HarpalSPannu7ਚੁਣੇ ਹੋਏ ਨੇਤਾ ਭੂਤਕਾਲ ਦੀਆਂ ਗਲਤੀਆਂ ਤੋਂ ਸਬਕ ਕਿਉਂ ਨਹੀਂ ਸਿੱਖਦੇਇਸ ਅਧੋਗਤੀ ਨੂੰ ਰੋਕਿਆ ਕਿਉਂ ਨਹੀਂ ਗਿਆ? ...
(ਅਗਸਤ 8, 2016)

 

(ਅੱਸੀਵਿਆਂ ਦੇ ਖਾੜਕੂ ਦੌਰ ਵਿਚ ਰਿਬੇਰੋ ਪੰਜਾਬ ਪੁਲਿਸ ਦਾ ਚੀਫ ਰਿਹਾ। ਉਸਦੀ ਕਿਤਾਬ ‘ਬੁਲਿਟ ਫਾਰ ਬੁਲਿਟ’ ਪੜ੍ਹੀ ਤਾਂ ਦਿਲ ਕੀਤਾ ਦੱਸੀਏ ਗੋਆ ਦਾ ਜੰਮਪਲ ਕੈਥੋਲਿਕ ਈਸਾਈ ਪੰਜਾਬੀਆਂ ਬਾਰੇ ਕੀ ਜਾਣਦਾ ਕੀ ਸੋਚਦਾ ਹੈ। ਚਾਲੀ ਕੁ ਪੰਨੇ ਪੰਜਾਬੀ ਵਿਚ ਅਨੁਵਾਦ ਕੀਤੇ। ਪੰਜਾਬ ਨਾਲੋਂ ਅਜੇ ਉਸਦਾ ਰਾਬਤਾ ਟੁੱਟਿਆ ਨਹੀਂ। ਵਰਤਮਾਨ ਤਰਾਸਦੀ ਬਾਰੇ ਉਸਦੀ ਇਹ ਲਿਖਤ ਪੜ੍ਹੀਏ - ਅਨੁਵਾਦਕ)

ਪੰਜਾਬ ਦੇ ਜੁਆਨਾਂ ਦੀ ਜੁਆਨੀ ਉਸ ਬੁਰਾਈ ਕਾਰਨ ਲੋਪ ਹੋ ਰਹੀ ਹੈ ਜਿਸ ਨੂੰ ਸਰਕਾਰ ਚਾਹੁੰਦੀ ਤਾਂ ਰੋਕ ਸਕਦੀ ਸੀ। ਪੰਜਾਬ ਦੇ ਲੋਕ ਸਰਕਾਰ ਦੇ ਖਿਲਾਫ ਹੋ ਜਾਣ ਤਾਂ ਫਿਰ ਇਸ ਵਿਚ ਹੈਰਾਨੀ ਕਿਸ ਗੱਲ ਦੀ?

ਅਗਲੇ ਹਫਤੇ ਮੈਂ ਉਡਤਾ ਪੰਜਾਬ ਫਿਲਮ ਦੇਖਾਂਗਾ। ਪਤਾ ਲੱਗਾ ਹੈ ਅੱਜ ਕਲ੍ਹ ਪੰਜਾਬੀ ਆਪਣੇ ਘਰਾਂ, ਖੁੰਢਾਂ ਅਤੇ ਢਾਬਿਆਂ ਉੱਪਰ ਨਸ਼ਿਆਂ ਦੇ ਕਾਰੋਬਾਰ ਦੀਆਂ ਗੱਲਾਂ ਕਰਿਆ ਕਰਦੇ ਹਨ। ਰਾਜੀਵ ਗਾਂਧੀ ਨੇ ਤੀਹ ਸਾਲ ਪਹਿਲਾਂ ਜਦੋਂ ਮੈਨੂੰ ਪੰਜਾਬ ਵਿਚ ਭੇਜਿਆ ਉਦੋਂ ਲੋਕ ਖਾੜਕੂਵਾਦ ਦੀਆਂ ਗੱਲਾਂ ਕਰਿਆ ਕਰਦੇ ਸਨ। ਅੱਜ ਜੇ ਚੁੰਜ ਚਰਚਾ ਦਾ ਕੇਂਦਰ ਨਸ਼ੇ ਹੋ ਗਏ ਹਨ ਤਾਂ ਫਿਰ ਹੋਏਗੀ ਕੋਈ ਇਹੋ ਜਿਹੀ ਗੱਲ ਆਖਰ।

