“ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ...”
(9 ਅਪਰੈਲ 2020)
ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਿਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਕੇ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨੀਤੀ ਸਮਝ ਬੈਠੇ ਹਾਂ। ਇੰਨਾ ਹੀ ਨਹੀਂ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਇੱਥੇ ਹਰ ਕੋਈ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਉੱਪਰ ਠੋਸਣ ਲਈ ਤਰਲੋਮੱਛੀ ਹੋ ਰਿਹਾ ਹੈ। ਦੂਸਰੇ ਦੇ ਸੱਚ ਨੂੰ ਨਾ ਤਾਂ ਉਹ ਸੱਚ ਮੰਨਣ ਲਈ ਤਿਆਰ ਵੀ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਕਿਸੇ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਲੋਕਾਂ ਦੇ ਆਪੋ-ਆਪਣੇ ਹੀ ਸੱਚ ਹੁੰਦੇ ਹਨ। ਕੁਝ ਸੱਚ ਤਾਂ ਉਸੇ ਤਰਜ਼ ’ਤੇ ਹੁੰਦੇ ਹਨ, ਜਿਵੇਂ ਕਿ ਇੱਕ ਪੁਰਾਣੀ ਕਹਾਣੀ ਅਨੁਸਾਰ ‘ਅੰਨ੍ਹਿਆਂ ਲਈ ਹਾਥੀ ਦਾ ਸੱਚ’ ਸੀ। ਹਰ ਘਟਨਾ ਦਾ ਕੋਈ ਇੱਕ ਪੱਖ ਹੀ ਲੈ ਲਉ, ਹਰ ਕੋਈ ਆਪਣੇ ਹੀ ਨਜ਼ਰੀਏ ਨਾਲ ਉਸ ਨੂੰ ਪੇਸ਼ ਕਰਦਾ ਵਿਖਾਈ ਦਿੰਦਾ ਹੈ। ਇਸਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨ। ਪ੍ਰੰਤੂ ਅਜਿਹਾ ਤਾਂ ਸੰਭਵ ਹੁੰਦਾ ਹੈ, ਜੇ ਕਿਸੇ ਇੱਕ ਵੀ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦੱਸਿਆ ਜਾਏ। ਇਹ ਗੱਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦੱਸੇ ਨਹੀਂ ਜਾਂਦੇ, ਜੇ ਦੱਸੇ ਵੀ ਜਾਣ ਤਾਂ ਗ਼ਲਤ ਦੱਸ ਦਿੱਤੇ ਜਾਂਦੇ ਹਨ। ਇਸ ਹਾਲਤ ਵਿੱਚ ਕੁਝ ਲੋਕ ਸਵਾਲ ਉਠਾਉਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਉਣ ਅਤੇ ਆਪਣੇ ਹਿਤ ਵਿੱਚ ਆਪੋ-ਆਪਣੇ ਅਧੂਰੇ ਸੱਚ ਨੂੰ ਪੇਸ਼ ਕਰਨ ਦਾ ਸਮਾਂ ਜਾਂ ਦੌਰ ਆ ਗਿਆ ਹੈ? ਜਾਪਦਾ ਤਾਂ ਇਹੀ ਹੈ।
ਸ਼ਾਇਦ ਇਹੀ ਕਾਰਣ ਹੈ ਕਿ ਘੱਟ ਪੜ੍ਹਿਆ ਲਿਖਿਆ ਵਰਗ ਡੂੰਘੇ ਅਵਿਸ਼ਵਾਸ ਵਿੱਚ ਜ਼ਿੰਦਗੀ ਗੁਜ਼ਾਰਨ ’ਤੇ ਮਜਬੂਰ ਹੋ ਰਿਹਾ ਹੈ। ਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਵਾਲੇ ਦੀਆਂ ਨਜ਼ਰਾਂ ਵਿੱਚ ਜਾਂ ਪਹਿਲੇ ਦਾ ਦੂਸਰੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈ। ਸਵਾਲ ਉੱਠਦਾ ਹੈ ਕਿ ਕੀ ਅਜਿਹੇ ਮਾਹੌਲ ਵਿੱਚ ਏਕਤਾ ਦਾ ਅਲਾਪਿਆ ਜਾ ਰਿਹਾ ਰਾਗ ਕਾਰਗਰ ਹੋ ਸਕਦਾ ਹੈ? ਕੀ ਇਸੇ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵਧ ਸਕੇਗਾ? ਦੇਸ਼ ਦਾ ਇੱਕ ਵਰਗ, ਜੋ ਸਾਰੇ ਝੰਝਟਾਂ ਤੋਂ ਦੂਰ ਹੈ, ਉਸ ਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ, ਜਿਸ ਨੂੰ ਅੱਧ-ਪੜ੍ਹਿਆ ਜਾਂ ਅਨਪੜ੍ਹ ਮੰਨਿਆ ਜਾਂਦਾ ਹੈ, ਦੇਸ਼ ਵਿੱਚ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਇਸ ਅਰਧ-ਸੱਚ ਤੇ ਅਵਿਸ਼ਵਾਸ ਦੇ ਪੀੜਤ ਸਮਾਜ ਦੀ ਤੁਲਨਾ ਤੋਂ ਬਹੁਤ ਦੂਰ ਹੈ, ਉਹੀ ਦੇਸ਼ ਅਤੇ ਸਮਾਜ ਲਈ ਉਮੀਦ ਦੀ ਕਿਰਨ ਹੈ।
ਦੇਸ਼ ਭਗਤੀ ਦੇ ਮਾਪ-ਦੰਡ:
ਦੇਸ਼ ਭਗਤੀ ਅਤੇ ਦੇਸ਼ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੀ ਬਹਿਸ ਦੌਰਾਨ ਇੱਕ ਬੁੱਧੀਜੀਵੀ, ਸਹੀਰਾਮ ਨੇ ਇਸ ਚਰਚਾ ਉੱਪਰ ਵਿਅੰਗ ਕਰਦਿਆਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵਧਦੀ ਜਾਂਦੀ ਹੈ, ਉਸੇ ਹੀ ਤਰ੍ਹਾਂ ਦੇਸ਼ ਭਗਤਾਂ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵਧਦੀ। ਪ੍ਰੰਤੂ ਇੱਥੇ ਤਾਂ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼-ਧ੍ਰੋਹੀਆਂ ਦੀ ਗਿਣਤੀ ਵਧਦੀ ਅਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਘਟਦੀ ਚਲੀ ਜਾ ਰਹੀ ਹੈ। ਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਹੀ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼-ਧ੍ਰੋਹੀ ਗਿਣੇ-ਚੁਣੇ ਹੁੰਦੇ ਸਨ। ਅੱਜ ਤੋਂ ਪਹਿਲਾਂ ਜਿਹੜਾ ਬੰਬ ਫੋੜਦਾ ਸੀ ਜਾਂ ਫਿਰ ਉਹ, ਜੋ ਦੇਸ਼ ਦੇ ਵਿਰੁੱਧ ਜਾਸੂਸੀ ਕਰਦਾ ਸੀ, ਬੱਸ ਉਹੀ ਦੇਸ਼-ਧ੍ਰੋਹੀ ਹੁੰਦਾ ਸੀ, ਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁੱਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਹੀ ਦੇਸ਼ ਭਗਤ ਹੁੰਦੇ ਸਨ। ਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਕਦੀ ਦੇਸ਼-ਧ੍ਰੋਹੀ ਨਹੀਂ ਸੀ ਕਿਹਾ ਗਿਆ। ਇੱਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਉਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼-ਧ੍ਰੋਹੀ ਨਹੀਂ ਸੀ ਕਿਹਾ ਗਿਆ। ਉਸ ਸਮੇਂ ਦੇਸ਼ ਭਗਤੀ ਲਈ ਵੀ ਕੋਈ ਸ਼ਰਤ ਨਹੀਂ ਸੀ, ਕੋਈ ਯੋਗਤਾ ਨਹੀਂ ਸੀ। ਉਸ ਬੁੱਧੀਜੀਵੀ ਅਨੁਸਾਰ, ਹੁਣ ਮਾਪ-ਦੰਡ ਸਖਤ ਹੋ ਗਏ ਹਨ। ਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀ। ਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇ। ਦੇਸ਼ ਭਗਤੀ ਮੌਲਿਕ ਅਧਿਕਾਰ ਨਹੀਂ ਕਿ ਸਾਰੇ ਹੀ ਉਸ ਉੱਪਰ ਆਪਣਾ ਦਾਅਵਾ ਕਰਨ ਲੱਗ ਪੈਣ। ਦੇਖਣਾ ਪਵੇਗਾ ਕਿ ਤੁਹਾਡੇ ਖਾਤੇ ਕਿਹੜੇ ਹਨ, ਤੁਹਾਡੀ ਰਾਜਨੀਤੀ ਕੀ ਹੈ? ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ? ਸੋਚਣਾ ਪਵੇਗਾ ਕਿ ਤੁਸੀਂ ਨਾਹਰਾ ਕਿਹੜਾ ਲਾਉਂਦੇ ਹੋ? ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੋਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘੱਟ ਹੁੰਦੇ ਹਨ, ਅਤੇ ਬੇਰੁਜ਼ਗਾਰ ਬਹੁਤੇ, ਉਸੇ ਹੀ ਤਰ੍ਹਾਂ ਇੱਧਰ ਦੇਸ਼ ਭਗਤ ਘਟ ਹਨ ਅਤੇ ਦੇਸ਼-ਧ੍ਰੋਹੀ ਜ਼ਿਆਦਾ। ਇਹ ਵੀ ਉਸੇ ਤਰ੍ਹਾਂ ਹੈ, ਜਿਵੇਂ ਫੌਜ ਵਿੱਚ ਭਰਤੀ ਹੋਣ ਵਾਲੇ ਘੱਟ ਹੁੰਦੇ ਹਨ ਤੇ ਅਯੋਗ ਕਰਾਰ ਦਿੱਤੇ ਜਾਣ ਵਾਲੇ ਜ਼ਿਆਦਾ! ਇਸੇ ਤਰ੍ਹਾਂ, ਜਿਵੇਂ ਫੌਜ ਵਿੱਚ ਭਰਤੀ ਹੋਣ ਵਾਂਗ ਹੀ ਦੇਸ਼ ਭਗਤੀ ਦੇ ਮਾਪ-ਦੰਡਾਂ ਉੱਪਰ ਖਰਿਆਂ ਉੱਤਰਨਾ ਵੀ ਮੁਸ਼ਕਿਲ ਹੈ। ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ਬੰਦ ਕਰ ਲੈਂਦੇ ਹਨ ਤਾਂ ਜੋ ਹੋਰ ਕੋਈ ਅੰਦਰ ਦਾਖਿਲ ਨਾ ਹੋ ਸਕੇ, ਉਸੇ ਤਰ੍ਹਾਂ ਅੰਦਰ ਵਾਲਿਆਂ ਨੇ ਦੇਸ਼ ਭਗਤੀ ਦੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਹਨ।,ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਿਲ ਹੋਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ।
… ਅਤੇ ਅੰਤ ਵਿੱਚ:
ਅੱਜ ਜਦਕਿ ਦੇਸ਼ ਵਿੱਚ ‘ਭਾਰਤ ਮਾਤਾ ਦੀ ਜੈ’ ਦੇ ਮੁੱਦੇ ਨੂੰ ਲੈ ਕੇ ਕਥਿਤ ‘ਦੇਸ਼ ਭਗਤਾਂ ਅਤੇ ਦੇਸ਼ ਧ੍ਰੋਹੀਆਂ’ ਵਿੱਚ ਇੱਕ ਨਾ ਮੁੱਕਣ ਵਾਲੀ ਬਹਿਸ ਚੱਲਣ ਦੇ ਨਾਲ ਹੀ, ਦੋਹਾਂ ਵਿੱਚ ਇੱਕ ਨਾ ਮੁੱਕਣ ਵਾਲੇ ਟਕਰਾਉ ਦਾ ਵਾਤਾਵਰਣ ਵੀ ਬਣ ਰਿਹਾ ਹੈ, ਇਨ੍ਹਾਂ ਹਾਲਾਤ ’ਤੇ ਟਿੱਪਣੀ ਕਰਦਿਆਂ ਇੱਕ ਟਿੱਪਣੀਕਾਰ ਨੇ ਲਿਖਿਆ ਹੈ ਕਿ ‘ਭਾਰਤ’ ਇੱਕ ਸੱਚਾਈ ਹੈ ਅਤੇ ‘ਭਾਰਤ ਮਾਤਾ’ ਇੱਕ ਕਲਪਨਾ! ਇਹ ਕਲਪਨਾ ਇੱਕ ਅਜਿਹੇ ਦੇਸ਼ ਦੀ ਹੈ, ਜਿਸ ਵਿੱਚ ਕੋਈ ਰੋਗ-ਸੋਗ, ਦੁੱਖ-ਮਾਤਮ, ਝਗੜੇ-ਫਸਾਦ ਨਾ ਹੋਣ। ਅਜਿਹੀ ‘ਭਾਰਤ ਮਾਤਾ’ ਲਈ ਹਰ ਕਿਸੇ ਦੇ ਮੂੰਹੋਂ ਆਪਣੇ-ਆਪ ਹੀ ‘ਜੈ’ ਨਿਕਲੇਗੀ। ਕਿਸੇ ਦੇ ਮੂੰਹੋਂ ਜਬਰਨ ‘ਜੈ’ ਕਢਵਾਉਣ ਦੀ ਲੋੜ ਹੀ ਮਹਿਸੂਸ ਨਹੀਂ ਹੋਵੇਗੀ। ਪਰ ਜ਼ਰੂਰੀ ਹੈ ਕਿ ਅਸੀਂ ਇਸ ਭਾਰਤ ਨੂੰ ‘ਭਾਰਤ ਮਾਤਾ’ ਦੇ ਆਦਰਸ਼ਾਂ ਦੇ ਅਨੁਰੂਪ ਢਾਲੀਏ। ਉਸ ਟਿੱਪਣੀਕਾਰ ਦੇ ਸ਼ਬਦਾਂ ਵਿੱਚ ਅਜਿਹਾ ਤਾਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਧਾਰਮਕ ਦਵੈਸ਼ ਦੀ ਭਾਵਨਾ ਤੋਂ ਉੱਪਰ ਉੱਠਾਂਗੇ। ਉਨ੍ਹਾਂ ਅਸੰਤੋਸ਼ਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਭਾਰਤ ਦੇ ਅੰਦਰ ਪੈਦਾ ਹੋ ਰਹੇ ਹਨ। ਸਾਡਾ ਅਸਲੀ ਸੰਕਟ ਇਹ ਹੈ ਕਿ ‘ਭਾਰਤ ਮਾਤਾ’ ਦਾ ਨਾਂ ਲੈਣ ਵਾਲਿਆਂ ਦਾ ਇੱਕ ਵੱਡਾ ਵਰਗ, ਜਿਵੇਂ ਹਰ ਕਿਸੇ ਦੀ ਪ੍ਰੀਖਿਆ ਲੈਣ ’ਤੇ ਤੁਲਿਆ ਹੋਇਆ ਹੈ। ਉਹ ‘ਭਾਰਤ ਮਾਤਾ’ ਨੂੰ ਇੱਕ ਨਾਹਰੇ ਨੂੰ ਇੱਕ ਅਜਿਹੀ ਲਾਠੀ ਵਿੱਚ ਬਦਲਣਾ ਚਾਹੁੰਦਾ ਹੈ, ਜਿਸ ਨਾਲ ਉਸ ਵਲੋਂ ਉਨ੍ਹਾਂ ਲੋਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਸਕੇ, ਜੋ ਭਾਰਤੀ ਰਾਸ਼ਟਰ-ਰਾਜ ਦੇ ਅਲੱਗ-ਅਲੱਗ ਤੱਤਾਂ ਵਿਰੁੱਧ ਅਸੰਤੋਸ਼ ਪ੍ਰਗਟ ਕਰਦੇ ਹਨ। ਅਸਲ ਵਿੱਚ ‘ਭਾਰਤ’ ਨੂੰ ‘ਭਾਰਤ ਮਾਤਾ’ ਦਾ ਬਦਲ ਬਣਾਉਣਾ, ਉਸਦਾ ਬੇਟਾ ਬਣ, ਉਸ ਪੂਰੀ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨਾ ਹੈ, ਜਿਸ ਉੱਪਰ ਅਸਲ ਵਿੱਚ ਬਹੁਤ ਸਾਰੇ ਲੋਕਾਂ ਦਾ ਹੱਕ ਹੈ। ਜੇ ਕੁਝ ਲੋਕ ਇਹ ਮਹਿਸੂਸ ਕਰਦੇ ਹਨ ਕਿ ‘ਭਾਰਤ ਮਾਤਾ ਦੀ ਜੈ’ ਦੇ ਪਰਦੇ ਪਿੱਛੇ ਅਸਲੀ ਭਾਰਤ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਵਿਰੋਧ ਕਰਨ ਦਾ ਹੱਕ ਹੋ ਸਕਦਾ ਹੈ। … ਪ੍ਰੰਤੂ ਜਦੋਂ ਇੱਕ ਨਾਹਰੇ ਨੂੰ ਦੇਸ਼ ਪ੍ਰੇਮ ਦੀ ਇੱਕਲੌਤੀ ਕਸੌਟੀ ਬਣਾ ਦਿੱਤਾ ਜਾਏ ਤਾਂ ਕਈ ਲੋਕ ਅਸਾਨੀ ਨਾਲ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਅਤੇ ਹਾਸਲ ਕਰਨ ਲੱਗਣਗੇ! ਫਿਰ ਇਹ ਦੇਸ਼ ਭਗਤੀ ਉਨ੍ਹਾਂ ਦੇ ਗੁਨਾਹਾਂ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰੇਗੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2047)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)