JaswantAjit7“ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ...”
(9 ਜੂਨ 2017)

 

ਬੀਤੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਨੀਲਾ ਤਾਰਾ ਸਾਕੇ ਦੀ ਯਾਦ ਮਨਾਉਣ ਲਈ ਹੋਏ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ ਨੀਲਾ ਤਾਰਾ ਸਾਕਾ ਸਿੱਖਾਂ ਵਿਰੁੱਧ ਸ਼੍ਰੀਮਤੀ ਇੰਦਰਾ ਗਾਂਧੀ ਦੇ ਦਿਲ ਵਿੱਚ ਪੈਦਾ ਹੋਈ ਉਸ ਬਦਲੇ ਦੀ ਭਾਵਨਾ ਦਾ ਨਤੀਜਾ ਸੀ, ਜੋ ਉਨ੍ਹਾਂ ਵਲੋਂ ਦੇਸ਼ ਵਿੱਚ ਜੂਨ 1975 ਵਿੱਚ ਲਾਈ ਗਈ ਐਮਰਜੈਂਸੀ ਵਿਰੁੱਧ ਅਕਾਲੀਆਂ ਵਲੋਂ ਲਾਏ ਤੇ ਜਿੱਤੇ ਗਏ ਮੋਰਚੇ ਦੇ ਫਲਸਰੂਪ ਪੈਦਾ ਹੋਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੇ ਗਏ ਇਸ ਦਾਅਵੇ ਵਿੱਚ ਸੌ ਪ੍ਰਤੀਸ਼ਤ ਸੱਚਾਈ ਹੈ। ਇਸਦਾ ਕਾਰਣ ਇਹ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਲਾਈ ਗਈ, ਉਸ ਸਮੇਂ ਉਨ੍ਹਾਂ ਦੇ ਇਸ਼ਾਰੇ ਤੇ ਜਿੱਥੇ ਸਾਰੇ ਹੀ ਵਿਰੋਧੀ ਨੇਤਾਵਾਂ ਨੂੰ ਪਕੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ, ਉੱਥੇ ਹੀ ਉਨ੍ਹਾਂ ਨੇ ਦਿੱਲੀ ਦੇ ਅਕਾਲੀ ਨੇਤਾ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਹੀਂ ਅਕਾਲੀਆਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਐਮਰਜੈਂਸੀ ਦਾ ਵਿਰੋਧ ਨਾ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਪਰ ਅਕਾਲੀ ਆਗੂਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ, ਜੋ ਭਾਜਪਾ ਆਗੂਆਂ ਦੇ ਪ੍ਰਭਾਵ ਹੇਠ ਸਨ, ਦੇ ਦਬਾਉ ਵਿੱਚ ਆ ਕੇ ਪੰਜਾਬ ਅਤੇ ਸਿੱਖਾਂ ਨਾਲ ਸੰਬੰਧਤ ਉਹ ਸਾਰੀਆਂ ਮੰਗਾਂ, ਜਿਨ੍ਹਾਂ ਲਈ ਉਹ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਚਲੇ ਆ ਰਹੇ ਸਨ ਤੇ ਮੋਰਚੇ ਲਾ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਉਂਦੇ ਚਲੇ ਆ ਰਹੇ ਸਨ, ਉਨ੍ਹਾਂ ਨੂੰ ਮੰਨਵਾ ਲਏ ਜਾਣ ਦੀ ਬਜਾਏ ਐਮਰਜੈਂਸੀ ਵਿਰੁੱਧ ਮੋਰਚਾ ਲਾ ਦੇਣ ਨੂੰ ਪਹਿਲ ਦੇ ਦਿੱਤੀ।

ਪਿਛੋਕੜ:

ਗੱਲ ਜੂਨ 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ, ਬਾਕੀ ਲਗਭਗ ਸਾਰੀਆਂ ਕਾਂਗਰਸ ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ਤਿੰਨ ਹਜ਼ਾਰ ਰਾਜਸੀ ਮੁਖੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਉਨ੍ਹਾਂ ਹੀ ਦਿਨਾਂ ਵਿਚ ਗੁਰਦੁਆਰਾ ਐਕਟ-1971 ਅਨੁਸਾਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿਚ ਲੜੀਆਂ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਉਹ ਪੂਰੀ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।

ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਉਣ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ, ਉੱਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤ੍ਰੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿਚ ਜ. ਗੁਰਚਰਨ ਸਿੰਘ ਟੌਹੜਾ ਨੂੰ ਸਾਰੀ ਗੱਲ ਦੱਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗੱਲ ਕੀਤੀ। ਜ. ਟੌਹੜਾ ਨੇ ਸਾਰੀ ਗੱਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇ ਦੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿੱਤੀ। ਉਨ੍ਹਾਂ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁਝ ਸਿੱਖ ਪਤਵੰਤਿਆਂ ਨੂੰ ਨਾਲ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁੱਜੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

ਹੈਰਾਨੀ ਦੀ ਗੱਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ, ਜ. ਗੁਰਚਰਨ ਸਿੰਘ ਟੌਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ ਕੇ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ।

ਜ. ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ’ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿਚ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਇਹ ਸਮਰਥਨ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿਚ ਲੈ ਕੇ ਅਤੇ ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਕੀਤਾ ਹੈ, ਉਨ੍ਹਾਂ ਨੇ ਸਾਥੀਆਂ ਨੂੰ ਇਹ ਵੀ ਦੱਸਿਆ ਕਿ ਅਜਿਹਾ ਕਰਨ ਦਾ ਦੂਸਰਾ ਕਾਰਣ ਇਹ ਸੀ ਕਿ ਜੋ ਕੁਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਰਿਹਾ, ਉਹ ਬਿਨਾਂ ਕਿਸੇ ਤਰ੍ਹਾਂ ਦੀ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇਕ ਸਾਥੀ ਨੇ ਪੁੱਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਉੱਤੇ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਉਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿੱਤਾ ਕਿ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁੱਕਰਦੀ ਹੈ ਤਾਂ ਉਨ੍ਹਾਂ ਵਿਰੁੱਧ ਮੋਰਚਾ ਲਾਏ ਜਾਣ ਦੇ ਸਬੰਧ ਵਿਚ ਪੰਥ ਪਾਸ ਮਜ਼ਬੂਤ ਅਧਾਰ ਹੋਵੇਗਾ।

ਇਸ ਸਬੰਧ ਵਿਚ ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿਚ ਰੁੱਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰ ਕਰੇ ਕੁਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ ਸਿਰਜ ਲੈਂਦੀਆਂ ਰਹੀਆਂ, ਜਿਸ ਵਿਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕੱਠਿਆਂ ਕਰਦੀਆਂ, ਸਗੋਂ ਉਸ ਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਣੌਤੀ ਦੇ ਸਕਣ।

ਪਰ ਅਜਿਹਾ ਨਹੀਂ ਹੋ ਸਕਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਾਂਝਾ ਐਲਾਨਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅੱਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨਨਾਮੇ ਵਿਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁੱਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁੱਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ ਅਣਗਿਣਤ ਕੁਰਬਾਨੀਆਂ ਕੀਤੀਆਂਅੱਜ ਫਿਰ ਦੇਸ਼ ਉੱਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੋਸੀ ਹੋਣ ਕਰਕੇ ਦੇਸ਼ ਵਿਚ ਇਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰੱਖ ਦਿੱਤਾ ਗਿਆ ਹੈ ਅਤੇ ਜਨਤਾ ਦੇ ਮੁੱਢਲੇ ਹੱਕਾਂ ਉੱਤੇ ਛਾਪਾ ਮਾਰਿਆ ਗਿਆ ਹੈ। ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਮਲੀਆਮੇਟ ਕੀਤਾ ਜਾ ਚੁੱਕਾ ਹੈ। …’ ਇਸ ਤੋਂ ਅੱਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।

ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਮੋਰਚੇ ਦੇ ਪਹਿਲੇ ਦਿਨ ਹੀ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਨੇਤਾ ਆਪਣੇ-ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਕੇ ਅਣਮਿਥੇ ਸਮੇਂ ਲਈ ਜੇਲ੍ਹ ਜਾ ਬਿਰਾਜੇ। 19 ਮਹੀਨੇ ਚੱਲੇ ਇਸ ਮੋਰਚੇ ਦੌਰਾਨ ਲਗਭਗ, 43,000 ਸਿੱਖ ਗ੍ਰਿਫਤਾਰ ਹੋਏ।

ਪ੍ਰਾਪਤੀਆਂ?

ਇੰਨੀਆਂ ਗ੍ਰਿਫਤਾਰੀਆਂ ਦੇ ਕੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? (ਨੀਲਾ ਤਾਰਾ ਸਾਕਾ!) ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਭਵਿੱਖ ਵਿੱਚ ਕੀਤਾ ਜਾਵੇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿਚ ਹੀ ਨਹੀਂ, ਸਗੋਂ ਕੇਂਦਰ ਵਿਚ ਵੀ ਗ਼ੈਰ-ਕਾਂਗਰਸੀ ਸਰਕਾਰਾਂ ਬਣੀਆਂਪੰਜਾਬ ਵਿਚ ਅਕਾਲੀ ਆਪ ਸੱਤਾ ਵਿਚ ਆਏ ਤੇ ਕੇਂਦਰ ਵਿਚ ਵੀ ਉਨ੍ਹਾਂ ਨੇ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਨਾਲ ਸਬੰਧਤ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹੱਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁੱਧ ਮੋਰਚਾ ਲਾਉਂਦਿਆਂ ਐਲਾਨਨਾਮੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿਚ ਗਏ ਅਤੇ ਕਈ ਜੇਲ੍ਹ ਵਿਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਮੋਰਚੇ ਨੂੰ ਲਗਾਤਾਰ ਜਾਰੀ ਰੱਖਣ ਕਾਰਣ ਪੈਦਾ ਹੋਣ ਵਾਲੇ ਝੰਜਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ ਬਿਰਾਜੇ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀਆਈਪੀ’ ਸੈੱਲਾਂ ਵਿਚ ਰਹਿ ਕੇ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।

ਇਹ ਗੱਲ ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁੱਧ ਉਸਦੀ ਸਮਾਪਤੀ ਤਕ ਲਾਏ ਗਏ ਮੋਰਚੇ ਅਤੇ ਉਸ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗਰਸ ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪੱਧਰ ’ਤੇ ਕੋਈ ਮਾਨਤਾ ਨਹੀਂ ਦਿੱਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿਚ ਜਾ ਬੈਠੇ ਸਨ ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫ਼ੀ ਮੰਗ ਕੇ ਰਾਜਨੀਤੀ ਤੋਂ ਤੋਬਾ ਕਰ ਕੇ ਘਰ ਜਾ ਬੈਠੇ ਸਨ।

ਅਤੇ ਅੰਤ ਵਿੱਚ:

ਐਮਰਜੈਂਸੀ ਦੇ ਖਤਮ ਹੋਣ ਤੋਂ ਕੁਝ ਹੀ ਸਮਾਂ ਬਾਅਦ ਭਾਰਤੀ ਜਨਤਾ ਪਾਰਟੀ ਵਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ’ ਦੇ ਨਾਂ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਕਈ ਮੁਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਿਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਪਰ ਅਕਾਲੀਆਂ ਨਾਲ ਭਾਈਵਾਲੀ ਕਰ ਕੇ ਪੰਜਾਬ ਵਿਚ ਸੱਤਾ-ਸੁੱਖ ਮਾਣਦੇ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁੱਛਿਆ ਅਤੇ ਨਾ ਹੀ ਐਮਰਜੈਂਸੀ ਵਿਰੁੱਧ ਉਨ੍ਹਾਂ ਵਲੋਂ ਕੀਤੇ ਸੰਘਰਸ਼ ਦਾ ਜ਼ਿਕਰ ਹੀ ਕੀਤਾ।

*****

(726)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author