“ਬੇਗੁਨਾਹਾਂ ਦੇ ਕਤਲਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਹਿੰਮਤ ਤਕ ਨਹੀਂ ਸਨ ...”
(9 ਜੂਨ 2018)
ਜੂਨ-ਚੌਰਾਸੀ ਦਾ ਘਲੂਘਾਰਾ: ਸਾਕਾ ਨੀਲਾ ਤਾਰਾ
ਜੂਨ-ਚੌਰਾਸੀ ਦੇ ਘਲੂਘਾਰੇ, ਅਰਥਾਤ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਚੌਂਤੀ ਵਰ੍ਹੇ ਹੋ ਗਏ ਹਨ ਪ੍ਰੰਤੂ ਇਸਦੀ ਯਾਦ ਅੱਜ ਵੀ ਕੱਲ੍ਹ ਦੀ ਘਟਨਾ ਵਾਂਗ ਤਾਜ਼ਾ ਹੈ। ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਇਸ ਘੱਲੂਘਾਰੇ ਨੂੰ ਯਾਦ ਕਰਕੇ ਸਿੱਖਾਂ ਦੇ ਸਮੁੱਚੇ ਸ਼ਰੀਰ ਵਿਚ ਕਾਂਬਾ ਛਿੜ ਜਾਂਦਾ ਹੈ ਤੇ ਉਨ੍ਹਾਂ ਦਾ ਦਿਲ ਲਹੂ ਦੇ ਅਥਰੂ ਰੋਣ ’ਤੇ ਮਜਬੂਰ ਹੋ ਜਾਂਦਾ ਹੈ। ਇਸ ਘਲੂਘਾਰੇ ਨੂੰ ਹੋਂਦ ਵਿਚ ਲਿਆਉਣ ਲਈ ਭਾਰਤੀ ਫੌਜ ਵਲੋਂ ਟੈਂਕਾਂ ਨਾਲ ਦਰਬਾਰ ਸਾਹਿਬ ਪੁਰ ਇਸ ਤਰ੍ਹਾਂ ਚੜ੍ਹਾਈ ਕੀਤੀ ਗਈ, ਜਿਵੇਂ ਦੇਸ਼ ਵਿੱਚੋਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਬਾਹਰ ਖਦੇੜਨਾ ਹੋਵੇ। ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਤੋਪ ਦੇ ਗੋਲੇ ਦਾਗ਼ੇ ਗਏ, ਜਿਨ੍ਹਾਂ ਨੇ ਹਜ਼ਾਰਾਂ ਮਾਸੂਮਾਂ ਅਤੇ ਬੇ-ਗੁਨਾਹਾਂ ਨੂੰ ਮੌਤ ਦੀ ਨੀਂਦਰੇ ਸੁਲਾ ਦਿੱਤਾ। ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਵਿੱਤਰ ਦੀਵਾਰਾਂ ਗੋਲੀਆਂ ਨਾਲ ਛਾਣਨੀ-ਛਾਣਨੀ ਕਰ ਦਿੱਤੀਆਂ ਗਈਆਂ। ਜ਼ੁਲਮ ਅਤੇ ਅਨਿਆਇ ਵਿਰੁੱਧ ਸੰਘਰਸ਼ ਦੇ ਪ੍ਰੇਰਨਾ-ਸ੍ਰੋਤ - ਧਰਮ ਅਤੇ ਸ਼ਕਤੀ ਦੀ ਸਾਂਝ ਦੇ ਪ੍ਰਤੀਕ ਅਕਾਲ ਤਖਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ, ਜਿਸ ਨਾਲ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ। ਪਰ ਦੁੱਖ ਦੀ ਗੱਲ ਇਹ ਰਹੀ ਕਿ ਸੰਸਾਰ ਭਰ ਵਿੱਚੋਂ ਨਾ ਤਾਂ ਕਿਸੇ ਨੇ ਇਸ ਭਿਆਨਕ ਕਾਂਡ, ਜਿਸਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਲੂਹ ਸੁਟੀਆਂ ਸਨ, ਪੁਰ ਅਫਸੋਸ ਪ੍ਰਗਟ ਕੀਤਾ ਅਤੇ ਨਾ ਹੀ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਹੀ ਕਹੇ।
ਇਸ ਤਰ੍ਹਾਂ ਜਿੱਥੇ ਸਿੱਖਾਂ ਦੇ ਦਿਲਾਂ ਪੁਰ ਲੱਗੇ ਇਸ ਘੱਲੂਘਾਰੇ ਦੇ ਜ਼ਖਮ ਅੱਜ ਵੀ ਕੱਲ੍ਹ ਵਾਂਗ ਤਾਜ਼ਾ ਹਨ, ਉੱਥੇ ਹੀ ਇਹ ਸੋਚ ਵੀ ਲਗਾਤਾਰ ਬਣੀ ਚਲੀ ਆ ਰਹੀ ਹੈ ਕਿ ਆਖਿਰ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਦੇ ਚਲਦਿਆਂ, ਇਸ ਦੁਖਦਾਈ ਕਾਂਡ ਨੂੰ ਵਾਪਰਨ ਤੋਂ ਰੋਕਿਆ ਨਹੀਂ ਸੀ ਜਾ ਸਕਿਆ ਅਤੇ ਅਜਿਹੇ ਹਾਲਾਤ ਕਿਉਂ ਪੈਦਾ ਹੋ ਗਏ, ਜਿਨ੍ਹਾਂ ਕਾਰਨ ਸੰਸਾਰ ਭਰ ਵਿਚ ਕੋਈ ਵੀ ਸਿੱਖਾਂ ਦਾ ਹਮਦਰਦ ਨਾ ਰਿਹਾ? ਇਨ੍ਹਾਂ ਚੌਂਤੀ ਵਰ੍ਹਿਆਂ ਵਿਚ ਇਸ ਕਾਂਡ ਨਾਲ ਸਬੰਧਤ ਜੋ ਵੀ ਸਾਹਿਤ ਸਾਹਮਣੇ ਆਇਆ, ਉਸ ਨਾਲ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ। ਇਸਦਾ ਕਾਰਨ ਇਹ ਹੈ ਕਿ ਸਾਹਮਣੇ ਆਏ ਸਾਹਿਤ ਅਤੇ ਪੇਸ਼ ਕੀਤੇ ਗਏ ਤੱਥਾਂ ਅਤੇ ਰਿਕਾਰਡ ਰਾਹੀਂ ਕੀਤੇ ਗਏ ਦਾਅਵਿਆਂ ਨਾਲ ਪੂਰੀ ਜ਼ਿੰਮੇਦਾਰੀ, ਇਕ ਜਾਂ ਦੂਜੀ ਧਿਰ ਪੁਰ ਸੁੱਟ ਦਿੱਤੀ ਗਈ। ਹਰ ਇਕ ਨੇ ਆਪਣੀ ਸੋਚ ਨਾਲ ਸਬੰਧਤ ਧਿਰ ਦੀ ਗ਼ਲਤੀ ਅਤੇ ਉਸ ਵਲੋਂ ਸਮੇਂ ਦੇ ਹਾਲਾਤ ਨੂੰ ਸਮਝਣ ਵਿਚ ਕੀਤੀ ਗਈ ਭੁੱਲ ਦੀ ਕਮਜ਼ੋਰੀ ਨੂੰ ਪੂਰੀ ਤਰ੍ਹਾਂ ਛੁਪਾ ਲਿਆ।
ਸ਼ਾਇਦ ਇਹੀ ਕਾਰਣ ਹੈ ਕਿ ਜਦੋਂ ਕਦੀ ਵੀ ਇਸ ਕਾਂਡ ਦੀ ਯਾਦ ਕਰਦਿਆਂ, ਇਸਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਿਸੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਉਸ ਵਿਚ ਕਿਸੇ ਨਾ ਕਿਸੇ ਵਿਦਵਾਨ-ਬੁਲਾਰੇ ਵਲੋਂ, ਇਹ ਸੁਝਾਉ ਜ਼ਰੂਰ ਦਿੱਤਾ ਜਾਂਦਾ ਹੈ ਕਿ ਇਸ ਘਲੂਘਾਰੇ ਨਾਲ ਸਬੰਧਤ ਪਹਿਲਾਂ ਅਤੇ ਬਾਅਦ ਵਿਚ ਹੋਈਆਂ ਘਟਨਾਵਾਂ ਦਾ ਨਿਰਪੱਖ ਵਿਸ਼ਲੇਸ਼ਣ ਕਰਕੇ, ਖੋਜ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਸ ਕਾਂਡ ਨਾਲ ਸਬੰਧਤ ਸਹੀ ਅਤੇ ਭਰੋਸੇਯੋਗ ਤੱਥ ਸਾਹਮਣੇ ਆ ਸਕਣ ਅਤੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਸ ਕਾਂਡ ਲਈ ਕਿਹੜੇ ਪੱਖ ਕਿੱਥੋਂ ਤਕ ਜ਼ਿੰਮੇਦਾਰ ਸਨ ਅਤੇ ਉਹ ਕਿੱਥੋਂ ਤਕ ਆਪਣੇ ਉਦੇਸ਼ ਪ੍ਰਤੀ ਇਮਾਨਦਾਰ ਰਹੇ ਹਨ? ਕਿਉਂਕਿ ਸਾਰੀ ਜ਼ਿੰਮੇਦਾਰੀ ਇਕ ਜਾਂ ਦੂਜੀ ਧਿਰ ’ਤੇ ਪਾ ਕੇ ਸ਼ੰਕਾਵਾਂ ਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਪਰ ਆਪਣੀ ਜ਼ਿੰਮੇਦਾਰੀ ਤੋਂ ਬਚਿਆ ਨਹੀਂ ਜਾ ਸਕਦਾ।
ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਕਿ ਜਦੋਂ ਤਕ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ, ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਸੁਧਾਰਨ ਵਲ ਕਦਮ ਨਹੀਂ ਵਧਾਇਆ ਜਾਏਗਾ, ਤਦ ਤਕ ਉਹ ਗ਼ਲਤੀਆਂ ਲਗਾਤਾਰ ਵਧਦੀਆਂ ਹੀ ਜਾਣਗੀਆਂ। ਫਲਸਰੂਪ ਇਕ ਸਮਾਂ ਅਜਿਹਾ ਆ ਜਾਏਗਾ ਕਿ ਆਪਣੇ ਉਦੇਸ਼ ਅਤੇ ਆਦਰਸ਼ਾਂ ਤੋਂ ਭਟਕ ਕੇ ਇੰਨੀ ਦੂਰ ਨਿਕਲ ਜਾਇਆ ਜਾਏਗਾ, ਜਿੱਥੋਂ ਮੁੜਨਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੋ ਜਾਏਗਾ। ਇਸ ਕਰਕੇ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਹੀ ਹੋਵੇਗਾ ਕਿ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਗ੍ਰੀਫਤਾਰੀ ਦੇ ਵਿਰੁੱਧ ਮੋਰਚਾ ਚੌਕ ਮਹਿਤਾ ਤੋਂ ਸ਼ੁਰੂ ਕਰਨ ਦੀ ਬਜਾਏ, ਸ੍ਰੀ ਅਕਾਲ ਤਖਤ ਪੁਰ ਕਿਉਂ ਲਿਆਂਦਾ ਗਿਆ? ਨਹਿਰ ਰੋਕੋ ਮੋਰਚਾ ਕਪੂਰੀ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਪੁਰ ਪੁੱਜ, ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਦੇ ਨਾਲ ਜੁੜ ਕੇ ਧਰਮ-ਯੁੱਧ ਕਿਵੇਂ ਬਣ ਗਿਆ?
ਧਰਮ-ਯੁੱਧ, ਜਿਸ ਨੂੰ ਸਿੱਖ ਮਾਨਤਾਵਾਂ ਅਨੁਸਾਰ ਗ਼ਰੀਬ-ਮਜ਼ਲੂਮ ਦੀ ਰੱਖਿਆ ਅਤੇ ਅਨਿਆਇ ਦੇ ਵਿਰੁੱਧ ਸੰਘਰਸ਼ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿਚ ਕਿਵੇਂ ਬੇਗੁਨਾਹਾਂ ਦੇ ਕਤਲਾਂ ਨੇ ਆਪਣੀ ਜਗ੍ਹਾ ਬਣਾ ਲਈ? ਇਸ ਗੱਲ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ ਕਿ ਧਰਮ-ਯੁੱਧ ਮੋਰਚੇ ਦੌਰਾਨ ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇੱਥੋਂ ਤਕ ਕਿ ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਨਾਲ ਕਿਉਂ ਜੋੜੀਆਂ ਜਾਣ ਲੱਗ ਪਈਆਂ? ਇਹ ਭੇਦ ਵੀ ਤਾਂ ਤਲਾਸ਼ਣਾ ਹੀ ਹੋਵੇਗਾ ਕਿ ਉਹ ਕਿਹੜੇ ਤੱਤ ਸਨ, ਜੋ ਸੁਰੱਖਿਆ ਬਲਾਂ ਦੇ ਸਖਤ ਘੇਰੇ ਵਿਚ ਹੁੰਦਿਆਂ ਹੋਇਆਂ ਵੀ ਦਰਬਾਰ ਸਾਹਿਬ ਵਿਚ ਹਥਿਆਰ ਤੇ ਅਸਲਾ ਪਹੁੰਚਾਉਣ ਵਿਚ ਸਫਲ ਹੁੰਦੇ ਰਹੇ ਅਤੇ ਲੁੱਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਈ ਜ਼ਿੰਮੇਦਾਰ ਤੱਤ, ਕਿਵੇਂ ਇੰਨੇ ਸਖਤ ਘੇਰੇ ਵਿੱਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰੱਖਿਅਤ ਮੁੜ ਆਉਂਦੇ ਰਹੇ? ਆਖਿਰ ਇਸ ਸਭ ਕੁਝ ਦੇ ਪਿੱਛੇ ਭੇਦ ਕੀ ਸੀ?
ਜ਼ਿੰਮੇਦਾਰੀਆਂ ਬਾਰੇ ਉੱਠੇ ਕੁਝ ਸਵਾਲ:
ਅਰੰਭ ਤੋਂ ਇਸ ਕਾਂਡ ਦੇ ਵਾਪਰਨ ਲਈ ਮੁੱਖ ਰੂਪ ਵਿਚ ਇਹੀ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੁੱਧ ਲਾਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਲਈ ਜ਼ਿੰਮੇਦਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਨਾਲ ਸਬੰਧਤ ਜੋ ਪਰਤਾਂ ਖੁਲ੍ਹੱਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗੱਲ ਸਪਸ਼ਟ ਹੋਣ ਲੱਗੀ ਹੈ ਕਿ ਨੀਲਾ ਤਾਰਾ ਸਾਕੇ ਦੇ ਵਾਪਰਨ ਲਈ ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜ਼ਿੰਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਕਈ ਹੋਰ ਕਾਰਣ ਵੀ ਜ਼ਿੰਮੇਦਾਰ ਸਨ।
