“ਸਮਾਜ ਵਿੱਚ ਰਹਿੰਦਿਆਂ ਜੋ ਤਾਹਨੇ-ਮੇਹਣੇ ਉਨ੍ਹਾਂ ਦੇ ਦਿਲਾਂ ਵਿੱਚ ਸੂਲ ਬਣ ਚੁੱਭਦੇ ਹਨ ...”
(18 ਜਨਵਰੀ 2020)
ਮੰਨੋ ਭਾਵੇਂ ਨਾ ਮੰਨੋ, ਦਿੱਲੀ ਹਾਈਕੋਰਟ ਦੇ ਇੱਕ ਸਾਬਕਾ ਜੱਜ, ਜਿਨ੍ਹਾਂ ਦੀ ਜਨਮ-ਭੂਮੀ ਅਨੰਦਪੁਰ ਸਾਹਿਬ ਅਤੇ ਕਰਮਭੂਮੀ ਦਿੱਲੀ ਹੈ, ਕਿਸੇ ਸਮੇਂ ਸੁਪਰੀਮ ਕੋਰਟ ਦੇ ਚਰਚਿਤ ਐਡਵੋਕੇਟ ਹੁੰਦਿਆਂ ਹੋਇਆਂ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਅਦਾਲਤ ਦੇ ਵਿਦਵਾਨ ਜੱਜਾਂ ਸਾਹਮਣ ਵਿਰੋਧੀ ਵਕੀਲਾਂ ਦੇ ਨਾਲ ਜੂਝਦੇ ਰਹਿੰਦੇ ਸਨ ਅਤੇ ਆਪ ਦਿੱਲੀ ਹਾਈਕੋਰਟ ਦੇ ਸਨਮਨਾਤ ਜੱਜ ਬਣ ਕੇ ਲੋਕਾਂ ਨੂੰ ਇਨਸਾਫ ਦੇਣ ਦੀ ਜ਼ਿੰਮੇਦਾਰੀ ਨਿਭਾਉਂਦੇ ਰਹੇ। ਉਨ੍ਹਾਂ ਦੀ ਸਦਾ ਹੀ ਇਹ ਕੋਸ਼ਿਸ਼ ਰਹੀ ਕਿ ਉਨ੍ਹਾਂ ਵਲੋਂ ਇਨਸਾਫ ਦਿਵਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਦਿੱਤੇ ਗਏ ਇਨਸਾਫ ਉੱਪਰ ਕਿਸੇ ਨੂੰ ਕਿਸੇ ਵੀ ਪੱਧਰ ਉੱਪਰ ਕੋਈ ਸ਼ੰਕਾ ਨਾ ਹੋਵੇ।
ਅੱਜ ਜਦੋਂ ਉਹ ਹਾਈਕੋਰਟ ਦੇ ਜੱਜ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਗਏ ਹੋਏ ਹਨ ਤਾਂ ਇਨਸਾਫ ਦੀ ਪ੍ਰਾਪਤੀ ਲਈ ਆਪ ਬੀਐੱਸਐੱਫ ਦੇ ਸੇਵਾ-ਮੁਕਤ ਅਧਿਕਾਰੀ ਭਰਾ ਦੇ ਸਾਹਮਣੇ ਹੱਥ ਬੱਧੀ ਖੜ੍ਹੇ ਇਨਸਾਫ ਦੀ ਗੁਹਾਰ ਲਾ ਰਹੇ ਹਨ। ਪਰ ਉਨ੍ਹਾਂ ਦੇ ਭਰਾ ਹਨ ਕਿ ਇਹ ਕਹਿ ਟਾਲੀ ਜਾ ਰਹੇ ਹਨ ਕਿ ‘ਮੈਂ ਅੱਜਕਲ ਆਪ ਪੰਜਾਬ ਵਿਧਾਨਸਭਾ ਦੀ ਚੋਣ ਲੜਨ ਦੀਆਂ ਤਿਆਰੀਆਂ ਕਰਨ ਵਿੱਚ ਰੁੱਝਿਆ ਹੋਇਆ ਹਾਂ। ਚੋਣ ਜਿਤਣ ਤੋਂ ਬਾਅਦ ਹੀ ਤੁਹਾਡੀ ਸੁਣਾਈ ਕਰ ਸਕਾਂਗਾ।’
ਸੇਵਾ-ਮੁਕਤ ਜਸਟਿਸ ਸਾਹਿਬ ਦੀ ਮੰਗ ਸਿਰਫ ਇੰਨੀ ਹੈ ਕਿ ਪਿਤਾ-ਪੁਰਖੀ ਜਾਇਦਾਦ ਵਿੱਚੋਂ ਉਨ੍ਹਾਂ ਦਾ ਬਣਦਾ ਹਿੱਸਾ, ਉਨ੍ਹਾਂ ਨੂੰ ਦੇ ਦਿੱਤਾ ਜਾਏ ਤਾਂ ਜੋ ਉਸ ਨੂੰ ਉਹ ਆਪਣੀਆਂ ਦੋਹਾਂ ਬੇਟੀਆਂ ਵਿੱਚ ਵੰਡ ਕੇ ਸੁਰਖਰੂ ਹੋ ਸਕਣ।
ਖਜ਼ਾਨਾ ਖਾਲੀ, ਰਿਜ਼ਰਵ ਬੈਂਕ ਤੇ ਝਾਕ:
ਖਬਰਾਂ ਅਨੁਸਾਰ ਸਰਕਾਰ ਦਾ ਖਜ਼ਾਨਾ ਖਾਲੀ ਹੋ ਰਿਹਾ ਹੈ ਅਤੇ ਆਮਦਨ ਆਸ ਨਾਲੋਂ ਕਿਤੇ ਬਹੁਤ ਹੀ ਘਟਦੀ ਜਾ ਰਹੀ ਹੈ। ਇਸ ਕਰਕੇ ਜ਼ਰੂਰੀ ਖਰਚੇ ਪੂਰੇ ਕਰਨ ਵਿੱਚ ਹੋ ਰਹੀ ਪ੍ਰੇਸ਼ਾਨੀ ਤੋਂ ਬਚਣ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰੀ ਰਿਜ਼ਰਵ ਬੈਂਕ (ਆਰ.ਬੀ.ਆਈ) ਤਕ ਪਹੁੰਚ ਕਰਕੇ ਉਸ ਨੂੰ ਮਦਦ ਕਰਨ ਲਈ ਅੱਗੇ ਆਉਣ ਵਾਸਤੇ ਕਿਹਾ ਹੈ। ਇਨ੍ਹਾਂ ਖਬਰਾਂ ਅਨੁਸਾਰ ਹੀ ਇਸ ਚਲਦੇ ਵਿਤੀ ਵਰ੍ਹੇ (2019-2020) ਦੇ ਲਈ ਉਸ ਵਲੋਂ ਕੇਂਦਰੀ ਸਰਕਾਰ ਦੇ ਲਈ 1.76 ਲੱਖ ਕਰੋੜ ਜਾਰੀ ਕੀਤੇ ਗਏ ਸਨ। ਹੁਣ ਤਕ ਇਸ ਵਿਤੀ ਵਰ੍ਹੇ ਵਿੱਚ ਰਿਜ਼ਰਵ ਬੈਂਕ ਵਲੋਂ ਸਰਕਾਰ ਨੂੰ 1, 23, 414 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ ਹੁਣ ਤਕ ਇੱਕ ਸਾਲ ਵਿੱਚ ਜਾਰੀ ਕੀਤੇ ਗਏ ਟਰਾਂਸਫਰ ਨਾਲੋਂ ਸਭ ਤੋਂ ਜ਼ਿਆਦਾ ਹਨ। ਇਸ ਤੋਂ ਬਿਨਾਂ ਰਿਜ਼ਰਵ ਬੈਂਕ ਨੇ ਇੱਕ ਵਾਰ ਪਹਿਲਾਂ ਵੀ ਇੱਕੋ ਵਾਰ ਵਿੱਚ 52, 537 ਕਰੋੜ ਰੁਪਏ ਅਲੱਗ ਤੋਂ ਸਰਕਾਰ ਨੂੰ ਟਰਾਂਸਫਰ ਕੀਤੇ ਸਨ, ਜਿਸ ’ਤੇ ਕਾਫੀ ਵਿਵਾਦ ਹੋਇਆ ਸੀ। ਖਬਰਾਂ ਅਨੁਸਾਰ ਕੇਂਦਰ ਸਰਕਾਰ 35,000 - 45, 000 ਕਰੋੜ ਰੁਪਏ ਰਿਜ਼ਰਵ ਬੈਂਕ ਤੋਂ ਮਦਦ ਮੰਗ ਸਕਦੀ ਹੈ। ਇਸ ਸਾਲ ਗ੍ਰੋਥ ਰੇਟ ਘਟ ਕੇ 5 ਪ੍ਰਤੀਸ਼ਤ ਉੱਪਰ ਪਹੁੰਚ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਨਵੰਬਰ ਮਹੀਨੇ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਤੇਜ਼ੀ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸੈਕਟਰ ਦੋ ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰੇਗਾ ਜੋਕਿ ਪਿਛਲੇ ਸਾਲ ਲਗਭਗ ਛੇ ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰ ਰਿਹਾ ਸੀ। ਇਸ ਸਥਿਤੀ ਵਿੱਚ ਸਰਕਾਰ ਦੀ ਕਮਾਈ ਉੱਪਰ ਜ਼ਰੂਰ ਅਸਰ ਪਵੇਗਾ।
ਸ਼ਰਮਨਾਕ ਰਿਕਾਰਡ:
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ 2018 ਵਰ੍ਹੇ ਵਿੱਚ ਸਮੁੱਚੇ ਦੇਸ਼ ਵਿੱਚ ਹਰ ਰੋਜ਼ ਔਸਤਨ ਹੱਤਿਆ ਦੀਆਂ 80, ਅਗਵਾ ਦੀਆਂ 289 ਅਤੇ ਬਲਾਤਕਾਰ ਦੀਆਂ 91 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ।
ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਮਾਤਰ 27.2 ਪ੍ਰਤੀਸ਼ਤ: ਨਿਰਭਆ ਕਾਂਡ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣ ਅਤੇ ਨਾਲ ਹੀ ਡੈੱਥ ਵਾਰੰਟ ਜਾਰੀ ਹੋ ਜਾਣ ਨਾਲ ਮੰਨਿਆ ਜਾਣ ਲੱਗਾ ਹੈ ਕਿ ਇਸ ਨਾਲ ਲੋਕਾਂ ਨੂੰ ਸੰਤੁਸ਼ਟਤਾ ਹੋਣ ਲੱਗੀ ਹੈ ਕਿ ਬਲਾਤਕਾਰ ਦੇ ਸਜ਼ਾ ਵਿੱਚ ਹੁਣ ਇਨਸਾਫ ਮਿਲਣ ਲੱਗ ਪਿਆ ਹੈ। ਪ੍ਰੰਤੂ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਦੀ ਦਰ ਅਜੇ ਵੀ 27.2 ਪ੍ਰਤੀਸ਼ਤ ਹੀ ਹੈ।
ਘਟਦਾ ਲਿੰਗ ਅਨੁਪਾਤ ਬਨਾਮ ਭਰੂਣ ਹੱਤਿਆ:
ਦੇਸ਼ ਵਿੱਚ ਲਗਾਤਾਰ ਘਟਦੇ ਜਾ ਰਹੇ ਲਿੰਗ ਅਨੁਪਾਤ ਨੂੰ ਲੈ ਕੇ ਸਮੇਂ-ਸਮੇਂ ਕੌਮੀ ਅਤੇ ਇਲਾਕਾਈ ਆਗੂਆਂ ਵਲੋਂ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਜੇ ਇਸ ਸਬੰਧ ਵਿੱਚਲੇ ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਇਹ ਚਿੰਤਾ ਕੇਵਲ ਕੌਮੀ ਅਤੇ ਇਲਾਕਾਈ ਆਗੂਆਂ ਦੀ ਹੀ ਨਹੀਂ, ਸਗੋਂ ਸਮੁੱਚੇ ਭਾਰਤੀ ਸਮਾਜ ਦੀ ਹੈ।
ਪ੍ਰੰਤੂ ਸਵਾਲ ਉੱਠਦਾ ਹੈ ਕਿ ਕੀ ਇਸ ਚਿੰਤਾ ਤੋਂ ਛੁਟਕਾਰਾ ਹਾਸਲ ਕਰਨ ਲਈ ਭਾਰਤੀ ਸਮਾਜ ਵਲੋਂ ਕੋਈ ਸਾਰਥਕ ਹੱਲ ਲੱਭਿਆ ਜਾਂ ਅਪਨਾਇਆ ਜਾ ਰਿਹਾ ਹੈ? ਘਟਦੇ ਲਿੰਗ ਅਨੁਪਾਤ ਵਿੱਚ ਭਰੂਣ-ਹੱਤਿਆ ਦੀ ਵਧ ਰਹੀ ਭੂਮਿਕਾ ਨੂੰ ਕੇਵਲ ਦਾਜ ਦੀ ਸਮੱਸਿਆ ਨਾਲ ਜੋੜ ਕੇ ਵੇਖਣਾ, ਇਸ ਸਮੱਸਿਆ ਦੇ ਹੱਲ ਲਈ ਸਾਰਥਕ ਪਹੁੰਚ ਨਹੀਂ ਮੰਨੀ ਜਾ ਸਕਦੀ। ਸਮਾਜਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰ ਰਹੀਆਂ ਸੰਸਥਾਵਾਂ ਦੇ ਮੁਖੀਆਂ ਦਾ ਮੰਨਣਾ ਹੈ ਕਿ ਜੇ ਅੱਜ ਦੇ ਸਮੁੱਚੇ ਵਾਤਾਵਰਣ ਨੂੰ ਵੇਖਿਆ, ਪਰਖਿਆ ਅਤੇ ਸਮਝਿਆ ਜਾਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ‘ਭਰੂਣ-ਹੱਤਿਆ’ ਨੂੰ ਠੱਲ੍ਹ ਨਾ ਪੈਣ ਦਾ ਕਾਰਣ ਕੇਵਲ ਵਧਦੀ ਜਾ ਰਹੀ ਦਾਜ-ਲਾਲਸਾ ਨਹੀਂ, ਇਸ ਨੂੰ ਤਾਂ ਕਈ ਹੋਰ ਕਾਰਣਾਂ ਵਿੱਚੋਂ ਕੇਵਲ ਇੱਕ ਕਾਰਣ ਹੀ ਮੰਨਿਆ ਜਾ ਸਕਦਾ ਹੈ।
ਅਗਵਾ ਅਤੇ ਰੇਪ ਦੀਆਂ ਘਟਨਾਵਾਂ:
ਅੱਜਕਲ ਕੁੜੀਆਂ ਦੇ ਅਗਵਾ ਤੇ ਰੇਪ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਮੁੱਖ ਖਬਰਾਂ ਬਣ ਬਿਜਲਈ ਅਤੇ ਪ੍ਰਿੰਟ ਮੀਡੀਆ ਵਿੱਚ ਛਾਈਆਂ ਨਜ਼ਰ ਆਉਂਦੀਆਂ ਹਨ। ਇਹੀ ਕਾਰਣ ਹੈ ਕਿ ਜਿੱਥੇ ਇੱਕ ਪਾਸੇ ਕੁੜੀਆਂ ਨੂੰ ਮੂੰਹ ਛੁਪਾਈ ਰੱਖਣ ਉੱਤੇ ਮਜਬੂਰ ਹੋਣਾ ਪੈਂਦਾ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਮਾਪਿਆਂ, ਜਿਨ੍ਹਾਂ ਨੇ ਧੀਆਂ ਨੂੰ ਬਹੁਤ ਲਾਡਾਂ-ਪਿਆਰਾਂ ਨਾਲ ਪਾਲਿਆ ਹੁੰਦਾ ਹੈ, ਨਾਲ ਵੀ ਉਨ੍ਹਾਂ ਦੇ ਆਸੇ-ਪਾਸੇ ਦਾ ਸਮਾਜ ਕੋਈ ਘੱਟ ਨਹੀਂ ਗੁਜ਼ਾਰਦਾ। ਧੀਆਂ ਦੇ ਅਗਵਾ ਹੋਣ, ਰੇਪ ਦਾ ਸ਼ਿਕਾਰ ਹੋਣ ਤੇ ਉਧਲ ਜਾਣ ਦੀਆਂ ਘਟਨਾਵਾਂ ਕਾਰਣ ਮਾਪਿਆਂ ਦੇ ਦਿਲਾਂ ਉੱਪਰ ਜੋ ਬੀਤਦੀ ਹੈ, ਉਸਨੂੰ ਸਮਝਣਾ ਅਤੇ ਮਹਿਸੂਸ ਕਰਨਾ ਸਹਿਜ ਨਹੀਂ।
… ਅਤੇ ਅੰਤ ਵਿੱਚ:
ਭਾਵੇਂ ਇਹ ਗੱਲ ਬਹੁਤ ਕੌੜੀ ਹੈ, ਪਰ ਹੈ ਸਚਾਈ, ਕਿ ਜਦੋਂ ਧੀਆਂ ਨਾਲ ਇਹ ਕੁਝ ਵਾਪਰਦਾ ਹੈ ਤਾਂ ਇਹ ਮਾਪਿਆਂ ਲਈ ਇੰਨੀ ਨਮੋਸ਼ੀ ਅਤੇ ਸ਼ਰਮਿੰਦਗੀ ਦਾ ਕਾਰਣ ਬਣ ਜਾਂਦਾ ਹੈ ਕਿ ਉਹ ਜਾਂ ਤਾਂ ਆਪ ਖੁਦਕਸ਼ੀ ਕਰਨ ਜਾਂ ਫਿਰ ਲਾਡਾਂ ਅਤੇ ਮਲਿਹਾਰਾਂ ਨਾਲ ਪਾਲੀ ਧੀ ਦੀ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਕੀਤੇ ਜਾਣ ’ਤੇ ਭਾਵੇਂ ਇਸ ਨੂੰ ਇੱਜ਼ਤ ਲਈ ਕਤਲ ਆਖਦਿਆਂ ਮਾਪਿਆਂ ਨੂੰ ਫਾਹੇ ਲਾ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੇ ਦਿਲ ਪਾਸੋਂ ਕੋਈ ਨਹੀਂ ਪੁੱਛਦਾ ਕਿ ਆਖਰ ਉਹ ਅਜਿਹਾ ਕਰਨ ਉੱਤੇ ਕਿਉਂ ਮਜਬੂਰ ਹੁੰਦੇ ਹਨ? ਇਹ ਕੋਈ ਨਹੀਂ ਸਮਝਦਾ ਕਿ ਧੀਆਂ ਨਾਲ ਵਾਪਰੇ ਦੁਖਦਾਈ ਕਾਂਡ ਦੇ ਚੱਲਦਿਆਂ ਉਨ੍ਹਾਂ ਨੂੰ ਸਮਾਜ ਵਿੱਚ ਰਹਿੰਦਿਆਂ ਜੋ ਤਾਹਨੇ-ਮੇਹਣੇ ਉਨ੍ਹਾਂ ਦੇ ਦਿਲਾਂ ਵਿੱਚ ਸੂਲ ਬਣ ਚੁੱਭਦੇ ਹਨ, ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਨੂੰ ਫਾਹੇ ਲੱਗ ਜਾਣਾ ਅੱਤ ਸਹਿਜ ਲਗਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1896)
(ਸਰੋਕਾਰ ਨਾਲ ਸੰਪਰਕ ਲਈ: