“ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁੱਟਣ, ਇਸਦੇ ਲਈ ਉਨ੍ਹਾਂ ...”
(11 ਨਵੰਬਰ 2018)
ਸਾਡੇ ਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖਬਾਰਾਂ ਦੇ ਮੁੱਖ ਪੰਨਿਆਂ ਪੁਰ ਛਾ ਜਾਂਦੀਆਂ ਹਨ ਅਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੌਲੇ ਕੀਤੇ ਜਾ ਸਕਣ ਵਾਲੇ ਕਾਲਮਾਂ ਦੀ ਨੁੱਕਰ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ। ਇਸਦਾ ਕਾਰਣ ਇਹ ਨਹੀਂ ਹੁੰਦਾ ਕਿ ਮੁੱਖ ਪੰਨਿਆਂ ਪੁਰ ਸੁਰਖੀਆਂ ਬਣਾਉਣ ਵਾਲੀਆਂ ਖਬਰਾਂ ਮਹੱਤਵਪੂਰਣ ਅਤੇ ਪਿਛਲੇ ਪੰਨਿਆਂ ਦੇ ਕਾਲਮਾਂ ਵਿੱਚ ਦੱਬੀਆਂ ਰਹਿ ਜਾਣ ਵਾਲੀਆਂ ਮਹੱਤਵਹੀਨ ਹੁੰਦੀਆਂ ਹਨ। ਜੇ ਕਦੀ ਗੰਭੀਰਤਾ ਨਾਲ ਵਿਚਾਰਿਆ ਜਾਏ ਤਾਂ ਅਖਬਾਰਾਂ ਦੇ ਅਣਗੌਲੇ ਕਾਲਮਾਂ ਦੇ ਕੋਨਿਆਂ ਵਿੱਚ ਦੱਬ ਗਈਆਂ ਕਈ ਖਬਰਾਂ, ਮੁੱਖ ਪੰਨਿਆਂ ਪੁਰ ਸੁਰਖੀਆਂ ਬਣ ਕੇ ਆਈਆਂ ਖਬਰਾਂ ਨਾਲੋਂ ਵੀ ਕਿਤੇ ਵਧੇਰੇ ਮਹਤੱਵਪੂਰਣ ਹੁੰਦੀਆਂ ਹਨ, ਇਹ ਗੱਲ ਵੱਖਰੀ ਹੈ ਕਿ ਕਿਸੇ ਦੀ ਨਿੱਜੀ ਸੋਚ, ਖਬਰਾਂ ਨਾਲ ਵਿਤਕਰਾ ਕਰਨ ’ਤੇ ਮਜਬੂਰ ਹੋ ਜਾਂਦੀ ਹੈ। ਇਨ੍ਹਾਂ ਅਣਗੌਲੇ ਕੀਤੇ ਜਾਂਦੇ ਕਾਲਮਾਂ ਵਿੱਚ ਸਮੇਂ-ਸਮੇਂ ਛਪੀਆਂ ਕੁਝ ਅਜਿਹੀਆਂ ਹੀ ਖਬਰਾਂ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕਈ ਭਾਵੇਂ ਸੁਰਖੀਆਂ ਵਿੱਚ ਆ ਕੇ ਵੀ ਪਾਠਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਨਹੀਂ ਸਕੀਆਂ ਤੇ ਕਈ ਨੁੱਕਰਾਂ ਵਿੱਚ ਦਬ ਕੇ ਵੀ ਆਪਣੇ ਮਹਤੱਵਪੂਰਣ ਹੋਣ ਦਾ ਸੁਨੇਹਾ ਦੇ ਗਈਆਂ ਹਨ।
ਜਦੋਂ ਝਾੜੂ ਚੁੱਕ ਲਿਆ:
ਜਨ ਸੇਵਾ ਦਾ ਜਜ਼ਬਾ ਇੱਕ ਅਨੋਖੀ ਲਗਨ ਹੈ। ਦਰੀਆ ਗੰਜ, ਦਿੱਲੀ ਦੇ 60 ਵਰ੍ਹਿਆਂ ਦੇ ਮੁਹੰਮਦ ਅਹਿਮਦ ਸੈਫੀ ਅਤੇ 65 ਵਰ੍ਹਿਆਂ ਦੇ ਮੁਹੰਮਦ ਹਨੀਫ ਨੇ ਇਸੇ ਲਗਨ ਅਧੀਨ ਸਫਾਈ ਸੇਵਾ, ਜੋ ਸਰੋਕਾਰ ਅਤੇ ਸੰਸਕਾਰ ਹੈ, ਦੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਨਾਇਆ ਅਤੇ ਆਪਣੀ ਗਲੀ ਨੂੰ ਦੂਸਰਿਆਂ ਲਈ ਇੱਕ ਮਿਸਾਲ ਬਣਾ ਦਿੱਤਾ। ਦਿੱਲੀ ਦੀ ਛੱਤਾ ਲਾਲ ਮੀਆਂ ਗਲੀ ਬਹਾਰ ਵਾਲੀ ਦੇ ਵਾਸੀ ਸਵੇਰੇ ਸ਼ਾਮ ਵੱਜਣ ਵਾਲੀ ਇੱਕ ਸੀਟੀ ਦਾ ਬੇਸਬਰੀ ਨਾਲ ਇੰਤਜ਼ਤਾਰ ਕਰਦੇ ਹਨ। ਇਸ ਸੀਟੀ ਦੀ ਅਵਾਜ਼ ਤੇ ਗਲੀ ਵਾਸੀ ਕੂੜੇ ਦੀਆਂ ਥੈਲੀਆਂ ਠੇਲ੍ਹੇ ਉੱਤੇ ਲੱਦਣ ਲਈ ਘਰਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ। ਸ਼ੈਫੀ ਅਤੇ ਹਨੀਫ ਇਨ੍ਹਾਂ ਥੈਲੀਆਂ ਨੂੰ ਇਕੱਠਿਆਂ ਕਰਦੇ ਹਨ ਅਤੇ ਠੇਲੇ ਉੱਤੇ ਲੱਦ ਕੇ ‘ਕੂੜਾ ਘਰ’ ਤੱਕ ਪਹੁੰਚਾ ਦਿੰਦੇ ਹਨ। ਬਿਜਲੀ ਦਾ ਕੰਮ ਕਰਨ ਵਾਲੇ ਮੁਹੰਮਦ ਅਹਿਮਦ ਸੈਫੀ ਨੇ ਦੱਸਿਆ ਕਿ ਢਾਈ ਕੁ ਸਾਲ ਪਹਿਲਾਂ ਉਨ੍ਹਾਂ ਆਪਣੀ ਗਲੀ ਨੂੰ ਸਾਫ ਰੱਖਣ ਲਈ ਇਹ ਕਦਮ ਚੁੱਕਿਆ। ਉਨ੍ਹਾਂ ਨੂੰ ਸਹਿਯੋਗ ਦੇਣ ਲਈ ਮੁਹੰਮਦ ਹਨੀਫ, ਜੋ ਗੁੰਗਾ ਤੇ ਬਹਿਰਾ ਹੈ, ਵੀ ਅੱਗੇ ਆ ਗਿਆ। ਉਹ ਬੁੱਕ ਬਾਈਡਿੰਗ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲ 2016 ਵਰ੍ਹੇ ਦੇ ਉਸ ਸਮੇਂ ਦੀ ਹੈ, ਜਦੋਂ ਨਿਗਮ ਦੇ ਸਫਾਈ ਕਰਮਚਾਰੀ ਹੜਤਾਲ ’ਤੇ ਚਲੇ ਗਏ ਸਨ। ਉਸ ਸਮੇਂ ਗਲੀ ਵਿੱਚ ਕੂੜੇ ਦੇ ਢੇਰ ਲੱਗ ਜਾਣ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਸੀ। ਇਨ੍ਹਾਂ ਹਾਲਾਤ ਤੋਂ ਚਿੰਤਤ ਹੋ ਕੇ ਸੈਫੀ ਨੇ, ਗਲੀ ਵਿੱਚੋਂ ਗੰਦਗੀ ਸਾਫ ਕਰਨ ਦਾ ਇਰਾਦਾ ਧਾਰਿਆ ਤੇ ਹੱਥਾਂ ਵਿੱਚ ਬੇਲਚੇ ਨਾਲ ਹੀ ਝਾੜੂ ਵੀ ਫੜ ਲਿਆ। ਹਨੀਫ ਵੀ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆ ਗਿਆ। ਸੈਫੀ ਨੇ ਦੱਸਿਆ ਕਿ ਨਿਗਮ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਨਿਗਮ ਵਲੋਂ ਉਨ੍ਹਾਂ ਨੂੰ ਦੋ ਠੇਲ੍ਹੇ ਅਤੇ ਬੇਲਚਾ ਦਿੱਤਾ ਗਿਆ। ਝਾੜੂ ਜਦੋਂ ਖਰਾਬ ਹੋ ਜਾਂਦਾ ਹੈ ਤਾਂ ਉਹ ਆਪ ਆਪਣੇ ਪੈਸਿਆਂ ਨਾਲ ਖਰੀਦ ਲੈਂਦੇ ਹਨ। ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁੱਟਣ, ਇਸਦੇ ਲਈ ਉਨ੍ਹਾਂ ਗਲੀ ਵਿੱਚ ਦੋ ਕੂੜੇ-ਦਾਨ ਵੀ ਰੱਖੇ ਹੋਏ ਹਨ।
ਇੰਜੀਨੀਅਰਾਂ ਨੇ ਵੀ ਝਾੜੂ ਚੁੱਕ ਲਿਆ:
ਨੋਇਡਾ ਦੇ ਦੋ ਆਈਟੀ ਇੰਜੀਨੀਅਰਾਂ, ਬ੍ਰਿਜੇਸ਼ ਅਤੇ ਪੀਯੂਸ਼ ਨੇ ਹੱਥਾਂ ਵਿੱਚ ਲੈਪਟਾਪ ਦੇ ਨਾਲ ਹੀ ਜਦੋਂ ਝਾੜੂ ਫੜਿਆ ਤਾਂ ਨਾ ਕੇਵਲ ਉਨ੍ਹਾਂ ਦੇ ਆਸ-ਪਾਸ ਹੀ ਸਫਾਈ ਦੀ ਲਹਿਰ ਚੱਲੀ, ਸਗੋਂ ਇਸ ਲਹਿਰ ਨੇ ਮੁਹਿੰਮ ਦਾ ਰੂਪ ਧਾਰਣ ਕਰ ਲਿਆ। ਹਾਲਾਂਕਿ ਉਨ੍ਹਾਂ ਇਹ ਮੁਹਿੰਮ ਆਪਣੇ ਅਪਾਰਟਮੈਂਟ ਨੂੰ ਕੂੜਾ-ਕਰਕਟ ਤੋਂ ਮੁਕਤ ਰੱਖਣ ਲਈ ਅਰੰਭੀ ਸੀ, ਪਰ ਹੁਣ ਸਫਾਈ ਦੇ ਨਾਲ-ਨਾਲ ਹਰਿਆਲੀ ਨੂੰ ਵੀ ਉਨ੍ਹਾਂ ਆਪਣਾ ਮਕਸਦ ਬਣਾ ਲਿਆ ਹੈ। ਖਬਰਾਂ ਅਨੁਸਾਰ ਲੋਕੀ ਉਨ੍ਹਾਂ ਦੇ ਉਤਸ਼ਾਹ ਤੋਂ ਇੰਨੇ ਪ੍ਰਭਾਵਤ ਹੋਏ ਹਨ ਕਿ ਉਹ ਆਪਣੇ ਆਪ ਹੀ ਉਨ੍ਹਾਂ ਨਾਲ ਜੁੜਨ ਲਈ ਅੱਗੇ ਆਉਣ ਲੱਗ ਪਏ ਹਨ। ਪੰਜ-ਕੁ ਸਾਲ ਪਹਿਲਾਂ ਦੋਹਾਂ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਉਹ ਹਰ ਐਤਵਾਰ ਸੋਸਾਇਟੀ ਵਿੱਚ ਸਾਫ ਸਫਾਈ ਕੀਤਾ ਕਰਨਗੇ। ਜਦੋਂ ਉਨ੍ਹਾਂ ਦੀ ਪਹਿਲ ਨਾਲ ਸੋਸਾਇਟੀ ਦੀ ਸੂਰਤ ਬਦਲ ਗਈ ਤਾਂ ਉਨ੍ਹਾਂ ਆਪਣੀ ਲਗਨ ਅਤੇ ਮਿਹਨਤ ਨਾਲ ਗੰਦਗੀ-ਭਰੇ ਨੇੜੇ ਦੇ ਪਾਰਕ ਦੀ ਸਾਫ-ਸਫਾਈ ਕਰ ਉਸ ਨੂੰ ਆਮ ਲੋਕਾਂ ਲਈ ਸੈਰ ਕਰਨ ਦੇ ਯੋਗ ਬਣਾ ਦਿੱਤਾ।
ਹੁਣ ਉਨ੍ਹਾਂ ਸਫਾਈ ਦੇ ਨਾਲ-ਨਾਲ ਬੂਟੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ, ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਲਾਕਾ ਤਾਂ ਸਾਫ-ਸੁਥਰਾ ਰਹਿਣ ਹੀ ਲੱਗ ਪਿਆ, ਇਸਦੇ ਨਾਲ ਪਾਰਕ ਵਿੱਚ ਲੱਗੇ ਲਗਭਗ ਢਾਈ ਹਜ਼ਾਰ ਹਰੇ-ਭਰੇ ਦਰਖਤ ਤੇ ਬੂਟੇ ਵਾਤਾਵਰਣ ਨੂੰ ਵੀ ਪ੍ਰਦੂਸ਼ਣ-ਮੁਕਤ ਕਰ ਰਹੇ ਹਨ। ਦੋਹਾਂ ਦੀ ਉਮਰ ਲਗਭਗ 35 ਵਰ੍ਹੇ ਹੈ। ਉਨ੍ਹਾਂ ਦਾ ਇਲਾਕਾ ਹਮੇਸ਼ਾ ਹੀ ਗੰਦਗੀ ਨਾਲ ਭਰਿਆ ਰਹਿੰਦਾ ਸੀ, ਜਿਸਦੀ ਸਫਾਈ ਕਰਵਾਉਂਦਿਆਂ ਰਹਿਣ ਲਈ ਉਨ੍ਹਾਂ ਅਥਾਰਿਟੀ ਨੂੰ ਕਈ ਚਿੱਠੀਆਂ ਲਿਖੀਆਂ, ਪਰ ਕੋਈ ਅਸਰ ਨਾ ਹੋਇਆ। ਜਦੋਂ ਉਨ੍ਹਾਂ ਨੂੰ ਚਿੱਠੀਆਂ ਲਿਖਣ ਨਾਲ ਕੁਝ ਵੀ ਬਣਦਾ ਨਜ਼ਰ ਨਾ ਆਇਆ ਤਾਂ ਉਨ੍ਹਾਂ ਆਪ ਹੀ ਸਫਾਈ ਕਰਨ ਦਾ ਬੀੜਾ ਚੁੱਕ ਲਿਆ।
ਸਕੂਲ ਦੀ ਨੁਹਾਰ ਬਦਲੀ:
ਬਿਹਾਰ ਦੇ ਸਮਸਤੀਪੁਰ ਵਿਖੇ ਇੱਕ ਸਕੂਲ ਅਜਿਹਾ ਹੈ, ਜਿੱਥੇ ਹਰ ਰੋਜ਼ ਬੱਚੇ ਆਪਣਾ ਅਖਬਾਰ ਆਪ ਕੱਢਦੇ ਹਨ। ਇਸ ਸਕੂਲ ਵਿੱਚ ਰੋਜ਼ ਹੀ ਕਿਸੇ ਨਾ ਕਿਸੇ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਖੇਡਾਂ ਦਾ ਪੀਰੀਅਡ ਵੀ ਲਾਇਆ ਜਾਂਦਾ ਹੈ। ਇਹ ਕੋਈ ਨਿਜੀ ਸਕੂਲ ਨਹੀਂ, ਸਗੋਂ ਸਰਕਾਰੀ ਸਕੂਲ ਹੈ। ਇਸ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਰਾਮ ਪ੍ਰਵੇਸ਼ ਠਾਕਰ ਨੇ ਬਿਨਾਂ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਦੇ ਪੂਰੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਕਦੀ ਜਰਜਰ ਦੀਵਾਰਾਂ ਅਤੇ ਘੁਣ ਲੱਗੇ ਦਰਵਾਜ਼ਿਆਂ ਦੀ ਪਛਾਣ ਵਾਲਾ ਸਕੂਲ ਅੱਜ ਸਿੱਖਿਆ ਐਕਸਪ੍ਰੈੱਸ (ਰੇਲ ਦੇ ਉੱਚ-ਕਲਾਸ ਦੇ ਡੱਬੇ) ਦੇ ਰੂਪ ਵਿੱਚ ਜਾਣਿਆ ਜਾਣ ਲੱਗ ਪਿਆ ਹੈ। ਉਨ੍ਹਾਂ ਵਲੋਂ ਕੀਤੇ ਗਏ ਇੱਕ ਛੋਟੇ ਜਿਹੇ ਤਜਰਬੇ ਦਾ ਹੀ ਇਹ ਨਤੀਜਾ ਹੋਇਆ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਬਹੁਤ ਹੀ ਬੇਸਬਰੀ ਨਾਲ ਸਵੇਰ ਦੇ ਦਸ ਵੱਜਣ ਦਾ ਇੰਤਜ਼ਾਰ ਕਰਨ ਲੱਗਦੇ ਹਨ। ਬਿਨਾਂ ਕਿਸੇ ਉਚੇਚੇ ਤਰੱਦਦ ਦੇ ਹਰ ਕਲਾਸ ਵਿੱਚ ਸੌ ਪ੍ਰਤੀਸ਼ਤ ਹਾਜ਼ਰੀ ਰਹਿੰਦੀ ਹੈ।
… ਅਤੇ ਅੰਤ ਵਿੱਚ:
ਇਸ ਸਮੇਂ ਦੇਸ਼ ਵਿੱਚ 9 ਲੱਖ ਤੋਂ ਵੀ ਵੱਧ ਪ੍ਰਾਇਮਰੀ ਅਤੇ ਪੌਣੇ ਦੋ ਲੱਖ ਦੇ ਲਗਭਗ ਮਿਡਲ ਕਲਾਸਾਂ ਦੇ ਅਧਿਆਪਕਾਂ ਦੀਆਂ ਅਸਾਮੀਆ ਖਾਲੀ ਪਈਆਂ ਹਨ। ਬਾਰਾਂ ਹਜ਼ਾਰ ਦੇ ਲਗਭਗ ਅਜਿਹੇ ਸਕੂਲ ਹਨ ਜਿਨ੍ਹਾਂ ਦੀਆਂ ਇਮਾਰਤਾਂ ਜਰਜਰ ਹੋ ਕੇ ਖਤਰਨਾਕ ਹਾਲਤ ਵਿੱਚ ਪੁੱਜ ਗਈਆਂ ਹੋਈਆਂ ਹਨ ਅਤੇ 7 ਲੱਖ ਤੋਂ ਵੀ ਕਿਤੇ ਵੱਧ ਜਮਾਤਾਂ ਦੇ ਕਮਰਿਆਂ ਦੀ ਵੱਡੇ ਪੈਮਾਨੇ ਤੇ ਮੁਰੰਮਤ ਜਲਦੀ ਤੋਂ ਜਲਦੀ ਕਰਵਾਏ ਜਾਣ ਦੀ ਲੋੜ ਹੈ
*****
(1387)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)