“ਸਭ ਪਾਸਿਉਂ ਨਿਰਾਸ਼ ਹੋ ਜਦੋਂ ਉਹ ਵਾਪਸ ਮੁੜੇ ਤਾਂ ਰਸਤੇ ਵਿੱਚ ...”
(23 ਨਵੰਬਰ 2017)
ਔਰੰਗਜ਼ੇਬ ਨੇ ਜਿਸ ਤਰ੍ਹਾਂ ਆਪਣੇ ਪਿਉ, ਸ਼ਾਹਜਹਾਨ ਤੇ ਭੈਣ ਨੂੰ ਕੈਦ ਅਤੇ ਭਰਾਵਾਂ ਦਾ ਕਤਲ ਕਰਨ ਤੋਂ ਬਾਅਦ ਪੀਰਾਂ-ਫਕੀਰਾਂ ਪੁਰ ਜ਼ੁਲਮ ਢਾਹ ਕੇ ਦਿੱਲੀ ਦਾ ਤਖਤ ਹਥਿਆਇਆ, ਉਸਦੇ ਫਲਸਰੂਪ ਮੁੱਲਾਂ-ਮੌਲਵੀਆਂ ਤੇ ਉਸਦੇ ਆਪਣੇ ਦੀਨ-ਭਰਾਵਾਂ, ਮੁਸਲਮਾਨਾਂ ਦਾ ਇੱਕ ਵੱਡਾ ਹਿੱਸਾ, ਉਸ ਨਾਲ ਨਾਰਾਜ਼ ਹੋ ਕੇ ਬਗਾਵਤ ਕਰਨ ਦੀਆਂ ਵਿਉਂਤਾਂ ਗੁੰਦਣ ਲੱਗ ਪਿਆ ਸੀ, ਜਿਸਦੀਆਂ ਮਿਲ ਰਹੀਆਂ ਸੂਹਾਂ ਨੇ ਔਰੰਗਜ਼ੇਬ ਨੂੰ ਪ੍ਰੇਸ਼ਾਨ ਕਰ ਦਿੱਤਾ। ਇਸ ਸਥਿਤੀ ਵਿੱਚੋਂ ਉੱਭਰਨ ਅਤੇ ਹਾਲਾਤ ਨੂੰ ਸੰਭਾਲਣ ਦੇ ਉਦੇਸ਼ ਨਾਲ ਉਸਨੇ ਆਪਣੇ-ਆਪ ਨੂੰ ਦੀਨ ਦਾ ਸਭ ਤੋਂ ਵੱਡਾ ਸ਼ੁਭਚਿੰਤਕ ਸਾਬਤ ਕਰਕੇ ਮੁਸਲਮਾਨਾਂ ਦੇ ਦਿਲ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਗੈਰ-ਮੁਸਲਮਾਨਾਂ, ਵਿਸ਼ੇਸ਼ ਕਰਕੇ ਹਿੰਦੂਆਂ ਪੁਰ ਜ਼ੁਲਮ ਢਾਹੁਣੇ ਅਤੇ ਉਨ੍ਹਾਂ ਨੂੰ ਡਰਾ, ਧਮਕਾ ਅਤੇ ਲਾਲਚ ਦੇ ਦੀਨ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਮੁਹਿੰਮ ਉਸਨੇ ਕਸ਼ਮੀਰ ਤੋਂ ਅਰੰਭ ਕੀਤੀ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਪਹਿਲਾਂ ਕਸ਼ਮੀਰ ਨੂੰ ਹੀ ਕਿਉਂ ਚੁਣਿਆ? ਔਰੰਗਜ਼ੇਬ ਦੀ ਇਸ ਨੀਤੀ ਦੇ ਸੰਬੰਧ ਵਿੱਚ ਇਤਿਹਾਸਕਾਰਾਂ ਨੇ ਵੱਖ-ਵੱਖ ਵਿਚਾਰ ਪ੍ਰਗਟਾਏ ਹਨ। ਭਾਈ ਮਨੀ ਸਿੰਘ ਅਨੁਸਾਰ ਉਸਨੇ ਸੋਚਿਆ ਕਿ ਕਸ਼ਮੀਰ ਵਿੱਚ ਬ੍ਰਾਹਮਣ ਵੱਡੀ ਗਿਣਤੀ ਵਿੱਚ ਵਸਦੇ ਹਨ, ਜੋ ਹਿੰਦੂਆਂ ਨੂੰ ਧਾਰਮਕ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਕਰਦੇ ਹਨ। ਜੇ ਇਨ੍ਹਾਂ ਨੂੰ ਮੁਸਲਮਾਣ ਬਣਾ ਲਿਆ ਜਾਏ ਤਾਂ ਬਾਕੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿੱਚ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਇਨ੍ਹਾਂ ਨੂੰ ਵੇਖ ਬਾਕੀ ਆਪਣੇ-ਆਪ ਹੀ ਇਸਲਾਮ ਧਰਮ ਅਪਨਾਉਣ ਲਈ ਅੱਗੇ ਆਉਣ ਲੱਗਣਗੇ।
ਇਸੇ ਸੋਚ ਅਧੀਨ ਔਰੰਗਜ਼ੇਬ ਨੇ ਪਹਿਲਾਂ ਕਸ਼ਮੀਰ ਦੇ ਬ੍ਰਾਹਮਣਾਂ ਅਤੇ ਦੂਸਰੇ ਹਿੰਦੂਆਂ ਨੂੰ ਮੁਸਲਮਾਨ ਬਣਨ ’ਤੇ ਮਜਬੂਰ ਕਰਨ ਲਈ ਉਨ੍ਹਾਂ ਪੁਰ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਸਾਮ-ਦਾਮ-ਦੰਡ ਦਾ ਹਰ ਢੰਗ ਅਪਨਾਇਆ। ਔਰੰਗਜ਼ੇਬ ਵਲੋਂ ਇਸ ਤਰ੍ਹਾਂ ਕੀਤੇ ਜਾ ਰਹੇ ਅੰਨ੍ਹੇ ਜ਼ੁਲਮਾਂ ਤੋਂ ਘਬਰਾ ਕੇ ਆਪਣੇ ਧਰਮ ਨੂੰ ਬਚਾਉਣ ਦੀ ਪੁਕਾਰ ਲੈ ਕੇ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਪ੍ਰਤੀਨਿਧੀ ਮੰਡਲ, ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਹਿੰਦੂ-ਰਾਜਪੂਤ ਰਾਜਿਆਂ ਦਾ ਦਰ ਖੜਕਾਉਣ ਤੁਰ ਪਿਆ। ਇਨ੍ਹਾਂ ਪੰਡਤਾਂ ਦੇ ਪ੍ਰਤੀਨਿਧੀ ਮੰਡਲ ਨੇ ਜਾ ਹਰ ਹਿੰਦੂ-ਰਾਜਪੂਤ ਰਾਜੇ ਦੇ ਦਰ ਤੇ ਦਸਤਕ ਦਿੱਤੀ ਪਰ ਉਨ੍ਹਾਂ ਦੀ ਮਦਦ ਲਈ ਕੋਈ ਵੀ ਤਿਆਰ ਨਾ ਹਇਆ। ਕਿਸੇ ਨੇ ਰੁਝੇਵਿਆਂ ਵਿੱਚ ਰੁੱਝੇ ਹੋਣ ਦਾ ਬਹਾਨਾ ਕਰਕੇ ਇਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕਿਸੇ ਨੇ ਮੁਗਲ ਹਕੁਮਤ ਦੇ ਮੁਕਾਬਲੇ ਆਪਣੇ-ਆਪ ਨੂੰ ਬਹੁਤ ਹੀ ਕਮਜ਼ੋਰ ਹੋਣ ਦੀ ਗੱਲ ਕਹਿ, ਕੇ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਣ ਦੇ ਸਮਰੱਥ ਨਾ ਹੋਣ ਦੀ ਗੱਲ ਕਹਿ ਆਪਣਾ ਪਿੱਛਾ ਛੁਡਾ ਲਿਆ। ਸਭ ਪਾਸਿਉਂ ਨਿਰਾਸ਼ ਹੋ ਜਦੋਂ ਉਹ ਵਾਪਸ ਮੁੜੇ ਤਾਂ ਰਸਤੇ ਵਿੱਚ ਜਿੱਥੇ ਕਿੱਥੇ ਵੀ ਪੜਾਅ ਕਰਦੇ, ਆਪੋ ਵਿੱਚ ਮਿਲ ਬੈਠ ਸਲਾਹ ਕਰਦੇ ਕਿ ਹੁਣ ਕੀ ਕੀਤਾ ਜਾਏ ਅਤੇ ਕਿਹੜਾ ਰਾਹ ਅਪਨਾਇਆ ਜਾਏ, ਜਿਸ ਨਾਲ ਉਨ੍ਹਾਂ ਦਾ ਧਰਮ ਅਤੇ ਜਾਨ-ਮਾਲ ਬਚ ਸਕਣ, ਪਰ ਉਨ੍ਹਾਂ ਨੂੰ ਕੋਈ ਵੀ ਰਾਹ ਵਿਖਾਈ ਨਾ ਦਿੰਦਾ। ਇਤਿਹਾਸਕ ਮਾਨਤਾ ਅਨੁਸਾਰ ਇੱਕ ਰਾਤ ਪੰਡਤ ਕ੍ਰਿਪਾ ਰਾਮ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ, ਜਿਨ੍ਹਾਂ ਉਸ ਨੂੰ ਕਿਹਾ ਕਿ ਉਹ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਜਾਣ। ਉਸਨੇ ਉਸੇ ਸਮੇਂ ਉੱਠ ਆਪਣੇ ਸਾਥੀਆਂ ਨਾਲ ਸੁਪਨੇ ਦੀ ਗੱਲ ਸਾਂਝੀ ਕੀਤੀ।
ਕਿਰਪਾ ਰਾਮ ਪਾਸੋਂ ਸੁਪਨੇ ਦੀ ਗੱਲ ਸੁਣ ਉਸਦੇ ਸਾਥੀ ਬ੍ਰਾਹਮਣਾਂ ਨੂੰ ਆਪਣਾ ਧਰਮ ਬਚ ਜਾਣ ਦੀ ਕੁਝ ਆਸ ਤਾਂ ਬਝੀ, ਪਰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰੇ ਉਹ ਪੁਰੀ ਤਰ੍ਹਾਂ ਨਿਸ਼ਚਿੰਤ ਨਾ ਹੋ ਸਕੇ। ਇਸਦਾ ਕਾਰਣ ਉਹ ਇਹ ਸਮਝਦੇ ਸਨ ਕਿ ਜੇ ਹਿੰਦੂ ਰਾਜਪੂਤ ਰਾਜਿਆਂ ਨੇ ਫੌਜੀ ਸ਼ਕਤੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਾਂਹ ਨਹੀਂ ਫੜੀ ਤਾਂ ਇੱਕ ਫਕੀਰ ਬਾਬਾ ਨਾਨਕ ਦੀ ਗਦੀ ਦਾ ਵਾਰਿਸ ਉਨ੍ਹਾਂ ਦੀ ਸਹਾਇਤਾ ਕਿਵੇਂ ਕਰ ਸਕੇਗਾ? ਫਿਰ ਵੀ ‘ਡੁੱਬਦੇ ਨੂੰ ਤਿਨਕੇ ਦਾ ਸਹਾਰਾ’ ਮੰਨ ਕੇ ਉਹ ਅਨੰਦਪੁਰ ਸਾਹਿਬ ਵਲ ਤੁਰ ਪਏ।
ਅਨੰਦਪੁਰ ਸਾਹਿਬ ਪੁੱਜ ਕੇ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਪੁਕਾਰ ਕੀਤੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਨੇ ਗਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਜੋਈ ਕੀਤੀ, ‘ਬਾਹਿ ਅਸਾਡੀ ਪਕੜੀਏ ਗੁਰੂ ਹਰਿਗੋਬਿੰਦ ਕੇ ਚੰਦ’ ਜਿਸ ’ਤੇ ਸ੍ਰੀ ਤੇਗ ਬਹਾਦਰ ਜੀ ਨੇ ਫੁਰਮਾਇਆ:
ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ।
ਬਾਹਿ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਿ ਨਾ ਛੋੜੀਐ।
‘ਸ਼ਹੀਦ ਬਿਲਾਸ’ ਦੇ ਲੇਖਕ ਨੇ ਇਸ ਸਥਿਤੀ ਦਾ ਵਰਣਨ ਇਉਂ ਕੀਤਾ ਹੈ:
‘ਤਬ ਸਤਿਗੁਰ ਇਵ ਮਨ ਠਹਿਰਾਈ। ਬਿਨ ਸਿਰ ਦੀਏ ਜਗਤ ਦੁਖ ਪਾਈ’।
ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਸਾਰੇ ਹਾਲਾਤ ਤੋਂ ਪਹਿਲਾਂ ਹੀ ਜਾਣੂ ਸਨ, ਨੇ ਬਹੁਤ ਹੀ ਸੋਚ-ਵਿਚਾਰ ਕੇ ਪੰਡਤਾਂ ਨੂੰ ਕਿਹਾ ਕਿ ਅਜਿਹੇ ਹਾਲਾਤ ਵਿੱਚ ਤੁਹਾਡੀ ਅਤੇ ਤੁਹਾਡੇ ਧਰਮ ਦੀ ਰੱਖਿਆ ਤਾਂ ਹੀ ਹੋ ਸਕਦੀ ਹੈ, ਜੇ ਕੋਈ ਮਹਾਨ ਆਤਮਾ ਆਪਣਾ ਬਲੀਦਾਨ ਦੇਣ ਲਈ ਤਿਆਰ ਹੋਵੇ। ਸਿੱਖ ਇਤਿਹਾਸ ਅਨੁਸਾਰ ਇਸੇ ਸਮੇਂ ਬਾਲਕ ਗੋਬਿੰਦ ਰਾਏ ਜੀ ਖੇਡਦੇ-ਖੇਡਦੇ ਦਰਬਾਰ ਵਿੱਚ ਆ ਗਏ। ਉਨ੍ਹਾਂ ਸਾਰੀ ਗੱਲ ਸੁਣਕੇ ਕਿਹਾ ਕਿ ਪਿਤਾ ਗੁਰਦੇਵ, ਇਸ ਸਮੇਂ ਸੰਸਾਰ ਵਿੱਚ ਤੁਹਾਡੇ ਤੋਂ ਮਹਾਨ ਆਤਮਾ ਕੌਣ ਹੈ? ਗੁਰੂ ਨਾਨਕ ਦੇ ਦਰ ਤੋਂ ਵੱਡਾ ਤੇ ਉੱਚਾ ਦਰ ਹੋਰ ਕਿਹੜਾ ਹੋ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੀ ਜੋਤ ਤੋਂ ਉੱਚੀ ਹੋਰ ਕਿਹੜੀ ਜੋਤ ਹੋ ਸਕਦੀ ਹੈ? ਇਸ ਲਈ ਇਹ ਬਲੀਦਾਨ ਇਸੇ ਦਰ ਤੋਂ ਹੋਣਾ ਚਾਹੀਦਾ ਹੈ। ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਗੁਰੂ ਨਾਨਕ ਦੇ ਜੀ ਦੀ ਜਗਾਈ ਗਈ ਜੋਤ ਨੂੰ ਜਗਦਿਆਂ ਰੱਖਣ ਲਈ ਸ਼ਹਾਦਤ ਦੀ ਕਾਇਮ ਕੀਤੀ ਗਈ ਪਰੰਪਰਾ ਨੂੰ ਇਸੇ ਦਰ ਤੋਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਇਹ ਸੁਣਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਬੇਟਾ ਇਹੀ ਨਹੀਂ, ਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਦਿੱਤੀ ਗਈ ਸ਼ਹਾਦਤ ਤੋਂ ਬਾਅਦ ਪਿਤਾ ਗੁਰਦੇਵ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਧਰਮ ਅਤੇ ਮਜ਼ਲੂਮ ਦੀ ਰੱਖਿਆ ਲਈ ਜੋ ਤਲਵਾਰ ਚੁੱਕੀ ਸੀ, ਉਹ ਵੀ ਚੁੱਕਣੀ ਪਵੇਗੀ। ਇਸ ’ਤੇ ਬਾਲਕ ਗੋਬਿੰਦ ਰਾਏ ਨੇ ਕਮਰ ਵਿੱਚ ਬੱਧੀ ਛੋਟੀ ਕਿਰਪਾਨ ਮਿਆਨ ਵਿੱਚੋਂ ਕੱਢਕੇ ਕਿਹਾ ਕਿ ਜਦੋਂ ਤਕ ਜ਼ੁਲਮ ਅਤੇ ਅਨਿਆਇ ਇਸ ਧਰਤੀ ਪੁਰ ਕਾਇਮ ਰਹਿਣਗੇ, ਤਦ ਤਕ ਉਨ੍ਹਾਂ ਵਿਰੁੱਧ ਜੱਦੋਜਹਿਦ ਜਾਰੀ ਰਹੇਗੀ ਅਤੇ ਇਸਦੀ ਅਗਵਾਈ ਸਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੀਤੀ ਜਾਂਦੀ ਰਹੇਗੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਸੀਨੇ ਨਾਲ ਲਾ ਲਿਆ ਅਤੇ ਨਿਰਾਸ਼ ਬ੍ਰਾਹਮਣਾਂ ਨੂੰ ਕਿਹਾ ਕਿ ਜਾਉ, ਔਰੰਗਜ਼ੇਬ ਨੂੰ ਕਹਿ ਦਿਉ ਕਿ ਜੇ ਉਹ, ਉਨ੍ਹਾਂ ਦੇ ਗੁਰੂ, ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਏ ਤਾਂ ਉਹ ਸਾਰੇ ਹੀ ਬਿਨਾਂ ਕਿਸੇ ਹੀਲ-ਹੁੱਜਤ ਦੇ ਮੁਸਲਮਾਨ ਬਣ ਜਾਣਗੇ।
ਬ੍ਰਾਹਮਣਾਂ ਨੇ ਤੁਰੰਤ ਹੀ ਇਹ ਸੁਨੇਹਾ ਕਸ਼ਮੀਰ ਦੇ ਹਾਕਮ ਨੂੰ ਜਾ ਦਿੱਤਾ ਅਤੇ ਉਸਨੇ ਵੀ ਅੱਗੋਂ ਇਸ ਸੁਨੇਹੇ ਨੂੰ ਔਰੰਗਜ਼ੇਬ ਤਕ ਜਾ ਪਹੁੰਚਾਇਆ। ਔਰੰਗਜ਼ੇਬ ਨੇ ਇਸ ਤਰ੍ਹਾਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਆਸਾਨ ਸਮਝ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ।
ਹੁਣ ਸਿਰਫ ਹਿੰਦੂ ਧਰਮ ਦੀ ਹੀ ਅਜ਼ਾਦੀ ਦੀ ਰੱਖਿਆ ਦਾ ਸਵਾਲ ਨਹੀਂ ਸੀ, ਸਗੋਂ ਸੰਸਾਰ ਦੇ ਸਮੁੱਚੇ ਧਰਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਵਿਸ਼ਵਾਸ ਦੀ ਆਜ਼ਾਦੀ ਦੀ ਰੱਖਿਆ ਦਾ ਸਵਾਲ ਸੀ। ਜੇ ਜ਼ਾਲਮ ਤਲਵਾਰ ਦੇ ਜ਼ੋਰ ਨਾਲ ਕਿਸੇ ਵੀ ਇੱਕ ਧਰਮ ਦੇ ਪੈਰੋਕਾਰਾਂ ਦਾ ਧਰਮ ਸਮੂਹਕ ਰੂਪ ਵਿੱਚ ਬਦਲਣ ਵਿੱਚ ਸਫਲ ਹੋ ਜਾਂਦਾ ਤਾਂ ਸੰਸਾਰ ਭਰ ਵਿੱਚ ਇੱਕ ਨਵੀਂ ਜੱਦੋਜਹਿਦ ਸ਼ੁਰੂ ਹੋ ਜਾਣੀ ਸੀ। ਦੇਸ ਅਤੇ ਪ੍ਰਦੇਸ ਦੀਆਂ ਸਰਹੱਦਾਂ ਵੱਡੀਆਂ ਕਰਨ ਦੀ ਲੜਾਈ ਦੇ ਨਾਲ ਹੀ ਧਰਮ ਫੈਲਾਉਣ ਲਈ ਵੀ ਤਲਵਾਰ ਦੀ ਧਾਰ ਤੇਜ਼ ਹੋ ਜਾਣੀ ਸੀ। ਜਦ ਵੀ ਕਿਸੇ ਇੱਕ ਧਰਮ ਨੂੰ ਮੰਨਣ ਵਾਲੇ ਦਾ ਰਾਜ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਦੇ ਦੇਸ਼ ’ਤੇ ਕਾਇਮ ਹੁੰਦਾ ਤਾਂ ਤਲਵਾਰ ਦੇ ਜ਼ੋਰ ਨਾਲ ਉੱਥੋਂ ਦਾ ਧਰਮ ਬਦਲਣ ਦੀ ਲਹਿਰ ਚੱਲ ਪੈਣੀ ਸੀ। ਇਸ ਕਰਕੇ ਮੁਗਲ ਹਾਕਮਾਂ ਵਲੋਂ ਤਲਵਾਰ ਦੇ ਜ਼ੋਰ ਨਾਲ ਧਰਮ ਬਦਲਣ ਦੀ ਜੋ ਪਿਰਤ ਪਾਈ ਜਾ ਰਹੀ ਸੀ, ਉਸ ਨੂੰ ਠੱਲ੍ਹ ਪਾਇਆ ਜਾਣਾ ਬਹੁਤ ਜ਼ਰੂਰੀ ਹੋ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਠੱਲ੍ਹ ਪਾਉਣ ਲਈ ਆਪਣੀ ਸ਼ਹੀਦੀ ਦੇਣ ਦਾ ਨਿਸ਼ਚਾ ਕਰ ਲਿਆ ਅਤੇ ਦਿੱਲੀ ਵੱਲ ਚੱਲ ਪਏ। ਆਗਰੇ ਪੁੱਜ ਕੇ ਉਨ੍ਹਾਂ ਆਪਣੇ ਤਿੰਨ ਸਿੱਖਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਨਾਲ ਗ੍ਰਿਫਤਾਰੀ ਦਿੱਤੀ ਅਤੇ ਉੱਥੋਂ ਉਨ੍ਹਾਂ ਨੂੰ ਦਿੱਲੀ ਲਿਆ, ਅੰਤਾਂ ਦੇ ਤਸੀਹੇ ਦੇ ਕੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ।
… ਅਤੇ ਅੰਤ ਵਿੱਚ:
ਇਸੇ ਸ਼ਹੀਦੀ ਦੇ ਸਦਕੇ ਹੀ ਕੁਝ ਸਮੇਂ ਬਾਅਦ ਇੱਕ ਸਿੱਖ ਨੇ ਉਸ ਔਰੰਗਜ਼ੇਬ ਨੂੰ ਪੱਥਰ ਮਾਰ, ਆਪਣੇ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਕੀਤਾ, ਜਿਸਦੇ ਦਬਦਬੇ ਨਾਲ ਸਾਰਾ ਹਿੰਦੁਸਤਾਨ ਕੰਬ ਰਿਹਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪ੍ਰਤੀਕਰਮ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਦਾ ਰੂਪ ਦੇ ਜ਼ਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਸਦੀਵੀ ਜੱਦੋਜਹਿਦ ਜਾਰੀ ਰੱਖਣ ਦਾ ਮੁੱਢ ਬੰਨ੍ਹ ਦਿੱਤਾ।
*****
(904)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)