“ਸੱਠਵਿਆਂ ਵਿੱਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿੱਚ ਖੂਬ ਪ੍ਰਚੱਲਤ ਹੋਈ। ਇਸ ਲਹਿਰ ਦੇ ਲੇਖਕਾਂ ...”
(12 ਅਗਸਤ 2020)
ਹਥਲੀ ਕਿਤਾਬ ਸਣੇ ਪ੍ਰੋ. ਤੁੰਗ ਦੀਆਂ ਹੁਣ ਤਕ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ ਪਰ ਪੰਜਾਬੀ ਸਾਹਿਤ ਦੇ ਪਾਠਕਾਂ ਦਾ ਵੱਡਾ ਵਰਗ ਉਨ੍ਹਾਂ ਦੀ ਰਚਨਾ ਤੋਂ ਵਾਕਫ ਨਹੀਂ ਕਿਉਂਕਿ ਨਾ ਉਨ੍ਹਾਂ ਨੇ ਕਦੀ ਸਾਹਿਤਕ ਮਜਲਿਸ ਭਖਾਈ, ਨਾ ਘੁੰਡ ਚੁਕਾਈ ਕੀਤੀ ਅਤੇ ਨਾ ਅਖਬਾਰਾਂ ਰਿਸਾਲਿਆਂ ਦੇ ਕਾਲਮਾਂ ਵਿੱਚ ਦਸਤਕ ਦਿੱਤੀ:
ਹਮ ਤੋਂ ਪੁਰਾਨੀ ਕਿਤਾਬੇਂ ਹੈਂ ਯਾਰੋ,
ਹਮ ਕਹਾਂ ਬਿਕਤੇ ਹੈਂ ਰਿਸਾਲੋਂ ਕੀ ਤਰਹ।
ਉਕਤ ਕਥਨ ਹੋਰ ਕਿਸੇ ਤੇ ਢੁਕੇ ਨਾ ਢੁਕੇ, ਤੁੰਗ ਦੇ ਸੁਭਾਅ ਤੇ ਪੂਰਾ ਉੱਤਰਦਾ ਹੈ। ਉਸਦੀਆਂ ਰਚਨਾਵਾਂ ਵਿੱਚ ਕਵਿਤਾ, ਕਹਾਣੀ, ਵਾਰਤਕ ਅਤੇ ਆਲੋਚਨਾ ਆਦਿਕ ਵਿਧਾਵਾਂ ਦੀਆਂ ਵੰਨਗੀਆਂ ਹਨ।
ਅੱਸੀਵਿਆਂ ਵਿੱਚ ਵਿਚਰਦਾ ਤੁੰਗ, ਖਾਲਸਾ ਕਾਲਜ ਪਟਿਆਲਾ ਵਿੱਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਵਜੋਂ ਰਿਟਾਇਰ ਹੋ ਕੇ ਹੁਣ ਗੁਮਨਾਮ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜਿਹੜੇ ਸ਼ਖਸ ਉਸ ਨੂੰ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਉਹ ਸੂਚਨਾਵਾਂ ਦਾ ਅਥਾਹ ਗਹਿਰਾ ਸਾਗਰ ਹੈ। ਦੇਸ-ਵੰਡ ਤੋਂ ਸ਼ੁਰੂ ਕਰ ਲਵੋ, ਹੁਣ ਤਕ ਅਣਵੰਡਿਆ ਪੰਜਾਬ, ਇਸਦੇ ਬਹੁਰੰਗੀ ਨੇਤਾ, ਸਿਆਸੀ ਪਾਰਟੀਆਂ ਦੇ ਆਚਾਰ, ਵਿਹਾਰ, ਕਿਰਦਾਰ ਉਸ ਦੇ ਪੋਟਿਆਂ ਉੱਪਰ ਹਨ। ਪਿਛਲੇ ਦੋ ਦਹਾਕਿਆਂ ਤੋਂ ਸਰੀਰ ਉਸਦੇ ਕਾਬੂ ਵਿੱਚ ਨਾ ਹੋਣ ਕਾਰਨ ਲਿਖਣ ਵਿੱਚ ਦਿੱਕਤ ਆਉਂਦੀ ਹੈ, ਟਾਈਪਿਸਟ ਤੋਂ ਲਿਖਤ ਪੜ੍ਹੀ ਨਹੀਂ ਜਾਂਦੀ। ਕੋਈ ਅਦਾਰਾ ਲਿਖਾਰੀ ਦੇ ਦਏ ਤਾਂ ਉਹ ਤਾਰੇ ਜ਼ਮੀਂ ਪੇ ਉਤਾਰਨ ਦੇ ਸਮਰੱਥ ਹੈ।
ਉਮਰ ਅਤੇ ਲਿਖਤ ਵਜੋਂ ਵਰਗੀਕਰਣ ਕਰੀਏ ਤਾਂ ਉਹ ਮੈਥੋਂ ਪਹਿਲੀ ਪੀੜ੍ਹੀ ਦਾ ਦਾਨਿਸ਼ਵਰ ਹੈ। ਇਸ ਕਿਤਾਬ ਵਿੱਚ ਉਸਨੇ ਆਪਣੇ ਤੋਂ ਪਹਿਲੀ ਪੀੜ੍ਹੀ ਦੇ ਸਾਹਿਤਕਾਰਾਂ ਨਾਲ ਜਾਣ ਪਛਾਣ ਕਰਵਾਈ ਹੈ। ਗੁਰਬਾਣੀ, ਸੂਫੀ ਪਰੰਪਰਾ, ਕਿੱਸਾ ਕਾਵਿ ਤੋਂ ਲੈ ਕੇ ਵਰਤਮਾਨ ਲੇਖਕਾਂ ਦਾ ਸਾਹਿਤਕ ਪਰਿਚਯ ਕਰਵਾਇਆ ਹੈ। ਪੂਰਨ ਸਿੰਘ, ਮੋਹਨ ਸਿੰਘ, ਪ੍ਰੀਤਮ ਸਿੰਘ ਸਫੀਰ, ਪ੍ਰਭਜੋਤ ਕੌਰ, ਮਹਿੰਦਰ ਸਿੰਘ ਸਰਨਾ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਨਾਨਕ ਸਿੰਘ, ਰਾਜਿੰਦਰ ਸਿੰਘ ਬੇਦੀ ਵਰਗੇ ਨਾਮਵਰ ਲੇਖਕਾਂ ਨਾਲ ਜਾਣ ਪਛਾਣ ਤਾਂ ਕਰਵਾਈ ਹੀ ਕੁਝ ਕੁ ਅਜਿਹੇ ਕਲਮਕਾਰ ਵੀ ਪਾਠਕਾਂ ਦੇ ਸਨਮੁਖ ਕੀਤੇ ਹਨ ਜਿਨ੍ਹਾਂ ਨੂੰ ਪੰਜਾਬੀ ਜਾਣਦੇ ਨਹੀਂ ਜਿਵੇਂ ਸੁਰਜੀਤ ਸਰਨਾ, ਮਾਨ ਸਿੰਘ ਹਕੀਰ, ਗੁਰਦੀਪ ਅਤੇ ਸੁਲਤਾਨਾ ਬੇਗਮ।
ਪੰਜਾਬੀ ਸਾਹਿਤ ਉੱਪਰ ਕਲਮ ਚਲਾਉਂਦਾ ਤੁੰਗ ਵਿਸ਼ਵ-ਸਾਹਿਤ ਨੂੰ ਆਪਣੀਆਂ ਨਜ਼ਰਾਂ ਤੋਂ ਉਹਲੇ ਨਹੀਂ ਕਰਦਾ। ਜ਼ਿਕਰ ਬਾਬਾ ਫਰੀਦ ਦਾ ਹੋ ਰਿਹਾ ਹੈ, ਲਿਖਦਾ ਹੈ - ਫਰੀਦ ਦੀ ਨਿਰਾਸ਼ਾ ਦਾ ਰੰਗ ਬੜਾ ਗੂੜ੍ਹਾ ਹੈ। ਇਸ ਵਿੱਚੋਂ ਹੀ ਬਲਵਾਨ ਆਸ਼ਾ ਅਖੀਰ ਨੂੰ ਜਨਮ ਧਾਰਦੀ ਹੈ। ਉਨ੍ਹਾਂ ਦੁਆਰਾ ਪ੍ਰਸਤੁਤ ਕੀਤਾ ਗਿਆ ਮੌਤ ਦਾ ਸੰਕਲਪ ਬੜਾ ਬਲੀ ਅਤੇ ਆਪਣੇ ਵਿਚਲੇ ਅਧਿਆਤਮਕ ਅਤੇ ਸਮਾਜਿਕ ਅਰਥਾਂ ਕਾਰਣ ਢੇਰ ਸ਼ਕਤੀਵਰ ਹੈ। ਫਰੀਦ ਨੇ ਮੌਤ ਦਾ ਭੈ ਅਤੇ ਆਪਣੇ ਕੁਕਰਮਾਂ ਕਾਰਣ ਦੰਡ ਸਹਿ ਰਹੇ ਜੀਵਾਂ ਦੇ ਭਿਆਨਕ ਚਿੱਤਰ ਉਸੇ ਮਨੋਰਥ ਹਿਤ ਖਿੱਚੇ ਹਨ ਜਿਸ ਅਧੀਨ ਜਗਤ-ਪ੍ਰਸਿੱਧ ਕਵੀ ਦਾਂਤੇ ਅਤੇ ਮਿਲਟਨ ਨੇ ਨਰਕ ਦੀ ਅੱਗ ਵਿੱਚ ਸੜ ਰਹੇ ਦੋਸ਼ੀ ਦਿਖਾਏ ਹਨ।
ਦਮੋਦਰ ਅਤੇ ਵਾਰਿਸ ਬਾਬਤ ਟਿੱਪਣੀ ਦੇਖੋ- ਹੀਰ ਕਾਵਿ ਦੇ ਦੋ ਸ਼ਾਇਰ ਸਭ ਤੋਂ ਵੱਧ ਮੌਲਿਕ ਹਨ। ਪਹਿਲਾ ਦਮੋਦਰ ਹੈ ਅਤੇ ਦੂਜਾ ਸਯਦ ਮੀਆਂ ਵਾਰਿਸ ਸ਼ਾਹ। ਦੋਹਾਂ ਨੇ ਹੀਰ-ਕਥਾ ਵਿੱਚ ਮਰਜ਼ੀ ਅਨੁਸਾਰ ਵਾਧੇ ਘਾਟੇ ਕੀਤੇ ਹਨ। ਦਮੋਦਰ ਨੇ ਸੰਖੇਪ, ਸੰਜਮੀ ਅਤੇ ਸੁਝਾਊ ਤਰੀਕੇ ਨਾਲ ਗੱਲ ਕਰਨੀ ਸੀ ਇਸ ਲਈ ਉਸ ਦਵੱਈਆ ਛੰਦ ਚੁਣਿਆ ਹੈ। ਵਾਰਿਸ ਨੇ ਲੰਮੀਆਂ ਲੋੜਾਂ ਵਿੱਚ ਪੈਣਾ ਸੀ ਅਤੇ ਲੋੜ ਤੋਂ ਵੀ ਵਧੀਕ ਵਿਸਤਾਰ ਦੇਣਾ ਸੀ ਇਸ ਲਈ ਉਸ ਬੈਂਤ ਚੁਣਿਆ ਹੈ। ਦੋਵੇਂ ਕਾਵਿ-ਨਾਇਕ ਹਨ ਅਤੇ ਐਮਰਸਨ ਦੇ ਕਵੀ-ਨਾਇਕ ਦੇ ਤੌਰ ’ਤੇ ਵਿਚਰਦੇ ਵਿਚਰਦੇ ਬਾਦਸ਼ਾਹ ਬਣਕੇ ਸਾਹਮਣੇ ਆਉਂਦੇ ਹਨ। ਬਾਦਸ਼ਾਹ ਹਮੇਸ਼ਾ ਆਪਣੇ ਹੁਕਮ ਸਾਦਰ ਕਰਦੇ ਹਨ। ਇਹੋ ਕੁਝ ਇਨ੍ਹਾਂ ਸ਼ਾਇਰੀ ਦੇ ਸ਼ਾਹ ਨਾਇਕਾਂ ਨੇ ਕੀਤਾ ਹੈ।
