“ਇਨ੍ਹਾਂ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਜਿਸ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ, ਉਸ ਵਿਚ ਸ਼ਰਾਬ ਦੀਆਂ ਵੰਨ-ਸਵੰਨੀਆਂ ਕਿਸਮਾਂ ...”
(21 ਅਗਸਤ 2017)
ਕਈ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪ੍ਰਸਿੱਧਤਾ ਪ੍ਰਾਪਤ ਲੇਖਕ ਸ. ਖੁਸ਼ਵੰਤ ਸਿੰਘ ਦਾ ਇਕ ਮਜ਼ਮੂਨ ਛਪਿਆ ਸੀ, ਜਿਸ ਵਿਚ ਉਨ੍ਹਾਂ ਦੇਸ਼ ਦੀਆਂ ਦੋ ਸਭ ਤੋਂ ਛੋਟੀਆਂ ਘੱਟ-ਗਿਣਤੀਆਂ, ਇਸਾਈਆਂ ਅਤੇ ਸਿੱਖਾਂ, ਦੀ ਦੇਸ਼ ਵਿਚਲੀ ਆਬਾਦੀ ਦਾ ਜ਼ਿਕਰ ਕਰਦਿਆਂ, ਦੋਹਾਂ ਵੱਲੋਂ ਆਪੋ-ਆਪਣੇ ਫਿਰਕੇ ਦੇ ਸਮਾਜਕ, ਵਿੱਦਿਅਕ, ਆਰਥਕ, ‘ਅਪਰਾਧਕ’ ਅਤੇ ‘ਭਰਿਸ਼ਟਾਚਾਰਕ’ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਨ ਦੇ ਨਾਲ ਹੀ, ਉਨ੍ਹਾਂ ਦੀ ਆਪੋ ਵਿੱਚ ਤੁਲਨਾ ਵੀ ਕੀਤੀ ਸੀ।
ਸ. ਖੁਸ਼ਵੰਤ ਸਿੰਘ ਨੇ ਆਪਣੇ ਉਸ ਮਜ਼ਮੂਨ ਵਿਚ ਦੱਸਿਆ ਕਿ ਭਾਰਤ ਵਿਚ ਇਸਾਈਆਂ ਦੀ ਆਬਾਦੀ ਕੇਵਲ ਤਿੰਨ ਪ੍ਰਤੀਸ਼ਤ ਹੈ ਤੇ ਉਹ ਸੌ ਪ੍ਰਤੀਸ਼ਤ ਹੀ ਪੜ੍ਹੇ-ਲਿਖੇ ਹਨ। ਆਪਣੀ ਸਿਹਤ-ਸੰਭਾਲ ਦੇ ਮਾਮਲੇ ਵਿਚ ਵੀ ਉਹ ਬਹੁਤ ਚੇਤਨ ਹਨ। ਵਿੱਦਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ, ਉਨ੍ਹਾਂ ਦੀ ਮਹੱਤਵਪੂਰਣ ਦੇਣ ਹੈ। ਇੱਥੋਂ ਤੱਕ ਕਿ ਸਮਰੱਥਾਵਾਨ ਆਰੀਆ ਸਮਾਜੀ ਤੇ ਸਿੱਖ ਆਗੂ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਵਿੱਦਿਅਕ ਸੰਸਥਾਵਾਂ ਵਿਚ ਦਾਖਲ ਕਰਵਾਉਣ ਦੀ ਬਜਾਏ, ਉਨ੍ਹਾਂ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਹੀ ਦਾਖਲ ਕਰਵਾਉਣਾ ਫ਼ਖ਼ਰ ਸਮਝਦੇ ਹਨ। ਅਪਰਾਧੀਕਰਣ ਤੇ ਭ੍ਰਿਸ਼ਟਾਚਾਰ ਦੀਆਂ ਬੁਰਾਈਆਂ ਵਿਚ ਉਨ੍ਹਾਂ ਦੀ ਲਿਪਤਤਾ ਬਹੁਤ ਹੀ ਘੱਟ ਅੰਕੀ ਗਈ ਹੈ। ਉਨ੍ਹਾਂ ਵਿਚ ਸਰਮਾਏਦਾਰ ਮੰਨੇ ਜਾਂਦੇ ਵਿਅਕਤੀ ਵੀ ਟਾਵੇਂ-ਟਾਵੇਂ ਹਨ। ਸਰਕਾਰੀ ਅਦਾਰਿਆਂ ਤੇ ਵਪਾਰਕ ਸੰਸਥਾਵਾਂ ਵਿਚ ਉਨ੍ਹਾਂ ਦੀ ਪੁੱਛ-ਗਿੱਛ ਦੂਜਿਆਂ ਨਾਲੋਂ ਕਿਤੇ ਬਹੁਤ ਵਧੇਰੇ ਹੈ, ਕਿਉਂਕਿ ਉਨ੍ਹਾਂ ਦੇ ਚੰਗੇ ਪੜ੍ਹੇ-ਲਿਖੇ ਹੋਣ, ਉਨ੍ਹਾਂ ਦੀ ਸਾਫ-ਸੁਥਰੀ ਛਵ੍ਹੀ ਤੇ ਪ੍ਰਬੰਧਕੀ ਮਾਮਲਿਆਂ ਵਿਚ ਉਨ੍ਹਾਂ ਦੀ ਯੋਗਤਾ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ।
ਆਪਣੇ ਉਸੇ ਮਜ਼ਮੂਨ ਵਿਚ ਉਨ੍ਹਾਂ ਸਿੱਖਾਂ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਦੇਸ਼ ਵਿਚ ਇਨ੍ਹਾਂ ਦੀ ਆਬਾਦੀ ਕੇਵਲ ਦੋ ਪ੍ਰਤੀਸ਼ਤ ਹੈ, ਜੋ ਕਿ ਇਸਾਈਆਂ ਦੀ ਆਬਾਦੀ ਨਾਲੋਂ ਵੀ ਇਕ ਪ੍ਰਤੀਸ਼ਤ ਘੱਟ ਹੈ। ਘੱਟ-ਗਿਣਤੀਆਂ ਵਿੱਚੋਂ ਇਹ ਸਭ ਤੋਂ ਵਧ ਅਮੀਰ ਮੰਨੀ ਜਾਂਦੀ ਘੱਟ-ਗਿਣਤੀ ਹੈ। ਇਨ੍ਹਾਂ ਵਿਚ ਪੜ੍ਹੇ-ਲਿਖੇ ਮਾਤ੍ਰ ਤੀਹ ਪ੍ਰਤੀਸ਼ਤ ਹੀ ਹਨ। ਇਨ੍ਹਾਂ ਵਿਚ ਕ੍ਰਾਈਮ-ਭਾਵਨਾ ਅਤੇ ਹਿੰਸਕ ਪ੍ਰਵਿਰਤੀ ਸਭ ਤੋਂ ਵੱਧ ਹੋਣ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ। ਗੁਰੂ ਆਸ਼ੇ ਦੇ ਵਿਰੁੱਧ ਸ਼ਰਾਬ ਦਾ ਸੇਵਨ ਅਰਥਾਤ ਨਸ਼ੇ ਕਰਨ ਵਿਚ ਇਹ ਸਭ ਤੋਂ ਅੱਗੇ ਮੰਨੇ ਜਾਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਇਸ ਮਜ਼ਮੂਨ ਵਿਚ ਸ. ਖੁਸ਼ਵੰਤ ਸਿੰਘ ਨੇ ਜੋ ਕੁਝ ਲਿਖਿਆ, ਉਹ ਬਹੁਤ ਹੀ ਕੌੜਾ ਤੇ ਹਜ਼ਮ ਨਾ ਹੋ ਸਕਣ ਵਾਲਾ ਸੱਚ ਹੈ। ਪਰ ਲੋੜ ਉਸਦਾ ਵਿਰੋਧ ਕਰਨ ਦੀ ਨਹੀਂ ਸਗੋਂ ਇਹ ਸੋਚਣ ਤੇ ਵਿਚਾਰ ਕਰਨ ਦੀ ਰਹੀ ਕਿ ਆਖਰ ਉਹ ਕਿਹੜੇ ਕਾਰਣ ਹਨ, ਜਿਨ੍ਹਾਂ ਕਾਰਣ ਸ. ਖੁਸ਼ਵੰਤ ਸਿੰਘ ਨੂੰ ਸਿੱਖਾਂ ਦਾ ਮਾਮਲੇ ਵਿੱਚ ਇੰਨਾ ਕੌੜਾ ਸੱਚ ਲਿਖਣ ’ਤੇ ਮਜਬੂਰ ਹੋਣਾ ਪਿਆ।
ਸੱਚਾਈ ਤਾਂ ਇਹੀ ਹੈ ਕਿ ਜਿੱਥੋਂ ਤਕ ਸਿੱਖਾਂ ਵਿਚ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਝੁਕਾਅ ਦੀ ਗੱਲ ਹੈ, ਉਸ ਸੰਬੰਧ ਵਿਚ ਅੱਜ ਵੀ ਖੁੱਲ੍ਹ ਕੇ ਇਸ ਗੱਲ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਪੰਜਾਬ ਵਿਚ ਸ਼ਰਾਬ ਦੀ ਖਪਤ ਦੂਜੇ ਸੂਬਿਆਂ ਨਾਲੋਂ ਕਿਤੇ ਵੱਧ ਹੈ, ਸਿੱਖ ਆਪ ਵੀ ਵੰਨ-ਸੁਵੰਨੇ ਨਸ਼ੇ ਸੇਵਨ ਕਰਨ ਦੀ ਗੱਲ ਬੜੇ ਮਾਣ ਨਾਲ ਤੇ ਖੁੱਲ੍ਹੇ ਆਮ ਕਰਦੇ ਹਨ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸਿੱਖ ਨੌਜਵਾਨ ਬੜੀ ਤੇਜ਼ੀ ਨਾਲ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਨਾ ਕੇਵਲ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ, ਸਗੋਂ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਵੀ ਬਰਬਾਦ ਕਰ ਰਹੇ ਹਨ।
ਇਸੇ ਸੰਬੰਧ ਵਿਚ ਇੱਥੇ ਜੇ ਦਿੱਲੀ ਵਿੱਚ ਸਮੇਂ-ਸਮੇਂ ਹੁੰਦੇ ਰਹਿੰਦੇ ਅਜਿਹੇ ਸਮਾਗਮਾਂ ਦਾ ਇਸ਼ਾਰੇ ਮਾਤਰ ਜ਼ਿਕਰ ਕੀਤਾ ਜਾਏ ਤਾਂ ਉਹ ਕੁਥਾਉਂ ਨਹੀਂ ਹੋਵੇਗਾ। ਇਕ ਅੰਤਰਰਾਸ਼ਟਰੀ ਸਿੱਖ ਸੰਸਥਾ ਵਲੋਂ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਅਤੇ ਵਿਸਾਖੀ ਆਦਿ ਇਤਿਹਾਸਕ ਤਿਉਹਾਰਾਂ ਦੇ ਸੰਬੰਧ ਵਿਚ ਵਿਸ਼ੇਸ਼ ਮਿਲਣੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ, ਜਿਨ੍ਹਾਂ ਵਿਚ ਸਿੱਖ ਪਤਵੰਤਿਆਂ ਤੋਂ ਇਲਾਵਾ ਰਾਸ਼ਟਰੀ ਅਤੇ ਵਿਦੇਸ਼ੀ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਮਿਲਣੀਆਂ ਦੌਰਾਨ ਸਿੱਖ ਬੁਧੀ-ਜੀਵੀਆਂ ਤੋਂ ਇਲਾਵਾ ਗ਼ੈਰ-ਸਿੱਖ ਦੇਸੀ ਤੇ ਵਿਦੇਸ਼ੀ ਪਤਵੰਤੇ ਗੁਰੂ ਸਾਹਿਬਾਂ ਦੇ ਜੀਵਨ-ਕਾਰਜਾਂ ਤੇ ਕੁਰਬਾਨੀਆਂ ਅਤੇ ਇਤਿਹਾਸਕ ਤਿਉਹਾਰਾਂ ਦੇ ਮੌਕੇ ਤੇ ਉਨ੍ਹਾਂ ਨਾਲ ਸੰਬੰਧਤ ਮਾਨਤਾਵਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਧਰਮ ਦੀਆਂ ਮਰਿਆਦਾਵਾਂ ਅਤੇ ਨਾਲ ਹੀ ਇਤਿਹਾਸਕ ਤਿਉਹਾਰਾਂ ਨਾਲ ਸੰਬੰਧਤ ਮਾਨਤਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਇੱਥੋਂ ਤਕ ਆਖਦੇ ਹਨ ਜੇ ਸੰਸਾਰ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਅਤੇ ਇਤਿਹਾਸਕ ਤਿਉਹਾਰਾਂ ਨਾਲ ਸੰਬੰਧਤ ਮਾਨਤਾਵਾਂ ਨੂੰ ਅਪਨਾ ਲਏ ਤਾਂ ਉਹ ਸਵਰਗ ਬਣ ਸਕਦਾ ਹੈ।
ਇਨ੍ਹਾਂ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਜਿਸ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ, ਉਸ ਵਿਚ ਸ਼ਰਾਬ ਦੀਆਂ ਵੰਨ-ਸਵੰਨੀਆਂ ਕਿਸਮਾਂ ਦਾ ਕਾਉਂਟਰ ਵੀ ਹੁੰਦੇ ਹਨ ਅਤੇ ਬੈਰੈ ਵੀ ਉਨ੍ਹਾਂ ਦੇ ਪੈੱਗ ਬਣਾ-ਬਣਾ, ਟਰੇਆਂ ਵਿਚ ਸਜਾ ਇਕ-ਇਕ ਮਹਿਮਾਨ ਪਾਸ ਪਹੁੰਚਾਉਂਦੇ ਹਨ। ਦੇਸੀ ਤੇ ਵਿਦੇਸ਼ੀ ਮਹਿਮਾਨ ਤਾਂ ਇਹ ਪੈੱਗ ਬੜੇ ਸਲੀਕੇ ਨਾਲ ਲੈਂਦੇ ਹਨ। ਪਰ ਸਿੱਖ ਪਤਵੰਤੇ ਤੇ ਬੁੱਧੀਜੀਵੀ ਇਨ੍ਹਾਂ ਪੈੱਗਾਂ ਨੂੰ ਇਉਂ ਡਕਾਰਦੇ ਹਨ, ਜਿਵੇਂ ਉਨ੍ਹਾਂ ਨੂੰ ਫਿਰ ਕਦੀ ਇਹੋ ਜਿਹਾ ਮੌਕਾ ਨਸੀਬ ਹੀ ਨਹੀਂ ਹੋਣਾ। ਇੱਕ ਵਾਰ, ਇੱਕ ਤੋਂ ਬਾਅਦ ਦੂਜਾ ਪੈੱਗ ਲਗਾਤਾਰ ਡਕਾਰ ਰਹੇ ਇਕ ਬੁੱਧੀਜੀਵੀ ਨਾਲ, ਉਸ ਵਲੋਂ ਕੀਤੇ ਗਏ ਸਿੱਖੀ ਦੀਆਂ ਮਾਨਤਾਵਾਂ ਤੇ ਮਰਿਆਦਾਵਾਂ ਦੇ ਜ਼ਿਕਰ ਦਾ ਹਵਾਲਾ ਦਿੰਦਿਆਂ, ਉਸਦੇ ਇਸ ਕਿਰਦਾਰ ਦੀ ਗੱਲ ਕੀਤੀ ਗਈ ਤਾਂ ਉਸ ਨੇ ਬਹੁਤ ਹੀ ‘ਦਲੇਰੀ’ ਨਾਲ ਕਿਹਾ ਕਿ ਸਮਾਂ ਬਦਲ ਗਿਆ ਹੈ ਸਾਹਿਬ, ਸਮੇਂ ਦੇ ਬਦਲਣ ਨਾਲ ਸਿੱਖੀ ਵਿਚ ‘ਇੰਨੀ-ਕੁ’ ਪੀ ਲੈਣ ਦੀ ਤਾਂ ਖੁੱਲ੍ਹ ਮਿਲਣੀ ਹੀ ਚਾਹੀਦੀ ਹੈ।
ਜਿੱਥੋਂ ਤੱਕ ਸਿੱਖਾਂ ਦੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦੀ ਗੱਲ ਹੈ, ਉਸ ਸੰਬੰਧ ਵਿਚ ਕੁਝ ਵੀ ਕਹਿਣ ਦੀ ਬਜਾਏ ਰੋਜ਼ ਦੀਆਂ ਅਖਬਾਰਾਂ ਚੁੱਕ ਕੇ ਵੇਖ ਲੈਣ ਨਾਲ ਹੀ ਉਸਦਾ ਜਵਾਬ ਮਿਲ ਜਾਂਦਾ ਹੈ। ਸਿੱਖ ਪੰਥ ਦੇ ਠੇਕੇਦਾਰ ਆਪ ਹੀ ਆਏ ਦਿਨ ਅਜਿਹੇ ਬਿਆਨ ਦੇ ਕੇ ਸਾਬਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਧਰਮ-ਅਸਥਾਨ ਤੇ ਵਿੱਦਿਅਕ ਅਦਾਰੇ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ। ਜੇ ਸਿੱਖੀ ਦੇ ਪੈਰੋਕਾਰ ਆਪ ਇਹ ਦਾਅਵਾ ਕਰਨ ਕਿ ਸਿੱਖੀ ਤੇ ਵਿੱਦਿਆ ਦੇ ਸੋਮੇਂ ਹੀ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ ਤਾਂ ਫਿਰ ਕੌਣ ਮੰਨੇਗਾ ਕਿ ਸਿੱਖਾਂ ਦੀ ਕੋਈ ਸੰਸਥਾ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕਦੀ ਹੈ?
… ਅਤੇ ਅੰਤ ਵਿੱਚ:
ਸੱਚਾਈ ਤਾਂ ਇਹੀ ਹੈ ਕਿ ਅੱਜ ਦੇ ਸਿੱਖ-ਆਗੂਆਂ ਨੇ ਨਿੱਜ-ਸੁਆਰਥ ਅਧੀਨ ਆਮ ਸਿੱਖਾਂ ਨੂੰ ਸਿੱਖੀ ਦੇ ਮੂਲ ਆਦਰਸ਼ਾਂ ਤੋਂ ਭਟਕਾ ਕੇ ਇੰਨੀ ਦੂਰ ਧੱਕ ਦਿੱਤਾ ਹੋਇਆ ਹੈ ਕਿ ਉਨ੍ਹਾਂ ਨੂੰ ਸਿੱਖੀ ਦੇ ਉਨ੍ਹਾਂ ਆਦਰਸ਼ਾਂ ਦੀ ਸੋਝੀ ਤੱਕ ਨਹੀਂ ਰਹਿ ਗਈ ਹੋਈ, ਜਿਨ੍ਹਾਂ ਦੀਆਂ ਨੀਹਾਂ ’ਤੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਮਹੱਲ ਦੀ ਉਸਾਰੀ ਕੀਤੀ ਤੇ ਜਿਨ੍ਹਾਂ ਦੀ ਰੱਖਿਆ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਤੋਂ ਪਿੱਛੋਂ ਸਿੱਖ-ਪਰਵਾਨਿਆਂ ਵੀ ਉਨ੍ਹਾਂ ਆਦਰਸ਼ਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਘੱਟ ਨਹੀਂ ਸੀ ਕੁਰਬਾਨ ਕੀਤੀਆਂ। ਅੱਜ ਤਾਂ ਸਿੱਖਾਂ ਸਾਹਮਣੇ ਇਨ੍ਹਾਂ ਆਗੂਆਂ ਵਲੋਂ ਇੱਕੋ ਗੱਲ ਪਰੋਸ ਕੇ ਰੱਖ ਦਿੱਤੀ ਗਈ ਹੋਈ ਹੈ ਕਿ ਇਨ੍ਹਾਂ ਆਦਰਸ਼ਾਂ ਤੇ ਕੁਰਬਾਨੀਆਂ ਨੂੰ ਸਵੇਰੇ-ਸ਼ਾਮ ਅਰਦਾਸ ਕਰ, ਦੁਹਰਾ ਲਿਆ ਕਰੋ। ਨਾ ਤਾਂ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤੇ ਨਾ ਹੀ ਇਨ੍ਹਾਂ ਨੂੰ ਯਾਦ ਰੱਖਣ ਦੀ। ਜੇ ਕੋਈ ਉਨ੍ਹਾਂ ਨੂੰ ਇਨ੍ਹਾਂ ਕੁਰਬਾਨੀਆਂ ਨੂੰ ਭੁਲਾ ਕੇ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ, ਪ੍ਰੰਪਰਾਵਾਂ ਤੋਂ ਭਟਕ ਜਾਣ ਦੀ ਗੱਲ ਯਾਦ ਕਰਾਏ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦੇਵੇ, ਤਾਂ ਲੱਠ ਲੈ ਕੇ ਉਸਦੇ ਗਲ ਪੈ ਜਾਉ, ਬੱਸ!
*****
(804)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)