“ਬਾਬਰੀ ਮਸਜਿਦ ਢਾਹੇ ਜਾਣ ਦੇ ਕਾਂਡ ਪਿੱਛੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਉ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ...”
(8 ਦਸੰਬਰ 2017)
ਦੇਸ਼ ਦੀ ਸਰਵੁੱਚ ਅਦਾਲਤ ਸੁਪਰੀਮ ਕੋਰਟ ਦੇ ਤਿੰਨ ਵਿਦਵਾਨ ਜੱਜਾਂ ਦੀ ਬੈਂਚ ਵਲੋਂ ਰਾਮ ਮੰਦਿਰ ਬਨਾਮ ਬਾਬਰੀ ਮਸਜਿਦ ਮੁੱਦੇ ’ਤੇ ਲਗਾਤਾਰ ਸੁਣਵਾਈ ਆਰੰਭ ਕੀਤੇ ਜਾਣ ਦੇ ਉਦੇਸ਼ ਨਾਲ ਬੀਤੇ ਬੁੱਧਵਾਰ, 6 ਦਸੰਬਰ (2017) ਨੂੰ ਸੁਣਵਾਈ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਮੁਸਲਿਮ ਧਿਰ ਦੇ ਵਕੀਲਾਂ ਵਲੋਂ ਇਹ ਕਿਹੇ ਜਾਣ ’ਤੇ ਕਿ ਉਨ੍ਹਾਂ ਨੂੰ ਕੇਸ ਨਾਲ ਸੰਬੰਧਤ ਸਾਰੇ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਨਹੀਂ ਮਿਲ ਸਕੇ ਇਸ ਕਰਕੇ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੀ ਜਾਏ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਨਾਲ ਸੰਬੰਧਤ ਵਾਤਾਵਰਣ ਅਨੁਕੂਲ ਨਾ ਹੋਣ ਕਾਰਣ ਇਸ ਮਾਮਲੇ ਦੀ ਸੁਣਵਾਈ ਲੋਕ ਸਭਾ ਦੀਆਂ ਅਗਲੀਆਂ ( 2019) ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਸ਼ੁਰੂ ਕੀਤੀ ਜਾਏ। ਦੱਸਿਆ ਜਾਂਦਾ ਹੈ ਕਿ ਵਿਦਵਾਨ ਜੱਜਾਂ ਨੇ ਮਾਮਲੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਅੰਗਰੇਜ਼ੀ ਵਿੱਚ ਨਾ ਮਿਲਣ ਦੀ ਗੱਲ ਤਾਂ ਸਵੀਕਾਰ ਕਰ ਲਈ ਪਰ 2019 ਦੀਆਂ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਵਰ੍ਹੇ ਦੀ 8 ਫਰਵਰੀ ਤੋਂ ਸ਼ੁਰੂ ਕਰਨ ਦਾ ਫੈਸਲਾ ਦੇ ਦਿੱਤਾ। ਇਹ ਗੱਲ ਇੱਥੇ ਵਰਣਨਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਇਹ ਸੁਣਵਾਈ ਇਲਾਹਬਾਦ ਹਾਈਕੋਰਟ ਦੇ 30 ਸਤੰਬਰ 2010 ਨੂੰ ਦਿੱਤੇ ਗਏ ਉਸ ਫੈਸਲੇ ਵਿਰੁੱਧ ਕੀਤੀ ਗਈ ਅਪੀਲ ਪੁਰ ਕੀਤੀ ਜਾ ਰਹੀ ਹੈ, ਜਿਸ ਵਿੱਚ ਉਸਨੇ ਰਾਮ ਮੰਦਿਰ - ਬਾਬਰੀ ਮਸਜਿਦ ਵਿਵਾਦ ਨਾਲ ਸੰਬੰਧਤ ਜ਼ਮੀਨ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ, ਜਿੱਥੇ ਰਾਮ-ਲਲਾ ਦੀ ਮੂਰਤੀ ਬਿਰਾਜਮਾਨ ਸੀ, ਉਹ ਹਿੰਦੂਆਂ ਨੂੰ ਦੇਣ, ਜਿਸ ਥਾਂ ਤੇ ਰਾਮ ਚਬੂਤਰਾ, ਭੰਡਾਰ ਅਤੇ ਸੀਤਾ ਰਸੋਈ ਹੋਣ ਦਾ ਦਾਅਵਾ ਕੀਤਾ ਗਿਆ, ਉਹ ਨਿਰਮੋਹੀ ਅਖਾੜੇ ਨੂੰ ਤੇ ਬਾਕੀ ਦਾ ਤੀਜਾ ਹਿੱਸਾ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਲਈ ਦੇਣ ਦਾ ਫੈਸਲਾ ਦਿੱਤਾ ਸੀ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਸ ਤੋਂ ਕੁਝ ਹੀ ਸਮਾਂ ਪਹਿਲਾਂ ਇੱਕ ਭਾਰਤੀ ਵੈੱਬਸਾਈਟ ‘ਕੋਬਰਾਪੋਸਟ.ਕਾਮ’ ਵਲੋਂ ‘ਆਪ੍ਰੇਸ਼ਨ.ਜਨਮਭੂਮੀ’ ਦੇ ਪ੍ਰਸਾਰਣ ਰਾਹੀਂ ਇਹ ਖੁਲਾਸਾ ਕੀਤਾ ਜਾਣਾ, ਆਪਣੇ ਆਪ ਵਿੱਚ ਬਹੁਤ ਹੀ ਵਿਵਾਦਆਤਮਕ ਰੂਪ ਵਿੱਚ ਸਾਹਮਣੇ ਆ ਚੁੱਕਾ ਸੀ ਕਿ 90-ਦੇ ਦਹਾਕੇ ਵਿੱਚ ਬਾਬਰੀ ਮਸਜਿਦ ਨੂੰ ਢਾਹਿਆ ਜਾਣਾ, ਭੀੜ ਦਾ ਵਕਤੀ ਉਭਾਰ ਨਹੀਂ ਸੀ, ਜਿਵੇਂ ਕਿ ਭਾਜਪਾ ਦੇ ਆਗੂਆਂ ਵਲੋਂ ਪ੍ਰਚਾਰਿਆ ਜਾਂਦਾ ਰਿਹਾ, ਸਗੋਂ ਇਹ ਭਾਜਪਾ ਅਤੇ ਉਸਦੀਆਂ ਸਮਾਨ ਵਿਚਾਰ-ਧਾਰਾ ਵਾਲੀਆਂ ਸਹਿਯੋਗੀ ਜਥੇਬੰਦੀਆਂ ਦੀ ਮਿਲੀ-ਭੁਗਤ ਨਾਲ ਰਚੀ ਗਈ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।
ਪਿਛੋਕੜ:
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਇਸ ਖੁਲਾਸੇ ਲਈ ਭਾਜਪਾ ਵਲੋਂ ਕਾਂਗਰਸ ਪੁਰ ਦੋਸ਼ ਲਾਇਆ ਗਿਆ ਕਿ ਉਸਨੇ ਲੋਕਸਭਾ ਚੋਣਾਂ ਵਿੱਚ ਫਿਰਕੂ ਆਧਾਰ ’ਤੇ ਮਤਦਾਤਾਵਾਂ ਦਾ ਧਰੂਵੀਕਰਣ ਕਰਨ ਦੇ ਉਦੇਸ਼ ਨਾਲ ਦੱਬੇ ਮੁਰਦੇ ਨੂੰ ਉਖਾੜ ਬਾਹਰ ਲਿਆਂਦਾ ਹੈ, ਉੱਥੇ ਹੀ ਕਾਂਗਰਸ ਵਲੋਂ ਭਾਜਪਾ ਪੁਰ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਉਸ (ਭਾਜਪਾ) ਨੇ ਉਸੇ ਤਰ੍ਹਾਂ ਕਟੱੜਪੰਥੀਆਂ ਦਾ ਝੁਕਾਅ ਆਪਣੇ ਹੱਕ ਵਿੱਚ ਕਰਨ ਲਈ ਇਹ ਸਾਜ਼ਿਸ਼ ਰਚੀ ਹੈ, ਜਿਵੇਂ ਉਸਦੇ ਆਗੂਆਂ ਨੇ ਇਸ ਕਾਂਡ ਨੂੰ ਬਰਪਾ, ਉਨ੍ਹਾਂ ਦਾ ਧਰੂਵੀਕਰਣ ਆਪਣੇ ਹੱਕ ਵਿੱਚ ਕੀਤਾ ਸੀ।
ਆਪਸੀ ਖਹਿਬੜਬਾਜ਼ੀ ਵਿੱਚ ਹੋਏ ਇਸ ਖੁਲਾਸੇ ਤੋਂ ਬਾਅਦ ਜ਼ਰੂਰੀ ਹੋ ਜਾਂਦਾ ਹੈ ਕਿ 90-ਦੇ ਦਹਾਕੇ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦਾ ਕਾਂਡ ਵਾਪਰੇ ਜਾਣ ਦੇ ਸਬੰਧ ਵਿੱਚ ਲੰਬਾ ਸਮਾਂ ਅਦਾਲਤ ਵਿੱਚ ਚੱਲੇ ਮੁਕੱਦਮੇ ਦਾ ਇਲਾਹਬਾਦ ਹਾਈ ਕੋਰਟ ਦਾ ਜੋ ਫੈਸਲਾ ਆਇਆ ਅਤੇ ਇਸ ਵਿਵਾਦ ਨਾਲ ਸਬੰਧਤ ਪਾਰਟੀਆਂ ਦੇ ਆਗੂਆਂ ਦਾ ਜੋ ਪ੍ਰਤੀਕਰਮ ਰਿਹਾ, ਉਸਦਾ ਜਵਾਬ ਤਲਾਸ਼ਣ ਲਈ ਇਸ ਮੁੱਦੇ ਤੇ ਵਿਸਥਾਰ ਨਾਲ ਚਰਚਾ ਕੀਤੀ ਜਾਏ।
ਲੰਬੇ ਸਮੇਂ ਤਕ ਲੜੀ ਗਈ ਅਦਾਲਤੀ ਲੜਾਈ ਤੋਂ ਬਾਅਦ ‘ਬਾਬਰੀ ਮਸਜਿਦ ਬਨਾਮ ਰਾਮ ਜਨਮ ਭੂਮੀ’ ਦੀ ਜ਼ਮੀਨ ਦੇ ਮਾਲਕਾਨਾ ਅਧਿਕਾਰ ਸਬੰਧੀ ਚੱਲ ਰਹੇ ਵਿਵਾਦ ਦਾ ਜੋ ਉਪਰੋਕਤ ਫੈਸਲਾ ਆਇਆ ਤੇ ਉਸ ਤੋਂ ਬਾਅਦ ਜੋ ਹਾਲਾਤ ਸਾਹਮਣੇ ਆ ਰਹੇ ਸਨ, ਉਨ੍ਹਾਂ ਤੋਂ ਉਸੇ ਸਮੇਂ ਹੀ ਇਹ ਗੱਲ ਸਪਸ਼ਟ ਜਾਪਣ ਲੱਗ ਪਈ ਸੀ ਕਿ ਇਸ ਫੈਸਲੇ ਨੂੰ ਅੰਤਿਮ ਰੂਪ ਵਿੱਚ ਸ਼ਾਇਦ ਹੀ ਕਿਸੇ ਧਿਰ ਵਲੋਂ ਸਵੀਕਾਰਿਆ ਜੇਗਾ। ਇਸ ਲੜਾਈ ਨੂੰ ਲੜਦੀਆਂ ਚਲੀਆਂ ਆ ਰਹੀਆਂ ਧਿਰਾਂ, ਨਿਰਮੋਹੀ ਅਖਾੜਾ, ਵਿਸ਼ਵ ਹਿੰਦੂ ਪ੍ਰੀਸ਼ਦ, ਆਲ ਇੰਡੀਆ ਮੁਸਲਿਮ ਲਾਅ ਬੋਰਡ ਅਤੇ ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਮੁਖੀਆਂ ਨੇ ਇਸ ਫੈਸਲੇ ਨੂੰ ਭਾਵੇਂ ਮੁੱਢੋਂ ਹੀ ਰੱਦ ਨਹੀਂ ਸੀ ਕੀਤਾ, ਪ੍ਰੰਤੂ ਉਨ੍ਹਾਂ ਇਸ ਨੂੰ ਅੰਸ਼ਕ ਰੂਪ ਵਿੱਚ ਅਸਵੀਕਾਰ ਕਰਦਿਆਂ, ਸੁਪਰੀਮ ਕੋਰਟ ਵਿੱਚ ਜਾਣ ਦੀ ਗੱਲ ਜ਼ਰੂਰ ਕਹੀ ਸੀ।
ਵਿਵਾਦ ਦੀ ਆਰੰਭਤਾ:
ਇਹ ਵਿਵਾਦਾਤਮਕ ਲੜਾਈ ਉਸ ਸਮੇਂ ਅਰੰਭ ਹੋਈ, ਜਦੋਂ 90-ਵੇਂ ਦਹਾਕੇ ਦੀ ਇਕ ਰਾਤ ਨੂੰ ਚੁੱਪ-ਚਪੀਤੇ ਹੀ ਵਿਵਾਦਤ ਥਾਂ ਦੇ ਵਿਚਕਾਰਲੇ ਗੁੰਬਦ ਹੇਠਾਂ ਮੂਰਤੀਆਂ ਰੱਖ, ਮੁਸਲਮਾਨਾਂ ਦੇ ਉੱਥੇ ਨਮਾਜ਼ ਪੜ੍ਹਨ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਗਈ। ਸਮੇਂ ਦੇ ਨਾਲ ਵੱਖ-ਵੱਖ ਪੜਾਵਾਂ ਤੋਂ ਹੁੰਦਾ ਇਹ ਵਿਵਾਦ ਲਗਾਤਾਰ ਵਧਦਾ ਚਲਿਆ ਗਿਆ। ਆਖਿਰ ਇਹ ਵਿਵਾਦ ਉਸ ਸਮੇਂ ਨਾਜ਼ੁਕ ਦੌਰ ਵਿੱਚ ਦਾਖਲ ਹੋ ਗਿਆ, ਜਦੋਂ 6 ਦਸੰਬਰ 1992 ਨੂੰ ਕਥਤ ਰੂਪ ਵਿੱਚ ‘ਭੜਕੀ’ ਭੀੜ ਨੇ ਬਾਬਰੀ ਮਸਜਿਦ ਢਾਹ ਦਿੱਤੀ। ਦੱਸਿਆ ਗਿਆ ਕਿ ਇਸ ਨੂੰ ਢਾਹੇ ਜਾਣ ਵਿੱਚ ਭਾਜਪਾ, ਜਿਸਦੀ ਕਿ ਉੱਤਰ ਪ੍ਰਦੇਸ਼ ਵਿੱਚ ਸਰਕਾਰ ਸੀ ਅਤੇ ਉਸਦੇ ਮੁੱਖ ਮੰਤਰੀ ਕਲਿਆਣ ਸਿੰਘ ਦੀ ਮੁੱਖ ਭੂਮਿਕਾ ਰਹੀ ਸੀ।
ਬਾਬਰੀ ਮਸਜਿਦ ਸੰਬੰਧੀ ਚੱਲ ਰਹੇ ਵਿਵਾਦ ਦੌਰਾਨ ਮਸਜਿਦ ਢਾਹੇ ਜਾਣ ਦੇ ਸੰਬੰਧ ਵਿੱਚ ਹੋ ਰਹੀ ਸਾਜ਼ਿਸ਼ ਦੀਆਂ ਮਿਲ ਰਹੀਆਂ ਸੂਹਾਂ ਦੇ ਆਧਾਰ ’ਤੇ ਕੇਂਦਰ ਸਰਕਾਰ ਵਲੋਂ ਜਦੋਂ ਰਾਜ ਸਰਕਾਰ ਪਾਸ ਚਿੰਤਾ ਪ੍ਰਗਟ ਕੀਤੀ ਗਈ ਤਾਂ ਉਸ ਸਮੇਂ ਦੀ ਭਾਜਪਾ ਸਰਕਾਰ ਦੇ ਮੁੱਖੀ ਮੁਖ ਮੰਤਰੀ ਕਲਿਆਣ ਸਿੰਘ ਨੇ ਕੇਂਦਰ ਸਰਕਾਰ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਸਰਕਾਰ ਬਾਬਰੀ ਮਸਜਿਦ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਢਾਹੁਣ ਦੇਵੇਗੀ। ਪਰ ਬਾਬਰੀ ਮਸਜਿਦ ਢਾਹੇ ਜਾਣ ਦੇ ਸੰਬੰਧ ਵਿੱਚ ਸਾਰੇ ਘਟਨਾ-ਕ੍ਰਮ ਦੇ ਪਿਛੋਕੜ ਵਿੱਚ ਭਾਜਪਾ ਦੇ ਨੇਤਾਵਾਂ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ਬਾਬਰੀ ਮਸਜਿਦ ਢਾਹ ਕੇ ਜੇ ਇੱਥੇ ਰਾਮ ਮੰਦਿਰ ਦੇ ਨਿਰਮਾਣ ਕੀਤੇ ਜਾਣ ਦਾ ਮੁੱਦਾ ਉਛਾਲਿਆ ਜਾਏ ਤਾਂ ਉਹ ਇੱਕ ਵਿਸ਼ੇਸ਼ ਵੋਟ-ਬੈਂਕ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਸਕਦੇ ਹਨ। ਇਹ ਵੀ ਮੰਨਿਆ ਗਿਆ ਕਿ ਇਸੇ ਉਦੇਸ਼ ਨੂੰ ਮੁੱਖ ਰੱਖਕੇ ਹੀ ਲਾਲ ਕ੍ਰਿਸ਼ਨ ਅਡਵਾਨੀ ਨੇ ‘ਰਾਮ-ਰੱਥ ਯਾਤਰਾ’ ਕੀਤੀ, ਜਿਸਦੇ ਫਲਸਰੂਪ ਸਮੁੱਚੇ ਦੇਸ਼ ਵਿੱਚ ਅਜਿਹਾ ਫਿਰਕੂ ਤਣਾਅ ਦਾ ਵਾਤਾਵਰਣ ਬਣ ਗਿਆ, ਜਿਸਦੇ ਚੱਲਦਿਆਂ ਆਗੂਆਂ ਵਲੋਂ ਉਭਾਰੇ ਜੋਸ਼ ਦੇ ਵਹਿਣ ਵਿੱਚ ਵਹਿ, ਭਾਰੀ ਗਿਣਤੀ ਵਿੱਚ ਅਯੁੱਧਿਆ ਵਿੱਚ ਇਕੱਠੇ ਹੋਏ ‘ਰਾਮ-ਭਗਤਾਂ’ ਨੇ ਬਾਬਰੀ ਮਸਜਿਦ ਢਾਹ ਦਿੱਤੀ।
ਉੱਧਰ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਕਿਹਾ ਜਾਂਦਾ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਦੇ ਕਾਂਡ ਪਿੱਛੇ, ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਉ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ਜੇ ਭਾਜਪਾ ਵਲੋਂ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ ਤਾਂ ਉਸ ਪਾਸ ਕਾਂਗਰਸ ਵਿਰੁੱਧ ਵਰਤਣ ਲਈ ਕੋਈ ਮੁੱਦਾ ਨਹੀਂ ਰਹਿ ਜਾਏਗਾ।
ਇਹੀ ਕਾਰਣ ਸੀ ਕਿ ਭਾਜਪਾ ਵਲੋਂ ਬਾਬਰੀ ਮਸਜਿਦ ਢਾਹ ਦੇਣ ਦੀ ਉਲੀਕੀ ਗਈ ਯੋਜਨਾ ਅਤੇ ਉਸ ਵਿੱਚ ਪ੍ਰਦੇਸ਼ ਦੀ ਕਲਿਆਣ ਸਿੰਘ ਸਰਕਾਰ ਵਲੋਂ ਸਹਿਯੋਗ ਦਿੱਤੇ ਜਾਣ ਦੀਆਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮਿਲਣ ਦੇ ਬਾਵਜੂਦ, ਕੇਂਦਰ ਸਰਕਾਰ ਵਲੋਂ ਬਾਬਰੀ ਮਸਜਿਦ ਦੀ ਸੁਰੱਖਿਆ ਕਰਕੇ ਫਸਾਦੀਆਂ ਹੱਥੋਂ ਉਸ ਨੂੰ ਬਚਾਉਣ ਲਈ ਨਾ ਤਾਂ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਅਤੇ ਨਾ ਹੀ ਭੀੜ ਨੂੰ ਅਯੁੱਧਿਆ ਵਿੱਖੇ ਇਕੱਠਿਆਂ ਹੋਣ ਤੋਂ ਰੋਕਣ ਲਈ ਕੋਈ ਉਪਰਾਲੇ ਹੀ ਕੀਤੇ ਗਏ।
… ਅਤੇ ਅੰਤ ਵਿੱਚ:
ਆਖਰ ਬਾਬਰੀ ਮਸਜਿਦ ਢਾਹ ਦਿੱਤੀ ਗਈ। ਫਲਸਰੂਪ ਦੇਸ਼ ਦੇ ਕਈ ਹਿੱਸਿਆਂ ਵਿੱਚ ਫਿਰਕੂ-ਫਸਾਦ ਹੋਏ ਤੇ ਅਨੇਕਾਂ ਬੇਗੁਨਾਹ ਲੋਕੀ ਇਨ੍ਹਾਂ ਫਸਾਦਾਂ ਦੀ ਭੇਂਟ ਚੜ੍ਹ ਗਏ। ਇਸਦਾ ਪ੍ਰਤੀਕਰਮ ਮੁਸਲਿਮ ਦੇਸ਼ਾਂ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਹਿੰਦੂਆਂ ਅਤੇ ਉਨ੍ਹਾਂ ਦੇ ਧਰਮ-ਅਸਥਾਨਾਂ ਪੁਰ ਹਮਲੇ ਕੀਤੇ ਗਏ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸਦੇ ਨਾਲ ਕੁਝ ਮੁਸਲਿਮ ਦੇਸ਼ਾਂ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜਿਸਦਾ ਕਾਰਣ ਇਹ ਮੰਨਿਆ ਗਿਆ ਕਿ ਜਿਨ੍ਹਾਂ ਦਿਨਾਂ ਵਿੱਚ ਬਾਬਰੀ ਮਸਜਿਦ ਢਾਹੁਣ ਦਾ ਅੰਦੋਲਨ ਛੇੜਿਆ ਹੋਇਆ ਸੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਉਦੇਸ਼ ਲਈ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਅਯੁੱਧਿਆ ਵਲ ਜਥੇ ਭੇਜੇ ਜਾ ਰਹੇ ਸਨ, ਤਾਂ ਉਨ੍ਹਾਂ ਦਿਨਾਂ ਵਿੱਚ ਹੀ ਬਾਬਰੀ ਮਸਜਿਦ ਵਿਰੋਧੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਇੱਕ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁੱਖੀ ਵਲੋਂ ਅਯੁੱਧਿਆ ਜਥਾ ਲਿਜਾਣ ਅਤੇ ਉਸ ਨੂੰ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ’ਤੇ ਰੋਕ ਲਏ ਜਾਣ ਦੀਆਂ ਫੋਟੋਆਂ ਤੇ ਖਬਰਾਂ ਮੀਡੀਆ ਵਿੱਚ ਆ ਗਈਆਂ ਸਨ।
*****
(923)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)