ਸ਼ਾਹ ਹੁਸੈਨ ਉੱਪਰ ਟਿੱਪਣੀ ਦੇਖੋ- ਸ਼ਿਵ ਕੁਮਾਰ ਤੋਂ ਲੈ ਕੇ ਕੀਟਸ ਤਕ ਛੋਟੇ ਵੱਡੇ ਸੋਗੀ ਤੇ ਕਲੇਸ਼-ਮੂਲਕ ਕਵੀਆਂ ਦੀ ਇੱਕ ਲੰਮੀ ਲਾਈਨ ਹੈ ਪਰ ਇਸ ਵਿੱਚ ਇੱਕ ਵੀ ਕਵੀ ਅਜਿਹਾ ਨਹੀਂ ਜਿਸ ਵਿੱਚ ਸ਼ਾਹ ਹੁਸੈਨੀ ਹੂਕ ਅਤੇ ਵੈਰਾਗ ਦੀ ਛੁਹ ਜਾਂ ਮੱਸ ਹੋਵੇ। ਇਹ ਸੂਫੀ ਦੇ ਵੈਰਾਗ ਤੋਂ ਸੱਖਣੇ ਹੋਣ ਕਾਰਨ ਊਣੇ ਅਤੇ ਨੀਵੇਂ ਹਨ। ਉਹ ਸਿਰਫ ਫਨਾਹ ਹੁੰਦੇ ਹਨ ਜਦੋਂ ਕਿ ਸੂਫੀ ਫਨਾਹ-ਫੀ-ਅਲ੍ਹਾ ਹੁੰਦਾ ਹੈ।
ਸੱਠਵਿਆਂ ਵਿੱਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿੱਚ ਖੂਬ ਪ੍ਰਚੱਲਤ ਹੋਈ। ਇਸ ਲਹਿਰ ਦੇ ਲੇਖਕਾਂ ਬਾਰੇ ਤੁੰਗ ਦਾ ਕਥਨ ਹੈ- ਘਾਟੇਵੰਦੀ ਗੱਲ ਇਹ ਹੋਈ ਕਿ ਲੇਖਕਾਂ ਨੇ ਪ੍ਰਗਤੀਵਾਦੀ ਸਿਧਾਂਤ ਅਤੇ ਪ੍ਰਗਤੀਵਾਦੀ ਸਾਹਿਤ ਤੋਂ ਅਗਵਾਈ ਲੈਣ ਦੀ ਥਾਂ ਰਾਜਨੀਤਕ ਦਲਾਂ ਦੀ ਅਗਵਾਈ ਲਈ, ਰਾਜਨੀਤਕਾਂ ਵਾਲੇ ਨਾਹਰੇ ਅਪਣਾ ਲਏ। ਸੰਤ ਸਿੰਘ ਸੇਖੋਂ ਅਤੇ ਮੋਹਨ ਸਿੰਘ ਤੋਂ ਲੈ ਕੇ ਜਸਵੰਤ ਸਿੰਘ ਕੰਵਲ ਅਤੇ ਸੰਤੋਖ ਸਿੰਘ ਧੀਰ ਤਕ ਇਸ ਧਾਰਾ ਦੇ ਜਿੰਨੇ ਵੀ ਸਾਹਿਤਕਾਰ ਹਨ ਸਭ ਦੀ ਪ੍ਰਾਪਤੀ ਉੱਪਰ ਕਥਿਤ ਅਨੁਸਾਰ ਹੀ ਹੈ।
ਕੱਦਾਵਰ ਲੇਖਕਾਂ ਦੀ ਈਰਖਾ, ਹੰਕਾਰ ਅਤੇ ਮੂਰਖਤਾਈਆਂ ਸਭ ਰੰਗ ਇਸ ਕਿਤਾਬ ਵਿੱਚੋਂ ਮਿਲ ਜਾਣਗੇ। ਪਰੂਫ ਰੀਡਿੰਗ ਧਿਆਨ ਨਾਲ ਹੋ ਜਾਂਦੀ ਤਾਂ ਕਿਤਾਬ ਬੇਮਿਸਾਲ ਹੋ ਜਾਣੀ ਸੀ।
**
ਸਜਿਲਦ ਪੰਨੇ: 288, ਕੀਮਤ: 350/-ਰੁਪਏ, ਪ੍ਰਕਾਸ਼ਕ: ਸੰਗਮ, ਸਮਾਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2293)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com