ਭਾਜਪਾ ਦੇ ਇਕ ਸੀਨੀਅਰ ਆਗੂ ਅਤੇ ਸਾਬਕਾ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਜੀਵਨ-ਕਥਾ ਵਿਚ ਲਿਖਤ ਰੂਪ ਵਿਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਸੀ, ਹਾਲਾਂਕਿ ਉਹ ਇੰਨਾ ਸਖਤ ਕਦਮ ਚੁੱਕੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਚਲੇ ਆ ਰਹੇ ਸਨ। ਕੁਝ ਹੀ ਸਮਾਂ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿੱਜੀ ਸਕਤਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼ ਲਾਇਆ ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁੱਖ ਭਾਈਵਾਲੀ ਰਹੀ ਹੈ।
ਇਸੇ ਤਰ੍ਹਾਂ ਕੁਝ ਹਲਕਿਆਂ ਵਲੋਂ ਇਹ ਵੀ ਕਿਹਾ ਗਿਆ ਕਿ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਨਾਲ ਮਿਲਕੇ ਬੰਗਲਾ ਦੇਸ਼ ਦੀ ਆਜ਼ਾਦੀ ਲਈ ਅਪਨਾਈ ਗਈ ਰਣਨੀਤੀ ਅਧੀਨ, ਤਿਆਰ ਕੀਤੀ ਗਈ ‘ਮੁਕਤੀ ਵਾਹਿਨੀ’ ਦੀ ਅਗਵਾਈ ਕਰ, ਬੰਗਲਾ ਦੇਸ਼ ਦੀ ਆਜ਼ਾਦੀ ਵਿਚ ਮੁੱਖ ਭੂਮਿਕਾ ਅਦਾ ਕਰਨ ਵਾਲੇ ਲੈਫ. ਜਨਰਲ ਸੁਭੇਗ ਸਿੰਘ, ਭਾਰਤੀ ਸੈਨਾ ਵਲੋਂ ਆਪਣੇ-ਆਪ ਨੂੰ ਹਥਿਆਰਾਂ ਦੀ ਖਰੀਦ ਵਿਚ ਗੜਬੜ ਕਰਨ ਦਾ ਦੋਸ਼ੀ ਕਰਾਰ ਦੇ ਕੇ, ਅਪਮਾਨਤ ਕਰ ਸੇਵਾ-ਮੁਕਤ ਕਰ ਦਿੱਤੇ ਜਾਣ ਤੋਂ ਦੁਖੀ, ਆਪਣੇ ਇਸ ਅਪਮਾਨ ਦਾ ਬਦਲਾ ਲੈਣ ਲਈ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।
ਇਹ ਵੀ ਦੱਸਿਆ ਗਿਆ ਹੈ ਕਿ ਸੰਤ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰਖਣ ਲਈ ਕੰਪਲੈਕਸ ਤੋਂ ਬਾਹਰ ਆ ਕੇ ਭਾਰਤੀ ਫੌਜ ਦਾ ਸਾਹਮਣਾ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਜੇ ਇਹ ਗੱਲ ਸੱਚ ਹੈ ਤਾਂ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਕੌਣ ਸਨ, ਜਿਨ੍ਹਾਂ ਉਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਨਿਕਲਣ ਤੋਂ ਰੋਕਿਆ? ਕਿਹਾ ਜਾਂਦਾ ਹੈ ਕਿ ਅਕਾਲੀਆਂ ਵਲੋਂ ਕਪੂਰੀ ਵਿਖੇ ਸ਼ੁਰੂ ਕੀਤੇ ਗਏ ਹੋਏ ਨਹਿਰ ਰੋਕੋ ਮੋਰਚੇ ਨੂੰ ਕਮਜ਼ੋਰ ਕਰਨ ਲਈ, ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁੱਧ, ਚੌਕ ਮਹਿਤਾ ਦੀ ਬਜਾਏ ਸ੍ਰੀ ਅਕਾਲ ਤਖਤ ਤੋਂ ਮੋਰਚਾ ਲਾਉਣ ਲਈ ਉਕਸਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲੀ, ਇਸ ਪਿੱਛੇ ਕੰਮ ਕਰ ਰਹੀ ਸੋਚ ਨੂੰ ਸਮਝ ਨਹੀਂ ਸਨ ਸਕੇ ਤੇ ਉਹ ਝੱਟ ਹੀ ਇਸ ਡਰੋਂ ਕਿ ਕਿਧਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਨ੍ਹਾਂ ਨੂੰ ਪਿੱਛੇ ਧੱਕ, ਸਿੱਖਾਂ ਦੀ ਅਗਵਾਈ ਨਾ ਸਾਂਭ ਲੈਣ, ਉਹ ਕਪੂਰੀ ਤੋਂ ਸ਼ੁਰੂ ਕੀਤੇ ਆਪਣੇ ਨਹਿਰ ਰੋਕੋ ਮੋਰਚੇ ਨੂੰ ਝੱਟ ਅਕਾਲ ਤਖਤ ਪੁਰ ਲੈ ਆਏ ਤੇ ਉਸਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੇ ਮੋਰਚੇ ਨਾਲ ਸਬੰਧਤ ਕਰ ਦਿੱਤਾ। ਇਸ ਤਰ੍ਹਾਂ ਆਪਣੇ ਵਿਰੁੱਧ ਵਿਛਾਏ ਜਾਲ ਵਿਚ ਉਹ ਆਪ ਹੀ ਅਜਿਹੇ ਫਸੇ ਕਿ ਲਗਾਤਾਰ ਉਲਝਦੇ ਚਲੇ ਗਏ। ਉਨ੍ਹਾਂ ਦੀਆ ਮੰਗਾਂ ਦਾ ਚਾਰਟਰ ਵਧਦਾ ਗਿਆ, ਜੇ ਕਿਸੇ ਨੇ ਵੱਧ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਸੀ ਜਾਂ ਖਾਲਿਸਤਾਨ ਦੀ ਮੰਗ ਲੈ ਕੇ ਮੋਰਚਾ ਚਲਾ ਰਿਹਾ ਸੀ, ਅਕਾਲੀਆਂ ਨੇ ਉਹ ਸਾਰੀਆਂ ਹੀ ਮੰਗਾਂ ਆਪਣੇ ਧਰਮ-ਯੁੱਧ ਮੋਰਚੇ ਨਾਲ ਜੋੜਨੀਆਂ ਸੁਰੂ ਕਰ ਦਿੱਤੀਆਂ। ਇਸ ਤਰ੍ਹਾਂ ਉਨ੍ਹਾਂ ਆਪਣੇ-ਆਪ ਨੂੰ ਅਜਿਹੇ ਜਾਲ ਵਿੱਚ ਇਉਂ ਉਲਝਾ ਲਿਆ, ਜਿਸ ਵਿੱਚੋਂ ਨਿਕਲਣ ਲਈ ਉਨ੍ਹਾਂ ਪਾਸ ਕੋਈ ਰਾਹ ਤਕ ਨਾ ਰਹਿ ਗਿਆ।
ਆਖਿਰ ਅਜਿਹਾ ਕੀ ਹੋਇਆ, ਜਿਸ ਕਾਰਣ ਅਕਾਲੀ ਆਗੂ ਆਪਣੇ-ਆਪ ਨੂੰ ਇਸ ਤਰ੍ਹਾਂ ਆਪਣੇ ਵਿਰੁੱਧ ਵਿਛਾਏ ਜਾਲ ਵਿਚ ਲਗਾਤਾਰ ਫਸਾਉਂਦੇ ਹੀ ਚਲੇ ਗਏ? ਇਨ੍ਹਾਂ ਤੱਥਾਂ ਦਾ ਵੀ ਪਤਾ ਲਾਉਣਾ ਹੋਵੇਗਾ ਕਿ ਆਖਿਰ ਅਕਾਲੀ ਆਗੂਆਂ ਅਤੇ ਸਿੱਖੀ ਅਤੇ ਸਿੱਖਾਂ ਦੇ ਸਨਮਾਨ ਦੀ ਬਹਾਲੀ ਤੇ ਰੱਖਿਆ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਮੁਖੀਆਂ ਦੀਆਂ ਕਿਹੜੀਆਂ ਮਜਬੂਰੀਆਂ ਸਨ ਕਿ ਉਹ ਸਿੱਖੀ-ਆਦਰਸ਼ਾਂ ਅਤੇ ਮਾਨਤਾਵਾਂ ਵਿਰੁੱਧ ਹੋ ਰਹੇ ਬੇਗੁਨਾਹਾਂ ਦੇ ਕਤਲਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਹਿੰਮਤ ਤਕ ਨਹੀਂ ਸਨ ਜੁਟਾ ਪਾ ਰਹੇ। ਉਹ ਕਿਹੜੇ ਲੋਕ ਸਨ, ਜੋ ਬੇਗੁਨਾਹਾਂ ਦੇ ਕਤਲਾਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਸਿੱਖ ਸੰਘਰਸ਼ (ਧਰਮ-ਯੁੱਧ ਮੋਰਚੇ) ਅਤੇ ਸਿੱਖੀ ਦੇ ਆਦਰਸ਼ਾਂ ਨੂੰ ਢਾਹ ਲਾਉਣ ਦਾ ਕਾਰਣ ਬਣਦੇ ਚਲੇ ਆ ਰਹੇ ਸਨ?
… ਅਤੇ ਅੰਤ ਵਿਚ: ਕੀ ਕਦੀ ਕੋਈ ਪੰਥ-ਦਰਦੀ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ ਕਰਕੇ ਸੰਸਾਰ ਭਰ ਵਿੱਚ ਸਿੱਖਾਂ ਦੀ ਛਵੀ ਵਿਗਾੜਨ ਦੀ ਨੇਪਰੇ ਚਾੜ੍ਹੀ ਗਈ ਸਾਜ਼ਿਸ਼ ਤੋਂ ਪਰਦਾ ਉਠਾਉਣ ਦੀ ਜ਼ਿੰਮੇਦਾਰੀ ਸੰਭਾਲਣ ਲਈ ਅੱਗੇ ਆਵੇਗਾ?
*****
(1182)