JaswantAjit7ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ... ... ... ਅਨੇਕਾਂ ਨਵੇਂ ਵਿਵਾਦ ਛੇੜਕੇ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
(25 ਨਵੰਬਰ 2017)

 

ਹਰਜਿੰਦਰ ਸਿੰਘ ਦਲਗੀਰ ਰਚਿਤ ਸਿੱਖ ਇਤਿਹਾਸ ਵਿੱਚ ਇਤਿਹਾਸ ਦੀਆਂ ਸਥਾਪਿਤ ਕਈ ਮਾਨਤਾਵਾਂ, ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਕਾਰਜਾਂ ਤੇ ਸ਼ਹਾਦਤਾਂ ਆਦਿ ਦੇ ਉਦੇਸ਼ਾਂ ਨੂੰ ਵਿਗਾੜਨ ਤੇ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲਣ ’ਤੇ, ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਸਿੱਖਾਂ ਨੂੰ ਸ. ਦਲਗੀਰ ਰਚਿਤ ਸਿੱਖ ਇਤਿਹਾਸ ਅਤੇ ਉਸਦਾ (ਆਪਣਾ) ਸਮਾਜਿਕ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਗਿਆ। ਸ. ਦਲਗੀਰ ਨੇ ਅਕਾਲ ਤਖਤ ਤੋਂ ਜਾਰੀ ਇਸ ਆਦੇਸ਼ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ, ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰਿਟ ਦਾਖਲ ਕੀਤੀ ਹੈ। ਅਦਾਲਤ ਦਾ ਫੈਸਲਾ ਕੀ ਹੋਵੇਗਾ, ਇਸ ਸਵਾਲ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ, ਪ੍ਰੰਤੂ ਇਨ੍ਹਾਂ ਬਣੇ ਹਾਲਾਤ ਦੀ ਘੋਖ ਕਰਦਿਆਂ ਜ਼ਹਿਨ ਵਿੱਚ ਇਹ ਸਵਾਲ ਜ਼ਰੂਰ ਉੱਭਰਕੇ ਸਾਹਮਣੇ ਆ ਜਾਂਦਾ ਹੈ ਕਿ ਕਿਸੇ ਧਰਮ ਦੀ ਪ੍ਰੀਭਾਸ਼ਾ ਕੀ ਹੈ ਅਤੇ ਉਸਦੀਆਂ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਕੀ ਹਨ, ਇਸਦਾ ਫੈਸਲਾ ਕੀ ਹੁਣ ਅਦਾਲਤਾਂ ਕਰਿਆ ਕਰਨਗੀਆਂ? ਇਹ ਸਵਾਲ ਉੱਭਰ ਸਾਹਮਣੇ ਆਉਣ ਦਾ ਕਾਰਣ ਇਹ ਹੈ ਕਿ ਲਗਭਗ ਦੋ-ਢਾਈ ਵਰ੍ਹੇ ਪਹਿਲਾਂ ਵੀ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਰਾਖਵਾਂ ਕਰਨ ਲਈ ਜੋ ਕਾਨੂੰਨ ਬਣਾਇਆ ਸੀ ਤਾਂ ਉਹ ਵੀ ਸਰਕਾਰ ਦਾ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਦੇਣਾ ਹੀ ਸੀ। ਉਸ ਸਮੇਂ ਵੀ ਸਿੱਖ ਵਿਦਵਾਨਾਂ ਦੇ ਇੱਕ ਵਰਗ ਵਲੋਂ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਅਜਿਹਾ ਕਰਕੇ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਸਰਕਾਰ ਵਲੋਂ ਦਖਲ-ਅੰਦਾਜ਼ੀ ਕੀਤੇ ਜਾਣ ਦਾ ਰਾਹ ਖੋਲ੍ਹ ਦਿੱਤਾ ਹੈ ਉਨ੍ਹਾਂ ਦੀ ਮੰਨਣਾ ਸੀ ਕਿ ਇਸ ਸੰਬੰਧ ਵਿੱਚ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਹੀ ਇਸ ਉਦੇਸ਼ ਨੂੰ ਪੂਰਿਆਂ ਕੀਤਾ ਜਾ ਸਕਦਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਦੇ ਵਿਰੋਧ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ।

ਇਸੇ ਤਰ੍ਹਾਂ ਜਦੋਂ ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ ਅਤੇ ਸਿੱਖ ਦੀ ਪ੍ਰੀਭਾਸ਼ਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਹੱਲ ਲਈ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਫੈਸਲਾ ਦਿੱਤਾ ਗਿਆ ਤਾਂ ਉਸ ਸਮੇਂ ਕਈ ਸਿੱਖ ਆਗੂਆਂ ਨੇ ਬਗਲਾਂ ਵਜਾਈਆਂ ਅਤੇ ਉਸ ਫੈਸਲੇ ਨੂੰ ਇਤਿਹਾਸਕ, ਸਿੱਖਾਂ ਅਤੇ ਸਿੱਖੀ ਦੇ ਹਿਤ ਵਿੱਚ ਕਰਾਰ ਦਿੰਦਿਆਂ, ਨਾ ਕੇਵਲ ਉਸਦਾ ਸਵਾਗਤ ਕੀਤਾ, ਸਗੋਂ ਹਰ ਕਿਸੇ ਨੇ ਅੱਗੇ ਹੋ ਕੇ ਇਸ ‘ਅਖੌਤੀ ਸਫਲਤਾ’ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਵੀ ਪੂਰੀ ਵਾਹ ਲਾ ਦਿੱਤੀ। ਪ੍ਰੰਤੂ ਹਰ ਕਿਸੇ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਕਿ ਇਹ ਫੈਸਲਾ ਦਿੰਦਿਆਂ ਅਦਾਲਤ ਦੇ ਵਿਦਵਾਨ ਜਜਾਂ ਨੇ ਆਪਣੇ ਫੈਸਲੇ ਵਿਚ ਇਹ ਦਾਅਵਾ ਕਰਕੇ ‘ਜੇ ਕਿਸੇ ਧਾਰਮਕ ਮੁੱਦੇ ਤੇ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਅਦਾਲਤ ਨੂੰ ਉਸ ਮੁੱਦੇ ’ਤੇ ਸੁਣਵਾਈ ਕਰਨ ਅਤੇ ਫੈਸਲਾ ਦੇਣ ਦਾ ਅਧਿਕਾਰ ਪ੍ਰਾਪਤ ਹੈ’, ਧਾਰਮਕ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਨੂੰ ਜਾਇਜ਼ ਕਰਾਰ ਦੇ ਦਿੱਤਾ ਹੋਇਆ ਸੀ।

ਸਿੱਖੀ ਦੇ ਠੇਕੇਦਾਰਾਂ ਨੇ ਇਸ ਤਰ੍ਹਾਂ ਆਪ ਹੀ ਪੰਜਾਬ-ਹਰਿਆਣਾ ਹਾਈਕੋਰਟ ਪਾਸੋਂ ਧਾਰਮਕ ਮੁੱਦਿਆਂ ਬਾਰੇ ਪੈਦਾ ਹੋਏ ਵਿਵਾਦਾਂ ਦਾ ਫੈਸਲਾ ਕਰਵਾਕੇ ਆਪਣੇ ਧਾਰਮਿਕ ਮਾਮਲਿਆਂ ਵਿਚ ਅਦਾਲਤਾਂ ਵਲੋਂ ਦਖਲ ਦਿੱਤੇ ਜਾਣ ਦਾ ਜੋ ਰਾਹ ਖੋਲ੍ਹ ਲਿਆ, ਬਾਰੇ ਕਿਸੇ ਨੇ ਸੋਚਣ-ਸਮਝਣ ਅਤੇ ਵਿਚਾਰਨ ਦੀ ਲੋੜ ਤਕ ਨਹੀਂ ਸਮਝੀ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਨੂੰ ਇਸਦਾ ਕਿੰਨਾ ਭਾਰੀ ਮੁੱਲ ਤਾਰਨਾ ਪਵੇਗਾ। (ਇਸਦੀ ਪੁਸ਼ਟੀ ਹਰਜਿੰਦਰ ਸਿੰਘ ਦਲਗੀਰ ਵਲੋਂ ਅਕਾਲ ਤਖਤ ਤੋਂ ਜਾਰੀ ਉਸ ਹੁਕਮਨਾਮੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਅਦਾਲਤ ਵਿੱਚ ਦਿੱਤੀ ਗਈ ਚੁਨੌਤੀ ਤੋਂ ਹੋ ਗਈ ਹੈ, ਜਿਸ ਵਿੱਚ ਸਿੱਖਾਂ ਨੂੰ ਉਸ ਵਲੋਂ ਰਚਿਤ ਸਿੱਖ ਇਤਿਹਾਸ ਦੀਆਂ ਉਨ੍ਹਾਂ ਪੁਸਤਾਕਾਂ, ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨੂੰ ਵਿਗਾੜ ਗੁਰੂ ਸਾਹਿਬਾਨ ਦੀ ਉੱਚ ਸ਼ਖਸੀਅਤ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦਾ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।)

ਸਿੱਖ ਇਤਿਹਾਸ ਦੇ ਪੁਨਰ ਲੇਖਨ ਦੀ ਸੋਚ:

ਦੱਸਿਆ ਜਾਂਦਾ ਹੈ ਕਿ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਕੁਝ ਹੋਰ ਸਿੱਖ ਸੰਸਥਾਵਾਂ ਨੇ ਸਿੱਖ ਇਤਿਹਾਸ ਨੂੰ ਵਿਗਾੜੇ ਜਾਣ ਦੀ ਵਧ ਰਹੀ ਰੁਚੀ ਕਾਰਣ ਪੈਦਾ ਹੋ ਰਹੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ‘ਸਿੱਖ ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾਏ ਜਾਣ ਪ੍ਰਤੀ ਪਹਿਲ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਉਦੇਸ਼ ਨਾਲ, ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਵੀ ‘ਹਾਇਰ’ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੂੰ ਲੱਖਾਂ ਰੁਪਏ ਪੇਸ਼ਗੀ ਵਜੋਂ ਅਦਾ ਕਰਕੇ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿੰਮੇਦਾਰੀ ਸੌਂਪਣੀ ਵੀ ਸ਼ੁਰੂ ਕਰ ਦਿੱਤੀ ਸੀ।

ਜਦੋਂ ਇਹ ਗੱਲ ਸਾਹਮਣੇ ਆਈ ਉਸ ਸਮੇਂ ਵੀ ਕਈ ਸਿੱਖ ਵਿਦਵਾਨਾਂ ਵਲੋਂ ਇਹ ਖਦਸ਼ਾ ਪ੍ਰਗਟ ਕੀਤਾ ਜਾਣ ਲੱਗਾ ਸੀ ਕਿ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿੰਮੇਂਦਾਰੀ ਸੌਂਪੀ ਜਾ ਰਹੀ ਹੈ, ਕੀ ਉਸਦੇ ਸੰਬੰਧ ਵਿੱਚ ਗਰੰਟੀ ਪ੍ਰਾਪਤ ਕਰ ਲਈ ਗਈ ਹੋਈ ਹੈ ਕਿ ਉਹ ਸਿੱਖ ਇਤਿਹਾਸ ਨਾਲ ਇਨਸਾਫ ਕਰੇਗਾ ਅਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਕੀ ਉਹ ਸੱਚਮੁੱਚ ਵਿਸ਼ਵਾਸਪਾਤਰ ਵਿਦਵਾਨ ਹੈ ਕਿ ਜਿੰਨੀ ਕੀਮਤ ਉਹ ਆਪਣੀ ਰਚਨਾ ਲਈ ਪੇਸ਼ਗੀ ਵਜੋਂ ਵਸੂਲ ਕਰ ਰਿਹਾ ਹੈ, ਉੰਨੇ ਮੁੱਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ ਰਕਮ ਉਹ ਵਾਪਸ ਕਰ ਦੇਵੇਗਾ?

ਸਵਾਲ ਉਠਾਉਣ ਵਾਲੇ ਵਿਦਵਾਨਾਂ ਦਾ ਮਤ ਸੀ ਕਿ ਇਹ ਗੱਲ ਤਾਂ ਕਸਵੱਟੀ ’ਤੇ ਪੂਰੀ ਉੱਤਰਦੀ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਸਚਾਈ ਹੈ ਕਿ ਵਧੇਰੇ ਕਰਕੇ ਆਰੰਭਕ ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ’ਤੇ ਲਿਖਿਆ ਗਿਆ। ਦੂਸਰੇ ਪਾਸੇ ਇਸ ਸਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਨੇ ਵੀ ਆਪਣੇ ਤੋਂ ਪਹਿਲਾਂ ਲਿਖੇ ਇਤਿਹਾਸ ਦਾ ਹੀ ਸਹਾਰਾ ਲਿਆ ਅਤੇ ਉਸਦੇ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਹ ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ, ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ ਇਤਿਹਾਸ ਮੁੱਢ ਤੋਂ ਹੀ ਆਪਣੀ ਸਚਾਈ ਦਾ ਜੋ ਆਧਾਰ ਗੁਆਉਂਦਾ ਚਲਿਆ ਆਇਆ, ਉਸ ਤੋਂ ਆਪਣੇ ਆਪ ਨੂੰ ਬਚਾ ਨਾ ਸਕਿਆ।

ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਵਾ ਰਹੀਆਂ ਨੇ, ਸ਼ਾਇਦ ਉਨ੍ਹਾਂ ਨੇ ਇਹ ਗੱਲ ਮੰਨ ਲਈ ਹੋਈ ਹੈ ਕਿ ਜਿਸ ਵਿਦਵਾਨ ਪਾਸੋਂ ਉਹ ਇਤਿਹਾਸ ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ ਅਤੇ ਇਤਿਹਾਸਕ ਸੱਚਾਈ ਨੂੰ ਹੀ ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਵਲੋਂ ਉਸ ਸਮੇਂ ਹੀ ਸ਼ੰਕਾ ਪ੍ਰਗਟ ਕਰ ਦਿੱਤੀ ਸੀ ਕਿ ਇਤਿਹਾਸ ਦੇ ਇਹ ਕਹਿੰਦੇ ਕਹਾਉਂਦੇ ‘ਵਿਦਵਾਨ’ ਸ਼ਾਇਦ ਸਿੱਖ ਇਤਿਹਾਸ ਨਾਲ ਪੂਰਾ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦੱਸਦੇ ਸਨ ਕਿ ਲਗਭਗ ਸਾਰੇ ਹੀ ਵਿਦਵਾਨ, ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਤ ਹਨ, ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿਦਵਾਨਾਂ ਵਲੋਂ ਲਿਖਿਆ ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸ ਤੋਂ ਉਹ ਪ੍ਰੇਰਿਤ ਹਨ।

ਇਨ੍ਹਾਂ ਵਿਦਵਾਨਾਂ ਦਾ ਕਹਿਣਾ ਸੀ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ ਲਿਖਵਾਉਣ ਤੇ ਉਸ ਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ ਨੀਤੀ ਅਪਨਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤੱਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।

ਪਹਿਲੀ ਟੀਮ ਉਹ, ਜੋ ਈਮਾਨਦਾਰੀ ਅਤੇ ਮਿਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰਕੇ ਸਚਾਈ ਦੀ ਪਰਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਕੰਮ ਦੀ ਜਾਂਚ-ਪੜਤਾਲ ਕਰਕੇ ਲਿਖੇ ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਾਵੇ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਪੜਾਵਾਂ ਤੋਂ ਪਾਰ ਹੋਣ ਤੋਂ ਬਾਅਦ ਹੀ ਨਵਾਂ ਲਿਖਿਆ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।

… ਅਤੇ ਅੰਤ ਵਿੱਚ:

ਸਿੱਖ ਜਥੇਬੰਦੀਆਂ ਵਲੋਂ ਇਕੱਲੇ-ਇਕੱਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਬਾਜ਼ਾਰ ਵਿੱਚ ਪੁੱਜੀਆਂ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ ਦੀ ਬਜਾਏ ਆਪਣੇ-ਆਪ ਨੂੰ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜਕੇ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।

*****

(908)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author