JaswantAjit7ਚਾਹੀਦਾ ਤਾਂ ਇਹ ਸੀ ਕਿ ਉਹ ਮੌਕੇ-ਮਾਹੌਲ ਦੇ ਉਦੇਸ਼ ਨੂੰ ਸਮਝਦੇ ਅਤੇ ਇੱਕ-ਦੂਸਰੇ ਵਿਰੁੱਧ ਆਪਣੀ ...
(5 ਦਸੰਬਰ 2018)

 

ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਉਹ ਧਰਤੀ, ਜਿਸਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਦੇ ਅੰਤਿਮ 18 ਵਰ੍ਹੇ ਚਰਨ-ਛੁਹ ਪ੍ਰਾਪਤ ਰਹੀ, ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਣ ਦਾ ਮੌਕਾ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ, ਉਨ੍ਹਾਂ ਦੇ ਅਗਲੇ ਵਰ੍ਹੇ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਮੌਕੇ ’ਤੇ ਲਾਂਘਾ ਬਣਾਏ ਜਾਣ ਦੀ ਭਾਰਤ-ਪਾਕਿਸਤਾਨ ਸਰਕਾਰਾਂ ਵਿੱਚ ਹੋਈ ਆਪਸੀ ਸਹਿਮਤੀ ਦੇ ਅਧਾਰ ਤੇ, ਜਿੱਥੇ ਭਾਰਤ ਸਰਕਾਰ ਵਲੋਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕਰ ਇਸ ਉਦੇਸ਼ (ਕਾਰੀਡੋਰ ਦੇ ਨਿਰਮਾਣ ਦੀ ਅਰੰਭਤਾ) ਲਈ ਨੀਂਹ ਰੱਖੀ ਗਈ, ਤਾਂ ਉੱਥੇ ਹੀ ਪਾਕਿਸਤਾਨ ਸਰਕਾਰ ਵਲੋਂ ਇਸੇ ਉਦੇਸ਼ ਲਈ ਨੀਂਹ ਰੱਖਣ ਲਈ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਗਮ ਦਾ ਅਯੋਜਨ ਕੀਤਾ ਗਿਆ। ਭਾਰਤ ਸਰਕਾਰ ਵਲੋਂ ਅਯੋਜਿਤ ਸਮਾਗਮ ਦੇ ਮੁੱਖ ਮਹਿਮਾਨ ਉਪ-ਰਾਸ਼ਟਰਪਤੀ ਵੇਂਕੈਯਾ ਨਾਯਡੂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਸਤਾਵਤ ਗਲਿਆਰਾ ਦੋਹਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਕਾਇਮ ਕਰਨ, ਅਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਨਵੇਂ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੰਭਾਵਤ ਪ੍ਰੀਵਰਤਨ ਲਿਆਉਣ ਵਾਲਾ ਹੈ ਅਤੇ ਇਹ ਭਾਰਤ ਸਰਕਾਰ ਵਲੋਂ ਗਲਿਆਰਾ ਬਣਾਏ ਜਾਣ ਦੇ ਕੀਤੇ ਗਏ ਫੈਸਲੇ ਨਾਲ ਹੀ ਸੰਭਵ ਹੋ ਪਾਇਆ ਹੈ। ਉਨ੍ਹਾਂ ਹੋਰ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਵਰ੍ਹੇ ਕਰਤਾਰਪੁਰ ਦੀ ਧਰਤੀ ਪੁਰ ਬਿਤਾਏ ਅਤੇ ਸਮੁੱਚੀ ਮਾਨਵਤਾ ਨੂੰ ਅਮਨ-ਸ਼ਾਂਤੀ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਵੇਂਕੈਯਾ ਨਾਯਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਪੁਰ ਦੋਹਾਂ ਦੇਸ਼ਾਂ ਨੂੰ ਆਪਣੇ ਸੰਬੰਧਾਂ ਨੂੰ ਸੁਧਾਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਚੰਗਾ ਮੌਕਾ ਮਿਲਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗਲਿਆਰਾ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਵਾਸੀਆਂ ਨੂੰ ਇੱਕ-ਦੂਸਰੇ ਦੇ ਨੇੜੇ ਲਿਆ ਕੇ ਉਨ੍ਹਾਂ ਵਿੱਚਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪੁਲ ਦਾ ਕੰਮ ਕਰੇਗਾ ਅਤੇ ਪੁਰਾਣੀਆਂ ਦਰਾੜਾਂ ਨੂੰ ਭਰ ਕੇ ਨਵੇਂ ਸੰਬੰਧ ਬਣਾਉਣ ਲਈ ਉਤਸ਼ਾਹਿਤ ਕਰੇਗਾ। ਇਸ ਮੌਕੇ ’ਤੇ ਕੇਂਦਰੀ ਸੜਕ ਅਤੇ ਪਰਿਵਹਿਨ ਮੰਤਰੀ ਨਿਤਿਨ ਗਡਕਰੀ ਨੇ ਵਿਸ਼ਵਾਸ ਦੁਆਇਆ ਕਿ ਇਹ ਚਾਰ ਮਾਰਗੀ ਗਲਿਆਰਾ ਸਾਢੇ ਚਾਰ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।

ਇਸ ਤਰ੍ਹਾਂ ਜਿੱਥੇ ਉਪ-ਰਾਸ਼ਟਰਪਤੀ ਵੇਂਕੈਯਾ ਨਾਯਡੂ ਦਾ ਭਾਸ਼ਣ ਬਹੁਤ ਹੀ ਸੰਤੁਲਤ ਅਤੇ ਦੋਹਾਂ ਦੇਸ਼ਾਂ ਵਿੱਚ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਏ ਜਾਣ ਦੀ ਆਸ ਪੁਰ ਅਧਾਰਤ ਸੀ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਦੇ ਸੈਨਿਕ ਮੁੱਖੀ ਨੂੰ ਚਿਤਾਵਨੀ ਦੇਣਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਕਾਂਗਰਸ ਵਿਰੁੱਧ ਦਿਲ ਦਾ ਗੁਬਾਰ ਕੱਢਣਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਨਸ਼ਿਆਂ ਦੇ ਨਾਂ ’ਤੇ ਅਕਾਲੀ ਦਲ ਪੁਰ ਹਮਲੇ ਕਰਨਾ ਆਦਿ ਕਿਸੇ ਵੀ ਤਰ੍ਹਾਂ ਮੌਕੇ ਦੇ ਅਨੁਕੂਲ ਨਹੀਂ ਸੀ। ਇਸ ਨਾਲ ਇਉਂ ਲੱਗਣ ਲੱਗਾ ਸੀ ਕਿ ਜਿਵੇਂ ਉਹ ਸਰਬ-ਸਾਂਝੇ ਸਮਾਰੋਹ ਵਿੱਚ ਨਹੀਂ, ਸਗੋਂ ਕਿਸੇ ਚੋਣ ਜਲਸੇ ਵਿੱਚ ਭਾਸ਼ਣ ਕਰਕੇ ਲੋਕਾਂ ਦੀ ਵਾਹ-ਵਾਹ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹੋਣ। ਚਾਹੀਦਾ ਤਾਂ ਇਹ ਸੀ ਕਿ ਉਹ ਮੌਕੇ-ਮਾਹੌਲ ਦੇ ਉਦੇਸ਼ ਨੂੰ ਸਮਝਦੇ ਅਤੇ ਇੱਕ-ਦੂਸਰੇ ਵਿਰੁੱਧ ਆਪਣੀ ਰਾਜਸੀ ਕਿੜਕੱਢੇ ਜਾਣ ਨੂੰ ਕਿਸੇ ਹੋਰ ਸਮੇਂ ਲਈ ਰਾਖਵਾਂ ਰੱਖ ਲੈਂਦੇ; ਅਮਨ-ਸ਼ਾਂਤੀ, ਪਿਆਰ, ਸਦਭਾਵਨਾ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼-ਵਾਹਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੁਹ ਪ੍ਰਾਪਤ ਧਰਤੀ ਨਾਲ ਦੋਹਾਂ ਦੇਸ਼ਾਂ ਦੇ ਵਾਸੀਆਂ ਨੂੰ ਜੋੜਨ ਲਈ ਹੋ ਰਹੇ ਕਾਰਜ ਦੇ ਮੌਕੇ ਦੀ ਮਹਤੱਤਾ ਨੂੰ ਸਮਝਦਿਆਂ ਉਪ-ਰਾਸ਼ਟਰਪਤੀ ਵਾਂਗ ਆਪਣੇ ਵਿਚਾਰਾਂ ਨੂੰ ਸੰਤੁਲਤ ਬਣਾਈ ਰੱਖਦੇ। ਪ੍ਰੰਤੂ ਉਨ੍ਹਾਂ ਨੇ ਅਜਿਹਾ ਨਾ ਕਰ ਕੇ ਨਾ ਕੇਵਲ ਸਮਾਗਮ ਦੇ ਪਵਿੱਤਰ ਵਾਤਾਵਰਣ ਨੂੰ ਦੂਸ਼ਤ ਕੀਤਾ, ਸਗੋਂ ਆਪਣੀ ਸੋਚ ਤੇ ਦੂਰ ਦ੍ਰਿਸ਼ਟੀ ਦੇ ਦੀਵਾਲੀਏਪਨ ਦਾ ਵੀ ਅਹਿਸਾਸ ਕਰਵਾ ਦਿੱਤਾ। ਹਾਲਾਂਕਿ ਇਸ ਗੱਲ ਦਾ ਸੰਕੇਤ ਉਸੇ ਸਮੇਂ ਮਿਲਣ ਲੱਗਾ ਸੀ, ਜਦੋਂ ਉਨ੍ਹਾਂ ਦੇ ਭਾਸ਼ਣ ਦੌਰਾਨ ਲੋਕਾਂ ਨੇ ਹੂਟਿੰਗ ਕਰਨੀ ਅਤੇ ਸਮਾਗਮ ਵਿੱਚੋਂ ਉੱਠ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸੀ। ਅਫਸੋਸ ਤਾਂ ਇਸ ਗੱਲ ਦਾ ਵੀ ਹੈ ਕਿ ਦਰਸ਼ਕਾਂ-ਸ੍ਰੋਤਿਆਂ ਦੇ ਇਸ ਸੰਕੇਤ ਨੂੰ ਸਮਝਣ ਦੀ ਬਜਾਏ ਉਹ ਆਪਣੀ ਸੂਝ-ਸਿਆਣਪ ਦੇ ਦੀਵਾਲੀਏਪਨ ਦਾ ਪ੍ਰਗਟਾਵਾ ਲਗਾਤਾਰ ਕਰਦੇ ਰਹੇ।

