“ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏ ਕਿ ਉਹਨਾਂ ਵੱਲੋਂ ਕੀਤਾ ਕੰਮ ਵਿਸ਼ੇਸ਼ ...”
(16 ਅਪਰੈਲ 2025)
ਬੱਚਿਆਂ ਦੀਆਂ ਕਲਾਕਾਰੀ ਦਾ ਪ੍ਰਦਰਸ਼ਨ
ਬੱਚੇ ਦੇ ਸਰਵ ਪੱਖੀ ਵਿਕਾਸ ਲਈ ਜਿੱਥੇ ਬੱਚੇ ਦੀਆਂ ਕੁਦਰਤੀ ਰੁਚੀਆਂ, ਪਰਿਵਾਰਕ ਅਤੇ ਆਲੇ ਦੁਆਲੇ ਦਾ ਮਾਹੌਲ, ਉਸਦੇ ਵਿੱਦਿਅਕ ਅਦਾਰੇ ਦਾ ਮਾਹੌਲ, ਉਸਦੇ ਨਜ਼ਦੀਕੀ ਮਿੱਤਰਾਂ ਦੀ ਸੰਗਤ ਆਦਿ ਪੱਖ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ, ਉੱਥੇ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ, ਉਸਦੇ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਹੱਲਾਸ਼ੇਰੀ ਦੇਣੀ ਅਤੇ ਇੱਕ ਅਜਿਹਾ ਮਾਹੌਲ ਪ੍ਰਦਾਨ ਕਰਨਾ ਜਿਸ ਵਿੱਚ ਉਸ ਨੂੰ ਨਿਰੋਲ ਹਾਂ-ਪੱਖੀ ਹੁੰਗਾਰਾ ਹੀ ਮਿਲੇ, ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਅਜਿਹੇ ਉਸਾਰੂ ਹਾਲਾਤ ਵਿੱਚ ਪ੍ਰਵਾਨ ਚੜ੍ਹੇ ਬੱਚੇ ਨਵੀਂਆਂ ਮੰਜ਼ਲਾਂ ਸਰ ਕਰਨ ਵਿੱਚ ਹੀ ਸਫਲ ਨਹੀਂ ਹੁੰਦੇ ਬਲਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਵੀ ਕਰਦੇ ਹਨ। ਇਸ ਪੱਖੋਂ ਕੈਨੇਡਾ ਵਿੱਚ ਮੁਢਲੀ ਸਿੱਖਿਆ ਸਮੇਂ ਬੱਚਿਆਂ ਨੂੰ ਇੱਕ ਅਜਿਹੇ ਸਾਂਚੇ ਵਿੱਚ ਢਾਲਣ ਦਾ ਯਤਨ ਕੀਤਾ ਜਾਂਦਾ ਹੈ ਜਿੱਥੇ ਆਲੋਚਨਾ ਦੀ ਥਾਂ ਉਹਨਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ। ਬੱਚਿਆਂ ਦੀ ਛੋਟੀ ਤੋਂ ਛੋਟੀ ਪਰਾਪਤੀ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਅਧਿਆਪਕ ਅਤੇ ਸਕੂਲ ਦੇ ਉੱਚ ਅਧਿਕਾਰੀਆਂ ਦੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਪ੍ਰਤੀ ਕੋਈ ਨਾਂਹ-ਪੱਖੀ ਟਿੱਪਣੀ ਨਾ ਕੀਤੀ ਜਾਵੇ, ਜਿਸ ਨਾਲ ਬੱਚਿਆਂ ਦੀ ਮਾਨਸਿਕਤਾ ਵਿੱਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਹੋਵੇ। ਜ਼ਿਆਦਾ ਸ਼ਰਾਰਤੀ ਬੱਚਿਆਂ ਨੂੰ ਉਸਾਰੂ ਢੰਗ ਨਾਲ ਸਹੀ ਰਸਤੇ ’ਤੇ ਲਿਆਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕ ਹੁੰਦੇ ਹਨ ਜੋ ਅਜਿਹੇ ਬੱਚਿਆਂ ਦੀ ਮਾਨਸਿਕਤਾ ਨੂੰ ਬਦਲਣ ਲਈ ਮਨੋਵਿਗਾਨਿਕ ਢੰਗਾਂ ਦੀ ਵਰਤੋਂ ਕਰਦੇ ਹਨ। ਬੱਚਿਆਂ ਦੀਆਂ ਉਸਾਰੂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਉਹਨਾਂ ਵਿੱਚ ਹਾਂ-ਪੱਖੀ ਵਰਤਾਰੇ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ।
ਇਸ ਪੱਖ ਦੀ ਇੱਕ ਉਦਾਹਰਨ ਦਾ ਵਰਣਨ ਕਰਨਾ ਚਾਹੁੰਦਾ ਹਾਂ ਜੋ ਉਪਰੋਕਤ ਵਿਚਾਰਧਾਰਾ ਦੀ ਸਚਾਈ ਪ੍ਰਗਟ ਕਰਦੀ ਹੈ। ਕੈਨੇਡਾ ਦੇ ਇੱਕ ਵੱਡੇ ਸ਼ਹਿਰ ਕੈਲਗਰੀ ਦੇ ਕੋਲ ਹੀ ਇੱਕ ਸ਼ਹਿਰ ਹੈ ਚੈਸਟਰਮੇਅਰ। ਨਵੇਂ ਸਾਲ ਦੇ ਕਾਰਡ ਬਣਾਉਣ ਵਾਲੇ ਇੱਕ ਅਦਾਰੇ ਵੱਲੋਂ ਚੈਸਟਰਮੇਅਰ ਦੇ ਐਲੀਮੈਂਟਰੀ (ਕਿੰਡਰਗਾਰਟਨ ਤੋਂ ਸੱਤਵੀਂ ਜਮਾਤ ਤਕ) ਸਕੂਲਾਂ ਵਿੱਚ ਆਪਣੇ ਕਰਮਚਾਰੀ ਭੇਜੇ ਗਏ। ਉਹਨਾਂ ਨੇ ਵੱਖ-ਵੱਖ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੂੰ ਡਰਾਇੰਗ ਸ਼ੀਟਾਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਉਹਨਾਂ ਸ਼ੀਟਾਂ ’ਤੇ ਕੁਝ ਵੀ ਬਣਾਉਣ ਅਤੇ ਰੰਗ ਭਰਨ। ਇਸ ਕੰਮ ਵਿੱਚ ਬਾਹਰੀ ਤੌਰ ’ਤੇ ਬੱਚਿਆਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ, ਭਾਵ ਬੱਚਿਆਂ ਦੇ ਅਧਿਆਪਕਾਂ ਵੱਲੋਂ ਕਿਸੇ ਕਿਸਮ ਦੀ ਸਹਾਇਤਾ ਜਾਂ ਸਲਾਹ ਨਹੀਂ ਦਿੱਤੀ ਗਈ। ਸਾਰੇ ਬੱਚਿਆਂ ਨੇ ਆਪਣੀ ਸੋਚ ਮੁਤਾਬਿਕ ਕੁਝ ਨਾ ਕੁਝ ਬਣਾਇਆ, ਰੰਗ ਭਰੇ ਅਤੇ ਆਪਣਾ ਨਾਂ ਲਿਖ ਦਿੱਤਾ। ਬੱਚਿਆਂ ਵੱਲੋਂ ਬਣਾਏ ਗਏ ਇਹ ਕਾਰਡ ਉਸ ਅਦਾਰੇ ਦੇ ਕਰਮਚਾਰੀ ਆਪਣੇ ਨਾਲ ਲੈ ਗਏ। ਕੁਝ ਦਿਨਾਂ ਬਾਅਦ ਹਰ ਬੱਚੇ ਨੂੰ ਉਸਦੀ ਬਣਾਈ ਡਰਾਇੰਗ ਦੇ ਵੀਹ-ਵੀਹ ਕਾਰਡ ਦਿੱਤੇ ਗਏ। ਇਹ ਕਾਰਡ ਛਾਪਣ ਵੇਲੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਨੂੰ ਕਿਸੇ ਕਿਸਮ ਨਾਲ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਦੋਂ ਬੱਚਿਆਂ ਨੇ ਆਪਣੇ ਵੱਲੋਂ ਬਣਾਈ ਡਰਾਇੰਗ ਨੂੰ ਕਾਰਡ ਦੇ ਰੂਪ ਵਿੱਚ ਦੇਖਿਆ, ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਦੇਖਣ ਵਾਲੇ ਸੀ। ਉਹ ਮਹਿਸੂਸ ਕਰ ਰਹੇ ਸਨ ਜਿਵੇਂ ਉਹ ਹਵਾ ਵਿੱਚ ਉਡ ਰਹੇ ਹੋਣ। (ਇੱਥੇ ਮੈਂ ਪਹਿਲੀ ਕਲਾਸ, ਉਮਰ ਸੱਤ ਸਾਲ ਅਤੇ ਤੀਜੀ ਕਲਾਸ, ਉਮਰ ਨੌਂ ਸਾਲ ਦੇ ਬੱਚਿਆਂ ਵੱਲੋਂ ਬਣਾਏ ਕਾਰਡਾਂ ਦੀਆਂ ਤਸਵੀਰਾਂ ਦੇ ਰਿਹਾ ਹਾਂ)। ਮੈਂ ਇਹ ਨਹੀਂ ਕਹਿੰਦਾ ਕਿ ਇਹ ਚਿੱਤਰ ਕਲਾ ਦੇ ਵਧੀਆ ਨਮੂਨੇ ਹਨ, ਪਰ ਬੱਚਿਆਂ ਦੀ ਉਮਰ ਨੂੰ ਦੇਖਦੇ ਹੋਏ ਅਤੇ ਉਹਨਾਂ ਦੇ ਮਾਨਸਿਕ ਪੱਧਰ ਨੂੰ ਦੇਖਦੇ ਹੋਏ, ਉਹਨਾਂ ਦੀ ਅਤੇ ਹੋਰ ਬੱਚਿਆਂ ਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੀ ਹੈ। ਜਦੋਂ ਇਨ੍ਹਾਂ ਬੱਚਿਆਂ ਨੇ ਇਹ ਕਾਰਡ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਭੇਜੇ ਹੋਣਗੇ ਤਾਂ ਉਹਨਾਂ ਵੱਲੋਂ ਮਿਲੀ ਸ਼ਾਬਾਸ਼ ਨਿਸ਼ਚੇ ਹੀ ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਈ ਹੋਵੇਗੀ ਅਤੇ ਭਵਿੱਖ ਵਿੱਚ ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਅੱਗੇ ਆਉਣ ਦੀ ਪਰੇਰਣਾ ਤਾਂ ਮਿਲੇਗੀ ਹੀ। ਇਸਦੇ ਨਾਲ ਹੀ ਭਵਿੱਖ ਵਿੱਚ ਵੀ ਬੱਚਿਆਂ ਦੀ ਕਲਪਨਾ ਹੋਰ ਉੱਚੀਆਂ ਉਡਾਰੀਆਂ ਲਾਵੇਗੀ।
ਆਪਣੀ ਜਮਾਤ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣਾ, ਜਿਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਹੋਵੇ, ਬੱਚਿਆਂ ਦੇ ਦਿਲ ਵਿੱਚ ਇੱਕ ਨਵੀਂ ਨਰੋਈ ਭਾਵਨਾ ਹੀ ਪੈਦਾ ਨਹੀਂ ਕਰਦੀ ਸਗੋਂ ਜ਼ਿੰਦਗੀ ਪ੍ਰਤੀ ਉਹਨਾਂ ਦੀ ਸੋਚ ਨੂੰ ਹਾਂ-ਪੱਖੀ ਹੁਲਾਰਾ ਦਿੰਦੀ ਹੈ। ਅਜਿਹੇ ਮਾਹੌਲ ਵਿੱਚ ਪ੍ਰਵਾਨ ਚੜ੍ਹੇ ਬੱਚੇ ਹਮੇਸ਼ਾ ਹੀ ਹੱਸਦੇ-ਹੱਸਦੇ ਨਵੀਂਆਂ ਚੁਣੌਤੀਆਂ ਨਾਲ ਦੋ-ਚਾਰ ਹੋਣ ਤੋਂ ਘਬਰਾਉਂਦੇ ਨਹੀਂ. ਉਹਨਾਂ ਦੇ ਅਚੇਤ ਮਨ ਵਿੱਚ ਵਿਚਰ ਰਹੇ ਹੌਸਲੇ ਕਰਕੇ ਡਰ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਜ਼ਿੰਦਗੀ ਵਿੱਚ ਆਈਆਂ ਅਸਫਲਤਾਵਾਂ ਤੋਂ ਵੀ ਕੁਝ ਸਿੱਖਦੇ ਹਨ ਅਤੇ ਨਵੇਂ ਦਿਸਦਿਆਂ ਵੱਲ ਵਧਣ ਦੀ ਯੋਗਤਾ ਵੀ ਰੱਖਦੇ ਹਨ। ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏ ਕਿ ਉਹਨਾਂ ਵੱਲੋਂ ਕੀਤਾ ਕੰਮ ਵਿਸ਼ੇਸ਼ ਮਹੱਤਵ ਵਾਲਾ ਹੈ ਤਾਂ ਉਹਨਾਂ ਦੇ ਦਿਲ ਵਿੱਚ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਉਹ ਵੀ ਇਸ ਦੁਨੀਆਂ ਵਿੱਚ ਕੁਝ ਨਵੇਕਲਾ ਕਰ ਸਕਦੇ ਹਨ। ਇਨਸਾਨ ਵਿੱਚ ਪੈਦਾ ਹੋਈ ਅਜਿਹੀ ਉਸਾਰੂ ਸੋਚ ਨੇ ਹੀ ਪੱਥਰ ਕਾਲ ਦੇ ਯੁਗ ਨੂੰ ਵਰਤਮਾਨ ਸਮੇਂ ਦੇ ਵਿਗਿਆਨਕ ਯੁਗ ਵਿੱਚ ਬਦਲਿਆ ਹੈ।
ਜਿਨ੍ਹਾਂ ਬਾਲ ਮਨਾਂ ਨੂੰ ਅਜਿਹੇ ਉਤਸ਼ਾਹ ਭਰੇ ਮਾਹੌਲ ਵਿੱਚ ਰਹਿਣ ਦਾ ਮੌਕਾ ਮਿਲਿਆ ਹੋਵੇ, ਉਹਨਾਂ ਦੀਆਂ ਜਾਗਦੀਆਂ ਅੱਖਾਂ ਦੇ ਸੁਪਨੇ ਪੂਰੇ ਹੀ ਨਹੀਂ ਹੁੰਦੇ, ਉਹ ਆਉਣ ਵਾਲੇ ਕੱਲ੍ਹ ਦੇ ਨੇਤਾ ਬਣ ਕੇ ਇਸ ਦੁਨੀਆਂ ਨੂੰ ਹੋਰ ਜਿਊਣ ਜੋਗੀ ਬਣਾਉਂਦੇ ਦੇ ਕਾਬਿਲ ਵੀ ਬਣਦੇ ਹਨ। ਬੱਚੇ ਦੀ ਯੋਗਤਾ ਨੂੰ ਕਿਤਾਬੀ ਪੜ੍ਹਾਈ ਦੀਆਂ ਪਰਾਪਤੀਆਂ ਤੋਂ ਹੀ ਨਹੀਂ ਪਛਾਣਿਆ ਜਾ ਸਕਦਾ, ਸਗੋਂ ਇਹ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਅੰਦਰ ਲੁਕੀਆਂ ਹੋਰ ਕੁਦਰਤੀ ਰੁਚੀਆਂ ਨੂੰ ਕਿਵੇਂ ਉਜਾਗਰ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਆਪ ’ਤੇ ਕਿੰਨਾ ਭਰੋਸਾ ਹੈ। ਜੇ ਹਰ ਬੱਚੇ ਨੂੰ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀ ਸਮਰੱਥਾ ਨੂੰ ਪ੍ਰਗਟਾਉਣ ਦਾ ਮੌਕਾ ਮਿਲੇ ਤਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਉਹ ਬੱਚਾ ਵੱਡਾ ਹੋ ਕੇ ਕਿਹੜੀਆਂ-ਕਿਹੜੀਆਂ ਮੁਸ਼ਕਿਲ ਘਾਟੀਆਂ ਸਰ ਕਰ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)