ। ਮੈਂ ਸੋਚਿਆ ਮੈਂ ਮਰ ਗਿਆ ਹਾਂ। ਫੇਰ ਮੈਂ ਕਿਸੇ ਦਾ ਬੋਲ ਸੁਣਿਆਂ ... ਕਿਸੇ ਨੇ ਈਦੀ ਨੂੰ ਵਾਜ ਮਾਰੀ, ਤਾਂ ਮੈਂ ਚੀਕਾਂ ਮਾਰਨ ਲੱਗਾ। ਮੈਨੂੰ ਈਦੀ ਦਾ ਨਾਂ ਸੁਣਕੇ ਲੱਗਾ ਮੈਂ ਮਰਿਆ ਨਹੀਂ। ਹੁਣੇ ਈਦੀ ਬਚਾ ਲਏਗਾ। ਦੋਵੇਂ ਯਤੀਮ ਬੱਚੇ ਦਾਦੀ ਕੋਲ ਪਹੁੰਚਾ ਦਿੱਤੇ। ਉਸ ਸਾਲ ਈਦ ਨਹੀਂ ਮਨਾਈ ਗਈ। ਭੁੱਟੋ ਮੌਕੇ ਤੇ ਆਇਆ, ਈਦੀ ਨੂੰ ਕਿਹਾ, “ਮੈਂ ਮਦਦ ਕਰਾਂ?ਈਦੀ ਨੇ ਕਿਹਾ, “ਹੋਰ ਕੌਣ ਕਰੇਗਾ? ਫੌਰਨ ਰਾਹਤ ਭੇਜ।” ਉਸਨੇ ਧਨ, ਰਾਸ਼ਣ ਅਤੇ ਦਵਾਈਆਂ ਤੁਰੰਤ ਭੇਜੀਆਂ। ਇਕ ਆਦਮੀ ਇਹ ਦੱਸਦਾ ਹੋਇਆ ਰੋਂਦਾ ਰਹਿੰਦਾ, “ਮੇਰੀ ਪਤਨੀ ਅਤੇ ਦੋ ਧੀਆਂ ਕੱਪੜੇ ਸੀ ਕੇ ਗੁਜ਼ਾਰਾ ਕਰਦੀਆਂ। ਸ਼ਾਮ ਪੈਣ ’ਤੇ ਮੈਂ ਜਬਰਨ ਉਨ੍ਹਾਂ ਤੋਂ ਪੈਸੇ ਖੋਹ ਕੇ ਸ਼ਰਾਬ ਪੀਂਦਾ। ਉਹ ਰੋਂਦੀਆਂ ਤੇ ਰੱਬ ਅੱਗੇ ਅਰਦਾਸ ਕਰਦੀਆਂ - ਸਾਨੂੰ ਮੌਤ ਦੇ। ਉਹ ਤਿੰਨੇ ਮਰ ਗਈਆਂ। ਮੈਂ ਕਦੋਂ ਮਰਾਂਗਾ? ਈਦੀ ਆਖਦਾ - ਤੂੰ ਕਿਉਂ ਮਰੇਂ?ਜਿੰਨਾ ਸੰਤਾਪ ਉਨ੍ਹਾਂ ਨੇ ਝੱਲਿਆ, ਉਹ ਭੁਗਤ। ਤੇਰੀ ਫਰਿਆਦ ਸੁਣਨ ਵਾਲਾ ਕੋਈ ਨਹੀਂ।

ਦੋ ਪੁੱਤਰਾਂ ਤੇ ਦੋ ਧੀਆਂ ਦਾ ਪਿਤਾ ਈਦੀ, ਬੱਚਿਆਂ ਨੂੰ ਕਿਤੇ ਪਿਕਨਿਕ ਤੇ ਨਾ ਲਿਜਾ ਸਕਦਾ। ਉਹ ਟੂਰ ’ਤੇ ਜਾਣ ਦੀ ਜ਼ਿਦ ਕਰਦੇ ਰਹਿੰਦੇ। ਇਕ ਦਿਨ ਸੁਨੇਹਾ ਮਿਲਿਆ ਕਿ ਦੂਰ ਸਿੰਧ ਵਿਚ ਲਾਸ਼ ਪੁਚਾਉਣੀ ਹੈ। ਬੀਵੀ ਨੇ ਕਿਹਾ, “ਬੱਚਿਆਂ ਨੂੰ ਵੀ ਲੈ ਚੱਲ। ਹੋਰ ਕਿਤੇ ਨਹੀਂ ਲਿਜਾ ਸਕਦਾ ਕਬਰਸਤਾਨ ਈ ਦਿਖਾ ਲਿਆ। ਮਾਪੇ ਜਿੱਥੇ ਵੀ ਜਾਣ, ਬੱਚੇ ਉਨ੍ਹਾਂ ਨਾਲ ਜਾਣਾ ਚਾਹੁੰਦੇ ਨੇ, ਜਾ ਕੇ ਖੁਸ਼ ਹੁੰਦੇ ਨੇ।” ”ਠੀਕ ਹੈ।” ਈਦੀ ਨੇ ਆਗਿਆ ਦੇ ਦਿਤੀ। ਜਿਸ ਐਂਬੂਲੈਂਸ ਦੇ ਅਗਲੇ ਹਿੱਸੇ ਵਿਚ ਮਾਂ, ਧੀ ਦੀ ਲਾਸ਼ ਲਾਗੇ ਬੈਠੀ ਸੀ, ਬੱਚਿਆਂ ਨੇ ਪਿਛਲੇ ਪਾਸੇ ਖੁਸ਼ੀ ਖੁਸ਼ੀ ਛਾਲਾਂ ਲਾ ਦਿੱਤੀਆਂ ਤੇ ਚਹਿਕਣ ਲੱਗੇ। ਦਿਨ ਦਾ ਸਫਰ ਬੀਤ ਗਿਆ। ਰਾਤ ਪੈ ਗਈ। ਕੁੜੀ ਦੀ ਮਾਂ ਰਸਤਾ ਭੁੱਲ ਗਈ। ਉਸਨੇ ਉੱਚੇ ਟਿੱਲੇ ਤੇ ਖਲੋ ਕੇ ਅਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਵਾਜ ਦੀ ਗੂੰਜ ਵਾਪਸ ਪਰਤਦੀ ਪਰ ਹੁੰਗਾਰਾ ਕੋਈ ਨਹੀਂ। ਉਜਾੜ ਵਿਚ ਸੱਪਾਂ ਦੇ ਫੁੰਕਾਰੇ ਸੁਣਾਈ ਦਿੰਦੇ। ਈਦੀ ਨੇ ਗੱਡੀ ਦੀਆਂ ਲਾਈਟਾਂ ਬਾਲ ਦਿੱਤੀਆਂ। ਸਾਹਮਣੇ ਚਾਰ ਨਕਾਬਪੋਸ਼ ਘੋੜਸਵਾਰ ਬੰਦੂਕਾਂ ਲਈ ਖਲੋਤੇ ਦਿਸੇ। ਔਰਤ ਦੌੜਦੀ ਹੋਈ ਟਿੱਲੇ ਤੋਂ ਉੱਤਰ ਕੇ ਗੱਡੀ ਵਿਚ ਵੜ ਗਈ, ਦੱਸਿਆ- ਇਹ ਕੋਲਹਰੀ ਦੇ ਖਤਰਨਾਕ ਡਾਕੂ ਨੇ। ਪਹਿਲਾਂ ਗੋਲੀ ਮਾਰਦੇ ਨੇ ਫੇਰ ਦੇਖਦੇ ਨੇ ਜਿਸ ਨੂੰ ਗੋਲੀ ਵੱਜੀ ਉਹ ਕੌਣ ਸੀ। ਨਕਾਬਪੋਸ਼ਾਂ ਨੇ ਗੱਡੀ ਘੇਰ ਲਈ। ਲਾਸ਼ ਦੇਖੀ, ਸਹਿਮੇ ਬੱਚੇ ਦੇਖੇ, ਪੁੱਛਿਆ ਕੌਣ ਹੋ। ਘੋੜੇ ਗੁੱਸੇ ਵਿਚ ਪੌੜ ਪਟਕ ਰਹੇ ਸਨ। ਈਦੀ ਨੇ ਦੱਸਿਆ - ਮੈਂ ਅਬਦੁਲ ਸੱਤਾਰ ਹਾਂ ਜਿਸ ਨੂੰ ਈਦੀ ਕਹਿੰਦੇ ਨੇ। ਇਹ ਲਾਸ਼ ਛੱਡਣ ਜਾ ਰਿਹਾ ਸਾਂ ਕਿ ਰਸਤਾ ਭੁੱਲ ਗਿਆ। ਡਾਕੂ ਨੇ ਕਿਹਾ - ਕਿੱਧਰ ਜਾਣੈ? ਪਿੰਡ ਦਾ ਰਾਹ ਦੱਸਦਿਆਂ ਕਿਹਾ, ਬੜਾ ਖਤਰਨਾਕ ਇਲਾਕਾ ਹੈ। ਰਾਤ ਨੂੰ ਕਾਹਨੂੰ ਸਫਰ ਕਰਨਾ ਸੀ। ਤੁਰਨ ਲੱਗਿਆਂ ਈਦੀ ਨੇ ਸਲਾਮ ਵਜੋਂ ਸੱਜਾ ਹੱਥ ਮੱਥੇ ਨੂੰ ਛੁਹਾਇਆ। ਚਾਰੇ ਡਾਕੂਆਂ ਨੇ ਛਾਤੀ ਤੇ ਹੱਥ ਰੱਖਕੇ ਝੁਕਕੇ ਸਲਾਮ ਦਾ ਜਵਾਬ ਦਿੱਤਾ। ਬਿਲਕੀਸ ਅਤੇ ਬੱਚਿਆਂ ਦਾ ਸਾਹ ਵਿਚ ਸਾਹ ਆਇਆ। ਈਦੀ ਨੇ ਬਿਲਕੀਸ ਦੀ ਝਾੜ ਝੰਬ ਕੀਤੀ, ਬੱਚਿਆਂ ਨੂੰ ਖਤਰੇ ਵਿਚ ਪਾ ਦਿੱਤਾ ਸੀ।ਙ

ਬਾਈ ਸਾਲ ਦਾ ਇਕ ਕੈਦੀ ਜੇਲ੍ਹ ਵਿਚ ਮਰ ਗਿਆ ਤੇ ਸਥਾਨਕ ਕਬਰਸਤਾਨ ਵਿਚ ਦਫਨਾ ਦਿੱਤਾ। ਉਸ ਦੇ ਦੋਸਤ ਆਏ, ਕਹਿਣ ਲੱਗੇ - ਇਹ ਪੰਜਾਬ ਦਾ ਸੀ। ਮਾਪੇ ਬੇਗਾਨੀ ਥਾਂ ਦਫਨ ਕਰਨ ਦੇ ਹੱਕ ਵਿਚ ਨਹੀਂ ਪਰ ਉਨ੍ਹਾਂ ਕੋਲ ਲਾਸ਼ ਲਿਜਾਣ ਜੋਗੇ ਪੈਸੇ ਨਹੀਂ। ਤੁਸੀਂ ਛੱਡ ਆਉ। ਈਦੀ ਨੇ ਹਾਂ ਕਰ ਦਿੱਤੀ ਤਾਂ ਬਿਲਕੀਸ ਨੇ ਕਿਹਾ ਮੈਂ ਵੀ ਜਾਵਾਂਗੀ, ਫੈਸਲ ਬੇਟਾ ਵੀ ਜਾਏਗਾ। ਈਦੀ ਨੇ ਕਿਹਾ - ਲੰਮਾ ਸਫਰ ਹੈ, ਪਰ ਤਾਂ ਕੀ? ਸਵੇਰਸਾਰ ਚੱਲਣ ਦਾ ਫੈਸਲਾ ਹੋਇਆ। ਤੁਰਨ ਤੋਂ ਪਹਿਲਾਂ ਪਾਗਲਖਾਨੇ ਦਾ ਦੌਰਾ ਕਰਨ ਗਿਆ। ਨਿਗਰਾਨ ਨੇ ਕਿਹਾ - ਜੀ ਅਹੁ ਕੁੜੀ ਪੌੜੀਆਂ ਵਿਚ ਬੈਠੀ ਹੈ। ਉਤਰਨ ਚੜ੍ਹਨ ਵਾਲੇ ਨੂੰ ਗਾਲਾਂ ਦਿੰਦੀ ਹੈ, ਦੰਦੀਆਂ ਵੱਢਦੀ ਹੈ। ਈਦੀ ਉਸ ਕੋਲ ਗਿਆ, ਉੱਠਣ ਲਈ ਕਿਹਾ, ਉਹ ਟੱਸ ਤੋਂ ਮੱਸ ਨਾ ਹੋਈ। ਈਦੀ ਨੇ ਚਪੇੜ ਜੜ ਦਿੱਤੀ। ਫਿਰ ਪਰੇ ਗਈ।

ਰਸਤੇ ਵਿਚ ਇਕ ਢਲਾਣ ਤੇ ਮੋੜ ਕੱਟਦੀ ਵੈਨ ਉਲਟ ਗਈ। ਸਾਰੇ ਬਚ ਗਏ ਪਰ ਈਦੀ ਦਾ ਜਬਾੜ੍ਹਾ ਟੁੱਟ ਗਿਆ। ਲਾਗੇ ਕੋਈ ਹਸਪਤਾਲ ਨਹੀਂ, ਮੀਠਾਦਾਰ ਫੋਨ ਮਿਲਾਇਆ ਤਾਂ ਉੱਥੋਂ ਗੱਡੀਆਂ ਚੱਲ ਪਈਆ। ਰੌਲਾ ਪੈ ਗਿਆ ਕਿ ਈਦੀ ਐਕਸੀਡੈਂਟ ਵਿਚ ਮਾਰਿਆ ਗਿਆ। ਬਜ਼ਾਰ ਬੰਦ ਹੋ ਗਏ। ਭੁੱਟੋ ਮਲਬੇ ਵਾਲੀ ਹਵੇਲੀ ਦੀ ਥਾਂ ਉਸਰਨ ਵਾਲੀ ਬਹੁਮੰਜ਼ਲੀ ਇਮਾਰਤ ਦੇ ਪਲਾਟ ਅਲਾਟ ਕਰਨ ਮੀਠਾਦਾਰ ਆਇਆ ਹੋਇਆ ਸੀ। ਪੁੱਛਿਆ - ਈਦੀ ਕਿੱਥੇ ਹੈ? - ਦੱਸਿਆ ਗਿਆ। ਉਸਨੇ ਤੁਰੰਤ ਆਪਣਾ ਹੈਲੀਕਾਪਟਰ ਭੇਜ ਦਿੱਤਾ। ਹਸਪਤਾਲੋਂ ਛੁੱਟੀ ਮਿਲੀ ਤਾਂ ਭੁੱਟੋ ਨੂੰ ਕਿਰਾਇਆ ਦੇਣਾ ਚਾਹਿਆ, ਉਸਨੇ ਨਾ ਲਿਆ। ਬਿਲਕੀਸ ਨੂੰ ਕਹਿਣ ਲੱਗਾ - ਬਿਮਾਰ ਕੁੜੀ ਨੂੰ ਚਪੇੜ ਮਾਰ ਕੇ ਤੁਰਿਆ ਸਾਂ। ਅੱਲਾਹ ਨੂੰ ਇਹ ਮਨਜ਼ੂਰ ਨਹੀਂ ਸੀ। ਦੇਖ ਲਿਆ? ਮਿਲੀ ਨਾ ਸਹੀ ਸਜ਼ਾ?

ਇਕ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ ਵਿਚ ਸੀ। ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ। ਠੂਠਾ ਹਿਲਾ ਕੇ ਈਦੀ ਕਰਾਚੀ ਦੇ ਚੌਂਕ ਵਿਚ ਬੈਠ ਗਿਆ। ਬਾਕੀ ਮੰਗਤੇ ਗੱਡੀਆਂ ਦੇ ਅੱਗੇ ਪਿੱਛੇ ਭੱਜ ਭੱਜ ਮੰਗਦੇ ਫਿਰ ਰਹੇ ਸਨ। ਈਦੀ ਬੁੱਤ ਵਾਂਗ ਜਮ ਗਿਆ। ਲੋਕ ਈਦੀ ਨੂੰ ਦੇਖਦੇ, ਰੁਕਦੇ, ਜੇਬਾਂ ਖਾਲੀ ਕਰਦੇ ਤੇ ਚਲੇ ਜਾਂਦੇ। ਤਿੰਨ ਦਿਨਾਂ ਵਿਚ ਢਾਈ ਲੱਖ ਰੁਪਏ ਮਿਲੇ। ਮੰਗਤੇ ਬੁੜ ਬੁੜ ਕਰਨ ਲੱਗੇ - ਇਹਨੇ ਸਾਡਾ ਖੂਹ ਸੁਕਾ ਦਿੱਤਾ ਹੈ, ਭੁੱਖੇ ਮਰੀਏ ਕਿ ਕਿਤੇ ਹੋਰ ਚਲੇ ਜਾਈਏ? ਬਿਲਕੀਸ ਹੱਸੀ - ਹੋਰ ਕਿਤੇ ਕਿਉਂ ਜਾਣਾ? ਵੱਡੇ ਮੰਗਤੇ ਨਾਲ ਕੰਮ ਤੇ ਆ ਜਾਉ।

1977 ਵਿਚ ਜ਼ਿਆ ਉਲ ਹੱਕ ਨੇ ਸੱਤਾ ਹਥਿਆ ਲਈ, ਭੁੰਟੋ ਨੂੰ ਕੈਦ ਵਿਚ ਸੁੱਟ ਦਿੱਤਾ ਤੇ ਬਾਦ ਵਿਚ ਫਾਹੇ ਲਾ ਦਿੱਤਾ। ਪਾਕਿਸਤਾਨ ਵਿਚ ਕੋਈ ਕੁਸਕਿਆ ਤੱਕ ਨਾ। ਬਿਲਕੀਸ ਨੇ ਕਿਹਾ - ਈਦੀ, ਇਹ ਬੁਰੀ ਘਟਨਾ ਹੋਈ ਤੇ ਲੋਕ ਖਾਮੋਸ਼ ਹੋ ਗਏ। ਈਦੀ ਨੇ ਕਿਹਾ - ਪਾਕਿਸਤਾਨੀ ਹਕੂਮਤਾਂ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ, ਦਿਮਾਗ ਕਾਠ ਮਾਰੇ ਗਏ। ਭੁੱਟੋ ਨੇ ਸਬਜ਼ਬਾਗ ਦਿਖਾਏ, ਲੋਕਾਂ ਨੇ ਵੋਟਾਂ ਨਾਲ ਪੇਟੀਆਂ ਭਰ ਦਿੱਤੀਆਂ। ਮਿਲਿਆ ਕੱਖ ਨਾ। ਉਹ ਸੜਕਾਂ ਤੇ ਆ ਕੇ ਮੁਜ਼ਾਹਰੇ ਕਰਨ ਲੱਗੇ ਤਾਂ ਜ਼ਿਆ ਨੇ ਮੌਕੇ ਦਾ ਫਾਇਦਾ ਉਠਾ ਲਿਆ ਤੇ ਲੋਕਾਂ ਨੂੰ ਕਿਹਾ - ਆਪੋ ਆਪਣੀਆਂ ਝੌਂਪੜੀਆਂ ਵਿਚ ਵੜ ਜਾਉ। ਲੋਕ ਝੁੱਗੀਆਂ ਵਿਚ ਵੜ ਗਏ। ਜ਼ਿਆ ਉਲ ਹੱਕ ਨੇ ਈਦੀ ਨੂੰ ਮਾਣ ਪੱਤਰ ਅਤੇ ਪੰਜ ਲੱਖ ਰੁਪਿਆ ਭੇਜਿਆ। ਮਾਣਪੰਤਰ ਰੱਖ ਲਿਆ ਤੇ ਚੈੱਕ ਵਾਪਸ ਕਰਦਿਆਂ ਲਿਖਿਆ - ਮਾਣਪੱਤਰ ਲਈ ਸ਼ੁਕਰਾਨਾ। ਸਰਕਾਰ ਤੋਂ ਪੈਸੇ ਨਹੀਂ ਲੈਂਦਾ। ਉਹੀ ਕੰਮ ਕਰ ਰਿਹਾ ਹਾਂ ਜੋ ਸਰਕਾਰ ਨੇ ਕਰਨਾ ਹੁੰਦਾ ਹੈ। ਪਰ ਸਰਕਾਰ ਨਹੀਂ ਕਰ ਰਹੀ ਜਾਂ ਨਹੀਂ ਕਰ ਸਕਦੀ ਤਾਂ ਫਿਰ ਪਰਜਾ ਨੂੰ ਆਪ ਕਰਨਾ ਚਾਹੀਦਾ ਹੈ। ਮੈਂ ਲੋਕਾਂ ਅੱਗੇ ਝੋਲੀ ਅੱਡਾਂਗਾ।

ਕਦੀ ਕਦੀ ਬਿਲਕੀਸ ਦੇ ਸੁਭਾਅ ਕਾਰਨ ਈਦੀ ਪ੍ਰੇਸ਼ਾਨ ਹੋ ਕੇ ਆਖਦਾ - ਤੂੰ ਮੈਨੂੰ ਚੈਨ ਲੈਣ ਦਏਂਗੀ ਕਿ ਨਹੀਂ? ਬਿਲਕੀਸ ਹੱਸਦੀ - ਚੈਨ? ਤੁਹਾਨੂੰ ਪਤੈ ਚੈਨ ਕੀ ਹੁੰਦੈ? ਨਾ ਆਪ ਚੈਨ ਵਿਚ ਰਹਿਣਾ ਨਾ ਕਿਸੇ ਨੂੰ ਰਹਿਣ ਦੇਣਾ। ਤੁਸੀਂ ਤਾਂ ਮਰਨ ਪਿੱਛੋਂ ਵੀ ਆਖਣਾ ਹੈ - ਮੈਨੂੰ ਨਾ ਕੋਈ ਨੁਹਾਏ, ਮੈਂ ਆਪ ਨਹਾਵਾਂਗਾ। ਖਬਰਦਾਰ ਕੋਈ ਮੈਨੂੰ ਕਬਰ ਵਿਚ ਉਤਾਰਨ ਆਇਆ। ਮੈਂ ਆਪ ਉੱਤਰਾਂਗਾ। ਉਹ ਅਰਦਾਸ ਕਰਦਾ - ਅੱਲਾਹ, ਕੋਈ ਵੰਡਾ ਕੰਮ ਲਉ ਮੇਰੇ ਤੋਂ, ਅਜਿਹਾ ਕੰਮ ਜੋ ਦੁਨੀਆਂ ਦੀ ਤਕਦੀਰ ਬਦਲ ਦਏ। ਬਿਲਕੀਸ ਹੱਸਦੀ - ਕਦੀ ਨਾ ਕਦੀ ਰੱਬ ਸੋਚੇਗਾ ਜ਼ਰੂਰ, ਇਸ ਸੁਸਤ ਸੰਸਾਰ ਵਿਚ ਕੌਣ ਹੈ ਜਿਹੜਾ ਕੰਮ ਤੋਂ ਇਲਾਵਾ ਕੁਝ ਨਹੀਂ ਮੰਗਦਾ।

ਡਿਕਟੇਟਰ ਦੇ ਹੱਥ ਵਿਚ ਸਾਰੀ ਤਾਕਤ ਹੁੰਦੀ ਹੈ, ਜੇ ਚਾਹੇ ਤਾਂ ਮੁਲਕ ਦੀ ਤਕਦੀਰ ਬਦਲ ਸਕਦਾ ਹੈ ਪਰ ਜ਼ਿਆ ਉਲ ਹੱਕ ਕੋਲ ਸਿਵਾਇ ਸੱਤਾ ਵਿਚ ਰਹਿਣ ਦੇ ਕੋਈ ਦ੍ਰਿਸ਼ਟੀ ਨਹੀਂ ਸੀ। ਉਸਨੇ ਈਦੀ ਨੂੰ ਪਾਰਲੀਮੈਂਟ ਦਾ ਮੈਂਬਰ ਲੈ ਕੇ ਸਮਾਜ ਭਲਾਈ ਮਹਿਕਮਾ ਦੇ ਦਿੱਤਾ। ਰਾਸ਼ਟਰਪਤੀ ਨੇ ਪੇਸ਼ਕਸ਼ ਕੀਤੀ - ਈਦੀ ਨੂੰ ਹੈਲੀਕਾਪਟਰ ਦਿੱਤਾ ਜਾਵੇ। ਇਕ ਕਰਨਲ ਉਸਦਾ ਸੈਕਟਰੀ ਹੋਵੇਗਾ। ਈਦੀ ਨੇ ਕਿਹਾ - ਮੈਂ ਹੈਲੀਕਾਪਟਰ ਲਵਾਂਗਾ, ਦਾਨੀਆਂ ਦੇ ਪੈਸੇ ਨਾਲ, ਕਿਉਂਕਿ ਇਸ ਦੀ ਲੋੜ ਹੈ। ਮੇਰੀ ਮੁਖਬਰੀ ਕਰਨ ਵਾਲੇ ਕਿਸੇ ਕਰਨਲ ਦੀ ਮੈਨੂੰ ਕੋਈ ਲੋੜ ਨਹੀਂ, ਮੇਰਾ ਕੰਮ ਚੱਲ ਰਿਹੈ।