ਉੱਧਰ ਪਾਕਿਸਤਾਨ ਵਿੱਚ:

ਪਾਕਿਸਤਾਨੀ ਇਲਾਕੇ ਵਿੱਚ ਬਣਾਏ ਜਾਣ ਵਾਲੇ ਗਲਿਆਰੇ (ਕਾਰੀਡੋਰ) ਦੀ ਨੀਂਹ ਰੱਖਣ ਲਈ ਪਾਕ ਸਰਕਾਰ ਵਲੋਂ ਕੀਤੇ ਗਏ ਸਮਾਗਮ ਵਿੱਚ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਜਿੱਥੇ ਇਸ ਕਾਰੀਡੋਰ ਨੂੰ ਪਾਕ-ਭਾਰਤ ਸੰਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਆਧਾਰ ਕਰਾਰ ਦਿੱਤਾ, ਉੱਥੇ ਹੀ ਇਹ ਵੀ ਕਿਹਾ ਕਿ ਜੇ ਪੱਕਾ ਇਰਾਦਾ ਹੋਵੇ ਤਾਂ ਕਸ਼ਮੀਰ ਸਮੇਤ ਦੋਹਾਂ ਮੁਲਕਾਂ ਵਿਚਲੇ ਸਾਰੇ ਮਸਲੇ ਹੱਲ ਹੋ ਸਕਦੇ ਹਨ। ਇਸ ਮੌਕੇ ਕਸ਼ਮੀਰ ਦਾ ਨਾਂ ਲਿਆ ਜਾਣਾ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ। ਭਾਰਤੀ ਵਿਦੇਸ਼ ਵਿਭਾਗ ਨੇ ਤੁਰੰਤ ਹੀ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਹ ਗੱਲ ਬਹੁਤ ਹੀ ਮੰਦਭਾਗੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਸ ਪਵਿੱਤਰ ਮੌਕੇ ਨੂੰ ਰਾਜਸੀ ਰੰਗ ਦੇਣ ਲਈ ਚੁਣਿਆ, ਜੋ ਕਿ ਸਿੱਖ ਭਾਈਚਾਰੇ ਵਲੋਂ ਕਰਤਾਰਪੁਰ ਗਲਿਆਰਾ ਖੋਲ੍ਹੇ ਜਾਣ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਸਾਕਾਰ ਕਰਨ ਨਾਲ ਜੁੜਿਆ ਹੋਇਆ ਸੀ। ਇਸ ਮੌਕੇ ’ਤੇ ਅਣਚਾਹੇ ਰੂਪ ਵਿੱਚ ਕਸ਼ਮੀਰ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਅਟੁਟ ਅੰਗ ਹੈ।

ਕਸ਼ਮੀਰ ਬਨਾਮ ਰਾਜਸੀ ਹਲਕੇ:

ਭਾਰਤ ਵਿਚਲੇ ਉਚ ਰਾਜਸੀ ਹਲਕਿਆ ਦੀ ਮਾਨਤਾ ਹੈ ਕਿ ਪਾਕਿਸਤਾਨੀ ਹਾਕਮਾਂ ਦੀ ਇਹ ਮਜਬੂਰੀ ਹੈ ਕਿ ਉਹ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸਦੇ ਹੱਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸ ਸੰਬੰਧ ਵਿੱਚ ਉਹ ਦੱਸਦੇ ਹਨ ਕਿ ਜਦੋਂ ਪਾਕਿਸਤਾਨ ਦੇ ਆਪਣੇ ਸਮੇਂ ਦੇ ਰਾਸ਼ਟਰਪਤੀ ਜਨਰਲ ਮੁਸ਼ਰਫ, ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਗਰਾ ਵਿਖੇ ਹੋਣ ਵਾਲੀ ਸਿੱਖਰ-ਵਾਰਤਾ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ ਰਵਾਨਾ ਹੋਏ ਸਨ ਤਾਂ ਉਸ ਸਮੇਂ ਕੱਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਉਸਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਸਨੇ ਭਾਰਤ ਨਾਲ ਕਸ਼ਮੀਰ ਬਾਰੇ ਕੋਈ ਸਮਝੌਤਾ ਕੀਤਾ ਤਾਂ ਉਸਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰ ਕਰਨਗੇ। ਇਸ ਗੱਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ ਵੀ ਆਗਰਾ ਵਿਖੇ ਕੀਤੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਇਹ ਆਖ ਕੇ ਕਰ ਦਿੱਤੀ ਸੀ ਕਿ ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇੱਥੇ (ਭਾਰਤ ਵਿੱਚ) ਹੀ ਨਹਿਰ ਵਾਲੀ ਹਵੇਲੀ, ਜੋ ਕਿ ਦਿੱਲੀ ਦੇ ਦਰਿਆ ਗੰਜ ਵਿਖੇ ਸਥਿਤ, ਉਸਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਏਗਾ।’

ਇਹ ਗੱਲਾਂ ਉਸ ਸਮੇਂ ਵੀ ਇਸ ਗੱਲ ਦਾ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਪੁਰ ਇੰਨਾ ਦਬਾਉ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰੱਖ ਕੇ ਹੀ ਸੱਤਾ ਵਿੱਚ ਬਣੇ ਰਹਿ ਸਕਦੇ ਹਨ। ਆਖਿਰ ਅਜਿਹਾ ਕਿਉਂ ਹੈ? ਇਸ ਸਵਾਲ ਦਾ ਜਵਾਬ ਵੀ ਜਨਰਲ ਮੁਸ਼ੱਰਫ ਦੇ ਉਸੇ ਪ੍ਰੈੱਸ ਕਾਨਫ੍ਰੰਸ ਵਿੱਚ ਕਹੇ ਇਨ੍ਹਾਂ ਸ਼ਬਦਾਂ ਵਿੱਚੋਂ ਮਿਲ ਜਾਂਦਾ ਹੈ ਕਿ ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਕਾਰਵਾਈ ਦੀ ਕਸਕਅਜੇ ਤਕ ਪਾਕਿਸਤਾਨੀਆਂ ਦੇ ਦਿਲਾਂ ਵਿੱਚ ਹੈ।’ ਜਨਰਲ ਮੁਸ਼ੱਰਫ ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੀ ਜਿਸ ਕਸਕਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਜਰਨੈਲਾਂ ਦੇ ਦਿਲਾਂ ਵਿਚਲੀ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਅਪਮਾਨਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱਟ, ਆਤਮ-ਸਮਰਪਣ ਕਰਨ ਦੇ ਫਲਸਰੂਪ ਪੈਦਾ ਹੋਈ ਸੀ।

ਅਤੇ ਅੰਤ ਵਿੱਚ:

ਪਿਛੋਕੜ ਦੀ ਰੋਸ਼ਨੀ ਵਿੱਚ, ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲ ਦੀ ਕਸਕ ਹੀ ਹੈ, ਜਿਸਨੂੰ ਉਹ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇ ਕੇ ਪਾਕਿਸਤਾਨੀਆਂ ਦੇ ਦਿਲ ਵਿੱਚ ਭਾਰਤ ਅਤੇ ਭਾਰਤੀਆਂ ਵਿਰੁੱਧ ਨਫਰਤ ਭਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹੀ ਹਥਿਆਰ ਪਾਕਿਸਤਾਨੀ ਹਾਕਮਾਂ ਅਤੇ ਅਵਾਮ ਦੇ ਭਾਰਤੀ ਹਾਕਮਾਂ ਅਤੇ ਅਵਾਮ ਨਾਲ ਸੰਬੰਧ ਸੁਧਾਰਨ ਦੀਆਂ ਭਾਵਨਾਵਾਂ ਨੂੰ ਕਿਸੇ ਸਿਟੇ ’ਤੇ ਪੁੱਜਣ ਦੇਣ ਦੇ ਰਸਤੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਅੱਗੋਂ ਵੀ ਬਣਿਆ ਹੀ ਰਹੇਗਾ।

*****

(1418)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author