ਚੰਡੀਗੜ੍ਹ ਵਸਦੇ ਕੁਝ ਪੁਰਾਣੇ ਮਿੱਤਰਾਂ ਨਾਲ ਮੈਂ ਸੰਪਰਕ ਕੀਤਾ। ਉਨ੍ਹਾਂ ਕਿਹਾ, ਸਹੀ ਹੈ, ਇਹ ਮੁੱਦਾ ਅੱਜ ਕੱਲ੍ਹ ਪਿੰਡਾਂ ਸ਼ਹਿਰਾਂ ਅੰਦਰ ਚਰਚਾ ਵਿਚ ਹੈ। ਖਾੜਕੂਵਾਦ ਦੀ ਥਾਂ ਨਸ਼ਿਆਂ ਦੀ ਬਿਮਾਰੀ ਇੰਨੇ ਵਡੇ ਪੱਧਰ ਤੇ ਪੰਜਾਬ ਨੂੰ ਅਚਾਨਕ ਘੇਰ ਲਵੇ, ਫਿਕਰਮੰਦੀ ਦਾ ਮਾਜਰਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਦਾ ਇਕ ਅਕਾਲੀ ਵਜ਼ੀਰ ਇਸ ਕਾਲੇ ਧੰਦੇ ਦਾ ਸਰਗਣਾ ਹੈ, ਅਫਵਾਹਾਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੂਟਨੀਤਕ, ਦੇਸ ਦੀ ਖੜਗ ਭੁਜਾ ਪੰਜਾਬ ਨੂੰ ਕਮਜ਼ੋਰ ਕਰਨ ਲਈ ਸਮਗਲਰਾਂ ਦੀ ਮਦਦ ਕਰ ਰਹੇ ਹਨ।

ਪੁਤਲੀਆਂ ਦੇ ਖੇਡ ਦੀ ਸੂਤਰਾਧਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਹੋਵੇ, ਇਸ ਵਿਚ ਹੈਰਾਨੀ ਨਹੀਂ। ਆਈ.ਐਸ.ਆਈ ਨੇ ਕਸਮ ਖਾ ਰੱਖੀ ਹੈ, ਇਕ ਹਜ਼ਾਰ ਪੱਛ ਲਾਕੇ ਇਸ ਦੇਸ ਨੂੰ ਲਹੂ ਲਹਾਣ ਕਰੀ ਰੱਖੋ ਤਾਂ ਕਿ ਡਿਗ ਪਵੇ। ਪੰਜਾਬ ਦੀ ਕਿਸਾਨੀ ਤਬਾਹ ਹੋ ਜਾਏ ਤਾਂ ਪਾਕਿਸਤਾਨ ਦੇ ਮਨਸੂਬੇ ਕਾਮਯਾਬ। ਪੰਜਾਬ ਦਾ ਕਿਸਾਨ ਦੇਸ ਨੂੰ ਕੇਵਲ ਅੰਨ ਨਹੀਂ ਦਿੰਦਾ, ਫੌਜ ਨੂੰ ਸਿਪਾਹੀ ਵੀ ਦਿੰਦਾ ਹੈ। ਨਸ਼ਿਆਂ ਕਾਰਨ ਜੇ ਪੰਜਾਬ ਦੇ ਅੰਗ ਨਿੱਸਲ ਹੋ ਗਏ, ਅਨਾਜ-ਮੰਡੀਆਂ ਅਤੇ ਭਰਤੀ-ਕੇਂਦਰ ਸੁੰਨਮਸਾਣ ਹੋ ਜਾਣਗੇ।

