HarpalSPannuDr7ਦਸ ਕੁ ਦਿਨ ਬਾਦ ਵਿਭਾਗ ਵਿੱਚੋਂ ਜਿਪਸੀ ਵਿੱਚ ਇੱਕ ਇੰਸਪੈਕਟਰ ਆਇਆ। ਬੋਲਿਆ, “ਤੁਸੀਂ ਸ਼ਿਕਾਇਤ ਕੀਤੀ ਹੈ? ...
(2 ਮਈ 2024)
ਇਸ ਸਮੇਂ ਪਾਠਕ: 420.


ਠਾਣੇਦਾਰ ਅਤੇ ਠਾਣੇਦਾਰੀ ਦੋ ਵੱਖ ਵੱਖ ਚੀਜ਼ਾਂ ਹਨ
ਕਈ ਬੰਦੇ ਪੁਲਿਸ ਵਿਭਾਗ ਵਿੱਚ ਨਹੀਂ ਹੁੰਦੇ ਤਾਂ ਵੀ ਠਾਣੇਦਾਰੀ ਕਰਦੇ ਹਨ ਤੇ ਕਈ ਪੁਲਿਸ ਮਹਿਕਮੇ ਵਿੱਚ ਠਾਣੇਦਾਰ ਹੋਣ ਦੇ ਬਾਵਜੂਦ ਠਾਣੇਦਾਰੀ ਨਹੀਂ ਕਰਦੇਇਹ ਸੁਭਾਅ ’ਤੇ ਨਿਰਭਰ ਕਰਦਾ ਹੈ ਇਸਦੀਆਂ ਜੜ੍ਹਾਂ ਬੱਚੇ ਦੀ ਪਰਵਰਿਸ਼ ਵਿੱਚੋਂ ਲੱਭੀਆਂ ਜਾ ਸਕਦੀਆਂ ਹਨਪ੍ਰਿੰ. ਤੇਜਾ ਸਿੰਘ ਆਪਣੇ ਲੇਖ ‘ਘਰ ਦੇ ਪਿਆਰ’ ਵਿੱਚ ਲਿਖਦੇ ਹਨ, “ਜਦੋਂ ਮੈਨੂੰ ਕੋਈ ਖਿਝਿਆ, ਸੜਿਆ ਫੂਕਿਆ ਬੰਦਾ ਦਿਸਦਾ ਹੈ, ਮੈਂ ਉਦੋਂ ਹੀ ਸਮਝ ਜਾਂਦਾ ਹਾਂ ਕਿ ਜਿਸ ਦਿਨ ਇਹ ਜੰਮਿਆ ਸੀ, ਮਾਪਿਆਂ ਨੇ ਇਸਦੀ ਟਹਿਲ ਸੇਵਾ ਠੀਕ ਨਹੀਂ ਕੀਤੀਇਹ ਜਨਮ ਦਿਨ ਤੋਂ ਦੁਖੀ ਫਿਰਦਾ ਹੈ।”

