“ਆਉਂਦੇ ਹੀ ਪੁੱਛਣ ਲੱਗੇ, ”ਨਾਟਕ ਪੜ੍ਹ ਲਿਆ?” ਮੈਂ ਨਾਂਹ ਵਿੱਚ ਗਰਦਨ ਹਿਲਾ ਦਿੱਤੀ ...”
(2 ਜੁਲਾਈ 2021)
ਰਾਜ ਬੱਬਰ ਨੇ ਇਹ ਨਾਟਕ ਲਾਈਟ ਗੈਲਰੀ ਵਿੱਚ ਬੈਠ ਕੇ ਦੇਖਿਆ
ਕੈਨੇਡਾ ਵਿੱਚ ਵੀ ਖੇਡਿਆ ਗਿਆ ਇਹ ਨਾਟਕ ‘ਢਲਦੇ ਪਰਛਾਵੇਂ’ ਦੇ ਨਾਂ ਹੇਠ
ਪ੍ਰਸਿੱਧ ਰੰਗ ਕਰਮੀ ਅਤੇ ਮੇਰੇ ਮਿੱਤਰ ਜਗਜੀਤ ਸਰੀਨ ਆਪਣੇ ਪਟਿਆਲ਼ੇ ਵਾਲੇ ਘਰ - ਗੁਰਬਖਸ਼ ਕਾਲੋਨੀ (ਹੁਣ ਉਹ ਚੰਡੀਗੜ੍ਹ ਚਲੇ ਗਏ ਹਨ) ਤੋਂ ਗੁਰਮੁਖ ਸਿੰਘ ਲਾਇਬ੍ਰੇਰੀ ਤਕ ਜਾਂਦੇ ਹੋਏ ਭਾਵੇਂ ਲਾਇਬ੍ਰੇਰੀ ਦਾ ਰਸਤਾ ਭੁੱਲ ਜਾਣ ਪਰ ਲਾਇਬ੍ਰੇਰੀ ਦੇ ਅੰਦਰ ਜਾਂਦੇ ਹੀ ਉਹਨਾਂ ਦੀਆਂ ਅੱਖਾਂ ’ਤੇ ਪੱਟੀ ਵੀ ਬੰਨ੍ਹ ਦਿਉ, ਉਹ ਸਿੱਧੇ ਹਿੰਦੀ ਅਤੇ ਪੰਜਾਬੀ ਵਾਲੇ ਨਾਟਕਾਂ ਦੀਆਂ ਅਲਮਾਰੀਆਂ ਕੋਲ ਜਾ ਪਹੁੰਚਣਗੇ ਅਤੇ ਉਹਨਾਂ ਦਾ ਹੱਥ ਵੀ ਉਸ ਨਾਟਕ ’ਤੇ ਪਵੇਗਾ ਜੋ ਰੰਗ ਮੰਚ ’ਤੇ ਪੇਸ਼ ਕਰਨਯੋਗ ਹੋਵੇ। ਸਰੀਨ ਸਾਹਿਬ ਦੀ ਇਸੇ ਖ਼ੂਬੀ ਕਾਰਨ ਪਹਿਲਾਂ ਪੰਜਾਬ ਨਾਟਸ਼ਾਲਾ ਅਤੇ ਬਾਅਦ ਵਿੱਚ ਰੰਗ ਦਰਪਣ, ਪਟਿਆਲ਼ਾ ਦੇ ਕਲਾਕਾਰ ਕਦੇ ਵਿਹਲੇ ਨਹੀਂ ਸਨ ਬੈਠਦੇ। ਇੱਕ ਤੋਂ ਬਾਅਦ ਦੂਜੇ ਨਾਟਕ ਦੀ ਤਿਆਰੀ ਸ਼ੁਰੂ ਹੋ ਜਾਂਦੀ।
ਸੰਨ 1980 ਦੀ ਗੱਲ ਹੈ, ਮਹੀਨਾ ਯਾਦ ਨਹੀਂ। ਪਰ ਪੱਖੇ ਥੋੜ੍ਹੇ-ਥੋੜ੍ਹੇ ਚੱਲਣ ਲੱਗ ਪਏ ਸੀ। ਸ਼ਾਮ ਦੇ ਸਮੇਂ ਮੈਂ ਘਰ ਬੈਠਾ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ। ਅਚਾਨਕ ਪ੍ਰਸਿੱਧ ਰੰਗ ਕਰਮੀ ਅਤੇ ਮਿੱਤਰ ਜਗਜੀਤ ਸਰੀਨ ਤਸ਼ਰੀਫ਼ ਲੈ ਆਏ। ਮੈਂ ਚਾਹ ਲਈ ਪੁੱਛਿਆ ਪਰ ਉਹਨਾਂ ਨੇ ਨਾਂਹ ਕਰ ਦਿੱਤੀ ਅਤੇ ਮੇਰੇ ਵੱਲ ਇੱਕ ਕਿਤਾਬ ਵਧਾ ਕੇ ਕਹਿਣ ਲੱਗੇ, “ਇਕ ਬਹੁਤ ਵਧੀਆ ਨਾਟਕ ਮਿਲਿਆ ਹੈ, ਆਪਾਂ ਦੋਵੇਂ ਰਲ ਕੇ ਇਸਦਾ ਪੰਜਾਬੀ ਅਨੁਵਾਦ ਕਰਾਂਗੇ। ਤੁਸੀਂ ਪੜ੍ਹ ਲਉ।” ਇਹ ਕਹਿ ਕੇ ਉਹ ਜਾਣ ਲਈ ਉੱਠ ਖੜ੍ਹੇ। ਪਰ ਜਾਂਦੇ-ਜਾਂਦੇ ਹੁਕਮ ਦੇ ਗਏ ਕਿ ਅੱਜ ਰਾਤ ਨੂੰ ਪੜ੍ਹ ਲੈਣਾ, ਉਹ ਸਵੇਰੇ ਆਉਣਗੇ। ਇੰਨਾ ਕਹਿੰਦੇ ਹੋਏ ਜਿਸ ਰਫ਼ਤਾਰ ਨਾਲ ਆਏ ਸੀ, ਉਸੇ ਨਾਲ ਵਾਪਸ ਚਲੇ ਗਏ। ਮੇਰੀ ਹਾਂ ਜਾਂ ਨਾਂਹ ਵੀ ਨਾ ਸੁਣੀ। ਇਹੋ ਜਿਹੀ ਜ਼ੋਰ-ਜਬਰਦਸਤੀ ਤਾਂ ਕੋਈ ਆਪਣਾ ਹੀ ਕਰ ਸਕਦਾ ਹੈ?
ਮੈਂ ਰਾਤ ਦਾ ਖਾਣਾ ਖਾ ਕੇ ਬੈਠਕ ਵਿੱਚ ਹੀ ਸੋਫ਼ੇ ’ਤੇ ਬੈਠ ਕੇ ਨਾਟਕ ਪੜ੍ਹਨ ਲੱਗਿਆ। ਅਜੇ ਪੰਦਰਾਂ-ਵੀਹ ਪੰਨੇ ਹੀ ਪੜ੍ਹੇ ਸੀ ਕਿ ਨਾਟਕ ਦੇ ਮੁੱਢ ਨੇ ਹੀ ਮੈਂਨੂੰ ਇੰਨਾ ਕੀਲ ਲਿਆ ਕਿ ਮੈਂ ਕਾਗ਼ਜ਼ ਅਤੇ ਪੈਨ ਚੁੱਕ ਕੇ ਅਨੁਵਾਦ ਦਾ ਕੰਮ ਸ਼ੁਰੂ ਕਰਨ ਲਈ ਮਜਬੂਰ ਹੋ ਗਿਆ। ਪੈੱਨ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਸੀ। ਅਨੁਵਾਦ ਕਰਦੇ ਹੋਏ ਮੈਂਨੂੰ ਕੋਈ ਦਿੱਕਤ ਨਹੀਂ ਸੀ ਆ ਰਹੀ। ਜਦੋਂ ਨੀਂਦ ਰਾਣੀ ਜ਼ਿਆਦਾ ਹੀ ਖਹਿੜੇ ਪੈ ਗਈ, ਮੈਂ ਸੋਫ਼ੇ ’ਤੇ ਹੀ ਪੈ ਗਿਆ। ਸਵੇਰੇ ਕੁਝ ਦੇਰ ਨਾਲ ਹੀ ਜਾਗਿਆ। ਮੈਂ ਕਿਤਾਬ ’ਤੇ ਨਜ਼ਰ ਮਾਰੀ ਤਾਂ ਪੈਂਤੀ ਕੁ ਪੰਨਿਆਂ ਦਾ ਅਨੁਵਾਦ ਹੋ ਚੁੱਕਿਆ ਸੀ। ਚਾਹ ਪੀ ਕੇ ਮੈਂ ਕਿਤਾਬ ਅਤੇ ਲਿਖੇ ਹੋਏ ਪੰਨੇ ਮੇਜ਼ ਦੇ ਹੇਠਲੇ ਹਿੱਸੇ ’ਤੇ ਰੱਖ ਦਿੱਤੇ। ਯੂਨੀਵਰਸਿਟੀ ਜਾਣਾ ਨਹੀਂ ਸੀ, ਇਸ ਲਈ ਕਿਸੇ ਕਿਸਮ ਦੀ ਕਾਹਲੀ ਨਹੀਂ ਸੀ। ਗਿਆਰਾਂ ਕੁ ਵਜੇ ਸਰੀਨ ਸਾਹਿਬ ਪਹੁੰਚ ਗਏ ਅਤੇ ਆਉਂਦੇ ਹੀ ਪੁੱਛਣ ਲੱਗੇ, ”ਨਾਟਕ ਪੜ੍ਹ ਲਿਆ?”
ਮੈਂ ਨਾਂਹ ਵਿੱਚ ਗਰਦਨ ਹਿਲਾ ਦਿੱਤੀ।
ਆਪਣੇ ਸੁਭਾ ਦੇ ਉਲਟ ਉੁਹਨਾਂ ਨੂੰ ਗ਼ੁੱਸਾ ਆ ਗਿਆ ਅਤੇ ਕਹਿਣ ਲੱਗੇ, ”ਸੋਢੀ ਸਾਹਿਬ, ਜਦੋਂ ਤੋਂ ਮਸਕਟ ਦਾ ਚੱਕਰ ਲਾ ਕੇ ਆਏ ਹੋ, ਕੁਝ ਸੁਸਤ ਹੋ ਗਏ ਹੋ। ਖ਼ੈਰ, ਮੈਂ ਆਪ ਹੀ ਇਹ ਕੰਮ ਕਰ ਲਵਾਂਗਾ।”
ਮੈਂ ਮੇਜ਼ ਦੇ ਹੇਠਾਂ ਰੱਖੇ ਪੰਨੇ ਚੁੱਕ ਕੇ ਸਰੀਨ ਸਾਹਿਬ ਨੂੰ ਫੜਾਉਂਦੇ ਹੋਏ ਕਿਹਾ, ”ਨਾਟਕ ਤਾਂ ਪੂਰਾ ਪੜ੍ਹਿਆ ਨਹੀਂ ਗਿਆ ਪਰ ਪੈਂਤੀ ਕੁ ਪੰਨੇ ਅਨੁਵਾਦ ਹੋ ਗਏ ਹਨ।”
ਸਰੀਨ ਸਾਹਿਬ ਨੇ ਪਹਿਲਾਂ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ਫੇਰ ਅਨੁਵਾਦ ਕੀਤੇ ਪੰਨਿਆਂ ਵੱਲ ਦੇਖਦੇ ਹੋਏ ਕਿਹਾ, “ਹੈਂ! ਇਹ ਤਾਂ ਕਮਾਲ ਕਰ ਦਿੱਤੀ।”
ਮੈਂ ਉਹਨਾਂ ਨੂੰ ਦੱਸਿਆ ਕਿ ਨਾਟਕ ਦੇ ਮੁੱਢ ਨੇ ਹੀ ਅਜਿਹਾ ਟੁੰਬਿਆ ਕਿ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਲਿਖਣ ਲੱਗ ਪਿਆ। ਸਾਫ਼ ਗੱਲ ਇਹ ਹੈ ਕਿ ਮੈਂਨੂੰ ਅਨੁਵਾਦ ਕਰਨ ਵੇਲੇ ਅੰਦਰੂਨੀ ਲੁਤਫ਼ ਆ ਰਿਹਾ ਸੀ।”
ਸਰੀਨ ਸਾਹਿਬ ਨੇ ਮੇਰੀ ਪਿੱਠ ਤੇ ਜ਼ੋਰ ਦੀ ਥਾਪੀ ਦਿੰਦੇ ਹੋਏ ਕਿਹਾ, “ਹੁਣ ਅਗਲੀ ਗੱਲ ਸੁਣੋ। ਸਾਰਾ ਅਨੁਵਾਦ ਤੁਸੀਂ ਹੀ ਕਰਨਾ ਹੈ, ਮੈਂ ਕੁਝ ਨਹੀਂ ਕਰਨਾ।” ਇਹ ਕਹਿ ਕੇ ਸਰੀਨ ਸਾਹਿਬ ਚਲੇ ਗਏ।
ਖ਼ੈਰ, ਮੈਂ ਵੀ ਸੋਚਿਆ ਕਿ ਇਹ ਅਨੁਵਾਦ ਦਾ ਕੰਮ ਜਿੰਨੀ ਜਲਦੀ ਹੋ ਜਾਵੇ ਚੰਗਾ ਹੈ। ਮੈਂ ਘਰੋਂ ਬਾਹਰ ਜਾਣ ਦੇ ਸਾਰੇ ਪ੍ਰੋਗਰਾਮ ਰੱਦ ਕਰਕੇ ਲਿਖਣ ਬੈਠ ਗਿਆ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਾਟਕ ਦੇ ਅਨੁਵਾਦ ਦਾ ਕੰਮ ਪੂਰਾ ਕਰ ਲਿਆ।
ਇਹ ਨਾਟਕ ਸੀ ਪ੍ਰਸਿੱਧ ਮਰਾਠੀ ਨਾਟਕਕਾਰ ਸ਼੍ਰੀ ਜੈਵੰਤ ਦਲਵੀ ਦਾ ਬਹੁਤ ਹੀ ਚਰਚਿਤ ਨਾਟਕ ‘ਸੰਧਿਆ ਛਾਇਆ’। ਉਸ ਨਾਟਕ ਦਾ ਹਿੰਦੀ ਅਨੁਵਾਦ ਸਾਡੇ ਕੋਲ ਸੀ। ਮਰਹੂਮ ਦਲਵੀ ਸਾਹਿਬ ਨੇ ਆਪਣੇ ਇਸ ਨਾਟਕ ਦੀ ਕਹਾਣੀ ਇੱਕ ਬਹੁਤ ਹੀ ਅਹਿਮ ਮੁੱਦੇ ਦੇ ਇਰਦ-ਗਿਰਦ ਉਸਾਰੀ। ਬੁੱਢੇ ਮਾਂ-ਪਿਉ ਇਕੱਲ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਹਨਾਂ ਦਾ ਵੱਡਾ ਮੁੰਡਾ ਪੜ੍ਹਾਈ ਖਤਮ ਕਰਨ ਤੋਂ ਬਾਅਦ ਚੰਗੇ ਭਵਿੱਖ ਦੀ ਆਸ ਵਿੱਚ ਅਮਰੀਕਾ ਉਡਾਰੀ ਮਾਰ ਗਿਆ ਅਤੇ ਛੋਟਾ ਏਅਰ ਫੋਰਸ ਵਿੱਚ ਚਲਾ ਗਿਆ। ਦੋਹਾਂ ਨੂੰ ਬੱਚਿਆਂ ਤੋਂ ਸੱਖਣਾ ਘਰ ਖਾਣ ਨੂੰ ਪੈਂਦਾ ਹੈ। ਘਰ ਦੇ ਨਿਗੂਣੇ ਕੰਮ ਕਰਨ ਪਿੱਛੇ ਉਹ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਹਨ, ਮਸਲਨ ਮਹੀਨਾ ਖਤਮ ਹੋਣ ’ਤੇ ਕਲੈਂਡਰ ਦਾ ਵਰਕਾ ਪਾੜਨਾ, ਗਮਲੇ ਵਿੱਚ ਲੱਗੀ ਵੇਲ ਨੂੰ ਪਾਣੀ ਦੇਣਾ, ਕੰਧ ’ਤੇ ਲੱਗੀ ਘੜੀ ਨੂੰ ਚਾਬੀ ਦੇਣਾ। ਫੋਨ ਕਰਦੇ ਸਮੇਂ ਗਲਤ ਨੰਬਰ ਮਿਲ ਜਾਣ ’ਤੇ ਅਣਜਾਣ ਬੱਚੀ ਨਾਲ ਗੱਲਾਂ ਕਰਕੇ ਜੀ ਪਰਚਾਉਣਾ ਅਤੇ ਉਸ ਨੂੰ ਫੇਰ ਵੀ ਫੋਨ ਕਰਨ ਨੂੰ ਕਹਿਣਾ। ਗਲਤੀ ਨਾਲ ਹੀ ਘਰ ਆਏ ਕਿਸੇ ਓਪਰੇ ਨੌਜਵਾਨ ਨਾਲ ਗੱਲਾਂ ਕਰਕੇ ਸਮਾਂ ਬਿਤਾਉਣਾ ਅਤੇ ਇਹ ਪਤਾ ਲੱਗਣ ’ਤੇ ਕਿ ਉਹ ਲੜਕਾ ਪੇਇੰਗ ਗੈਸਟ ਰਹਿਣ ਲਈ ਕਿਸੇ ਦਾ ਘਰ ਦੇਖਣ ਆਇਆ ਸੀ, ਆਪਣੇ ਘਰ ਮੁਫਤ ਵਿੱਚ ਹੀ ਰਹਿਣ ਨੂੰ ਕਹਿਣਾ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਲੜਕੇ ਦੀ ਇੱਕ ਵਿਆਹੁਣ ਯੋਗ ਭੈਣ ਹੈ ਤਾਂ ਬਿਨਾਂ ਲੜਕੀ ਦੇਖੇ ਅਤੇ ਆਪਣੇ ਮੁੰਡੇ ਨੂੰ ਪੁੱਛੇ ਬਗੈਰ ਹੀ ਆਪਣੇ ਅਮਰੀਕਾ ਵਾਲੇ ਮੁੰਡੇ ਲਈ ਹਾਂ ਕਰ ਦਿੰਦੇ ਹਨ। ਬਾਅਦ ਵਿੱਚ ਜਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੱਡੇ ਮੁੰਡੇ ਨੇ ਅਮਰੀਕਾ ਵਿੱਚ ਹੀ ਵਿਆਹ ਕਰਵਾ ਲਿਆ ਹੈ ਤਾਂ ਉਸੇ ਲੜਕੀ ਨੂੰ ਛੋਟੇ ਮੁੰਡੇ ਲਈ ਪਸੰਦ ਕਰ ਲੈਂਦੇ ਹਨ। ਵੱਡੇ ਮੁੰਡੇ ਦੀ ਵਿਆਹ ਦੀ ਖਬਰ ਨਾਲ ਬੁੱਢੇ ਮਾਂ-ਪਿਉ ਅੰਦਰੋਂ ਟੁੱਟ ਜਾਂਦੇ ਹਨ। ਪਰ ਬਦਕਿਸਮਤੀ ਉਹਨਾਂ ਦਾ ਖਹਿੜਾ ਨਹੀਂ ਛੱਡਦੀ। ਉਹਨਾਂ ਦਾ ਛੋਟਾ ਬੇਟਾ ਲੜਾਈ ਦੌਰਾਨ ਸ਼ਹੀਦ ਹੋ ਜਾਂਦਾ ਹੈ। ਛੋਟੇ ਭਰਾ ਸੰਬੰਧੀ ਇਹ ਖਬਰ ਸੁਣ ਕੇ ਵੱਡਾ ਭਰਾ ਅਮਰੀਕਾ ਤੋਂ ਆਉਂਦਾ ਹੈ, ਪਰ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਹੋਟਲ ਵਿੱਚ ਹੀ ਠਹਿਰਦਾ ਹੈ। ਮਾਂ-ਪਿਉ ਨੂੰ ਤਾਂ ਕੁਝ ਦੇਰ ਲਈ ਮਿਲਣ ਹੀ ਆਉਂਦਾ ਹੈ। ਜਦੋਂ ਪਿਉ ਆਪਣੇ ਪੁੱਤਰ ਨੂੰ ਅਮਰੀਕਾ ਛੱਡ ਕੇ ਉਹਨਾਂ ਕੋਲ ਆ ਕੇ ਰਹਿਣ ਲਈ ਕਹਿੰਦਾ ਹੈ ਤਾਂ ਪੁੱਤਰ ਦੇਸ਼ ਵਿੱਚ ਫੈਲੀ ਰਿਸ਼ਵਤਖੋਰੀ ਦੀ ਗੱਲ ਕਰਦਾ ਹੈ, ਛੋਟੇ-ਛੋਟੇ ਕੰਮ ਲਈ ਕਈ-ਕਈ ਘੰਟੇ ਲਾਇਨ ਵਿੱਚ ਖੜ੍ਹੇ ਹੋਣ ਦਾ ਰੋਣਾ ਰੋਂਦਾ ਹੈ, ਬੈਂਕਾਂ ਵਿੱਚ ਪੈਨ ਨੂੰ ਧਾਗੇ ਨਾਲ ਬੰਨ੍ਹੇ ਹੋਣ ਦਾ ਮਿਹਣਾ ਮਾਰਦਾ ਹੈ। ਪਿਉ ਆਪਣੇ ਪੁੱਤਰ ਨੂੰ ਬੜੇ ਭਾਵਪੂਰਤ ਸ਼ਬਦ ਕਹਿੰਦਾ ਹੈ ਕਿ ਸਾਰਿਆਂ ਨੇ ਇਸ ਦੇਸ਼ ਨੂੰ ਇੱਕ ਸ਼ਿਕਾਇਤ ਪੇਟੀ ਬਣਾ ਰੱਖਿਆ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਅੱਗੇ ਆ ਕੇ ਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕਰੇ। ਮਾਂ ਦੋਹਾਂ ਨੂੰ ਬੋਲ-ਬੁਲਾਰੇ ਤੋਂ ਰੋਕਦੀ ਹੈ ਅਤੇ ਪੁੱਤਰ ਨੂੰ ਕਹਿੰਦੀ ਹੈ ਕਿ ਕੱਲ੍ਹ ਵਾਪਸ ਜਾਣ ਤੋਂ ਪਹਿਲਾਂ ਮਿਲਣ ਜ਼ਰੂਰ ਆਵੇ। ਪੁੱਤਰ ਦੇ ਜਾਣ ਤੋਂ ਬਾਅਦ ਜਦੋਂ ਬਜ਼ੁਰਗ ਦੋਹਾਂ ਲਈ ਦੁੱਧ ਲੈ ਕੇ ਆਉਂਦਾ ਹੈ ਤਾਂ ਔਰਤ ਉਸ ਨੂੰ ਕਿਸੇ ਕੰਮ ਰਸੋਈ ਵਿੱਚ ਭੇਜਦੀ ਹੈ। ਇਸ ਦੌਰਾਨ ਉਹ ਦੋਹਾਂ ਗਲਾਸਾਂ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ। ਦੋਵੇਂ ਦੁੱਧ ਪੀ ਲੈਂਦੇ ਹਨ ਤਾਂ ਔਰਤ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਸ ਦੇ ਕੋਲ ਹੀ ਬੈਠ ਜਾਵੇ ਅਤੇ ਉੱਚੀ ਆਵਾਜ਼ ਵਿੱਚ ਗੀਤਾ ਪੜ੍ਹੇ। ਗੀਤਾ ਪੜ੍ਹਦੇ-ਪੜ੍ਹਦੇ ਮੰਚ ’ਤੇ ਹਨੇਰਾ ਹੋ ਜਾਂਦਾ ਹੈ ਅਤੇ ਜਦੋਂ ਮੰਚ ’ਤੇ ਰੌਸ਼ਨੀ ਹੁੰਦੀ ਹੈ, ਬਾਹਰਲੇ ਦਰਵਾਜ਼ੇ ’ਤੇ ਥਪਕੀਆਂ ਦੀ ਆਵਾਜ਼ ਆਉਂਦੀ ਹੈ ਪਰ ਉਹਨਾਂ ਦੋਹਾਂ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਹੁੰਦੀ।
ਨਾਟਕ ਭਾਵੇਂ ਖਤਮ ਹੋ ਜਾਂਦਾ ਹੈ ਪਰ ਦਰਸ਼ਕਾਂ ਦੇ ਮਨ ਵਿੱਚ ਕਈ ਪ੍ਰਸ਼ਨ ਪੈਦਾ ਕਰ ਜਾਂਦਾ ਹੈ। ਕੀ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੁੱਢੇ ਮਾਂ-ਪਿਉ ਵੱਲੋਂ ਬੁਢਾਪੇ ਵਿੱਚ ਬੱਚਿਆਂ ਤੋਂ ਸਾਥ ਦੀ ਆਸ ਰੱਖਣੀ ਵਾਜਿਬ ਹੈ ਜਾਂ ਉਹਨਾਂ ਦਾ ਮੰਤਵ ਕੇਵਲ ਬੱਚਿਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਤਕ ਹੀ ਹੁੰਦਾ ਹੈ? ਕੀ ਬੱਚਿਆਂ ਵੱਲੋਂ ਆਪਣੇ ਬੁੱਢੇ ਮਾਤਾ-ਪਿਤਾ ਦੀ ਜ਼ਿੰਦਗੀ ਦੀਆਂ ਢਲਦੀਆਂ ਤਰਕਾਲਾਂ ਸਮੇਂ ਰੌਸ਼ਨੀ ਦੀਆਂ ਕੁਝ ਕਿਰਨਾਂ ਖਿਲਾਰਨ ਦੀ ਜ਼ਿੰਮੇਦਾਰ ਬਣਦੀ ਹੈ ਜਾਂ ਉਹਨਾਂ ਨੇ ਕੇਵਲ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤਕ ਹੀ ਮਹਿਦੂਦ ਰਹਿਣਾ ਹੁੰਦਾ ਹੈ? ਕੀ ਬੱਚਿਆਂ ਦਾ ਫਰਜ਼ ਸਿਰਫ ਆਪਣੇ ਜਨਮ ਦਾਤਿਆਂ ਨੂੰ ਕੁਝ ਚਾਂਦੀ ਦੇ ਸਿੱਕਿਆਂ ਦੀ ਝਲਕ ਨਾਲ ਹੀ ਖੁਸ਼ ਕਰਨਾ ਹੈ ਜਾਂ ਉਹਨਾਂ ਕੋਲ ਕੁਝ ਘੜੀਆਂ ਬੈਠ ਕੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਦੀ ਇਕੱਲ ਨੂੰ ਦੂਰ ਕਰਨਾ ਵੀ ਹੁੰਦਾ ਹੈ? ਨਾਟਕ ਦੇਖਣ ਤੋਂ ਬਾਅਦ ਇਹੋ ਜਿਹੇ ਹੋਰ ਕਈ ਪ੍ਰਸ਼ਨ ਵੀ ਪੈਦਾ ਹੁੰਦੇ ਹਨ।
ਨਾਟਕ ਦਾ ਅਨੁਵਾਦ ਤਾਂ ਹੋ ਗਿਆ ਪਰ ਸਾਡੇ ਦਿਮਾਗ ਵਿੱਚ ‘ਸੰਧਿਆ ਛਾਇਆ’ ਸਿਰਲੇਖ ਦੇ ਬਰਾਬਰ ਜਾਂ ਨੇੜੇ-ਤੇੜੇ ਦਾ ਵੀ ਕੋਈ ਸ਼ਬਦ ਨਹੀਂ ਸੀ ਆ ਰਿਹਾ। ਕਈ ਨਾਂ ਸੋਚੇ ਪਰ ਜਚ ਕੋਈ ਵੀ ਨਹੀਂ ਸੀ ਰਿਹਾ। ਪਤਾ ਨਹੀਂ ਕਿਵੇਂ ਮੇਰੇ ਜ਼ਹਿਨ ਵਿੱਚ ‘ਬੁੱਢੀ ਮੈਨਾ ਦਾ ਗੀਤ’ ਸਿਰਲੇਖ ਆ ਗਿਆ। ਸਾਰਿਆਂ ਨੂੰ ਇਹ ਨਾਂ ਪਸੰਦ ਆ ਗਿਆ।
ਨਾਟਕ ਦੇ ਅਨੁਵਾਦ ਤੋਂ ਬਾਅਦ ਅਸਲੀ ਕੰਮ ਸੀ ਮੰਚ ’ਤੇ ਪੇਸ਼ ਕਰਨਾ। ਬੁੱਢੇ ਅਤੇ ਬੁੱਢੀ ਦੇ ਕਿਰਦਾਰ ਨਿਭਾਉਣ ਲਈ ਬਹੁਤ ਹੀ ਦਮਦਾਰ ਅਦਾਕਾਰ ਚਾਹੀਦੇ ਸਨ। ਸਾਡੀ ਖੁਸ਼ਕਿਸਮਤੀ ਸੀ ਕਿ ਸਾਡੇ ਕੋਲ ਅਜਿਹੇ ਕਲਾਕਾਰ ਸਨ। ਬੁੱਢੇ ਪਿਉ ਲਈ ਪੰਜਾਬੀ ਰੰਗ-ਮੰਚ ਦਾ ਇੱਕ ਬਹੁਤ ਹੀ ਸੁਲਝਿਆ ਹੋਇਆ ਕਲਾਕਰ ਮੋਹਨ ਬੱਗਨ (ਜਿਸ ਨੇ ਬਾਅਦ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਨਾਮਣਾ ਖੱਟਿਆ) ਨੇ ਇਹ ਕਿਰਦਾਰ ਨਿਭਾਉਣਾ ਸੀ ਅਤੇ ਮਾਂ ਦੀ ਭੂਮਿਕਾ ਲਈ ਸ਼੍ਰੀਮਤੀ ਕੰਵਲ ਥਿੰਦ ਨੇ। ਇਹਨਾਂ ਦੋਹਾਂ ਕਲਾਕਾਰਾਂ ਦੀ ਇਹ ਖਾਸੀਅਤ ਸੀ ਕਿ ਇਹ ਪਾਤਰ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਵਿੱਚ ਮਾਹਿਰ ਸਨ। ਛੋਟੇ-ਛੋਟੇ ਕੰਮ ਲਈ ਇਹਨਾਂ ਦਾ ਆਪਸੀ ਤਕਰਾਰ, ਕਦੇ ਇੱਕ-ਦੂਜੇ ਨਾਲ ਰੋਸਾ, ਕਦੇ ਪੁਰਾਣੀਆਂ ਗੱਲਾਂ ਯਾਦ ਕਰਕੇ ਖੁਸ਼ ਹੋਣਾ, ਗਲਤੀ ਨਾਲ ਘਰ ਆਏ ਮਹਿਮਾਨ ਨਾਲ ਦਿਲੋਂ ਅਪਣੱਤ ਦਿਖਾਉਣੀ, ਵੱਡੇ ਮੁੰਡੇ ਵੱਲੋਂ ਬਿਨਾਂ ਦੱਸੇ ਹੀ ਅਮਰੀਕਾ ਵਿੱਚ ਵਿਆਹ ਕਰਵਾ ਲੈਣ ਦੀ ਪੀੜ ਨੂੰ ਅੰਦਰੋਂ-ਅੰਦਰੀ ਜਰੀ ਜਾਣਾ ਆਦਿ ਨੂੰ ਇਹਨਾਂ ਦੋਹਾਂ ਕਲਾਕਾਰਾਂ ਨੇ ਬਾ-ਖੂਬੀ ਪੇਸ਼ ਕੀਤਾ। ਇਹਨਾਂ ਪਾਤਰਾਂ ਦੇ ਚਿਹਰਿਆਂ ਦੇ ਬਦਲਦੇ ਹਾਵ-ਭਾਵ ਦਰਸ਼ਕਾਂ ਨੂੰ ਵੀ ਭਾਵੁਕ ਕਰ ਰਹੇ ਸੀ। ਨਾਟਕ ਦਾ ਇੱਕ ਹੋਰ ਪਾਤਰ (ਮਹਾਦੂ) ਇਹਨਾਂ ਦਾ ਘਰੇਲੂ ਨੌਕਰ ਹੈ। ਸਾਰੇ ਨਾਟਕ ਵਿੱਚ ਉਹ ਭਾਵੇਂ ਇੱਕ ਡਾਇਲਾਗ ਹੀ ਬੋਲਦਾ ਹੈ, ਪਰ ਉਸਦੇ ਕੰਮ ਕਰਨ ਦੇ, ਤੁਰਨ-ਫਿਰਨ ਦੇ ਢੰਗ ਨਾਲ ਉਹ ਵੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਹ ਕਿਰਦਾਰ ਨਿਭਾਇਆ ਪੰਜਾਬੀ ਰੰਗ-ਮੰਚ ਦੀ ਇੱਕ ਬਹੁਤ ਹੀ ਸਤਿਕਾਰਤ ਹਸਤੀ ਰਵੀ ਭੂਸ਼ਣ ਨੇ। ਟੈਲੀਫੋਨ ’ਤੇ ਹੀ ਗੱਲਬਾਤ ਕਰ ਰਹੀ ਸੱਤ ਕੁ ਸਾਲ ਦੀ ਬੱਚੀ ਮਿਨਾਕਸ਼ੀ ਅਤੇ ਉਸ ਦੇ ਦਾਦਾ ਦੇ ਕਿਰਦਾਰ ਵਿੱਚ ਸਤਵੰਤ ਵਾਲੀਆਂ ਨੇ ਵੀ ਪ੍ਰਭਾਵਿਤ ਕੀਤਾ। ਰਾਮ ਸਿੰਘ ਥਿੰਦ, ਸੋਨੀ, ਪਵਨ ਗੋਇਲ ਦੀ ਅਦਾਕਾਰੀ ਵੀ ਕਾਬਲੇ ਤਾਰੀਫ਼ ਸੀ। ਨਾਟਕ ਦੀ ਮੰਚ ਜੜਤ ਵੀ ਮੋਹਨ ਬੱਗਨ ਦੀ ਸੀ।
ਨਾਟਕ ਦੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਨਿਭਾਈ ਜਗਜੀਤ ਸਰੀਨ ਨੇ। ਸਰੀਨ ਸਾਹਿਬ ਦੀ ਖੂਬੀ ਇਹ ਹੈ ਕਿ ਉਹ ਨਾਟਕ ਦੀਆਂ ਰਿਹਰਸਲਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਹੋਮ ਵਰਕ ਚੰਗੀ ਤਰ੍ਹਾਂ ਕਰ ਲੈਂਦੇ ਹਨ ਅਤੇ ਕਲਾਕਾਰਾਂ ਨੂੰ ਦੱਸ ਦਿੰਦੇ ਹਨ ਕਿ ਬਤੌਰ ਨਿਰਦੇਸ਼ਕ ਉਹਨਾਂ ਨੂੰ ਕਲਾਕਾਰ ਤੋਂ ਕਿਸ ਚੀਜ਼ ਦੀ ਉਮੀਦ ਹੈ। ਨਵੇਂ ਕਲਾਕਾਰਾਂ ਨੂੰ ਆਪ ਕਰਕੇ ਦੱਸਦੇ ਹਨ। ਨਾਟਕੀ ਟੱਕਰ ਵਾਲੇ ਦ੍ਰਿਸ਼ਾਂ ਵੱਲ ਉਹ ਵਿਸ਼ੇਸ਼ ਧਿਆਨ ਦਿੰਦੇ ਹਨ। ਇਹੋ ਕਾਰਨ ਹੈ ਕਿ ਦਰਸ਼ਕ ਸਾਹ ਰੋਕੀ ਨਾਟਕ ਦੇਖਦੇ ਰਹਿੰਦੇ ਹਨ। ਸਾਡੀ ਪਹਿਲੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਨਾਟਕ ਅਤੇ ਰੰਗ-ਮੰਚ ਦੀ ਸੂਝ ਵਾਲੇ ਦਰਸ਼ਕਾਂ ਦਾ ਹੁੰਗਾਰਾ ਬਹੁਤ ਹੀ ਹਾਂ-ਪੱਖੀ ਸੀ। ਮੰਚ ਸੰਬੰਧੀ ਲਿਖਣ ਵਾਲੇ ਸਮੀਖਿਆਕਾਰਾਂ ਨੇ ਪ੍ਰੈੱਸ ਵਿੱਚ ਇਸ ਪੇਸ਼ਕਾਰੀ ਦੀ ਬਹੁਤ ਸ਼ਲਾਘਾ ਕੀਤੀ।
ਅਸੀਂ ਇਸ ਨਾਟਕ ਦੇ ਦੋ ਸ਼ੋਅ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਕਰਨ ਦਾ ਪ੍ਰੋਗਰਾਮ ਉਲੀਕਿਆ। ਉਸ ਸ਼ੋਅ ਨਾਲ ਇੱਕ ਬਹੁਤ ਹੀ ਯਾਦਗਾਰੀ ਘਟਨਾ ਜੁੜੀ ਹੋਈ ਹੈ।
ਸ਼ਾਮ ਤਕ ਰਿਹਰਸਲ ਕਰਨ ਤੋਂ ਬਾਅਦ ਸੈੱਟ ਲਾ ਰਹੇ ਸੀ ਕਿ ਪ੍ਰਸਿੱਧ ਰੰਗ ਕਰਮੀ ਯੋਗ ਰਾਜ ਸੇਢਾ (ਜੋ ਉਹਨਾਂ ਦਿਨਾਂ ਵਿੱਚ ਚੰਨ ਪਰਦੇਸੀ ਫਿਲਮ ਬਣਾ ਰਹੇ ਸੀ) ਰਾਤ ਦੇ ਗਿਆਰਾਂ ਕੁ ਵਜੇ ਰਾਜ ਬੱਬਰ ਨੂੰ ਲੈ ਕੇ ਟੈਗੋਰ ਥੀਏਟਰ ਪਹੁੰਚ ਗਏ। ਰਾਜ ਬੱਬਰ ਆਪਣੀ ਪਹਿਲੀ ਹੀ ਫਿਲਮ ‘ਇਨਸਾਫ਼ ਕਾ ਤਰਾਜੂ’ ਕਾਰਨ ਸਟਾਰ ਬਣ ਚੁੱਕਿਆ ਸੀ। ਉਹ ‘ਚੰਨ ਪਰਦੇਸੀ’ ਦਾ ਨਾਇਕ ਵੀ ਸੀ, ਪਰ ਇਹ ਫਿਲਮ ਅਜੇ ਰਲੀਜ਼ ਨਹੀਂ ਸੀ ਹੋਈ। ਮੋਹਨ ਬੱਗਨ ਅਤੇ ਜਗਜੀਤ ਸਰੀਨ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ। ਬਾਕੀ ਕੁਝ ਹੋਰਾਂ ਨੂੰ (ਮੈਂਨੂੰ ਛੱਡ ਕੇ) ਉਹ ‘ਚੰਨ ਪਰਦੇਸੀ’ ਦੇ ਨਿਰਮਾਨ ਵੇਲੇ ਤੋਂ ਜਾਣਦਾ ਸੀ। ਉਹ ਸਾਰਿਆਂ ਨੂੰ ਗਲ਼ਵੱਕੜੀ ਪਾ ਕੇ ਮਿਲਦਾ ਵੀ ਰਿਹਾ ਅਤੇ ਪੰਜਾਬੀ ਦੇ ਚੋਂਦੇ-ਚੋਂਦੇ ਸਲੋਕ ਵੀ ਬੋਲਦਾ ਰਿਹਾ। ਤਕਰੀਬਨ ਇੱਕ ਘੰਟਾ ਉਹ ਉੱਥੇ ਹੀ ਰਿਹਾ। ਮੋਹਨ ਬੱਗਨ ਨੇ ਉਸ ਨੂੰ ਕਿਹਾ ਕਿ ਕੱਲ੍ਹ ਨਾਟਕ ਦੇਖਣ ਜ਼ਰੂਰ ਆਵੇ।
“ਤੁਸੀਂ ਚਾਹੁੰਦੇ ਹੋ ਤਾਂ ਮੈਂ ਬਾਹਰ ਟਿਕਟਾਂ ਵੇਚਣ ਲਈ ਵੀ ਬੈਠ ਜਾਵਾਂਗਾ ਅਤੇ ਹਾਲ ਵਿੱਚ ਬੈਠ ਕੇ ਨਾਟਕ ਵੀ ਦੇਖ ਲਵਾਂਗਾ, ਪਰ ਇਹ ਦੇਖ ਲਉ, ਤੁਹਾਡੇ ਨਾਟਕ ਦਾ ਮਜ਼ਾ ਖਰਾਬ ਹੋ ਜਾਵੇਗਾ। ਪਰ ਨਾਟਕ ਮੈਂ ਜ਼ਰੂਰ ਦੇਖਾਂਗਾ। ਪੰਜ-ਦੱਸ ਮਿੰਟ ਦੇਰ ਨਾਲ ਪਹੁੰਚ ਕੇ ਲਾਈਟ ਗੈਲਰੀ ਵਿੱਚ ਜਾ ਕੇ ਬੈਠਾਂਗਾ ਤਾਂ ਜੋ ਦਰਸ਼ਕਾਂ ਨੂੰ ਪਤਾ ਨਾ ਲੱਗੇ। ਨਾਟਕ ਤੋਂ ਬਾਅਦ ਤੁਹਾਡੇ ਨਾਲ ਖੁੱਲ੍ਹਾ ਸਮਾਂ ਬਿਤਾਵਾਂਗਾ।” ਸਾਰੇ ਉਸਦੀ ਇਹ ਗੱਲ ਮੰਨ ਗਏ।
ਅਗਲੇ ਦਿਨ ਉਸ ਨੇ ਲਾਈਟ ਗੈਲਰੀ ਵਿੱਚੋਂ ਹੀ ਨਾਟਕ ਦੇਖਿਆ ਅਤੇ ਬਾਅਦ ਵਿੱਚ ਤਿੰਨ ਕੁ ਘੰਟੇ ਸਾਡੇ ਨਾਲ ਟੈਗੋਰ ਥੀਏਟਰ ਦੇ ਗਰੀਨ ਰੂਮ ਵਿੱਚ ਬੈਠ ਕੇ ਗੱਲਾਂਬਾਤਾਂ ਕੀਤੀਆਂ। ਬੱਬਰ ਨੇ ਸਰੀਨ ਸਾਹਿਬ ਅਤੇ ਬੱਗਨ ਸਾਹਿਬ ਨੂੰ ਕਿਹਾ ਕਿ ਇਹੋ ਜਿਹਾ ਨਾਟਕ ਦੇਖ ਕੇ ਤਾਂ ਦਿਲ ਕਰਦਾ ਹੈ ਕਿ ਉਹ ਵੀ ਦੁਬਾਰਾ ਰੰਗ-ਮੰਚ ਕਰਨਾ ਸ਼ੁਰੂ ਕਰੇ।
ਇਸ ਤੋਂ ਬਾਅਦ ਪਟਿਆਲਾ ਆਰਟ ਥੀਏਟਰ, ਪਟਿਆਲ਼ਾ ਵੱਲੋਂ ਵੀ 2007 ਵਿੱਚ ਇਸ ਨਾਟਕ ਦੇ ਕਈ ਸ਼ੋਅ ਕੀਤੇ। ਇਹਨਾਂ ਪੇਸ਼ਕਾਰੀਆਂ ਦੀ ਨਿਰਦੇਸ਼ਨਾ ਵੀ ਜਗਜੀਤ ਸਰੀਨ ਨੇ ਹੀ ਕੀਤੀ। ਮੁੱਖ ਭੂਮਿਕਾ ਰਵੀ ਭੂਸ਼ਣ ਅਤੇ ਕਰਮਜੀਤ ਧਾਲੀਵਾਲ ਨੇ ਨਿਭਾਈ। ਰਵੀ ਭੂਸ਼ਣ ਵਿੱਚ ਪੇਸ਼ੇਵਰ ਕਲਾਕਾਰਾਂ ਵਾਲੀ ਪ੍ਰਵੀਨਤਾ ਹੈ। ਬੁੱਢੇ ਦਾ ਕਿਰਦਾਰ ਨਿਭਾਉਣ ਵੇਲੇ ਉਹ ਇਹ ਭੁੱਲ ਚੁੱਕਿਆ ਸੀ ਕਿ ਕਦੇ ਉਸ ਨੇ ਇਸ ਨਾਟਕ ਵਿੱਚ ਮਹਾਦੂ ਦਾ ਕਿਰਦਾਰ ਨਿਭਾਇਆ ਸੀ। ਮੰਚ ’ਤੇ ਵਿਚਰ ਰਿਹਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਵਾਕਿਆ ਹੀ ਉਹ ਆਪਣੀ ਇਕੱਲ ਭਰੀ ਜ਼ਿੰਦਗੀ ਤੋਂ ਬੇਜ਼ਾਰ ਹੈ। ਦਰਸ਼ਕਾਂ ਨੂੰ ਉਸ ਪਾਤਰ ਨਾਲ ਹਮਦਰਦੀ ਹੋ ਰਹੀ ਸੀ। ਕਰਮਜੀਤ ਧਾਲੀਵਾਲ ਨੇ ਵੀ ਇੱਕ ਵਧੀਆ ਅਦਾਕਾਰਾ ਵਾਂਗ ਰਵੀ ਦਾ ਪੂਰਾ ਸਾਥ ਦਿੱਤਾ। ਨਾਟਕ ਦੇ ਬਾਕੀ ਕਲਾਕਾਰਾਂ (ਗੁਲਜ਼ਾਰ ਪਵਾਰ, ਪਰਮਜੀਤ ਵੜੈਂਚ, ਬੋਬੀ ਵਾਲ਼ੀਆ, ਰਵਨੀਤ ਰੀਤੂ, ਸੁਰਿੰਦਰ ਭੱਟ) ਦਾ ਯੋਗਦਾਨ ਵੀ ਠੀਕ ਰਿਹਾ।
ਸਰੀਨ ਸਾਹਿਬ ਨੇ ਇਸ ਪੇਸ਼ਕਾਰੀ ਵਿੱਚ ਪਹਿਲੀ ਪੇਸ਼ਕਾਰੀ ਨਾਲ਼ੋਂ ਕਈ ਬਦਲਾਅ ਕੀਤੇ। ਰੰਗ ਦਰਪਣ ਵਾਲੀ ਪੇਸ਼ਕਾਰੀ ਵਿੱਚ ਛੋਟੀ ਬੱਚੀ ਅਤੇ ਉਸਦਾ ਦਾਦਾ ਪੈਨਲ ਦੇ ਬਾਹਰ ਤੋਂ ਹੀ ਟੈਲੀਫ਼ੋਨ ਕਰਦੇ ਦਿਖਾਏ ਸੀ। ਉਹਨਾਂ ’ਤੇ ਸਿਰਫ ਰੌਸ਼ਨੀ ਦਾ ਘੇਰਾ ਹੀ ਕੇਂਦਰਿਤ ਹੁੰਦਾ ਸੀ, ਪਰ ਇਸ ਪੇਸ਼ਕਾਰੀ ਵਿੱਚ ਉਹਨਾਂ ਨੇ ਬੱਚੀ ਅਤੇ ਦਾਦੇ ਨੂੰ ਮੰਚ ’ਤੇ ਪੇਸ਼ ਕੀਤਾ। ਦਾਦੇ ਦਾ ਕਿਰਦਾਰ ਉਹਨਾਂ ਨੇ ਆਪ ਨਿਭਾਇਆ।
ਪਟਿਆਲ਼ਾ ਆਰਟ ਥੀਏਟਰ ਦਾ ਬਰੌਸ਼ਰ ਦੇਖ ਕੇ ਮੈਂਨੂੰ ਇੱਕ ਗੱਲ ਦੀ ਹੈਰਾਨੀ ਹੋਈ ਕਿ ਉਹਨਾਂ ਨੇ ਟਾਈਟਲ ਉੱਤੇ ਲੇਖਕ ਅਤੇ ਅਨੁਵਾਦਕ ਦਾ ਨਾਂ ਲਿਖਣਾ ਵੀ ਗਵਾਰਾ ਨਹੀਂ ਸਮਝਿਆ। ਆਖਰ ਜਿਸ ਨਾਟਕ ਦੀ ਚੋਣ ਕਰਕੇ ਉਹ ਮੰਚ ’ਤੇ ਪੇਸ਼ ਕਰਨ ਜਾ ਰਹੇ ਹਨ, ਕੀ ਉਸ ਦੇ ਲੇਖਕ ਸੰਬੰਧੀ ਦਰਸ਼ਕਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ? ਜਿਸ ਤਰ੍ਹਾਂ ਨਿਰਦੇਸ਼ਕ ਅਤੇ ਰੰਗ ਮੰਚ ਟੋਲੀ ਦੇ ਮੁਖੀ ਦੀ ਵੱਖਰੇ ਵੱਖਰੇ ਪੰਨੇ ਤੇ ਜਾਣ-ਪਹਿਚਾਣ ਦਿੱਤੀ ਜਾਂਦੀ ਹੈ, ਲੇਖਕ ਵੀ ਉਸੇ ਸਤਿਕਾਰ ਦਾ ਹੱਕਦਾਰ ਹੁੰਦਾ ਹੈ।
ਮੋਹਨ ਬੱਗਨ ਦੀ ਨਿਰਦੇਸ਼ਨਾ ਅਧੀਨ ਇਹ ਨਾਟਕ 2005-06 ਵਿੱਚ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਪੇਸ਼ ਕੀਤਾ ਗਿਆ। ਨਿਰਦੇਸ਼ਨ ਦੇ ਨਾਲ-ਨਾਲ ਉਹਨਾਂ ਨੇ ਬੁੱਢੇ ਆਦਮੀ ਦੀ ਭੂਮਿਕਾ ਵੀ ਨਿਭਾਈ। ਬੱਗਨ ਸਾਹਿਬ ਦੀ ਖੁਸ਼ਨਸੀਬੀ ਇਹ ਰਹੀ ਕਿ ਉਹਨਾਂ ਨੂੰ ਬੁੱਢੀ ਔਰਤ ਦਾ ਮੁਸ਼ਕਿਲ ਕਿਰਦਾਰ ਨਿਭਾਉਣ ਲਈ ਦਰਸ਼ਨ ਮਾਨ ਵਰਗੀ ਸੁਚੱਜੀ ਕਲਾਕਾਰ ਮਿਲ ਗਈ। ਮੋਹਨ ਜੀ ਅਤੇ ਦਰਸ਼ਨ ਮਾਨ ਨੇ ਆਪਣੀ ਅਦਾਕਾਰੀ ਨਾਲ ਇਸ ਨਾਟਕ ਦੀਆਂ ਪੇਸ਼ਕਾਰੀਆਂ ਨੂੰ ਕੈਨੇਡਾ ਦੇ ਪੰਜਾਬੀ ਦਰਸ਼ਕਾਂ ਲਈ ਯਾਦਗਾਰੀ ਬਣਾ ਦਿੱਤਾ। ਸੂਝਵਾਨ ਦਰਸ਼ਕਾਂ ਦਾ ਵਿਚਾਰ ਸੀ ਕਿ ਅਜੇ ਤਕ ਤਾਂ ਪੰਜਾਬ ਤੋਂ ਆਏ ਕਲਾਕਾਰ ਧਾਰਮਿਕ ਨਾਟਕਾਂ ਦੀਆਂ ਪੇਸ਼ਕਾਰੀਆਂ ਹੀ ਕਰਦੇ ਸੀ। ਪਹਿਲੀ ਵਾਰ ਕਿਸੇ ਨਿਰਦੇਸ਼ਕ ਨੇ ਕੈਨੇਡਾ ਦੇ ਕਲਾਕਾਰਾਂ ਨੂੰ ਲੈ ਕੇ ਭਾਵਪੂਰਤ ਅਤੇ ਜ਼ਿੰਦਗੀ ਦੇ ਨੇੜੇ ਦਾ ਨਾਟਕ ਪੇਸ਼ ਕੀਤਾ ਹੈ। ਮੁੱਖ ਪਾਤਰਾਂ ਤੋਂ ਇਲਾਵਾ ਵਿਨੇ ਸ਼ਰਮਾ, ਅਮਰਿੰਦਰ ਘੁੰਮਣ, ਦਵਿੰਦਰ ਪਾਲ, ਹੀਨਾ ਸੋਂਧੀ, ਬਲਜਿੰਦਰ ਗਿੱਲ, ਭਵਖੰਡਨ, ਮਨੀਰਾ ਕੌਰ ਪੁਰੇਵਾਲ ਨੇ ਵੀ ਆਪਣੇ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ। ਕੈਨੇਡਾ ਵਿੱਚ ਇਹ ਨਾਟਕ ‘ਢਲਦੇ ਪਰਛਾਵੇਂ’ ਦੇ ਨਾਂ ਹੇਠ ਖੇਡਿਆ ਗਿਆ। ਮੈਂਨੂੰ ਇਹ ਨਾਂ ਜ਼ਿਆਦਾ ਵਧੀਆ ਲੱਗਿਆ। ਕੈਨੇਡਾ ਦੀਆਂ ਕਈ ਸਭਿਆਚਾਰਕ ਸੰਸਥਾਵਾਂ ਵੱਲੋਂ ਮੋਹਨ ਬੱਗਨ ਦੇ ਸਨਮਾਨ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਅਤੇ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਅਖ਼ਬਾਰਾਂ ਨੇ ਇਸ ਨਾਟਕ ਦੀਆਂ ਪੇਸ਼ਕਾਰੀਆਂ ਸੰਬੰਧੀ ਲਿਖਿਆ।
ਜਿੱਥੇ ਇਸ ਨਾਟਕ ਨਾਲ ਮੇਰੀਆਂ ਖੁਸ਼ਗਵਾਰ ਯਾਦਾਂ ਜੁੜੀਆਂ ਹੋਈਆਂ ਹਨ, ਉੱਥੇ ਇੱਕ ਕੌੜੀ ਕੁਸੈਲੀ ਯਾਦ ਵੀ ਹੈ। ਮੈਂਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1987 ਵਿੱਚ ਮੇਰੇ ਨਾਟਕ ਸੰਗ੍ਰਹਿ ‘ਦੋ ਬੂਹਿਆਂ ਵਾਲਾ ਘਰ’ ਲਈ ਇਸ਼ਵਰ ਚੰਦਰ ਨੰਦਾ ਸਨਮਾਨ ਮਿਲਿਆ। ਮੈਂ ਉਸ ਸਮੇਂ ਦੀ ਡਿਪਟੀ ਡਾਇਰੈਕਟਰ ਮੈਡਮ ਵਾਲੀਆ ਨਾਲ ‘ਬੁੱਢੀ ਮੈਨਾ ਦਾ ਗੀਤ’ ਨਾਟਕ ਸੰਬੰਧੀ ਗੱਲ ਕੀਤੀ। ਨਾਟਕ ਦੀ ਕਹਾਣੀ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏ। ਪੂਰਾ ਨਾਟਕ ਪੜ੍ਹ ਕੇ ਉਹਨਾਂ ਨੇ ਉਸ ਸਮੇਂ ਦੇ ਡਾਇਰੈਕਟਰ ਤੋਂ ਮਨਜ਼ੂਰੀ ਲੈ ਲਈ ਕਿ ਇਹ ਨਾਟਕ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਭਾਸ਼ਾ ਵਿਭਾਗ ਨਾਲ ਇਹ ਮੇਰਾ ਪਹਿਲਾ ਵਾਹ ਸੀ। ਮੈਂਨੂੰ ਨਹੀਂ ਸੀ ਪਤਾ ਕਿ ਇਹ ਵਿਭਾਗ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਵਿੱਚ ਕਿੰਨਾ ਸਮਾਂ ਲਾਉਂਦਾ ਹੈ। ਮੇਰਾ ਇਹ ਨਾਟਕ ਛਾਪਣ ਨੂੰ ਵਿਭਾਗ ਨੇ ਵੀਹ ਸਾਲ ਤੋਂ ਵੀ ਉੱਪਰ ਦਾ ਸਮਾਂ ਲਾ ਦਿੱਤਾ। ਖ਼ੈਰ, ਇਹ ਲੰਬੀ ਕਹਾਣੀ ਹੈ।
ਮੈਂ ‘ਬੁੱਢੀ ਮੈਨਾ ਦਾ ਗੀਤ’ ਨਾਟਕ ਦੇ ਅਨੁਵਾਦ ਤੋਂ ਬਹੁਤ ਕੁਝ ਸਿੱਖਿਆ। ਇਸਦੀਆਂ ਪੇਸ਼ਕਾਰੀਆਂ ਨੂੰ ਯਾਦ ਕਰਕੇ ਹੁਣ ਵੀ ਰੂਹ ਖੁਸ਼ ਹੋ ਜਾਂਦੀ ਹੈ ਅਤੇ ਉਸ ਮਹਾਨ ਨਾਟਕਕਾਰ ਸ੍ਰੀ ਜੈਵੰਤ ਦਲਵੀ ਦੀ ਯਾਦ ਵਿੱਚ ਸਿਰ ਝੁਕ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2875)
(ਸਰੋਕਾਰ ਨਾਲ ਸੰਪਰਕ ਲਈ: