“ਜਿਸ ਤੇਜ਼ੀ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ...”
(1 ਅਕਤੂਬਰ 2019)
ਕੁਝ ਹੀ ਸਮਾਂ ਪਹਿਲਾਂ ਇੱਕ ਵਿਅੰਗਕਾਰ ਨੇ ‘ਭਾਰਤ ਕੀ ਵਿਕਾਸ ਗਾਥਾ ਦੇਖੀ ਨਹੀਂ ਜਾਈ’ ਦੇ ਹੈਡਿੰਗ ਇੱਕ ਲੇਖ ਲਿਖਿਆ ਸੀ, ਜਿਸਦੀ ਅਰੰਭਤਾ ਕਰਦਿਆਂ ਉਨ੍ਹਾਂ ਲਿਖਿਆ ‘ਭਾਰਤੇਂਦੂ ਹਰੀਸ਼ ਚੰਦਰ ਨੇ ਕਿਸੇ ਸਮੇਂ ਲਿਖਿਆ ਸੀ ਕਿ ‘ਭਾਰਤ ਕੀ ਦੁਰਦਸ਼ਾ ਦੇਖੀ ਨਹੀਂ ਜਾਈ।’ ਉਹ ਦਿਨ ਅਗ੍ਰੇਜ਼ੀ ਰਾਜ ਦੇ ਸਨ। ਅੰਗ੍ਰੇਜ਼ ਭਾਰਤ ਦੀ ਦੁਰਦਸ਼ਾ ਕਰੀ ਜਾ ਰਹੇ ਸਨ। ਅੰਗ੍ਰੇਜ਼ਾਂ ਦਾ ਸੁਭਾਅ ਹੈ ਦੁਰਦਸ਼ਾ ਕਰਦਿਆਂ ਰਹਿਣਾ। ਜਦੋਂ ਉਨ੍ਹਾਂ ਵਲੋਂ ਸਾਰੀ ਦੁਨੀਆਂ ਦੀ ਦੁਰਦਸ਼ਾ ਕਰ ਦਿੱਤੇ ਜਾਣ ਦਾ ਕੰਮ ਖਤਮ ਹੋਇਆ, ਤਦ ਤੱਕ ਵੀਹਵੀਂ ਸਦੀ ਬੀਤ ਚੁੱਕੀ ਸੀ। ਇੱਕੀਵੀਂ ਸਦੀ ਵਿੱਚ ਉਹ ਆਪਣੀ ਤੇ ਯੂਰਪ ਦੀ ਦੁਰਦਸ਼ਾ ਕਰਨ ਉੱਤੇ ਉਤਾਰੂ ਹੋ ਗਏ। ਖੈਰ, ਅੰਗ੍ਰੇਜ਼ ਭਾਰਤ ਛੱਡ ਕੇ ਚਲੇ ਗਏ ਹਨ ਤੇ ਦੇਸ਼ ਵਿੱਚ ਭਾਰਤੀਆਂ ਦਾ ਆਪਣਾ ਰਾਜ ਆ ਗਿਆ ਹੈ। ਭਾਰਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਉਹ ਕੁਝ ਨਹੀਂ ਕਰਾਂਗੇ, ਜੋ ਅੰਗ੍ਰੇਜ਼ ਕੀਤਾ ਕਰਦੇ ਸਨ, ਉਨ੍ਹਾਂ ਨਾਲੋਂ ਕੁਝ ਵੱਖ ਕਰ ਵਿਖਾਵਾਂਗੇ। ਸੋ ਇਨ੍ਹਾਂ ਨੇ ਭਾਰਤ ਦਾ ਵਿਕਾਸ ਕਰਨ ਦਾ ਫੈਸਲਾ ਕਰ ਲਿਆ। ਅੰਗ੍ਰੇਜ਼ ਬਾਹਰਲੇ ਸਨ, ਕਦੀ ਨਾ ਕਦੀ ਤਾਂ ਉਨ੍ਹਾਂ ਨੇ ਜਾਣਾ ਹੀ ਸੀ. ਪਰ ਹੁਣ ਵਿਕਾਸ ਤਾਂ ਆਪਣੇ ਹੀ ਲੋਕੀ ਕਰ ਰਹੇ ਹਨ, ਉਨ੍ਹਾਂ ਨੇ ਤਾਂ ਕਿਧਰੇ ਜਾਣਾ ਨਹੀਂ। ਇਸ ਲਈ ਉਹ ਬਿਨਾਂ ਸਮੇਂ ਨੂੰ ਗੁਆਏ ਵਿਕਾਸ ਕਰ ਰਹੇ ਹਨ। ਅੱਜਕਲ ਦੇਸ਼ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਹਰ ਨੇਤਾ ਵਿਕਾਸ ਕਰਨ ਤੇ ਤੁਲਿਆ ਹੋਇਆ ਹੈ। ਜਦੋਂ ਕੋਈ ਨੇਤਾ ਵਿਕਾਸ ਦੀ ਗੱਲ ਕਰਦਾ ਹੈ ਤਾਂ ਇਹ ਕਹਿਣਾ ਪੈਂਦਾ ਹੈ ਕਿ ਕਿ ਭਾਈ ਸਾਹਿਬ, ਇੱਕ ਮਿੰਟ ਠਹਿਰੋ, ਜ਼ਰਾ ਮੈਂ ਇੱਕ ਪਾਸੇ ਫੁੱਟਪਾਥ ਪੁਰ ਹੋ ਜਾਵਾਂ, ਉਸ ਤੋਂ ਬਾਅਦ ਵਿਕਾਸ ਕਰਨਾ।
ਆਮ ਤੌਰ ’ਤੇ ਲੋਕੀ ਸੁਰੱਖਿਆ ਦੇ ਨਜ਼ਰੀਏ ਨਾਲ ਬੱਚਿਆਂ ਨੂੰ ਘਰ ਵਿੱਚ ਬੁਲਾ ਕੇ ਦਰਵਾਜ਼ੇ ਬੰਦ ਕਰ ਲੈਂਦੇ ਹਨ। ਖੁਸ਼ਹਾਲੀ ਵਰ੍ਹ ਰਹੀ ਹੈ। ਜੀਡੀਪੀ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਕਾਬੂ ਵਿੱਚ ਹੀ ਨਹੀਂ ਆ ਰਹੀ। ਦਰਵਾਜ਼ੇ-ਖਿੜਕੀਆਂ ਬੰਦ ਰੱਖੀਏ ਤਾਂ ਵੀ ਵਿਕਾਸ ਝੀਤਾਂ ਰਾਹੀਂ ਅੰਦਰ ਵੜ ਆਉਂਦਾ ਹੈ। ਮਹਿੰਗਾਈ ਦਰ ਇੰਨੀ ‘ਘਟ’ ਗਈ ਹੈ ਕਿ ਆਮ ਤੌਰ ’ਤੇ ਸਾਮਾਨ ਵੇਚਣ ਵਾਲੇ ਪੈਸੇ ਲੈਂਦੇ ਹੀ ਨਹੀਂ ਹਨ, ਸਗੋਂ ਗਾਹਕ ਨੂੰ ਦੇ ਦਿੰਦੇ ਹਨ। ਇੱਕ ਕਿਲੋ ਟਮਾਟਰ ਖਰੀਦੋ ਤਾਂ ਨਾਲ ਦਸ ਰੁਪਏ ਸਬਜ਼ੀ ਵਾਲਾ ਆਪਣੇ ਵਲੋਂ ਦੇ ਦਿੰਦਾ ਹੈ। ਬਿਜਲੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਕਨੈਕਸ਼ਨ ਤੱਕ ਦੀ ਲੋੜ ਨਹੀਂ, ਬਲੱਬ ਵਿੱਚ ਸੁਤਲੀ ਬੰਨ੍ਹ ਦਿਉ, ਉਹ ਜਗ ਪੈਂਦਾ ਹੈ। ਸਿੱਖਿਆ ਮੁਫਤ ਹੈ, ਇਲਾਜ ਮੁਫਤ ਹੈ, ਲੋਕਾਂ ਨੂੰ ਮੁਫਤ ਘਰ ਦਿੱਤੇ ਜਾ ਰਹੇ ਹਨ। ਹਰ ਪਿੰਡ ਵਿੱਚ ਇੰਨੀਆਂ ਸ਼ਾਨਦਾਰ ਸੜਕਾਂ ਬਣ ਗਈਆਂ ਹਨ ਕਿ ਕਾਰਾਂ ਬਿਨਾਂ ਪੈਟਰੋਲ ਦੇ ਹੀ ਭੱਜੀਆਂ ਜਾਂਦੀਆਂ ਹਨ। ਕਿਸਾਨਾਂ ਨੂੰ ਫਸਲ ਦਾ ਇੰਨਾ ਮੁੱਲ ਮਿਲ ਰਿਹਾ ਹਨ ਕਿ ਉਹ ਹੱਥ ਜੋੜਕੇ ਕਹਿ ਰਹੇ ਹਨ ਕਿ ਇੰਨੇ ਪੈਸੇ ਨਾ ਦਿਉ ਭਈ। ਇਸ ਕਰਕੇ ਹੁਣ ਪੂਰੇ ਦੇਸ਼ ਵਿੱਚ ਵਿਕਾਸ ਦੇ ਵਰੋਸਾਏ ਭਾਰਤੀ ਭਾਰਤੇਂਦੂ ਦੇ ਹੀ ਅੰਦਾਜ਼ ਵਿੱਚ ਕਹਿ ਰਹੇ ਹਨ ਕਿ ‘ਭਾਰਤ-ਵਿਕਾਸ ਦੇਖਾ ਨਾ ਜਾਏ।’
ਅੱਛੇ ਦਿਨ ਆ ਹੀ ਗਏ:
ਜਿਸ ਤੇਜ਼ੀ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ, ਉਸੇ ਹੀ ਤੇਜ਼ੀ ਨਾਲ ਮੱਧਮ ਅਤੇ ਗਰੀਬ ਵਰਗ ਦੀਆਂ ਚਨੌਤੀਆਂ ਵੀ ਵਧ ਰਹੀਆਂ ਹਨ। ਉਨ੍ਹਾਂ ਨੂੰ ਹੁਣ ਆਪਣੇ ਲੋੜੀਂਦੇ ਖਰਚਿਆਂ ਨੂੰ ਪੂਰਿਆਂ ਕਰਨ ਲਈ ਵਧੇਰੇ ਮਿਹਨਤ ਕਰਨੀ ਪੈ ਰਹੀ ਹੈ। ਉਹ ਆਪਣੇ ਕਈ ਸੁਪਨਿਆਂ ਨੂੰ ਭੁਲਾ ਦੇਣ ’ਤੇ ਮਜਬੂਰ ਹੋ ਰਹੇ ਹਨ। ਇਨ੍ਹਾਂ ਹਾਲਾਤ ਵਿੱਚ ਪਰਿਵਾਰਾਂ ਨੂੰ ਜੀਵਨ ਜੀਣ ਲਈ ਆਪਣੇ ਕਈ ਲੋੜੀਂਦੇ ਖਰਚਿਆਂ ਵਿੱਚ ਕਟੌਤੀ ਕਰਕੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਕੁਝ ਹੀ ਸਮਾਂ ਹੋਇਆ ਇੱਕ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਇੱਕ ਅਧਿਆਪਕਾ ਨੇ ਦੱਸਿਆ ਕਿ ਘਰ ਦੇ ਨਿੱਤ ਦੇ ਲੋੜੀਂਦੇ ਖਰਚਿਆਂ ਨੂੰ ਪੂਰਿਆਂ ਕਰਨ ਲਈ ਉਸਨੂੰ ਪਿਛਲੇ ਕਈ ਮਹੀਨਿਆਂ ਤੋਂ ਟਿਊਸ਼ਨਾਂ ਪੜ੍ਹਾਉਣੀਆਂ ਪੈ ਰਹੀਆਂ ਹਨ। ਉਹ ਅਤੇ ਉਸਦਾ ਪਤੀ ਪਹਿਲਾਂ ਜਿੱਥੇ ਆਪਣੀ ਬੇਟੀ ਨੂੰ ਦੋ ਹਫਤਿਆਂ ਵਿੱਚ ਇੱਕ ਵਾਰ ਪਾਰਕ ਲੈ ਕੇ ਜਾਂਦੇ ਸੀ, ਉੱਥੇ ਹੀ ਹੁਣ ਉਹ ਉਸਨੂੰ ਦੋ ਮਹੀਨਿਆਂ ਵਿੱਚ ਇੱਕ ਵਾਰ ਹੀ ਬਾਹਰ ਲਿਜਾ ਪਾਉਂਦੇ ਹਨ। ਇਸੇ ਸਰਵੇਖਣ ਅਨੁਸਾਰ ਦੇਸ਼ ਦੇ ਗਰੀਬ ਵਰਗ ਪੁਰ ਦੋਹਰੀ ਮਾਰ ਪੈ ਰਹੀ ਹੈ। ਇਹ ਵਰਗ ਅਜਿਹੇ ਅਸੰਗਠਿਤ ਖੇਤਰ ਵਿੱਚ ਕੰਮ ਕਰਦਾ ਹੈ, ਜਿੱਥੇ ਕੰਮ ਦੇ ਲਗਾਤਾਰ ਬਣਿਆ ਰਹਿਣ ਦੀ ਤਾਂ ਕੋਈ ਗਰੰਟੀ ਨਹੀਂ, ਉੱਥੇ ਤਨਖਾਹਾਂ ਵਿੱਚ ਵਾਧਾ ਵੀ ਨਾ-ਮਾਤ੍ਰ ਹੀ ਹੁੰਦਾ ਹੈ। ਨੀਤੀ ਆਯੋਗ (ਯੋਜਨਾ ਆਯੋਗ) ਦੇ ਇੱਕ ਸਾਬਕਾ ਮੈਂਬਰ ਅਤੇ ਅਰਥ-ਸ਼ਾਸਤ੍ਰੀ ਦਾ ਕਹਿਣਾ ਹੈ ਕਿ ਕਿਉਂਕਿ ਕੀਮਤਾਂ ਵਿੱਚ ਹੋ ਰਹੇ ਵਾਧੇ ਦੇ ਚਲਦਿਆਂ ਉਨ੍ਹਾਂ ਵਰਗੇ ਸਮਰੱਥ ਲੋਕੀ ਆਪਣੀਆਂ ਜ਼ਰੂਰਤਾਂ ਪੂਰਿਆਂ ਕਰਨ ਨੂੰ ਪਹਿਲ ਦੇਣ ਕਾਰਣ ਆਪਣੇ ਕੁੱਕ, ਡਰਾਈਵਰ, ਘਰੇਲੂ ਨੌਕਰਾਂ ਅਤੇ ਮਜ਼ਦੂਰਾਂ ਆਦਿ ਦੀ ਤਨਖਾਹ ਨਹੀਂ ਵਧਾਉਂਦੇ ਜਦਕਿ ਪੰਜ ਸਾਲ ਪਹਿਲਾਂ ਤੱਕ ਇਨ੍ਹਾਂ ਦੀ ਤਨਖਾਹ ਵਿੱਚ 10 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਜਾਂਦਾ ਚਲਿਆ ਆ ਰਿਹਾ ਸੀ।
ਇੱਕ ਬਜ਼ੁਰਗ ਬੀਬੀ, ਜੋ ਡਾਇਬੀਟੀਜ਼ ਅਤੇ ਆਰਥ੍ਰਾਇਟਿਸ ਦੀ ਮਰੀਜ਼ ਹੈ, ਉਸਦੇ ਕੰਮ ਕਰਨ ਦੇ ਘੰਟੇ ਵਧਦੇ ਹੀ ਜਾ ਰਹੇ ਹਨ। ਪਹਿਲਾਂ ਉਹ ਪੰਜ ਘਰਾਂ ਵਿੱਚ ਖਾਣਾ ਪਕਾਉਂਦੀ ਸੀ, ਹੁਣ ਉਸਨੂੰ ਸੱਤ ਘਰਾਂ ਵਿੱਚ ਜਾ ਕੇ ਖਾਣਾ ਬਣਾਉਣਾ ਪੈਂਦਾ ਹੈ। ਉਸਨੇ ਦੱਸਿਆ ਕਿ ਅਸੀਂ ਘਰ ਵਿੱਚ ਪੰਜ ਜੀਅ ਹਾਂ, ਪਰ ਕਮਾਉਣ ਵਾਲੇ ਦੋ। ਇੱਕ ਮੈਂ ਤੇ ਦੂਸਰਾ ਮੇਰਾ ਦਾਮਾਦ। ਉਹ ਬਜ਼ੁਰਗ ਔਰਤ ਕੰਮ ਕਰਨ ਲਈ ਘਰ ਤੋਂ ਸਵੇਰੇ 5.30 ਵਜੇ ਨਿਕਲਦੀ ਹੈ ਤੇ ਸ਼ਾਮ 6 ਵਜੇ ਆਖਰੀ ਘਰ ਵਿੱਚ ਕੰਮ ਕਰਕੇ ਮੁੜਦੀ ਹੈ। ਦੋਹਾਂ ਦੀ ਕਮਾਈ ਨਾਲ ਹੀ ਘਰ ਦਾ ਖਰਚ ਚੱਲ ਪਾਉਂਦਾ ਹੈ। ਉਨ੍ਹਾਂ ਦਾ ਪਰਿਵਾਰ ਪਹਿਲਾਂ ਸਾਲ ਵਿੱਚ ਇੱਕ ਵਾਰ ਪਿੰਡ ਜਾਂਦਾ ਰਿਹਾ, ਪਰ ਪਿਛਲੇ ਦੋ ਵਰ੍ਹਿਆਂ ਤੋਂ ਉਨ੍ਹਾਂ ਪਿੰਡ ਜਾਣਾ ਛੱਡ ਦਿੱਤਾ।