ਮੈਨੂੰ ਇੱਕ ਪੁਰਾਣੀ ਆਦਤ ਹੈਕਿਸੇ ਦਫਤਰ ਵਿੱਚ ਮੇਰੇ ਨਾਲ ਜੇ ਕੋਈ ਬਦਤਮੀਜ਼ੀ ਕਰ ਦੇਵੇ, ਮੈਂ ਘਰ ਆ ਕੇ ਉਸ ਦੇ ਮਹਿਕਮੇ ਨੂੰ ਚਿੱਠੀ ਲਿਖਦਾ ਹਾਂਜੋ ਹੋਇਆ ਬੀਤਿਆ ਹੁੰਦਾ ਹੈ, ਮੈਂ ਲਿਖ ਕੇ ਪੰਜ ਰੁਪਏ ਦਾ ਟਿਕਟ ਲਾ ਕੇ ਡਾਕ ਵਿੱਚ ਪਾ ਦਿੰਦਾ ਹਾਂਮੈਂ ਰਜਿਸਟਰੀ ਨਹੀਂ ਕਰਾਉਂਦਾ, ਮੈਂ ਕਿਹੜਾ ਮੁਕੱਦਮਾ ਕਰਨਾ ਹੁੰਦਾ ਹੈ? ਤੁਸੀਂ ਸੋਚੋਗੇ ਕਿ ਇਸ ਨਾਲ ਕੀ ਫਰਕ ਪੈਂਦਾ ਹੈਅਖੀਰ ਵਿੱਚ ਮੁਲਾਜ਼ਮ ਸ਼ਿਕਾਇਤ ਖੁਰਦ ਬੁਰਦ ਵੀ ਕਰਵਾ ਦੇਵੇ ਤਾਂ ਵੀ, ਉਸਦਾ ਪੂਰਾ ਜ਼ੋਰ ਲੱਗ ਜਾਂਦਾ ਹੈਜਿੰਨੀ ਕੁ ਮੇਰੇ ਨਾਲ ਬੀਤੀ ਹੁੰਦੀ ਹੈ, ਉਹ ਉਸ ਨਾਲੋਂ ਵਧੀਕ ਬੇਚੈਨੀ ਭੁਗਤਦਾ ਹੈਜੇ ਕੋਈ ਸਤਿਕਾਰ ਨਾਲ ਪੇਸ਼ ਆਵੇ, ਮੈਂ ਉਸ ਦੇ ਮਹਿਕਮੇ ਨੂੰ ਪ੍ਰਸ਼ੰਸਾ ਪੱਤਰ ਲਿਖਣਾ ਨਹੀਂ ਭੁੱਲਦਾ

ਮੇਰੇ ਬੇਟੇ ਨੇ ਇੰਜਨੀਅਰਿੰਗ ਵਿੱਚ ਦਾਖਲਾ ਲੈਣ ਵਾਸਤੇ ਦਿੱਲੀ ਟੈੱਸਟ ਦੇਣਾ ਸੀਅਸੀਂ ਅੱਠ ਵਜੇ ਸਵੇਰੇ ਸ਼ਹਿਰੋਂ ਇੰਟਰਸਿਟੀ ’ਤੇ ਸਵਾਰ ਹੋ ਗਏਗੱਡੀ ਚੱਲ ਪਈ ਤਾਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਅੰਦਰ ਆਏਉਨ੍ਹਾਂ ਮੈਨੂੰ ਕਿਹਾ, “ਉੱਠੋ ਇੱਥੋਂ

ਮੈਂ ਕਾਰਨ ਪੁੱਛਿਆਉਸਨੇ ਕਿਹਾ, “ਇਹ ਸੀਟਾਂ ਪੁਲਿਸ ਲਈ ਰਿਜ਼ਰਵ ਹਨ

ਮੈਂ ਕਿਹਾ, “ਇਸ ਡੱਬੇ ਵਿੱਚ ਕੋਈ ਸੀਟ ਰਿਜ਼ਰਵ ਨਹੀਂ

ਇੱਕ ਸਿਪਾਹੀ ਨੇ ਮੇਰੇ ਵੱਲ ਥ੍ਰੀ ਨਟ ਥ੍ਰੀ ਦਾ ਬੱਟ ਉਲਾਰਦਿਆਂ ਕਿਹਾ, “ਉਠੇਂਗਾ ਕਿ ਉਠਾਵਾਂ?

ਚਾਰਾ ਨਹੀਂ ਸੀ ਅਸੀਂ ਉੱਠ ਗਏਉਹ ਤਿੰਨੋਂ ਜਣੇ ਬੈਠ ਗਏਜੇਬ ਉੱਪਰ ਲੱਗੀ ਨਾਮ ਪਲੇਟ ਮੈਨੂੰ ਦਿਖਾਉਂਦਿਆਂ ਉਸ ਸਿਪਾਹੀ ਨੇ ਕਿਹਾ, “ਸ਼ਿਕਾਇਤ ਕਰੇਂਗਾ? ਲੈ ਆਹ ਨਾਂ ਪੜ੍ਹ ਲੈ

ਮੈਂ ਕਿਹਾ, “ਸ਼ਿਕਾਇਤ ਕਰਨ ਵਾਸਤੇ ਮੈਨੂੰ ਨਾਮ ਜਾਣਨ ਦੀ ਲੋੜ ਨਹੀਂ, ਜਿਸ ਡੱਬੇ ਵਿੱਚ ਤੁਸੀਂ ਬੈਠੇ ਹੋ, ਤੁਹਾਡੇ ਮਹਿਕਮੇ ਨੂੰ ਪਤਾ ਹੈ, ਉੱਥੇ ਕੌਣ ਕੌਣ ਡਿਊਟੀ ’ਤੇ ਹੈ।”

ਉਹ ਅੰਬਾਲੇ ਉੱਤਰ ਗਏਉਨ੍ਹਾਂ ਦੀ ਡਿਊਟੀ ਇੱਥੇ ਤਕ ਸੀ, ਅੱਗੇ ਹਰਿਆਣਾ ਪੁਲਿਸ ਦੀ ਜ਼ਿੰਮੇਵਾਰੀ ਸੀਤਿੰਨ ਚਾਰ ਸਵਾਰੀਆਂ ਨੇ ਮੈਨੂੰ ਵਾਜਾਂ ਮਾਰੀਆਂ, “ਸਰਦਾਰ ਜੀ, ਕਾਕੇ ਸਣੇ ਇੱਥੇ ਆ ਜਾਉ, ਅਸੀਂ ਤੁਹਾਡੇ ਵਾਸਤੇ ਸੀਟਾਂ ਰੋਕ ਲਈਆਂ ਹਨ

ਸ਼ੁਕਰਾਨਾ ਕਰਕੇ ਅਸੀਂ ਬੈਠ ਗਏਮੇਰੇ ਨਾਲ ਬੈਠਾ ਮੁਸਾਫਰ ਬੋਲਿਆ, “ਤੁਹਾਡੇ ਨਾਲ ਜ਼ਿਆਦਤੀ ਹੋਈ ਹੈ

ਮੈਂ ਕਿਹਾ, “ਚੁੱਪ ਕਿਉਂ ਬੈਠੇ ਰਹੇ ਫਿਰ?

ਉਹ ਬੋਲਿਆ, “ਉਨ੍ਹਾਂ ਵਿਰੁੱਧ ਲੜਨ ਦੀ ਹਿੰਮਤ ਨਹੀਂ ਹੈਸੀਟ ਰੋਕਣ ਦੀ ਤਾਕਤ ਸੀ, ਸੋ ਤੁਹਾਨੂੰ ਵਾਜ ਮਾਰ ਲਈ।”

ਮੈਂ ਸ਼ੁਕਰਾਨਾ ਕੀਤਾ

ਵਾਪਸ ਆ ਕੇ ਮੈਂ ਸ਼ਿਕਾਇਤ ਡਾਕ ਵਿੱਚ ਤੋਰ ਦਿੱਤੀਟਿਕਟਾਂ ਦੀ ਫੋਟੋ ਕਾਪੀ ਨਾਲ ਨੱਥੀ ਕਰ ਦਿੱਤੀਦਸ ਕੁ ਦਿਨ ਬਾਦ ਵਿਭਾਗ ਵਿੱਚੋਂ ਜਿਪਸੀ ਵਿੱਚ ਇੱਕ ਇੰਸਪੈਕਟਰ ਆਇਆਬੋਲਿਆ, “ਤੁਸੀਂ ਸ਼ਿਕਾਇਤ ਕੀਤੀ ਹੈ?

ਮੈਂ ਹਾਂ ਵਿੱਚ ਸਿਰ ਹਿਲਾਇਆਉਹ ਫਿਰ ਬੋਲਿਆ, “ਡੀ ਜੀ ਪੀ ਸਾਹਿਬ ਨੇ ਬੁਲਾਇਆ ਹੈ

ਮੈਂ ਕਿਹਾ, “ਮੈਨੂੰ ਕਿਉਂ ਬੁਲਾਇਆ, ਦੋਸ਼ੀਆਂ ਨੂੰ ਬੁਲਾਉਣ?

ਉਸਨੇ ਕਿਹਾ, “ਦੋਸ਼ੀ ਤਲਬ ਕੀਤੇ ਸਨ

ਮੈਂ ਉਸ ਨਾਲ ਸ਼ਹਿਰ ਚਲਾ ਗਿਆਨਾਮ ਤਖਤੀ ’ਤੇ ਲਿਖਿਆ ਸੀ- ਸ੍ਰ. ਜਰਨੈਲ ਸਿੰਘ ਚਹਿਲ, ਐਡੀਸ਼ਨਲ ਡੀ ਜੀ ਪੀ ਰੇਲਵੇਜ਼ਮੈਂ ਅੰਦਰ ਗਿਆਚਾਹ ਪਾਣੀ ਪਿਲਾਉਂਦਿਆਂ ਉਨ੍ਹਾਂ ਨੇ ਕਿਹਾ, “ਮੈਂ ਤੁਹਾਡਾ ਪਾਠਕ ਹਾਂ... ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਹੁਣ ਜਦੋਂ ਇਨਕੁਆਰੀ ਸ਼ੁਰੂ ਹੋਣ ਲੱਗੀ ਹੈ, ਤੁਸੀਂ ਆਪਣੇ ਮਨ ਨਾਲ ਫੈਸਲਾ ਕਰਕੇ ਦੱਸੋ ਪੁਲਿਸ ਵਾਲੇ ਪਹਿਲਾਂ ਤਾਂ ਉਸ ਬੰਦੇ ਨੂੰ ਡਰਾਇਆ ਦਬਕਾਇਆ ਕਰਦੇ ਹਨ, ਜਿਹੜਾ ਸ਼ਿਕਾਇਤ ਕਰੇਜੇ ਨਾ ਡਰੇ ਤਾਂ ਮਿੰਨਤ ਤਰਲੇ, ਸਿਆਸੀ ਸਿਫਾਰਿਸ਼ਾਂ ਆਦਿਕ ਵਰਤਦੇ ਹਨਅਖੀਰ ਵਿੱਚ ਜੇ ਸਮਝੌਤਾ ਹੀ ਕਰਨਾ ਹੈ, ਫਿਰ ਆਪਾਂ ਕਾਹਨੂੰ ਪੜਤਾਲਾਂ ਵਿੱਚ ਫੋਰਸ ਦਾ ਵਕਤ ਜ਼ਾਇਆ ਕਰੀਏ? ਮੇਰੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਮੈਂ ਇਹ ਮੰਨ ਕੇ ਤੁਰਦਾ ਹਾਂ ਕਿ ਸ਼ਿਕਾਇਤ ਸੱਚੀ ਹੋਣੀ ਹੈ, ਕੌਣ ਝੂਠੀ ਸ਼ਿਕਾਇਤ ਕੌਣ ਪੁਲਿਸ ਵਿਰੁੱਧ ਕਰਦਾ ਹੈ? ਦੱਸੋ

ਮੈਂ ਕਿਹਾ, “ਜੀ ਮੇਰੀ ਇੱਛਾ ਹੈ ਤੁਹਾਡਾ ਮਹਿਕਮਾ ਸਭਿਅਕ ਹੋਵੇਮੈਂ ਪੁਲਿਸ ਤੋਂ ਡਰਿਆ ਨਹੀਂ ਕਦੀਜਦੋਂ ਗਲਤ ਕੰਮ ਕਰਨ ਲੱਗ ਪਿਆ, ਫਿਰ ਡਰਨਾ ਵੀ ਆ ਜਾਏਗਾ

ਉਨ੍ਹਾਂ ਨੇ ਸਟੈਨੋ ਨੂੰ ਬੁਲਾ ਕੇ ਇਨਕੁਆਰੀ ਆਰਡਰ ਲਿਖਾਏ ਤੇ ਜਿਸ ਡੀ.ਐੱਸ.ਪੀ. ਨੂੰ ਪੜਤਾਲੀਆ ਅਫਸਰ ਲਾਇਆ, ਉਹ ਮੇਰਾ ਦੋਸਤ ਸੀਮੈਂ ਕਿਹਾ, “ਚਾਹਲ ਸਾਹਿਬ, ਕਿਸੇ ਹੋਰ ਨੂੰ ਪੜਤਾਲ ਦਿਉ, ਇਹ ਡਿਪਟੀ ਤਾਂ ਮੇਰਾ ਦੋਸਤ ਹੈਮੈਂ ਇਨਸਾਫ ਮੰਗਿਆ ਹੈ ਰਿਆਇਤ ਨਹੀਂ

ਉਹਨੇ ਤੁਰਤ ਇੱਕ ਹੋਰ ਡਿਪਟੀ ਸਾਹਿਬ ਦੀ ਡਿਊਟੀ ਲਾ ਦਿੱਤੀਤਿੰਨੇ ਜਣੇ ਸਸਪੈਂਡ ਕਰਕੇ ਫਿਰੋਜ਼ਪੁਰ ਭੇਜ ਦਿੱਤੇਇਸ ਹੌਲਦਾਰ ਦਾ ਪਿੰਡ ਅੰਬਾਲੇ ਲਾਗੇ ਹੀ ਸੀਸਵੇਰੇ ਗੱਡੀ ਤੋਂ ਉੱਤਰ ਕੇ ਪਿੰਡ ਚਲਾ ਜਾਂਦਾ, ਸ਼ਾਮੀ ਗੱਡੀ ਵਾਪਸ ਆਉਂਦੀ ਤਾਂ ਡਿਊਟੀ ਦੇਣ ਬਠਿੰਡੇ ਤਕ ਜਾਂਦਾਹੁਣ ਕਦੀ ਹਫਤੇ ਬਾਅਦ, ਕਦੀ ਦੋ ਹਫਤਿਆਂ ਬਾਅਦ ਪੇਸ਼ੀ

ਇਸੇ ਦੌਰਾਨ ਇੱਕ ਮੰਤਰੀ ਦੀ ਕੋਠੀਓਂ ਫੋਨ ਆਇਆ, “ਪੰਨੂ ਸਾਹਿਬ, ਇਹ ਪੁਲਿਸ ਵਾਲੇ ਆਪਣੇ ਈ ਬੰਦੇ ਨੇਛੱਡੋ ਖਹਿੜਾ ਇਨ੍ਹਾਂ ਵਿਚਾਰਿਆਂ ਦਾ

ਮੈਂ ਕਿਹਾ, “ਜੀ ਮੈਨੂੰ ਤਾਂ ਲਗਦਾ ਸੀ ਮੈਂ ਤੁਹਾਡਾ ਬੰਦਾ ਹਾਂ, ਤੁਹਾਡੇ ਬੰਦੇ ਤਾਂ ਉਹ ਨਿਕਲੇ, ਜਿਨ੍ਹਾਂ ਨੇ ਮੇਰੇ ਵੱਲ ਬੰਦੂਕ ਦਾ ਬੱਟ ਉਲਾਰਿਆ ਸੀਜੇ ਤੁਸੀਂ ਮੇਰੇ ਮਿੱਤਰ ਹੋ ਤਾਂ ਇਨ੍ਹਾਂ ਨੂੰ ਕੋਠੀਓਂ ਬਾਹਰ ਕੱਢ ਦਿਓ

ਛੇ ਕੁ ਮਹੀਨੇ ਹੋਰ ਲੰਘੇ ਸਨਿੱਚਰਵਾਰ ਧੁੱਪੇ ਕੁਰਸੀਆਂ ’ਤੇ ਬੈਠੇ ਅਸੀਂ ਅਖਬਾਰ ਦੇਖ ਰਹੇ ਸਾਂ ਕਿ ਡਿਪਟੀ ਸਾਹਿਬ ਇਨ੍ਹਾਂ ਤਿੰਨਾਂ ਸਮੇਤ ਵਿਹੜੇ ਵਿੱਚ ਕੁਰਸੀਆਂ ’ਤੇ ਬੈਠ ਗਏਮੈਂ ਹੌਲਦਾਰ ਤੇ ਸਿਪਾਹੀਆਂ ਨੂੰ ਕਿਹਾ, “ਇਨ੍ਹਾਂ ਕੁਰਸੀਆਂ ’ਤੇ ਤੁਸੀਂ ਕਿਸ ਦੀ ਆਗਿਆ ਨਾਲ ਬੈਠੇ ਹੋ?