ਲੋਕ ਨਾਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਸਨ। ਈਦੀ ਨੇ ਨਰਸਿੰਗ ਹੋਮ ਦੇ ਬਾਹਰ ਪੰਘੂੜੇ ਲਟਕਾ ਦਿੱਤੇ - ਇੱਥੇ ਆਪਣਾ ਅਣਚਾਹਿਆ ਬੱਚਾ ਰੱਖ ਜਾਉ। ਮੌਲਵੀਆਂ ਨੇ ਫਤਵਾ ਦਿੱਤਾ - ਨਾਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰੋ ਈਦੀ ਨੇ ਐਲਾਨ ਕੀਤਾ - ਆਵੇ, ਮੇਰੇ ਪੰਘੂੜੇ ਵਿਚ ਰੱਖੇ ਬੱਚੇ ਨੂੰ ਕੋਈ ਮਾਰ ਕੇ ਦਿਖਾਏ। ਇਸਲਾਮ ਮਾਸੂਮਾਂ ਨੂੰ ਦੋਸ਼ੀ ਨਹੀਂ ਮੰਨਦਾਇਸਲਾਮ ਮਾਸੂਮਾਂ ਨੂੰ ਸਜ਼ਾ ਨਹੀਂ ਦਿੰਦਾਮੌਲਵੀਆਂ ਨੇ ਕਿਹਾ - ਇਸਲਾਮ ਨਾਜਾਇਜ਼ ਔਲਾਦ ਨੂੰ ਗੋਦ ਲੈਣ ਦੀ ਆਗਿਆ ਨਹੀਂ ਦਿੰਦਾ। ਈਦੀ ਨੇ ਕਿਹਾ - ਤੁਸੀਂ ਕਤੂਰੇ, ਬਲੂੰਗੜੇ ਪਾਲ ਲੈਂਦੇ ਹੋ। ਠੀਕ ਹੈ, ਜਦੋਂ ਤੱਕ ਇਸਲਾਮ ਵਲੋਂ ਆਗਿਆ ਨਹੀਂ ਮਿਲਦੀ, ਇਨ੍ਹਾਂ ਨੂੰ ਇਵੇਂ ਰੱਖ ਲਉ। ਜਾਇਦਾਦ ਵਿੱਚੋਂ ਹਿੱਸਾ ਨਾ ਦਿਉ। ਤੁਹਫਾ ਦੇ ਦਿਉ, ਵਜ਼ੀਫਾ ਦੇ ਦਿਉ। ਉਸਨੇ ਥਾਂ ਥਾਂ ਇਸ਼ਤਿਹਾਰ ਚਿਪਕਾਏ - ਇਕ ਗੁਨਾਹ ਕਰ ਚੁੱਕੇ ਹੋ। ਹੁਣ ਬੱਚਾ ਮਾਰ ਕੇ ਦੂਜਾ ਗੁਨਾਹ ਨਾ ਕਰੋ। ਤੁਹਾਡਾ ਬੱਚਾ ਅਸੀਂ ਪਾਲਾਂਗੇ। ਮੌਲਵੀਆਂ ਨੇ ਕਿਹਾ - ਈਦੀ ਕਾਫ਼ਰ ਹੈ। ਉਸਨੂੰ ਦਾਨ ਦੇਣਾ ਕੁਫ਼ਰ ਹੈ।

ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ। ਈਦੀ ਨੂੰ ਸੱਦਾ ਪੱਤਰ ਮਿਲਿਆ। ਈਦੀ ਬੱਸ ਵਿਚ ਸਫਰ ਕਰਕੇ ਪਾਰਲੀਮੈਂਟ ਹਾਊਸ ਪੁੱਜਿਆ। ਫੌਜੀ ਅਫਸਰਾਂ ਨੇ ਪਛਾਣ ਲਿਆ ਤਾਂ ਦੌੜੇ ਆਏ - ਈਦੀ ਸਾਹਿਬ, ਉਹ ਲਾਲ ਬੱਤੀ ਵਾਲੀ ਕਾਰ ਤੁਹਾਡੀ ਹੈ। ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ? ਅਸੀਂ ਲੈਣ ਆ ਜਾਂਦੇ। ਕਿੱਥੇ ਠਹਿਰੇ ਹੋ? ਅਸੀਂ ਤੁਹਾਡੇ ਲਈ ਹੋਟਲ ਬੁੱਕ ਕਰਵਾ ਰੱਖਿਆ ਹੈ। ਈਦੀ ਨੇ ਕਿਹਾ - ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪੁਰਾਣਾ ਕੁਰਤਾ ਪਜਾਮਾ, ਰਬੜ ਦੇ ਸਲੀਪਰ, ਮੋਢੇ ਬੋਰੀ ਵਾਲਾ ਝੋਲਾਬਿਲਕੀਸ ਨੇ ਕਿਹਾ - ਕੁਰਤਾ ਪਜਾਮਾ ਤਾਂ ਬਦਲ ਲਵੋ। ਪਹਿਲਾਂ ਨਾਲੋਂ ਦੂਜਾ ਕੁਰਤਾ ਪਜਾਮਾ ਕੁਝ ਵਧੀਆ ਸੀ ਤਾਂ ਵੀ ਮਾਹੌਲ ਦੇ ਫਿੱਟ ਨਹੀਂ ਸੀ। ਸਾਰਾ ਦਿਨ ਸਹੁੰ ਚੁਕਾਈ ਦੀ ਰਸਮ ਨੇ ਈਦੀ ਨੂੰ ਅਕਾ ਦਿੱਤਾ। ਮੈਂ ਇੱਥੇ ਕੀ ਕਰਨ ਆਇਆਂ? ਸ਼ਾਇਦ ਇਸ ਲਈ ਮੈਨੂੰ ਪਾਰਲੀਮੈਂਟ ਵਿਚ ਲੈ ਲਿਆ ਹੈ ਤਾਂ ਕਿ ਨਾਜਾਇਜ਼ ਹਕੂਮਤ ਜਾਇਜ਼ ਲੱਗਣ ਲੱਗੇ। ਮੰਤਰੀ ਲੱਛੇਦਾਰ ਭਾਸ਼ਣਾਂ ਨਾਲ ਜ਼ਿਆ ਦੀ ਖੁਸ਼ਾਮਦ ਕਰ ਰਹੇ ਸਨ। ਆਪੋ ਆਪਣੇ ਮਹਿਕਮਿਆਂ ਲਈ ਗ੍ਰਾਂਟਾਂ ਮੰਗ ਰਹੇ ਸਨ।

ਈਦੀ ਨੇ ਬੋਲਣ ਲਈ ਸਮਾਂ ਮੰਗਿਆ। ਪਾਕਿਸਤਾਨ ਕਿੱਥੇ ਕਿੱਥੇ ਕਿਸ ਕਿਸ ਬਿਮਾਰੀ ਤੋਂ ਪੀੜਤ ਹੈ ਤੇ ਇਸਦਾ ਕੀ ਇਲਾਜ ਹੈ, ਦੱਸਣ ਲੱਗਾ। ਦੱਸਿਆ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਉਸਨੇ ਦੱਸਿਆ ਕਿ ਉਹ ਕਿੱਥੇ ਕਿੱਥੇ ਮਦਦ ਕਰ ਸਕਦਾ ਹੈ, ਇਸ ਮਦਦ ਵਾਸਤੇ ਸਰਕਾਰ ਤੋਂ ਪੈਸਾ ਨਹੀਂ ਲਵੇਗਾ, ਸਰਕਾਰ ਆਪ ਪੈਸਾ ਖਰਚੇ। ਪਾਰਲੀਮੈਂਟ ਸੁੰਨ ਹੋ ਗਈ ਜਦੋਂ ਉਸਨੇ ਕਿਹਾ - ਜ਼ਿਆ ਉਲ ਹੱਕ ਨੂੰ ਤੇ ਉਸਦੀ ਸਰਕਾਰ ਨੂੰ ਪਤਾ ਨਹੀਂ ਇਸਲਾਮ ਕੀ ਹੈ, ਫਿਰ ਉਹ ਇਸਲਾਮੀ ਕਾਨੂੰਨ ਕਿਵੇਂ ਲਾਗੂ ਕਰੇਗੀ?ਜਦੋਂ ਕੋਈ ਸ਼ਾਹੂਕਾਰ ਨਵੀਂ ਮਰਸਿਡੀਜ਼ ਬੈਂਜ਼ ਵਿਚ ਸ਼ਾਨ ਨਾਲ ਨਿਕਲਦਾ ਹੈ ਉਦੋਂ ਭੁੱਖੇ ਦੇ ਹੱਥ ਵਿਚ ਬੰਬ ਆ ਜਾਂਦਾ ਹੈ। ਅੰਤਰਰਾਸ਼ਟਰੀ ਪ੍ਰੈੱਸ ਨੇ ਕਿਹਾ - ਮੰਗਤਾਂ ਦੇ ਇਜਲਾਸ ਵਿਚ ਕੇਵਲ ਇਕ ਦਾਤਾ ਦੇਖਿਆ - ਈਦੀ। ਕੁਝ ਦਿਨਾਂ ਬਾਅਦ ਇਕ ਫੌਜੀ ਅਫਸਰ ਈਦੀ ਫਾਊਂਡੇਸ਼ਨ ਆਇਆ। ਕਿਹਾ - ਈਦੀ ਸਾਹਿਬ, ਮੈਨੂੰ ਜ਼ਿਆ ਸਾਹਿਬ ਨੇ ਭੇਜਿਆ ਹੈ। ਉਨ੍ਹਾਂ ਨੂੰ ਲੱਗਾ ਤੁਸੀਂ ਉਨ੍ਹਾਂ ਨਾਲ ਨਾਰਾਜ਼ ਹੋ। ਉਨ੍ਹਾਂ ਨਰਾਜ਼ਗੀ ਦਾ ਕਾਰਨ ਪੁੱਛਿਆ ਹੈ। ਈਦੀ ਨੇ ਕਿਹਾ - ਨਾਰਾਜ਼ ਨਹੀਂ ਹਾਂ। ਮੈਂ ਇਹ ਦੱਸਣ ਦਾ ਇਛੁੱਕ ਹਾਂ ਕਿ ਦੇਸ ਦਾ ਭਲਾ ਕਿਵੇਂ ਹੋ ਸਕਦਾ ਹੈ। ਮੇਰੇ ਕੋਲ ਇਸ ਦਾ ਇਲਾਜ ਹੈ। ਇਹ ਇਲਾਜ ਜ਼ਿਆ ਸਾਹਿਬ ਕਰ ਸਕਦੇ ਹਨ। ਉਹ ਚਲਾ ਗਿਆ। ਫਿਰ ਨਹੀਂ ਆਇਆ। ਬਿਲਕੀਸ ਨੇ ਕਿਹਾ - ਵਧੀਕ ਪੰਗਾ ਨਾ ਲਿਆ ਕਰੋ। ਉਹਨੇ ਤਾਂ ਭੁੱਟੋ ਨਹੀਂ ਛੱਡਿਆ। ਤੁਹਾਡੀ ਕੀ ਹੈਸੀਅਤ?

1982 ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਹਾਰਤੋ ਨੇ ਪਾਕਿਸਤਾਨ ਆਉਣਾ ਸੀ। ਈਦੀ ਨੂੰ ਸੱਦਾ ਆ ਗਿਆ। ਸੱਦਾ ਇੰਡੋਨੇਸ਼ੀਆ ਦੇ ਸਫਾਰਤਖਾਨੇ ਵਲੋਂ ਆਇਆ ਸੀ, ਯਾਨੀ ਕਿ ਸੁਹਾਰਤੋ ਵਲੋਂ। ਈਦੀ ਤੁਰ ਪਿਆ, ਸ਼ਾਇਦ ਸੁਹਾਰਤੋ ਨੇ ਕਿਸੇ ਤੋਂ ਈਦੀ ਦਾ ਨਾਮ ਸੁਣਿਆ ਹੋਵੇ। ਸੱਦਾ ਪੱਤਰ ਦੇਖ ਕੇ ਇਕ ਅਫਸਰ ਈਦੀ ਨੂੰ ਵੀ.ਆਈ.ਪੀ. ਅਹਾਤੇ ਵੱਲ ਛੱਡ ਗਿਆ। ਐਲਾਨ ਹੋਇਆ - ਜਹਾਜ਼ ਆਉਣ ਵਾਲਾ ਹੈ। ਸਾਰੇ ਵੀ.ਆਈ.ਪੀ. ਜਹਾਜ਼ ਤੱਕ ਵਿਛਾਈ ਲਾਲ ਦਰੀ ਦੇ ਦੋਹੀਂ ਪਾਸੀਂ ਸਿੱਧੀ ਕਤਾਰ ਵਿਚ ਖਲੋਤੇ ਸਨ। ਈਦੀ ਨੇ ਨਜ਼ਰ ਦੌੜਾਈ - ਲਿਸ਼ਕਦੇ ਲਿਬਾਸ, ਬੂਟਾਂ ਦੀਆਂ ਟੋਆਂ ਇਉਂ ਚਮਕਦੀਆਂ ਜਿਵੇਂ ਦਰੀ ਦੇ ਕਿਨਾਰੇ ਮੋਤੀਆਂ ਨਾਲ ਪਰੋਏ ਹੋਣ। ਇਨ੍ਹਾਂ ਨਾਲ ਇਕ ਈਦੀ ਵੀ ਸੀ। ਇਕ ਅਫਸਰ ਉਸ ਕੋਲ ਆਇਆ ਕਿਹਾ - ਈਦੀ ਸਾਹਿਬ। ਮੈਨੂੰ ਅਫਸੋਸ ਹੈ ਕਿ ਮੈਨੂੰ ਦੱਸਣਾ ਪੈ ਰਿਹਾ ਹੈ, ਇਹੋ ਜਿਹੇ ਮੌਕਿਆਂ ਤੇ ਖਾਸ ਲਿਬਾਸ ਪਾਉਣਾ ਹੁੰਦੈ। ਜਾਂ ਤਾਂ ਤੁਹਾਨੂੰ ਕੱਪੜੇ ਬਦਲਣੇ ਪੈਣਗੇ ਜਾਂ ..., ਅਫਸੋਸ ਹੈ ਸਰ, ਤੁਹਾਨੂੰ ਇੱਥੋਂ ਜਾਣਾ ਪਵੇਗਾ। ਈਦੀ ਨੇ ਕਿਹਾ - ਜਦੋਂ ਮੈਨੂੰ ਸੱਦਾ ਭੇਜਿਆ ਗਿਆ ਸੀ, ਉਦੋਂ ਸਰਕਾਰ ਨੂੰ ਮੇਰੇ ਲਿਬਾਸ ਦਾ ਪਤਾ ਨਹੀਂ ਸੀ?ਤੁਹਾਡਾ ਖਿਆਲ ਸੀ ਸੱਦਾ ਪੱਤਰ ਮਿਲਣ ਸਾਰ ਮੈਂ ਨਵੇਂ ਕੱਪੜੇ ਸਿਲਾ ਲਵਾਂਗਾ?ਇਹ ਸੁਣ ਕੇ ਅਫਸਰ ਚਲਾ ਗਿਆ। ਫਿਰ ਦੋ ਹੋਰ ਅਫਸਰ ਆ ਗਏ। ਕਿਹਾ - ਈਦੀ ਸਾਹਿਬ ਇਹ ਸਾਡਾ ਜ਼ਾਤੀ ਮਾਮਲਾ ਨਹੀਂ ਹੈ। ਇਹ ਸਾਡੀ ਡਿਊਟੀ ਹੈ, ਅਸੀਂ ਸਵਾਗਤ ਵਿਚ ਕੋਈ ਨੁਕਸ ਨਾ ਰਹਿਣ ਦੇਈਏ। ਤੁਸੀਂ ਚਲੇ ਜਾਉ। ਈਦੀ ਨੇ ਉੱਚੀ ਅਵਾਜ਼ ਵਿਚ ਕਿਹਾ - ਦਫਾ ਹੋ ਜਾਉ। ਮੈਂ ਇੱਥੇ ਖਲੋਵਾਂਗਾ। ਜਿਸ ਬੰਦੇ ਨੇ ਤੀਹ ਸਾਲ ਦਿਨ ਦੇਖਿਆ ਨਾ ਰਾਤ, ਕੰਮ ਕਰਦਾ ਪਾਗਲ ਹੋ ਗਿਆ, ਉਹ ਤੁਹਾਨੂੰ ਬੁਰਾ ਲਗਦਾ ਹੈ। ਮੈਂ ਸੱਦਾ ਪੱਤਰ ਕਬੂਲ ਕਰਕੇ ਪੁੱਜ ਗਿਆ ਹਾਂ। ਹੁਣ ਆਪਣਾ ਫੈਸਲਾ ਨਹੀਂ ਬਦਲਾਂਗਾ। ਉਹ ਨੀਵੀਆਂ ਪਾ ਕੇ ਚਲੇ ਗਏ। ਵਾਪਸ ਆ ਕੇ ਈਦੀ ਨੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਸਰਕਾਰ ਨੂੰ ਲਿਖਿਆ - ਭਵਿੱਖ ਵਿਚ ਮੈਨੂੰ ਕਿਸੇ ਸਰਕਾਰੀ ਸਮਾਰੋਹ ਵਿਚ ਨਾ ਬੁਲਾਇਆ ਜਾਵੇ। ਜਿਹੜੇ ਕੁਝ ਨਹੀਂ ਕਰਦੇ, ਲੁੱਟਦੇ ਹਨ, ਖਾਂਦੇ ਹਨ, ਪੀਂਦੇ ਹਨ, ਸੌਂਦੇ ਹਨ, ਉਨ੍ਹਾਂ ਨੂੰ ਬੁਲਾਇਆ ਕਰੋ। ਹੁਣ ਅਫਸਰ ਖਿਮਾ ਮੰਗਣ ਆਏ - ਈਦੀ ਸਾਹਿਬ ਤੁਹਾਡਾ ਉੱਥੇ ਹੋਣਾ ਬਹੁਤ ਜ਼ਰੂਰੀ ਸੀ, ਸਗੋਂ ਪ੍ਰਸ਼ੰਸਾਯੋਗ ਸੀ, ਈਦੀ ਸਾਹਿਬ... ਈਦੀ ਸਾਹਿਬ ...।

ਈਦੀ ਨੇ ਬਿਲਕੀਸ ਨੂੰ ਦੱਸਿਆ, “ਜਦੋਂ ਅਫਸਰ ਮੈਨੂੰ ਬਾਹਰ ਦਾ ਰਸਤਾ ਦਿਖਾਣ ਲੱਗੇ ਸਨ ਮੇਰਾ ਦਿਲ ਕੀਤਾ ਸੀ ਬੈਗ ਵਿੱਚੋਂ ਰਸੀਦ ਬੁੱਕ ਕੱਢ ਕੇ ਇਨ੍ਹਾਂ ਤੋਂ ਦਾਨ ਮੰਗਣਾ ਸ਼ੁਰੂ ਕਰ ਦਿਆਂ। ਬਿਲਕੀਸ ਨੇ ਕਿਹਾ - ਫੇਰ ਤਾਂ ਚੁੱਕ ਕੇ ਤੁਹਾਨੂੰ ਬਾਹਰ ਸੁੱਟ ਦੇਣਾ ਸੀ ਉਨ੍ਹਾਂ ਨੇ। ਈਦੀ ਬੋਲਿਆ, “ਮੈਨੂੰ ਕੋਈ ਬਾਹਰ ਨਹੀਂ ਸੁੱਟ ਸਕਦਾ। ਮੇਰੀ ਬੇਇਜ਼ਤੀ, ਆਦਮਜ਼ਾਤ ਦੀ ਬੇਇਜ਼ਤੀ ਹੋਣੀ ਸੀ।”

ਉਸਨੇ ਲੈਬਨਾਨ ਜਾਣ ਦੀ ਆਗਿਆ ਮੰਗੀ। ਐਂਬੈਸੀ ਨੇ ਬੈਂਕ ਸਟੇਟਮੈਂਟ ਮੰਗੀ। ਈਦੀ ਨੇ ਕਿਹਾ, “ਮੰਗਤੇ ਕੋਲ ਬੈਂਕ ਸਟੇਟਮੈਂਟ ਕਿੱਥੇ?ਮੇਰੇ ਕੋਲ ਕੋਈ ਪੈਸਾ ਨਹੀਂ।” ਵੀਜ਼ਾ ਮਿਲ ਗਿਆ। ਜਹਾਜ਼ ਡੁਬਈ ਉੱਤਰਿਆ। ਇੱਥੋਂ ਬੱਸ ਰਾਹੀਂ ਬੈਰੂਤ ਜਾਣਾ ਸੀ। ਜਿੱਥੇ ਬੱਸ ਨੇ ਉਤਾਰੇ, ਉੱਥੋਂ ਮਸਜਿਦ ਦੇ ਮੀਨਾਰ ਦੇਖੇ। ਭੁੱਖ ਲੱਗੀ ਹੋਈ ਸੀ। ਮਸਜਿਦ ਵਿਚ ਨਮਾਜ਼ ਪੜ੍ਹੀ। ਇਕ ਪਹਿਰੇਦਾਰ ਆਟੇ ਦੀਆਂ ਬੋਰੀਆਂ ਦੀ ਰਾਖੀ ਕਰ ਰਿਹਾ ਸੀ। ਇਸ਼ਾਰੇ ਨਾਲ ਉਸ ਤੋਂ ਰੋਟੀ ਮੰਗੀ, ਉਸ ਨੇ ਕਿਹਾ - ਮਾਫ ਕਰੋ। ਈਦੀ ਬੈਠਾ ਰਿਹਾ। ਉਹੋ ਪਹਿਰੇਦਾਰ ਵੱਡੀ ਸਾਰੀ ਰੋਟੀ ਤੇ ਚਾਰ ਪੰਜ ਟਮਾਟਰ ਦੇ ਗਿਆ। ਰੋਟੀ ਦਾ ਚੌਥਾ ਹਿੱਸਾ ਟਮਾਟਰ ਨਾਲ ਖਾ ਕੇ ਬਾਕੀ ਦੀ ਝੋਲੇ ਵਿਚ ਪਾ ਲਈ।

ਬੈਰੂਤ ਉੱਜੜ ਚੁੱਕਾ ਸੀ। ਖਾਲੀ ਮਕਾਨ, ਢੱਠੇ ਹੋਟਲ, ਉਜਾੜ ਸੁੰਨਸਾਨ ਗਲੀਆਂ। ਹੋਟਲ ਸਾਹਮਣੇ ਲੇਟੇ ਇਕ ਬੰਦੇ ਨੂੰ ਪੁੱਛਿਆ - ਮੈਂ ਕਿੱਥੇ ਰਹਿ ਸਕਦਾ ਹਾਂ? ਉਸਨੇ ਆਪਣੇ ਹੱਥ ਉਠਾ ਕੇ ਕਿਹਾ - ਜਿੱਥੇ ਮਰਜ਼ੀ। ਧਰਤੀ ਅਸਮਾਨ ਸਭ ਖਾਲੀ ਹਨ। ਹਰ ਚੀਜ਼ ਮੁਫਤ ਹੈ। ਸ਼ਹਿਰ ਨਹੀਂ, ਕਬਰਸਤਾਨ ਲਗਦਾ ਸੀ ਇਹ। ਇਕ ਬਜ਼ੁਰਗ ਸਿਪਾਹੀ ਡਿਊਟੀ ਦੇ ਰਿਹਾ ਸੀ। ਉਸਨੂੰ ਦੱਸਿਆ ਕਿ ਮੈਂ ਪਾਰਲੀਮੈਂਟ ਦਾ ਮੈਂਬਰ ਹਾਂ, ਮੈਨੂੰ ਪਾਕਿਸਤਾਨੀ ਸਫਾਰਤਖਾਨੇ ਦਾ ਰਸਤਾ ਦੱਸ ਦਿਉ। ਸਿਪਾਹੀ ਹੈਰਾਨ ਹੋ ਗਿਆ, ਕਿਹਾ - ਐਮ.ਪੀ. ਤਾਂ ਅਮਰੀਕਾ ਅਤੇ ਯੋਰਪ ਦੀ ਸੈਰ ਕਰਨ ਜਾਂਦੇ ਹਨ। ਤੁਸੀਂ ਇੱਧਰ ਕਿਵੇਂ ਆਏ? ਸਿਪਾਹੀ ਨੂੰ ਵੀ ਭੁੱਖ ਲੱਗੀ ਹੋਈ ਸੀ। ਦੋਹਾਂ ਨੇ ਈਦੀ ਦੇ ਝੋਲੇ ਵਿੱਚੋਂ ਬਚੀ ਹੋਈ ਰੋਟੀ ਟਮਾਟਰਾਂ ਨਾਲ ਖਾਧੀ। ਕਾਗਜ਼ ਪੱਤਰ ਦੇਖ ਕੇ ਸਿਪਾਹੀ ਨੇ ਕਿਹਾ - ਇਸ ਗੱਡੀ ਵਿਚ ਜੇ ਪੈਟਰੋਲ ਪੁਆ ਦਿਉ ਤਾਂ ਮੈਂ ਤੁਹਾਡਾ ਡਰਾਇਵਰ ਅਤੇ ਗਾਈਡ ਹੋਵਾਂਗਾ। ਬੇਘਰੇ ਲੋਕ ਤੰਬੂਆਂ ਵਿਚ ਰਹਿ ਰਹੇ ਸਨ। ਭੁੱਖੇ ਬੱਚੇ ਹੱਥ ਅੱਡ ਕੇ ਈਦੀ ਅੱਗੇ ਖਲੋ ਜਾਂਦੇ। ਈਦੀ ਨੇ ਇਕ ਇਕ ਪਰਿਵਾਰ ਨੂੰ ਦੋ ਦੋ ਸੌ ਡਾਲਰ ਦਿੱਤੇ। ਸ਼ੁਕਰਾਨਾ ਕਰਦਿਆਂ ਆਖਦੇ, ਸਾਡੇ ਅਰਬ ਭਰਾ ਤਾਂ ਆਏ ਨਹੀਂ। ਤੁਸੀਂ ਪਾਕਿਸਤਾਨੋਂ ਹਮਦਰਦੀ ਕਰਨ ਆਏ। ਈਦੀ ਨੇ ਕਿਹਾ, “ਪਾਕਿਸਤਾਨ ਦੀ ਸਲਾਮਤੀ ਲਈ ਦੁਆ ਕਰੋ।”

1983 ਦੇ ਸਾਲ ਸਿੰਧ ਵਿਚ ਤਾਨਾਸ਼ਾਹੀ ਵਿਰੁੱਧ ਲੋਕ ਰੋਹ ਉੱਠਣ ਲੱਗਾ। ਈਦੀ ਉੱਪਰ ਇਲਜ਼ਾਮ ਲੱਗੇ, ਲਾਸ਼ਾਂ ਢੋਣ ਦੇ ਬਹਾਨੇ ਇਹ ਹਥਿਆਰ ਸਪਲਾਈ ਕਰਦਾ ਹੈ। ਈਦੀ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਸਵਾਲ ਹੋਇਆ - ਜੇ ਡਾਕੂਆਂ ਦੇ ਖਿਲਾਫ ਹੈ ਤਾਂ ਈਦੀ ਡਾਕੂਆਂ ਵਿਰੁੱਧ ਬਿਆਨ ਕਿਉਂ ਨਹੀਂ ਦਿੰਦਾ? ਈਦੀ ਨੇ ਕਿਹਾ, “ਬੱਚੇ ਡਾਕੂ ਕਿਉਂ ਬਣੇ, ਇਸ ਦਾ ਕਾਰਨ ਲੱਭ ਕੇ ਇਲਾਜ ਕਰੋ ਮਾਹੌਲ ਇੰਨਾ ਖੌਫਜ਼ਦਾ ਹੋ ਗਿਆ ਹੈ ਕਿ ਸਿੰਧ ਦੀਆਂ ਮਸਜਿਦਾਂ ਵਿਚ ਕੋਈ ਨਮਾਜ਼ ਪੜ੍ਹਨ ਨਹੀਂ ਜਾਂਦਾ। ਜੇ ਪੁਲਸ ਅਤੇ ਫੌਜ ਦੇ ਹੁੰਦਿਆਂ ਆਮ ਆਦਮੀ ਸੁਰੱਖਿਅਤ ਨਹੀਂ ਤਾਂ ਹਥਿਆਰ ਆਮ ਲੋਕਾਂ ਵਿਚ ਵੰਡ ਦਿਉ। ਉਹ ਆਪਣੀ ਰਾਖੀ ਆਪ ਕਰ ਲੈਣਗੇ। ਤੁਹਾਡੇ ਬੰਗਲੇ, ਕਾਰਾਂ ਤੇ ਬੈਂਕ ਖਾਤੇ ਤੁਹਾਡੇ ਜੁਰਮਾਂ ਦਾ ਸਬੂਤ ਹਨ।”

ਈਦੀ ਨੂੰ ਪਤਾ ਲਗਦਾ ਕਿ ਫਲਾਣੀ ਥਾਂ ਪੁਲਸ ਅਤੇ ਡਾਕੂਆਂ ਵਿਚਕਾਰ ਗੋਲੀਬਾਰੀ ਹੋ ਰਹੀ ਹੈ, ਆਪਣੀ ਵੈਨ ਸਟਾਰਟ ਕਰਕੇ ਉੱਥੇ ਪੁੱਜ ਜਾਂਦਾ। ਲਾਊਡ ਸਪੀਕਰ ਵਿਚ ਐਲਾਨ ਕਰਦਾ, “ਈਦੀ ਲਾਸ਼ਾਂ ਅਤੇ ਜ਼ਖਮੀਆ ਨੂੰ ਲੈਣ ਆਇਆਾ ਹੈ। ਗੋਲੀ ਬੰਦ ਕਰੋ।” ਗੋਲੀਬਾਰੀ ਬੰਦ ਹੋ ਜਾਂਦੀ। ਦੋਹਾਂ ਪਾਸਿਆਂ ਦੇ ਜ਼ਖਮੀਆਂ ਅਤੇ ਲਾਸ਼ਾਂ ਨੂੰ ਲੈ ਕੇ ਵਾਪਸ ਤੁਰ ਪੈਂਦਾ। ਮੁਕਾਬਲਾ ਫੇਰ ਸ਼ੁਰੂ ਹੋ ਜਾਂਦਾ। ਰਮਜ਼ਾਨ ਦੇ ਮਹੀਨੇ ਸ਼ਾਮੀਂ ਘਰ ਪਰਤ ਰਿਹਾ ਸੀ। ਈਦੀ ਨੇ ਕਾਰ ਪਿੱਛੇ ਦੋ ਹਥਿਆਰਬੰਦ ਬੰਦੇ ਸ਼ਹਿ ਕੇ ਬੈਠੇ ਦੇਖੇ। ਉੱਪਰ ਨਿਗਾਹ ਮਾਰੀ ਤਾਂ ਸੁਨਿਆਰ ਦੀ ਛੱਤ ਉੱਪਰ ਏਕੇ ਸੰਤਾਲੀ ਲਈ ਖਲੋਤੇ ਜੁਆਨ ਦੇਖੇ। ਗੋਲੀਆਂ ਚੱਲੀਆਂ। ਇਕ ਨੇ ਕਿਹਾ - ਈਦੀ ਸਾਹਿਬ ਚਲੇ ਜਾਉ, ਨਹੀਂ ਮਾਰੇ ਜਾਓਗੇ। ਈਦੀ ਨੇ ਕਿਹਾ - ਨਹੀਂ ਜਾਵਾਂਗਾ। ਇਹ ਫਸਤਾ ਵੱਢ ਹੀ ਦਿਉ ਤਾਂ ਚੰਗਾ। ਛੱਤ ਤੋਂ ਇਕ ਜੁਆਨ ਚਿੱਲਾਇਆ - ਬੈਠ ਜਾਉ ਈਦੀ ਤੇ ਨਾਲ ਹੀ ਹੇਠਾਂ ਛਾਲ ਮਾਰ ਦਿੱਤੀ। ਗੋਲੀ ਉਸਦੇ ਦਿੱਲ ਵਿੱਚੋਂ ਦੀ ਲੰਘ ਗਈ। ਲਹੂ ਦੇ ਫੁਹਾਰੇ ਕੰਧਾਂ ਉੱਪਰ ਚੱਲੇ। ਈਦੀ ਦੀ ਜਾਨ ਬਚਾਉਂਦੇ ਦੋ ਜਵਾਨ ਮਰੇ। ਲਹੂ ਭਿੱਜੇ ਕੱਪੜੇ ਦੇਖ ਕੇ ਬਿਲਕੀਸ ਨੇ ਪੁੱਛਿਆ - ਇਹ ਕੀ?ਸਾਰੀ ਗੱਲ ਦੱਸੀ।

ਅਗਲੀ ਸਵੇਰ ਬਿਲਕੀਸ ਮੌਕਾ ਦੇਖਣ ਗਈ। ਮਾਸ ਦੇ ਟੁਕੜੇ ਅਜੇ ਖਿਲਰੇ ਪਏ ਸਨ। ਪੁਲਸ ਮੁਕਾਬਲੇ ਵਿਚ ਮਰੇ ਡਾਕੂਆਂ ਦੀਆਂ ਲਾਸ਼ਾਂ ਸਨਮਾਨ ਸਹਿਤ ਮੀਠਾਦਾਰ ਵਿਚ ਦਫਨਾਈਆਂ। ਖਤਰਨਾਕ ਡਾਕੂ ਕਸ਼ਮੀਰੇ ਦੇ ਰਿਸ਼ਤੇਦਾਰ ਉਸਦੀ ਕੱਟੀ ਹੋਈ ਲੱਤ ਲੈ ਕੇ ਆਏ। ਲੱਤ ਦਾ ਸਸਕਾਰ ਕਰ ਦਿੱਤਾ। ਉਸ ਸਾਈਜ਼ ਦੀ ਲੱਤ ਬਣਵਾ ਕੇ ਉਨ੍ਹਾਂ ਨੂੰ ਦੇ ਦਿੱਤੀ। ਪੁਲਸ ਘੱਟਾਨੀ ਡਾਕੂ ਦੀ ਲਾਸ਼ ਲੈ ਕੇ ਆਈ। ਕਿਸੇ ਨੇ ਕਿਹਾ - ਘੱਟਾਨੀ ਬਹੁਤ ਬੁਰਾ ਆਦਮੀ ਸੀ। ਬਿਲਕੀਸ ਚਿੱਲਾਈ - ਕਿਸੇ ਮਾਂ ਦੇ ਪੇਟ ਵਿੱਚੋਂ ਡਾਕੂ ਨਹੀਂ ਜੰਮਦਾ ਕਾਨੂੰਨ ਇਸ ਤੋਂ ਵੱਡੇ ਲੁਟੇਰਿਆਂ ਦੀ ਹਿਫਾਜ਼ਤ ਕਰ ਰਿਹੈ। ਡਾਕੂਆਂ ਦੇ ਆਪਣੇ ਆਪਣੇ ਇਲਾਕੇ ਸਨ, ਆਪੋ ਆਪਣੀਆਂ ਚੈੱਕ ਪੋਸਟਾਂ, ਈਦੀ ਦੀ ਗੱਡੀ ਰੁਕਦੀ ਤਾਂ ਆਵਾਜ਼ ਆਉਂਦੀ - ਈਦੀ ਬਾਬਾ ਹੈ। ਜਾਣ ਦਿਉ।

1986 ਵਿਚ ਫਿਲਪੀਨ ਸਰਕਾਰ ਨੇ ਮੈਗਸਾਸੇ ਸਨਮਾਨ ਦੇਣ ਦਾ ਫੈਸਲਾ ਕੀਤਾ। ਮੀਆਂ ਬੀਵੀ ਨੇ ਦੋ ਦੋ ਜੋੜੇ ਕੱਪੜਿਆਂ ਦੇ ਪੈਕ ਕਰ ਲਏ। ਜਹਾਜ਼ ਤੋਂ ਉੱਤਰੇ ਤਾਂ ਸਵਾਗਤ ਵਾਸਤੇ ਬੈਂਡ ਵੱਜ ਰਿਹਾ ਸੀ। ਇਕ ਕਾਰ ਵਿਚ ਬਿਠਾ ਕੇ ਪੰਜ-ਤਾਰਾ ਹੋਟਲ ਵਿਚ ਲੈ ਗਏ। ਹੋਟਲ ਦਾ ਕਮਰਾ ਦੇਖ ਕੇ ਬਿਲਕੀਸ ਬੱਚਿਆਂ ਵਾਂਗ ਹਰ ਚੀਜ਼ ਛੁਹ ਛੁਹ ਦੇਖਣ ਲੱਗੀ। ਆਹ ਗੱਦੇ ਦੇਖੋ, ਕਿੰਨੇ ਸਾਫ, ਕਿੰਨੇ ਨਰਮ। ਸਿਰਹਾਣਾ ਸੁੰਘ ਕੇ ਤਾਂ ਦੇਖੋ। ਗੁਲਾਬ ਦੀ ਖੁਸ਼ਬੂ। ਇਹ ਗੁਲਾਬ ਜਲ ਨਾਲ ਕੱਪੜੇ ਧੋਂਦੇ ਹੋਣਗੇ। ਆਹ ਪਰਦੇ ਦੇਖੋ। ਇਕ ਇਕ ਨਹੀਂ। ਕਈ ਕਈ ਕੱਪੜੇ ਇਕੱਠੇ ਸਿਉਂ ਕੇ ਬਣਾਏ ਨੇ। ਇੱਧਰ ਗੁਸਲਖਾਨੇ ਵਿਚ ਆ ਕੇ ਦੇਖੋ ... ਫਰਸ਼ ਵਿੱਚੋਂ ਚਿਹਰਾ ਦਿਸਦਾ ਹੈ। ਉਹ ਗੱਦੇ ਤੇ ਲੇਟੀ ਤੇ ਜਲਦੀ ਸੌਂ ਗਈ। ਈਦੀ ਫਰਸ਼ ਤੇ ਸੌਂ ਗਿਆ। ਸਵੇਰੇ ਉੱਠਣਸਾਰ ਬਲਕੀਸ ਕਹਿਣ ਲੱਗੀ - ਮੈਂ ਆਪਣੇ ਲਈ ਇਸ ਨਾਲ ਦਾ ਗੱਦਾ ਖਰੀਦ ਕੇ ਲਿਜਾਵਾਂਗੀ। ਅੱਜ ਵਰਗੀ ਨੀਂਦ ਕਦੀ ਨਹੀਂ ਆਈ।

ਸਨਮਾਨ ਸਮਾਰੋਹ ਵਕਤ ਹਾਲ ਭਰਿਆ ਹੋਇਆ ਸੀ। ਮੀਆਂ ਬੀਵੀ ਦਾ ਨਾਮ ਬੋਲਿਆ ਗਿਆ। ਦੋਵੇਂ ਉੱਠ ਕੇ ਉਸ ਥਾਂ ਖਲੋ ਗਏ ਜਿੱਥੇ ਫਿਲਪੀਨ ਅਤੇ ਪਾਕਿਸਤਾਨ ਦੇ ਝੰਡੇ ਲਹਿਰਾ ਰਹੇ ਸਨ। ਪਾਕਿਸਤਾਨ ਦਾ ਕੌਮੀ ਤਰਾਨਾ ਗਾਇਆ ਗਿਆਰਾਸ਼ਟਰਪਤੀ ਨੇ ਸਨਮਾਨ-ਚਿੰਨ੍ਹ ਸੋਨੇ ਦਾ ਤਮਗਾ ਤੇ ਵੀਹ ਹਜ਼ਾਰ ਡਾਲਰ ਦਾ ਚੈੱਕ ਦਿੱਤੇ। ਮੀਆ ਬੀਵੀ ਦੋਵੇਂ ਰੋ ਪਏ। ਹੇਠਾਂ ਉੱਤਰੇ ਤਾਂ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਗੂੰਜਿਆ। ਅਗਲੀ ਸ਼ਾਮ ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਭੋਜਨ ਦਾ ਸੱਦਾ ਦਿੱਤਾ। ਈਦੀ ਸ਼ਾਂਤ ਰਿਹਾ ਪਰ ਬਿਲਕੀਸ ਖੁਸ਼ੀ ਅਤੇ ਹੈਰਾਨੀ ਨਾਲ ਮਹਿਲ ਦੀ ਹਰੇਕ ਚੀਜ਼ ਦੇਖਦਿਆਂ ਆਖਦੀ - ਅਹੁ ਦੇਖ ਈਦੀ ... ਅਹੁ ਦੇਖ ... ਫਾਨੂਸ ਅਤੇ ਲਾਈਟਾਂ ਜਿਵੇਂ ਅਸਮਾਨ ਵਿਚ ਲਟਕੀਆਂ ਹੋਣ। ਵਾਪਸੀ ’ਤੇ ਥਾਈਲੈਂਡ ਦੇ ਬਾਦਸ਼ਾਹ ਨੇ ਸੱਦਾ ਦਿੱਤਾ, ਦਾਅਵਤ ਦਿੱਤੀ। ਉਸ ਪਿੱਛੋਂ ਬੰਗਲਾ ਦੇਸ਼ ਵਿਚ ਈਦੀ ਫਾਊਂਡੇਸ਼ਨ ਦੀ ਬ੍ਰਾਂਚ ਦਾ ਮੁਆਇਨਾ ਕਰਨ ਚਲੇ ਗਏ। ਪਾਕਿਸਤਾਨ ਵਾਪਸ ਆ ਕੇ ਕਈ ਮਹੀਨੇ ਬਿਲਕੀਸ ਸਫਰ ਦੀਆਂ ਕਹਾਣੀਆਂ ਸੁਣਾਉਂਦੀ ਰਹਿੰਦੀ। ਹਰ ਸਵੇਰ ਪਿਛਲੀ ਕਹਾਣੀ ਵਿਚ ਨਵਾਂ ਵਾਧਾ ਹੋ ਜਾਂਦਾ। ਆਰਮੀਨੀਆਂ ਵਿਚ ਭੂਚਾਲ ਦੌਰਾਨ ਈਦੀ ਫਾਊਂਡੇਸ਼ਨ ਵਲੋਂ ਨਿਭਾਈ ਭੂਮਿਕਾ ਕਾਰਨ ਸੋਵੀਅਤ ਦੇਸ ਨੇ ਸ਼ਾਂਤੀ ਪੁਰਸਕਾਰ ਦਿੱਤਾ। ਇਕ ਸਮਾਗਮ ਵਿਚ ਧਨੀ ਸੇਠ ਨੇ ਕਿਹਾ - ਈਦੀ ਕੋਈ ਲੋਕ ਭਲਾਈ ਨਹੀਂ ਕਰਦਾ। ਵਪਾਰ ਕਰ ਰਿਹੈ। ਕਿਸੇ ਸੇਠ ਨੂੰ ਉਸ ਦੇ ਕੰਮ ਦੀ ਨਿਗਰਾਨੀ ’ਤੇ ਤੈਨਾਤ ਕਰਨਾ ਚਾਹੀਦਾ ਹੈ। ਲੋਕਾਂ ਨੇ ਉਸਨੂੰ ਜੁੱਤੀਆਂ ਮਾਰ ਕੇ ਬਾਹਰ ਕੱਢ ਦਿੱਤਾ। ਈਦੀ ਨੂੰ ਖਬਰ ਮਿਲੀ, ਹੱਸ ਕੇ ਕਿਹਾ - ਡਾਕੂ, ਨੇਕ ਚਲਣੀ ਦਾ ਸਰਟੀਫਿਕੇਟ ਲੈਣ ਆਇਆ ਸੀ। ਉਸ ਉੱਪਰ ਅਜਿਹੇ ਇਲਜ਼ਾਮ ਲਗਦੇ - ਈਦੀ ਫੁੱਟਪਾਥਾਂ ਤੋਂ ਬਦਚਲਣ ਔਰਤਾਂ ਚੁੱਕ ਕੇ ਲੈ ਆਉਂਦਾ ਹੈ। ਇਸ ਨਾਲ ਵਿਭਚਾਰ ਨੂੰ ਉਤਸ਼ਾਹ ਮਿਲਦਾ ਹੈ। ਉਹ ਹਿੰਦੂਆਂ ਅਤੇ ਈਸਾਈਆਂ ਵੱਲ ਵਧੀਕ ਧਿਆਨ ਦਿੰਦਾ ਹੈ। ਈਦੀ ਆਖਦਾ - ਮਾਨਸਿਕ ਰੋਗਣ ਨੂੰ ਪਤਾ ਈ ਨੀ ਹੁੰਦਾ ਵਿਭਚਾਰ ਕੀ ਹੁੰਦੈ। ਮਰਦ ਉਨ੍ਹਾਂ ਨਾਲ ਜਬਰ ਵੀ ਕਰਦਾ ਹੈ, ਫਿਰ ਦੋਸ਼ ਲਾ ਕੇ ਕੈਦ ਵਿਚ ਭਿਜਵਾ ਦਿੰਦਾ ਹੈ। ਆਸ਼ਰਮ ਵਿਚ ਗਰਭਵਤੀ ਪਾਗਲ ਔਰਤਾਂ ਦਾਖਲ ਕੀਤੀਆਂ ਗਈਆਂ ਹਨ। ਰਹੀ ਗੱਲ ਹਿੰਦੂਆਂ ਤੇ ਈਸਾਈਆ ਦੀ।, ਇਸਲਾਮ ਅਨੁਸਾਰ ਰੱਬ ਇਕ ਹੈ। ਅੱਯਾਸ਼ ਲੋਕਾਂ ਕੋਲ ਕਈ ਕਈ ਰੱਬ ਹੋਣਗੇ। ਦੁਰਕਾਰਿਆਂ ਹੋਇਆਂ ਦਾ ਰੱਬ ਇਕ ਹੈ। ਇਕ ਮੁਸਲਮਾਨ ਹੋਣ ਦੇ ਨਾਤੇ ਮੈਨੂੰ ਫਖਰ ਹੈ ਕਿ ਮੈਂ ਗੈਰ ਮੁਸਲਮਾਨਾਂ ਨੂੰ ਉੰਨਾ ਈ ਪਿਆਰ ਕਰਦਾ ਜਿੰਨਾ ਮੁਸਲਮਾਨਾਂ ਨੂੰ। ਮੇਰੀ ਐਂਬੂਲੈਂਸ ਕੇਵਲ ਗਰੀਬ ਦੇ ਘਰ ਨਹੀਂ ਜਾਂਦੀ। ਅਮੀਰ ਵਾਜ ਮਾਰਦੇ ਹਨ ਤਾਂ ਪੁੱਜਦੀ ਹੈ। ਕਰੋੜਾਂਪਤੀ ਬੰਦੇ ਆਪਣੇ ਮਾਪਿਆਂ ਨੂੰ ਇੱਥੇ ਛੱਡ ਜਾਂਦੇ ਹਨ, ਕਿਉਂਕਿ ਬੋਝ ਬਣ ਗਏ ਹਨ। ਆਖਦੇ ਹਨ - ਕੋਈ ਤਕਲੀਫ ਹੋਵੇ, ਈਦੀ ਸਾਹਿਬ ਦੱਸਣਾ। ਜਿਹੜੇ ਆਪਣੇ ਮਾਪਿਆਂ ਦਾ ਭਾਰ ਨੀ ਚੁੱਕ ਸਕਦੇ, ਈਦੀ ਨੂੰ ਕੀ ਦੇਣਗੇ? ਮਿਲਣ ਵੀ ਨਹੀਂ ਆਉਂਦੇ। ਰੋਗੀਆਂ ਅਤੇ ਯਤੀਮਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗਾ ਤਾਂ ਕਰਾਚੀ ਨੈਸ਼ਨਲ ਹਾਈਵੇ ਤੇ 65 ਏਕੜ ਜ਼ਮੀਨ ਖਰੀਦ ਕੇ ਮਰਦਾਂ ਲਈ ਵੱਖਰਾ ਕੇਂਦਰ ਖੋਲ੍ਹ ਦਿੱਤਾ। ਮਿਠਾਦਾਰ ਵਾਲਾ ਕੰਪਲੈਕਸ ਔਰਤਾਂ ਵਾਸਤੇ ਹੋ ਗਿਆ। ਮਾਨਸਿਕ ਰੋਗੀ ਸਭ ਤੋਂ ਵੱਡੀ ਮੁਸ਼ਕਲ ਸਨ। ਉਹ ਗੁਸਲਖਾਨੇ ਵਿਚ ਨਾ ਜਾਂਦੇ। ਜਿੱਥੇ ਦਿਲ ਕਰਦਾ ਗੰਦ ਖਲਾਰ ਦਿੰਦੇ। ਖੁਰਕ ਖੁਰਕ ਕੇ ਜਿਸਮ ਛਿੱਲ ਲੈਂਦੇ। ਜੂਆਂ ਨਾ ਕਢਵਾਉਂਦੇ। ਦਵਾਈਆਂ ਕੋਈ ਅਸਰ ਨਾ ਕਰਦੀਆਂ। ਹਰ ਸਵੇਰ ਜਦੋਂ ਈਦੀ ਉਨ੍ਹਾਂ ਨੂੰ ਇਸ਼ਨਾਨ ਕਰਵਾਉਣ ਜਾਂਦਾ, ਰੌਲਾ ਪੈਂਦਾ - ਈਦੂ ਬਾਬਾ ਆ ਗਿਆ ... ਈਦੂ ਬਾਬਾ ਆ ਗਿਆ। ਵਗਦੇ ਨੱਕਾਂ ਅਤੇ ਮੂੰਹ ਵਿਚ ਝੱਗਾਂ ਵਾਲੇ ਬੱਚੇ ਉਸ ਨੂੰ ਚੁੰਮਣਾ ਚਾਹੁੰਦੇ, ਜੱਫੀ ਪਾਉਣਾ ਚਾਹੁੰਦੇ। ਸਾਰਿਆਂ ਨੂੰ ਵਾਰੋ ਵਾਰੀ ਇਸ਼ਨਾਨ ਕਰਵਾ ਕੇ ਦਵਾਈਆਂ ਮਲ ਕੇ ਪਰਤਦਾ ਤਾਂ ਆਖਦਾ - ਹਰ ਰੋਜ਼ ਹੱਜ ਕਰ ਆਉਂਦਾ ਹਾਂ। ਈਦੀ ਦਾ ਵਿਰੋਧੀ ਧਨੀ ਮੈਮਨ ਕੈਂਸਰ ਦਾ ਮਰੀਜ਼ ਹੋ ਗਿਆ। ਈਦੀ ਨੂੰ ਬੁਲਾ ਕੇ ਕਿਹਾ - ਟੀਕੇ ਦੀ ਸੂਈ ਇੰਨਾ ਦਰਦ ਕਰਦੀ ਹੈ ਕਿ ਮੈਂ ਘੰਟਿਆਂ ਬੱਧੀ ਤੜਪਦਾ ਰਹਿੰਨਾ। ਉਦੋਂ ਮੈਨੂੰ ਤੇਰੇ ਕੰਮ ਦੀ ਸਮਝ ਪੈਂਦੀ ਹੈ। ਈਦੀ ਨੇ ਕਿਹਾ - ਜੇ ਇਨਸਾਨੀਅਤ ਨਾ ਰਹੇ ਫੇਰ ਕੋਈ ਕੰਮ ਵੀ ਨਹੀਂ ਰਹਿਣਾ। ਆਪਾਂ ਅੱਲਾਹ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ।

ਇਕ ਹੋਰ ਸੇਠ ਨੇ ਬੁਲਾਇਆ ਤੇ ਕਿਹਾ - ਤੂੰ ਆਪਣੇ ਲਈ ਤਾਂ ਕੁਝ ਨਹੀਂ ਜੋੜਿਆ ਈਦੀ। ਇਹ ਸਵਾ ਲੱਖ ਰੁਪਏ ਨਿੱਜੀ ਤੇਰੇ ਵਾਸਤੇ ਹਨ, ਸੰਸਥਾ ਵਾਸਤੇ ਨਹੀਂ। ਈਦੀ ਪੈਸੇ ਛੱਡ ਕੇ ਆ ਗਿਆ। ਉਸਨੇ ਫੈਸਲਾ ਕੀਤਾ ਕਿ ਹਰ 25 ਕਿਲੋਮੀਟਰ ਦੇ ਦਾਇਰੇ; ਵਿਚ ਈਦੀ ਭਲਾਈ ਸੈਂਟਰ ਖੋਲ੍ਹੇਗਾ। ਇਸ ਵਾਸਤੇ ਸਾਰੇ ਦੇਸ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਿਚ ਵਸਦੇ ਔਰਤਾਂ ਮਰਦ ਟੁੱਟ ਚੁੱਕੇ ਸਨ। ਨੰਗੇ ਬੱਚੇ ਪਾਗਲਾਂ ਵਾਂਗ ਈਦੀ ਵੱਲ ਦੌੜਦੇ। ਹਉਕਾ ਲੈ ਕੇ ਈਦੀ ਆਖਦਾ - ਮਾਰੂਥਲ ਦੀਆਂ ਭਵਿੱਖ ਬਾਣੀਆਂ। ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਸੁਹਣੇ ਨਹੀਂ ਲਗਦੇ। ਇਨ੍ਹਾਂ ਲੋਕਾਂ ਨੂੰ ਮੇਰੇ ਕੱਪੜੇ ਕਿੰਨੇ ਸੁਹਣੇ ਲਗਦੇ ਹੋਣਗੇ। ਅੱਜ ਮੈਂ ਰੰਗਦਾਰ ਕਮੀਜ਼ ਕਾਹਨੂੰ ਪਾਉਣਾ ਸੀ? ਮੈਂ ਉਹ ਜ਼ਿੰਦਗੀ ਨਹੀਂ ਜੀਆਂਗਾ, ਜਿਸਦਾ ਇਹ ਸੁਫਨਾ ਵੀ ਨਹੀਂ ਲੈ ਸਕਦੇ। ਈਦੀ ਨੂੰ ਬਲੋਚਿਸਤਾਨ ਵਿਚ ਕੇਂਦਰ ਸਥਾਪਤ ਕਰਦਿਆਂ ਕਿਸੇ ਨੇ ਦੱਸਿਆ - ਜਦੋਂ ਕਿਸੇ ਬਲੋਚ ਸਰਦਾਰ ਦੀ ਕਾਰ ਜਾ ਰਹੀ ਹੋਵੇ ਤਾਂ ਤੁਹਾਡੀ ਐਂਬੂਲੈਂਸ ਉਸ ਤੋਂ ਅੱਗੇ ਲੰਘਣ ਦੀ ਗੁਸਤਾਖੀ ਨਾ ਕਰੇ। ਇੱਥੇ ਐਂਬੂਲੈਂਸ ਚੋਰੀ ਵੀ ਹੋ ਸਕਦੀ ਹੈ। ਤੁਹਾਡੇ ਬੰਦੇ ਅਗਵਾ ਕਰਕੇ, ਫਿਰੌਤੀ ਮੰਗੀ ਜਾ ਸਕਦੀ ਹੈ। ਹੈਰਾਨ ਹੋਇਆ ਈਦੀ ਕਹਿਣ ਲੱਗਾ - ਇਹ ਕੋਈ ਹੋਰ ਦੇਸ ਹੈ? ਇਹ ਮੇਰਾ ਪਾਕਿਸਤਾਨ ਨਹੀਂ? ਉਹੋ ਗੱਲ ਹੋਈ। ਐਂਬੂਲੈਂਸ ਚੋਰੀ ਹੋ ਗਈ। ਈਦੀ ਸਰਦਾਰ ਕੋਲ ਗਿਆ ਤੇ ਜਾ ਕੇ ਸ਼ਿਕਾਇਤ ਕੀਤੀ। ਬਲੋਚ ਨੇ ਇਲਾਕੇ ਦੇ ਬੰਦੇ ਬੁਲਾ ਕੇ ਕਿਹਾ - ਈਦੀ ਦੀ ਗੱਡੀ ਵਾਪਸ ਕਰੋ ਨਹੀਂ ਤਾਂ ਤੁਹਾਥੋਂ ਪੈਸੇ ਉਗਰਾਹ ਕੇ ਨਵੀਂ ਖਰੀਦ ਕੇ ਦਿਆਂਗਾ। ਅਗਲੇ ਦਿਨ ਗੱਡੀ ਲੱਭ ਗਈ।

ਢਾਈ ਸੌ ਕੇਂਦਰ ਸਥਾਪਤ ਹੋ ਗਏ ਜੋ ਵਾਇਰਲੈੱਸ ਨੈੱਟਵਰਕ ਨਾਲ ਇਕ ਦੂਜੇ ਦੀ ਪਹੁੰਚ ਵਿਚ ਸਨ। ਕੋਰੀਅਰ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਮੁਫਤ ਦੇ ਦਿੱਤੀਆ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੇ ਹਰ ਮਹੀਨੇ ਢਾਈ ਕੁਇੰਟਲ ਡਾਕ ਮੁਫਤ ਢੋਣ ਦੀ ਪੇਸ਼ਕਸ਼ ਕੀਤੀ, ਪ੍ਰਵਾਨ ਹੋਈ। ਕੋਸ਼ਿਸ਼ ਹੁੰਦੀ ਕਿ ਜਿਸ ਇਲਾਕੇ ਵਿੱਚੋਂ ਦਾਨ ਮਿਲਦਾ, ਉਸ ਨਾਲ ਉਸੇ ਇਲਾਕੇ ਨੂੰ ਸੁਵਿਧਾ ਮਿਲਦੀ ਪਰ ਬਹੁਤ ਗਰੀਬ ਇਲਾਕਿਆਂ ਵਿਚ ਕੇਂਦਰ ਸਥਾਪਤ ਕਰਨ ਲਈ ਇਹ ਅਸੂਲ ਬਦਲਿਆ ਜਾਂਦਾ।

ਇਕ ਹਜ਼ਾਰ ਮੁਲਾਜ਼ਮ ਤਨਖਾਹ ’ਤੇ ਸਨ ਪਰ ਕੁੱਲ ਖਰਚ ਦਾ ਇਹ ਦਸ ਪ੍ਰਤੀਸ਼ਤ ਸਨ। ਐਂਬੂਲੈਂਸਾਂ ਦੀ ਗਿਣਤੀ ਪੰਜ ਸੌ ਹੋ ਗਈ। ਈਦੀ ਬਾਰਾਂ ਕਰੋੜ ਪਾਕਿਸਤਾਨੀਆਂ ਦੀ ਹਿਫਾਜ਼ਤ ਵਾਸਤੇ ਅੱਠੇ ਪਹਿਰ ਤਿਆਰ ਬਰ ਤਿਆਰ। ਪਰ ਕੋਈ ਏਅਰਲਾਈਨ ਲਾਸ਼ ਲਿਜਾਣ ਨੂੰ ਤਿਆਰ ਨਹੀਂ ਸੀ। ਇਸ ਵਾਸਤੇ ਈਦੀ ਏਅਰ ਸਰਵਿਸ ਦੀ ਲੋੜ ਪਈ। ਸਾਲ 1988 ਵਿਚ ਅਮਰੀਕਾ ਦੇ ਰਾਜਦੂਤ ਰਾਬਰਟ ਓਕਲੇ ਨੇ ਹੈਲੀਕਾਪਟਰ ਦੇਣ ਦੀ ਪੇਸ਼ਕਸ਼ ਕੀਤੀ। ਈਦੀ ਨੇ ਕਿਹਾ - ਜੇ ਇਸ ਨਾਲ ਕੋਈ ਸ਼ਰਤ ਜੋੜੀ ਫਿਰ ਪ੍ਰਵਾਨ ਨਹੀਂ, ਬਿਨਾਂ ਸ਼ਰਤ ਪ੍ਰਵਾਨ। ਜਹਾਜ਼ ਮਿਲ ਗਿਆ।

1989 ਵਿਚ ਪੰਜਾਬ ਦੇ ਮੁੱਖ ਮੰਤਰੀ ਨਵਾਜ਼ ਸ਼ਰੀਫ ਨੇ ਸੱਦਾ ਭੇਜਿਆ। ਮਿਲੇ। ਸ਼ਰੀਫ ਨੇ ਉਸਦੇ ਮਿਸ਼ਨ ਦੀ ਜਾਣਕਾਰੀ ਮੰਗੀ। ਈਦੀ ਨੇ ਕਿਹਾ - ਭਲਾਈ ਕਰਨ ਤੋਂ ਵੱਡੀ ਸਥਿਰ ਸਿਆਸਤ ਹੋਰ ਕੋਈ ਨਹੀਂ। ਬਾਹਰਲੇ ਦੇਸ਼ਾਂ ਤੋਂ ਗ੍ਰਾਂਟਾਂ ਮੰਗਣੀਆਂ ਬੰਦ ਕਰੋ। ਪਾਕਿਸਤਾਨ ਵਿਚ ਬਹੁਤ ਪੈਦਾਵਾਰ ਹੋ ਸਕਦੀ ਹੈ, ਆਤਮ ਨਿਰਭਰ ਹੋ ਜਾਉ। ਤੰਗੀ ਕੱਟ ਲਉ। ਬਾਹਰ ਦੇ ਮੁਥਾਜ ਨਾ ਬਣੋ।

ਹੈਦਰਾਬਾਦ ਵਿਚ ਮੈਨਿੰਗਟੀਜ਼ ਨਾਮ ਦੀ ਬਿਮਾਰੀ ਫੈਲ ਗਈ। ਇਹ ਨਰਵਸ ਸਿਸਟਮ ਨੂੰ ਜਕੜ ਲੈਂਦੀ।ਬੁਖਾਰ, ਸਿਰਦਰਦ, ਰੀੜ੍ਹ ਦੀ ਹੱਡੀ ਦਾ ਦਰਦ ਤੇ ਕਿਸੇ ਕੇਸ ਵਿਚ ਮੌਤ ਵੀ। ਲੋਕ ਹੜ੍ਹ ਵਾਂਗ ਈਦੀ ਕੇਂਦਰਾਂ ਵੱਲ ਤੁਰ ਪਏ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਤੇ ਪਾਕਿਸਤਾਨੀ ਫਲਾਈਟਾਂ ਰਾਹੀਂ ਕੇਂਦਰਾਂ ਵਿਚ ਸਪਲਾਈ ਕੀਤੇ। ਸਰਕਾਰ ਨੇ ਸ਼ਾਬਾਸ਼ ਦੇਣ ਤੋਂ ਬਿਨਾਂ ਕੁਝ ਨਹੀਂ ਕੀਤਾ। ਬੇਸ਼ਕ ਢਾਈ ਸੌ ਮੌਤਾਂ ਹੋ ਗਈਆਂ, ਪਰ ਲੱਖਾਂ ਬਚ ਗਏ। ਈਦੀ ਦੇ ਵਲੰਟੀਅਰ ਖੁਸ਼ ਹੋਏ, ਕਹਿਣ ਲੱਗੇ - ਹੁਣ ਅਸੀਂ ਪਹਾੜਾਂ ਨਾਲ ਟਕਰਾ ਸਕਦੇ ਹਾਂ।

ਇਕ ਦਿਨ ਇਕ ਨੌਜਵਾਨ ਮੀਠਾਦਾਰ ਦਫਤਰ ਵਿਚ ਬੜੀ ਹਲੀਮੀ ਨਾਲ ਅੰਦਰ ਲੰਘ ਆਇਆ, ਸਲਾਮ ਅਰਜ਼ ਕੀਤੀ। ਪਤਲਾ ਸੁਨੱਖਾ ਮੁੰਡਾ ਸੀ। ਕਹਿਣ ਲੱਗਾ - ਜੀ ਮੇਰਾ ਨਾਮ ਜਾਵੇਦ ਹੈ। ਪੜ੍ਹ ਲਿਖ ਕੇ ਮੈਂ ਬੈਂਕ ਵਿਚ ਕਲਰਕ ਲੱਗ ਗਿਆ ਹਾਂ। ਛੇ ਮੰਜ਼ਲੀ ਬਿਸਮਿੱਲਾ ਇਮਾਰਤ ਦੇ ਥੇਹ ਵਿੱਚੋਂ ਤੁਸੀਂ ਮੈਂਨੂੰ ਜਿਉਂਦਾ ਕੱਢਿਆ ਸੀ। ਤੁਹਾਡੀ ਧੀ ਅਲਮਾਸ ਨਾਲ ਸ਼ਾਦੀ ਕਰਾਉਣ ਦਾ ਇਛੁਕ ਹਾਂ।

ਬਿਲਕੀਸ ਆ ਗਈ। ਉਸਨੇ ਕਿਹਾ - ਅਲਮਾਸ ਨੂੰ ਦੇਖ ਤਾਂ ਲੈ। ਉਹ ਬੋਲਿਆ- ਕੋਈ ਲੋੜ ਨਹੀਂ। ਤੁਸੀਂ ਹਾਂ ਕਰ ਦਿਉ। ਢੋਲਕੀਆਂ ਵੱਜਣ ਲੱਗ ਪਈਆਂ। ਸਾਰੇ ਈਦੀ ਨੂੰ ਪੁੱਛਣ ਲੱਗੇ - ਤੁਹਾਨੂੰ ਪਤਾ ਹੋਏਗਾ, ਤੁਸੀਂ ਆਪਣੇ ਜਵਾਈ ਨੂੰ ਬਚਾਉਣ ਗਏ ਸਉ?

ਗੀਤ ਗਾਏ ਗਏ। ਮੰਗਣੀ ਦੀ ਰਸਮ ਹੋ ਗਈ। ਟੈਲੀਵਿਜ਼ਨ ਵਲੋਂ ਸੱਦਾ ਆਇਆ ਕਿ ਮੀਆਂ ਬੀਵੀ ਦੋਵੇਂ ਆਉ। ਹਾਲ ਖਚਾਖਚ ਭਰਿਆ ਹੋਇਆ ਸੀ। ਦਰਸ਼ਕ ਖਲੋ ਕੇ ਉਦੋਂ ਤਕ ਸਵਾਗਤ ਵਿਚ ਤਾੜੀਆਂ ਮਾਰਦੇ ਰਹੇ ਜਦੋਂ ਤਕ ਦੋਵੇਂ ਉੱਚੇ ਡਾਇਸ ’ਤੇ ਬੈਠ ਨਾ ਗਏ।

ਬਿਲਕੀਸ ਨੂੰ ਸਟੇਜ ਸਕੱਤਰ ਨੇ ਕਿਹਾ - ਈਦੀ ਉੱਪਰ ਰੋਸ਼ਨੀ ਪਾਉ। ਬਿਲਕੀਸ ਨੇ ਕਿਹਾ - ਉਹ ਰੌਸ਼ਨ ਹੈ। ਉਸ ਉੱਪਰ ਰੌਸ਼ਨੀ ਕੀ ਕਰੇਗੀ?ਸਕੱਤਰ ਨੇ ਫਿਰ ਕਿਹਾ - ਚੰਗਾ ਆਪਣੇ ਵਿਆਹ ਬਾਰੇ ਦੱਸੋ। ਬਿਲਕੀਸ ਨੇ ਕਿਹਾ - ਵਿਆਹ ਜੂਏ ਵਾਂਗ ਹੁੰਦਾ ਹੈ ਜਿਸ ਵਿਚ ਕੋਈ ਜਿੱਤ ਜਾਂਦਾ ਹੈ ਕੋਈ ਹਾਰ ਜਾਂਦਾ ਹੈ। ਅਸੀਂ ਦੋਵੇਂ ਜਿੱਤੇ। ਕਈ ਵਾਰ ਈਦੀ ਅਜਬ ਘਟਨਾਵਾਂ ’ਤੇ ਹੈਰਾਨ ਹੁੰਦਾ ਜਿਨ੍ਹਾਂ ਦੇ ਕਾਰਨ ਪਤਾ ਨਾ ਲਗਦੇ। ਕਾਲੇ ਪੁਲ ਹੇਠ ਇਕ ਫਕੀਰ ਰਹਿੰਦਾ ਸੀ। ਮੌਤ ਉਪਰੰਤ ਪੁਲ ਦੇ ਨਜ਼ਦੀਕ ਦਫਨਾ ਦਿੱਤਾ ਗਿਆ। ਉੱਥੇ ਕਬਰ ’ਤੇ ਮੇਲਾ ਲੱਗਣ ਲੱਗ ਪਿਆਆਵਾਜਾਈ ਸੰਕਟ ਖੜ੍ਹਾ ਹੋ ਗਿਆ। ਸਰਕਾਰ ਨੇ ਈਦੀ ਨੂੰ ਕਿਹਾ - ਇਸ ਨੂੰ ਮਿੱਠਾਦਾਰ ਦੇ ਕਬਰਸਤਾਨ ਵਿਚ ਦਫਨਾ। ਦੋ ਮਹੀਨੇ ਬਾਦ ਜਦੋਂ ਲਾਸ਼ ਕੱਢੀ, ਨਾ ਉਹ ਖਰਾਬ ਹੋਈ, ਨਾ ਬਦਬੂ ਆਈ। ਦੂਜੀ ਥਾਂ ਦਫਨ ਕਰ ਦਿੱਤੀ।

ਧੋਬੀਘਾਟ ਪਾਣੀ ਦੇ ਕਿਨਾਰੇ ਇਕ ਫਕੀਰ ਰਹਿੰਦਾ ਸੀ। ਕੋਈ ਕੁੱਝ ਦੇ ਦਿੰਦਾ, ਖਾ ਲੈਂਦਾ। ਇਕ ਦਿਨ ਅਲੋਪ ਹੋ ਗਿਆ। ਦੋ ਦਿਨ ਬਾਦ ਦੇਖਿਆ ਨਾਲੇ ਵਿਚ ਮਰਿਆ ਪਿਆ ਹੈ। ਲਾਸ਼ ਕੱਢੀ। ਸਾਦੇ ਪਾਣੀ ਨਾਲ ਨੁਹਾਈ। ਐਂਬੂਲੈਂਸ ਵਿਚ ਰੱਖੀ ਤਾਂ ਐਂਬੂਲੈਂਸ ਸੁਗੰਧੀ ਨਾਲ ਭਰ ਗਈ। ਸਾਰੇ ਹੈਰਾਨ ਹੋ ਗਏ - ਇਹ ਕੀ ਹੈ। ਇਕ ਦਿਨ ਕਿਸੇ ਨੇ ਖਬਰ ਦਿੱਤੀ - ਸਰਕਾਰ ਈਦੀ ਫਾਊਂਡੇਸ਼ਨ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ, ਯਾਨੀ ਕਿ ਨੈਸ਼ਨਲਾਈਜ਼ ਕਰਨਾ ਈਦੀ ਨੇ ਕਿਹਾ - ਠੀਕ ਹੋਵੇਗਾ। ਮੈਂ ਬਿਲਕੀਸ ਦੀ ਚਾਦਰ ਵਿਛਾ ਕੇ ਦਾਨ ਮੰਗਾਂਗਾ, ਇਕ ਨਵੀਂ ਫਾਊਂਡੇਸ਼ਨ ਬਣਾ ਦਿਆਂਗਾ। ਸਾਰੇ ਦਿਲੋਂ ਹੱਸਦੇ ਅਤੇ ਹਰੇਕ ਮੁਲਾਜ਼ਮ ਆਪਣੇ ਆਪ ਤੇ ਫਖਰ ਕਰਦਾ।

ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ 12 ਕਰੋੜ ਖਰਚ ਕੇ ਕੈਂਸਰ ਦੇ ਇਲਾਜ ਲਈ ਬਹੁਤ ਵੱਡਾ ਹਸਪਤਾਲ ਬਣਾਇਆ। ਕਿਸੇ ਕਾਰਨ ਈਦੀ ਖਿਲਾਫ ਅਪਮਾਨ-ਜਨਕ ਟਿੱਪਣੀਆਂ ਕਰ ਦਿੱਤੀਆਂ। ਪ੍ਰੈੱਸ ਈਦੀ ਦਾ ਪ੍ਰਤੀਕਰਮ ਲੈਣ ਆ ਗਈ। ਈਦੀ ਨੂੰ ਪੁੱਛਿਆ - ਕੀ ਤੁਹਾਡੇ ਵਿਚ ਕੋਈ ਸ਼ਰੀਕੇਬਾਜ਼ੀ ਹੈ? ਈਦੀ ਨੇ ਕਿਹਾ - ਬਿਲਕੁਲ ਨਹੀਂ। ਜੋ ਮੈਂ ਕਰ ਰਿਹਾਂ ਉਹੀ ਉਹ ਕਰ ਰਿਹੈ। ਜਿਹੜੇ ਮਰੀਜ਼ਾਂ ਦਾ ਮੈਂ ਇਲਾਜ ਨਾ ਕਰ ਸਕਿਆ, ਇਮਰਾਨ ਕੋਲ ਭੇਜਾਂਗਾ। ਉਹ ਸਟਾਰ ਹੈ, ਮੈਂ ਖਾਕਸਾਰ, ਉਹ ਬਾਦਸ਼ਾਹ ਹੈ, ਮੈਂ ਮੰਗਤਾ। ਬਾਦਸ਼ਾਹ ਮੰਗਤੇ ਨਾਲ ਬਹਿਸ ਨਹੀਂ ਕਰਿਆ ਕਰਦੇ, ਅਪਮਾਨਿਤ ਨਹੀਂ ਕਰਦੇ ਹੁੰਦੇ। ਮੈਂ ਉਸਦੀ ਇੱਜ਼ਤ ਕਰਾਂਗਾ। ਇਕ ਐਡੀਟਰ ਨੇ ਕਿਹਾ - ਮੌਲਾਨਾ ਤੁਸੀਂ ਸਰਕਾਰ ਵਿਰੁੱਧ ਇੰਨਾ ਕੁਝ ਬੋਲ ਜਾਂਦੇ ਹੋ ਜੇ ਸੰਪਾਦਕ ਸੈਂਸਰ ਨਾ ਕਰਨ ਤਾਂ ਤੁਹਾਡੇ ਤੇ ਦੇਸ ਧ੍ਰੋਹ ਦਾ, ਬਗਾਵਤ ਦਾ ਮੁਕੱਦਮਾ ਦਾਇਰ ਹੋ ਸਕਦਾ ਹੈ। ਈਦੀ ਹੱਸ ਕੇ ਕਹਿੰਦਾ - ਲੀਡਰਾਂ ਨੇ ਕਿੰਨੀ ਵਾਰ ਮੈਨੂੰ ਬੇਵਕੂਫ ਕਿਹਾ ਹੈ। ਮੈਂ ਅਦਾਲਤ ਵਿਚ ਅਖਬਾਰ ਲੈ ਜਾਵਾਂਗਾ ਤੇ ਜੱਜ ਨੂੰ ਕਹਾਂਗਾ - ਬੇਵਕੂਫ ਬੰਦਾ ਬਗਾਵਤ ਕਰਨ ਦੇ ਕਾਬਲ ਨਹੀਂ ਹੁੰਦਾ।

ਬਿਲਕੀਸ ਪੁੱਛਦੀ - ਗਲੀਆਂ ਲਾਸ਼ਾਂ ਸੰਭਾਲਣ ਵੇਲੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ। ਤੁਹਾਨੂੰ ਬਦਬੂ ਨਹੀਂ ਆਉਂਦੀ?ਈਦੀ - ਮੈਂ ਸਮਝਦਾਂ, ਇਹ ਲਾਸ਼ ਮੇਰੀ ਵੀ ਹੋ ਸਕਦੀ ਹੈ, ਤੇਰੀ ਹੋ ਸਕਦੀ ਹੈ। ਇਸ ਦਾ ਸਤਿਕਾਰ ਕਰਨਾ ਜ਼ਰੂਰੀ ਹੈ।

1990 ਤੱਕ 500 ਐਬੂਲੈਂਸਾਂ ਹੋ ਗਈਆਂ ਜਿਨ੍ਹਾਂ ਵਿੱਚੋਂ 50 ਸਰਕਾਰੀ ਤੇ ਅਰਧ ਸਰਕਾਰੀ ਹਸਪਤਾਲਾਂ ਨੂੰ ਦਾਨ ਦੇ ਦਿੱਤੀਆਂ। ਇਕ ਕਰੋੜ ਲੋਕ ਰਾਹਤ ਹਾਸਲ ਕਰ ਚੁੱਕੇ ਸਨ। ਆਉਣ ਵਾਲੇ ਪੰਜ ਸਾਲਾਂ ਵਿਚ 800 ਐਂਬੂਲੈਂਸਾਂ, ਪੰਜ ਜਹਾਜ਼ ਤੇ ਪੰਜ ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਈਦੀ ਦੇ ਪਾਇਲਟਾਂ ਨੂੰ ਫੌਜ ਨੇ ਸਿਖਲਾਈ ਦੇਣੀ ਪ੍ਰਵਾਨ ਕਰ ਲਈ। ਕਈ ਤੇਲ ਕੰਪਨੀਆਂ ਨੇ ਮੁਫਤ ਤੇਲ ਦੀ ਪੇਸ਼ਕਸ਼ ਕੀਤੀ, ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ ਕਰ ਦਿੱਤੇ। ਤੀਹ ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ। ਅੱਸੀ ਹਜ਼ਾਰ ਮਨੋਰੋਗੀਆਂ ਅਤੇ ਨਸ਼ੇੜੀਆਂ ਦਾ ਇਲਾਜ ਕਰ ਕੇ ਘਰ ਭੇਜਿਆ ਗਿਆ। ਦਸ ਲੱਖ ਬੱਚੇ ਈਦੀ ਫਾਊਂਡੇਸ਼ਨ ਦੀਆਂ ਸਿੱਖਿਅਤ ਦਾਈਆਂ ਦੀ ਸਹਾਇਤਾ ਨਾਲ ਈਦੀ ਮੈਟਰਨਿਟੀ ਕੇਂਦਰਾਂ ਵਿਚ ਪੈਦਾ ਹੋਏਵੀਹ ਹਜ਼ਾਰ ਉਹ ਬੱਚੇ ਬਚਾਏ ਗਏ ਜਿਨ੍ਹਾਂ ਨੂੰ ਲੋਕ ਸੁੱਟ ਜਾਂਦੇ ਸਨ॥. ਚਾਲੀ ਹਜ਼ਾਰ ਕੁੜੀਆਂ ਦਾਈਆ ਦਾ ਕੰਮ ਸਿੱਖ ਕੇ ਪਿੰਡਾਂ ਵਿਚ ਰੋਜ਼ੀ ਕਮਾਉਣ ਲੱਗੀਆਂ। ਦੋ ਲੱਖ ਲਾਵਾਰਸ ਲਾਸ਼ਾਂ ਦਫਨ ਕੀਤੀਆਂ।

ਅਮਰੀਕਾ ਨੇ 911 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਦਿੱਤੀ।

ਈਦੀ ਨੇ ਬੀਵੀ ਨੂੰ ਦੱਸਿਆ - ਮੈਂ ਆਪਣੀ ਵਸੀਅਤ ਲਿਖ ਦਿੱਤੀ ਹੈ। ਕਰਾਚੀ ਹਾਈਵੇ ਦੇ ਵੱਡੇ ਪਲਾਟ ਦੇ ਕੋਨੇ ਵਿਚ ਆਪਣੀਆਂ ਇਕੱਠੀਆਂ ਕਬਰਾਂ ਹੋਣਗੀਆਂ। ਕਬਰ ਨਜ਼ਦੀਕ ਵੱਡਾ ਸਾਰਾ ਲੋਹੇ ਦਾ ਗੱਲਾ ਜੰਦਰਾ ਮਾਰ ਕੇ ਰੱਖ ਦਿਆਂਗਾ। ਤੈਨੂੰ ਪਤੈ ਮੈਂ ਮਸਜਿਦ ਘੱਟ ਗਿਆ ਹਾਂ, ਨਮਾਜ਼ ਘੱਟ ਪੜ੍ਹੀ ਹੈ, ਪਰ ਲੋਕ ਮੈਨੂੰ ਫਕੀਰ ਸਮਝਣਗੇ। ਮੇਰੇ ਨਾਲ ਕਰਾਮਾਤਾਂ ਜੋੜ ਦੇਣਗੇ। ਮਨੋਰੋਗੀਆਂ ਦੇ ਰਿਸ਼ਤੇਦਾਰ ਬਕਸੇ ਵਿਚ ਦਾਨ ਪਾ ਕੇ ਇਲਾਜ ਮੰਗਣਗੇ, ਲੰਮੀਆਂ ਕਾਰਾਂ ਵਾਲੇ ਅਮੀਰ ਐਕਸੀਡੈਂਟਾਂ ਤੋਂ ਬਚਣ ਲਈ ਚੜ੍ਹਾਵੇ ਚਾੜ੍ਹਨਗੇ। ਤੇਰਾ ਖਾਵੰਦ ਮਰਨ ਪਿੱਛੋਂ ਵੀ ਲੋਕਾਂ ਦੀਆਂ ਜੇਬਾਂ ਕੁਤਰੇਗਾ। ਹੈ ਨਾ ਪੂਰੀ ਠੱਗੀ?ਮੇਰੀ ਠੱਗੀ ਚੱਲੇਗੀ, ਲੋਕ ਸੱਚਾ ਸੌਦਾ ਕਰਨਗੇ। ਲੱਖਾਂ ਨੂੰ ਰਾਹਤ ਮਿਲੀ, ਲੱਖਾਂ ਨੂੰ ਮਿਲਦੀ ਰਹੇਗੀ।

*****

(355)

ਤੁਸੀਂ ਵੀਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author