JaswantAjit7ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇਡੱਬੇ ਦੇ ਸਾਰੇ ਦਰਵਾਜ਼ੇ-ਖਿੜਕੀਆਂ ਬੰਦ ...
(22 ਜੂਨ 2018)

 

ਇੱਕ ਪਾਸੇ ਦੇਸ਼ ਵਿੱਚ ਸੂਚਨਾ ਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਇਸ ਦੇਸ਼ ਦੇ ਵਾਸੀ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਕੇ ਉਸੇ ਵਿੱਚ ਭਟਕਦਿਆਂ ਰਹਿਣ ਨੂੰ ਦੇਸ਼ ਦੀ ਹੋਣੀ ਸਮਝ ਬੈਠੇ ਹਨਇੰਨਾ ਹੀ ਨਹੀਂ, ਹਰ ਕੋਈ ਇਹ ਵੇਖ ਰਿਹਾ ਹੈ ਕਿ ਇੱਥੇ ਤਾਂ ਹਰ ਇੱਕ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਪੁਰ ਠੋਸਣ ਲਈ ਤਰਲੋਮੱਛੀ ਹੋ ਰਿਹਾ ਹੈ, ਪਰ ਦੂਸਰੇ ਦੇ ਸੱਚ ਨੂੰ, ਭਾਵੇਂ ਉਹ ਪੂਰਾ ਹੀ ਸੱਚ ਕਿਉਂ ਨਾ ਹੋਵੇ, ਸੱਚ ਮੰਨਣ ਲਈ ਤਿਆਰ ਨਹੀਂਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਕਿਸੇ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਲੋਕਾਂ ਦੇ ਆਪੋ-ਆਪਣੇ ਹੀ ਸੱਚ ਹੁੰਦੇ ਹਨਕੁਝ ਸੱਚ ਤਾਂ ਉਸੇ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਇੱਕ ਪੁਰਾਣੀ ਕਹਾਣੀ ਅਨੁਸਾਰ ‘ਅੰਨ੍ਹਿਆਂ ਲਈ ਹਾਥੀ’ ਸੀਕਿਸੇ ਵੀ ਘਟਨਾ ਦਾ ਕੋਈ ਪੱਖ ਲੈ ਲਉ, ਹਰ ਕੋਈ ਉਸ ਨੂੰ ਆਪਣੇ ਹੀ ਨਜ਼ਰੀਏ ਨਾਲ ਪੇਸ਼ ਕਰਦਾ ਵਿਖਾਈ ਦੇਵੇਗਾ ਹੈਇਸਦੇ ਬਾਵਜੂਦ ਇਹ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨਪ੍ਰੰਤੂ ਅਜਿਹਾ ਤਾਂ ਹੀ ਸੰਭਵ ਹੁੰਦਾ ਹੈ, ਜੇ ਕਿਸੇ ਵੀ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦੱਸਿਆ ਜਾਏਪ੍ਰੰਤੂ ਇਸ ਦੇਸ਼ ਵਿੱਚ ਇਹ ਗੱਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦਸੇ ਨਹੀਂ ਜਾਂਦੇ ਜਾਂ ਫਿਰ ਗ਼ਲਤ ਦੱਸ ਦਿੱਤੇ ਜਾਂਦੇ ਹਨਇਸ ਹਾਲਤ ਵਿੱਚ ਕਈ ਲੋਕ ਸਵਾਲ ਉਠਾਉਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਉਣ ਤੇ ਆਪਣੇ ਹਿਤ ਵਿੱਚ ਆਪੋ-ਆਪਣੀ ‘ਹਕੀਕਤ’ ਪੇਸ਼ ਕਰਨ ਦਾ ਦੌਰ ਆ ਗਿਆ ਹੈਸ਼ਾਇਦ ਇਹੀ ਕਾਰਣ ਹੈ ਕਿ ਘੱਟ ਪੜ੍ਹਿਆ ਲਿਖਿਆ ਵਰਗ ਅਵਿਸ਼ਵਾਸ ਵਿੱਚ ਜ਼ਿੰਦਗੀ ਗੁਜ਼ਾਰਨ ’ਤੇ ਮਜਬੂਰ ਹੋ ਰਿਹਾ ਹੈਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈਸਵਾਲ ਉੱਠਦਾ ਹੈ ਕਿ ਕੀ ਇਸ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵਧ ਸਕੇਗਾ? ਦੇਸ਼ ਦਾ ਇੱਕ ਵਰਗ, ਜੋ ਸਾਰੇ ਝੰਜਟਾਂ ਤੋਂ ਦੂਰ ਹੈ, ਉਸਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ, ਜਿਸਨੂੰ ਅੱਧ-ਪੜ੍ਹਿਆ ਜਾਂ ਅਨਪੜ੍ਹ ਮੰਨਿਆ ਜਾਂਦਾ ਹੈ, ਦੇਸ਼ ਵਿੱਚ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਇਸ ਕੁਚੱਕਰ, ਅਰਧ-ਸੱਚ ਤੇ ਅਵਿਸ਼ਵਾਸ ਦੇ ਪੀੜਤ ਸਮਾਜ ਦੀ ਤੁਲਨਾ ਤੋਂ ਬਹੁਤ ਦੂਰ ਹੈ, ਉਹੀ ਦੇਸ਼ ਅਤੇ ਸਮਾਜ ਲਈ ਉਮੀਦ ਦੀ ਕਿਰਣ ਹੋ ਸਕਦਾ ਹੈ

ਭਾਰਤ ਅਤੇ ਭਾਰਤ ਮਾਤਾ:

ਦੇਸ਼ ਦੇ ਕਈ ਹਿੱਸਿਆਂ ਵਿੱਚ ‘ਭਾਰਤ ਮਾਤਾ ਦੀ ਜੈ’ ਨੂੰ ਲੈ ਕੇ ਅਖੌਤੀ ‘ਦੇਸ਼ ਭਗਤਾਂ ਅਤੇ ਦੇਸ਼ਧ੍ਰੋਹੀਆਂ’ ਵਿਚ ਇੱਕ ਨਾ ਮੁੱਕਣ ਵਾਲੀ ਬਹਿਸ ਚੱਲਣ ਦੇ ਨਾਲ ਹੀ, ਦੋਹਾਂ ਵਿੱਚ ਇੱਕ ਨਾ ਮੁੱਕਣ ਵਾਲੇ ਟਕਰਾਉ ਦਾ ਵਾਤਾਵਰਣ ਵੀ ਬਣਦਾ ਚਲਿਆ ਆ ਰਿਹਾ ਹੈਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵਰਗੇ ਕਿਸੇ ਸਮੇਂ ਇੱਥੋਂ ਤੱਕ ਕਹਿਣ ’ਤੇ ਤੁਲ ਬੈਠੇ ਸਨ ਕਿ ਜਿਨ੍ਹਾਂ ਨੂੰ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਕਹਿਣ ਪੁਰ ਇਤਰਾਜ਼ ਹੈ, ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂਇਸੇ ਤਰ੍ਹਾਂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਭਾਜਪਾ ਨੇਤਾਵਾਂ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਇਹੀ ਸੋਚ ਹੈ ਤਾਂ ਉਹ ਉਸ ਮਹਿਬੂਬਾ ਮੁਫਤੀ ਪਾਸੋਂ ‘ਭਾਰਤ ਮਾਤਾ ਦੀ ਜੈ’ ਅਖਵਾ ਕੇ ਦੱਸਣ, ਜਿਸ ਨਾਲ ਸਾਂਝ ਪਾ ਕੇ ਉਨ੍ਹਾਂ ਨੇ ਲਗਭਗ ਤਿੰਨ ਸਾਲ ਜੰਮੂ-ਕਸਮੀਰ ਵਿੱਚ ਸਰਕਾਰ ਬਣਾਈ ਰੱਖੀ ਸੀਅਜਿਹੇ ਹਾਲਾਤ ਦੀ ਵਿਆਖਿਆ ਕਰਦਿਆਂ ਇੱਕ ਟਿੱਪਣੀਕਾਰ ਨੇ ਲਿਖਿਆ ਕਿ ‘ਭਾਰਤ’ ਇੱਕ ਸੱਚਾਈ ਹੈ ਤੇ ‘ਭਾਰਤ ਮਾਤਾ’ ਇੱਕ ਕਲਪਨਾ! ਇਹ ਕਲਪਨਾ ਇੱਕ ਅਜਿਹੇ ਦੇਸ਼ ਦੀ ਹੈ, ਜਿਸ ਵਿੱਚ ਕੋਈ ਰੋਗ-ਸੋਗ, ਦੁੱਖ-ਮਾਤਮ, ਝਗੜੇ-ਫਸਾਦ ਨਾ ਹੋਣਅਜਿਹੀ ‘ਭਾਰਤ ਮਾਤਾ’ ਲਈ ਹਰ ਕਿਸੇ ਦੇ ਮੂੰਹੋਂ ਆਪਣੇ-ਆਪ ਹੀ ‘ਜੈ’ ਨਿਕਲੇਗੀ, ਪਰ ਇਸਦੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਭਾਰਤ ਨੂੰ ‘ਭਾਰਤ ਮਾਤਾ’ ਦੇ ਆਦਰਸ਼ਾਂ ਦੇ ਅਨੁਰੂਪ ਢਾਲੀਏਉਸ ਟਿੱਪਣੀਕਾਰ ਦੇ ਸ਼ਬਦਾਂ ਵਿੱਚ ਅਜਿਹਾ ਤਾਂ ਹੀ ਸੰਭਵ ਹੋਵੇਗਾ, ਜਦੋਂ ਅਸੀਂ ਧਾਰਮਕ ਦਵੈਸ਼ ਦੀ ਭਾਵਨਾ ਤੋਂ ਉੱਪਰ ਉਠਾਂਗੇਉਨ੍ਹਾਂ ਅਸੰਤੋਸ਼ਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਭਾਰਤ ਅੰਦਰ ਪੈਦਾ ਹੋ ਰਹੇ ਹਨਸਾਡਾ ਅਸਲੀ ਸੰਕਟ ਇਹ ਹੈ ਕਿ ‘ਭਾਰਤ ਮਾਤਾ’ ਦਾ ਨਾਂ ਲੈਣ ਵਾਲਿਆਂ ਦਾ ਇੱਕ ਵੱਡਾ ਵਰਗ, ਜਿਵੇਂ ਹਰ ਕਿਸੇ ਦੀ ਪ੍ਰੀਖਿਆ ਲੈਣ ’ਤੇ ਤੁਲਿਆ ਹੋਇਆ ਹੈਉਹ ‘ਭਾਰਤ ਮਾਤਾ’ ਨੂੰ ਇੱਕ ਨਾਹਰੇ ਦੇ ਰੂਪ ਨੂੰ ਇੱਕ ਅਜਿਹੀ ਲਾਠੀ ਵਿੱਚ ਬਦਲਣਾ ਚਾਹੁੰਦਾ ਹੈ, ਜਿਸ ਨਾਲ ਉਸ ਵਲੋਂ ਉਨ੍ਹਾਂ ਲੋਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਸਕੇ, ਜੋ ਭਾਰਤੀ ਰਾਸ਼ਟਰ ਦੇ ਅਲੱਗ-ਅਲੱਗ ਤੱਤਾਂ ਵਿਰੁੱਧ ਅਸੰਤੋਸ਼ ਪ੍ਰਗਟ ਕਰਦੇ ਹਨਅਸਲ ਵਿੱਚ ‘ਭਾਰਤ’ ਨੂੰ ‘ਭਾਰਤ ਮਾਤਾ’ ਦਾ ਬਦਲ ਬਣਾਉਣਾ, ਉਸਦਾ ਬੇਟਾ ਬਣ, ਉਸ ਪੂਰੀ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨਾ ਹੈ, ਜਿਸ ਪੁਰ ਭਾਰਤ ਦੇ ਸਮੂਹ ਲੋਕਾਂ ਦਾ ਹੱਕ ਹੈਜੇ ਕੁਝ ਲੋਕ ਇਹ ਮਹਿਸੂਸ ਕਰਦੇ ਹਨ ਕਿ ‘ਭਾਰਤ ਮਾਤਾ ਦੀ ਜੈ’ ਦੇ ਪਰਦੇ ਪਿੱਛੇ ਅਸਲੀ ਭਾਰਤ ਪੁਰ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਵਿਰੋਧ ਕਰਨ ਦਾ ਹੱਕ ਹੋ ਸਕਦਾ ਹੈ… ਪ੍ਰੰਤੂ ਜਦੋਂ ਇੱਕ ਨਾਹਰੇ ਨੂੰ ਦੇਸ਼ ਪ੍ਰੇਮ ਦੀ ਇੱਕਲੌਤੀ ਕਸਵੱਟੀ ਬਣਾ ਦਿੱਤਾ ਜਾਏ, ਤਾਂ ਕਈ ਲੋਕ ਅਸਾਨੀ ਨਾਲ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਅਤੇ ਹਾਸਲ ਕਰਨ ਲੱਗ ਪੈਣਗੇ!

ਅੱਜ ਦੀ ਦੇਸ਼ ਭਗਤੀ ਦੇ ਮਾਪ-ਦੰਡ:

ਦੇਸ਼ ਭਗਤੀ ਅਤੇ ਦੇਸ਼ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੀ ਬਹਿਸ ਦੌਰਾਨ ਇੱਕ ਬੁੱਧੀਜੀਵੀ ਨੇ ਇਸ ਚਰਚਾ ਪੁਰ ਵਿਅੰਗ ਕਰਦਿਆਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵਧਦੀ ਜਾਂਦੀ ਹੈ, ਉਸੇ ਤਰ੍ਹਾਂ ਦੇਸ਼ ਭਗਤਾਂ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵਧਦੀ ਜਾਂਦੀਪ੍ਰੰਤੂ ਇੱਥੇ ਤਾਂ ਉਲਟਾ ਹੁੰਦਾ ਨਜ਼ਰ ਆ ਰਿਹਾ ਹੈਦੇਸ਼ ਧ੍ਰੋਹੀਆਂ ਦੀ ਗਿਣਤੀ ਵਧਦੀ ਅਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਘਟਦੀ ਚਲੀ ਜਾ ਰਹੀ ਹੈਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼ ਧ੍ਰੋਹੀ ਗਿਣੇ-ਚੁਣੇ ਹੁੰਦੇ ਸਨਉਹ, ਜੋ ਦੇਸ਼ ਵਿਰੁੱਧ ਜਾਸੂਸੀ ਕਰਦਾ ਸੀ, ਉਹੀ ਦੇਸ਼ ਧ੍ਰੋਹੀ ਹੁੰਦਾ ਸੀਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁੱਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਦੇਸ਼ ਭਗਤ ਹੁੰਦੇ ਸਨਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਕਦੀ ਦੇਸ਼ ਧ੍ਰੋਹੀ ਨਹੀਂ ਸੀ ਕਿਹਾ ਗਿਆਇੱਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਉਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼ ਧ੍ਰੋਹੀ ਨਹੀਂ ਸੀ ਕਿਹਾ ਜਾਂਦਾਉਸ ਸਮੇਂ ਨਾ ਤਾਂ ਦੇਸ਼ ਭਗਤੀ ਲਈ ਕੋਈ ਸ਼ਰਤ ਹੁੰਦੀ ਸੀ ਤੇ ਨਾ ਹੀ ਕੋਈ ਯੋਗਤਾਬੁੱਧੀਜੀਵੀਆਂ ਅਨੁਸਾਰ, ਪ੍ਰੰਤੂ ਹੁਣ ਤਾਂ ਮਾਪ-ਦੰਡ ਸਖਤ ਹੋ ਗਏ ਹਨਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇਦੇਸ਼ ਭਗਤੀ ਮੌਲਿਕ ਅਧਿਕਾਰ ਵੀ ਨਹੀਂ ਕਿ ਸਾਰੇ ਹੀ ਉੁਸ ਪੁਰ ਆਪਣਾ ਦਾਅਵਾ ਕਰਨ ਲੱਗ ਪੈਣਹੁਣ ਦੇਖਣਾ ਪਵੇਗਾ ਕਿ ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ? ਇਹ ਵੀ ਸੋਚਣਾ ਪਵੇਗਾ ਕਿ ਤੁਸੀਂ ਨਾਹਰਾ ਕਿਹੜਾ ਲਾਂਉਂਦੇ ਹੋ?

ਅਤੇ ਅੰਤ ਵਿੱਚ: ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘੱਟ ਹੁੰਦੇ ਹਨ ਅਤੇ ਬੇਰੁਜ਼ਗਾਰ ਬਹੁਤੇ, ਉਸੇ ਤਰ੍ਹਾਂ ਹੁਣ ਦੇਸ਼ ਭਗਤ ਘਟ ਹੋ ਗਏ ਹਨ ਅਤੇ ਦੇਸ਼ ਧ੍ਰੋਹੀਆਂ ਦੀ ਗਿਣਤੀ ਵਧ ਗਈ ਹੈਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ, ਡੱਬੇ ਦੇ ਸਾਰੇ ਦਰਵਾਜ਼ੇ-ਖਿੜਕੀਆਂ ਬੰਦ ਕਰ ਲੈਂਦੇ ਹਨ, ਤਾਂ ਜੋ ਹੋਰ ਕੋਈ ਅੰਦਰ ਦਾਖਲ ਨਾ ਹੋ ਸਕੇ, ਉਸੇ ਤਰ੍ਹਾਂ ‘ਦੇਸ਼ ਭਗਤੀ’ ਡੱਬੇ ਦੇ ਅੰਦਰ ਵਾਲਿਆਂ ਨੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਨੇ, ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਲ ਹੋਣਾ ਬਹੁਤ ਮੁਸਕਲ ਹੋ ਗਿਆ ਹੈ

*****

(1202)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author