“ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦੱਸਿਆ ਗਿਆ ...”
(5 ਅਕਤੂਬਰ 2018)
ਇੱਥੇ ਇਹ ਗੱਲ ਵਰਣਨਣੋਗ ਹੈ ਕਿ ਦੋ ਕੁ ਸਾਲ ਪਹਿਲਾਂ ਭਾਰਤੀ ਸੈਨਾ ਵਲੋਂ ਕੰਟਰੋਲ ਰੇਖਾ ਪਾਰ ਕਰ ਪਾਕਿਸਤਾਨੀ ਕਬਜ਼ੇ ਵਾਲੇ ਇਲਾਕੇ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਪੁਰ ਹਮਲਾ ਕਰਕੇ ਉਨ੍ਹਾਂ ਦਾ ਲੱਕ ਤੋੜਨ ਦੀ (ਸਰਜੀਕਲ ਸਟਰਾਈਕ) ਕਾਰਵਾਈ ਕੀਤੀ ਸੀ। ਇਸ ਸਰਜੀਕਲ ਸਟਰਾਈਕ ਦੀ ਦੋ-ਸਾਲਾ ਯਾਦ ਮਨਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਸ਼ਨ ਰੂਪੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਹ ਜਸ਼ਨ ਮਨਾਉਂਦਿਆਂ ਦਾਅਵਾ ਕੀਤਾ ਗਿਆ ਕਿ ਇਸ ਨਾਲ ਇੱਕ ਤਾਂ ਸੈਨਾਵਾਂ ਦਾ ਮਨੋਬਲ ਵਧਦਾ ਹੈ ਅਤੇ ਦੂਸਰਾ ਦੇਸ਼ ਦੇ ਸੈਨਿਕਾਂ ਵਿੱਚ ਗੌਰਵ ਦੀ ਭਾਵਨਾ ਵੀ ਪ੍ਰਬਲ ਹੁੰਦੀ ਹੈ। ਇਸ ਸੋਚ ਦੇ ਵਿਰੁੱਧ ਸੈਨਿਕ ਮਾਮਲਿਆਂ ਦੇ ਜਾਣਕਾਰਾਂ ਦੀ ਮਾਣਤਾ ਹੈ ਕਿ ਅਜਿਹੇ ਦਾਅਵੇ ਰਾਜਸੀ ਲਾਲਸਾ ਨੂੰ ਪੱਠੇ ਪਾਉਣ ਤੋਂ ਵੱਧ ਕੁਝ ਨਹੀਂ ਹੁੰਦੇ। ਉਹ ਦੱਸਦੇ ਹਨ ਕਿ ਭਾਰਤੀ ਸੈਨਾਵਾਂ ਵਲੋਂ ਯੂਪੀਏ ਸਰਕਾਰ ਦੇ ਸਮੇਂ ਦੌਰਾਨ ਵੀ ਤਕਰੀਬਨ ਦਸ ਵਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚਲੇ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ‘ਸਰਜੀਕਲ ਸਟਰਾਈਕ’ ਕੀਤੀ ਗਈ ਸੀ। ਪਰ ਕਿਸੇ ਨੇ ਵੀ ਉਨ੍ਹਾਂ ਦਾ ਧੂੰਆਂ ਤਕ ਨਹੀਂ ਸੀ ਨਿਕਲਣ ਦਿੱਤਾ। ਦੋ ਵਰ੍ਹੇ ਪਹਿਲਾਂ ਕੀਤੀ ਗਈ ਸਰਜੀਕਲ ਸਟਰਾਈਕ ਦੀ ਚਰਚਾ ਕਰਦਿਆਂ ਉਹ ਦੱਸਦੇ ਹਨ ਕਿ ਜੇ ਅਸੀਂ ਜ਼ਮੀਨੀ ਸੱਚਾਈ ਸਵੀਕਾਰ ਕਰਨ ਲਈ ਤਿਆਰ ਹੋਈਏ ਤਾਂ ਸੱਚ ਇਹੀ ਹੈ ਕਿ ਉਸ ਪ੍ਰਚਾਰਤ ਸਰਜੀਕਲ ਸਟਰਾਈਕ ਤੋਂ ਬਾਅਦ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੂਰਜ ਵੇਖਿਆਂ, ਦੋ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਹੋਣ ਨੂੰ ਆ ਰਿਹਾ ਹੈ। ਇਸ ਸਮੇਂ ਦੌਰਾਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਿਸ ਦਿਨ ਕੰਟਰੋਲ ਰੇਖਾ ਦੇ ਪਾਰੋਂ ਪਾਕ ਸੈਨਾ ਵਲੋਂ ਜਾਂ ਦਹਿਸ਼ਤਗਰਦਾਂ ਵਲੋਂ ਕਸ਼ਮੀਰ ਘਾਟੀ ਅੰਦਰ ਦਾਖਲ ਹੋ ਕੇ ਸੈਨਾ ਅਤੇ ਪੁਲਿਸ ਦੇ ਕੈਂਪਾਂ ਪੁਰ ਹਮਲੇ ਨਾ ਕੀਤੇ ਗਏ ਹੋਣ। ਕਸ਼ਮੀਰ ਦੇ ਅੰਦਰੋਂ ਤਾਂ ਅਰਾਜਕਤਾ ਦੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਦੇ ਚੱਲਦਿਆਂ ਭਾਰਤੀ ਮੀਡੀਆ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਹੋਰ ‘ਸਰਜੀਕਲ ਸਟਰਾਈਕ’ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹੁੰਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਖਬਰ ਕੁਝ ਸਮਾਂ ਪਹਿਲਾਂ ਮੀਡੀਆ ਦੇ ਇੱਕ ਹਿੱਸੇ ਵਿੱਚ ‘ਅਬ ਕਰੇਂਗੇ, ਸਰਜੀਕਲ ਸਟਰਾਈਕ’ ਦੀਆਂ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਪੜ੍ਹਨ ਨੂੰ ਮਿਲੀ। ਜਿਸ ਵਿੱਚ ਦਾਅਵਾ ਕੀਤਾ ਗਿਆ ਹੋਇਆ ਸੀ ਕਿ ਪਾਕ ਵਲੋਂ ਅੱਤਵਾਦੀਆਂ ਜਾਂ ਕਿਸੇ ਹੋਰ ਅੱਤਵਾਦੀ ਗੁੱਟ ਵਲੋਂ ਭਾਰਤ ਦੀਆਂ ਸਰਹੱਦਾਂ ਪੁਰ ਜਾਂ ਕਿਸੇ ਵੀ ਅੰਦਰੂਨੀ ਹਿੱਸੇ ਪੁਰ ਹਮਲਾ ਕੀਤਾ ਗਿਆ ਤਾਂ ਦੇਸ਼ ਦੀ ਸੈਨਾ ਉਸਦਾ ਜਵਾਬ ਗੋਲੇ-ਬਾਰੂਦ ਨਾਲ ਨਹੀਂ, ਸਗੋਂ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਜਵਾਬ ‘ਸਰਜੀਕਲ ਸਟਰਾਈਕ’ ਨਾਲ ਹੀ ਦੇਵੇਗੀ।
ਇਸ ਖਬਰ ਵਿੱਚ ਇਹ ਵੀ ਦੱਸਿਆ ਗਿਆ ਕਿ ਜਲ ਸੈਨਾ ਦੇ ਇੱਕ ਮੁਖੀ ਅਨੁਸਾਰ ਇਸ ਫਾਰਮੂਲੇ ਦੇ ਤਹਿਤ ਹਮਲੇ ਜਾਂ ਦੇਸ਼-ਵਿਰੋਧੀ ਸਰਗਰਮੀਆਂ ਦੌਰਾਨ ਸੈਨਾ ਦੇ ਤਿੰਨੋਂ ਵਿੰਗ, ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਆਪਸੀ ਤਾਲਮੇਲ ਰਾਹੀਂ ਸੈਨਕ ਆਪ੍ਰੇਸ਼ਨ ਨੂੰ ਅੰਜਾਮ ਤਕ ਪਹੁੰਚਾਣ ਲਈ ‘ਸਰਜੀਕਲ ਸਟਰਾਈਕ’ ਦੀ ਮੁੱਖ ਹਥਿਆਰ ਵਜੋਂ ਵਰਤੋਂ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਉਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਸੈਨਾ ਵਲੋਂ ਜਾਰੀ ਫਾਰਮੂਲੇ ਅਨੁਸਾਰ ਵਰਤਮਾਨ ਸਮੇਂ ਵਿੱਚ ਦੇਸ਼ (ਭਾਰਤ) ਕਈ ਤਰ੍ਹਾਂ ਦੇ ਬਾਹਰਲੇ ਖਤਰਿਆਂ ਦੇ ਨਾਲ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਧੋਖੇ ਭਾਰੀ ਜੰਗ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਉਵਾਦੀਆਂ ਦੀ ਦਹਿਸ਼ਤ ਨਾਲ ਵੀ ਜੂਝ ਰਿਹਾ ਹੈ। ਇਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅੱਤਵਾਦ-ਵਿਰੋਧੀ ਆਪ੍ਰੇਸ਼ਨ ਵਿੱਚ ‘ਸਰਜੀਕਲ ਸਟਰਾਈਕ’ ਨੂੰ ਸਭ ਤੋਂ ਉੱਪਰ ਰੱਖਿਆ ਜਾਂਵੇਗਾ। ਦੇਸ਼ ਵਿੱਚ ਚੱਲ ਰਹੇ ਕਈ ਤਰ੍ਹਾਂ ਦੇ ਸੰਘਰਸ਼ਾਂ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਕਈ ਤਰ੍ਹਾਂ ਦੇ ਸਖਤ ਅਤੇ ਵਿਹਾਰਕ ਕਦਮ ਉਠਾਉਣ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਦਮਾਂ ਵਿੱਚੋਂ ਹਥਿਆਰਬੰਦ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ‘ਸਰਜੀਕਲ ਸਟਰਾਈਕ’ ਨੂੰ ਹੀ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ। ਸਾਂਝੀ ਕਾਰਵਾਈ ਦੇ ਸਿਧਾਂਤ ਵਿੱਚ ਸੈਨਾ ਦੇ ਜਵਾਨਾਂ ਦੀ ਸਾਂਝੀ ਟਰੇਨਿੰਗ (ਯੂਨੀਫਾਈਡ ਕਮਾਂਡ) ਅਤੇ ਨਿਯੰਤ੍ਰਿਤ (ਕੰਟਰੋਲਡ) ਢਾਂਚੇ ਤੋਂ ਬਿਨਾਂ ਤਿੰਨਾਂ ਸੈਨਾਵਾਂ ਦੇ ਆਧੁਨਿਕੀਕਰਣ ਦਾ ਪ੍ਰਾਵਧਾਨ ਵੀ ਹੈ। ਇਸ ਖਬਰ ਦਾ ਆਧਾਰ ਕੀ ਹੈ? ਇਸ ਸੰਬੰਧ ਵਿੱਚ ਇਸ ਖਬਰ ਨੂੰ ਪ੍ਰਚਾਰਤ ਕਰਨ ਵਾਲੇ ਮੀਡੀਆ ਵਲੋਂ ਕੋਈ ਸੰਕੇਤ ਨਹੀਂ ਦਿੱਤਾ ਗਿਆ, ਕੇਵਲ ‘ਏਜੰਸੀਆਂ’ ਦਾ ਹਵਾਲਾ ਦੇ ਕੇ ਗੱਲ ਖਤਮ ਕਰ ਦਿੱਤੀ ਗਈ।
ਜਿੱਥੋਂ ਤੱਕ ਸੈਨਾ ਵਲੋਂ ‘ਸਰਜੀਕਲ ਸਟਰਾਈਕ’ ਕੀਤੇ ਜਾਣ ਦਾ ਸੰਬੰਧ ਹੈ, ਇਸ ਸੰਬੰਧ ਵਿੱਚ ਬੀਤੇ ਲੰਬੇ ਸਮੇਂ ਦੌਰਾਨ ਦਰਜਨ ਤੋਂ ਕਿਤੇ ਵੱਧ ਸਾਬਕਾ ਫੌਜੀਆਂ ਅਤੇ ਫੌਜੀ ਅਫਸਰਾਂ ਨਾਲ ਚਰਚਾ ਹੋਈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਤਾਂ ਇਸ ਸਵਾਲ ਨੂੰ ਸੁਣਿਆ-ਅਣਸੁਣਿਆ ਕਰ ਟਾਲਾ ਵੱਟ ਲਿਆ, ਜੇ ਕਿਸੇ ਨੇ ਇਸ ਸੰਬੰਧ ਵਿੱਚ ਕੁਝ ਕਿਹਾ ਵੀ ਤਾਂ ਉਸਨੇ ਵੀ ਸੰਕੇਤ ਮਾਤਰ ਗੱਲ ਕਰ ਕੇ ਮੁੱਦਾ ਟਾਲ ਦਿੱਤਾ। ਇਸ ਤਰ੍ਹਾਂ ਟੁਕੜਿਆਂ ਵਿੱਚ ਜੋ ਵੀ ਜਾਣਕਾਰੀ ਮਿਲੀ, ਉਸ ਅਨੁਸਾਰ ‘ਸਰਜੀਕਲ ਸਟਰਾਈਕ’ ਕੋਈ ਰਾਜਸੀ ਦਾਅ-ਪੇਚ ਹੋਣ ਦੀ ਬਜਾਏ ਸੈਨਾ ਦਾ ਇੱਕ ‘ਗੁਪਤ ਮਿਸ਼ਨ’ ਹੈ, ਜਿਸਦੀ ਚਰਚਾ ਨਾ ਤਾਂ ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾਲ ਕੀਤੀ ਜਾਂਦੀ ਹੈ ਅਤੇ ਨਾ ਹੀ ਇਸ ਉੱਤੇ ਅਮਲ ਪੂਰਿਆਂ ਹੋਣ ਤੋਂ ਬਾਅਦ ਹੀ। ਮਿਲੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਲਈ ਜਿਸ ਫੌਜੀ ਟੁਕੜੀ (ਕੰਪਨੀ) ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੁੰਦਾ ਹੈ, ਉਸਦੇ ਮੈਂਬਰਾਂ ਵਿੱਚੋਂ ਵੀ ਕਿਸੇ ਨੂੰ ਮਿਸ਼ਨ ਤੇ ਜਾਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਸ ਮਿਸ਼ਨ ’ਤੇ ਅਤੇ ਕਿੱਥੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਿੱਤੇ ਗਏ ਸੰਕੇਤ ਅਨੁਸਾਰ ਉਨ੍ਹਾਂ ਨੂੰ ਕੇਵਲ ਇੰਨਾ ਹੀ ਪਤਾ ਹੁੰਦਾ ਹੈ ਕਿ ਉਹ ਕਿਸੇ ਬਹੁਤ ਹੀ ਮਹਤੱਵਪੂਰਣ ਮਿਸ਼ਨ ਦੀ ਪੂਰਤੀ ਲਈ ਜਾ ਰਹੇ ਹਨ। ਇਸ ਲਈ ਉਹ ਮਿਸ਼ਨ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਦਾਰੀ ਨੂੰ ਲੈ ਕੇ ਬਹੁਤ ਹੀ ਉਤਸੁਕ ਤੇ ਉਤਸ਼ਾਹਤ ਹੋ ਜਾਂਦੇ ਹਨ। ਮਿਸ਼ਨ ਪੁਰ ਰਵਾਨਾ ਕਰਦਿਆਂ ਹੋਇਆਂ ਵੀ ਉਨ੍ਹਾਂ ਨੂੰ ਮਿਸ਼ਨ ਦੇ ਸੰਬੰਧ ਵਿੱਚ ਨਾ ਤਾਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਮੁੱਚੀਆਂ ਹਿਦਾਇਤਾਂ ਹੀ ਦਿੱਤੀਆਂ ਜਾਦੀਆਂ ਹਨ। ਮਿਸ਼ਨ ’ਤੇ ਹੋ ਰਹੇ ਅਮਲ ਦੌਰਾਨ ਹੀ ਨਾਲੋ-ਨਾਲ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਆਪਣੀ ਡਿਊਟੀ ਨਿਭਾਈ ਚਲੀ ਜਾਂਦੀ ਰਹਿੰਦੀ ਹੈ। ਇੱਕ ਸਾਬਕਾ ਫੌਜੀ ਅਫਸਰ ਵਲੋਂ ਦਿੱਤੀ ਗਈ ਸੰਕੇਤਕ ਜਾਣਕਾਰੀ ਅਨੁਸਾਰ ‘ਸਰਜੀਕਲ ਸਟਰਾਈਕ’ ਦੇ ਸੰਬੰਧ ਵਿੱਚ ਕੇਵਲ ਉਨ੍ਹਾਂ ਹੀ ਕੁਝ-ਇਕ ਅਫਸਰਾਂ ਨੂੰ ਪਤਾ ਹੁੰਦਾ ਹੈ, ਜਿਨ੍ਹਾਂ ਨੇ ਉਸਦੀ ਰੂਪ-ਰੇਖਾ ’ਤੇ ਉਸ ਪੁਰ ਅਮਲ ਦੀ ਰਣਨੀਤੀ ਤਿਆਰ ਕੀਤੀ ਹੁੰਦੀ ਹੈ। ਉਨ੍ਹਾਂ ਨੇ ਹੀ ਵਾਰ-ਰੂਮ ਵਿੱਚ ਬੈਠ ਸਥਿਤੀ ’ਤੇ ਨਜ਼ਰ ਰੱਖਦਿਆਂ ਮੌਕੇ-ਮਾਹੌਲ ਅਨੁਸਾਰ ਮਿਸ਼ਨ ’ਤੇ ਰਵਾਨਾ ਕੀਤੇ ਗਏ ਫੌਜੀਆਂ ਨੂੰ ਹਿਦਾਇਤਾਂ ਦਿੰਦਿਆਂ ਰਹਿਣਾ ਹੁੰਦਾ ਹੈ। ਜੇ ਮਿਸ਼ਨ ਪੁਰ ਅਮਲ ਦੌਰਾਨ ਉਨ੍ਹਾਂ ਨੂੰ ਕੋਈ ਖਤਰਾ ਜਾਪਣ ਲਗਦਾ ਹੈ ਤਾਂ ਉਹ ਮਿਸ਼ਨ ’ਤੇ ਭੇਜੀ ਗਈ ਟੁਕੜੀ ਨੂੰ ਤੁਰੰਤ ਹੀ ਵਾਪਸ ਮੁੜਨ ਦੀ ਹਿਦਾਇਤ ਦੇ ਦਿੰਦੇ ਹਨ।
ਦੱਸਿਆ ਜਾਂਦਾ ਹੈ ਕਿ ਇਸ ਮਿਸ਼ਨ ਦੀ ਇਸ ਕਰਕੇ ਸੂਹ ਤੱਕ ਨਹੀਂ ਨਿਕਲਣ ਦਿੱਤੀ ਜਾਂਦੀ, ਕਿਉਂਕਿ ਇੱਕ ਤਾਂ ਇਸ ਨੂੰ ਦੁਸ਼ਮਣ ਦੇ ਅਵੇਸਲੇਪਨ ਦਾ ਲਾਭ ਉਠਾ ਕੇ ਅਮਲ ਵਿੱਚ ਲਿਆਉਣਾ ਹੁੰਦਾ ਹੈ, ਦੂਸਰਾ ਜਦੋਂ ਤੱਕ ਦੁਸ਼ਮਣ ਨੂੰ ਅਚਾਨਕ ਹੋਏ ਹਮਲੇ ਦੀ ਸਮਝ ਆਉਂਦੀ ਹੈ, ਤਦੋਂ ਤਕ ਮਿਸ਼ਨ ’ਤੇ ਗਈ ਟੁਕੜੀ ਆਪਣਾ ਕੰਮ ਪੂਰਾ ਕਰਕੇ ਮੁੜ ਆਈ ਹੁੰਦੀ ਹੈ। ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦੱਸਿਆ ਗਿਆ ਕਿ ਇਸਦਾ ਮੁੱਖ ਕਾਰਨ ‘ਸਰਜੀਕਲ ਸਟਰਾਈਕ’ ਦਾ ਉਦੇਸ਼ ਦੁਸ਼ਮਣ ਦੇ ਅਵੇਸਲੇਪਨ ਤੋਂ ਲਾਭ ਉਠਾਉਣਾ ਹੁੰਦਾ ਹੈ। ਜੇ ਇਸਦੀ ਜ਼ਰਾ ਜਿੰਨੀ ਸੂਹ ਵੀ ਬਾਹਰ ਨਿਕਲ ਜਾਏ ਤਾਂ ਦੁਸ਼ਮਣ ਚੇਤੰਨ ਹੋ ਜਾਂਦਾ ਹੈ। ਫਲਸਰੂਪ ਇੱਕ ਤਾਂ ਮਿਸ਼ਨ ਦਾ ਉਦੇਸ਼ ਪੂਰਾ ਨਹੀਂ ਹੁੰਦਾ, ਦੂਸਰਾ ਉਸਦੇ ਅਸਫਲ ਹੋਣ ਦੇ ਨਾਲ ਹੀ ਮਿਸ਼ਨ ਤੇ ਗਈ ਟੁਕੜੀ ਦਾ ਨੁਕਸਾਨ ਵੀ ਬਹੁਤਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
… ਅਤੇ ਅੰਤ ਵਿੱਚ:
ਮਿਸ਼ਨ ਦੀ ਸਫਲਤਾ ਸਹਿਤ ਪੂਰਤੀ ਤੋਂ ਬਾਅਦ ਵੀ ਇਸ ਮਿਸ਼ਨ ਅਤੇ ਇਸਦੀ ਸਫਲਤਾ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁੱਛੇ ਜਾਣ ਤੇ ਦੱਸਿਆ ਗਿਆ ਕਿ ਇਸ ਤਰ੍ਹਾਂ ਇਹ ਗੱਲ ਸਟਰਾਈਕ ਕਰਨ ਵਾਲੀ ਟੀਮ ਅਤੇ ਜੋ ਧਿਰ ਸਟਰਾਈਕ ਦਾ ਸ਼ਿਕਾਰ ਹੋਈ ਹੈ, ਵਿਚ ਹੀ ਦੱਬ ਕੇ ਰਹਿ ਜਾਂਦੀ ਹੈ। ਜੋ ਧਿਰ ਸਟਰਾਈਕ ਦਾ ਸ਼ਿਕਾਰ ਹੋਈ ਹੈ, ਉਹ ਆਪਣੇ ਨੁਕਸਾਨ ਦੀ ਸੂਹ ਇਸ ਕਰਕੇ ਨਹੀਂ ਨਿਕਲਣ ਦੇਣਾ ਚਾਹੁੰਦੀ, ਜੇ ਇਸਦੀ ਸੂਹ ਨਿਕਲ ਜਾਏ ਤਾਂ ਆਪਣੇ ਦੇਸ਼ ਦੀਆਂ ਸਰਹਦਾਂ ਪੁਰ ਉਸ ਵਲੋਂ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾਣ ਲਗਦੇ ਹਨ, ਜਿਸ ਨਾਲ ਉਸ ਨੂੰ ਆਪਣੇ ਦੇਸ਼ ਵਾਸੀਆਂ ਸਾਹਮਣੇ ਨਮੋਸ਼ੀ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਸਰਜੀਕਲ ਸਟਰਾਈਕ’ ਕਰਨ ਵਾਲੀ ਧਿਰ ਇਸ ਕਾਰਣ ਚੁੱਪ ਵੱਟ ਲੈਂਦੀ ਹੈ ਕਿ ਜੇ ਉਸਨੇ ਇਸ ਕਾਰਵਾਈ ਦਾ ਕ੍ਰੈਡਿਟ ਲੈਣ ਲਈ ਇਸ ਨੂੰ ਹਵਾ ਦਿੱਤੀ ਤਾਂ ਇੱਕ ਤਾਂ ਵਿਰੋਧੀ ਧਿਰ ਆਪਣੇ ਲੋਕਾਂ ਵਿੱਚ ਆਪਣੇ ਆਪ ਨੂੰ ਅਪਮਾਨਤ ਹੋਣ ਤੋਂ ਬਚਾਉਣ ਲਈ, ਜ਼ਖਮੀ ਸ਼ੇਰ ਵਾਂਗ ਪੂਰੀ ਤਾਕਤ ਨਾਲ ਜਵਾਬੀ ਕਾਰਵਾਈ ਕਰਕੇ ਆਪਣੇ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੇਗੀ ਕਿ ਉਹ ਦੇਸ਼ ਦੀਆਂ ਸਰਹੱਦਾਂ ਪੁਰ ਹੋਣ ਵਾਲੇ ਹਰ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰਣ ਰੂਪ ਵਿੱਚ ਸਮਰਥ ਹੈ। ਦੂਸਰਾ ਇਸਦਾ ਪ੍ਰਚਾਰ ਕਰਕੇ ਕ੍ਰੈਡਿਟ ਲੈਣ ਦੀਆਂ ਕੋਸ਼ਿਸ਼ਾਂ ਕਾਰਣ ਅੱਗੋਂ ਲਈ ਕਿਸੇ ਵੀ ਸਮੇਂ ‘ਸਰਜੀਕਲ ਸਟਰਾਈਕ’ ਦੇ ਮਿਸ਼ਨ ਪੁਰ ਅਮਲ ਸਹਿਜ ਨਹੀਂ ਰਹਿ ਜਾਂਦਾ, ਕਿਉਂਕਿ ਵਿਰੋਧੀ ਧਿਰ ਹਰ ਸਮੇਂ ਚੌਕਸ ਰਹਿਣ ਲਗਦੀ ਹੈ।
*****
(1330)