“ਸਿਖਰ ’ਤੇ ਗੱਲ ਉਦੋਂ ਪੁੱਜੀ ਜਦੋਂ ਸਾਰੇ ਸਭਿਅਕ ਸਲੀਕੇ ਵਿਸਾਰ ਕੇ ...”
(9 ਅਕਤੂਬਰ 2019)
ਨਾਮੀ ਵਿੱਦਿਅਕ ਸੰਸਥਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਰਦੂ ਨੂੰ ਵਿਦੇਸ਼ੀ ਭਾਸ਼ਾ ਕਹਿਣ ਨਾਲ ਖੁਦ ਵਿਦੇਸ਼ੀ ਅਦਾਰਾ ਜਾਪਣ ਲੱਗ ਗਿਆ ਹੈ। ਅਸੀਂ ਐਨ 1940ਵਿਆਂ ਵਿੱਚ ਉੱਥੇ ਪੁੱਜ ਗਏ ਹਾਂ, ਜਿੱਥੋਂ ਚੱਲੇ ਸਾਂ। ਉਦੋਂ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੁੰਦੀ ਸੀ, ਅੱਜ ਇਹ ਪਾਕਿਸਤਾਨ ਦੀ ਬੋਲੀ ਹੋ ਗਈ ਹੈ। ਅਸੀਂ ਚੰਗੀ ਤਰ੍ਹਾਂ ਸਮਝ ਰਹੇ ਹਾਂ ਇੱਥੇ ‘ਵਿਦੇਸ਼ੀ’ ਲਫਜ਼ ਪਾਕਿਸਤਾਨ ਲਈ ਵਰਤਿਆ ਗਿਆ ਹੈ। ਸਰਕਾਰ ਨੂੰ ਅਚਾਨਕ ਜਦੋਂ ਕਿਸੇ ਖਿੱਤੇ ਦੀ ਬੋਲੀ ਚੁੱਭਣ ਲੱਗੇ, ਇਸਦਾ ਮਤਲਬ ਇਹ ਹੋਇਆ ਕਰਦਾ ਹੈ ਕਿ ਸਰਕਾਰ ਗਲਤ ਖਿੱਤੇ ਵਿੱਚ ਰਾਜ ਕਰਨ ਆ ਗਈ ਹੈ, ਵਾਸਤਵ ਵਿੱਚ ਇਸ ਖਿੱਤੇ ਵਿੱਚ ਉਹ ਰਾਜ ਕਰਨ ਦੀ ਹੱਕਦਾਰ ਨਹੀਂ।
ਜਿਵੇਂ ਭਾਰਤੀ ਸਰਕਾਰ ਉਰਦੂ ਨੂੰ ਵਿਦੇਸ਼ੀ ਭਾਸ਼ਾ ਐਲਾਨ ਰਹੀ ਹੈ, ਉਵੇਂ ਪਾਕਿਸਤਾਨੀ ਸਰਕਾਰ ਉੱਥੇ ਪੰਜਾਬੀ ਨੂੰ ਬਿਗਾਨੀ ਬੋਲੀ ਸਮਝ ਰਹੀ ਹੈ। ਪੱਛਮੀ ਪੰਜਾਬ ਦੇ ਇੱਕ ਸਿਆਸੀ ਲੀਡਰ ਮੀਆਂ ਮੁਹੰਮਦ ਤੁਫੈਲ ਨੇ 1992 ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬੀ ਗਾਲੀ ਗਲੋਚ ਦੀ ਜ਼ਬਾਨ ਹੈ। ਉਸ ਉੱਪਰ ਤਿੱਖੇ ਪ੍ਰਤੀਕਰਮ ਹੋਏ। ‘ਰਵੇਲ’ ਮਾਸਿਕ ਰਿਸਾਲੇ ਨੇ ਜਮੀਲ ਅਹਿਮਦ ਪਾਸ਼ਾ ਦਾ ਲੰਮਾ ਲੇਖ ਪ੍ਰਕਾਸ਼ਿਤ ਕੀਤਾ। ਉਸ ਵਿੱਚੋਂ ਕੁਝ ਹਿੱਸੇ ਇਹ ਸਨ,
“ਤੁਫੈਲ ਲਿਖਦਾ ਹੈ - ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਪੰਜਾਬ ਦੀ ਪੈਦਾਵਾਰ ਹਾਂ। ਮੇਰੀ ਮਾਂ, ਬਾਪ ਤੇ ਸਾਰਾ ਖਾਨਦਾਨ ਪੰਜਾਬ ਦੀ ਸਿੱਖ ਰਿਆਸਤ ਕਪੂਰਥਲਾ ਦੇ ਰਹਿਣ ਵਾਲੇ ਸਨ।”
ਪੈਦਾਵਾਰ ਦੀ ਗੱਲ ਖੂਬ ਕਹੀ। ਜੇ ਲਹਿੰਦੇ ਪੰਜਾਬ ਵਿੱਚ ਅੱਜ ਪੰਜਾਬੀ ਤਾਲੀਮੀ ਜ਼ਬਾਨ ਨਹੀਂ, ਇਹਦੇ ਵਿੱਚ ਵੀ ਪੰਜਾਬ ਦੀ ਹੀ ਕਿਸੇ ਪੈਦਾਵਾਰ ਦਾ ਹੱਥ ਹੈ। ਇਸ ਧਰਤੀ ਉੱਤੇ ਕੁਝ ਅਜਿਹੀਆਂ ਜਿਣਸਾਂ ਵੀ ਪੈਦਾ ਹੁੰਦੀਆਂ ਹਨ ਜੋ ਧਰਤੀ ਨੂੰ ਸ਼ਰਮਸਾਰ ਕਰਦੀਆਂ ਹਨ।
“ਤੁਫੈਲ ਆਖਦਾ ਹੈ – ਪੰਜਾਬੀ ਦਾ ਮਜਾਜ਼ ਠੀਕ ਨਹੀਂ।”
ਮੀਆਂ ਜੀ ਜ਼ਬਾਨ ਦਾ ਕੋਈ ਮਜਾਜ਼ ਨਹੀਂ ਹੁੰਦਾ, ਲੋਕਾਂ ਦਾ ਹੁੰਦਾ ਹੈ। ਛੁਰੀ ਨਾਲ ਫਲ ਕੱਟੋ ਜਾਂ ਗਰਦਣ, ਛੁਰੀ ਕਸੂਰਵਾਰ ਨਹੀਂ। ਅਰਬੀ ਇਸ ਕਰਕੇ ਪਾਕਿ ਜ਼ਬਾਨ ਏ ਕਿ ਇਹ ਰਸੂਲ ਮੁਹੰਮਦ ਦੀ ਜ਼ਬਾਨ ਏ? ਪਰ ਅਬੂ ਜਿਹਲ, ਅਬੂ ਲਾਹਬ ਅਤੇ ਰਸੂਲ ਦੇ ਹੋਰ ਦੁਸ਼ਮਣਾਂ ਦੀ ਬੋਲੀ ਵੀ ਅਰਬੀ ਸੀ। ਕਰੀਏ ਕੀ, ਤੁਫੈਲ ਸਾਹਿਬ ਮੀਰ ਤਕੀ ਮੀਰ ਵਾਂਗ ਕੇਵਲ ਆਪਣੇ ਫੁਰਮਾਏ ਹੋਏ ਨੂੰ ਸਹੀ ਮੰਨਦੇ ਨੇ ਦੂਜੇ ਦੀ ਨੂੰ ਨਹੀਂ।
ਲਗਦੇ ਹੱਥ ਗੁਰਦਾਸ ਮਾਨ ਉੱਪਰ ਵੀ ਟਿੱਪਣੀ ਦੇ ਦੇਈਏ। ਆਮ ਸਾਦੇ ਖੁਸ਼ਗਵਾਰ ਮਾਹੌਲ ਵਿੱਚ ਮਾਨ ਪੰਜਾਬੀ ਜਾਂ ਕਿਸੇ ਹੋਰ ਲਿੰਕ ਭਾਸ਼ਾ ਉੱਪਰ ਇਹੋ ਟਿੱਪਣੀ ਕਰ ਦਿੰਦਾ ਕਿਸੇ ਨੇ ਨੋਟਿਸ ਨਹੀਂ ਲੈਣਾ ਸੀ। ਹੋਇਆ ਇਹ ਕਿ ਪਹਿਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲੇ ਦੇ ਸੈਮੀਨਾਰ ਵਿੱਚ ਡਾ. ਹੁਕਮ ਚੰਦ ਰਾਜਪਾਲ ਨੇ ਚੰਦ ਚਾੜ੍ਹ ਦਿੱਤਾ, ਉਪਰੰਤ ਸ਼੍ਰੀਮਾਨ ਅਮਿਤ ਸ਼ਾਹ ਦਾ ਬਿਆਨ ਆ ਗਿਆ। ਇਸ ਧੂਣੀ ਦੀ ਅੱਗ ਅਜੇ ਮੱਠੀ ਨਹੀਂ ਪਈ ਸੀ ਕਿ ਗੁਰਦਾਸ ਮਾਨ ਨੇ ਇਸੇ ਤੀਰਥ ਵਿੱਚ ਇਸ਼ਨਾਨ ਕਰਨਾ ਚਾਹਿਆ। ਸਿਖਰ ’ਤੇ ਗੱਲ ਉਦੋਂ ਪੁੱਜੀ ਜਦੋਂ ਸਾਰੇ ਸਭਿਅਕ ਸਲੀਕੇ ਵਿਸਾਰ ਕੇ ਮਾਨ ਨੇ ਸ਼ਾਂਤਮਈ ਵਿਰੋਧ ਕਰਨ ਵਾਲੇ ਕਾਰਕੁਨ ਨੂੰ ਹੋਛੀ ਗਾਲ ਕੱਢ ਦਿੱਤੀ। ਇਸ ਕਾਰਕੁਨ ਨੇ ਹੱਥਾਂ ਵਿੱਚ ਪੋਸਟਰ ਫੜਿਆ ਹੋਇਆ ਸੀ, ਜੇ ਛਿੱਤਰ ਫੜਿਆ ਹੁੰਦਾ ਤਦ ਵੀ ਉਸ ਨੂੰ ਗਾਲ ਦੇਣੀ ਸ਼ੋਭਨੀਕ ਨਹੀਂ ਸੀ। ਕਹਿੰਦੇ ਨੇ ਆਦਿਕਾਲੀ ਮਨੁੱਖ ਨੇ ਪੱਥਰ ਦੀ ਸੱਟ ਖਾ ਕੇ ਜਦੋਂ ਪੱਥਰ ਚੁੱਕਣ ਦੀ ਥਾਂ ਸ਼ਬਦ ਨਾਲ ਜਵਾਬ ਦਿੱਤਾ, ਸਭਿਅਤਾ ਉਦੋਂ ਸ਼ੁਰੂ ਹੋਈ ਸੀ। ਸਾਡੇ ਲੋਕ ਵੀ ਕਦੀ ਸਭਿਅਕ ਹੋ ਜਾਣਗੇ, ਉਮੀਦ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1763)
(ਸਰੋਕਾਰ ਨਾਲ ਸੰਪਰਕ ਲਈ: