“ਤੁਸੀਂ ਵਾਰਾਨਸੀ ਵਿੱਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ...”
(6 ਜੂਨ 2024)
ਇਸ ਸਮੇਂ ਪਾਠਕ: 330.
ਵੱਲ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ - ਲਿਖਤੁਮ ਰਵਿੰਦਰ ਸਿੰਘ ਸੋਢੀ
ਆਸ਼ਾ ਹੈ ਕਿ ਜਦੋਂ ਤਕ ਇਹ ਪੱਤਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਵੇਗਾ, ਉਸ ਸਮੇਂ ਤਕ ਤੁਹਾਡੀ ਤਾਜਪੋਸ਼ੀ ਹੋ ਚੁੱਕੀ ਹੋਵੇਗੀ ਜਾਂ ਉਸ ਦੀਆਂ ਤਿਆਰੀਆਂ ਹੋ ਰਹੀਆਂ ਹੋਣਗੀਆਂ। 18 ਵੀਂ ਲੋਕ ਸਭਾ ਦੇ ਨਤੀਜਿਆਂ ਨੂੰ ਦੇਖਦੇ ਹੋਏ ਤੁਸੀਂ ਭਾਰਤ ਦੇ ਸੰਵਿਧਾਨ ਅਨੁਸਾਰ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਹੋਣ ਕਰਕੇ ਅਤੇ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਨਾਲ ਬਹੁਮਤ ਵਿੱਚ ਹੋਣ ਕਰਕੇ ਇਸਦੇ ਕਾਨੂੰਨੀ ਹੱਕਦਾਰ ਹੋ, ਪਰ ਨੈਤਿਕ ਤੌਰ ’ਤੇ ਤੁਸੀਂ ਇਹ ਹੱਕ ਗਵਾ ਚੁੱਕੇ ਹੋ? ਤੁਹਾਡੀ ਪਾਰਟੀ ਵੱਲੋਂ ਇਹ ਚੋਣਾਂ ਪਾਰਟੀ ਨੀਤੀ ਦੇ ਮੁੱਦਿਆਂ ਨੂੰ ਅਧਾਰ ਬਣਾ ਕੇ ਨਹੀਂ ਸੀ ਲੜੀਆਂ ਗਈਆਂ, ਬਲਕਿ ਨਰੇਂਦਰ ਮੋਦੀ ਨੂੰ ਤੀਜਾ ਮੌਕਾ ਦੇਣ ਦਾ ਨਾਅਰਾ ਲਾ ਕੇ ਲੜੀਆਂ ਗਈਆਂ ਸੀ। ਚੋਣ ਪਰਚਾਰ ਦੀ ਬਹੁਤੀ ਜ਼ਿੰਮੇਵਾਰੀ ਵੀ ਤੁਹਾਡੇ ਹੀ ਮੋਢਿਆਂ ’ਤੇ ਸੀ। ਤੁਹਾਡੀ ਪਾਰਟੀ ਦੇ ਹੋਰ ਵੀ ਕਈ ਕੱਦਵਾਰ ਨੇਤਾ ਹਨ, ਜੋ ਚੰਗੇ ਬੁਲਾਰੇ ਵੀ ਹਨ। ਉਹਨਾਂ ਨੂੰ ਬਹੁਤਾ ਅੱਗੇ ਨਹੀਂ ਕੀਤਾ ਗਿਆ, ਕਿਉਂ ਜੋ ਤੁਹਾਡਾ ਵਿਅਕਤੀਗਤ ਵਿਚਾਰ ਹੈ ਕਿ ਭਾਰਤ ਦੀ ਜਨਤਾ ਲਈ ਮੋਦੀ ਦਾ ਨਾਂ ਹੀ ਦੇਸ਼ ਦੀ ਤਰੱਕੀ ਦੀ ਗਰੰਟੀ ਹੈ। ਸੋ ਜੇ ਤੁਹਾਡੇ ਨਾਂ ਦਾ ਪ੍ਰਚਾਰ ਕਰਕੇ ਲੜੀਆਂ ਚੋਣਾਂ ਵਿੱਚ ਤੁਹਾਨੂੰ ਵਿਅਕਤੀਗਤ ਤੌਰ ’ਤੇ ਬਹੁਮਤ ਨਹੀਂ ਮਿਲਿਆ ਤਾਂ ਇਸਦਾ ਅਰਥ ਸਾਫ ਹੈ ਕਿ ਦੇਸ ਦੀ ਜਨਤਾ ਨੂੰ ਤੁਹਾਡੇ ਪ੍ਰਤੀ ਵਿਸ਼ਵਾਸ ਨਹੀਂ ਰਿਹਾ। ਜਦੋਂ ਤੁਸੀਂ ਆਮ ਜਨਤਾ ਦਾ ਵਿਸ਼ਵਾਸ ਗਵਾ ਚੁੱਕੇ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੇ ਹੋ? ਤੁਸੀਂ ਕਦੇ ਵੀ ਐੱਨ ਡੀ ਏ ਗਠਜੋੜ ਨੂੰ ਤੀਜਾ ਮੌਕਾ ਦੇਣ ਦੀ ਗੱਲ ਨਹੀਂ ਕੀਤੀ। ਪਿਛਲੇ ਦਸ ਸਾਲ ਦੇ ਤੁਹਾਡੇ ਕਾਰਜਕਾਲ ਦੌਰਾਨ ਬੀ ਜੇ ਪੀ ਪਾਰਟੀ ਤਾਂ ਆਪਣਾ ਅਸਤਿਤਵ ਗਵਾ ਕੇ ਮੋਦੀ ਪਾਰਟੀ ਬਣ ਕੇ ਰਹਿ ਗਈ ਸੀ। ਜਿਵੇਂ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ‘ਇੰਦਰਾ ਇਜ਼ ਇੰਡੀਆ ਅਤੇ ਇੰਡੀਆ ਇਜ਼ ਇੰਦਰਾ’ ਦਾ ਨਾਅਰਾ ਲਗਦਾ ਸੀ, ਤੁਸੀਂ ਉਸ ਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ ਆਪਣੇ ਹਰ ਭਾਸ਼ਣ ਅਤੇ ਚੋਣ ਰੈਲੀਆਂ ਵਿੱਚ ਇਹ ਕਹਿੰਦੇ ਸੀ ‘ਇਹ ਮੋਦੀ ਦਾ ਵਾਅਦਾ ਹੈ, ਮੋਦੀ ਤੁਹਾਨੂੰ ਇਹ ਯਕੀਨ ਦੁਆ ਰਿਹਾ ਹੈ ... ਵਗੈਰਾ, ਵਗੈਰਾ। ਤੁਸੀਂ ਕਦੇ ਬੀ ਜੇ ਪੀ ਪਾਰਟੀ ਦਾ ਤਾਂ ਨਾਂ ਹੀ ਨਹੀਂ ਸੀ ਲਿਆ ਅਤੇ ਨਾ ਇਹ ਕਿਹਾ ਸੀ ਕਿ ‘ਮੈਂ ਬੀ ਜੇ ਪੀ ਪਾਰਟੀ ਵੱਲੋਂ ਭਾਰਤ ਦੀ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਤੁਹਾਡੇ ਲਈ ਇਹ, ਇਹ ਕੰਮ ਕਰੇਗੀ।’ ਤੁਸੀਂ ਇਹ ਦੱਸੋ ਇਕੱਲਾ ਮੋਦੀ ਵਿਅਕਤੀਗਤ ਤੌਰ ’ਤੇ ਭਾਰਤ ਦੀ ਜਨਤਾ ਨੂੰ ਕਿਵੇਂ ਕੋਈ ਵਾਅਦਾ ਕਰ ਸਕਦਾ ਹੈ? ਜੇ ਪਾਰਟੀ ਸਮੁੱਚੇ ਤੌਰ ’ਤੇ ਕਿਸੇ ਮਾਮਲੇ ’ਤੇ ਤੁਹਾਡੀ ਸੋਚ ਨਾਲੋਂ ਵੱਖਰੀ ਸੋਚ ਰੱਖਦੀ ਹੋਵੇ, ਫਿਰ ਕੀ ਹੋਵੇਗਾ? ਲੋਕਰਾਜ ਵਿੱਚ ਵਿਅਕਤੀ ਵਿਸ਼ੇਸ਼ ਨਾਲੋਂ ਪਾਰਟੀ ਜਾਂ ਗਠਬੰਧਨ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਜਦੋਂ ਪਾਰਟੀ ਦੀ ਥਾਂ ਤੁਸੀਂ ਜਨਤਾ ਨਾਲ ਵਾਅਦੇ ਕਰਦੇ ਸੀ ਤਾਂ ਇਸਦਾ ਭਾਵ ਹੈ ਕਿ ਤੁਸੀਂ ਉਸ ਪਾਰਟੀ ਦੇ ਨੇਤਾ ਨਹੀਂ, ਸਗੋਂ ਮਾਲਕ ਹੋ ਗਏ। ਇਸਦੀ ਸਭ ਤੋਂ ਵੱਡੀ ਉਦਾਹਰਣ ਹੈ ਜਦੋਂ ਤੁਸੀਂ ਆਪਣੇ-ਆਪ ਹੀ ਨੋਟਬੰਦੀ ਦਾ ਫਰਮਾਨ ਜਾਰੀ ਦਿੱਤਾ ਸੀ। ਖੈਰ ਨੋਟਬੰਦੀ ਦੇ ਮਾਮਲੇ ’ਤੇ ਤਾਂ ਬਹੁਤ ਚਰਚਾ ਹੋ ਚੁੱਕੀ ਹੈ। ਹਾਂ, ਤੁਹਾਨੂੰ ਯਾਦ ਹੀ ਹੋਵੇਗਾ ਜਦੋਂ ਤੁਸੀਂ ਇੱਕ ਵਾਰ ਵਿਦੇਸ਼ੀ ਦੌਰੇ ਤੋਂ ਵਾਪਸ ਆ ਰਹੇ ਸੀ ਤਾਂ ਤੁਹਾਡਾ ਜਹਾਜ਼ ਪਾਕਿਸਤਾਨ ਦੇ ਇਲਾਕੇ ਵਿੱਚ ਉਡ ਰਿਹਾ ਸੀ। ਤੁਸੀਂ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਨਾਬ ਨਿਵਾਜ਼ ਸ਼ਰੀਫ ਨਾਲ ਗੁਫਤਗੂ ਕਰਨ ਲਈ ਫੋਨ ਮਿਲਾ ਲਿਆ। ਉਸ ਸਮੇਂ ਉਹਨਾਂ ਦੀ ਦੋਹਤੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ। ਉਹ ਨੇ ਤੁਹਾਨੂੰ ਕਹਿ ਦਿੱਤਾ ‘ਆ ਜਾਉ।’ ਤੁਸੀਂ ਜਹਾਜ਼ ਦੇ ਪਾਇਲਟ ਨੂੰ ਜਹਾਜ਼ ਰੋਕਣ ਦਾ ਹੁਕਮ ਸੁਣਾ ਦਿੱਤਾ। ਇਹ ਦੱਸੋ ਕੀ ਜਨਾਬ ਨਿਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਪਹਿਲਾਂ ਵਿਆਹ ਦਾ ਨਿਉਤਾ ਭੇਜਿਆ ਸੀ? ਕੀ ਕਿਸੇ ਮੁਲਕ ਦੇ ਵਜ਼ੀਰੇ ਆਜ਼ਮ ਇਸ ਤਰ੍ਹਾਂ ਦੇ ਮੂੰਹ ਜ਼ਬਾਨੀ ਕਹਿਣ ਨਾਲ ਚਲੇ ਜਾਂਦੇ ਹਨ? ਦੇਸ਼ ਦੇ ਮੁਖੀ ਦੇ ਵਿਦੇਸ਼ੀ ਦੌਰਿਆਂ ਤੋਂ ਪਹਿਲਾਂ ਪਰਦੇ ਦੇ ਪਿੱਛੇ ਸਹਿਯੋਗੀਆਂ ਦੀਆਂ ਮੀਟਿੰਗਾਂ ਦੇ ਕਈ ਦੌਰ ਚਲਦੇ ਹਨ, ਏਜੰਡਾ ਤਿਆਰ ਹੁੰਦਾ ਹੈ।
ਹੁਣ ਵੀ ਨਤੀਜੇ ਆਉਣ ਤੋਂ ਬਾਅਦ ਤੁਸੀਂ ਕਿਹਾ ਹੈ ਕਿ ਲੋਕਾਂ ਨੇ ਤੁਹਾਨੂੰ ਤੀਜੀ ਵਾਰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਮੌਕਾ ਤਾਂ ਦਿੱਤਾ ਹੁੰਦਾ ਜੇ ਤੁਹਾਡੇ ਕੋਲ ਆਪਣੇ ਤੌਰ ’ਤੇ ਬਹੁਮਤ ਹੁੰਦਾ? ਭਾਵੇਂ ਤੁਹਾਡਾ ਨਾਅਰਾ ਸੀ ‘ਅਬ ਕੀ ਵਾਰ ਚਾਰ ਸੌ ਪਾਰ।’ ਜਨਾਬ, ਚਾਰ ਸੌ ਤਾਂ ਦੂਰ ਦੀ ਗੱਲ ਹੈ, ਤੁਸੀਂ 240 ’ਤੇ ਹੀ ਅਟਕ ਗਏ, ਜੋ ਪਿਛਲੀ ਵਾਰ ਨਾਲੋਂ ਤਕਰੀਬਨ 65 ਸੀਟਾਂ ਘੱਟ ਹਨ। ਇਹ ਲੋਕਾਂ ਨੇ ਤੁਹਾਡੇ ਵਿੱਚ ਭਰੋਸੇ ਘਟਾਇਆ ਹੈ ਜਾਂ ਵਧਾਇਆ ਹੈ? ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਕਿਸੇ ਦੀ ਡੁੱਲ੍ਹ ਗਈ ਦਾਲ, ਉਹ ਕਹਿੰਦਾ ਅਸੀਂ ਤਾਂ ਇਸੇ ਤਰ੍ਹਾਂ ਹੀ ਖਾਂਦੇ ਹੁੰਦੇ ਹਾਂ।’ ਸੋ ਪਿਛਲੀਆਂ ਚੋਣਾਂ ਦੀਆਂ ਸੀਟਾਂ ਨਾਲੋਂ ਘੱਟ ਮਿਲੀਆਂ ਸੀਟਾਂ ਨੂੰ ਤੁਸੀਂ ਜਨਤਾ ਦਾ ਹਾਂ-ਪੱਖੀ ਹੁੰਗਾਰਾ ਮੰਨਦੇ ਹੋ, ਇਹ ਸੋਚ ਤੁਹਾਨੂੰ ਮੁਬਾਰਕ! ਜੇ ਤੁਹਾਨੂੰ ਸਧਾਰਨ ਬਹੁਮਤ ਵੀ ਮਿਲ ਜਾਂਦਾ ਤਾਂ ਵੀ ਮੰਨਿਆ ਜਾ ਸਕਦਾ ਸੀ।
ਹਾਂ ਸੱਚ ਯਾਦ ਆਇਆ, ਤੁਸੀਂ ਤਾਂ ਇੱਕ ਵਾਰ ਕਿਹਾ ਸੀ, “ਮੇਰਾ ਕਿਆ ਹੈ, ਮੈਂ ਤੋਂ ਫਕੀਰ ਹੂੰ। ਜਬ ਕਹੋਗੇ, ਝੋਲਾ ਉਠਾ ਕੇ ਚਲਾ ਜਾਊਂਗਾ।” ਇਸ ਵਾਰ ਤਾਂ ਜਨਤਾ-ਜਨਾਰਦਨ ਨੇ ਤੁਹਾਨੂੰ ਝੋਲਾ ਚੁੱਕ ਕੇ ਜਾਣ ਲਈ ਕਹਿਣ ਤੋਂ ਕਸਰ ਕੋਈ ਨਹੀਂ ਛੱਡੀ। ਕੀ ਗੱਲ, ਦਸ ਸਾਲ ਵਿੱਚ ਫਕੀਰੀ ਦੇ ਝੋਲੇ ਦਾ ਭਾਰ ਐਨਾ ਵਧ ਗਿਆ ਹੈ ਕਿ ਹੁਣ ਝੋਲਾ ਚੁੱਕਣ ਵਿੱਚ ਦਿੱਕਤ ਆ ਰਹੀ ਹੈ ਜਾਂ ਝੋਲੇ ਦੇ ਨਸ਼ੇ ਨੇ ਸਰੂਰ ਜ਼ਿਆਦਾ ਹੀ ਕਰ ਦਿੱਤਾ ਹੈ?
ਤੁਸੀਂ ਲੋਕ ਰਾਜ਼ੀ ਕਦਰਾਂ ਕੀਮਤਾਂ ਦਾ ਨਿਰਾਦਰ ਕਰਨ ਤੋਂ ਵੀ ਪਿੱਛੇ ਨਹੀਂ ਹਟੇ। ਦੇਸ ਦੇ ਸੰਵਿਧਾਨ ਅਨੁਸਾਰ ਕੇਂਦਰੀ ਸਰਕਾਰ ਰਾਸ਼ਟਰਪਤੀ ਦੇ ਨਾਂ ’ਤੇ ਚਲਦੀ ਹੈ। ਜਦੋਂ ਦੇਸ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਸੀ, ਇਸ ਕੰਮ ਲਈ ਰਾਸ਼ਟਰਪਤੀ ਨੂੰ ਅੱਗੇ ਹੋਣਾ ਚਾਹੀਦਾ ਸੀ ਪਰ ਉਹਨਾਂ ਨੂੰ ਤਾਂ ਉਸ ਸਮਾਗਮ ਲਈ ਰਸਮੀ ਤੌਰ ’ਤੇ ਸੱਦਾ ਵੀ ਨਹੀਂ ਸੀ ਭੇਜਿਆ ਗਿਆ। ਕਿਉਂ? ਤੁਸੀਂ ਗੱਲ-ਗੱਲ ਤੇ ਹਿੰਦੂ ਧਰਮ ਦੀ ਦੁਹਾਈ ਦਿੰਦੇ ਹੋ, ਜਦੋਂ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿੰਦੂ ਧਰਮ ਦੇ ਮੱਠਾਂ ਦੇ ਸਤਿਕਾਰਤ ਸ਼ੰਕਰਾਚਾਰੀਆ ਵੱਲੋਂ ਅਧੂਰੇ ਰਾਮ ਮੰਦਰ ਦੇ ਉਦਘਾਟਨ ਤੋਂ ਤੁਹਾਨੂੰ ਰੋਕਿਆ ਗਿਆ ਸੀ, ਤੁਸੀਂ ਉਹਨਾਂ ਦੀ ਵੀ ਨਹੀਂ ਮੰਨੀ। ਇਹ ਦੱਸੋ, ਹਿੰਦੂ ਧਰਮ ਨੂੰ ਖਤਰਾ ਕਿਸ ਤੋਂ ਮੰਨਿਆ ਜਾਵੇ, ਗੈਰ-ਹਿੰਦੂਆਂ ਤੋਂ ਜਾਂ ਉਹਨਾਂ ਤੋਂ ਜੋ ਆਪਣੇ ਹੀ ਧਰਮ ਦੇ ਧਰਮ ਆਗੂਆਂ ਦੀ ਗੱਲ ਨਹੀਂ ਮੰਨਦੇ? ਅਸਲ ਵਿੱਚ ਤੁਸੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕਰਕੇ ਰਾਜਸੀ ਫਾਇਦਾ ਲੈਣਾ ਚਾਹੁੰਦੇ ਸੀ।
ਤੁਹਾਡੇ ਬਾਰੇ ਆਮ ਕਿਹਾ ਜਾਂਦਾ ਹੈ ਕਿ ਤੁਸੀਂ ਬਹੁਤੇ ਫੈਸਲੇ ਆਪਣੀ ਮਰਜ਼ੀ ਨਾਲ ਹੀ ਕਰਦੇ ਹੋਏ ਕਿਸੇ ਵੱਲੋਂ ਕੀਤੀ ਆਲੋਚਨਾ ਨਹੀਂ ਸਹਾਰਦੇ। 2014 ਵਿੱਚ ਜਦੋਂ ਤੁਸੀਂ ਪਹਿਲੀ ਵਾਰ ਦੇਸ ਦੀ ਵਾਗਡੋਰ ਸੰਭਾਲੀ ਸੀ ਤਾਂ ਤੁਸੀਂ ਪਹਿਲਾਂ ਹੀ ਆਰ ਐੱਸ ਐੱਸ ਤੋਂ ਇਸ ਗੱਲ ਦੀ ਇਜਾਜ਼ਤ ਲੈ ਲਈ ਸੀ ਕਿ ਤੁਸੀਂ ਆਪਣੀ ਪਾਰਟੀ ਦੇ ਉਸ ਸਮੇਂ ਦੇ ਕੁਝ ਕੱਦਵਾਰ ਨੇਤਾਵਾਂ (ਲਾਲ ਕਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸਵੰਤ ਸਿਨਹਾ ਨੂੰ ਵਜ਼ਾਰਤ ਵਿੱਚ ਨਹੀਂ ਲਓ ਗੇ)। ਜਦੋਂ ਕਿ ਗੋਧਰਾ ਕਾਂਡ ਵੇਲੇ ਤਤਕਾਲੀਨ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਤੁਹਾਡੇ ਨਾਲ ਨਾਰਾਜ਼ ਸੀ, ਪਰ ਅਡਵਾਨੀ ਸਾਹਿਬ ਦੀ ਬਦੌਲਤ ਹੀ ਤੁਹਾਡੀ ਕੁਰਸੀ ਬਚੀ ਸੀ। ਪਿਛਲੇ ਪੰਜ ਸਾਲ ਤਾਂ ਸਰਕਾਰ ਸਿਰਫ ਦੋ ਬੰਦਿਆਂ ਦੀ ਮਰਜ਼ੀ ਨਾਲ ਹੀ ਚਲਦੀ ਰਹੀ ਹੈ। ਹੁਣ ਬਦਲਦੇ ਹਾਲਾਤ ਵਿੱਚ ਤੁਹਾਡਾ ਕੰਮ ਕਿਵੇਂ ਚੱਲੇਗਾ, ਕਿਉਂ ਜੋ ਹੁਣ ਤੁਹਾਨੂੰ ਸਰਕਾਰ ਚਲਾਉਣ ਲਈ ਚੰਦਰ ਬਾਬੂ ਨਾਇਡੂ ਅਤੇ ਨਿਤਿਸ਼ ਕੁਮਾਰ ਵਰਗੇ ਦੋ ਘਾਗ ਸਿਆਸਤਦਾਨਾਂ ਦੀਆਂ ਵਿਸਾਖੀਆਂ ਦੀ ਜ਼ਰੂਰਤ ਪਵੇਗੀ। ‘ਮੋਦੀ ਦੇ ਵਾਅਦੇ’ ਦੀ ਜਗਾ ‘ਐੱਨ ਡੀ ਏ ਗੱਠਜੋੜ’ ਦਾ ਵਾਅਦਾ ਕਹਿਣਾ ਪਵੇਗਾ, ਉਹਨਾਂ ਦੀ ਇੱਛਾ ਅਨੁਸਾਰ ਕੁਝ ਖਾਸ ਮਹਿਕਮੇ ਉਹਨਾਂ ਦੇ ਚਹੇਤਿਆਂ ਨੂੰ ਦੇਣੇ ਪੈਣਗੇ। ਉਹ ਦੋਵੇਂ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਮਾਂ ਮਿਲਦੇ ਹੀ ਤੁਸੀਂ ਆਪਣੇ ਪੱਕੇ ਆੜੀ ਨਾਲ ਮਿਲ ਕੇ ਜੋੜ-ਤੋੜ ਦੀ ਤਿਕੜਮਬਾਜ਼ੀ ਲੜਾ ਕੇ ਆਪਣੇ ਤੌਰ ’ਤੇ ਬਹੁਮਤ ਬਣਾਉਣ ਦਾ ਜੁਗਾੜ ਕਰ ਹੀ ਲਉਗੇ, ਤਾਂ ਜੋ ਉਹਨਾਂ ਦੋਹਾਂ ਦੀ ਈਨ ਮੰਨਣ ਤੋਂ ਛੁਟਕਾਰਾ ਮਿਲ ਜਾਵੇ। ਇਸ ਲਈ ਉਹ ਸਪੀਕਰ ਦੇ ਅਹੁਦੇ ਲਈ ਵੀ ਕਹਿਣਗੇ। ਹੋ ਸਕਦਾ ਹੈ ਜਿਸ ਚੰਦਰ ਬਾਬੂ ਨਾਇਡੂ ਦੇ ਘਰ ਤਕ ਤੁਸੀਂ ਈ ਡੀ ਵਗੈਰਾ ਭੇਜ ਦਿੱਤੀ ਸੀ, ਉਹ ਵੀ ਰੰਜਿਸ਼ ਕੱਢ ਲਵੇ। ਬਾਕੀ ਜਨਾਬ ਨਿਤਿਸ਼ ਕੁਮਾਰ ਜੀ ਸੰਬੰਧੀ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੀ ਹਨ। ਇਹ ਉਹੀ ਨਿਤਿਸ਼ ਜੀ ਹਨ, ਜਿਨ੍ਹਾਂ ਨੇ ਤੁਹਾਡੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਪਣੇ ਇੱਕ ਖਾਸ ਬੰਦੇ ਮਾਂਝੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਸੋ ਇਸ ਵਾਰ ‘ਸੇਰ ਨੂੰ ਸਵਾ ਸੇਰ ਟੱਕਰੇ’ ਹਨ ਜਾਂ ਪੰਜਾਬੀ ਦੀ ਕਹਾਵਤ ‘ਸੱਪ ਨੂੰ ਸੱਪ ਲੜੇ, ਜ਼ਹਿਰ ਕਿਸ ਨੂੰ ਚੜ੍ਹੇ’ ਅਨੁਸਾਰ ਅਗਲੇ ਹਾਲਾਤ ਦੇਖਣ ਵਾਲੇ ਹੋਣਗੇ!
ਸੋ ਮੋਦੀ ਸਾਹਿਬ, ਇਹ ਤੀਜੀ ਵਾਰ ਤੁਸੀਂ ਜੋ ਮਰਿਆ ਹੋਇਆ ਸੱਪ ਆਪਣੇ ਗੱਲ ਵਿੱਚ ਪਾਇਆ ਹੈ, ਉਸ ਨੇ ਤੁਹਾਡਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾ ਦੇਣੀ ਹੈ। ਤੁਹਾਡੀ ਹਾਲਤ ਉਸ ਕਹਾਵਤ ਵਰਗੀ ਕਰ ਦੇਣੀ ਹੈ ਕਿ ਮੈਂ ਤਾਂ ਕੰਬਲ਼ ਨੂੰ ਛੱਡ ਰਿਹਾ ਹਾਂ, ਪਰ ਕੰਬਲ਼ ਮੈਨੂੰ ਨਹੀਂ ਛੱਡ ਰਿਹਾ। ਚੰਗਾ ਹੁੰਦਾ ਜੇ ‘ਜਿੰਨਾ ਨ੍ਹਾਤੀ ਉੰਨਾ ਪੁੰਨ’ ਵਾਂਗ ਆਪਣਾ ਝੋਲਾ ਚੁੱਕ ਕੇ ਚਲੇ ਜਾਂਦੇ। ਪਰ ਹਾਏ ਇਹ ਕੁਰਸੀ ਦਾ ਮੋਹ, ਹਕੂਮਤ ਦਾ ਮੋਹ, ਮੈਂ-ਮੈਂ ਦੀ ਰਟ ਲਾਉਣ ਦਾ ਮੋਹ, ਆਪਣੇ ਆਪ ਨੂੰ ਹਰਫਨ ਮੌਲਾ ਸਮਝਣ ਦਾ ਮੋਹ, ਦਿਲ ਕੀ ਬਾਤ ਕਰਨ ਦਾ ਮੋਹ, ਦਿਖਾਵੇ ਦਾ ਮੋਹ ਅਤੇ ਹੋਰ ਪਤਾ ਨਹੀਂ ਕਿਹੜਾ-ਕਿਹੜਾ ਮੋਹ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ। ਤੁਹਾਡੇ ਭਗਤ ਤਾਂ ਤੁਹਾਨੂੰ ਪਤਾ ਨਹੀਂ ਕਿਸ ਕਿਸ ਦਾ ਅਵਤਾਰ ਕਹਿਣ ਤੋਂ ਪਿੱਛੇ ਨਹੀਂ ਹਟ ਰਹੇ, ਜਿਵੇਂ ਇੰਦਰਾ ਗਾਂਧੀ ਦੇ ਖਾਸਮ-ਖਾਸ ਉਸ ਨੂੰ ਚੰਡੀ ਦੇਵੀ ਦਾ ਅਵਤਾਰ ਕਹਿੰਦੇ ਸੀ। ਤੁਸੀਂ ਸੋਚਦੇ ਸੀ ਕਿ ਰਾਮ ਮੰਦਰ ਦਾ ਨਿਰਮਾਣ ਕਰਕੇ ਤੁਸੀਂ ਬਹੁਤੀਆਂ ਹਿੰਦੂ ਵੋਟਾਂ ਬਟੋਰ ਲਉਗੇ ਪਰ ‘ਰਾਮ ਜੀ’ ਨੇ ਐਸਾ ਤੀਰ ਛੱਡਿਆ ਕਿ ਅਯੁਧਿਆ ਦੀ ਪਵਿੱਤਰ ਧਰਤੀ ’ਤੇ ਹੀ ਤੁਹਾਡੀ ਪਾਰਟੀ ਦਾ ਉਮੀਦਵਾਰ ਪਾਣੀ ਨਹੀਂ ਮੰਗ ਸਕਿਆ। ਤੁਸੀਂ ਵਾਰਾਨਸੀ ਵਿੱਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ਕਿੰਨੀਆਂ ਜ਼ਿਆਦਾ ਵੋਟਾਂ ਨਾਲ ਜਿੱਤੇ ਹਨ, ਇਸਦਾ ਮਤਲਬ ਹੈ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਹਰਮਨ ਪਿਆਰੇ ਹਨ! ਫਿਰ ਉਹਨਾਂ ਨੂੰ ਪ੍ਰਧਾਨ ਨਹੀਂ ਮੰਤਰੀ ਬਣਨਾ ਚਾਹੀਦਾ ਹੈ?
ਖੈਰ ਗੱਲਾਂ ਤਾਂ ਹੋਰ ਵੀ ਹਨ, ਪਰ ਉਹ ਫਿਰ ਕਦੀ ...। ਥੋੜ੍ਹੇ ਨੂੰ ਹੀ ਬਹੁਤਾ ਕਰ ਕੇ ਜਾਣਨਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5031)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)