ਉਹ ਤੁਰਤ ਸਾਵਧਾਨ ਹੋ ਕੇ ਖਲੋ ਗਏਮੈਂ ਕਿਹਾ, “ਇਹ ਮੈਂ ਪੈਸਿਆਂ ਨਾਲ ਖਰੀਦੀਆਂ ਹਨ, ਜਿਸ ਸੀਟ ਤੋਂ ਤੁਸੀਂ ਉਠਾਇਆ ਸੀ, ਉਹ ਸਰਕਾਰੀ ਸੀ ਤੇ ਮੈਂ ਪੈਸੇ ਦੇ ਕੇ ਬੈਠਿਆਂ ਸਾਂ

ਉਹ ਖਲੋਤੇ ਰਹੇਮੈਂ ਡਿਪਟੀ ਸਾਹਿਬ ਨੂੰ ਕਿਹਾ, “ਇਨ੍ਹਾਂ ਮੁਜਰਿਮਾਂ ਨੂੰ ਤੁਸੀਂ ਮੇਰੀ ਕੋਠੀ ਕਾਹਨੂੰ ਦਿਖਾਉਣੀ ਸੀ?

ਡਿਪਟੀ ਸਾਹਿਬ ਬੋਲੇ, “ਸਰ, ਕਾਨੂੰਨਨ ਤੁਹਾਡੇ ਬਿਆਨ ਇਨ੍ਹਾਂ ਦੇ ਸਾਹਮਣੇ ਹੋਣੇ ਜ਼ਰੂਰੀ ਹਨ ਤੇ ਇਨ੍ਹਾਂ ਦੇ ਬਿਆਨ ਤੁਹਾਡੇ ਸਾਹਮਣੇਤੁਹਾਨੂੰ ਠਾਣੇ ਬੁਲਾ ਕੇ ਬਿਆਨ ਲਵਾਂ, ਇਹ ਮੈਨੂੰ ਚੰਗੀ ਗੱਲ ਨਹੀਂ ਲੱਗੀ, ਸੋ ਇੱਥੇ ਆ ਗਏ

ਕੰਬਦੇ ਹੱਥ ਜੋੜਦਿਆਂ ਹੌਲਦਾਰ ਨੇ ਕਿਹਾ, “ਜੀ ਮੇਰੇ ਖਿਲਾਫ ਬਿਆਨ ਦੇ ਦਿੱਤੇ ਤਾਂ ਮੇਰੀ ਨੌਕਰੀ ਕੱਟ ਦੇਣਗੇ

ਮੈਂ ਡਿਪਟੀ ਸਾਹਿਬ ਨੂੰ ‘ਕੱਟ’ ਦੇ ਅਰਥ ਪੁੱਛੇਉਨ੍ਹਾਂ ਦੱਸਿਆ ਕਿ ਇਨਕਰੀਮੈਂਟ ਕੱਟੇ ਜਾਣਗੇ, ਜੂਨੀਅਰ ਹੋ ਜਾਵੇਗਾ

ਬਿਆਨ ਹੋ ਗਏਦੋਹਾਂ ਧਿਰਾਂ ਦੇ ਦਸਤਖਤ ਲੈ ਕੇ ਇਹ ਪਾਰਟੀ ਚਲੀ ਗਈ

ਫਿਰ ਉਨ੍ਹਾਂ ਨਾਲ ਕੀ ਹੋਇਆ, ਪਤਾ ਨਹੀਂ, ਇਸ ਤੋਂ ਅੱਗੇ ਮੇਰੀ ਕੋਈ ਰੁਚੀ ਨਹੀਂ ਸੀਮਹਿਕਮੇ ਨੇ ਜੋ ਕਰਨਾ ਹੈ ਕਰੇਚੰਡੀਗੜ੍ਹ ਜਾਣ ਵਾਸਤੇ ਇੱਕ ਦਿਨ ਮੈਂ ਬੱਸ ਦੀ ਉਡੀਕ ਵਿੱਚ ਖਲੋਤਾ ਸਾਂ ਕਿ ਯੂਨੀਵਰਸਿਟੀ ਗੇਟ ਉੱਪਰ ਜਿਪਸੀ ਰੁਕੀਮੇਰਾ ਦੋਸਤ ਡੀ.ਐੱਸ.ਪੀ. ਕਹਿਣ ਲੱਗ, “ਆਉ ਜੇ ਚੰਡੀਗੜ੍ਹ ਚੱਲਣੈ ਪੰਨੂ ਸਾਹਿਬ, ਮੇਰੇ ਨਾਲ ਚੱਲੋ

ਮੈਂ ਨਾਲ ਬੈਠ ਗਿਆਸਰਸਰੀ ਗੱਲਾਂ ਦੌਰਾਨ ਮੈਂ ਪੁੱਛਿਆ, “ਮੈਂ ਇੱਕ ਸ਼ਿਕਾਇਤ ਕੀਤੀ ਸੀ ਤਿੰਨ ਕੁ ਸਾਲ ਪਹਿਲਾਂ, ਉਹਦਾ ਕੀ ਬਣਿਆ?

ਉਨ੍ਹਾਂ ਕਿਹਾ, “ਤੁਹਾਨੂੰ ਨੀ ਪਤਾ? ਪੁਲਿਸ ਮੁਲਾਜ਼ਮ ਦੇ ਪੰਜ ਇਨਕਰੀਮੈਂਟ ਕੱਟੇ ਗਏਦੂਜੇ ਦੋ ਮੁਲਾਜ਼ਮ ਹੋਮਗਾਰਡ ਦੇ ਸਨ, ਕੱਚੇ, ਉਹ ਨੌਕਰੀਓਂ ਕੱਢ ਦਿੱਤੇ ਇੱਕ ਗੱਲ ਹੋਰ ਸੁਣੋ ਪੁਲਿਸ ਮੁਲਾਜ਼ਮ ਨੇ ਇਸੇ ਇੰਟਰਸਿਟੀ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ

ਮੈਂ ਹੈਰਾਨ ਹੋ ਕੇ ਪੁੱਛਿਆ, “ਖੁਦਕੁਸ਼ੀ ਕਿਉਂ ਕਰ ਲਈ?

ਉਨ੍ਹਾਂ ਦੱਸਿਆ, “ਇਕੱਲੀ ਤੁਹਾਡੇ ਵਾਲੀ ਪੜਤਾਲ ਥੋੜ੍ਹੀ ਸੀ ਉਸ ਵਿਰੁੱਧ, ਪੰਜ ਛੇ ਪੜਤਾਲਾਂ ਚੱਲ ਰਹੀਆਂ ਸਨਨਸ਼ੇੜੀ ਹੋ ਗਿਆ ਸੀਕਿਸੇ ਨੂੰ ਬਾਹਰ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਪੈਸੇ ਫੜ ਕੇ ਛਕ ਗਿਆਉਹ ਪੈਸੇ ਮੰਗ ਰਹੇ ਸਨ... ਆਖੀਰ ਇਹ ਹੋਇਆ

**

ਦੂਜੀ ਘਟਨਾ 1981 ਦੀ ਹੈਮੈਂ ਖਾਲਸਾ ਕਾਲਜ ਪਟਿਆਲਾ ਪੜ੍ਹਾਉਂਦਾ ਸਾਂਹਰ ਰੋਜ਼ ਸ਼ਾਮੀਂ ਪਿੰਡ ਆ ਜਾਂਦਾਇੱਕ ਦਿਨ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਕਢਵਾ ਕੇ ਪਿੰਡ ਚਲਾ ਗਿਆ, ਅਗਲੀ ਸਵੇਰ ਪਟਿਆਲੇਸੱਤ ਅੱਠ ਦਿਨਾਂ ਬਾਅਦ ਲਾਇਬਰੇਰੀਅਨ, ਯੂਨੀਵਰਸਿਟੀ ਤੋਂ ਮੇਰੇ ਕੋਲ ਕਾਲਜ ਆਇਆਉਹ ਪੁੱਛਣ ਲੱਗਾ, “ਤੁਹਾਡਾ ਬਟੂਆ ਕਿੱਥੇ ਹੈ?

ਮੈਂ ਕਿਹਾ, “ਮੇਰੇ ਬੈਗ ਵਿੱਚ

“ਤੇ ਬੱਸ ਪਾਸ?