ਪਾਕਿਸਤਾਨ ਨਾਲ ਲਗਦੀ ਪੰਜਾਬ ਦੀ ਸਰਹੱਦ ਦੇਰ ਤੋਂ ਸਮਗਲਰਾਂ ਨੂੰ ਖਿੱਚਦੀ ਰਹੀ ਹੈ। ਹਥਿਆਰ ਅਤੇ ਨਸ਼ੇ ਆਉਂਦੇ ਹਨ। ਇਨ੍ਹਾਂ ਕਰਕੇ ਚੰਗਾ ਪੈਸਾ ਮਿਲਦਾ ਹੈ, ਇਸ ਕਰਕੇ ਖਤਰੇ ਦੀ ਪਰਵਾਹ ਨਹੀਂ। ਉੱਤਰ ਪੂਰਬੀ ਸਰਹੱਦ ਰਾਹੀਂ ਵੀ ਇਹ ਧੰਦਾ ਹੋ ਰਿਹਾ ਹੈ। ਖਾੜਕੂ ਦੌਰ ਵਿਚ ਬਾਰਡਰ ਉੱਪਰ ਚੌਕਸੀ ਵਧੀਕ ਰਹੀ, ਕਿਤੇ ਸਿਖਲਾਈ ਯਾਫਤਾ ਲੜਾਕੇ ਪਾਕਿਸਤਾਨੀ ਕੈਂਪਾਂ ਵਿੱਚੋਂ ਇੱਧਰ ਨਾ ਆ ਵੜਨ। ਸਮਗਲਰਾਂ ਨੂੰ ਦਰਿਆਈ ਰਸਤਿਆਂ ਦਾ ਪਤਾ ਸੀ ਇਸ ਕਰਕੇ ਖਾੜਕੂ ਉਨ੍ਹਾਂ ਨਾਲ ਤਾਲਮੇਲ ਵਿਚ ਸਨ। ਤੀਹ ਸਾਲ ਪਹਿਲਾਂ ਅੱਜ ਦੀ ਸਥਿਤੀ ਨਾਲੋਂ ਇਹ ਫਰਕ ਸੀ ਕਿ ਉਦੋਂ ਸਰਹੱਦਾਂ ਉੱਪਰ ਚੌਕਸੀ ਬਹੁਤ ਵੱਧ ਸੀ ਕਿਉਂਕਿ ਦੇਸ ਦੀ ਅਖੰਡਤਾ ਨੂੰ ਖਤਰਾ ਸੀ।

ਪਰ ਤੀਹ ਸਾਲ ਪਹਿਲਾਂ ਵੀ ਲਾਲਚੀ ਪੁਲਸ ਅਫਸਰਾਂ ਨਾਲ ਲੀਡਰਾਂ ਦੇ ਗੰਢ-ਸੰਢ ਦੀਆਂ ਕਨਸੋਆਂ ਸੁਣੀਂਦੀਆਂ ਸਨ। ਮੈਨੂੰ ਯਾਦ ਹੈ ਇਕ ਆਈ.ਪੀ.ਐੱਸ. ਪੁਲਸ ਅਫਸਰ ਅਤੇ ਉਸ ਦੀ ਬੀਵੀ ਸੜਕ ਹਾਦਸੇ ਵਿਚ ਜ਼ਖਮੀ ਹੋਏ ਤਾਂ ਮੈ ਹਸਪਤਾਲ ਉਨ੍ਹਾਂ ਦੀ ਖਬਰ ਲੈਣ ਗਿਆ। ਮੈਨੂੰ ਪਤਾ ਲੱਗਾ ਜਿਸ ਕਾਰ ਵਿਚ ਉਹ ਜਾ ਰਹੇ ਸਨ, ਨਾਮੀ ਸਮਗਲਰ ਦੀ ਸੀ। ਸਮਗਲਰ ਦੀ ਕਾਰ ਪੁਲਸ ਅਫਸਰ ਕੋਲ ਕਿਵੇਂ ਆਈ, ਮੈਂ ਪੁਛਗਿਛ ਕੀਤੀ ਤਾਂ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਉਸਦੀ ਸਰਵਿਸ ਬੁੱਕ ਵਿਚ ਮੈਂ ਉਸਦੇ ਖਿਲਾਫ ਟਿੱਪਣੀ ਦਰਜ ਕਰ ਦਿੱਤੀ ਕਿ ਇਹ ਅਫਸਰ ਅੱਗੋਂ ਨੂੰ ਤਰੱਕੀ ਲੈਣ ਦੇ ਕਾਬਲ ਨਹੀਂ।

ਇਸ ਗੱਲ ਦਾ ਜ਼ਿਕਰ ਮੈਨੂੰ ਤਾਂ ਕਰਨਾ ਪਿਆ, ਕਿਉਂਕਿ ਜਦੋਂ ਮੇਰੀ ਪੰਜਾਬੋਂ ਬਾਹਰ ਬਦਲੀ ਹੋ ਗਈ, ਸਿਆਸੀ ਲੀਡਰਾਂ ਦੁਆਲੇ ਗੇੜੇ ਕੱਢ ਕੇ ਇਹ ਅਫਸਰ ਤਰੱਕੀ ਲੈ ਗਿਆ। ਸਟੇਟ ਵਿਚ ਅਮਨ ਵਾਪਸੀ ਪਿੱਛੋਂ ਜੋ ਨਿਘਾਰ ਆਇਆ, ਇਹ ਇੱਕੋ ਉਦਾਹਰਣ ਸਥਿਤੀ ਸਾਫ ਦਰਸਾਉਣ ਵਾਸਤੇ ਕਾਫੀ ਹੈ। ਥੋੜ੍ਹੇ ਦਿਨ ਪਹਿਲਾਂ ਇਕ ਆਈ.ਏ.ਐੱਸ. ਅਫਸਰ ਬੀਬੀ ਦਾ ਮੇਰੇ ਕੋਲ ਫੋਨ ਆਇਆ। ਇਸ ਬੀਬੀ ਦਾ ਆਈ.ਪੀ.ਐੱਸ. ਅਫਸਰ ਖਾਵੰਦ ਮੇਰੀ ਨਿੱਜੀ ਸੁਰੱਖਿਆ ਦਾ ਇੰਚਾਰਜ ਸੀ ਜੋ ਪਟਿਆਲੇ ਖਾੜਕੂਆਂ ਹੱਥੋਂ ਮਾਰਿਆ ਗਿਆ ਸੀ। (ਰਿਬੇਰੋ ਨੇ ਨਾਮ ਨਹੀਂ ਲਿਖਿਆ। ਇਹ ਐੱਸ.ਐੱਸ.ਪੀ. ਪਟਿਆਲਾ ਅਰਵਿੰਦਰ ਸਿੰਘ ਹੈ ਜੋ ਇਕ ਹੋਰ ਐੱਸ.ਪੀ ਸਮੇਤ ਜੌਗਿੰਗ ਕਰਦਿਆਂ ਸਵੇਰਸਾਰ ਮੋਤੀਬਾਗ ਵਿਚ ਗੋਲੀਆਂ ਦਾ ਸ਼ਿਕਾਰ ਹੋਇਆ।) ਇਸ ਅਫਸਰ ਦੀ ਭੈਣ ਨੇ ਸ਼ਹੀਦ ਦੇ ਬੇਟੇ ਦੀ ਜੱਦੀ ਜ਼ਮੀਨ ਉੱਪਰ ਕਬਜ਼ਾ ਕਰ ਲਿਆ। ਮੈਂ ਵੱਡੇ ਤੋਂ ਵੱਡੇ ਪੁਲਸ ਅਫਸਰਾਂ ਨੂੰ ਫੋਨ ਕੀਤੇ ਕਿ ਇਸ ਮੁੰਡੇ ਨਾਲ ਨਿਆਂ ਕਰੋ, ਵਿਅਰਥ। ਬੀਬੀ ਮੁੱਖ ਮੰਤਰੀ ਨੂੰ ਮਿਲੀ, ਮੁੱਖ ਮੰਤਰੀ ਨੇ ਇਨਸਾਫ ਕਰਨ ਦਾ ਭਰੋਸਾ ਦਿਵਾਇਆ, ਕੁਝ ਨਹੀਂ ਬਣਿਆ।

ਸ਼ਹਾਦਤ ਉਪਰੰਤ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨੇ ਜਾਣ ਵਾਲੇ ਪਿਤਾ ਅਤੇ ਆਈ.ਏ. ਐੱਸ. ਅਫਸਰ ਮਾਂ ਦੇ ਬੇਟੇ ਨੂੰ ਇਨਸਾਫ ਨਾ ਮਿਲੇ ਤਾਂ ਹਮਾਤੜਾਂ ਨਾਲ ਕੀ ਬੀਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ? ਕਾਨੂੰਨ ਮੁੰਡੇ ਦੇ ਹੱਕ ਵਿਚ ਹੈ, ਪੰਜਾਬ ਵਿਚ ਠਾਣਾ ਮੁਖੀ ਬਾਦਸ਼ਾਹ ਹੁੰਦਾ ਹੈ।. ਪੁਲਸ ਅਫਸਰ ਦੀ ਮੌਤ ਉਪਰੰਤ ਸਰਕਾਰ ਨੇ ਤਰਸ ਦੇ ਆਧਾਰ ’ਤੇ ਉਸਦੀ ਭੈਣ ਨੂੰ ਪੁਲਸ ਵਿਚ ਅਫਸਰ ਲਾ ਦਿੱਤਾ ਸੀ। ਥਾਣਾ ਮੁਖੀ ਇਸ ਬੀਬੀ ਤੋਂ ਖੌਫਜ਼ਦਾ ਹੈ ਜਿਹੜੀ ਭਤੀਜੇ ਦੀ ਜਾਇਦਾਦ ਦੱਬੀ ਬੈਠੀ ਹੈ।

