“ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ ...”
(10 ਸਤੰਬਰ 2016)
(ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਡਾ. ਰਾਧਾਕ੍ਰਿਸ਼ਨਨ ਦੀ ਸਾਰੀ ਪ੍ਰਸਿੱਧੀ ਉਨ੍ਹਾਂ ਦੀ ਕਿਤਾਬ ਇੰਡੀਅਨ ਫਿਲਾਸਫੀ ਸਦਕਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸਦੀਆਂ ਦੋਵੇਂ ਜਿਲਦਾਂ ਚੁਰਾਈਆਂ ਗਈਆਂ ਸਨ। 4 ਸਤੰਬਰ 2016 ਨੂੰ ਮਹੇਂਦਰ ਯਾਦਵ ਨੇ ਇਹ ਸੂਚਨਾ ਇਕੱਠੀ ਕਰਕੇ ਯੂਟਿਯੂਬ ਵਿਚ ਪ੍ਰਕਾਸ਼ਿਤ ਕੀਤੀ ਕਿਉਂਕਿ 5 ਸਤੰਬਰ ਡਾ. ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੋਣ ਕਾਰਣ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।)
ਮੂਲ ਰੂਪ ਵਿਚ ਇਹ ਕਿਤਾਬ ਵਿਦਿਆਰਥੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ। ਰਾਧਾਕ੍ਰਿਸ਼ਨਨ ਉਸ ਸਮੇਂ ਕਲਕੱਤਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ। ਥੀਸਿਸ ਉਨ੍ਹਾਂ ਕੋਲ ਮੁਲਾਂਕਣ ਲਈ ਆਇਆ ਸੀ। ਉਨ੍ਹਾਂ ਨੇ ਥੀਸਿਸ ਪਾਸ ਕਰਨ ਵਿਚ ਦੋ ਸਾਲ ਦਾ ਸਮਾਂ ਬਿਤਾ ਦਿੱਤਾ। ਵੱਡੇ ਪ੍ਰੋਫੈਸਰ ਸਨ, ਇਸ ਲਈ ਕਿਸੇ ਨੇ ਉਨ੍ਹਾਂ ’ਤੇ ਸ਼ੱਕ ਨਹੀਂ ਕੀਤਾ।
ਇਨ੍ਹਾਂ ਦੋਂਹ ਸਾਲਾਂ ਵਿਚ ਉਨ੍ਹਾਂ ਨੇ ਇੰਗਲੈਂਡ ਤੋਂ ਆਪਣੀ ਕਿਤਾਬ ਇੰਡੀਅਨ ਫਿਲਾਸਫੀ ਪ੍ਰਕਾਸ਼ਿਤ ਕਰਵਾਈ, ਜਿਹੜੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ। ਉਸ ਖੋਜਾਰਥੀ ਦੇ ਥੀਸਿਸ ਨਾਲ ਰਾਧਾਕ੍ਰਿਸ਼ਨਨ ਦੀ ਕਿਤਾਬ ਹੂਬਹੂ ਮਿਲਦੀ ਹੈ ... ਇਕ ਕਾਮੇ ਦਾ ਵੀ ਅੰਤਰ ਨਹੀਂ। ਜਦੋਂ ਉਨ੍ਹਾਂ ਦੀ ਕਿਤਾਬ ਛਪ ਗਈ, ਉਸ ਤੋਂ ਬਾਅਦ ਹੀ ਉਸ ਵਿਦਿਆਰਥੀ ਨੂੰ ਪੀਐੱਚ.ਡੀ ਦੀ ਡਿਗਰੀ ਦਿੱਤੀ ਗਈ,ਯਾਨੀ ਰਾਧਾ ਕ੍ਰਿਸ਼ਨਨ ਦੀ ਕਿਤਾਬ ਪਹਿਲਾਂ ਛਪੀ ... ਹੁਣ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਨ੍ਹਾਂ ਨੇ ਚੋਰੀ ਕੀਤੀ ਹੈ। ਹੁਣ ਤਾਂ ਚੋਰੀ ਦਾ ਦੋਸ਼ ਵਿਦਿਆਰਥੀ ’ਤੇ ਲਗਦਾ!