“ਉਹ ਵੀ ਬੈਗ ਵਿੱਚ ਮੈਂ ਮੋਢੇ ਲਟਕਿਆ ਬੈਗ ਫਰੋਲਿਆ, ਉਸ ਵਿੱਚ ਇਹ ਦੋਵੇਂ ਨਹੀਂ ਸਨਉਹ ਹੱਸ ਪਿਆ, ਉਹਨੇ ਕਿਹਾ, “ਆਹ ਫੜੋ ਦੋਵੇਂ ਚੀਜ਼ਾਂਮੈਂ ਸੋਚਿਆ ਤੁਹਾਨੂੰ ਯਾਦ ਆ ਜਾਏਗਾ ਕਿ ਕਾਊਂਟਰ ?ਤੇ ਦੋ ਜ਼ਰੂਰੀ ਚੀਜ਼ਾਂ ਤੁਸੀਂ ਭੁੱਲ ਆਏ, ਤੁਸੀਂ ਆਏ ਹੀ ਨਹੀਂ?”

ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਕੁਝ ਗੁੰਮਿਆ ਹੈ ਬੱਸ ਵਿੱਚ ਜੇ ਕਿਤੇ ਇੰਸਪੈਕਟਰ ਚੜ੍ਹ ਜਾਂਦਾ? ਨਾ ਮੇਰੇ ਕੋਲ ਪਾਸ, ਨਾ ਪੈਸੇਬੁਰੀ ਹੁੰਦੀਬਚ ਗਏ ਕਿਸਮਤ ਨਾਲ

ਇਸ ਮੁਲਾਜ਼ਮ ਦਾ ਨਾਮ ਗੁਰਸ਼ਰਨ ਸਿੰਘ ਹੈਮੈਂ ਇਸ ਵੱਲੋਂ ਕੀਤੀ ਨੇਕੀ ਬਾਰੇ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਦਿੱਤੀਚਿੱਠੀ ਲਿਖ ਕੇ ਭੁੱਲ ਗਿਆ, ਕੀ ਹੋਇਆਪੰਜ ਛੇ ਮਹੀਨੇ ਬੀਤੇ ਇੱਕ ਦਿਨ ਗੁਰਸ਼ਰਨ ਸਿੰਘ ਫਿਰ ਮੇਰੇ ਕੋਲ ਕਾਲਜ ਵਿੱਚ ਆ ਗਿਆ ਮੈਨੂੰ ਇੱਕ ਕਾਗਜ਼ ਪੜ੍ਹਨ ਲਈ ਕਿਹਾਵਾਈਸ ਚਾਂਸਲਰ ਨੇ ਮੇਰੇ ਵੱਲੋਂ ਲਿਖਿਆ ਪੱਤਰ ਸਿੰਡੀਕੇਟ ਦੀ ਮੀਟਿੰਗ ਵਿੱਚ ਰੱਖਿਆਫੈਸਲਾ ਹੋਇਆ ਕਿ ਇਸ ਨੇਕਬਖਤ ਆਦਮੀ ਨੂੰ ਇੱਕ ਹਜ਼ਾਰ ਰੁਪਇਆ, ਇੱਕ ਇਨਕਰੀਮੈਂਟ ਅਤੇ ਇੱਕ ਮਾਣ ਪੱਤਰ ਦਿੱਤਾ ਜਾਵੇ

ਗੁਰਸ਼ਰਨ ਸਿੰਘ ਹੁਣੇ ਰਿਟਾਇਰ ਹੋਏ ਹਨਜਦੋਂ ਅਸੀਂ ਮਿਲਦੇ ਹਾਂ, ਇਸ ਬਾਰੇ ਗੱਲ ਨਹੀਂ ਕਰਦੇ ਪਰ ਤੀਹ ਸਾਲ ਪੁਰਾਣੀ ਘਟਨਾ ਸਾਡੇ ਦੋਵਾਂ ਦੇ ਚਿਹਰੇ ਖਿੜਾ ਦਿੰਦੀ ਹੈ

ਕਨਫਿਊਸ਼ਿਅਸ ਨੇ ਕਿਹਾ ਸੀ, “ਭਲੇ ਬੰਦੇ ਇਸ ਕਰਕੇ ਨੇਕੀ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਭਲਾਈ ਤੋਂ ਇਲਾਵਾ ਕੁਝ ਕਰਨਾ ਹੀ ਨਹੀਂ ਹੁੰਦਾਬੁਰਿਆਂ ਬੰਦਿਆਂ ਨੂੰ ਵੀ ਨੇਕੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਫਾਇਦੇਮੰਦ ਬਹੁਤ ਹੈ।”

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4930)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author