“ਇਸ ਸਾਰੀ ਪ੍ਰਕਿਰਿਆ ਦੌਰਾਨ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਿਹਾ ਸ਼ਾਤਰ ਦਿਮਾਗ ਇੱਕ ਤੀਰ ਨਾਲ ...”
(22 ਸਤੰਬਰ 2021)
ਪੰਜਾਬ ਵਿੱਚ ਰਾਜਸੀ ਬਦਲਾਵ ਦਾ ਜੋ ਝੱਖੜ ਝੁੱਲਿਆ ਹੈ, ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉੱਡ ਕੇ ਚਰਨਜੀਤ ਸਿੰਘ ਚੰਨੀ ਕੋਲ ਪਹੁੰਚ ਗਈ ਹੈ ਅਤੇ ਨਾਲ ਹੀ ਦੋ ਮੰਤਰੀਆਂ ਨੂੰ ਡਿਪਟੀ ਚੀਫ ਮਨਿਸਟਰ ਦੀਆਂ ਫੀਤੀਆਂ ਲੱਗ ਗਈਆਂ ਹਨ। ਇਹ ਅਸਲ ਵਿੱਚ ਕਾਂਗਰਸ ਹਾਈਕਮਾਨ ਦੀ ਸੋਚੀ ਸਮਝੀ ਚਾਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਤਿੰਨ ਮਹੀਨਿਆਂ ਦਾ ਹੀ ਸਮਾਂ ਹੈ। ਕਾਂਗਰਸ ਹਾਈ ਕਮਾਨ ਨੂੰ ਇਹ ਭਲੀਭਾਂਤ ਪਤਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣ ਵਾਅਦਿਆਂ ਦੇ ਗੋਹਲੇ ਵਿੱਚੋਂ ਪੂਣੀ ਵੀ ਨਹੀਂ ਕੱਤੀ। ਕੀ ਮੁਲਾਜ਼ਮ ਅਤੇ ਕੀ ਵਪਾਰੀ, ਸਾਰੇ ਹੀ ਸਰਕਾਰ ਦੀਆਂ ਨਾਕਾਮੀਆਂ ਦਾ ਰੋਣਾ ਰੋ ਰਹੇ ਹਨ। ਸਰਕਾਰ ਦਾ ਖਜ਼ਾਨਾ ਗਰੀਬ ਦੇ ਆਟੇ ਵਾਲੇ ਪੀਪੇ ਦੀ ਤਰ੍ਹਾਂ ਖੜਕ ਰਿਹਾ ਹੈ, ਪਰ ਸਰਕਾਰ ਨੇ ਆਪਣੇ ਖਰਚੇ ’ਤੇ ਕੋਈ ਲਗਾਮ ਨਹੀਂ ਕੱਸੀ ਗਈ। ਪਟਿਆਲਾ ਦੇ ਮੋਤੀ ਮਹਿਲ ਨੂੰ ਜਿਹੜੇ ਵੀ ਘੇਰਾ ਪਾਉਣ ਜਾਂਦੇ ਹਨ, ਉਹਨਾਂ ਨੂੰ ਪੁਲਿਸ ਵਾਲਿਆਂ ਦੀਆਂ ਡਾਂਗਾਂ ਦਾ ਸੁਆਦ ਚੱਖਣਾ ਪੈਂਦਾ ਹੈ। ਇਸ ਵਿੱਚ ਪੁਲਿਸ ਕਰਮਚਾਰੀਆਂ ਦਾ ਦੋਸ਼ ਨਹੀਂ, ਉੱਪਰੋਂ ਹੁਕਮ ਹੀ ਇਸ ਤਰ੍ਹਾਂ ਦੇ ਹਨ। ਕੈਪਟਨ ਵੱਲੋਂ ਗੁਟਕਾ ਸਾਹਿਬ ਦੀ ਸੌਂਹ ਖਾਧੀ ਗਈ ਸੀ ਕਿ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ। ਪਰ ਇਹ ਸਚਾਈ ਸਭ ਨੂੰ ਹੀ ਪਤਾ ਹੈ ਕਿ ਨਸ਼ਿਆਂ ਦਾ ਕਾਰੋਬਾਰ ਜੇ ਵਧਿਆ ਨਹੀਂ ਤਾਂ ਘਟਿਆ ਵੀ ਨਹੀਂ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਮਕਾਇਆ ਗਿਆ। ਬਹਿਬਲ ਕਲਾਂ ਕਾਂਡ ਕਿਸੇ ਤਾਣ-ਪੱਤਨ ਨਹੀਂ ਲੱਗਿਆ। ਰੇਤ ਮਾਫੀਆ ਆਪਣਾ ਕੰਮ ਬੇਖੌਫ ਕਰਦਾ ਰਿਹਾ। ਮੰਤਰੀਆਂ ਦੇ ਕਈ ਘੁਟਾਲਿਆਂ ਦਾ ਸੱਚਾ-ਝੁੱਠਾ ਚਰਚਾ ਚਲਦਾ ਰਿਹਾ।
ਇਹਨਾਂ ਸਾਰੇ ਰੌਲਿਆਂ-ਗੌਲਿਆਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਦਾ ਆਪਸੀ ਪੇਚਾ ਪੈ ਗਿਆ, ਜੋ ਕਾਫੀ ਦੇਰ ਚੱਲਿਆ ਜਾਂ ਚਲਾਇਆ ਗਿਆ। ਕੈਪਟਨ ਦੀ ਮਹਿਲਾ ਦੋਸਤ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ। ਕਾਂਗਰਸ ਹਾਈਕਮਾਨ ਵੱਲੋਂ ਰਲ ਕੇ ਚੱਲਣ ਦੀਆਂ ਨਸੀਹਤਾਂ ਤਾਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਕੋਈ ਠੋਸ ਕਦਮ ਨਾ ਉਠਾਇਆ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਕਦੇ ਆਮ ਆਦਮੀ ਪਾਰਟੀ ਅਤੇ ਕਦੇ ਬੀ ਜੇ ਪੀ ਵਿੱਚ ਮੁੜ ਜਾਣ ਦੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ। ਸਿੱਧੂ ਨੂੰ ਠੰਢਾ ਕਰਨ ਲਈ ਉਸ ਨੂੰ ਡਿਪਟੀ ਚੀਫ ਮਨਿਸਟਰ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਗੱਲਾਂ ਵੀ ਉੱਡੀਆਂ, ਪਰ ਕੈਪਟਨ ਨੇ ਕਿਸੇ ਪੱਖੋਂ ਵੀ ਸਿੱਧੂ ਨੂੰ ਨੇੜੇ ਨਾ ਲੱਗਣ ਦਿੱਤਾ। ਇੱਕ ਦੋ ਵਾਰ ਉਹਨਾਂ ਦੀਆਂ ਜਫੀਆਂ ਵੀ ਪਵਾਈਆਂ ਗਈਆਂ। ਪਰ ਜਦੋਂ ਦੋਵੇਂ ਆਪਣੀ ਅੜੀ ’ਤੇ ਅੜੇ ਰਹੇ ਤਾਂ ਦਿਖਾਵੇ ਦੇ ਗਲੇ ਮਿਲਣ ਨੇ ਕੀ ਕਰਨਾ ਸੀ? ਅਖੀਰ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਹੀ ਦਿੱਤਾ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਰਹਿੰਦੇ ਸਮੇਂ ਵਿੱਚ ਚੋਣ ਵਾਅਦੇ ਪੂਰੇ ਕਰਨ ਦੀ ਹਦਾਇਤ ਵੀ ਕਰ ਦਿੱਤੀ। ਜੇ ਕੋਈ ਕਾਂਗਰਸ ਹਾਈਕਮਾਨ ਨੂੰ ਇਹ ਪੁੱਛੇ ਕਿ ਸਾਢੇ ਚਾਰ ਸਾਲ ਉਹ ਸੁੱਤੀ ਕਿਉਂ ਰਹੀ? ਕੀ ਇਹੋ ਹਦਾਇਤ ਸਰਕਾਰ ਬਣਨ ਤੋਂ ਸਾਲ ਕੁ ਬਾਅਦ ਨਹੀਂ ਕੀਤੀ ਜਾ ਸਕਦੀ ਸੀ? ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਦੋਹਾਂ ਦੀ ਖਿਚੋਤਾਣ ਜਾਰੀ ਰਹੀ।
ਮੌਜੂਦਾ ਕਿਸਾਨ ਅੰਦੋਲਨ ਨੇ ਵੀ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਬਰੇਕਾਂ ਲਾ ਦਿੱਤੀਆਂ। ਇਸਦੀ ਬਹੁਤੀ ਮਾਰ ਸਰਕਾਰ ਨੂੰ ਝੱਲਣੀ ਪਈ। ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦਾ ਪੱਖ ਤਾਂ ਪੂਰਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਿਸਾਨ ਅੰਦੋਲਨ ਦੇ ਮੁਢਲੇ ਦਿਨਾਂ ਵਿੱਚ ਇਹ ਵੀ ਪੇਸ਼ਕਸ਼ ਕਰ ਦਿੱਤੀ ਕਿ ਉਹ ਅੰਦੋਲਨ ਦੀ ਅਗਵਾਈ ਕਰਨ ਨੂੰ ਤਿਆਰ ਹੈ, ਪਰ ਕਿਸਾਨ ਜਥੇਬੰਦੀਆਂ ਨੇ ਕਿਸੇ ਵੀ ਰਾਜਸੀ ਪਾਰਟੀ ਜਾਂ ਨੇਤਾ ਨੂੰ ਘਾਹ ਨਹੀਂ ਪਾਇਆ। ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੂੰ ਕਿਸਾਨ ਹਿਮਾਇਤੀ ਹੋਣ ਕਰਕੇ ਕਈ ਗੱਲਾਂ ਤੋਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੂਬੇ ਦੀ ਸਰਕਾਰ ਨੂੰ ਬਣਦੀ ਸਹਾਇਤਾ ਵਿੱਚ ਦੇਰੀ ਕੀਤੀ। ਦੂਜੇ, ਕਰੋਨਾ ਮਹਾਂਮਾਰੀ ਦੌਰਾਨ ਵੀ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਮ ਲੋਕਾਂ ਦਾ ਸਰਕਾਰ ਤੋਂ ਹੋਰ ਵੀ ਮੋਹ ਭੰਗ ਹੋ ਗਿਆ।
ਇਹਨਾਂ ਸਾਰੀਆਂ ਗੱਲਾਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਵਾਰੇ ਬਹੁਤੇ ਸ਼ੱਕ ਦੀ ਗੁੰਜਾਇਸ਼ ਨਾ ਰਹੀ। ਕੰਧ ’ਤੇ ਲਿਖਿਆ ਸਭ ਪੜ੍ਹ ਰਹੇ ਸਨ। ਦਿੱਲੀ ਵਿੱਚ ਬੈਠੇ ਕਾਂਗਰਸੀ ਆਕਾ ਇਹ ਭਲੀਭਾਂਤ ਮਹਿਸੂਸ ਕਰਨ ਲੱਗ ਪਏ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਪਾਰਟੀ ਦੀ ਹਾਲਾਤ ਸ਼ਰਾਬੀ ਦੇ ਕਦਮਾਂ ਵਾਂਗ ਲੜਖੜਾਉਣੀ ਹੀ ਹੈ। ਦੂਜੇ ਪਾਸੇ ਅਕਾਲੀ ਦਲ ਦੀ ਦਸ ਸਾਲ ਦੀ ਬਦ ਇੰਤਜ਼ਾਮੀ ਨੂੰ ਜਨਤਾ ਅਜੇ ਵੀ ਭੁੱਲੀ ਨਹੀਂ। ਆਮ ਆਦਮੀ ਪਾਰਟੀ ਭਾਵੇਂ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ ਸੀ, ਪਰ ਇਸ ਪਾਰਟੀ ਦੇ ਵੱਡੇ ਨੇਤਾਵਾਂ ਦੀ ਆਪਸੀ ਖਾਨਾਜੰਗੀ ਕਾਰਨ ਇਸ ਨੇ ਵੀ ਆਪਣੀ ਪਕੜ ਗੁਆ ਲਈ। ਬੀ ਜੇ ਪੀ ਕਿਸਾਨੀ ਅੰਦੋਲਨ ਕਰਕੇ ਪੰਜਾਬ ਵਿੱਚ ਹਾਸ਼ੀਏ ’ਤੇ ਜਾ ਚੁੱਕੀ ਹੈ। ਪੰਜਾਬ ਦਾ ਰਾਜਸੀ ਮਾਹੌਲ ਗੁੰਝਲਦਾਰ ਹੋ ਚੁੱਕਿਆ ਹੈ। ਅਜਿਹੇ ਰੌਲੇ-ਗੌਲੇ ਦਰਮਿਆਨ ਅਕਾਲੀ ਦਲ ਨੇ ਅਜਿਹਾ ਰਾਜਸੀ ਦਾਅ ਖੇਡਿਆ ਕਿ ਦੂਜੀਆਂ ਪਾਰਟੀਆਂ ਆਪਣੀ ਅਗਲੀ ਰਣਨੀਤੀ ਸੋਚਣ ਲਈ ਮਜਬੂਰ ਹੋ ਗਈਆਂ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਕਰ ਲਿਆ। ਵੈਸੇ ਤਾਂ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਵਿੱਚ ਬਹੁਤਾ ਅਧਾਰ ਨਹੀਂ ਪਰ ਸੂਬੇ ਵਿੱਚ ਦਲਿਤ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਜਿਸਦਾ ਫਾਇਦਾ ਬਹੁਜਨ ਸਮਾਜ ਪਾਰਟੀ ਨੂੰ ਮਿਲ ਸਕਦਾ ਹੈ। ਇਸ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀਆਂ ਇੱਕ ਦੂਜੇ ਦੇ ਨੇੜੇ ਆਈਆਂ ਤਾਂ ਜੋ ਇੱਕ ਪਾਰਟੀ ਪੰਜਾਬ ਵਿੱਚ ਆਪਣਾ ਅਧਾਰ ਬਣਾ ਲਵੇ ਅਤੇ ਦੂਜੀ ਉਹਨਾਂ ਦੀ ਵਿਸਾਖੀ ਦੇ ਸਹਾਰੇ ਹਕੂਮਤ ਦੀ ਕੁਰਸੀ ਤਕ ਪਹੁੰਚ ਜਾਵੇ। ਕਦੇ ਦਲਿਤ ਵੋਟ ਦੇ ਆਸਰੇ ਕਾਂਗਰਸ ਆਪਣੇ ਸੁਪਨੇ ਸਾਕਾਰ ਕਰਦੀ ਰਹੀ ਸੀ। ਪਰ ਹੌਲੀ ਹੌਲੀ ਉਹਨਾਂ ਦੀ ਪਕੜ ਇਸ ਵੋਟ ਬੈਂਕ ਉੱਤੇ ਢਿੱਲੀ ਪੈਂਦੀ ਗਈ।
ਕਾਂਗਰਸ ਨੂੰ ਇੱਕ ਤਾਂ ਆਪਣੀ ਪਾਰਟੀ ਦੀ ਸੂਬਾਈ ਸਰਕਾਰ ਦੀ ਨਾਕਾਮੀ ਦਾ ਪਤਾ ਸੀ, ਦੂਜਾ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੀ ਵੀ ਖਬਰ ਸੀ ਅਤੇ ਤੀਜਾ ਅਕਾਲੀ ਪਾਰਟੀ ਦੀ ਰਣਨੀਤੀ ਨੇ ਵੀ ਉਹਨਾਂ ਦੀ ਨੀਂਦ ਉਡਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਚੋਣਾਂ ਲਈ ਇੱਕ ਵਾਰ ਫੇਰ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਨੇੜੇ ਲਾਇਆ। ਉਸ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ। ਇਹ ਵੀ ਕਨਸੋਆਂ ਮਿਲੀਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਵੇਲੇ ਵੀ ਇਸ ਚੋਣ ਮਾਹਰ ਦੀ ਸਲਾਹ ਲਈ ਗਈ ਸੀ ਅਤੇ ਉਸ ਨੇ ਹੀ ਕੈਪਟਨ ਨੂੰ ਮਨਾਉਣ ਵਿੱਚ ਵੀ ਸਹਾਇਤਾ ਕੀਤੀ ਸੀ। ਬਾਅਦ ਵਿੱਚ ਉਸ ਨੇ ਮੁੱਖ ਮੰਤਰੀ ਦੇ ਸਲਾਹਕਾਰ ਬਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕਾਂਗਰਸ ਦੇ ਇੱਕ ਵੱਡੇ ਨੇਤਾ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਇਸ ਚੋਣ ਨੀਤੀਕਾਰ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ।
ਜੇ ਪੰਜਾਬ ਦੇ ਵਰਤਮਾਨ ਹਾਲਾਤ ’ਤੇ ਗੌਰ ਕੀਤਾ ਜਾਵੇ ਤਾਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਅਜਿਹੇ ਬਦਲਾਅ ਦੀ ਰੂਪ ਰੇਖਾ ਮੌਜੂਦਾ ਕਾਂਗਰਸ ਹਾਈਕਮਾਨ ਦੇ ਵੱਸ ਦੀ ਗੱਲ ਨਹੀਂ। ਕੈਪਟਨ ਅਮਰਿੰਦਰ ਸਿੰਘ ਵਰਗਾ ਪੁਰਾਣਾ ਅਤੇ ਵੱਡੇ ਕੱਦ ਦਾ ਰਾਜਸੀ ਨੇਤਾ ਜਲਦੀ ਜਲਦੀ ਕਿਸੇ ਜੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ। ਉਹ ਆਪਣੀਆਂ ਸ਼ਰਤਾਂ ’ਤੇ ਹੀ ਕੰਮ ਕਰਦਾ ਹੈ। ਮੌਜੂਦਾ ਪਾਰਟੀ ਹਾਈਕਮਾਨ ਇੰਨੀ ਤਾਕਤਵਰ ਨਹੀਂ ਕਿ ਉਹ ਉਸ ਦੇ ਸਾਹਮਣੇ ਮਨ ਮਰਜ਼ੀ ਕਰ ਸਕੇ। ਨਵਜੋਤ ਸਿੰਘ ਸਿੱਧੂ ਨੂੰ ਵੀ ਸੂਬਾ ਪਾਰਟੀ ਪ੍ਰਧਾਨ ਬਣਾਉਣ ਲਈ ਉਹ ਜਲਦਬਾਜ਼ੀ ਨਹੀਂ ਸੀ ਕਰ ਸਕੀ। ਕਿਸੇ ਨਿੱਜੀ ਕਾਰਨ ਕਰਕੇ ਮੁੱਖ ਮੰਤਰੀ ਦਾ ਅਤੇ ਪਾਰਟੀ ਦਾ ਅਕਸ ਜੋ ਧੁੰਦਲਾ ਹੋ ਰਿਹਾ ਸੀ, ਉਸ ’ਤੇ ਵੀ ਪਾਰਟੀ ਹਾਈਕਮਾਨ ਨੇ ਚੁੱਪੀ ਹੀ ਸਾਧ ਰੱਖੀ। ਇਸ ਲਈ ਇਹ ਤਾਂ ਹੋ ਨਹੀਂ ਸਕਦਾ ਕਿ ਪਾਰਟੀ ਹਾਈਕਮਾਨ ਅਜਿਹਾ ਦਲੇਰਾਨਾ ਫੈਸਲਾ ਆਪਣੇ ਤੌਰ ’ਤੇ ਲੈ ਸਕੇ ਕਿ ਉਹ ਕੈਪਟਨ ਨੂੰ ਅਸਤੀਫ਼ਾ ਦੇਣ ਦੇ ਹੁਕਮ ਜਾਰੀ ਕਰ ਸਕੇ। ਇਸ ਪਿੱਛੇ ਜ਼ਰੂਰ ਹੀ ਕੋਈ ਹੋਰ ਦਿਮਾਗ ਅਤੇ ਰਣਨੀਤੀ ਕੰਮ ਕਰ ਰਹੀ ਹੋਵੇਗੀ। ਕੈਪਟਨ ਨੂੰ ਇਹ ਤਸਵੀਰ ਕੋਈ ਖਾਸ ਬੰਦਾ ਹੀ ਦਿਖਾ ਸਕਦਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਉਹ ਲਾਂਭੇ ਹੋ ਜਾਵੇ। ਨਵਾਂ ਮੁੱਖ ਮੰਤਰੀ ਕੋਈ ਵੀ ਹੋਵੇ, ਉਹ ਤਿੰਨ ਮਹੀਨੇ ਵਿੱਚ ਕੋਈ ਜਾਦੂ ਦੀ ਛੜੀ ਨਹੀਂ ਘੁਮਾ ਸਕਦਾ। ਇਸ ਲਈ ਸੰਭਾਵੀ ਹਾਰ ਦੀ ਜ਼ਿੰਮੇਵਾਰੀ ਨਵੇਂ ਮੁੱਖ ਮੰਤਰੀ ’ਤੇ ਹੀ ਆਵੇਗੀ, ਕੈਪਟਨ ਦੀ ਇੱਜ਼ਤ ਬਚੀ ਰਹੇਗੀ। ਇਹ ਗੱਲ ਕੈਪਟਨ ਸਾਹਿਬ ਨੂੰ ਵੀ ਜ਼ਰੂਰ ਜਚੀ ਹੋਵੇਗੀ। ਦੂਜਾ ਉਹਨਾਂ ਵਰਗਾ ਖਿਡਿਆ ਹੋਇਆ ਸਿਆਸਤਦਾਨ ਇਹ ਤਾਂ ਸਮਝ ਹੀ ਗਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੇ ਟਿੰਡ ਵਿੱਚ ਕਾਨਾ ਪਾ ਕੇ ਹੀ ਰੱਖਣਾ ਹੈ। ਹਾਈਕਮਾਨ ਵੀ ਸਿੱਧੂ ਦੇ ਹੱਕ ਦੀ ਗੱਲ ਜ਼ਿਆਦਾ ਕਰਦੀ ਹੈ, ਇਸ ਲਈ ਚੰਗਾ ਹੈ ਕਿ ਹਾਲ ਦੀ ਘੜੀ ਕਿਨਾਰਾ ਹੀ ਕੀਤਾ ਜਾਵੇ। ਜਿੰਨੀ ਨ੍ਹਾਤੀ ਉਨ੍ਹਾਂ ਹੀ ਪੁੰਨ। ਪਰ ਉਹਨਾਂ ਨੇ ਇਹ ਸ਼ਰਤ ਜ਼ਰੂਰ ਰੱਖੀ ਹੋਵੇਗੀ ਕਿ ਉਹਨਾਂ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਵਾਲਾ ਸਿੱਧੂ, ਮੁੱਖ ਮੰਤਰੀ ਨਾ ਬਣ ਜਾਵੇ। ਪਾਰਟੀ ਹਾਈਕਮਾਨ ਵੀ ਸਿੱਧੂ ਵਾਰੇ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹ ਵੀ ਆਪਣੀ ਮਰਜ਼ੀ ਕਰਨ ਵਾਲਾ ਹੀ ਹੈ। ਜਿਸ ਗੱਲ ’ਤੇ ਅੜ ਜਾਵੇ ਉਸ ਤੋਂ ਪਿੱਛੇ ਨਹੀਂ ਹਟਦਾ। ਇਸ ਕਮਜ਼ੋਰੀ ਕਰਕੇ ਹੀ ਸਿੱਧੂ ਮਾਤ ਖਾ ਗਿਆ।
ਇਸ ਸਾਰੀ ਪ੍ਰਕਿਰਿਆ ਦੌਰਾਨ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਿਹਾ ਸ਼ਾਤਰ ਦਿਮਾਗ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦਾ ਸੀ। ਅਕਾਲੀ-ਬਹੁਜਨ ਸਮਾਜ ਪਾਰਟੀ ਨੂੰ ਚੁਣੌਤੀ ਦੇਣ ਵਾਲੀ ਨੀਤੀ ਤਿਆਰ ਕਰਨੀ, ਪੰਜਾਬ ਦੇ ਹਿੰਦੂ ਵੋਟਰ ਦਾ ਭਰੋਸਾ ਜਿੱਤਣਾ ਅਤੇ ਜੱਟ ਸਿੱਖ ਭਾਈਚਾਰੇ ’ਤੇ ਵੀ ਡੋਰੇ ਪਾਉਣੇ। ਇਹਨਾਂ ਅਹਿਮ ਨੁਕਤਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦਾ ਤਾਜ ਪਹਿਨਾਇਆ। ਭਾਵੇਂ ਉਹ ਬਹੁਤਾ ਕੱਦਾਵਰ ਨੇਤਾ ਨਹੀਂ ਹੈ, ਪਰ ਪੜ੍ਹਿਆ ਲਿਖਿਆ ਜ਼ਰੂਰ ਹੈ। ਓ ਪੀ ਸੋਨੀ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਹਿੰਦੂ ਤਬਕੇ ਨੂੰ ਖੁਸ਼ ਕਰ ਲਿਆ ਅਤੇ ਕੈਪਟਨ ਵਿਰੋਧੀ ਖੇਮੇ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਉਪ ਮੁੱਖ ਮੰਤਰੀ ਬਣਾ ਕੇ ਚੁੱਪ ਕਰਵਾ ਦਿੱਤਾ। ਇਸ ਨਾਲ ਜੱਟ ਸਿੱਖ ਭਾਈਚਾਰੇ ਨੂੰ ਇਹ ਦਰਸਾ ਦਿੱਤਾ ਕਿ ਪਾਰਟੀ ਦਾ ਸੂਬਾ ਪ੍ਰਧਾਨ ਅਤੇ ਇੱਕ ਡਿਪਟੀ ਮੁੱਖ ਮੰਤਰੀ ਵਰਗੇ ਦੋ ਮਹੱਤਵਪੂਰਨ ਅਹੁਦੇ ਉਹਨਾਂ ਵਿੱਚੋਂ ਭਰੇ ਗਏ ਹਨ। ਆਖਰੀ ਮੌਕੇ ’ਤੇ ਬ੍ਰਹਮ ਮਹਿੰਦਰਾ ਦੀ ਜਗ੍ਹਾ ਸੋਨੀ ਨੂੰ ਅੱਗੇ ਲਿਆਉਣਾ ਵੀ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਵੱਲ ਇਸ਼ਾਰਾ ਕਰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਓ ਪੀ ਸੋਨੀ ਦਾ ਪੱਖ ਅਮਰਿੰਦਰ ਸਿੰਘ ਨੇ ਹੀ ਪੂਰਿਆ ਹੋਵੇ। ਵੈਸੇ ਤਾਂ ਬ੍ਰਹਮ ਮਹਿੰਦਰਾ ਅਤੇ ਓ ਪੀ ਸੋਨੀ ਦੋਵੇਂ ਹੀ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀ ਹਨ, ਪਰ ਸੋਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਟਕਰਾਅ ਤੋਂ ਹਰ ਕੋਈ ਵਾਕਿਫ ਹੈ। ਸੋਨੀ ਬੜੀ ਉੱਚੀ ਸੁਰ ਵਿੱਚ ਸਿੱਧੂ ਦੀ ਮੁਖ਼ਾਲਫ਼ਤ ਕਰਦਾ ਹੈ। ਇਸ ਲਈ ਉਸ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਕਿ ਉਹ ਸੂਬਾ ਕਾਂਗਰਸ ਦੇ ਪ੍ਰਧਾਨ ਦੀਆਂ ਚਾਲਾਂ ’ਤੇ ਰੋਕ ਲਾ ਸਕੇ। ਬ੍ਰਹਮ ਮਹਿੰਦਰਾ ਨੂੰ ਸ਼ਾਇਦ ਸਪੀਕਰ ਦੇ ਅਹੁਦੇ ’ਤੇ ਬਿਰਾਜਮਾਨ ਕਰਕੇ ਕੈਪਟਨ ਧੜਾ ਆਪਣਾ ਹੱਥ ਉੱਪਰ ਰੱਖਣਾ ਚਾਹੁੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣ ਤੋਂ ਬਾਅਦ ਇਹ ਅਫਵਾਹ ਵੀ ਗਰਮ ਹੈ ਕਿ ਹੋ ਸਕਦਾ ਹੈ ਉਹ ਬੀ ਜੇ ਪੀ ਵਿੱਚ ਸ਼ਾਮਲ ਹੋ ਜਾਣ। ਕੈਪਟਨ ਵਰਗਾ ਸੂਝਵਾਨ ਨੇਤਾ ਅਜਿਹੀ ਗਲਤੀ ਕਦੇ ਨਹੀਂ ਕਰ ਸਕਦਾ। ਉਸ ਨੂੰ ਇਹ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਵਿੱਚ ਬੀ ਜੇ ਪੀ ਡੁੱਬਦਾ ਜਹਾਜ਼ ਹੈ, ਇਸ ਲਈ ਉਸ ’ਤੇ ਸਵਾਰ ਹੋਣ ਦਾ ਕੋਈ ਫਾਇਦਾ ਨਹੀਂ। ਨਾ ਹੀ ਉਹ ਅਕਾਲੀਆਂ ਨਾਲ ਰਲ ਸਕਦਾ ਹੈ। ਜੇ ਉਸ ਨੂੰ ਲੱਗਿਆ ਕਿ ਪਰਦੇ ਪਿੱਛੇ ਹੋਏ ਸਮਝੌਤੇ ਲਾਗੂ ਨਹੀਂ ਹੋ ਰਹੇ ਤਾਂ ਉਹ ਆਪਣੀ ਪਾਰਟੀ ਬਣਾਉਣ ਦਾ ਜੋਖਮ ਉਠਾ ਸਕਦਾ ਹੈ। ਪਰ ਕੀ ਇਹ ਰਣਨੀਤੀ ਕਾਰਗਰ ਹੋਵੇਗੀ, ਇਹ ਇੱਕ ਵੱਡਾ ਸਵਾਲ ਹੈ।
ਜੇ ਚੋਣਾਂ ਸਮੇਂ ’ਤੇ ਹੀ ਹੁੰਦੀਆਂ ਹਨ ਤਾਂ ਚੋਣ ਜਾਬਤਾ ਲੱਗਣ ਵਿੱਚ ਬਹੁਤਾ ਸਮਾਂ ਨਹੀਂ ਰਹਿ ਗਿਆ। ਨਵੇਂ ਮੁੱਖ ਮੰਤਰੀ ਕੋਲ ਸਮਾਂ ਘੱਟ ਹੈ, ਚੁਣੌਤੀਆਂ ਜ਼ਿਆਦਾ ਹਨ। ਅਕਾਲੀਆਂ ਨੇ ਆਪਣੇ ਜਰਨੈਲਾਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹਨ ਪਰ ਕਾਂਗਰਸ ਆਪਣੇ ਅੰਦਰੂਨੀ ਝਗੜਿਆਂ ਵਿੱਚ ਹੀ ਉਲਝੀ ਹੋਈ ਹੈ। ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੀ ਖਪ ਰਹੇ ਹਨ। ਹਾਲਾਤ ਗੁੰਝਲਦਾਰ ਹਨ। ਅਸਮਾਨ ’ਤੇ ਛਾਏ ਬੱਦਲ ਕਿਸ ਰੁਖ ਦੀ ਹਵਾ ਨਾਲ ਉਡ ਕੇ ਕਿੱਧਰ ਝੜੀ ਲਾਉਣਗੇ ਤੇ ਕਿੱਧਰ ਸੋਕੇ ਵਰਗੇ ਹਾਲਾਤ ਪੈਦਾ ਕਰਨਗੇ, ਇਹ ਵੋਟਰਾਂ ਦੇ ਹੱਥ ਹੈ ਅਤੇ ਇਸ ਵਾਰ ਵੋਟਰ ਕਿਸਾਨਾਂ ਵੱਲ ਵੀ ਸਵੱਲੀ ਨਜ਼ਰ ਰੱਖ ਰਹੇ ਹਨ, ਇਹ ਸਭ ਨੂੰ ਪਤਾ ਹੀ ਹੈ। ਇਸ ਵਾਰ ਪੰਜਾਬ ਦੀ ਰਾਜਸੀ ਬਿਸਾਤ ’ਤੇ ਕਿਸਾਨਾਂ ਦੀਆਂ ਗੋਟੀਆਂ ਵੀ ਆਪਣਾ ਕਮਾਲ ਦਿਖਾਉਣ ਲਈ ਤਿਆਰ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3023)
(ਸਰੋਕਾਰ ਨਾਲ ਸੰਪਰਕ ਲਈ: