“ਇੱਕ ਦਿਨ ਹਥੌੜੇ ਨੇ ਚਾਬੀ ਤੋਂ ਪੁੱਛ ਹੀ ਲਿਆ ਕਿ ...”
(4 ਮਾਰਚ 2017)
ਸੰਸਾਰ ਦਾ ਹਰ ਵਿਅਕਤੀ ਚੁਹੰਦਾ ਹੈ ਕਿ ਉਹ ਆਮ ਲੋਕਾਂ ਸਾਹਮਣੇ ਆਪਣੇ ਜੀਵਨ ਦੀ ਸਾਰਥਕਤਾ ਪੇਸ਼ ਕਰਕੇ, ਉਨ੍ਹਾਂ ਦੀ ਪ੍ਰਸ਼ੰਸਾ ਦਾ ਹਿੱਸਾ ਬਣ ਸਕੇ। ਇਹੀ ਕਾਰਣ ਹੈ ਕਿ ਉਹ ਅਜਿਹੇ ਮੌਕਿਆਂ ਦੀ ਤਲਾਸ਼ ਵਿੱਚ ਰਹਿੰਦਾ ਹੈ, ਜਿਨ੍ਹਾਂ ਉੱਤੇ ਉਹ ਆਪਣਾ ਆਪ ਪੇਸ਼ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਸਕੇ। ਇਸ ਸਥਿਤੀ ਵਿੱਚ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਰ ਵਿਅਕਤੀ ਦੀਆਂ ਨਜ਼ਰਾਂ ਦਾ ਕੇਂਦਰ ਬਣਕੇ ਉਨ੍ਹਾਂ ਪਾਸੋਂ ਪ੍ਰਸ਼ੰਸਾ ਪ੍ਰਾਪਤ ਕਰ ਸਕੇ। ਕਈਆਂ ਦੀ ਆਲੋਚਨਾ ਦਾ ਵੀ ਉਹ ਨਿਸ਼ਾਨਾ ਬਣ ਸਕਦਾ ਹੈ। ਕਈ ਵਾਰ ਉਹ ਆਪਣੇ ਆਪ ਨੂੰ ਨਵੇਂ ਰੂਪ ਵਿੱਚ ਪੇਸ਼ ਕਰਦਿਆਂ, ਆਪਣੀ ਸੋਚ ਦੇ ਅਧਾਰ ’ਤੇ ਫਿਸਲ ਜਾਂਦਾ ਹੈ, ਜਿਸ ਕਾਰਣ ਉਹ ਆਪਣੇ ਆਪ ਨੂੰ ਚੰਗਿਆਂ ਪੇਸ਼ ਕਰਦਿਆਂ ਖਿਝ ਕੇ ਮਾੜਾ ਪ੍ਰਭਾਵ ਦੇ ਬੈਠਦਾ ਹੈ। ਇੱਥੇ ਕੁਝ ਅਜਿਹੀਆਂ ਆਧੁਨਿਕ ਲੋਕ ਕਥਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਸੁਚੱਜੀ ਸੇਧ ਲਈ ਜਾ ਸਕਦੀ ਹੈ। ਕੋਈ ਇਨ੍ਹਾਂ ਨੂੰ ਕਿਵੇਂ ਲੈਂਦਾ ਹੈ, ਇਹ ਉਸਦੀ ਸੋਚ ਉੱਤੇ ਨਿਰਭਰ ਕਰੇਗਾ!
ਚਾਬੀ ਬਣੋ
ਇਕ ਪਿੰਡ ਵਿੱਚ ਇੱਕ ਜੰਦਰਿਆਂ ਦੀ ਦੁਕਾਨ ਸੀ, ਜਿੱਥੇ ਕਈ ਚਾਬੀਆਂ ਬਣਿਆਂ ਕਰਦੀਆਂ ਸਨ। ਜੰਦਰੇ ਬਣਾਉਣ ਵਾਲੇ ਕੋਲ ਇੱਕ ਹਥੌੜਾ ਵੀ ਸੀ। ਹਥੌੜਾ ਰੋਜ਼ ਵੇਖਦਾ ਕਿ ਇਹ ਚਾਬੀ ਮਜ਼ਬੂਤ ਤੋਂ ਮਜ਼ਬੂਤ ਜੰਦਰੇ ਨੂੰ ਵੀ ਬੜੀ ਅਸਾਨੀ ਨਾਲ ਖੋਲ੍ਹ ਦਿੰਦੀ ਹੈ, ਜਦਕਿ ਉਸ ਵਲੋਂ ਕੀਤੀ ਗਈ ਕੋਸ਼ਿਸ਼ ਦੇ ਕਾਰਣ ਕਈ ਵਾਰ ਜੰਦਰਾ ਟੁੱਟ ਵੀ ਜਾਂਦਾ ਹੈ। ਇੱਕ ਦਿਨ ਹਥੌੜੇ ਨੇ ਚਾਬੀ ਤੋਂ ਪੁੱਛ ਹੀ ਲਿਆ ਕਿ ਮੈਂ ਤੇਰੇ ਨਾਲੋਂ ਵਧੇਰੇ ਤਾਕਤਵਰ ਹਾਂ, ਮੇਰੇ ਅੰਦਰ ਲੋਹਾ ਵੀ ਤੇਰੇ ਨਾਲੋਂ ਜ਼ਿਆਦਾ ਹੈ, ਅਕਾਰ ਵਿੱਚ ਵੀ ਮੈਂ ਤੇਰੇ ਨਾਲੋਂ ਬਹੁਤ ਵੱਡਾ ਹਾਂ, ਫਿਰ ਵੀ ਜੰਦਰਾ ਤੋੜਨ ਵਿੱਚ ਮੈਂਨੂੰ ਨਾ ਕੇਵਲ ਬਹੁਤਾ ਸਮਾਂ ਲਗਦਾ ਹੈ, ਸਗੋਂ ਤਾਕਤ ਵੀ ਵਧੇਰੇ ਵਰਤਣੀ ਪੈਂਦੀ ਹੈ, ਜਦਕਿ ਤੂੰ ਮੇਰੇ ਨਾਲੋਂ ਬਹੁਤ ਛੋਟੀ ਹੁੰਦਿਆਂ ਹੋਇਆਂ ਵੀ ਵੱਡੇ ਤੋਂ ਵੱਡੇ ਤੇ ਮਜ਼ਬੂਤ ਤੋਂ ਮਜ਼ਬੂਤ ਜੰਦਰੇ ਨੂੰ ਵੀ ਬਹੁਤ ਅਸਾਨੀ ਨਾਲ ਖੋਲ੍ਹ ਦਿੰਦੀ ਹੈਂ?
ਚਾਬੀ ਨੇ ਮੁਸਕਰਾਉਂਦਿਆਂ ਹੋਇਆਂ ਹਥੌੜੇ ਨੂੰ ਕਿਹਾ ਕਿ ਤੂੰ ਜੰਦਰੇ ਉੱਤੇ ਉੱਪਰੋਂ ਚੋਟ ਕਰਦਾ ਹੈਂ ਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈਂ, ਮੈਂ ਜੰਦਰੇ ਦੇ ਅੰਦਰ ਜਾਂਦੀ ਹਾਂ, ਉਸਦੇ ਅੰਤਰ-ਮਨ ਨੂੰ ਛੋਹੰਦੀ ਹਾਂ ਅਤੇ ਉਸਦੇ ਨੇੜੇ ਜਾ ਬੇਨਤੀ ਕਰਦੀ ਹਾਂ। ਇਸ ਲਈ ਉਹ ਆਰਾਮ ਨਾਲ ਖੁੱਲ੍ਹ ਜਾਂਦਾ ਹੈ, ਪਰ ਤੂੰ ਉਸਨੂੰ ਖੋਲ੍ਹਦਾ ਨਹੀਂ, ਤੋੜ ਦਿੰਦਾ ਹੈਂ। ਇਹੀ ਤੇਰੇ ਤੇ ਮੇਰੇ ਵਿੱਚ ਫਰਕ ਹੈ।
**
ਅੱਜ ਨਹੀਂ ਤਾਂ ਕੱਲ੍ਹ
ਇੱਕ ਫਕੀਰ ਸੀ। ਕੁਝ ਲੋਕੀ ਉਸ ਕੋਲ ਬੈਠੇ ਸਨ। ਫਕੀਰ ਕੁਝ ਗੱਲਾਂ ਉਨ੍ਹਾਂ ਦੀਆਂ ਸੁਣ ਰਿਹਾ ਸੀ ਤੇ ਕੁਝ ਆਪਣੀਆਂ ਸੁਣਾ ਰਿਹਾ ਸੀ। ਫਕੀਰ ਨੇ ਦੱਸਿਆ ਕਿ ਮੈਂ ਜਿਸ ਕੋਲ ਵੀ ਗਿਆ, ਉਸ ਪਾਸੋਂ ਕੁਝ ਨਾ ਕੁਝ ਸਿੱਖਿਆ ਹੀ ਹੈ। ਮਤਲਬ ਇਹ ਕਿ ਸਾਰੇ ਮਿਲਣ ਵਾਲਿਆਂ ਪਾਸੋਂ ਕੁਝ ਨਾ ਕੁਝ ਸਿੱਖਿਆ ਹੈ। ਇਸ ਤੇ ਕੋਲ ਬੈਠਿਆਂ ਵਿੱਚੋਂ ਕਿਸੇ ਨੇ ਪੁੱਛ ਲਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮਿਲਣ ਵਾਲੇ ਹਰ ਇੱਕ ਪਾਸੋਂ ਕੁਝ ਨਾ ਕੁਝ ਸਿੱਖਿਆ ਹੀ ਜਾ ਸਕੇ? ਇੱਕ ਚੋਰ ਤੋਂ ਕੀ ਸਿੱਖਿਆ ਜਾ ਸਕਦਾ ਹੈ?
ਫਕੀਰ ਨੇ ਦੱਸਿਆ ਕਿ ਇੱਕ ਵਾਰ ਮੈਂ ਇੱਕ ਚੋਰ ਦੇ ਘਰ ਠਹਿਰਿਆ ਸਾਂ। ਲਗਭਗ ਇੱਕ ਮਹੀਨਾ ਉਸਦੇ ਘਰ ਰਿਹਾ। ਉਹ ਹਰ ਰੋਜ਼ ਰਾਤ ਨੂੰ ਚੋਰੀ ਕਰਨ ਨਿਕਲਦਾ ਅਤੇ ਰਾਤ ਦੇ ਤਿੰਨ-ਚਾਰ ਵਜੇ ਘਰ ਮੁੜਦਾ। ਮੈਂ ਉਸ ਪਾਸੋਂ ਪੁੱਛਦਾ ਕਿ ਕੁਝ ਮਿਲਿਆ? ਉਹ ਹੱਸ ਕੇ ਕਹਿੰਦਾ ਕਿ ਅੱਜ ਤਾਂ ਕੁਝ ਨਹੀਂ ਮਿਲਿਆ, ਸ਼ਾਇਦ ਕੱਲ੍ਹ ਨੂੰ ਕੁਝ ਮਿਲ ਜਾਏ। ਇਸ ਤਰ੍ਹਾਂ ਇੱਕ ਮਹੀਨਾ ਲੰਘ ਗਿਆ। ਉਹ ਚੋਰੀ ਨਾ ਕਰ ਸਕਿਆ। ਕਦੀ ਉਸ ਨੂੰ ਦਰਵਾਜ਼ੇ ’ਤੇ ਸਿਪਾਹੀ ਖੜ੍ਹਾ ਮਿਲ ਜਾਂਦਾ ਤੇ ਕਦੀ ਘਰ ਅੰਦਰ ਦਾਖਿਲ ਹੋ ਜਾਣ ਤੇ ਘਰ ਵਾਲੇ ਜਾਗਦੇ ਮਿਲ ਜਾਂਦੇ। ਕਦੀ ਉਸ ਤੋਂ ਜੰਦਰਾ ਨਾ ਟੁੱਟ ਸਕਿਆ ਤੇ ਕਦੀ ਘਰ ਦਿਆਂ ਦੇ ਸੁੱਤਿਆਂ ਹੋਣ ਦੇ ਬਾਵਜੂਦ ਉਸਦੇ ਹੱਥ-ਪੱਲੇ ਕੁਝ ਨਾ ਪੈਂਦਾ। ਰਾਤ ਦੇਰ ਥਕਿਆ-ਹਾਰਿਆ ਖਾਲੀ ਹੱਥ ਹੀ ਘਰ ਮੁੜ ਆਉਂਦਾ।
ਮੈਂ ਰੋਜ਼ ਉਸ ਪਾਸੋਂ ਪੁੱਛਦਾ ਕਿ ਕੁਝ ਹੋਇਆ? ਉਹ ਇਹੀ ਕਹਿੰਦਾ ਕਿ ਅੱਜ ਤਾਂ ਕੁਝ ਨਹੀਂ ਹੋਇਆ, ਕੱਲ੍ਹ ਸ਼ਾਇਦ ਕੁਝ ਹੋ ਜਾਏ। ਮੈਂ ਉਸ ਪਾਸੋਂ ਇਹ ਸਿੱਖ ਲਿਆ ਕਿ ਇੱਕ ਚੋਰ, ਜੋ ਚੋਰੀ ਜਿਹਾ ਮਾੜਾ ਕੰਮ ਕਰਨ ਜਾਂਦਾ ਹੈ, ਉਹ ਵੀ ਇੰਨੇ ਵਿਸ਼ਵਾਸ ਨਾਲ ਭਰਿਆ ਹੋਇਆ ਹੁੰਦਾ ਹੈ ਕਿ ਜੇ ਉਸ ਨੂੰ ਅੱਜ ਕੁਝ ਨਹੀਂ ਮਿਲਿਆ ਤਾਂ ਕੱਲ੍ਹ ਜ਼ਰੂਰ ਕੁਝ ਨਾ ਕੁਝ ਮਿਲ ਜਾਇਗਾ। ਫਿਰ ਮੈਂ ਕਿਉਂ ਨਿਰਾਸ਼ ਹੋ ਜਾਂਦਾ ਹਾਂ? ਮੈਂਨੂੰ ਨਾ ਤਾਂ ਨਿਰਾਸ਼ ਹੋਣਾ ਚਾਹੀਦਾ ਹੈ ਤੇ ਨਾ ਹੀ ਫਿਕਰ ਕਰਨਾ ਚਾਹੀਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅੱਜ ਕੰਮ ਨਹੀਂ ਹੋ ਸਕਿਆ ਤਾਂ ਕੱਲ੍ਹ ਨੂੰ ਹੋ ਜਾਵੇਗਾ!
ਫਕੀਰ ਨੇ ਹੋਰ ਦੱਸਿਆ, “ਉਨ੍ਹਾਂ ਦਿਨਾਂ ਵਿੱਚ ਮੈਂ ਪ੍ਰਮਾਤਮਾ ਦੀ ਭਾਲ ਵਿੱਚ ਸੀ। ਮਤਲਬ ਇਹ ਕਿ ਪ੍ਰਮਾਤਮਾ ਦੀ ਚੋਰੀ ਕਰਨ ਦਾ ਮੌਕਾ ਤਲਾਸ਼ ਰਿਹਾ ਸੀ। ਦਰ-ਦਰ ਠੋਕਰਾਂ ਖਾ ਕੇ ਅਤੇ ਦੀਵਾਰਾਂ ਖਟ-ਖਟਾ ਰਿਹਾ ਸਾਂ, ਪਰ ਕੋਈ ਦਰਵਾਜ਼ਾ ਨਹੀਂ ਸੀ ਮਿਲ ਰਿਹਾ। ਮੈਂ ਥਕ-ਹਾਰ ਗਿਆ ਸਾਂ ਤੇ ਨਿਰਾਸ਼ ਵੀ ਹੋ ਚੁੱਕਾ ਸਾਂ। ਮੈਂ ਸੋਚਣ ਲੱਗਾ ਸਾਂ ਕਿ ਸਭ ਫਜ਼ੂਲ ਹੈ, ਬੇਕਾਰ ਹੈ, ਸਭ ਛੱਡ-ਛਡਾ ਘਰ ਵਾਪਸ ਮੁੜਨ ਬਾਰੇ ਸੋਚਣ ਲੱਗ ਪਿਆ ਸਾਂ। ਚੋਰ ਦੇ ਵਿਸ਼ਵਾਸ ਨੇ ਮੈਂਨੂੰ ਬਚਾ ਲਿਆ। ਮੈਂ ਇਹ ਸੂਤਰ ਪੱਲੇ ਬੰਨ੍ਹ ਲਿਆ ਕਿ ਅੱਜ ਨਹੀਂ ਤਾਂ ਕੱਲ੍ਹ ਪ੍ਰਮਾਤਮਾ ਜ਼ਰੂਰ ਮਿਲੇਗਾ। ਚੋਰ ਚੋਰੀ ਕਰ ਸਕਿਆ ਕਿ ਨਹੀਂ, ਮੈਂਨੂੰ ਇਸਦਾ ਕੁਝ ਪਤਾ ਨਹੀਂ, ਪਰ ਮੇਰੇ ਲਈ ਉਹ ਦਿਨ ਜ਼ਰੂਰ ਆ ਗਿਆ, ਜਦੋਂ ਮੈਂਨੂੰ ਮੇਰਾ ਪ੍ਰਮਾਤਮਾ ਮਿਲ ਗਿਆ।
**
ਨਿੱਜ ਦਾ ਧਿਆਨ
ਇੱਕ ਨਟ ਤੇ ਨਟਣੀ ਸਨ। ਨਟ ਗਰੀਬ ਸੀ, ਉਸਦੀ ਪਤਨੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ, ਨਟਣੀ ਉਸਦੀ ਚੇਲੀ ਸੀ। ਦੋਵੇਂ ਸੜਕ ਉੱਤੇ ਕਲਾਬਾਜ਼ੀ ਦਿਖਾਉਂਦੇ। ਇਸ ਤਰ੍ਹਾਂ ਜੋ ਪੈਸੇ ਮਿਲਦੇ, ਉਸ ਨਾਲ ਉਹ ਦੋਵੇਂ ਗੁਜ਼ਾਰਾ ਕਰਦੇ। ਉਨ੍ਹਾਂ ਦਾ ਇੱਕ ਕਰਤਬ ਕੁਝ ਅਜਿਹਾ ਸੀ, ਜਿਸ ਵਿੱਚ ਉਸਤਾਦ (ਨਟ) ਇੱਕ ਬਾਂਸ ਨੂੰ ਆਪਣੇ ਸਿਰ ਤੇ ਰੱਖਦਾ ਤੇ ਚੇਲੀ (ਨਟਣੀ) ਆਹਿਸਤਾ-ਆਹਿਸਤਾ ਚੜ੍ਹਦਿਆਂ, ਉਸ ਬਾਂਸ ਦੇ ਉੱਪਰ ਤਕ ਪੁੱਜ ਜਾਂਦੀ। ਉੱਪਰ ਪੁੱਜਣ ਤੋਂ ਬਾਅਦ ਉਹ, ਨਟਣੀ ਉੱਥੇ ਰੁਕ ਜਾਂਦੀ ਅਤੇ ਉਸਤਾਦ (ਨਟ) ਸੰਤੁਲਣ ਬਣਾਉਂਦਿਆਂ ਹੋਇਆ ਚਲਦਾ। ਸੱਟ ਨਾ ਵੱਜੇ, ਇਸ ਕਰ ਕੇ ਦੋਹਾਂ ਲਈ ਜ਼ਰੂਰੀ ਹੁੰਦਾ ਸੀ ਕਿ ਉਹ ਇਕਾਗਰ ਹੋ ਕੇ ਕੰਮ ਕਰਨ। ਇੱਕ ਦਿਨ ਉਸਤਾਦ (ਨਟ) ਨੇ ਚੇਲੀ (ਨਟਣੀ) ਨੂੰ ਕਿਹਾ ਕਿ ਸੁਣ, ਇਹ ਕਰਤਬ ਕਰਦਿਆਂ ਮੈਂ ਤੈਨੂੰ ਵੇਖਾਂਗਾ ਤੇ ਤੂੰ ਮੈਂਨੂੰ ਵੇਖੀਂ। ਇਸ ਨਾਲ ਸਾਡਾ ਸੰਤੁਲਣ ਬਣਿਆ ਰਹੇਗਾ। ਧਿਆਨ ਵੀ ਨਹੀਂ ਭਟਕੇਗਾ ਤੇ ਕਿਸੇ ਨੂੰ ਸੱਟ ਵੀ ਨਹੀਂ ਲੱਗੇਗੀ ਅਤੇ ਕਮਾਈ ਵੀ ਬਹੁਤੀ ਹੋਵੇਗੀ। ਨਟਣੀ ਛੋਟੀ ਪਰ ਸਮਝਦਾਰ ਸੀ। ਉਸਨੇ ਕਿਹਾ, “ਗੁਰੂ ਜੀ, ਠੀਕ ਤਾਂ ਇਹ ਰਹੇਗਾ ਕਿ ਅਸੀਂ ਦੋਵੇਂ ਆਪਣੇ ਆਪ ਨੂੰ ਹੀ ਵੇਖੀਏ। ਜੇ ਅਸੀਂ ਆਪਣੇ ਆਪ ਨੂੰ ਆਪਣੇ ਉੱਤੇ ਹੀ ਇਕਾਗਰ ਰੱਖਾਂਗੇ ਤਾਂ ਦੋਹਾਂ ਦਾ ਹੀ ਧਿਆਨ ਰੱਖ ਲਵਾਂਗੇ। ਮੈਂਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਕੋਈ ਦੁਰਘਟਨਾ ਵੀ ਨਹੀਂ ਵਾਪਰੇਗੀ।
*****
(621)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)