ਇਹ ਸਭ ਹੋਣ ’ਤੇ ਵੀ ਜਾਦੂਨਾਥ ਸਿਨ੍ਹਾ ਨੇ ਹਾਰ ਨਹੀਂ ਮੰਨੀ। ਉਸਨੇ ਕਲਕੱਤਾ ਹਾਈਕੋਰਟ ਵਿਚ ਕੇਸ ਕਰ ਦਿੱਤਾ। ਉਸਦਾ ਕਹਿਣਾ ਸੀ, “ਮੈਂ ਦੋ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਥੀਸਿਸ ਜਮ੍ਹਾਂ ਕਰਵਾ ਦਿੱਤਾ ਸੀ ਜਿਸਦਾ ਪ੍ਰਮਾਣ ਯੂਨੀਵਰਸਿਟੀ ਵਿਚ ਹੈ। ਇਸਦਾ ਮੁਲਾਂਕਣ ਤਿੰਨ ਪ੍ਰੋਫੈਸਰਾਂ ਨੇ ਕਰਨਾ ਸੀ ... ਦੂਜੇ ਹੋਰ ਦੋ ਪਰੀਖਿਅਕ ਵੀ ਗਵਾਹ ਹਨ। ਇਹ ਮੇਰਾ ਥੀਸਿਸ ਸੀ, ਇਸ ਲਈ ਕਿਤਾਬ ਵੀ ਮੇਰੀ ਹੈ। ਮਾਮਲਾ ਬਿਲਕੁਲ ਸਾਫ ਹੈ ... ਇਸ ਨੂੰ ਪੜ੍ਹ ਲਿਆ ਜਾਵੇ ...।”
ਰਾਧਾਕ੍ਰਿਸ਼ਨਨ ਦੀ ਕਿਤਾਬ ਦੇ ਅਧਿਆਇ ਹੂਬਹੂ ਉਹੀ ਹਨ ਜਿਹੜੇ ਥੀਸਿਸ ਦੇ ਹਨ। ਉਹ ਜਲਦਬਾਜ਼ੀ ਵਿਚ ਸਨ, ਇਸ ਲਈ ਥੋੜ੍ਹੀ ਬਹੁਤ ਵੀ ਹੇਰਾਫੇਰੀ ਨਹੀਂ ਕਰ ਸਕੇ। ਕਿਤਾਬ ਵੀ ਬਹੁਤ ਵੱਡੀ, ਦੋ ਭਾਗਾਂ ਵਿਚ ਸੀ। ਘੱਟੋ ਘੱਟ ਦੋ ਹਜ਼ਾਰ ਪੰਨੇ। ਜਲਦੀ ਕਾਰਣ ਬਦਲ ਨਹੀਂ ਸਕੇ ... ਜੇ ਸਮਾਂ ਹੁੰਦਾ ਤਾਂ ਕੁਝ ਨਾ ਕੁਝ ਤਾਂ ਹੇਰਾਫੇਰੀ ਕਰ ਦਿੰਦੇ।
ਮਾਮਲਾ ਬਿਲਕੁਲ ਸਾਫ ਸੀ ਪਰ ਖੋਜਾਰਥੀ ਜਾਦੂਨਾਥ ਸਿਨ੍ਹਾ ਨੇ ਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਆਪਣਾ ਕੇਸ ਵਾਪਸ ਲੈ ਲਿਆ ਕਿਉਂਕਿ ਉਸ ਨੂੰ ਪੈਸਾ ਦੇ ਦਿੱਤਾ ਗਿਆ। ਕੇਸ ਵਾਪਸ ਲੈਣ ਦੇ ਰਾਧਾਕ੍ਰਿਸ਼ਨਨ ਨੇ ਉਸ ਸਮੇਂ ਦਸ ਹਜ਼ਾਰ ਰੁਪਏ ਦਿੱਤੇ ਸਨ। ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ। ਦੂਜੀ ਗੱਲ, ਰਾਧਾਕ੍ਰਿਸ਼ਨਨ ਇੰਨੀ ਪ੍ਰਭਾਵੀ ਸ਼ਖਸੀਅਤ ਸਨ ਕਿ ਕੋਈ ਉਨ੍ਹਾਂ ਨਾਲ ਵੈਰ ਸਹੇੜਨਾ ਨਹੀਂ ਸੀ ਚਾਹੁੰਦਾ। ਅਜਿਹੇ ਹਾਲਾਤ ਵਿਚ ਨਿਆਂ ਦੀ ਜਾਦੂਨਾਥ ਨੂੰ ਕੋਈ ਉਮੀਦ ਨਾ ਰਹੀ।
ਰਾਧਾਕ੍ਰਿਸ਼ਨਨ ਨੇ ਵਿਦਿਆਰਥੀ ਦਾ ਥੀਸਿਸ ਚੋਰੀ ਕਰਕੇ ਇੰਡੀਅਨ ਫਿਲਾਸਫੀ ਕਿਤਾਬ ਛਪਵਾਈ। ਇਸ ਬਾਰੇ ਕਲਕੱਤਾ ਦੇ ਮਾਡਰਨ ਰਿਵਿਊ ਵਿਚ ਖੋਜਾਰਥੀ ਜਾਦੂਨਾਥ ਸਿਨ੍ਹਾ ਅਤੇ ਰਾਧਾਕ੍ਰਿਸ਼ਨਨ ਦਾ ਆਪਸੀ ਪੱਤਰ ਵਿਹਾਰ ਛਪਿਆ। ਰਾਧਾਕ੍ਰਿਸ਼ਨਨ ਕਹਿੰਦੇ ਰਹੇ ਕਿ ਇਹ ਇਤਫਾਕ ਹੈ ... ਕਿਉਂਕਿ ਖੋਜ ਦਾ ਵਿਸ਼ਾ ਇੱਕ ਹੀ ਸੀ ... ਰਾਧਾਕ੍ਰਿਸ਼ਨਨ ’ਤੇ ਲਿਖੀਆਂ ਸਾਰੀਆਂ ਕਿਤਾਬਾਂ ਵਿਚ ਇਸ ਵਿਵਾਦ ਦਾ ਜ਼ਿਕਰ ਹੈ ... ਇਕ ਹੋਰ ਪ੍ਰੋਫੈਸਰ ਬੀ.ਐਨ. ਸੀਲ ਨੂੰ ਵੀ ਇਹ ਥੀਸਿਸ ਭੇਜਿਆ ਗਿਆ ਸੀ ... ਬਜੇਂਦਰਨਾਥ ਸੀਲ ... ਉਨ੍ਹਾਂ ਨੇ ਪੂਰੇ ਮਾਮਲੇ ਤੋਂ ਖੁਦ ਨੂੰ ਦੂਰ ਕਰ ਲਿਆ ... ਬਹੁਤ ਮੁਸ਼ਕਲ ਨਾਲ ਰਾਧਾਕ੍ਰਿਸ਼ਨਨ ਨੇ ਮਾਮਲਾ ਸੈੱਟ ਕੀਤਾ ... ਜੱਜ ਨੂੰ ਪਟਾਇਆ ... ਜਾਦੂਨਾਥ ਨੂੰ ਸਮਝਾਇਆ ... ਤਦ ਮਾਮਲਾ ਨਿਪਟਿਆ ... ਪਹਿਲਾਂ ਤਾਂ ਤਾਅ ਵਿਚ ਉਨ੍ਹਾਂ ਨੇ ਮਾਣਹਾਨੀ ਦਾ ਕੇਸ ਕਰ ਦਿੱਤਾ ... ਪਰ ਬਾਅਦ ਵਿਚ ਸਮਝ ਗਿਆ ਕਿ ਹੁਣ ਬਦਨਾਮੀ ਤਾਂ ਹੋਣੀ ਹੀ ਹੈ ... ਇਸ ਲਈ ਕੋਰਟ ਤੋਂ ਬਾਹਰ ਸੈਟਲਮੈਂਟ ਕਰਨ ਵਿਚ ਜੁਟ ਗਏ ... ਵੱਡੇ ਵੱਡੇ ਲੋਕਾਂ ਤੋਂ ਪੈਰਵੀ ਕਰਵਾਈ, ਵਿਚੋਲਗੀ ਕਰਵਾਈ। ਵਿਚੋਲਿਆਂ ਵਿਚ ਵੱਡੀ ਅਤੇ ਪ੍ਰਸਿੱਧ ਸ਼ਖਸੀਅਤ ਸ਼ਯਾਮ ਪ੍ਰਸਾਦ ਮੁਖਰਜੀ ਵੀ ਸਨ, ਜਿਹੜੇ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਏਡੇ ਦਬਾਅ ਵਿਚ ਗਰੀਬ ਜਾਦੂਨਾਥ ਸਿਨ੍ਹਾ ਕਿੱਥੇ ਟਿਕਦਾ।
ਥੀਸਿਸ ਚੋਰੀ ਦੇ ਜਵਾਬ ਵਿਚ ਰਾਧਾਕ੍ਰਿਸ਼ਨਨ ਇਹੀ ਕਹਿੰਦੇ ਰਹੇ ਕਿ ਇਤਫਾਕਨ ਜਾਦੂਨਾਥ ਸਿਨ੍ਹਾ ਅਤੇ ਮੇਰੀ ਕਿਤਾਬ ਦੀ ਸਮੱਗਰੀ ਮਿਲਦੀ ਹੈ ... ਤਰਕ ਉਹੀ ਕਿ ਸਰੋਤ ਇਕ ਸੀ, ਵਿਸ਼ਾ ਇਕ ਸੀ ... ਆਦਿ ਆਦਿ ... ਆਪਣੀ ਕਿਤਾਬ ਨੂੰ ਜਾਦੂਨਾਥ ਸਿਨ੍ਹਾ ਦੀ ਕਿਤਾਬ ਤੋਂ ਵੱਖਰੀ ਸਾਬਤ ਨਹੀਂ ਕਰ ਸਕੇ ... ਇਹ ਮਾਡਰਨ ਰਿਵਿਊ ਵਿਚ ਛਪੇ ਜਾਦੂਨਾਥ ਸਿਨ੍ਹਾ ਦੇ ਲੇਖਾਂ ਅਤੇ ਰਾਧਾਕ੍ਰਿਸ਼ਨਨ ਦੇ ਉੱਤਰਾਂ ਤੋਂ ਪਤਾ ਚਲਦਾ ਹੈ। ਅਦਾਲਤ ਦੇ ਬਾਹਰ ਮਾਮਲਾ ਸੈੱਟ ਕਰਾ ਲਿਆ ਪਰ ਜਾਦੂਨਾਥ ਸਿਨ੍ਹਾ ਦੇ ਥੀਸਿਸ ਅਤੇ ਰਾਧਾਕ੍ਰਿਸ਼ਨਨ ਦੀ ਕਿਤਾਬ ਵਿਚਲੀ ਪੂਰੀ ਸਮਾਨਤਾ ਰਿਕਾਰਡ ਵਿਚ ਹੈ। ਇਸ ਤੋਂ ਉਹ ਇਨਕਾਰੀ ਨਹੀਂ ਸੀ ਹੋ ਸਕਦੇ। ਬਾਅਦ ਵਿਚ ਉਨ੍ਹਾਂ ਨੇ ਪ੍ਰਕਾਸ਼ਕ ਨਾਲ ਮਿਲਕੇ (ਬਹੁਤ ਬਾਅਦ ਵਿਚ, ਇਕ ਦਮ ਸ਼ੁਰੂ ਵਿਚ ਨਹੀਂ) ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਕਿ ਕਿਤਾਬ ਪਹਿਲਾਂ ਹੀ ਛਪਣ ਲਈ ਦੇ ਦਿੱਤੀ ਗਈ ਸੀ ... ਪਰ ਪ੍ਰਕਾਸ਼ਕ ਨੇ ਕੰਮ ਦੇਰੀ ਨਾਲ ਸ਼ੁਰੂ ਕੀਤਾ।
ਰਾਧਾਕ੍ਰਿਸ਼ਨਨ ਦੇ ਪੱਖ ਵਿਚ ਵੱਡੇ ਵੱਡੇ ਲੋਕ ਸਨ, ਸਭ ਨਾਲ ਦੁਸ਼ਮਣੀ ਹੋ ਜਾਂਦੀ ... ਅਤੇ ਅੰਤਰਾਤਮਾ ਨੇ ਜਾਦੂਨਾਥ ਦੇ ਦਾਅਵੇ ਦਾ ਵਿਰੋਧ ਕਰਨ ਨਹੀਂ ਦਿੱਤਾ। ਨਵਵੇਦਾਂਤ ਦੇ ਦਾਰਸ਼ਨਿਕ ਕ੍ਰਿਸ਼ਨਚੰਦਰ ਭੱਟਾਚਾਰੀਆ ਵੀ ਜਾਦੂਨਾਥ ਸਿਨ੍ਹਾ ਦੇ ਨਿਗਰਾਨ ਸਨ, ਪਰ ਰਾਧਾਕ੍ਰਿਸ਼ਨਨ ਨਾਲ ਕੌਣ ਟਕਰਾਏ?
ਜਾਦੂਨਾਥ ਨਾਲ ਅਨਿਆਂ ਹੋਇਆ, ਪਰ ਜਦੋਂ ਉਹ ਖੁਦ ਪਿੱਛੇ ਹਟ ਗਏ ਤਾਂ ਮਾਮਲਾ ਖਤਮ ... ਸਾਨੂੰ ਇਤਰਾਜ਼ ਅਜਿਹੇ ਵਿਅਕਤੀ ਨੂੰ ਭਾਰਤ ਰਤਨ ਦੇਣ ਅਤੇ ਉਸ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਉਣ ’ਤੇ ਹੈ। ਥੀਸਿਸ ਚੋਰ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਨੂੰ ਉਸੇ ਸਾਲ ਬ੍ਰਿਟਿਸ਼ ਸਰਕਾਰ ਵਲੋਂ ‘ਸਰ’ ਦੀ ਪਦਵੀ ਮਿਲੀ ਸੀ, ਜਿਸ ਸਾਲ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਰਾਸ਼ਟਰੀ ਅੰਦੋਲਨ ਵਿਚ ਉਹ ਪੂਰੀ ਤਰ੍ਹਾਂ ਗੈਰਹਾਜ਼ਰ ਰਹੇ। 1892 ਵਿਚ ਵੀਰਭੂਮੀ ਜ਼ਿਲ੍ਹੇ ਵਿਚ ਜਨਮੇ ਜਾਦੂਨਾਥ ਸਿਨ੍ਹਾ ਦਾ ਦੇਹਾਂਤ 1979 ਨੂੰ ਹੋਇਆ।
(ਮਹੇਂਦਰ ਯਾਦਵ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਸੰਪਾਦਕ ਹੈ। ਇਸ ਘਟਨਾ ਦਾ ਜ਼ਿਕਰ ਓਸ਼ੋ ਨੇ 1988 ਵਿਚ ਆਪਣੀ ਕਿਤਾਬ ਮੇਰੀਆਂ ਮਨਪਸੰਦ ਕਿਤਾਬਾਂ ਵਿਚ ਕੀਤਾ ਹੈ।)
*****
(423)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)