JaswantAjit7ਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-84 ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ ...
(18 ਮਈ 2019)

 

ਬੀਤੇ ਪੈਂਤੀ ਵਰ੍ਹਿਆਂ ਤੋਂ ਜਦੋਂ ਕਦੀ ਵੀ ਚੋਣਾਂ, ਭਾਵੇਂ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਜਾਂ ਨਗਰ ਨਿਗਮ ਦੀਆਂ, ਦਾ ਸਮਾਂ ਆਉਂਦਾ ਹੈ, ਪੰਜਾਬ, ਦਿੱਲੀ ਅਤੇ ਉਨ੍ਹਾਂ ਦੇ ਆਸ-ਪਾਸ ਦੇ ਰਾਜਾਂ ਵਿੱਚ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ ਮੁੱਦਾ ਤੁਰਪ ਦਾ ਪੱਤਾ ਬਣ ਉੱਭਰ ਆਉਂਦਾ ਹੈਇਸਨੂੰ ਉਛਾਲ, ਸਿੱਖਾਂ ਦੀਆਂ ਸੂਖਮ ਭਾਵਨਾਵਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਦੇ ਨਾਲ ਖਿਲਵਾੜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀਕਦੀ ਵੀ ਇਹ ਨਹੀਂ ਸੋਚਿਆ ਜਾਂਦਾ ਕਿ ਰਾਜਨੀਤਕ ਸਵਾਰਥ ਦੀਆਂ ਰੋਟੀਆਂ ਸੇਕਣ ਲਈ ਇਸ ਮੁੱਦੇ ਨੂੰ ਉਛਾਲੇ ਜਾਣ ਨਾਲ ਚੁਰਾਸੀ ਦੇ ਉਨ੍ਹਾਂ ਪੀੜਤਾਂ ਦੇ ਭਰੇ ਜਾ ਰਹੇ ਜ਼ਖਮ ਕੁਰੇਦੇ ਜਾਂਦੇ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਰਿਵਾਰ ਦੇ ਜੀਆਂ ਨੂੰ ਗੱਲ ਵਿੱਚ ਟਾਇਰ ਪਾ, ਜਵਲਣਸ਼ੀਲ (ਪੈਟਰੋਲ ਆਦਿ) ਪਦਾਰਥ ਛਿੜਕ, ਅੱਗ ਲਾ ਸਾੜਿਆ ਜਾਂਦਾ ਅਤੇ ਉਨ੍ਹਾਂ ਨੂੰ ਤੜਪਦਿਆਂ-ਚੀਖਦਿਆਂ ਮੌਤ ਦਾ ਸ਼ਿਕਾਰ ਹੁੰਦਿਆਂ ਵੇਖਿਆ ਹੁੰਦਾ ਹੈਪ੍ਰੰਤੂ ਇਸ ਸਭ ਕੁਝ ਨੂੰ ਵਾਪਰਦਿਆਂ ਆਪਣੀਆਂ ਅੱਖਾਂ ਨਾਲ ਵੇਖਦਿਆਂ ਹੋਇਆਂ ਵੀ ਆਪਣੇ ਜਾਨਾਂ ਤੋਂ ਵੀ ਵੱਧ ਪਿਆਰਿਆਂ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰ ਸਕੇ ਹੁੰਦੇਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-84 ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ “ਦੁਸ਼ਮਣਾਂ ਨੇ ਤਾਂ ਇੱਕ ਵਾਰ ਸਾਡੇ ਸੀਨਿਆਂ ਵਿੱਚ ਨਸ਼ਤਰ ਖੋਭਿਆ ਸੀ, ਪ੍ਰੰਤੂ ਤੁਹਾਡੇ ਵਰਗੇ ਰਾਜਨੀਤਕ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਸੈਂਕੜੇ ਵਾਰ ਨਸ਼ਤਰ ਲੈ ਸਾਡੇ ਭਰੇ ਜਾ ਰਹੇ ਜ਼ਖਮਾਂ ਨੂੰ ਆ ਕੁਰੇਦਿਆ ਹੈਤੁਸੀਂ ਲੋਕੀ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਨਾਲ ਉੱਠਣ ਵਾਲੀਆਂ ਚੀਸਾਂ ਕਾਰਨ, ਵਹਿੰਦੇ ਅੱਥਰੂਆਂ ਨੂੰ ਸੁੱਕਣ ਹੀ ਦਿੰਦੇ ਹੋਤੁਹਾਨੂੰ ਕੀ ਪਤਾ ਹੈ ਕਿ ਹਰ ਸਾਲ (ਨਵੰਬਰ ਦੇ ਮਹੀਨੇ) ਅਤੇ ਪੰਜ ਸਾਲ ਬਾਅਦ (ਚੋਣਾਂ ਦੇ ਸਮੇਂ) ਇੱਕ ਵਾਰ ਆ ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਨਾਲ ਉੱਠਣ ਵਾਲੀਆਂ ਚੀਸਾਂ ਨੂੰ ਸਹਿੰਦਿਆਂ ਅਸੀਂ ਕਦੋਂ ਤਕ ਅਥਰੂ ਵਹਾਉਂਦੇ ਰਹਿੰਦੇ ਹਾਂ?”

ਇਸਦੇ ਨਾਲ ਇਹ ਸਵਾਲ ਵੀ ਉੱਠਦਾ ਹੈ ਕਿ ਜੋ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀ ਹਰ ਸਾਲ ਨਵੰਬਰ ਵਿੱਚ ਅਤੇ ਹਰ ਚੋਣ ਦੇ ਸਮੇਂ ਇਸ ਮੁੱਦੇ ਨੂੰ ਉਛਾਲਦੇ ਹਨ, ਉਨ੍ਹਾਂ ਵਿੱਚੋਂ ਕਿਸੇ ਨੇ ਕਦੀ ਵੀ ਇਨ੍ਹਾਂ ਪੈਂਤੀ ਵਰ੍ਹਿਆਂ ਦੇ ਸਮੇਂ ਵਿੱਚ ਜਾ ਕੇ ਵੇਖਿਆ ਹੈ ਜਿਨ੍ਹਾਂ ਦੀਆਂ ਭਾਵਨਾਵਾਂ ਦਾ ਉਹ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਉਹ ਕਿਹੋ ਜਿਹਾ ਨਰਕੀ ਜੀਵਨ ਜੀਉਣ ਲਈ ਮਜਬੂਰ ਹੋ ਰਹੇ ਹਨ? ਉਨ੍ਹਾਂ ਕਦੀ ਵੀ ਉਨ੍ਹਾਂ ਦਾ ਜੀਵਨ ਸੰਵਾਰਨ ਜਾਂ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਜੀਉਣ ਦੇ ਸਮਰੱਥ ਬਣਾਉਣ ਲਈ ਕੁਝ ਕੀਤਾ ਹੈ? ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵੀ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਉਪਲਬਧ ਕਰਵਾਣ ਲਈ ਕੁਝ ਕਰਨ ਦੀ ਬਜਾਏ, ਉਨ੍ਹਾਂ ਦੀ ਆਪਣੇ ਉੱਪਰ ਨਿਰਭਰਤਾ ਬਣਾਈ ਰੱਖਣ ਲਈ ਕੁਝ ਪੀੜਤਾਂ ਨੂੰ ਮਾਸਕ ਪੈਨਸ਼ਨ ਦੇ ਨਾਂ ’ਤੇ ਨਕਦ ਆਰਥਕ ਅਤੇ ਰਾਸ਼ਨ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾਂਦੀ ਹੈਮੰਨਿਆ ਜਾਂਦਾ ਹੈ ਕਿ ਇਸਦੇ ਬਦਲੇ ਉਸਦੇ ਮੁਖੀ ਗੁਰਦੁਆਰਾ ਚੋਣਾਂ ਦੇ ਸਮੇਂ ਆਪਣੇ ਗੁਟ ਦੇ ਉਮੀਦਵਾਰਾਂ ਦੇ ਹਕ ਵਿੱਚ ਉਨ੍ਹਾਂ ਦਾ ਸਮਰਥਨ ਹਾਸਲ ਕਰਨਾ ਚਾਹੁੰਦੇ ਹਨਇਸਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਉਨ੍ਹਾਂ ਵਲੋਂ ਇਨ੍ਹਾਂ ਨੂੰ ਪ੍ਰਦਰਸ਼ਨਾਂ (ਮੁਜ਼ਾਹਰਿਆਂ) ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਲੋਕ ਸਭਾ \ ਵਿਧਾਨ ਸਭਾ ਆਦਿ ਦੀਆਂ ਚੋਣਾਂ ਵਿੱਚ ਪਾਰਟੀ ਵਿਸ਼ੇਸ਼ ਦੇ ਹੱਕ ਵਿੱਚ ਭੁਗਤਾ, ਆਪਣੇ ਰਾਜਸੀ ਸਵਾਰਥ ਨੂੰ ਵੀ ਪੂਰਿਆਂ ਕੀਤਾ ਜਾਂਦਾ ਹੈ

ਇਤਿਹਾਸ ਅਤੇ ਵਰਤਮਾਨ:

ਸਿੱਖ ਇਤਿਹਾਸ ਅਨੁਸਾਰ ਕਿਸੇ ਸਮੇਂ, ਜਦੋਂ ਸਿੱਖ ਗਰੀਬ-ਮਜ਼ਲੂਮ ਅਤੇ ਆਤਮ ਸਨਮਾਨ ਦੀ ਰੱਖਿਆ ਲਈ, ਜਬਰ-ਜ਼ੁਲਮ ਅਤੇ ਅਨਿਅਇ ਦੇ ਵਿਰੁੱਧ ਜੂਝਦਿਆਂ, ਜੰਗਲਾਂ-ਬੇਲਿਆਂ ਵਿੱਚ ਛੁਪ ਜੀਵਨ ਬਿਤਾਉਣ ਲਈ ਮਜਬੂਰ ਹੋ ਰਹੇ ਸਨ, ਉਸ ਸਮੇਂ ਕਈ ਨਕਲਚੀ ਦੁਸ਼ਮਣ ਹਾਕਮਾਂ ਦੇ ਕਹਿਣ ’ਤੇ ਉਨ੍ਹਾਂ ਦੇ ਦਰਬਾਰ ਵਿੱਚ ਜਾ ਸਿੱਖਾਂ ਦੇ ਸੰਕਟ ਭਰੇ ਜੀਵਨ ਦੀ ਝਲਕ ਵਿਖਾਉਣ ਲਈ ਸਿੱਖੀ ਸਰੂਪ ਧਾਰ ਸਿੱਖਾਂ ਦੀ ਨਕਲ ਉਤਾਰਿਆ ਕਰਦੇ ਸਨਅਜਿਹਾ ਕਰਦਿਆਂ ਜਦੋਂ ਇਨਾਮ ਲੈਣ ਲਈ ਉਹ ਉਨ੍ਹਾਂ ਹਾਕਮਾਂ ਸਾਹਮਣੇ ਸਿਰ ਝੁਕਾਂਦੇ ਸਨ, ਤਾਂ ਸਿੱਖੀ ਸਰੂਪ ਵਿੱਚ ਸਿਰ ਤੇ ਬੰਨ੍ਹੀ ਪਗੜੀ, ਉਤਾਰ ਕੱਛ ਵਿੱਚ ਦਬਾ ਲਿਆ ਕਰਦੇਜਦੋਂ ਹਾਕਮ ਵਲੋਂ ਉਨ੍ਹਾਂ ਪਾਸੋਂ ਇਸਦਾ ਕਾਰਨ ਪੁੱਛਿਆ ਜਾਂਦਾ ਤਾਂ ਉਹ ਆਖਦੇ ਕਿ ਇਹ ਪਗੜੀ ਉਨ੍ਹਾਂ ਸਿੱਖਾਂ ਦੀ ਹੈ, ਜਿਨ੍ਹਾਂ ਦਾ ਸਿਰ ਅਕਾਲ ਪੁਰਖ (ਪ੍ਰਮਾਤਮਾ) ਤੋਂ ਬਿਨਾਂ ਕਿਸੀ ਹੋਰ ਦੇ ਸਾਹਮਣੇ ਨਹੀਂ ਝੁਕਦਾਪ੍ਰੰਤੂ ਅੱਜ ਕੀ ਹੋ ਰਿਹਾ ਹੈ? ਸਿੱਖਾਂ ਦੀਆਂ ਸਰਵੁੱਚ ਮੰਨੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਦੇ ਮੈਂਬਰ ਤਾਂ ਮੈਂਬਰ, ਮੁੱਖੀ ਤਕ ਲੋਕਸਭਾ, ਵਿਧਾਨ ਸਭਾ, ਨਗਰ ਨਿਗਮ ਆਦਿ ਦੀਆਂ ਚੋਣਾਂ ਵਿੱਚ ਨਿੱਜ-ਸਵਾਰਥ ਦੇ ਚਲਦਿਆਂ ਪਾਰਟੀ ਵਿਸ਼ੇਸ਼ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਭੀੜ ਦਾ ਹਿੱਸਾ ਬਣ, ਉਨ੍ਹਾਂ ਦੀਆਂ ਗੱਡੀਆਂ ਪਿੱਛੇ ਲਟਕ, ਸੜਕਾਂ, ਗਲੀਆਂ, ਮਹੱਲਿਆਂ, ਬਜ਼ਾਰਾਂ ਵਿੱਚ ਬਾਹਵਾਂ ਉਲਾਰ ਉਸਦੇ ਹੱਕ ਵਿੱਚ ਨਾਹਰੇ ਮਾਰਦੇ ਸ਼ਰਮ ਮਹਿਸੂਸ ਨਹੀਂ ਕਰਦੇਅਜਿਹਾ ਕਰਦਿਆਂ ਉਨ੍ਹਾਂ ਨੂੰ ਨਾ ਤਾਂ ਆਪਣੇ ਅਤੇ ਨਾ ਹੀ ਆਪਣੇ ਧਾਰਮਕ ਅਹੁਦੇ ਦੇ ਮਾਣ-ਸਨਮਾਨ ਅਤੇ ਸਤਿਕਾਰ ਦਾ ਖਿਆਲ ਰਹਿੰਦਾ ਹੈਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਉਹ ਧਾਰਮਕ ਸਿੱਖ ਸੰਸਥਾ ਦੇ ਜਿਸ ਅਹੁਦੇ ਪੁਰ ‘ਬਿਰਾਜਮਾਨ’ ਹਨ, ਉਹ ਪਾਰਸ਼ਦਾਂ, ਵਿਧਾਇਕਾਂ ਅਤੇ ਸਾਂਸਦਾਂ ਦੇ ਅਹੁਦੇ ਨਾਲੋਂ ਕਿਤੇ ਬਹੁਤ ਹੀ ਉੱਚਾ ਅਤੇ ਸਨਮਾਨ-ਜਨਕ ਅਹੁਦਾ ਹੈ, ਜਿਸਦੀ ਮਾਣ-ਮਰਿਆਦਾ ਨੂੰ ਬਣਾਈ ਰੱਖਣਾ ਉਨ੍ਹਾਂ ਦਾ ਫਰਜ਼ ਹੀ ਨਹੀਂ, ਸਗੋਂ ਜ਼ਿੰਮੇਦਾਰੀ ਵੀ ਹੈਉਹ ਇਹ ਵੀ ਨਹੀਂ ਸੋਚਦੇ-ਸਮਝਦੇ ਕਿ ਧਾਰਮਕ ਸਿੱਖ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ, ਮੂਲ ਰੂਪ ਵਿੱਚ ਭਾਵੇਂ ਕਿਸੇ ਵੀ ਰਾਜਸੀ ਜਾਂ ਗੈਰ-ਰਾਜਸੀ ਪਾਰਟੀ ਨਾਲ ਸੰਬੰਧਤ ਰਹੇ ਹੋਣ, ਜਦੋਂ ਉਹ ਕਿਸੇ ਧਾਰਮਕ ਸਿੱਖ ਸੰਸਥਾ ਜਾਂ ਜਥੇਬੰਦੀ ਦੀਆਂ ਪ੍ਰਬੰਧਕੀ ਜ਼ਿੰਮੇਦਾਰੀਆਂ ਸੰਭਾਲਦੇ ਹਨ, ਤਾਂ ਉਹ ਕਿਸੇ ਵੀ ਪਾਰਟੀ ਵਿਸ਼ੇਸ਼ ਦੇ ਪ੍ਰਤੀਨਿਧੀ ਨਾ ਰਹਿ, ਸਮੁੱਚੇ ਸਿੱਖ ਪੰਥ ਦੇ ਪ੍ਰਤੀਨਿਧ ਬਣ ਜਾਂਦੇ ਹਨ ਤੇ ਸੰਬੰਧਤ ਧਾਰਮਕ ਸਿੱਖ ਸੰਸਥਾ ਦੀਆਂ ਸਰਬ-ਸਾਂਝੀਵਾਲਤਾ ਪੁਰ ਅਧਾਰਤ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਪਾਲਣ ਉਨ੍ਹਾਂ ਦੀ ਪਹਿਲੀ ਜ਼ਿੰਮੇਦਾਰੀ ਬਣ ਜਾਂਦਾ ਹੈ

ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲਾਂ ਦੇ ਨਤੀਜੇ:

ਬੋਰਡ ਦੇ ਇਮਤਿਹਾਨਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚੱਲ ਰਹੇ ਕਈ ਸਕੂਲਾਂ ਨਤੀਜੇ ਬਹੁਤ ਚੰਗੇ ਆਉਣ ’ਤੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਵਲੋਂ ਬਗਲਾਂ ਵਜਾਈਆਂ ਗਈਆਂ ਅਤੇ ਇਸ ਸਫਲਤਾ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਗਿਆ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪ੍ਰਬੰਧਕਾਂ ਦੇ ਸਿਰ ਨਹੀਂ, ਸਗੋਂ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ\ਅਧਿਆਪਕਾਵਾਂ ਦੇ ਸਿਰ ਬੱਝਦਾ ਹੈ, ਜਿਨ੍ਹਾਂ ਨੇ ਪ੍ਰਬੰਧਕਾਂ ਵਲੋਂ ਦੋ-ਦੋ, ਤਿੰਨ-ਤਿੰਨ ਮਹੀਨੇ ਤਨਖਾਹ ਨਾ ਦੇ ਕੇ, ਆਪਣੇ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਆਪਣੀਆਂ ਪ੍ਰੇਸ਼ਾਨੀਆਂ ਨੂੰ ਵਿਦਿਆਰਥੀਆਂ ਪ੍ਰਤੀ ਆਪਣੇ ਫਰਜ਼ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾਹਾਲਾਂਕਿ ਉਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਵਿਰੁੱਧ ਆਪਣੇ ਸੰਘਰਸ਼ ਨੂੰ ਵੀ ਲਗਾਤਾਰ ਜਾਰੀ ਰੱਖਿਆਸਲਾਮ ਹੈ! ਉਨ੍ਹਾਂ ਅਧਿਆਪਕਾਂ/ਅਧਿਆਪਕਾਵਾਂ ਨੂੰ, ਜਿਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਨੂੰ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਪ੍ਰਭਾਵਤ ਨਹੀਂ ਹੋਣ ਦਿੱਤਾ

... ਅਤੇ ਅੰਤ ਵਿੱਚ:

ਪੰਜਾਬੀ ਦੇ ਇੱਕ ਪ੍ਰਮੁੱਖ ਮੀਡੀਆ ਗਰੁੱਪ ਦੇ ਚੰਡੀਗੜ੍ਹ ਸਥਿਤ ਮੁਖੀ ਹਰਕੰਵਲਜੀਤ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਵਿੱਚਲੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਤੇ ਬਾਦਲ ਵਿੱਚ ਹੋਏ ਅਖੌਤੀ ਗੱਠਜੋੜ ਦੀ ਚੱਲ ਰਹੀ ਚਰਚਾ ਕਾਂਗਰਸ ਨੂੰ ਬਹੁਤ ਮਹਿੰਗੀ ਪੈ ਰਹੀ ਹੈਉਨ੍ਹਾਂ ਅਨੁਸਾਰ ਕਈ ਕਾਂਗਰਸੀ ਉਮੀਦਵਾਰਾਂ ਨੇ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਪਾਰਟੀ ਕੇਡਰ ਦਾ ਪੂਰਾ ਸਹਿਯੋਗ ਨਹੀਂ ਮਿਲ ਰਿਹਾਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦਾ ਸ਼ਹਿਰੀ ਮਤਦਾਤਾ ਅਤੇ ਵਰਕਰ, ਜੋ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲੋਂ ਟੁੱਟ ਕਾਂਗਰਸ ਨਾਲ ਚਲਾ ਗਿਆ ਸੀ, ਉਹ ਫਿਰ ਤੋਂ ਅਕਾਲੀ-ਭਾਜਪਾ ਗੱਠਜੋੜ ਵਲ ਵਾਪਸ ਮੁੜ ਗਿਆ ਹੈਉਨ੍ਹਾਂ ਕਿਹਾ ਕਿ ਬਦਲੀ ਸਥਿਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਉਸ ਨੂੰ ਫਿਰ ਤੋਂ ਕਾਂਗਰਸ ਵਲ ਮੋੜਨ ਲਈ ਆਪਣੀ ਪੂਰੀ ਸ਼ਕਤੀ ਝੌਂਕ ਦਿੱਤੀ ਹੈਇਸ ਵਿੱਚ ਉਨ੍ਹਾਂ ਨੂੰ ਕਿੰਨਾ ਲਾਭ ਹੋਇਆ ਹੈ, ਇਹ ਤਾਂ ਚੋਣ ਨਤੀਜੇ ਹੀ ਸਪਸ਼ਟ ਕਰ ਸਕਣਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1592)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

 

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author