ਸਿਆਸੀ ਪੁਸ਼ਤਪਨਾਹੀ ਕਾਨੂੰਨ ਤੋਂ ਉੱਪਰ ਹੋ ਗਈ ਜਿਸ ਕਰਕੇ ਪੰਜਾਬ ਵਿਚ ਡਰੱਗ ਮਾਫੀਆ ਨੇ ਪੈਰ ਪਸਾਰੇ। ਇਸ ਹਾਲਤ ਵਿਚ ਪੰਜਾਬ ਦੇ ਲੋਕ ਸਰਕਾਰ ਖਿਲਾਫ ਖੜ੍ਹੇ ਹੋ ਜਾਣ ਜਿਹੜੀ ਸਰਕਾਰ ਨਸ਼ਿਆਂ ਦਾ ਕਾਰੋਬਾਰ ਰੋਕ ਸਕਦੀ ਹੈ ਪਰ ਰੋਕਦੀ ਨਹੀਂ ਤਾਂ ਹੈਰਾਨੀ ਕਿਸ ਗੱਲ ਦੀ?

ਆਮ ਨਾਗਰਿਕਾਂ ਅਤੇ ਪੁਲਸ ਅਫਸਰਾਂ ਦੀਆਂ ਬੇਸ਼ੁਮਾਰ ਕੁਰਬਾਨੀਆਂ ਪਿੱਛੋਂ ਪੰਜਾਬ ਨੂੰ ਖਾੜਕੂਵਾਦ ਦੇ ਸ਼ਿਕੰਜੇ ਵਿੱਚੋਂ ਕੱਢਿਆ ਸੀ। ਚੁਣੇ ਹੋਏ ਨੇਤਾ ਭੂਤਕਾਲ ਦੀਆਂ ਗਲਤੀਆਂ ਤੋਂ ਸਬਕ ਕਿਉਂ ਨਹੀਂ ਸਿੱਖਦੇਇਸ ਅਧੋਗਤੀ ਨੂੰ ਰੋਕਿਆ ਕਿਉਂ ਨਹੀਂ ਗਿਆਚੰਗੀ ਹਕੂਮਤ ਕਾਨੂੰਨ ਲਾਗੂ ਕਰਕੇ ਡਰੱਗ ਮਾਫੀਏ ਦੀ ਕਰਤੂਤ ਰੋਕਦੀ। ਉਲਟਾ ਇਕ ਵਜ਼ੀਰ ਦੀ ਸ਼ਮੂਲੀਅਤ ਦੀਆਂ ਅਫਵਾਹਾਂ ਉਡ ਰਹੀਆਂ ਹਨ। ਦੋਸ਼ ਮਨਘੜਤ ਹੋਣ ਤਾਂ ਵੀ ਇਹ ਤਾਂ ਪੱਕਾ ਹੈ ਕਿ ਸਰਹੱਦਾਂ ਉੱਪਰ ਚੌਕਸੀ ਨਹੀਂ, ਨਸ਼ਾ ਆ ਰਿਹਾ ਹੈ ਤਾਂ ਲੋਕਾਂ ਨੂੰ ਲਗਦਾ ਹੈ ਦੋਸ਼ ਸਹੀ ਹਨ।

ਉਡਤਾ ਪੰਜਾਬ ਫਿਲਮ ਦੇਖਾਂਗੇ, ਕਹਿੰਦੇ ਨੇ ਸਚਾਈ ਦੇ ਰਬਰੂ ਕਰਦੀ ਹੈ। ਮੁੱਖ ਮੰਤਰੀ ਅਤੇ ਉਸ ਦੀ ਵਜ਼ਾਰਤ ਵੀ ਦੇਖੇ ਤੇ ਦੱਸੇ ਨਸ਼ਾ ਤਸਕਰੀ ਖਿਲਾਫ ਕੀ ਕਰਨਗੇ। ਦੇਰ ਤਕ ਸੈਂਸਰ ਨੇ ਫਿਲਮ ਦੇਖਣ ਦੀ ਆਗਿਆ ਨਾ ਦਿੱਤੀ, ਡਰ ਸੀ ਕਿ ਵੋਟਰ ਪ੍ਰਭਾਵਿਤ ਹੋਏਗਾ। ਇਸ ਤਰ੍ਹਾਂ ਕੁਝ ਨਹੀਂ ਹੋਇਆ ਕਰਦਾ। (‘ਦ ਬਿਲੀਅਨ ਪ੍ਰੈੱਸ’ ਤੋਂ ਧੰਨਵਾਦ ਸਹਿਤ)
****

(382)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author