“ਜਦੋਂ ਸਾਡਾ ਮਿੱਤਰ ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇੱਕ ਹਿੱਸਾ ...”
(31 ਜਨਵਰੀ 2020)
ਮੈਡਮ ਟਿਵਾਣਾ ਮੇਰੇ ਅਧਿਆਪਕ ਤਾਂ ਸਨ ਹੀ, ਉਹ ਮੇਰੀ ਹਰ ਮੁਸ਼ਿਕਲ ਵਿੱਚ ਵੀ ਸਹਾਈ ਹੁੰਦੇ। ਭਾਵੇਂ ਮੇਰਾ ਸਿਆਸਤ ਨਾਲ ਵਾਹ ਵਾਸਤਾ ਨਹੀਂ ਸੀ, ਪਰ ਦਰਬਾਰ ਸਾਹਿਬ ਉੱਪਰ ਹਮਲੇ (ਓਪ੍ਰੇਸ਼ਨ ਬਲੂਸਟਾਰ) ਬਾਦ 1984 ਵਿੱਚ ਜਦੋਂ ਮੈਂਨੂੰ ਬੰਦੀ ਬਣਾ ਲਿਆ ਗਿਆ, ਮੈਡਮ ਜੇਲ ਵਿੱਚ ਮੁਲਾਕਾਤ ਕਰਨ ਆਏ। ਮੈਂਨੂੰ ਕੋਈ ਲੋੜ ਪੈਂਦੀ ਤਾਂ ਮੈਂ ਉਨ੍ਹਾਂ ਦਾ ਹੀ ਦਰ ਖੜਕਾਉਦਾ। ਮੇਰੇ ਉੱਪਰ ਉਨ੍ਹਾਂ ਦੇ ਉਪਕਾਰਾਂ ਦਾ ਬੋਝ ਵਧਦਾ ਰਿਹਾ।
ਇੱਕ ਦਿਨ ਮੈਂ ਪੁੱਛ ਹੀ ਲਿਆ - ਤੁਹਾਡਾ ਕਰਜ਼ਾ ਕਿਵੇਂ ਚੁਕਾਵਾਂ ਮੈਡਮ? ਮੈਂ ਤੁਹਾਡੇ ਕਿਸੇ ਕੰਮ ਨਹੀਂ ਆ ਸਕਦਾ। ਉਹ ਕਹਿੰਦੇ –ਤੂੰ ਹਮੇਸ਼ਾ ਮੇਰੇ ਤੋਂ ਛੋਟਾ ਰਹੇਂਗਾ, ਮੇਰਾ ਕਰਜ਼ਾ ਇਉਂ ਨਹੀਂ ਉੱਤਰੇਗਾ। ਮੇਰਾ ਕਰਜ਼ ਉਤਾਰਨਾ ਚਾਹੇਂ ਤਾਂ ਆਪਣੇ ਤੋਂ ਛੋਟਿਆਂ, ਲੋੜਵੰਦਾਂ ਨਾਲ ਹਮਦਰਦੀ ਕਰਦਾ ਰਹੀਂ, ਜਿਵੇਂ ਮੈਂ ਤੇਰੇ ਨਾਲ ਕੀਤੀ ਹੈ।
ਮੈਡਮ ਕਿਹਾ ਕਰਦੇ, “ਅਸੀਂ ਆਪਣੇ ਪਿਆਰਿਆਂ ਦੀਆਂ ਯਾਦਾਂ ਸਦਕਾ ਜਿਉਂਦੇ ਹਾਂ। ਸਾਡੇ ਵਜੂਦ ਦੀਆਂ ਯਾਦਾਂ ਦਾ ਕੁਲ ਜੋੜ ਸਾਡੀ ਸ਼ਖਸੀਅਤ ਬਣਦਾ ਹੈ। ਜਦੋਂ ਸਾਡਾ ਮਿੱਤਰ ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇੱਕ ਹਿੱਸਾ ਮਰ ਜਾਂਦਾ ਹੈ, ਜਿਸ ਸਦਕਾ ਉਹ ਬਣਿਆ ਸੀ। ਸਾਨੂੰ ਆਪਣੇ ਮਰ ਚੁੱਕੇ ਹਿੱਸੇ ਸਦਕਾ ਕਸ਼ਟ ਹੁੰਦਾ ਹੈ।”
ਆਖਰੀ ਕੁਝ ਹਫਤੇ ਰਾਬਿੰਦਰਨਾਥ ਟੈਗੋਰ ਨੇ ਆਪਣੇ ਮਿੱਤਰ ਅਤੇ ਸ਼ਾਂਤੀਨਿਕੇਤਨ ਵਿੱਚ ਫਿਲਾਸਫੀ ਪੜ੍ਹਾਉਂਦੇ ਪ੍ਰੋਫੈਸਰ ਸੁਰਿੰਦਰਨਾਥ ਦਾਸ ਦੀ ਧੀ ਮੈਤਰੀ ਦੇਵੀ ਦੇ ਬੰਗਲੇ ਵਿੱਚ ਦਾਰਜੀਲਿੰਗ ਬਿਤਾਏ। ਇਨ੍ਹਾਂ ਦਿਨਾਂ ਦੀਆਂ ਯਾਦਾਂ ਉੱਪਰ ਮੈਤਰੀ ਨੇ ਕਿਤਾਬ ਲਿਖ ਦਿੱਤੀ ਟੈਗੋਰ ਬਾਈ ਫਾਇਰਸਾਈਡ। ਉਸ ਕਿਤਾਬ ਵਿੱਚ ਉਹਨੇ ਲਿਖਿਆ, “ਉੱਚਾ ਸੁਣਨ ਲੱਗ ਗਿਆ ਸੀ। ਆਪਣੇ ਹੋਂਠ ਉਨ੍ਹਾਂ ਦੇ ਕੰਨ ਨਜ਼ਦੀਕ ਲਿਜਾ ਕੇ ਕੋਈ ਗੱਲ ਪੁੱਛਦੇ, ਜਵਾਬ ਉਡੀਕਦੇ। ਇੱਕ ਦਿਨ ਹੱਸ ਪਏ, ਕਹਿੰਦੇ - ਕੁਦਰਤ ਨੇ ਦਿੱਤੇ ਸਨ ਕੰਨ ਮੈਤਰੀ, ਜੇ ਵਾਪਸ ਮੰਗਣ ਆ ਗਈ ਤਾਂ ਇਤਰਾਜ਼ ਕਿਸ ਗੱਲ ਦਾ? ਅੱਖਾਂ ਤਾਂ ਰਹਿਣ ਦਏਗੀ ਮੇਰੇ ਕੋਲ, ਕਿ ਅੱਖਾਂ ਵੀ ਮੰਗਣ ਆਏਗੀ? ਮੇਰੇ ਵਰਗਾ ਦਰਸ਼ਕ ਕਿੱਥੋਂ ਲੱਭੇਗੀ ਮੇਰੇ ਬਾਦ? ਕੁਦਰਤ ਨੂੰ ਇਹ ਕੀ ਹੋ ਗਿਆ ਮੈਤਰੀ? ਆਪਣੇ ਹੱਥੀਂ ਆਪਣੀ ਜੇਬ ਆਪ ਕਿਉਂ ਕੁਤਰਨ ਲੱਗੀ ਹੈ ਕੁਦਰਤ? ਤਾਂ ਵੀ, ਉਦਾਸ ਹੋਣ ਦੀ ਕੋਈ ਗੱਲ ਨਹੀਂ। ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਟੈਗੋਰ ਬੈਠਾ ਹੈ, ਉਹ ਚਲਾ ਜਾਏਗਾ। ਇੱਕ ਟੈਗੋਰ ਤੁਹਾਡੀਆਂ ਅੱਖਾਂ ਦੇ ਪਿੱਛੇ ਵੀ ਤਾਂ ਬੈਠਾ ਹੈ ਮੈਤਰੀ, ਉਹ ਇੱਥੇ ਹੀ ਰਹੇਗਾ।
ਅੱਖਾਂ ਪਿੱਛੇ ਹਮੇਸ਼ਾ ਬੈਠੀ ਰਹੇਗੀ ਸਾਡੀ ਪਿਆਰੀ ਮੈਡਮ ਟਿਵਾਣਾ।
**