ਮੀਆਂ-ਬੀਵੀ ਦੋ ਜੀਅ ਮੁੰਬਈ ਦੀ ਇੱਕ ਪਾਸ਼ ਕਾਲੌਨੀ ਵਿੱਚ ਦੋ ਬੈੱਡਰੂਮ ਦੇ ਫਲੈਟ ਵਿੱਚ ਰਹਿੰਦੇ ਹਨ। ਦੋਵੇਂ ਹੀ ਕੇਟਰਿੰਗ ਦਾ ਕੰਮ ਕਰਦੇ ਹਨ। ਪਹਿਲਾਂ ਸਾਲ ਵਿੱਚ ਇੱਕ ਵਾਰ ਘਰੇਲੂ ਟਰਿੱਪ ਤੇ ਅਤੇ ਦੂਸਰੀ ਵਾਰ ਵਿਦੇਸ਼ੀ ਟਰਿੱਪ ਉੱਤੇ ਘੁੰਮਣ ਜਾਂਦੇ ਰਹੇ। ਪ੍ਰੰਤੂ ਤਿੰਨ ਸਾਲ ਪਹਿਲਾਂ, ਜਦ ਤੋਂ ਖਾਣ-ਪੀਣ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ, ਉਨ੍ਹਾਂ ਦਾ ਲਾਭ ਘਟਣ ਲੱਗਾ, ਜਿਸ ਕਾਰਣ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਟਰਿੱਪ ਦੇ ਖਰਚਿਆਂ ਵਿੱਚ ਕਟੌਤੀ ਕੀਤੀ, ਫਿਰ ਬਾਹਰ ਜਾ ਕੇ ਖਾਣਾ-ਪੀਣਾ ਘਟਾ ਦਿੱਤਾ।
… ਅਤੇ ਅੰਤ ਵਿੱਚ:
ਇੱਕ ਪਾਸੇ ਸਰਕਾਰ ਵਿਦੇਸ਼ੀ ਨਿਵੇਸ਼ਕਾਂ (ਐੱਫਡੀਆਈ) ਦੇ ਨਾਲ-ਨਾਲ ਹੀ ਵਿਦੇਸ਼ੀ ਪੋਰਟਫੋਲਿਉ ਨਿਵੇਸ਼ਕਾਂ (ਐੱਫਪੀਆਈ) ਨੂੰ ਵੀ ਦੇਸ਼ ਵਿੱਚ ਪੂੰਜੀ ਲਾਣ ਲਈ ਪ੍ਰੇਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਉਂ ਜਾਪਦਾ ਹੈ ਜਿਵੇਂ ਵਿਸ਼ਵ-ਪੱਧਰੀ ਨਿਵੇਸ਼ਕਾਂ ਦਾ ਸਰਕਾਰ ਪ੍ਰਤੀ ਮੋਹ ਲਗਾਤਾਰ ਭੰਗ ਹੁੰਦਾ ਚਲਿਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਬੀਤੇ ਦਿਨੀਂ ਦੱਸਿਆ ਗਿਆ ਕਿ ਪਿਛਲੇ ਛੇ ਵਰ੍ਹਿਆਂ ਵਿੱਚ ਭਾਰਤੀ ਸਟਾਕ ਮਾਰਕੀਟ ਵਿੱਚ 45 ਅਰਬ ਡਾਲਰ (ਲਗਭਗ 32 ਖਰਬ ਰੁਪਏ) ਦੀ ਰਕਮ ਪਾਏ ਜਾਣ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਨਾਲ ਦੇਸ਼ ਦੀ ਆਰਥਕ ਸਮਰੱਥਾ ਵਿੱਚ ਵਾਧਾ ਕਰਨ ਵਿੱਚ ਸਫਲ ਹੋਣਗੇ। ਪਰ ਹੁਣ ਵਿਸ਼ਵ-ਪੱਧਰੀ ਪ੍ਰਬੰਧਕ ਨਿਵੇਸ਼ਕ ਇਸ ਰਕਮ ਨੂੰ ਬਹੁਤ ਤੇਜ਼ੀ ਨਾਲ ਬਾਹਰ ਕੱਢ ਰਹੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਜੂਨ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ 4.5 ਬਿਲੀਅਨ ਡਾਲਰ ਦੇ ਭਾਰਤੀ ਸ਼ੇਅਰ ਵੇਚ ਦਿੱਤੇ ਹਨ। ਵਿਦੇਸ਼ੀ ਪੋਰਟਫੋਲਿਊ ਨਿਵੇਸ਼ਕਾਂ (ਐੱਫਪੀਆਈ) ਵਲੋਂ ਭਾਰਤੀ ਪੂੰਜੀ ਬਜ਼ਾਰ ਵਿੱਚੋਂ ਪੈਸਾ ਕਢਾ ਲੈਣ ਨਾਲ ਵੀ ਘਰੇਲੂ ਪੂੰਜੀ ਬਜ਼ਾਰ ਪੁਰ ਦਬਾਉ ਵਧ ਗਿਆ ਹੈ। ਬੀਤੇ 19 ਸਤੰਬਰ ਨੂੰ ਐੱਫਪੀਆਈ ਨੇ 13.07 ਕਰੋੜ ਡਾਲਰ ਦੇ ਭਾਰਤੀ ਸ਼ੇਅਰ ਵੇਚੇ ਹਨ। ਮੰਨਿਆ ਜਾਂਦਾ ਹੈ ਕਿ ਵਿਸ਼ਵ-ਪੱਧਰੀ ਨਿਵੇਸ਼ਕਾਂ ਦਾ ਇਹ ਪਲਾਇਨ ਸੰਨ-1999 ਦੇ ਬਾਅਦ ਦਾ ਸਭ ਤੋਂ ਵਡਾ ਪਲਾਇਨ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ‘ਬਲੂਮਬਰਗ’ ਤੋਂ ਲੰਦਨ ਵਿੱਚ ਸਰਗਰਮ ਪ੍ਰਮੁਖ ਨਿਵੇਸ਼ ਨੀਤੀਕਾਰ ਸਲਮਾਨ ਅਹਿਮਦ ਨੇ ਗੱਲਬਾਤ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਰਦ-ਗਿਰਦ ਮੰਡਰਾਉਣ ਵਾਲਾ ‘ਸੁਖ-ਪ੍ਰਾਪਤੀ’ ਦਾ ਮਾਹੌਲ ਹੁਣ ਬਹੁਤ ਹੀ ਪਿੱਛੇ ਰਹਿ ਗਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1754)
(ਸਰੋਕਾਰ ਨਾਲ ਸੰਪਰਕ ਲਈ: