RavinderSSodhi7ਅਣਭੋਲ ਬੱਚੀਆਂ ... ਮੁਟਿਆਰਾਂ ... ਔਰਤਾਂ ਨੂੰ ... ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ... ਆਦਮ ਖੋਰਾਂ ਨੂੰ ...
(29 ਅਕਤੂਬਰ 2023)

 

ਪ੍ਰਬੰਧ ਕਰੋ ...

ਰਾਵਣ ਦਾ ਪੁਤਲਾ ਫੂਕ
ਹੁਣ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ,
ਪਰਿਵਾਰ ਮੋਹ,
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਮੋਹ ਨੂੰ ਵੀ
ਫੂਕਣ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਫੂਕਣ ਵਾਲੇ ਪੁਤਲਿਆਂ ਦੇ ਨਾਲ
ਖੜ੍ਹਾ ਕਰਨ ਦਾ
ਪ੍ਰਬੰਧ ਕਰੋ

ਥਾਣਿਆਂ
ਤਹਿਸੀਲਾਂ
ਅਦਾਲਤਾਂ ਅਤੇ
ਹੋਰ ਮਹਿਕਮਿਆਂ ਵਿਚ
ਹੱਥ ਅੱਡੀ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ
ਪਾਸ ਕਰਵਾਉਣ
ਨਿੱਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ
ਦੇ ਨਾਂ ’ਤੇ ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ਵਿੱਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ ਕਰਮਾਂ ਦੇ
ਜ਼ਿੰਮੇਵਾਰ ਰਾਵਣਾਂ ਲਈ ਵੀ
ਕਿਸੇ ਸਜ਼ਾ ਦਾ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜੋ ਜਵਾਨੀ ਦਾ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਅਣਭੋਲ ਬੱਚੀਆਂ
ਮੁਟਿਆਰਾਂ
ਔਰਤਾਂ ਨੂੰ
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ
ਆਦਮ ਖੋਰਾਂ ਨੂੰ
ਜਿਉਂਦੇ ਅਗਨ ਭੇਟ ਕਰਨ ਦਾ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਅੱਡੀਆਂ ਚੁੱਕ ਫਾਹਾ ਲੈਣ ਵਾਂਗ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੀ ਭੇਡ ਚਾਲ ਦੇ ਰਾਵਣ ਨੂੰ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠਾਂ ਵਿਚ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਦੇ ਜੁਗਾੜਾਂ ਦੀ
ਰਾਵਣੀ ਸੋਚ ਦਾ
ਅਤੇ
ਮੱਠਾਂ ਦੇ ਬੰਦ ਕਰਨ ਦੇ
ਪੁੰਨ ਵਰਗੇ ਕੰਮ ਦਾ ਵੀ ਕੋਈ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਨੇਤਾਵਾਂ ਦੇ
ਵੋਟਾਂ ਬਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਵਿਚਰ ਰਹੇ
ਜੋ
ਮਜ਼ਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਮਾਰ
ਕੁੜੀਆਂ ਨੂੰ ਹਵਸ ਦਾ ਸ਼ਿਕਾਰ ਬਣਾ
ਮੁੰਡਿਆਂ ਨੂੰ ਨਸ਼ੇ ਵੇਚਣ ਦੇ ਰਾਹ ਪਾ
ਆਪਣੀ ਸੋਨ-ਲੰਕਾ ਨੂੰ
ਹੋਰ ਰਹੇ ਚਮਕਾ
ਲਈ ਵੀ
ਕਿਸੇ ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਫਿਰ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੁੰਦੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ

ਪ੍ਰਬੰਧ ਕਰੋ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4433)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author